ਭਾਰਤ ਉੱਤੇ 50% ਟੈਰਿਫ਼ ਲਾਉਣ ਤੋਂ ਬਾਅਦ ਟਰੰਪ ਨੇ ਕਿਹਾ, "ਅਜੇ ਬਹੁਤ ਕੁਝ ਬਾਕੀ ਹੈ", ਜਾਣੋ ਕੀ ਹੁੰਦੇ ਹਨ ਟੈਰਿਫ਼

ਤਸਵੀਰ ਸਰੋਤ, Getty Images
ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਭਾਰਤ ਉੱਤੇ 25 ਫੀਸਦੀ ਵਾਧੂ ਟੈਰਿਫ ਲਗਾ ਦਿੱਤਾ ਹੈ।
ਨਵਾਂ ਟੈਰਿਫ ਪਹਿਲਾਂ ਤੋਂ ਤੈਅ ਕੀਤੇ 25 ਫੀਸਦ ਟੈਰਿਫ ਦੇ ਨਾਲ ਜੁੜ ਕੇ ਲਾਗੂ ਹੋਵੇਗਾ। ਟਰੰਪ ਦੇ ਦਸਤਖ਼ਤ ਵਾਲੇ ਕਾਰਜਕਾਰੀ ਹੁਕਮ ਦੇ ਮੁਤਾਬਕ ਵਾਧੂ ਟੈਰਿਫ 21 ਦਿਨਾਂ ਬਾਅਦ ਲਾਗੂ ਕੀਤਾ ਜਾਵੇਗਾ।
ਬੁੱਧਵਾਰ ਨੂੰ ਵ੍ਹਾਈਟ ਹਾਊਸ ਵੱਲੋਂ ਜਾਰੀ ਹੁਕਮ ਦੇ ਮੁਤਾਬਕ, 'ਭਾਰਤ ਸਰਕਾਰ ਇਸ ਵੇਲੇ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਰੂਸੀ ਤੇਲ ਦਰਆਮਦ ਕਰ ਰਹੀ ਹੈ।'
ਇਸੇ ਅਧਾਰ ਉੱਤੇ ਅਮਰੀਕਾ ਨੇ ਭਾਰਤ ਤੋਂ ਦਰਾਮਦ ਹੋਣ ਵਾਲੇ ਸਾਰੇ ਉਤਪਾਦਾਂ ਉੱਤੇ 25 ਫੀਸਦ ਦਾ ਵਾਧੂ ਟੈਰਿਫ ਲਗਾਉਣ ਦਾ ਫੈਸਲਾ ਕੀਤਾ ਹੈ।
ਅਮਰੀਕਾ ਦੇ ਇਸ ਫ਼ੈਸਲੇ ਤੋਂ ਤੁਰੰਤ ਬਾਅਦ, ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਸਾਧਿਆ ਹੈ।
ਕਾਂਗਰਸ ਨੇ ਐਕਸ 'ਤੇ ਇੱਕ ਪੋਸਟ ਵਿੱਚ ਲਿਖਿਆ ਹੈ, "ਨਰਿੰਦਰ ਮੋਦੀ ਦੇ ਦੋਸਤ ਟਰੰਪ ਨੇ ਭਾਰਤ 'ਤੇ 50% ਟੈਰਿਫ ਲਗਾ ਦਿੱਤਾ ਹੈ। ਟਰੰਪ ਲਗਾਤਾਰ ਭਾਰਤ ਵਿਰੁੱਧ ਕਦਮ ਚੁੱਕ ਰਹੇ ਹਨ, ਪਰ ਨਰਿੰਦਰ ਮੋਦੀ ਉਨ੍ਹਾਂ ਦਾ ਨਾਮ ਤੱਕ ਨਹੀਂ ਲੈਂਦੇ। ਨਰਿੰਦਰ ਮੋਦੀ, ਹਿੰਮਤ ਕਰੋ, ਟਰੰਪ ਨੂੰ ਜਵਾਬ ਦਿਓ।"
ਸਿਰਫ਼ ਭਾਰਤ ਨੂੰ ਨਿਸ਼ਾਨਾ ਬਣਾਉਣ ਦੇ ਸਵਾਲ 'ਤੇ ਕੀ ਬੋਲੇ ਟਰੰਪ

ਤਸਵੀਰ ਸਰੋਤ, Getty Images
ਇਸ ਐਲਾਨ ਤੋਂ ਬਾਅਦ, ਵ੍ਹਾਈਟ ਹਾਊਸ ਦੀ ਪ੍ਰੈਸ ਕਾਨਫਰੰਸ ਵਿੱਚ ਟਰੰਪ ਤੋਂ ਪੁੱਛਿਆ ਗਿਆ ਕਿ ਚੀਨ ਸਮੇਤ ਕਈ ਦੇਸ਼ ਰੂਸ ਤੋਂ ਤੇਲ ਖਰੀਦ ਰਹੇ ਹਨ, ਫਿਰ ਸਿਰਫ਼ ਭਾਰਤ ਨੂੰ ਹੀ ਕਿਉਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ?
ਇਸ ਦੇ ਜਵਾਬ ਵਿੱਚ ਟਰੰਪ ਨੇ ਕਿਹਾ, "ਅਜੇ ਤਾਂ ਸਿਰਫ਼ 8 ਘੰਟੇ ਹੋਏ ਹਨ। ਦੇਖਦੇ ਹਾਂ ਅੱਗੇ ਕੀ ਹੁੰਦਾ ਹੈ। ਤੁਹਾਨੂੰ ਹੋਰ ਬਹੁਤ ਕੁਝ ਦੇਖਣ ਨੂੰ ਮਿਲੇਗਾ। ਕਈ ਵਾਧੂ ਪਾਬੰਦੀਆਂ ਵੀ ਦੇਖਣ ਨੂੰ ਮਿਲ ਸਕਦੀਆਂ ਹਨ।"
ਟਰੰਪ ਤੋਂ ਪੁੱਛਿਆ ਗਿਆ, "ਕੀ ਤੁਹਾਡੀ ਚੀਨ 'ਤੇ ਵੀ ਵਾਧੂ ਟੈਰਿਫ ਲਗਾਉਣ ਦੀ ਕੋਈ ਯੋਜਨਾ ਹੈ?"
ਉਨ੍ਹਾਂ ਨੇ ਜਵਾਬ ਦਿੱਤਾ, "ਅਜਿਹਾ ਹੋ ਸਕਦਾ ਹੈ। ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਅਸੀਂ ਅੱਗੇ ਕੀ ਕਦਮ ਚੁੱਕਦੇ ਹਾਂ।"
ਭਾਰਤ ਤੋਂ ਪਹਿਲਾਂ, ਅਮਰੀਕਾ ਨੇ ਬ੍ਰਾਜ਼ੀਲ 'ਤੇ 50 ਫੀਸਦੀ ਟੈਰਿਫ ਲਗਾਇਆ ਹੋਇਆ ਹੈ। ਇਹ ਅਮਰੀਕਾ ਦਾ ਵੱਧ ਤੋਂ ਵੱਧ ਟੈਰਿਫ ਹੈ।
ਭਾਰਤ ਨੇ ਕੀਤੀ ਨਿੰਦਾ
ਭਾਰਤੀ ਵਿਦੇਸ਼ ਮੰਤਰਾਲੇ ਨੇ ਟਰੰਪ ਵੱਲੋਂ ਟੈਰਿਫ ਵਧਾਏ ਜਾਣ ਦੇ ਐਲਾਨ ਤੋਂ ਬਾਅਦ ਇੱਕ ਬਿਆਨ ਜਾਰੀ ਕੀਤਾ ।
ਉਨ੍ਹਾਂ ਨੇ ਬਿਆਨ ਜਾਰੀ ਕਰ ਕੇ ਕਿਹਾ ਹੈ, "ਅਮਰੀਕਾ ਨੇ ਹਾਲ ਦੇ ਦਿਨਾਂ ਵਿੱਚ ਭਾਰਤ ਨੂੰ ਰੂਸ ਤੋਂ ਤੇਲ ਦੀ ਬਰਾਮਦਗੀ ਕਾਰਨ ਨਿਸ਼ਾਨਾ ਬਣਾਇਆ ਹੈ। ਅਸੀਂ ਪਹਿਲਾਂ ਹੀ ਇੰਨਾਂ ਮੁੱਦਿਆਂ ʼਤੇ ਸਥਿਤੀ ਸਪੱਸ਼ਟ ਕਰ ਦਿੱਤੀ ਹੈ, ਜਿਸ ਵਿੱਚ ਇਹ ਤੱਥ ਵੀ ਸ਼ਾਮਲ ਹੈ ਕਿ ਸਾਡੀਆਂ ਦਰਾਮਦਗੀਆਂ, ਬਾਜ਼ਾਰ ਕਾਰਕਾਂ 'ਤੇ ਅਧਾਰਤ ਹਨ ਅਤੇ ਭਾਰਤ ਦੇ 100 ਕਰੋੜ ਲੋਕਾਂ ਦੀ ਊਰਜਾ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਸਮੁੱਚੇ ਉਦੇਸ਼ ਨਾਲ ਕੀਤੀਆਂ ਜਾਂਦੀਆਂ ਹਨ।"
"ਇਸ ਲਈ ਇਹ ਬਹੁਤ ਹੀ ਮੰਦਭਾਗਾ ਹੈ ਕਿ ਅਮਰੀਕਾ ਨੂੰ ਭਾਰਤ 'ਤੇ ਵਾਧੂ ਟੈਰਿਫ ਲਗਾਉਣ ਦੀ ਚੋਣ ਕੀਤੀ ਕਿਉਂਕਿ ਕਈ ਹੋਰ ਦੇਸ਼ ਵੀ ਆਪਣੇ ਰਾਸ਼ਟਰੀ ਹਿੱਤ ਵਿੱਚ ਕਾਰਵਾਈਆਂ ਕਰ ਰਹੇ ਹਨ।"
ਬਿਆਨ ਵਿੱਚ ਅੱਗੇ ਲਿਖਿਆ ਹੈ, "ਅਸੀਂ ਦੁਹਰਾਉਂਦੇ ਹਾਂ ਕਿ ਇਹ ਕਾਰਵਾਈਆਂ ਅਨੁਚਿਤ, ਗ਼ੈਰ-ਵਾਜਬ ਅਤੇ ਤਰਕਹੀਣ ਹਨ। ਭਾਰਤ ਆਪਣੇ ਰਾਸ਼ਟਰੀ ਹਿੱਤਾਂ ਦੀ ਰੱਖਿਆ ਲਈ ਜ਼ਰੂਰੀ ਸਾਰੇ ਕਦਮ ਚੁੱਕੇਗਾ।"

ਅਮਰੀਕੀ ਵਿਸ਼ੇਸ਼ ਦੂਤ ਦੀ ਪੁਤਿਨ ਨਾਲ ਮੁਲਾਕਾਤ ਤੋਂ ਬਾਅਦ ਐਲਾਨ
ਮਾਸਕੋ ਵਿੱਚ ਟਰੰਪ ਦੇ ਵਿਸ਼ੇਸ਼ ਦੂਤ ਸਟੀਵ ਵਿਟਕੋਫ ਦੀ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਮੁਲਾਕਾਤ ਤੋਂ ਬਾਅਦ ਟਰੰਪ ਨੇ ਇਹ ਐਲਾਨ ਕੀਤਾ ਹੈ।
ਸਟੀਵ ਵਿਟਕੋਫ ਨੇ ਯੂਕਰੇਨ ਵਿੱਚ ਜੰਗਬੰਦੀ 'ਤੇ ਰੂਸ ਦੀ ਸਹਿਮਤੀ ਲਈ ਸ਼ੁੱਕਰਵਾਰ ਦੀ ਸਮਾਂ ਸੀਮਾ ਤੋਂ ਪਹਿਲਾਂ ਪੁਤਿਨ ਨਾਲ ਮੁਲਾਕਾਤ ਕੀਤੀ।
ਇਸ ਤੋਂ ਪਹਿਲਾਂ ਟਰੰਪ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਇਸ ਗੱਲ ਦਾ ਪਤਾ ਨਹੀਂ ਸੀ ਕਿ ਅਮਰੀਕਾ ਰੂਸ ਤੋਂ ਯੂਰੇਨੀਅਮ, ਖਾਦ ਅਤੇ ਰਸਾਇਣ ਵਰਗੇ ਉਤਪਾਦ ਦਰਾਮਦ ਕਰਦਾ ਹੈ।
ਦਰਅਸਲ, ਹਾਲ ਹੀ ਵਿੱਚ ਟਰੰਪ ਨੇ ਭਾਰਤ 'ਤੇ ਹੋਰ ਟੈਰਿਫ ਲਗਾਉਣ ਦੀ ਧਮਕੀ ਦਿੱਤੀ ਸੀ।
ਇਸ ਤੋਂ ਪਹਿਲਾਂ ਭਾਰਤ ਨੇ ਟੈਰਿਫ 'ਤੇ ਅਮਰੀਕਾ ਦੇ ਸਟੈਂਡ 'ਤੇ ਪਹਿਲੀ ਵਾਰ ਪ੍ਰਤੀਕਿਰਿਆ ਦਿੰਦੇ ਹੋਏ ਇੱਕ ਬਿਆਨ ਜਾਰੀ ਕੀਤਾ ਸੀ।
ਭਾਰਤ ਨੇ ਉਸ ਬਿਆਨ ਵਿੱਚ ਕਿਹਾ ਸੀ, "ਅਮਰੀਕਾ ਅਜੇ ਵੀ ਰੂਸ ਤੋਂ ਆਪਣੇ ਪਰਮਾਣੂ ਉਦਯੋਗ ਲਈ ਯੂਰੇਨੀਅਮ ਹੈਕਸਾਫਲੋਰਾਈਡ, ਆਪਣੇ ਇਲੈਕਟ੍ਰਿਕ ਵਾਹਨ ਉਦਯੋਗ ਲਈ ਪੈਲੇਡੀਅਮ, ਖਾਦਾਂ ਅਤੇ ਰਸਾਇਣਾਂ ਦੀ ਦਰਾਮਦ ਕਰਦਾ ਹੈ।"
ਟਰੰਪ ਤੋਂ ਇਸ ਬਾਰੇ ਸਵਾਲ ਪੁੱਛਿਆ ਗਿਆ ਸੀ
ਟਰੰਪ ਤੋਂ ਪੁੱਛਿਆ ਗਿਆ, "ਭਾਰਤ ਕਹਿੰਦਾ ਹੈ ਕਿ ਅਮਰੀਕਾ ਰੂਸ ਤੋਂ ਯੂਰੇਨੀਅਮ, ਰਸਾਇਣ ਅਤੇ ਖਾਦ ਖਰੀਦਦਾ ਹੈ ਪਰ ਉਹ ਉਨ੍ਹਾਂ (ਭਾਰਤ) ਦੇ ਤੇਲ ਦਰਾਮਦਗੀ 'ਤੇ ਇਤਰਾਜ਼ ਜਤਾਉਂਦਾ ਹੈ। ਇਸ ਬਾਰੇ ਤੁਹਾਡਾ ਕੀ ਜਵਾਬ ਹੋਵੇਗਾ?"
ਇਸ ਸਵਾਲ ਦੇ ਜਵਾਬ ਵਿੱਚ, ਟਰੰਪ ਨੇ ਕਿਹਾ ਸੀ, "ਮੈਨੂੰ ਇਸ ਬਾਰੇ ਕੁਝ ਨਹੀਂ ਪਤਾ। ਮੈਨੂੰ ਇਸ ਬਾਰੇ ਪਤਾ ਲਗਾਉਣਾ ਪਵੇਗਾ। ਅਸੀਂ ਤੁਹਾਨੂੰ ਇਸ ਬਾਰੇ ਬਾਅਦ ਵਿੱਚ ਜਾਣਕਾਰੀ ਦੇਵਾਂਗੇ।"
ਟਰੰਪ ਨੇ ਕਿਹਾ ਹੈ ਕਿ ਉਹ ਜਲਦੀ ਹੀ ਉਨ੍ਹਾਂ ਦੇਸ਼ਾਂ 'ਤੇ ਟੈਰਿਫ ਲਗਾਉਣ ਦਾ ਫ਼ੈਸਲਾ ਲੈਣਗੇ ਜੋ ਰੂਸ ਤੋਂ ਤੇਲ ਖਰੀਦ ਰਹੇ ਹਨ। ਟਰੰਪ ਨੇ ਭਾਰਤ 'ਤੇ ਰੂਸ ਤੋਂ ਵੱਡੀ ਮਾਤਰਾ ਵਿੱਚ ਤੇਲ ਖਰੀਦਣ ਅਤੇ ਦੂਜੇ ਦੇਸ਼ਾਂ ਨੂੰ ਵੇਚ ਕੇ ਮੁਨਾਫ਼ਾ ਕਮਾਉਣ ਦਾ ਇਲਜ਼ਾਮ ਲਗਾਇਆ ਸੀ।

ਭਾਰਤ ਨੇ ਪਹਿਲਾਂ ਇਹ ਜਵਾਬ ਦਿੱਤਾ ਸੀ
ਭਾਰਤ ਨੇ ਸੋਮਵਾਰ ਨੂੰ ਅਮਰੀਕਾ ਅਤੇ ਯੂਰਪੀਅਨ ਯੂਨੀਅਨ ਦੀ ਆਲੋਚਨਾ ਕੀਤੀ ਅਤੇ ਕਿਹਾ ਕਿ ਰੂਸ ਤੋਂ ਕੱਚਾ ਤੇਲ ਖਰੀਦਣ ਲਈ ਭਾਰਤ ਨੂੰ ਨਿਸ਼ਾਨਾ ਬਣਾਉਣਾ 'ਅਨੁਚਿਤ ਅਤੇ ਤਰਕਹੀਣ' ਹੈ।
ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਸਪੱਸ਼ਟ ਤੌਰ 'ਤੇ ਕਿਹਾ ਕਿ ਅਮਰੀਕਾ ਅਤੇ ਯੂਰਪ ਖੁਦ ਵੀ ਰੂਸ ਨਾਲ ਕਾਰੋਬਾਰ ਕਰ ਰਹੇ ਹਨ ਅਤੇ ਭਾਰਤ ਲਈ ਦੋਹਰੇ ਮਾਪਦੰਡ ਅਪਣਾਏ ਜਾ ਰਹੇ ਹਨ।
ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਸੀ, "ਸਾਡੇ ਮਾਮਲੇ ਦੇ ਉਲਟ, ਅਮਰੀਕਾ ਅਤੇ ਯੂਰਪ ਦਾ ਰੂਸ ਨਾਲ ਵਪਾਰ ਕਿਸੇ 'ਰਾਸ਼ਟਰੀ ਜ਼ਰੂਰਤ' ਦੇ ਤਹਿਤ ਨਹੀਂ ਹੋ ਰਿਹਾ ਹੈ।"
ਮੰਤਰਾਲੇ ਦੇ ਅਨੁਸਾਰ, ਯੂਰਪ ਰੂਸ ਤੋਂ ਨਾ ਸਿਰਫ਼ ਊਰਜਾ ਖਰੀਦਦਾ ਹੈ, ਸਗੋਂ ਖਾਦਾਂ, ਖਣਿਜ ਉਤਪਾਦਾਂ, ਰਸਾਇਣਾਂ, ਲੋਹਾ-ਸਟੀਲ ਅਤੇ ਮਸ਼ੀਨਰੀ ਵਰਗੀਆਂ ਚੀਜ਼ਾਂ ਵੀ ਖਰੀਦਦਾ ਹੈ। ਅਮਰੀਕਾ ਆਪਣੇ ਪਰਮਾਣੂ ਉਦਯੋਗ ਲਈ ਯੂਰੇਨੀਅਮ ਹੈਕਸਾਫਲੋਰਾਈਡ, ਇਲੈਕਟ੍ਰਿਕ ਵਾਹਨਾਂ ਲਈ ਪੈਲੇਡੀਅਮ, ਖਾਦਾਂ ਅਤੇ ਰਸਾਇਣਾਂ ਨੂੰ ਰੂਸ ਤੋਂ ਦਰਾਮਦ ਕਰ ਰਿਹਾ ਹੈ।

ਤਸਵੀਰ ਸਰੋਤ, AFP via Getty Images
ਟਰੰਪ ਬੋਲੇ ਪੰਜ ਜੰਗਾਂ ਰੁਕਵਾਈਆਂ
ਪ੍ਰੈੱਸ ਕਾਨਫਰੰਸ ਦੌਰਾਨ, ਟਰੰਪ ਤੋਂ ਇਹ ਵੀ ਪੁੱਛਿਆ ਗਿਆ ਕਿ ਕੀ ਉਹ ਉਨ੍ਹਾਂ ਸਾਰੇ ਦੇਸ਼ਾਂ 'ਤੇ 100 ਫੀਸਦ ਟੈਰਿਫ ਲਗਾਉਣ ਜਾ ਰਹੇ ਹਨ ਜੋ ਰੂਸ ਤੋਂ ਊਰਜਾ ਖਰੀਦਦੇ ਹਨ?
ਇਸ ਦੇ ਜਵਾਬ ਵਿੱਚ, ਟਰੰਪ ਨੇ ਕਿਹਾ, "ਮੈਂ ਫੀਸਦ ਤਾਂ ਨਹੀਂ ਦੱਸਿਆ, ਪਰ ਅਸੀਂ ਇਸ 'ਤੇ ਕੰਮ ਕਰ ਰਹੇ ਹਾਂ। ਅਸੀਂ ਦੇਖਾਂਗੇ ਕਿ ਆਉਣ ਵਾਲੇ ਸਮੇਂ ਵਿੱਚ ਕੀ ਹੁੰਦਾ ਹੈ।"
ਟਰੰਪ ਨੇ ਕਿਹਾ ਸੀ ਕਿ ਅਮਰੀਕਾ ਬੁੱਧਵਾਰ ਨੂੰ ਰੂਸ ਨਾਲ ਮੀਟਿੰਗ ਕਰਨ ਜਾ ਰਿਹਾ ਹੈ, ਪਰ ਉਸ ਨੇ ਇਹ ਨਹੀਂ ਦੱਸਿਆ ਕਿ ਇਹ ਮੀਟਿੰਗ ਕਿੱਥੇ ਅਤੇ ਕਿਸ ਬਾਰੇ ਹੈ।
ਮੰਗਲਵਾਰ ਨੂੰ ਸੀਐੱਨਬੀਸੀ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ, ਟਰੰਪ ਨੇ ਕਿਹਾ ਸੀ ਕਿ ਭਾਰਤ 'ਇੱਕ ਚੰਗਾ ਵਪਾਰਕ ਭਾਈਵਾਲ ਨਹੀਂ ਰਿਹਾ' ਅਤੇ ਐਲਾਨ ਕੀਤਾ ਕਿ ਉਹ ਭਾਰਤ 'ਤੇ 'ਅਗਲੇ 24 ਘੰਟਿਆਂ ਵਿੱਚ ਵੱਡਾ ਟੈਰਿਫ' ਲਗਾਉਣ ਜਾ ਰਹੇ ਹਨ ਹੈ ਕਿਉਂਕਿ ਭਾਰਤ ਰੂਸ ਤੋਂ ਤੇਲ ਖਰੀਦ ਕੇ ਯੂਕਰੇਨ ਯੁੱਧ ਨੂੰ ਹਵਾ ਦੇ ਰਿਹਾ ਹੈ।
ਮੰਗਲਵਾਰ ਦੁਪਹਿਰ ਨੂੰ ਟਰੰਪ ਨੇ ਇੱਕ ਪ੍ਰੋਗਰਾਮ ਵਿੱਚ ਫਿਰ ਦਾਅਵਾ ਕੀਤਾ ਕਿ ਉਨ੍ਹਾਂ ਨੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗ ਰੋਕੀ ਸੀ। ਨਿਊਜ਼ ਏਜੰਸੀ ਪੀਟੀਆਈ ਦੇ ਅਨੁਸਾਰ, ਟਰੰਪ ਹੁਣ ਤੱਕ 30 ਤੋਂ ਵੱਧ ਵਾਰ ਇਹ ਦਾਅਵਾ ਕਰ ਚੁੱਕੇ ਹਨ।
ਭਾਰਤ ਲਗਾਤਾਰ ਕਹਿੰਦਾ ਆ ਰਿਹਾ ਹੈ ਕਿ ਪਾਕਿਸਤਾਨ ਨਾਲ ਜੰਗਬੰਦੀ ਦੋਵਾਂ ਦੇਸ਼ਾਂ ਦੇ ਫੌਜੀ ਅਧਿਕਾਰੀਆਂ ਵਿਚਕਾਰ ਗੱਲਬਾਤ ਰਾਹੀਂ ਹੋਈ ਸੀ।
ਟਰੰਪ ਨੇ ਕਿਹਾ, "ਮੈਂ ਪਿਛਲੇ ਪੰਜ ਮਹੀਨਿਆਂ ਵਿੱਚ ਪੰਜ ਜੰਗਾਂ ਰੋਕੀਆਂ ਹਨ। ਜੇਕਰ ਤੁਸੀਂ ਪਿਛਲੇ ਦੋ-ਤਿੰਨ ਮਹੀਨਿਆਂ ਦੀਆਂ ਉਦਾਹਰਣਾਂ ਨੂੰ ਵੇਖਦੇ ਹੋ, ਤਾਂ ਇਹ ਅਵਿਸ਼ਵਾਸ਼ਯੋਗ ਹੈ।"
ਇਸ ਦੌਰਾਨ, ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਟੈਮੀ ਬਰੂਸ ਨੇ ਕਿਹਾ ਕਿ ਰਾਸ਼ਟਰਪਤੀ ਟਰੰਪ ਇਹ ਤੈਅ ਕਰਨਗੇ ਕਿ ਯੂਕਰੇਨ ਯੁੱਧ ਦਾ ਅਸਿੱਧੇ ਤੌਰ 'ਤੇ ਸਮਰਥਨ ਕਰਨ ਵਾਲੇ ਦੇਸ਼ਾਂ ਨਾਲ ਕਿਵੇਂ ਨਜਿੱਠਣਾ ਹੈ।
ਭਾਰਤ ਵੱਲੋਂ ਰੂਸ ਤੋਂ ਤੇਲ ਖਰੀਦਣਾ ਬੰਦ ਕਰਨ ਤੋਂ ਇਨਕਾਰ ਕਰਨ 'ਤੇ, ਟੈਮੀ ਬਰੂਸ ਨੇ ਕਿਹਾ, "ਮੈਂ ਕਿਸੇ ਹੋਰ ਦੇਸ਼ ਦੀ ਟਿੱਪਣੀ 'ਤੇ ਕੋਈ ਰਾਏ ਨਹੀਂ ਦੇਵਾਂਗਾ। ਪਰ ਮੈਨੂੰ ਇੰਨਾ ਪਤਾ ਹੈ ਕਿ ਰਾਸ਼ਟਰਪਤੀ ਟਰੰਪ ਇਸ ਪੂਰੇ ਮੁੱਦੇ ਨੂੰ ਸਮਝਦੇ ਹਨ ਅਤੇ ਉਨ੍ਹਾਂ ਨੂੰ ਪਸੰਦ ਨਹੀਂ ਹੈ ਕਿ ਕੀ ਹੋ ਰਿਹਾ ਹੈ।"

ਤਸਵੀਰ ਸਰੋਤ, AFP via Getty Images
ਨਿੱਕੀ ਹੇਲੀ ਨੇ ਆਲੋਚਨਾ ਕੀਤੀ ਸੀ
ਸੰਯੁਕਤ ਰਾਸ਼ਟਰ ਵਿੱਚ ਸਾਬਕਾ ਅਮਰੀਕੀ ਰਾਜਦੂਤ ਨਿੱਕੀ ਹੇਲੀ ਨੇ ਕਿਹਾ ਹੈ ਕਿ ਅਮਰੀਕਾ ਨੂੰ ਭਾਰਤ ਵਰਗੇ ਮਜ਼ਬੂਤ ਸਹਿਯੋਗੀ ਨਾਲ ਆਪਣੇ ਸਬੰਧ ਨਹੀਂ ਵਿਗਾੜਨੇ ਚਾਹੀਦੇ।
ਉਨ੍ਹਾਂ ਨੇ ਇਸ ਬਾਰੇ ਐਕਸ 'ਤੇ ਪੋਸਟ ਕੀਤਾ ਹੈ। ਉਨ੍ਹਾਂ ਦੀ ਪੋਸਟ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੇ ਉਸ ਬਿਆਨ ਤੋਂ ਬਾਅਦ ਆਈ ਹੈ, ਜਿਸ ਵਿੱਚ ਉਨ੍ਹਾਂ ਨੇ ਅਗਲੇ 24 ਘੰਟਿਆਂ ਵਿੱਚ ਭਾਰਤ 'ਤੇ 25 ਫੀਸਦ ਤੋਂ ਵੱਧ ਟੈਰਿਫ ਵਧਾਉਣ ਦੀ ਗੱਲ ਕੀਤੀ ਹੈ।
ਸੰਯੁਕਤ ਰਾਸ਼ਟਰ ਵਿੱਚ ਸਾਬਕਾ ਅਮਰੀਕੀ ਰਾਜਦੂਤ ਨਿੱਕੀ ਹੇਲੀ ਨੇ ਐਕਸ 'ਤੇ ਲਿਖਿਆ, "ਭਾਰਤ ਨੂੰ ਰੂਸ ਤੋਂ ਤੇਲ ਨਹੀਂ ਖਰੀਦਣਾ ਚਾਹੀਦਾ। ਪਰ ਚੀਨ, ਜੋ ਸਾਡਾ ਵਿਰੋਧੀ ਹੈ ਅਤੇ ਰੂਸੀ ਅਤੇ ਈਰਾਨੀ ਤੇਲ ਦਾ ਸਭ ਤੋਂ ਵੱਡਾ ਖਰੀਦਦਾਰ ਹੈ, ਨੂੰ ਟੈਰਿਫ ਵਿੱਚ 90 ਦਿਨਾਂ ਦੀ ਛੋਟ ਦਿੱਤੀ ਗਈ ਹੈ। ਚੀਨ ਨੂੰ ਛੋਟ ਨਾ ਦਿਓ ਅਤੇ ਭਾਰਤ ਵਰਗੇ ਮਜ਼ਬੂਤ ਸਹਿਯੋਗੀ ਨਾਲ ਸਬੰਧ ਨਾ ਵਿਗਾੜੋ।"

ਤਸਵੀਰ ਸਰੋਤ, Getty Images
ਭਾਰਤ ਦੇ ਹੱਕ ਵਿੱਚ ਰੂਸ ਦਾ ਬਿਆਨ
ਮੰਗਲਵਾਰ ਨੂੰ ਰੂਸ ਨੇ ਵੀ ਭਾਰਤ ਦਾ ਸਮਰਥਨ ਕੀਤਾ ਸੀ। ਕ੍ਰੇਮਲਿਨ ਦੇ ਬੁਲਾਰੇ ਦਮਿਤਰੀ ਪੇਸਕੋਵ ਨੇ ਭਾਰਤ 'ਤੇ ਟੈਰਿਫ ਲਗਾਉਣ ਦੀ ਅਮਰੀਕਾ ਦੀ ਧਮਕੀ ਬਾਰੇ ਇੱਕ ਬਿਆਨ ਦਿੱਤਾ।
ਪੇਸਕੋਵ ਨੇ ਕਿਹਾ, "ਸਾਡਾ ਮੰਨਣਾ ਹੈ ਕਿ ਪ੍ਰਭੂਸੱਤਾ ਸੰਪੰਨ ਦੇਸ਼ਾਂ ਨੂੰ ਆਪਣੇ ਆਰਥਿਕ ਹਿੱਤਾਂ ਅਨੁਸਾਰ ਵਪਾਰਕ ਭਾਈਵਾਲ ਚੁਣਨ ਦਾ ਪੂਰਾ ਅਧਿਕਾਰ ਹੈ। ਅਸੀਂ ਮੰਨਦੇ ਹਾਂ ਕਿ ਕਿਸੇ ਸਾਰੇ ਦੇਸ਼ਾਂ ਨੂੰ ਇਹ ਅਧਿਕਾਰ ਹੈ ਕਿ ਉਹ ਆਪਣੇ ਸਹਿਯੋਗੀ ਅਤੇ ਆਰਥਿਕ ਸਹਿਯੋਗ ਦੇ ਤਰੀਕੇ ਖ਼ੁਦ ਤੈਅ ਕਰਨ।"
"ਹਰ ਦੇਸ਼ ਨੂੰ ਇਹ ਆਜ਼ਾਦੀ ਹੋਣੀ ਚਾਹੀਦੀ ਹੈ ਕਿ ਉਹ ਆਪਣੇ ਹਿੱਤਾਂ ਦੇ ਅਨੁਸਾਰ ਵਾਪਰ ਅਤੇ ਆਰਥਿਕ ਸਹਿਯੋਗੀ ਦੇ ਤਰੀਕੇ ਤੈਅ ਕਰਨ।"
ਇਸ ਤੋਂ ਪਹਿਲਾਂ ਸੋਮਵਾਰ ਨੂੰ ਰੂਸੀ ਵਿਦੇਸ਼ ਮੰਤਰਾਲੇ ਦੀ ਬੁਲਾਰਾ ਮਾਰੀਆ ਜ਼ਖਾਰੋਵਾ ਨੇ ਵੀ ਇਸ ਸਬੰਧ ਵਿੱਚ ਇੱਕ ਬਿਆਨ ਦਿੱਤਾ ਸੀ।
ਉਨ੍ਹਾਂ ਕਿਹਾ ਕਿ ਅਮਰੀਕਾ ਕੋਲੋਂ ਉਭਰਦਾ ਵਰਲਡ ਆਰਡਰ ਸਵੀਕਾਰਿਆ ਨਹੀਂ ਜਾ ਰਿਹਾ ਹੈ।
ਉਨ੍ਹਾਂ ਕਿਹਾ, "ਜੋ ਦੇਸ਼ ਕੌਮਾਂਤਰੀ ਮੰਚ ʼਤੇ ਅਮਰੀਕਾ ਦੀ ਰਾਹ ʼਤੇ ਨਹੀਂ ਤੁਰਦੇ, ਉਨ੍ਹਾਂ ਦੇ ਖ਼ਿਲਾਫ਼ ਅਮਰੀਕਾ ਸਿਆਸੀ ਉਦੇਸ਼ ਤੋਂ ਪ੍ਰੇਰਿਤ ਆਰਥਿਕ ਦਬਾਅ ਦੇ ਹਥਕੰਡਿਆਂ ਦੀ ਵਰਤੋਂ ਕਰ ਰਿਹਾ ਹੈ।"
ਜੂਨ 2023 ਵਿੱਚ ਪ੍ਰਧਾਨ ਮੰਤਰੀ ਮੋਦੀ ਦੀ ਅਮਰੀਕਾ ਫੇਰੀ ਦੌਰਾਨ, ਗਾਇਕਾ ਮੈਰੀ ਮਿਲਬੇਨ ਨੇ ਭਾਰਤ ਦਾ ਰਾਸ਼ਟਰੀ ਗੀਤ ਗਾਉਣ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਦੇ ਪੈਰੀਂ ਹੱਥ ਲਗਾਏ ਸਨ। ਹੁਣ ਮਿਲਬੇਨ ਨੇ ਐਕਸ 'ਤੇ ਇੱਕ ਪੋਸਟ ਵਿੱਚ ਲਿਖਿਆ ਹੈ ਕਿ ਅਮਰੀਕਾ ਨੂੰ ਭਾਰਤ ਦੀ ਲੋੜ ਹੈ ਅਤੇ ਭਾਰਤ ਨੂੰ ਅਮਰੀਕਾ ਦੀ।
ਉਨ੍ਹਾਂ ਲਿਖਿਆ, "ਯਾਦ ਰੱਖੋ, ਸਾਨੂੰ ਇੱਕ ਦੂਜੇ ਦੀ ਲੋੜ ਹੈ। ਅਸਲ ਦੋਸਤਾਂ ਵਾਂਗ ਗੱਲ ਕਰੋ। ਤੁਹਾਡੀ ਵਿਰਾਸਤ ਅਤੇ ਸਾਡੇ ਦੇਸ਼ਾਂ ਦੀ ਭਲਾਈ ਇਸ 'ਤੇ ਨਿਰਭਰ ਕਰਦੀ ਹੈ।"
ਟੈਰਿਫ਼ ਕੀ ਹਨ ਅਤੇ ਉਹ ਕਿਵੇਂ ਕੰਮ ਕਰਦੇ ਹਨ?
ਟੈਰਿਫ਼ ਦੂਜੇ ਦੇਸ਼ਾਂ ਤੋਂ ਆਯਾਤ ਕੀਤੇ ਗਏ ਸਮਾਨ 'ਤੇ ਲਗਾਏ ਜਾਣਾ ਵਾਲਾ ਟੈਕਸ ਹੁੰਦਾ ਹੈ।
ਵਿਦੇਸ਼ੀ ਸਮਾਨ ਨੂੰ ਦੇਸ਼ ਵਿੱਚ ਲਿਆਉਣ ਵਾਲੀਆਂ ਕੰਪਨੀਆਂ ਸਰਕਾਰ ਨੂੰ ਟੈਕਸ ਅਦਾ ਕਰਦੀਆਂ ਹਨ।
ਆਮ ਤੌਰ 'ਤੇ, ਟੈਰਿਫ ਇੱਕ ਉਤਪਾਦ ਦੇ ਮੁੱਲ ਦਾ ਫੀਸਦ ਹੁੰਦਾ ਹੈ। ਉਦਾਹਰਣ ਦੇ ਤੌਰ ਉੱਤੇ ਸਮਾਨ 'ਤੇ 20 ਫੀਸਦ ਟੈਰਿਫ਼ ਲਗਾਉਣ ਦਾ ਮਤਲਬ ਹੈ ਕਿ 10 ਡਾਲਰ ਦੇ ਉਤਪਾਦ 'ਤੇ 2 ਡਾਲਰ ਦਾ ਵਾਧੂ ਚਾਰਜ ਲਗਾਇਆ ਜਾਵੇਗਾ।
ਫਰਮਾਂ ਟੈਰਿਫ਼ ਦੀ ਕੁਝ ਜਾਂ ਸਾਰੀ ਲਾਗਤ ਗਾਹਕਾਂ ਤੋਂ ਵਸੂਲਣ ਦੀ ਚੋਣ ਕਰ ਸਕਦੀਆਂ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












