ਰੂਸ-ਯੂਕਰੇਨ ਜੰਗ ਵਿੱਚ ਵਰਤਿਆ ਜਾ ਰਿਹਾ ਖ਼ਤਰਨਾਕ ਡਰੋਨ ਜੋ ਘਰ ਦੇ ਅੰਦਰ ਵੜ੍ਹ ਕੇ ਨਿਸ਼ਾਨਾ ਲਗਾ ਸਕਦਾ ਹੈ

ਤਸਵੀਰ ਸਰੋਤ, Getty Images
- ਲੇਖਕ, ਯੋਗਿਤਾ ਲਿਮਾਏ
- ਰੋਲ, ਬੀਬੀਸੀ ਪੱਤਰਕਾਰ
ਯੂਕਰੇਨ ਦੇ ਰੋਡਿੰਸਕ ਸ਼ਹਿਰ ਵਿੱਚ ਇੱਕ ਤੇਜ਼ ਬਦਬੂ ਫੈਲੀ ਹੋਈ ਸੀ। ਸ਼ਹਿਰ ਵਿੱਚ ਦਾਖ਼ਲ ਹੋਣ ਦੇ ਕੁਝ ਮਿੰਟਾਂ ਵਿੱਚ ਹੀ ਸਾਨੂੰ ਪਤਾ ਲੱਗ ਗਿਆ ਕਿ ਇਹ ਬਦਬੂ ਕਿੱਥੋਂ ਆ ਰਹੀ ਹੈ।
ਸ਼ਹਿਰ ਦੀ ਮੁੱਖ ਪ੍ਰਸ਼ਾਸਕੀ ਇਮਾਰਤ 'ਤੇ 250 ਕਿਲੋਗ੍ਰਾਮ ਦਾ ਇੱਕ ਗਲਾਈਡ ਬੰਬ ਡਿੱਗਿਆ। ਨਤੀਜੇ ਵਜੋਂ, ਇਲਾਕੇ ਦੀਆਂ ਤਿੰਨ ਰਿਹਾਇਸ਼ੀ ਇਮਾਰਤਾਂ ਤਬਾਹ ਹੋ ਗਈਆਂ।
ਅਸੀਂ ਧਮਾਕੇ ਤੋਂ ਅਗਲੇ ਦਿਨ ਘਟਨਾ ਸਥਾਨ ਦਾ ਦੌਰਾ ਕੀਤਾ, ਪਰ ਕੁਝ ਇਲਾਕਿਆਂ ਤੋਂ ਅਜੇ ਵੀ ਧੂੰਆਂ ਆ ਰਿਹਾ ਸੀ।
ਅਸੀਂ ਸ਼ਹਿਰ ਦੀ ਸੀਮਾ ਤੋਂ ਤੋਪ ਦੇ ਗੋਲਿਆਂ ਅਤੇ ਗੋਲੀਬਾਰੀ ਦੀ ਆਵਾਜ਼ ਸੁਣ ਸਕਦੇ ਸੀ। ਯੂਕਰੇਨੀ ਫੌਜਾਂ ਰੂਸੀ ਡਰੋਨਾਂ ਨੂੰ ਡੇਗ ਰਹੀਆਂ ਸਨ।
ਰੋਡਿੰਸਕ ਯੁੱਧ ਪ੍ਰਭਾਵਿਤ ਸ਼ਹਿਰ ਪੋਕਰੋਵਸਕ ਤੋਂ ਲਗਭਗ 15 ਕਿਲੋਮੀਟਰ (9 ਮੀਲ) ਉੱਤਰ ਵਿੱਚ ਸਥਿਤ ਹੈ।
ਰੂਸ ਪਿਛਲੇ ਸਾਲ ਤੋਂ ਹੀ ਸ਼ਹਿਰ ʼਤੇ ਦੱਖਣ ਵੱਲੋਂ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਅਜੇ ਤੱਕ ਯੂਕਰੇਨੀ ਫੌਜ ਨੇ ਰੂਸ ਫੌਜੀਆਂ ਨੂੰ ਰੋਕ ਕੇ ਰੱਖਿਆ ਹੋਇਆ ਹੈ।

ਤਸਵੀਰ ਸਰੋਤ, Getty Images
ਬੀਬੀਸੀ ਟੀਮ ਵਾਲ-ਵਾਲ ਬਚੀ
ਰੂਸ ਨੇ ਹੁਣ ਆਪਣੀ ਰਣਨੀਤੀ ਬਦਲ ਲਈ ਹੈ। ਉਨ੍ਹਾਂ ਨੇ ਸ਼ਹਿਰ ਨੂੰ ਘੇਰਨ ਦੀ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਉਹ ਇਸ ਦਾ ਸਪਲਾਈ ਰੂਟ ਕੱਟ ਸਕਣ।
ਯੂਕਰੇਨ ਨਾਲ ਜੰਗਬੰਦੀ ਕਰਵਾਉਣ ਦੀਆਂ ਕੂਟਨੀਤਕ ਕੋਸ਼ਿਸ਼ਾਂ ਅਸਫਲ ਹੋਣ ਤੋਂ ਬਾਅਦ ਰੂਸ ਨੇ ਆਪਣਾ ਹਮਲਾ ਤੇਜ਼ ਕਰ ਦਿੱਤਾ ਹੈ।
ਜਨਵਰੀ ਤੋਂ ਬਾਅਦ ਇਹ ਰੂਸ ਦੀ ਸਭ ਤੋਂ ਵੱਡੀ ਚੜ੍ਹਾਈ ਮੰਨੀ ਜਾ ਰਹੀ ਹੈ। ਸਾਨੂੰ ਰੋਡਿੰਸਕ ਵਿੱਚ ਵੀ ਇਸ ਦੇ ਸਬੂਤ ਮਿਲੇ ਹਨ।
ਸ਼ਹਿਰ ਪਹੁੰਚਣ ਦੇ ਕੁਝ ਮਿੰਟਾਂ ਦੇ ਅੰਦਰ, ਅਸੀਂ ਉੱਪਰ ਰੂਸੀ ਡਰੋਨਾਂ ਦੀ ਆਵਾਜ਼ ਸੁਣੀ। ਉਸ ਸਮੇਂ ਸਾਡੀ ਟੀਮ ਭੱਜ ਕੇ ਤੁਰੰਤ ਇੱਕ ਦਰੱਖਤ ਹੇਠ ਲੁਕ ਗਈ।
ਰੋਡਿੰਸਕ ਵਰਗੇ ਸ਼ਹਿਰ ਹੁਣ ਰੂਸੀ ਹਵਾਈ ਹਮਲਿਆਂ ਨਾਲ ਤਬਾਹ ਹੋ ਗਏ ਹਨ।
ਅਸੀਂ ਇਸ ਤਰ੍ਹਾਂ ਲੁਕੇ ਹੋਏ ਸੀ ਕਿ ਡਰੋਨ ਸਾਨੂੰ ਦੇਖ ਨਹੀਂ ਸਕਿਆ। ਫਿਰ ਇੱਕ ਜ਼ੋਰਦਾਰ ਧਮਾਕਾ ਹੋਇਆ। ਦੇਖਿਆ ਗਿਆ ਕਿ ਇੱਕ ਹੋਰ ਡਰੋਨ ਨੇੜੇ ਹੀ ਆ ਡਿੱਗਿਆ।
ਡਰੋਨ ਅਜੇ ਵੀ ਸਾਡੇ ਉੱਪਰ ਘੁੰਮ ਰਿਹਾ ਸੀ। ਕੁਝ ਮਿੰਟਾਂ ਬਾਅਦ ਸਾਨੂੰ ਉਹ ਡਰਾਉਣੀ ਆਵਾਜ਼ ਫਿਰ ਸੁਣਨੀ ਸ਼ੁਰੂ ਹੋ ਗਈ। ਇਹ ਡਰੋਨ ਇਸ ਯੁੱਧ ਵਿੱਚ ਸਭ ਤੋਂ ਘਾਤਕ ਹਥਿਆਰ ਬਣ ਗਿਆ ਹੈ।
ਜਦੋਂ ਅਸੀਂ ਆਵਾਜ਼ ਸੁਣਨਾ ਬੰਦ ਕਰ ਦਿੱਤਾ, ਤਾਂ ਅਸੀਂ ਜੋਖਮ ਲਿਆ ਅਤੇ ਦਰੱਖਤ ਤੋਂ ਲਗਭਗ 100 ਫੁੱਟ ਦੂਰ ਇੱਕ ਇਮਾਰਤ ਵੱਲ ਭੱਜੇ।
ਉੱਥੇ ਸਾਨੂੰ ਦੁਬਾਰਾ ਡਰੋਨ ਦੀ ਆਵਾਜ਼ ਸੁਣਾਈ ਦਿੱਤੀ। ਇਹ ਸੰਭਵ ਹੈ ਕਿ ਡਰੋਨ ਸਾਡੀਆਂ ਗਤੀਵਿਧੀਆਂ ਨੂੰ ਦੇਖ ਕੇ ਵਾਪਸ ਆ ਗਿਆ ਹੋਵੇ।
ਇਹ ਹਮਲੇ ਪੋਕਰੋਵਸਕ ਦੇ ਦੱਖਣ ਵਿੱਚ ਰੂਸੀ ਟਿਕਾਣਿਆਂ ਦੇ ਬਹੁਤ ਨੇੜੇ ਹਨ।

ਰੋਡਿੰਸਕ 'ਤੇ ਰੂਸੀ ਡਰੋਨ ਹਮਲੇ ਤੋਂ ਪਤਾ ਲੱਗਦਾ ਹੈ ਕਿ ਇਹ ਡਰੋਨ ਸ਼ਾਇਦ ਪੋਕਰੋਵਸਕ ਦੇ ਪੂਰਬ ਵਿੱਚ ਕੋਸਟਯੰਤੀਨੀਵਕਾ ਜਾਣ ਵਾਲੇ ਮੁੱਖ ਰਸਤੇ 'ਤੇ ਨਵੇਂ ਜਿੱਤੇ ਹੋਏ ਖੇਤਰ ਤੋਂ ਆ ਰਹੇ ਸਨ।
ਅੱਧਾ ਘੰਟਾ ਇੰਤਜ਼ਾਰ ਕਰਨ ਤੋਂ ਬਾਅਦ ਜਦੋਂ ਡਰੋਨ ਦੀ ਕੋਈ ਆਵਾਜ਼ ਨਹੀਂ ਆਈ ਤਾਂ ਅਸੀਂ ਇੱਕ ਦਰੱਖਤ ਹੇਠਾਂ ਖੜ੍ਹੀ ਆਪਣੀ ਕਾਰ ਵੱਲ ਭੱਜੇ। ਉਸ ਤੋਂ ਬਾਅਦ, ਅਸੀਂ ਤੁਰੰਤ ਰੋਡਿੰਸਕ ਛੱਡ ਦਿੱਤਾ।
ਉਸ ਸਮੇਂ, ਅਸੀਂ ਹਾਈਵੇਅ ਦੇ ਕਿਨਾਰੇ ਧੂੰਏਂ ਦਾ ਬੱਦਲ ਅਤੇ ਕੁਝ ਸੜ੍ਹਦਾ ਦੇਖਿਆ, ਸ਼ਾਇਦ ਕੋਈ ਡਰੋਨ ਹੋਵੇਗਾ, ਜਿਸ ਨੂੰ ਮਾਰ ਸੁੱਟਿਆ ਹੋਵੇਗਾ।
ਇੱਥੇ ਹਾਲਾਤ ਹਰ ਰੋਜ਼ ਹੋਰ ਬੱਦਤਰ ਹੁੰਦੇ ਜਾ ਰਹੇ ਹਨ।
ਅਸੀਂ ਫਰੰਟ ਲਾਈਨ ਤੋਂ ਬਹੁਤ ਦੂਰ ਇੱਕ ਕਸਬੇ, ਬਿਲੇਟਸਕੇ ਵੱਲ ਜਾ ਰਹੇ ਸੀ। ਉਸ ਰਾਤ ਅਸੀਂ ਮਿਜ਼ਾਈਲ ਹਮਲੇ ਵਿੱਚ ਕਈ ਘਰ ਤਬਾਹ ਹੁੰਦੇ ਦੇਖੇ। ਇਨ੍ਹਾਂ ਵਿੱਚੋਂ ਇੱਕ ਸਵੇਤਲਾਨਾ ਦਾ ਘਰ ਸੀ।
61 ਸਾਲਾ ਸਵੇਤਲਾਨਾ ਨੇ ਦੱਸਿਆ, "ਇੱਥੇ ਹਾਲਾਤ ਦਿਨੋ-ਦਿਨ ਵਿਗੜਦੇ ਜਾ ਰਹੇ ਹਨ। ਪਹਿਲਾਂ ਅਸੀਂ ਦੂਰੋਂ ਹੀ ਧਮਾਕਿਆਂ ਦੀਆਂ ਆਵਾਜ਼ਾਂ ਸੁਣ ਸਕਦੇ ਸੀ। ਪਰ ਹੁਣ ਸਾਡੇ ਸ਼ਹਿਰ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਹੁਣ ਅਸੀਂ ਖ਼ੁਦ ਇਸਦਾ ਅਨੁਭਵ ਕਰ ਰਹੇ ਹਾਂ।"
ਉਹ ਘਰ ਦੇ ਮਲਬੇ ਵਿੱਚੋਂ ਕੁਝ ਚੀਜ਼ਾਂ ਚੁੱਕ ਰਹੀ ਸੀ। ਖੁਸ਼ਕਿਸਮਤੀ ਨਾਲ, ਹਮਲੇ ਵੇਲੇ ਉਹ ਘਰ ਨਹੀਂ ਸੀ।
ਉਨ੍ਹਾਂ ਨੇ ਕਿਹਾ, "ਸ਼ਹਿਰ ਦੇ ਕੇਂਦਰ ਵਿੱਚ ਜਾਓ, ਤੁਸੀਂ ਉੱਥੇ ਬਹੁਤ ਤਬਾਹੀ ਦੇਖੋਗੇ। ਬੇਕਰੀ ਅਤੇ ਚਿੜੀਆਘਰ ਤੱਕ ਵੀ ਤਬਾਹ ਹੋ ਗਏ ਹਨ।"
ਡਰੋਨਾਂ ਦੀ ਪਹੁੰਚ ਤੋਂ ਬਾਹਰ ਇੱਕ ਸੁਰੱਖਿਅਤ ਜਗ੍ਹਾ 'ਤੇ, ਅਸੀਂ 5ਵੀਂ ਅਸਾਲਟ ਬ੍ਰਿਗੇਡ ਦੀ ਤੋਪਖਾਨਾ ਯੂਨਿਟ ਦੇ ਸੈਨਿਕਾਂ ਨੂੰ ਮਿਲੇ।
ਉਨ੍ਹਾਂ ਨੇ ਦੱਸਿਆ, "ਤੁਸੀਂ ਰੂਸੀ ਹਮਲਿਆਂ ਦੀ ਤੀਬਰਤਾ ਨੂੰ ਵਧਦੇ ਹੋਏ ਮਹਿਸੂਸ ਕਰ ਸਕਦੇ ਹੋ। ਉਹ ਸ਼ਹਿਰ ਦੀਆਂ ਸਪਲਾਈ ਲਾਈਨਾਂ ਨੂੰ ਵਿਗਾੜਨ ਲਈ ਰਾਕੇਟ, ਮੋਰਟਾਰ, ਡਰੋਨ ਤੋਂ ਲੈ ਕੇ ਹਰ ਚੀਜ਼ ਦੀ ਵਰਤੋਂ ਕਰ ਰਹੇ ਹਨ।"
ਉਨ੍ਹਾਂ ਦੀ ਬ੍ਰਿਗੇਡ ਤੈਨਾਤੀ ਲਈ ਤਿੰਨ ਦਿਨਾਂ ਤੋਂ ਉਡੀਕ ਕਰ ਰਹੀ ਹੈ। ਡਰੋਨਾਂ ਤੋਂ ਸੁਰੱਖਿਆ ਲਈ ਉਨ੍ਹਾਂ ਨੂੰ ਬੱਦਲਾਂ ਜਾਂ ਤੇਜ਼ ਹਵਾਵਾਂ ਦੀ ਲੋੜ ਹੁੰਦੀ ਹੈ।

ਫਾਈਬਰ ਓਪਟਿਕ ਡਰੋਨਾਂ ਨਾਲ ਟਕਰਾਅ ਤੇਜ਼ ਹੋਇਆ
ਲਗਾਤਾਰ ਟਕਰਾਅ ਵਿੱਚ, ਸੈਨਿਕਾਂ ਨੂੰ ਨਵੀਆਂ ਤਕਨਾਲੋਜੀਆਂ ਦੁਆਰਾ ਪੈਦਾ ਹੋਣ ਵਾਲੇ ਖ਼ਤਰਿਆਂ 'ਤੇ ਜਲਦੀ ਪ੍ਰਤੀਕਿਰਿਆ ਕਰਨ ਦੀ ਲੋੜ ਹੁੰਦੀ ਹੈ। ਅੱਜ ਇੱਕ ਅਜਿਹਾ ਨਵਾਂ ਖ਼ਤਰਾ ਫਾਈਬਰ ਓਪਟਿਕ ਡਰੋਨ ਹੈ।
ਡਰੋਨ ਦੇ ਹੇਠਾਂ ਦਸ ਕਿਲੋਮੀਟਰ ਲੰਬੀ ਕੇਬਲ ਲੱਗੀ ਹੁੰਦੀ ਹੈ ਅਤੇ ਉਹ ਭੌਤਿਕ ਫਾਈਬਰ ਓਪਟਿਕ ਕੋਰਡ ਪਾਇਲਟ ਦੇ ਹੱਥ ਵਿੱਚ ਇੱਕ ਕੰਟਰੋਲਰ ਨਾਲ ਜੁੜਿਆ ਹੁੰਦਾ ਹੈ।
68ਵੀਂ ਜੈਗਰ ਬ੍ਰਿਗੇਡ ਦੇ ਇੱਕ ਸਿਪਾਹੀ, ਡਰੋਨ ਇੰਜੀਨੀਅਰ ਅਤੇ 'ਸੰਚਾਲਕ' ਨੇ ਦੱਸਿਆ, "ਵੀਡੀਓ ਅਤੇ ਕੰਟਰੋਲ ਸਿਗਨਲ ਡਰੋਨ ਨੂੰ ਰੇਡੀਓ ਫ੍ਰੀਕੁਐਂਸੀ ਰਾਹੀਂ ਨਹੀਂ, ਸਗੋਂ ਕੇਬਲ ਰਾਹੀਂ ਭੇਜੇ ਜਾਂਦੇ ਹਨ। ਇਸ ਲਈ ਇਸ ਨੂੰ ਇਲੈਕਟ੍ਰਾਨਿਕ ਇੰਟਰਸੈਪਟਰਾਂ ਦੁਆਰਾ ਜਾਮ ਨਹੀਂ ਕੀਤਾ ਜਾ ਸਕਦਾ।"
ਇਸ ਜੰਗ ਵਿੱਚ ਡਰੋਨਾਂ ਦੀ ਵਿਆਪਕ ਵਰਤੋਂ ਤੋਂ ਬਾਅਦ, ਦੋਵਾਂ ਫੌਜਾਂ ਨੇ ਆਪਣੇ ਵਾਹਨਾਂ 'ਤੇ ਇਲੈਕਟ੍ਰਾਨਿਕ ਯੁੱਧ ਪ੍ਰਣਾਲੀਆਂ ਸਥਾਪਿਤ ਕੀਤੀਆਂ। ਇਹ ਡਰੋਨਾਂ ਨੂੰ ਅਯੋਗ ਕਰ ਸਕਦੀਆਂ ਹਨ।
ਹਾਲਾਂਕਿ, ਫਾਈਬਰ ਓਪਟਿਕ ਡਰੋਨਾਂ ਦੇ ਆਉਣ ਨਾਲ, ਉਹ ਸੁਰੱਖਿਆ ਖ਼ਤਮ ਹੋ ਗਈ ਹੈ। ਰੂਸ ਇਸ ਸਮੇਂ ਇਸ ਤਕਨਾਲੋਜੀ ਦੀ ਵਰਤੋਂ 'ਤੇ ਹਾਵੀ ਹੈ। ਯੂਕਰੇਨ ਆਪਣਾ ਉਤਪਾਦਨ ਵਧਾਉਣ ਲਈ ਯਤਨਸ਼ੀਲ ਹੈ।
"ਰੂਸ ਨੇ ਸਾਡੇ ਤੋਂ ਬਹੁਤ ਪਹਿਲਾਂ ਫਾਈਬਰ ਓਪਟਿਕ ਡਰੋਨਾਂ ਦੀ ਵਰਤੋਂ ਸ਼ੁਰੂ ਕਰ ਦਿੱਤੀ ਸੀ। ਜਦੋਂ ਅਸੀਂ ਉਨ੍ਹਾਂ ਦੀ ਜਾਂਚ ਕਰ ਰਹੇ ਸੀ, ਤਾਂ ਉਹ ਪਹਿਲਾਂ ਹੀ ਵਰਤੋਂ ਕਰ ਰਹੇ ਸਨ।"
ਇਹ ਡਰੋਨ ਉਨ੍ਹਾਂ ਥਾਵਾਂ 'ਤੇ ਵਰਤੇ ਜਾ ਸਕਦੇ ਹਨ ਜਿੱਥੇ ਉਨ੍ਹਾਂ ਨੂੰ ਨਿਯਮਤ ਡਰੋਨਾਂ ਨਾਲੋਂ ਘੱਟ ਉਚਾਈ 'ਤੇ ਉੱਡਣ ਦੀ ਜ਼ਰੂਰਤ ਹੁੰਦੀ ਹੈ।
68ਵੀਂ ਜੈਗਰ ਬ੍ਰਿਗੇਡ ਵਿੱਚ ਇੱਕ ਡਰੋਨ ਪਾਇਲਟ ਵੇਨੀਆ ਕਹਿੰਦੇ ਹਨ, "ਤੁਸੀਂ ਇੱਕ ਘਰ ਵਿੱਚ ਦਾਖ਼ਲ ਹੋ ਸਕਦੇ ਹੋ ਅਤੇ ਇਸ ਦੇ ਅੰਦਰ ਨਿਸ਼ਾਨੇ ਲੱਭ ਸਕਦੇ ਹੋ।"
ਤੋਪਖਾਨਾ ਅਧਿਕਾਰੀ ਸੇਰਹੀ ਨੇ ਕਿਹਾ, "ਹੁਣ ਅਸੀਂ ਮਜ਼ਾਕ ਵਿੱਚ ਕਹਿੰਦੇ ਹਾਂ ਕਿ ਸਾਨੂੰ ਫਾਈਬਰ ਓਪਟਿਕ ਕੇਬਲ ਕੱਟਣ ਲਈ ਕੈਂਚੀ ਚੁੱਕਣੀ ਪੈ ਸਕਦੀ ਹੈ।"

ਫਾਈਬਰ ਓਪਟਿਕ ਡਰੋਨਾਂ ਦੀਆਂ ਕੁਝ ਸੀਮਾਵਾਂ ਅਤੇ ਕਮੀਆਂ ਹਨ। ਇਨ੍ਹਾਂ ਦੀ ਗਤੀ ਹੌਲੀ ਹੈ ਅਤੇ ਕੇਬਲ ਦਰੱਖ਼ਤਾਂ ਵਿੱਚ ਫਸ ਸਕਦੀ ਹੈ।
ਹਾਲਾਂਕਿ, ਰੂਸ ਇਸ ਸਮੇਂ ਇਨ੍ਹਾਂ ਡਰੋਨਾਂ ਦੀ ਵਰਤੋਂ ਵੱਡੇ ਪੱਧਰ 'ਤੇ ਕਰ ਰਿਹਾ ਹੈ, ਜਿਸ ਨਾਲ ਸੈਨਿਕਾਂ ਨੂੰ ਉਨ੍ਹਾਂ ਦੇ ਟਿਕਾਣਿਆਂ 'ਤੇ ਲੈ ਕੇ ਜਾਣਾ ਕਈ ਵਾਰ ਅਸਲ ਜੰਗ ਦੇ ਮੈਦਾਨ ਨਾਲੋਂ ਵੀ ਜ਼ਿਆਦਾ ਖ਼ਤਰਨਾਕ ਹੋ ਜਾਂਦਾ ਹੈ।
ਯੂਕਰੇਨੀ ਸੈਨਿਕ ਆਪਣੀਆਂ ਸਥਿਤੀਆਂ ਵੀ ਨਹੀਂ ਬਦਲ ਸਕਦੇ।
5ਵੀਂ ਅਸਾਲਟ ਬ੍ਰਿਗੇਡ ਦੇ ਇੱਕ ਟੀਮ ਲੀਡਰ ਸਟਾਫ ਸਾਰਜੈਂਟ ਓਲੇਸ ਕਹਿੰਦੇ ਹਨ, "ਜਦੋਂ ਤੁਸੀਂ ਕਿਸੇ ਥਾਂ 'ਤੇ ਦਾਖ਼ਲ ਹੁੰਦੇ ਹੋ ਤਾਂ ਤੁਹਾਨੂੰ ਨਹੀਂ ਪਤਾ ਹੁੰਦਾ ਕਿ ਤੁਸੀਂ ਦੁਸ਼ਮਣ ਦੀ ਨਜ਼ਰ ਵਿੱਚ ਹੋ ਜਾਂ ਨਹੀਂ।"
"ਜੇ ਤੁਸੀਂ ਡਰੋਨ ਦੀ ਨਜ਼ਰ ਵਿੱਚ ਹੋ ਤਾਂ ਤੁਸੀਂ ਆਪਣੀ ਜ਼ਿੰਦਗੀ ਦੇ ਆਖਰੀ਼ ਕੁਝ ਘੰਟੇ ਜੀ ਰਹੇ ਹੁੰਦੇ ਹੋ।"
ਇਸ ਖ਼ਤਰੇ ਦਾ ਮਤਲਬ ਹੈ ਕਿ ਸੈਨਿਕਾਂ ਨੂੰ ਆਪਣੀਆਂ ਥਾਵਾਂ 'ਤੇ ਜ਼ਿਆਦਾ ਦੇਰ ਰਹਿਣਾ ਪੈਂਦਾ ਹੈ।
ਓਲੇਸ ਅਤੇ ਉਨ੍ਹਾਂ ਦੇ ਸਾਥੀ ਪੈਦਲ ਸੈਨਾ ਡਿਵੀਜ਼ਨ ਵਿੱਚ ਹਨ। ਉਹ ਯੂਕਰੇਨ ਦੀ ਰੱਖਿਆ ਦੀ ਫਰੰਟ ਲਾਈਨ 'ਤੇ ਸੇਵਾ ਕਰ ਰਹੇ ਹਨ।
ਅੱਜਕੱਲ੍ਹ ਪੱਤਰਕਾਰਾਂ ਲਈ ਪੈਦਲ ਸੈਨਾ ਨਾਲ ਗੱਲ ਕਰਨ ਦਾ ਮੌਕਾ ਬਹੁਤ ਘੱਟ ਮਿਲਦਾ ਹੈ ਕਿਉਂਕਿ ਇਹ ਬੇਹੱਦ ਖ਼ਤਰਨਾਕ ਹੋ ਸਕਦਾ ਹੈ।
ਅਸੀਂ ਓਲੇਸ ਅਤੇ ਮੈਕਸਿਮ ਨੂੰ ਪੇਂਡੂ ਇਲਾਕੇ ਦੇ ਇੱਕ ਘਰ ਵਿੱਚ ਮਿਲੇ ਜਿਸ ਨੂੰ ਵਰਤਮਾਨ ਵਿੱਚ ਇੱਕ ਅਸਥਾਈ ਅੱਡੇ ਵਿੱਚ ਬਦਲਿਆ ਜਾ ਰਿਹਾ ਹੈ। ਜਦੋਂ ਸਿਪਾਹੀ ਜਦੋਂ ਡਿਊਟੀ ʼਤੇ ਨਹੀਂ ਹੁੰਦੇ, ਤਾਂ ਉਹ ਇੱਥੇ ਆਰਾਮ ਕਰਨ ਲਈ ਆਉਂਦੇ ਹਨ।

ਤਸਵੀਰ ਸਰੋਤ, Getty Images
ਮੈਕਸਿਮ ਕਹਿੰਦੇ ਹਨ, "ਮੈਂ ਇੱਕੋ ਥਾਂ 'ਤੇ ਲਗਾਤਾਰ 31 ਦਿਨ ਬਿਤਾਏ। ਪਰ ਮੈਂ ਉਨ੍ਹਾਂ ਲੋਕਾਂ ਨੂੰ ਵੀ ਜਾਣਦਾ ਹਾਂ ਜੋ 90 ਤੋਂ 120 ਦਿਨਾਂ ਤੱਕ ਉੱਥੇ ਰਹੇ। ਡਰੋਨ ਆਉਣ ਤੋਂ ਪਹਿਲਾਂ, ਹਰ 3 ਤੋਂ 7 ਦਿਨਾਂ ਬਾਅਦ ਤੈਨਾਤੀ ਬਦਲ ਜਾਂਦੀ ਸੀ।"
"ਜੰਗ ਵਿੱਚ ਖੂਨ, ਮੌਤ, ਚਿੱਕੜ ਅਤੇ ਸਿਰ ਤੋਂ ਪੈਰਾਂ ਤੱਕ ਠੰਢ ਹੈ। ਤੁਹਾਨੂੰ ਹਰ ਰੋਜ਼ ਇਸ ਤਰ੍ਹਾਂ ਰਹਿਣਾ ਪੈਂਦਾ ਹੈ। ਮੈਨੂੰ ਇੱਕ ਸਮਾਂ ਯਾਦ ਹੈ ਜਦੋਂ ਅਸੀਂ ਤਿੰਨ ਦਿਨ ਨਹੀਂ ਸੁੱਤੇ ਸੀ ਅਤੇ ਹਰ ਮਿੰਟ ਚੌਕਸ ਰਹਿੰਦੇ ਸੀ।"
ਰੂਸੀ ਫੌਜ ਸਾਡੇ 'ਤੇ ਇੱਕ ਤੋਂ ਬਾਅਦ ਇੱਕ ਹਮਲਾ ਕਰ ਰਹੀ ਸੀ।
"ਇੱਕ ਛੋਟੀ ਜਿਹੀ ਗ਼ਲਤੀ ਵੀ ਸਾਡੀ ਮੌਤ ਦਾ ਕਾਰਨ ਬਣ ਸਕਦੀ ਸੀ।"
ਓਲੇਸ ਕਹਿੰਦੇ ਹਨ ਕਿ ਰੂਸੀ ਪੈਦਲ ਫੌਜ ਨੇ ਆਪਣੀਆਂ ਰਣਨੀਤੀਆਂ ਬਦਲ ਲਈਆਂ ਹਨ।
"ਪਹਿਲਾਂ ਉਹ ਸਮੂਹਾਂ ਵਿੱਚ ਹਮਲਾ ਕਰਦੇ ਸਨ। ਹੁਣ ਉਹ ਸਿਰਫ਼ ਇੱਕ ਜਾਂ ਦੋ ਲੋਕਾਂ ਨੂੰ ਭੇਜਦੇ ਹਨ। ਉਹ ਮੋਟਰਸਾਈਕਲਾਂ ਅਤੇ ਕਈ ਵਾਰ ਕਵਾਡ ਬਾਈਕ ਦੀ ਵਰਤੋਂ ਵੀ ਕਰਦੇ ਹਨ।"
ਇਸਦਾ ਮਤਲਬ ਹੈ ਕਿ ਕੁਝ ਖੇਤਰਾਂ ਵਿੱਚ ਕੋਈ ਫਰੰਟ ਲਾਈਨਾਂ ਨਹੀਂ ਹਨ। ਜਿੱਥੇ ਇੱਕ ਪਾਸੇ ਯੂਕਰੇਨੀ ਸੈਨਿਕ ਹਨ ਅਤੇ ਦੂਜੇ ਪਾਸੇ ਰੂਸੀ ਸੈਨਿਕ।
ਇਸਦੀ ਬਜਾਏ, ਇਹ ਇੱਕ ਸ਼ਤਰੰਜ ਦੇ ਬੋਰਡ ਵਾਂਗ ਬਣ ਗਿਆ ਹੈ, ਜਿੱਥੇ ਸਥਿਤੀਆਂ ਆਪਸ ਵਿੱਚ ਜੁੜੀਆਂ ਹੋਈਆਂ ਹਨ।
ਇਸ ਨਾਲ ਦੋਵਾਂ ਪਾਸਿਆਂ ਦੁਆਰਾ ਕੀਤੀ ਗਈ ਤਰੱਕੀ ਨੂੰ ਦੇਖਣਾ ਮੁਸ਼ਕਲ ਹੋ ਗਿਆ।

ਤਸਵੀਰ ਸਰੋਤ, Getty Images
ਯੂਕਰੇਨ ਦੀ ਹਾਰ ਅਤੇ ਰੂਸ ਦੀ ਜਿੱਤ
ਰੂਸ ਦੀਆਂ ਹਾਲੀਆ ਤਰੱਕੀਆਂ ਦੇ ਬਾਵਜੂਦ, ਪੋਕਰੋਵਸਕ ਸਮੇਤ ਪੂਰੇ ਡੋਨੇਟਸਕ ਖੇਤਰ ਦਾ ਕੰਟਰੋਲ ਹਾਸਲ ਕਰਨਾ ਨਾ ਤਾਂ ਜਲਦੀ ਹੋਵੇਗਾ ਅਤੇ ਨਾ ਹੀ ਆਸਾਨ।
ਯੂਕਰੇਨ ਨੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ। ਪਰ, ਉਨ੍ਹਾਂ ਨੂੰ ਸੰਘਰਸ਼ ਨੂੰ ਜਾਰੀ ਰੱਖਣ ਲਈ ਹਥਿਆਰਾਂ ਅਤੇ ਗੋਲਾ ਬਾਰੂਦ ਦੀ ਨਿਰੰਤਰ ਸਪਲਾਈ ਦੀ ਲੋੜ ਹੈ।
ਜਿਵੇਂ ਕਿ ਯੁੱਧ ਆਪਣੀ ਚੌਥੀ ਗਰਮੀ ਜਾਂ ਚੌਥੇ ਸਾਲ ਵਿੱਚ ਦਾਖ਼ਲ ਹੋ ਰਿਹਾ ਹੈ, ਯੂਕਰੇਨ ਨੂੰ ਰੂਸੀ ਫੌਜ ਦੇ ਵਿਰੁੱਧ ਲੜਨ ਲਈ ਮਨੁੱਖੀ ਸ਼ਕਤੀ ਦੀ ਘਾਟ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ।
ਅਸੀਂ ਜਿਨ੍ਹਾਂ ਸਿਪਾਹੀਆਂ ਨੂੰ ਮਿਲੇ ਉਨ੍ਹਾਂ ਵਿੱਚੋਂ ਜ਼ਿਆਦਾਤਰ ਜੰਗ ਧ ਸ਼ੁਰੂ ਹੋਣ ਤੋਂ ਬਾਅਦ ਫੌਜ ਵਿੱਚ ਸ਼ਾਮਲ ਹੋ ਗਏ ਸਨ।
ਉਨ੍ਹਾਂ ਨੇ ਕੁਝ ਮਹੀਨਿਆਂ ਦੀ ਹੀ ਸਿਖਲਾਈ ਹਾਸਿਲ ਕੀਤੀ ਹੈ, ਪਰ ਉਨ੍ਹਾਂ ਨੂੰ ਭਿਆਨਕ ਲੜਾਈ ਦੌਰਾਨ ਬਹੁਤ ਸਾਰੀਆਂ ਚੀਜ਼ਾਂ ਸਿੱਖਣੀਆਂ ਪਈਆਂ ਹਨ।
ਫੌਜ ਵਿੱਚ ਭਰਤੀ ਹੋਣ ਤੋਂ ਪਹਿਲਾਂ, ਮੈਕਸਿਮ ਇੱਕ ਪੀਣ ਵਾਲਾ ਪਦਾਰਥ ਬਣਾਉਣ ਵਾਲੀ ਕੰਪਨੀ ਵਿੱਚ ਕੰਮ ਕਰਦੇ ਸਨ। ਮੈਂ ਪੁੱਛਿਆ ਕਿ ਉਨ੍ਹਾਂ ਦਾ ਪਰਿਵਾਰ ਉਨ੍ਹਾਂ ਦੀ ਨੌਕਰੀ ਦਾ ਸਾਹਮਣਾ ਕਿਵੇਂ ਕਰਦਾ ਹੈ।
"ਇਹ ਬਹੁਤ ਔਖਾ ਹੈ, ਬਹੁਤ ਔਖਾ। ਮੇਰਾ ਪਰਿਵਾਰ ਮੇਰਾ ਸਮਰਥਨ ਕਰਦਾ ਹੈ। ਪਰ ਮੇਰਾ ਦੋ ਸਾਲ ਦਾ ਪੁੱਤਰ ਹੈ ਅਤੇ ਮੈਨੂੰ ਉਸ ਨੂੰ ਦੇਖਣ ਦਾ ਸਮਾਂ ਬਹੁਤ ਘੱਟ ਮਿਲਦਾ ਹੈ। "
ਮੈਂ ਉਸ ਨੂੰ ਵੀਡੀਓ ਕਾਲ ਕਰਦਾ ਹਾਂ। "ਤਾਂ ਸਭ ਕੁਝ ਠੀਕ ਹੈ।" ਉਨ੍ਹਾਂ ਨੇ ਇੱਕ ਵਿਰਾਮ ਤੋਂ ਬਾਅਦ ਕਿਹਾ। ਉਹ ਵੇਲੇ ਰੋ ਰਿਹਾ ਸੀ।
ਮੈਕਸਿਮ ਇੱਕ ਸਿਪਾਹੀ ਹੈ, ਆਪਣੇ ਦੇਸ਼ ਲਈ ਲੜ ਰਹੇ ਹਨ। ਪਰ ਉਹ ਇੱਕ ਪਿਤਾ ਵੀ ਹਨ, ਜੋ ਆਪਣੇ ਦੋ ਸਾਲ ਦੇ ਪੁੱਤਰ ਨੂੰ ਬਹੁਤ ਯਾਦ ਕਰਦੇ ਹਨ।
(ਇਮੋਜੇਨ ਐਂਡਰਸਨ, ਸੰਜੇ ਗਾਂਗੁਲੀ, ਵੋਲੋਡੀਮੀਰ ਲੋਜ਼ਕੋ ਅਤੇ ਅਨਾਸਤਾਸੀਆ ਲੇਵਚੇਂਕੋ ਰਾਹੀਂ ਵਾਧੂ ਰਿਪੋਰਟਿੰਗ)
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












