ਯੂਕਰੇਨ-ਰੂਸ ਜੰਗ ’ਚ ਮਹੀਨਿਆਂ ਤੋਂ ਲਾਪਤਾ ਪੰਜਾਬੀਆਂ ਦੇ ਪਰਿਵਾਰ, ‘ਇੱਕ ਵਾਰ ਪੁੱਤ ਦਾ ਫ਼ੋਨ ਆ ਜਾਵੇ ਤਾਂ ਦਿਲ ਨੂੰ ਚੈਨ ਆ ਜਾਣਾ’

- ਲੇਖਕ, ਹਰਮਨਦੀਪ ਸਿੰਘ ਅਤੇ ਸਰਬਜੀਤ ਸਿੰਘ ਧਾਲੀਵਾਲ
- ਰੋਲ, ਬੀਬੀਸੀ ਪੱਤਰਕਾਰ
"ਬੱਸ ਇੱਕ ਵਾਰ ਪੁੱਤ ਦਾ ਫ਼ੋਨ ਆ ਜਾਵੇ ਤਾਂ ਦਿਲ ਨੂੰ ਚੈਨ ਆ ਜਾਵੇਗਾ", ਇਹ ਸ਼ਬਦ ਹਨ ਬਜ਼ੁਰਗ ਸ਼ਿੰਦਰਪਾਲ ਕੌਰ ਦੇ, ਜਿਨ੍ਹਾਂ ਦਾ ਨੌਜਵਾਨ ਪੁੱਤਰ ਬੁੱਧ ਰਾਮ ਪਿਛਲੇ ਕਈ ਮਹੀਨਿਆਂ ਤੋਂ ਰੂਸ ਵਿੱਚ ਲਾਪਤਾ ਹੈ।
ਸ਼ਿੰਦਰਪਾਲ ਕੌਰ ਮੁਤਾਬਕ ਬੁੱਧ ਰਾਮ ਰੂਸ ਦੀ ਫੌਜ ਵਿੱਚ ਵਿੱਚ ਭਰਤੀ ਹੋ ਗਿਆ ਸੀ ਅਤੇ ਰੂਸ-ਯੂਕਰੇਨ ਜੰਗ ਦੌਰਾਨ ਲੜਾਈ ਦੇ ਮੈਦਾਨ ਵਿਚੋਂ ਉਹ ਕਰੀਬ ਇੱਕ ਸਾਲ ਤੋਂ ਲਾਪਤਾ ਹੈ।
3 ਮਾਰਚ 2024 ਨੂੰ ਬੁੱਧ ਰਾਮ ਨੇ ਆਖ਼ਰੀ ਵਾਰ ਫ਼ੋਨ ਰਾਹੀਂ ਆਪਣੇ ਪਰਿਵਾਰ ਨਾਲ ਰਾਬਤਾ ਕਾਇਮ ਕੀਤਾ ਸੀ।

ਰੂਸ ਅਤੇ ਯੂਕਰੇਨ ਵਿਚਾਲੇ ਜੰਗ 2022 ਵਿੱਚ ਸ਼ੁਰੂ ਹੋਈ ਸੀ ਅਤੇ ਇਸ ਦਾ ਪ੍ਰਭਾਵ ਪੂਰੀ ਦੁਨੀਆ ਉਤੇ ਪੈ ਰਿਹਾ ਹੈ। ਭਾਰਤ ਦੇ ਕਈ ਨਾਗਿਰਕ ਇਸ ਜੰਗ ਵਿੱਚ ਰੂਸ ਦੀ ਫੌਜ ਵੱਲੋਂ ਜੰਗ ਦੇ ਮੈਦਾਨ ਵਿੱਚ ਉਤਰੇ ਹਨ ਜਿਨ੍ਹਾਂ ਵਿੱਚੋਂ ਕਈ ਵਾਪਸ ਆ ਚੁੱਕੇ ਹਨ ਅਤੇ ਕੁਝ ਅਜੇ ਵੀ ਲਾਪਤਾ ਹਨ।
ਰੂਸ ਦੀ ਫੌਜ ਵੱਲੋਂ ਲੜਾਈ ਲੜ ਰਹੇ 12 ਭਾਰਤੀਆਂ ਦੇ ਇਸ ਜੰਗ ਵਿੱਚ ਲਾਪਤਾ ਹੋਣ ਦੀ ਪੁਸ਼ਟੀ ਭਾਰਤੀ ਵਿਦੇਸ਼ ਮੰਤਰਾਲੇ ਨੇ ਵੀ ਕੀਤੀ ਹੈ। ਲਾਪਤਾ ਭਾਰਤੀਆਂ ਵਿੱਚ ਕੁਝ ਪਰਿਵਾਰ ਪੰਜਾਬ ਨਾਲ ਸਬੰਧਤ ਹਨ, ਜਿਨ੍ਹਾਂ ਨੂੰ ਹੁਣ ਵੀ ਅਪਣਿਆਂ ਦੀ ਵਾਪਸੀ ਦੀ ਉਮੀਦ ਹੈ।
ਬੁੱਧ ਰਾਮ ਦਾ ਪਰਿਵਾਰ ਪੰਜਾਬ ਦੇ ਮਲੇਰਕੋਟਲਾ ਜ਼ਿਲ੍ਹੇ ਨਾਲ ਸਬੰਧਤ ਹੈ ਅਤੇ ਬੁੱਧ ਰਾਮ ਪਿਛਲ਼ੇ 16 ਮਹੀਨਿਆ ਤੋਂ ਲਾਪਤਾ ਹਨ।

ਤਸਵੀਰ ਸਰੋਤ, harmandeep Singh
ਬੁੱਧ ਰਾਮ ਦੀ ਮਾਤਾ ਸ਼ਿੰਦਰਪਾਲ ਕੌਰ ਦੱਸਦੀ ਹੈ, "ਬੁੱਧ ਰਾਮ ਵਿਆਹ ਤੋਂ ਦਸ ਦਿਨ ਬਾਅਦ ਹੀ ਵਿਦੇਸ਼ ਚਲਾ ਗਿਆ ਸੀ ਅਤੇ ਜਦੋਂ ਪੁੱਤਰ ਦੀ ਯਾਦ ਆਉਂਦੀ ਹੈ ਰੋ ਕੇ ਆਪਣਾ ਮਨ ਹਲਕਾ ਕਰ ਲੈਂਦੀ ਹਾਂ।"
ਦੋ ਕਮਰਿਆਂ ਦੇ ਘਰ ਦੇ ਵਿਹੜੇ ਵਿੱਚ ਬੈਠੀ ਸ਼ਿੰਦਰਪਾਲ ਦੱਸਦੀ ਹੈ, "ਬੁੱਧ ਰਾਮ ਅਕਸਰ ਰਾਤ ਸਮੇਂ ਫ਼ੋਨ ਕਰਦਾ ਸੀ ਅਤੇ ਹੁਣ ਵੀ ਮੈਂ ਸਾਰੀ ਰਾਤ ਪੁੱਤਰ ਦੇ ਫ਼ੋਨ ਦੇ ਇੰਤਜ਼ਾਰ ਵਿੱਚ ਜਾਗਦੀ ਰਹਿੰਦੀ ਹਾਂ।"
ਪੰਜਾਬ ਦੇ ਮਲੇਰਕੋਟਲਾ ਜ਼ਿਲ੍ਹੇ ਵਿੱਚ ਪੈਂਦੇ ਪਿੰਡ ਕਲਿਆਣ ਨਾਲ ਸਬੰਧਿਤ ਬੁੱਧ ਰਾਮ ਕਮਾਈ ਦੇ ਲਈ ਅਸਲ ਵਿੱਚ ਜਰਮਨੀ ਜਾਣਾ ਚਾਹੁੰਦਾ ਸੀ।

ਬੁੱਧ ਰਾਮ ਦੇ ਪਿਤਾ ਗੁਰਮੇਲ ਸਿੰਘ ਨੇ ਦੱਸਿਆ, "ਪਹਿਲਾਂ ਬੁੱਧ ਰਾਮ ਬਹਿਰੀਨ ਗਿਆ ਜਿੱਥੋਂ ਉਸ ਨੇ ਜਰਮਨੀ ਜਾਣਾ ਲਈ ਇੱਕ ਏਜੰਟ ਨਾਲ ਰਾਬਤਾ ਕਾਇਮ ਕੀਤਾ, ਏਜੰਟ ਨੇ ਉਸ ਨੂੰ ਰੂਸ ਪਹੁੰਚਾ ਦਿੱਤਾ ਜਿੱਥੋਂ ਗ਼ੈਰ-ਕਾਨੂੰਨੀ ਤਰੀਕੇ ਨਾਲ ਏਜੰਟ ਨੇ ਉਸ ਨੂੰ ਜਰਮਨੀ ਭੇਜਣਾ ਸੀ।"
ਬਜ਼ੁਰਗ ਗੁਰਮੇਲ ਸਿੰਘ ਦੱਸਦੇ ਹਨ, "ਬੁੱਧ ਰਾਮ ਨੂੰ ਜਬਰਦਸਤੀ ਰੂਸ ਦੀ ਫੌਜ ਵਿੱਚ ਭਰਤੀ ਕਰਵਾ ਦਿੱਤਾ ਗਿਆ ਅਤੇ ਕੁਝ ਦਿਨ ਦੀ ਟਰੇਨਿੰਗ ਤੋਂ ਬਾਅਦ ਉਸ ਨੂੰ ਜੰਗ ਦੇ ਮੈਦਾਨ ਵਿੱਚ ਉਤਾਰ ਦਿੱਤਾ ਗਿਆ ਜਿੱਥੋਂ ਉਹ ਗ਼ਾਇਬ ਹੋ ਗਿਆ।"
ਗੁਰਮੇਲ ਸਿੰਘ ਦੱਸਿਆ ਕਿ ਘਰ ਦਾ ਗੁਜ਼ਾਰਾ ਬੁੱਧ ਰਾਮ ਦੀ ਕਮਾਈ ਨਾਲ ਹੀ ਚੱਲ ਦਾ ਸੀ ਪਰ ਬਿਰਧ ਅਵਸਥਾ ਵਿੱਚ ਆਰਾਮ ਕਰਨ ਦੀ ਥਾਂ ਉਨ੍ਹਾਂ ਨੂੰ ਪੁੱਤਰਾਂ ਦੀ ਭਾਲ ਲਈ ਭਟਕਣਾ ਪੈ ਰਿਹਾ ਹੈ।
ਉਨ੍ਹਾਂ ਦਾ ਕਹਿਣਾ ਹੈ, "ਪੁੱਤ ਜਿਉਂਦਾ ਹੈ ਜਾਂ ਨਹੀਂ ਇਸ ਗੱਲ ਦਾ ਉਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਇਸ ਦੇ ਲਈ ਡੀਐੱਨਏ ਵੀ ਕਰਵਾਇਆ ਪਰ ਅਜੇ ਤੱਕ ਕੋਈ ਜਾਣਕਾਰੀ ਨਹੀਂ ਮਿਲੀ।"
ਪਿਛਲੇ 16 ਮਹੀਨਿਆਂ ਤੋਂ ਬੁੱਧ ਰਾਮ ਦਾ ਪਰਿਵਾਰ ਰੋਜ਼ਾਨਾ ਉਸ ਨੂੰ ਉਡੀਕਦਾ ਹੈ। ਆਪਣੇ ਪੁੱਤ ਦੀ ਵਾਪਸੀ ਦੀ ਉਮੀਦ ਵਿੱਚ ਇਹ ਬਜ਼ੁਰਗ ਜੌੜਾ ਸਰਕਾਰੀ ਦਫ਼ਤਰਾਂ ਅਤੇ ਸਿਆਸੀ ਨੇਤਾਵਾਂ ਦੇ ਦਰਾਂ ਉੱਤੇ ਧੱਕੇ ਖਾ ਰਹੇ ਹਨ।

ਤਸਵੀਰ ਸਰੋਤ, Pradeep Sharma
ਭਰਾ ਦੀ ਭਾਲ ਵਿੱਚ ਭਰਾ ਨੇ ਛੇੜੀ ਮੁਹਿੰਮ
ਜਲੰਧਰ ਦੇ ਗੁਰਾਇਆ ਨਾਲ ਸਬੰਧਤ ਮਨਦੀਪ ਕੁਮਾਰ ਦਾ ਨਾਮ ਵੀ ਉਨ੍ਹਾਂ ਭਾਰਤੀ ਨਾਗਰਿਕਾਂ ਦੀ ਲਿਸਟ ਵਿੱਚ ਸ਼ਾਮਲ ਹੈ, ਜੋ ਫ਼ਿਲਹਾਲ ਰੂਸ ਵਿਚੋਂ ਲਾਪਤਾ ਹੈ।
ਮਨਦੀਪ ਕੁਮਾਰ ਦੇ ਵੱਡੇ ਭਰਾ ਜਗਦੀਪ ਕੁਮਾਰ ਦੱਸਦੇ ਹਨ, "ਅੱਠਵੀਂ ਪਾਸ ਮਨਦੀਪ ਚੰਗੇ ਭਵਿੱਖ ਲਈ ਘਰ ਤੋਂ ਅਰਮੀਨੀਆ ਗਿਆ, ਜਿੱਥੋਂ ਏਜੰਟ ਦੀ ਮਦਦ ਨਾਲ ਉਸ ਨੇ ਇਟਲੀ ਜਾਣਾ ਸੀ।"
"ਏਜੰਟ ਨੇ ਮਨਦੀਪ ਨੂੰ ਅਰਮੀਨੀਆ ਤੋਂ ਰੂਸ ਭੇਜਿਆ ਜਿੱਥੇ ਕੁਝ ਲੋਕਾਂ ਨੇ ਝਾਂਸੇ ਵਿੱਚ ਲੈ ਕੇ ਉਸ ਨੂੰ ਰੂਸ ਦੀ ਫੌਜ ਵਿੱਚ ਭਰਤੀ ਕਰਵਾ ਦਿੱਤਾ।"
ਜਗਦੀਪ ਕੁਮਾਰ ਨੇ ਦੱਸਿਆ ਟਰੇਨਿੰਗ ਦੌਰਾਨ ਉਸ ਦੀ ਮਨਦੀਪ ਕੁਮਾਰ ਨਾਲ ਗੱਲਬਾਤ ਹੁੰਦੀ ਰਹੀ ਹੈ ਅਤੇ ਫਿਰ ਅਚਾਨਕ ਰਾਬਤਾ ਬੰਦ ਹੋ ਗਿਆ।
ਭਰਾ ਦੀ ਭਾਲ ਵਿੱਚ ਉਹ ਰੂਸ ਵੀ ਗਿਆ, ਜਿੱਥੋਂ ਰੂਸ ਦੀ ਫੌਜ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਮਨਦੀਪ ਕੁਮਾਰ ਉਨ੍ਹਾਂ ਦੀ ਫੌਜ ਵਿੱਚ ਭਰਤੀ ਸੀ ਅਤੇ ਜੰਗ ਦੇ ਮੈਦਾਨ ਵਿੱਚ ਉਹ ਫ਼ਿਲਹਾਲ ਲਾਪਤਾ ਹੈ।
ਜਗਦੀਪ ਕੁਮਾਰ ਦੱਸਦੇ ਹਨ, "ਜੋ ਲੋਕ ਰੂਸ ਤੋਂ ਵਾਪਸ ਭਾਰਤ ਪਰਤੇ ਹਨ ਉਨ੍ਹਾਂ ਨਾਲ ਵੀ ਉਸ ਨੇ ਰਾਬਤਾ ਕਾਇਮ ਕੀਤਾ ਹੈ ਪਰ ਮਨਦੀਪ ਕੁਮਾਰ ਦੀ ਕਿਸੇ ਪਾਸੇ ਤੋਂ ਵੀ ਕੋਈ ਖ਼ਬਰ ਨਹੀਂ ਮਿਲ ਰਹੀ ਹੈ।"
ਉਨ੍ਹਾਂ ਦੱਸਿਆ ਕਿ ਭਾਰਤੀ ਵਿਦੇਸ਼ ਮੰਤਰਾਲੇ ਨਾਲ ਵੀ ਸੰਪਰਕ ਵਿੱਚ ਹੈ ਅਤੇ ਉਨ੍ਹਾਂ ਦੀ ਮਦਦ ਨਾਲ ਮਨਦੀਪ ਕੁਮਾਰ ਦੀ ਭਾਲ ਕੀਤੀ ਜਾ ਰਹੀ ਹੈ।
ਜਗਦੀਪ ਕੁਮਾਰ ਨੇ ਦੱਸਿਆ ਕਿ ਪਹਿਲਾਂ ਕਰਜ਼ਾ ਚੁੱਕ ਕੇ ਭਰਾ ਨੂੰ ਵਿਦੇਸ਼ ਭੇਜਿਆ ਸੀ ਪਰ ਉਸ ਦੇ ਲਾਪਤਾ ਹੋਣ ਕਾਰਨ ਜਿੱਥੇ ਇੱਕ ਪਾਸੇ ਪਰਿਵਾਰ ਕਰਜ਼ੇ ਨੂੰ ਲੈ ਚਿੰਤਤ ਹੈ, ਉੱਥੇ ਹੀ ਪਰਿਵਾਰ ਮਾਨਸਿਕ ਤੌਰ ਉੱਤੇ ਪਰੇਸ਼ਾਨ ਹੋ ਰਿਹਾ ਹੈ।
ਜਗਦੀਪ ਕੁਮਾਰ ਨੇ ਦੱਸਿਆ ਕਿ ਅਗਲੇ ਦਿਨਾਂ ਵਿੱਚ ਉਹ ਫਿਰ ਰੂਸ ਜਾਵੇਗਾ ਅਤੇ ਭਰਾ ਦੀ ਭਾਲ ਕਰੇਗਾ।

ਡਾਕਟਰ ਬਣਨ ਗਿਆ ਭਾਰਤੀ ਕਿਵੇਂ ਪਹੁੰਚਿਆ ਜੰਗ ਦੇ ਮੈਦਾਨ 'ਚ
ਰੂਸ ਦੀ ਫੌਜ ਵਿੱਚ ਭਰਤੀ ਹੋਏ ਕਈ ਭਾਰਤੀਆਂ ਨੇ ਦੇਸ਼ ਵਾਪਸੀ ਪਿਛਲੇ ਦਿਨਾਂ ਵਿੱਚ ਕੀਤੀ ਹੈ, ਇਨ੍ਹਾਂ ਵਿਚੋਂ ਇੱਕ ਹਰਿਆਣਾ ਨਾਲ ਸਬੰਧਤ ਰਾਮ ਕੁਮਾਰ (ਬਦਲਿਆ ਹੋਇਆ ਨਾਮ) ਨਾਮ ਦਾ ਨੌਜਵਾਨ ਵੀ ਹੈ।
ਰਾਮ ਕੁਮਾਰ ਨੇ ਦੱਸਿਆ, "ਮੈਡੀਕਲ ਦੀ ਉਚੇਰੀ ਪੜ੍ਹਾਈ ਕਰਨ ਲਈ ਮੈਂ ਰੂਸ ਦੀ ਕ੍ਰੀਮੀਆ ਮੈਡੀਕਲ ਯੂਨੀਵਰਸਿਟੀ ਵਿੱਚ ਦਾਖ਼ਲਾ ਲਿਆ ਸੀ, ਪਰ ਇਸ ਤੋਂ ਪਹਿਲਾਂ ਉਹ ਪੜ੍ਹਾਈ ਪੂਰੀ ਕਰਦਾ ਰੂਸ ਅਤੇ ਯੂਕਰੇਨ ਵਿਚਾਲੇ ਲੜਾਈ ਛਿੜ ਗਈ ਅਤੇ ਸਭ ਕੁਝ ਬੰਦ ਹੋ ਗਿਆ।"
ਰਾਮ ਕੁਮਾਰ ਦੱਸਦੇ ਹਨ ਕਿ ਰੋਜ਼ਾਨਾ ਦਾ ਖ਼ਰਚਾ ਪੂਰਾ ਕਰਨ ਦੇ ਲਈ ਉਸ ਨੇ ਨੌਕਰੀ ਕਰਨ ਦੀ ਸੋਚੀ ਅਤੇ ਮੈਡੀਕਲ ਦੀ ਪੜ੍ਹਾਈ ਦਾ ਪਿਛੋਕੜ ਹੋਣ ਕਾਰਨ ਉਸ ਨੂੰ ਇੱਕ ਵਿਅਕਤੀ ਨੇ ਰੂਸ ਦੀ ਫੌਜ ਵਿੱਚ ਨੌਕਰੀ ਕਰਨ ਦੀ ਸਲਾਹ ਦਿੱਤੀ।
ਉਨ੍ਹਾਂ ਦੱਸਿਆ, "ਫੌਜ ਵਿੱਚ ਭਰਤੀ ਸਮੇਂ ਮੈਂ ਸਪੱਸ਼ਟ ਤੌਰ ʼਤੇ ਕਿਹਾ ਸੀ ਕਿ ਮੈਂ ਹਸਪਤਾਲ ਵਿੱਚ ਜ਼ਖਮੀ ਸੈਨਿਕ ਦੀ ਦੇਖਭਾਲ ਦਾ ਕੰਮ ਕਰਾਂਗਾ ਪਰ ਉਸ ਦੇ ਬਾਵਜੂਦ ਵੀ ਮੈਨੂੰ ਟਰੇਨਿੰਗ ਤੋਂ ਬਾਅਦ ਜੰਗ ਦੇ ਮੈਦਾਨ ਵਿੱਚ ਉਤਾਰ ਦਿੱਤਾ ਗਿਆ।"
ਜੰਗ ਦੇ ਮੈਦਾਨ ਦੇ ਤਜਰਬੇ ਸਾਂਝੇ ਕਰਦੇ ਹੋਏ ਰਾਮ ਨੇ ਦੱਸਿਆ, "ਉੱਥੇ ਬਹੁਤ ਮਾੜਾ ਹਾਲ ਹੈ, ਡਰੋਨ ਹਮਲਿਆਂ ਕਾਰਨ ਕਈ ਸਾਥੀਆਂ ਦੀ ਜਾਨ ਚਲੀ ਗਈ ਅਤੇ ਇਸ ਦੌਰਾਨ ਬੰਬ ਧਮਾਕੇ ਵਿੱਚ ਮੈਂ ਵੀ ਜ਼ਖਮੀ ਹੋ ਗਿਆ।"
ਹਸਪਤਾਲ ਵਿੱਚ ਕਈ ਮਹੀਨੇ ਰਹਿਣ ਤੋਂ ਬਾਅਦ ਜਦੋਂ ਉਹ ਕੁਝ ਠੀਕ ਹੋਏ ਤਾਂ ਰੂਸ ਦੀ ਫੌਜ ਨੇ ਉਨ੍ਹਾਂ ਨੂੰ ਫਿਰ ਤੋਂ ਮੋਰਚੇ ਉੱਤੇ ਭੇਜਣ ਦੀ ਤਿਆਰੀ ਕਰ ਲਈ ਸੀ। ਇਸ ਦੌਰਾਨ ਉਸ ਨੇ ਭਾਰਤੀ ਐਬੰਸੀ ਨਾਲ ਸੰਪਰਕ ਕੀਤਾ ਜਿਸ ਤੋਂ ਬਾਅਦ ਉਹ ਉਸ ਦੀ ਦੇਸ਼ ਵਾਪਸੀ ਹੋਈ ਹੈ।
ਰਾਮ ਮੁਤਾਬਕ, "ਜੇਕਰ ਕੋਈ ਵਿਅਕਤੀ ਵਾਪਸ ਆਉਣਾ ਵੀ ਚਾਹੁੰਦਾ ਹੈ ਤਾਂ ਉਹ ਨਹੀਂ ਆ ਸਕਦਾ ਕਿਉਂਕਿ ਰੂਸ ਦੀ ਫੌਜ ਅਜਿਹਾ ਕਰਨ ਨਹੀਂ ਦਿੰਦੀ।"

ਤਸਵੀਰ ਸਰੋਤ, Sant Balbir Singh Seechewal/FB
ਭਾਰਤੀ ਵਿਦੇਸ਼ ਮੰਤਰਾਲੇ ਦਾ ਤਰਕ
ਰੂਸ ਵਿੱਚ ਫਸੇ ਭਾਰਤੀਆਂ ਦਾ ਮੁੱਦਾ ਭਾਰਤੀ ਵਿਦੇਸ਼ ਮੰਤਰਾਲੇ ਦੇ ਧਿਆਨ ਵਿੱਚ ਵੀ ਹੈ।
ਮਾਨਸੂਨ ਸੈਸ਼ਨ ਦੌਰਾਨ ਪੰਜਾਬ ਤੋਂ ਰਾਜ ਸਭਾ ਮੈਂਬਰ ਬਲਵੀਰ ਸਿੰਘ ਸੀਚੇਵਾਲ ਵੱਲੋਂ ਚੁੱਕੇ ਗਏ ਲਿਖਤੀ ਸਵਾਲ ਦਾ ਜਵਾਬ ਦਿੰਦਿਆਂ ਕੇਂਦਰੀ ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਨੇ ਦੱਸਿਆ ਕਿ ਰੂਸੀ ਹਥਿਆਰਬੰਦ ਸੈਨਾਵਾਂ ਵਿੱਚ 127 ਭਾਰਤੀ ਨਾਗਰਿਕ ਸਨ।
ਉਨ੍ਹਾਂ ਵਿੱਚੋਂ 98 ਵਿਅਕਤੀ ਵਾਪਸ ਆ ਚੁੱਕੇ ਹਨ, ਉਨ੍ਹਾਂ ਦੱਸਿਆ ਕਿ 13 ਭਾਰਤੀ ਨਾਗਰਿਕ ਰੂਸੀ ਹਥਿਆਰਬੰਦ ਫੌਜ ਵਿੱਚ ਹਨ, ਜਿਨ੍ਹਾਂ ਵਿੱਚੋਂ 12 ਭਾਰਤੀਆਂ ਦੇ ਰੂਸੀ ਪੱਖ ਦੁਆਰਾ ਲਾਪਤਾ ਹੋਣ ਦੀ ਰਿਪੋਰਟ ਕੀਤੀ ਗਈ ਹੈ।
ਭਾਰਤ ਦਾ ਕਹਿਣਾ ਹੈ ਕਿ ਰੂਸੀ ਅਧਿਕਾਰੀਆਂ ਨੂੰ ਬਾਕੀ ਰਹਿੰਦੇ ਜਾਂ ਲਾਪਤਾ ਵਿਅਕਤੀਆਂ ਬਾਰੇ ਅਪਡੇਟ ਜਾਣਕਾਰੀ ਦੇਣ ਅਤੇ ਉਨ੍ਹਾਂ ਦੀ ਸੁਰੱਖਿਅਤ ਦੇਸ਼ ਵਾਪਸੀ ਲਈ ਕਿਹਾ ਗਿਆ ਗਿਆ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












