ਯੂਕਰੇਨ ਜੰਗ ’ਚ ਦੋਵੇਂ ਲੱਤਾਂ ਖੋਣ ਵਾਲਾ ਇਹ ਬੰਦਾ ਕਿਵੇਂ ਲੋਕਾਂ ਲਈ 'ਉਮੀਦ' ਬਣ ਲਗਾਤਾਰ ਮਸ਼ਹੂਰ ਹੋ ਰਿਹਾ ਹੈ

ਤਸਵੀਰ ਸਰੋਤ, Warner/STB Channel
- ਲੇਖਕ, ਡਿਆਨਾ ਕੁਰੀਸਖੋ
- ਰੋਲ, ਬੀਬੀਸੀ ਪੱਤਰਕਾਰ
ਜਦੋਂ ਇੱਕ ਬੰਬ ਫਟਿਆ ਤਾਂ 26 ਸਾਲਾ ਓਲੇਕਸੈਂਡਰ ਬੁਦਕੋ ਨੇ ਦੇਖਿਆ ਕਿ ਉਹ ਮਲਬੇ ਦੇ ਭਾਰ ਹੇਠ ਦੱਬੇ ਪਏ ਹਨ।
ਉਹ ਅੰਤਾਂ ਦਾ ਦਰਦ ਮਹਿਸੂਸ ਕਰ ਰਹੇ ਸਨ। ਇਸ ਤੋਂ ਬਾਅਦ ਉਨ੍ਹਾਂ ਦਾ ਇੱਕ ਆਪਰੇਸ਼ਨ ਹੋਇਆ ਅਤੇ ਇਸ ਪ੍ਰਕਿਰਿਆ ਵਿੱਚ ਉਨ੍ਹਾਂ ਦੀਆਂ ਦੋਵੇਂ ਲੱਤਾਂ ਕੱਟਣੀਆਂ ਪਈਆਂ ਸਨ।
ਓਲੇਕਸੈਂਡਰ ਇੱਕ ਯੂਕਰੇਨੀ ਸੈਨਿਕ ਸਨ ਅਤੇ ਅਗਸਤ 2022 ਵਿੱਚ ਉੱਤਰ-ਪੂਰਬੀ ਖਾਰਕੀਵ ਇਲਾਕੇ ਦੀ ਰੂਸੀ ਹਮਲੇ ਤੋਂ ਰੱਖਿਆ ਕਰਨ ਵਿੱਚ ਸਹਿਯੋਗ ਕਰ ਰਹੇ ਸਨ, ਜਦੋਂ ਉਨ੍ਹਾਂ ਦੀ ਯੂਨਿਟ ਉੱਤੇ ਹਮਲਾ ਹੋ ਗਿਆ।
ਦੋ ਸਾਲ ਬਾਅਦ ਉਹ ਇੱਕ ਰਿਐਲਿਟੀ ਟੀਵੀ ਸ਼ੋਅ ਦੇ ਸਟਾਰ ਹਨ, ਜਿਸ ਵਿੱਚ ਕਈ ਔਰਤਾਂ ਉਨ੍ਹਾਂ ਦਾ ਪਿਆਰ ਹਾਸਲ ਕਰਨ ਲਈ ਮੁਕਾਬਲਾ ਕਰ ਰਹੀਆਂ ਹਨ।
ਇਹ ਸ਼ੋਅ ਅਮਰੀਕੀ ਲੜੀਵਾਰ ‘ਦਿ ਬੈਚੁਲਰ’ ਦਾ ਯੂਕਰੇਨੀ ਰੀਮੇਕ ਹੈ। ਇਸ ਦੇ ਇਸ਼ਤਿਹਾਰ ਵਿੱਚ ਬਣੇ-ਫਬੇ ਓਲੇਕਸੈਂਡਰ ਨੂੰ ਦਿਖਾਇਆ ਗਿਆ ਹੈ।
ਕੀਵ ਦੇ ਇੱਕ ਗੁਲਾਬ ਦੇ ਬਗੀਚੇ ਵਿੱਚ, ਇਸ ਸਾਬਕਾ ਫੌਜੀ ਨੇ ਰੁਝੇਵਿਆਂ ਭਰੇ ਹਫ਼ਤੇ ਦੇ ਬਾਵਜੂਦ ਮੇਰੇ ਨਾਲ ਸੁਖਾਵੀਂ ਅਤੇ ਸਹਿਜ ਗੱਲਬਾਤ ਕੀਤੀ।

ਸ਼ੋਅ ਨੇ ਆਸ ਦਿੱਤੀ
ਓਲੇਕਸੈਂਡਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਸ਼ੋਅ ਰਾਹੀਂ ਇੱਕ ਵਾਰ ਮੁੜ ਪਿਆਰ ਮਿਲਣ ਦੀ ਆਸ ਹੈ। ਉਹ ਦੱਸਦੇ ਹਨ ਕਿ ਬੀਤੇ ਸਾਲ ਜਨਵਰੀ ਮਹੀਨੇ ਉਨ੍ਹਾਂ ਦਾ ਆਪਣੀ ਮਹਿਲਾ ਮਿੱਤਰ ਨਾਲ ਤੋੜ ਵਿਛੋੜਾ ਹੋ ਜਾਣ ਤੋਂ ਬਾਅਦ ਉਹ ਇਕੱਲੇ ਸਨ।
ਹਾਲਾਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਲੱਖਾਂ ਲੋਕ ਦੇਖ ਰਹੇ ਹੋਣ ਤਾਂ ਇੱਕ ਜਣੇ ਦੀ ਚੋਣ ਕਰਨਾ ਮੁਸ਼ਕਿਲ ਹੋਵੇਗਾ।
ਉਨ੍ਹਾਂ ਦੇ ਇਰਾਦੇ ਮਹਿਜ਼ ਰੋਮਾਨੀ ਨਹੀਂ ਹਨ। ਉਹ ਇਸ ਮੰਚ ਦੀ ਵਰਤੋਂ ਯੂਕਰੇਨ ਵਿੱਚ ਅਪਾਹਜ ਲੋਕਾਂ ਦੀਆਂ ਦਿੱਕਤਾਂ ਵੱਲ ਧਿਆਨ ਖਿੱਚਣ ਲਈ ਵੀ ਕਰਨਾ ਚਾਹੁੰਦੇ ਹਨ।

ਤਸਵੀਰ ਸਰੋਤ, Getty Images
ਉਹ ਕਹਿੰਦੇ ਹਨ, “ਇਸ ਸ਼ੋਅ ਨੂੰ ਲੱਖਾਂ ਲੋਕ ਦੇਖਦੇ ਹਨ ਅਤੇ ਇਹ ਉਨ੍ਹਾਂ ਦੇ ਨਜ਼ਰੀਏ ਨੂੰ ਹਾਂ ਮੁਖੀ ਰੂਪ ਵਿੱਚ ਬਦਲਣ ਦਾ ਚੰਗਾ ਮੌਕਾ ਹੈ।”
“ਜ਼ਖਮੀ ਫੌਜੀ ਕੋਈ ਬਾਹਰੋਂ ਆਏ ਹੋਏ ਲੋਕ ਨਹੀਂ ਹਨ ਸਗੋਂ ਸਮਾਜ ਦਾ ਹਿੱਸਾ ਹਨ ਅਤੇ ਵਧੀਆ ਜ਼ਿੰਦਗੀ ਜਿਉਂ ਰਹੇ ਹਨ।”
ਉਹ ਅੱਗੇ ਕਹਿੰਦੇ ਹਨ, “ਮੇਰੇ ਸੰਬੰਧ ਵਿੱਚ, ਹੁਣ ਮੇਰੀ ਜ਼ਿੰਦਗੀ ਜੰਗ ਤੋਂ ਪਹਿਲਾਂ ਨਾਲੋਂ ਬਿਹਤਰ ਹੈ। ਇਹ ਮੇਰੇ ਜ਼ਖਮੀ ਹੋਣ ਤੋਂ ਪਹਿਲਾਂ ਨਾਲੋਂ ਬਿਹਤਰ ਹੈ।”
ਓਲੇਕਸੈਂਡਰ ਹਮੇਸ਼ਾ ਰੁੱਝੇ ਰਹਿੰਦੇ ਹਨ। ਉਨ੍ਹਾਂ ਨੇ ਮੈਨੂੰ ਦੱਸਿਆ ਕਿ ਪਿਛਲੀ ਰਾਤ ਹੀ ਉਨ੍ਹਾਂ ਨੇ ਇੱਕ ਮਿਊਜ਼ਿਕ ਵੀਡੀਓ ਸ਼ੂਟ ਕੀਤੀ ਹੈ।
ਹਾਲਾਂਕਿ ਓਲੇਕਸੈਂਡਰ ਦੀ ਜ਼ਿੰਦਗੀ ਹਮੇਸ਼ਾ ਇਸ ਤਰ੍ਹਾਂ ਦੀ ਨਹੀਂ ਸੀ। ਯੂਕਰੇਨ ਉੱਤੇ ਰੂਸ ਦੇ ਹਮਲੇ ਤੋਂ ਪਹਿਲਾਂ ਉਹ ਪੜ੍ਹਾਈ ਕਰ ਰਹੇ ਸਨ ਅਤੇ ਨਾਲੋ-ਨਾਲ ਇੱਕ ਰੈਸਤਰਾਂ ਵਿੱਚ ਵੇਟਰ ਸਨ।

ਲੱਤਾਂ ਗਵਾਉਣ ਦਾ ਅਹਿਸਾਸ
ਉਨ੍ਹਾਂ ਦੇ ਸੁਫ਼ਨੇ ਇੱਕ ਨਿਰਮਤਾ ਭਰੀ ਜ਼ਿੰਦਗੀ ਜਿਊਣ ਦੇ ਸਨ।
ਉਹ ਸਫ਼ਰ ਕਰਨਾ ਚਾਹੁੰਦੇ ਸਨ, ਦੁਨੀਆਂ ਦੇਖਣਾ ਚਾਹੁੰਦੇ ਸਨ ਅਤੇ ਪੇਸ਼ੇਵਰ ਰੂਪ ਵਿੱਚ ਤਰੱਕੀ ਕਰਨੀ ਚਾਹੁੰਦੇ ਸਨ। ਉਹ ਪਰਿਵਾਰ ਵਸਾਉਣਾ ਚਾਹੁੰਦੇ ਸਨ।
ਲੇਕਿਨ ਓਲੇਕਸੈਂਡਰ ਦੀ ਲਾਈਫ਼ ਨੇ ਦੋ ਸਾਲ ਪਹਿਲਾਂ ਇੱਕ ਮੋੜ ਕੱਟਿਆ, ਜਦੋਂ ਯੂਕਰੇਨ ਦੇ ਹੋਰ ਹਜ਼ਾਰਾਂ ਨੌਜਵਾਨਾਂ ਦੇ ਵਾਂਗ ਉਹ ਵੀ ਫੌਜ ਵਿੱਚ ਭਰਤੀ ਹੋ ਗਏ।
ਅਗਸਤ 2022 ਵਿੱਚ ਉਨ੍ਹਾਂ ਦੀ ਤੈਨਾਤੀ ਇਜ਼ੁਮ ਵਿੱਚ ਸੀ ਜੋ ਕਿ ਰੂਸੀ ਹਮਲੇ ਦੌਰਾਨ ਮੂਹਰਲੀ ਕਤਾਰ ਦਾ ਇਲਾਕਾ ਸੀ। ਹਮਲੇ ਦੇ ਸ਼ੁਰੂਆਤੀ ਦਿਨਾਂ ਦੌਰਾਨ ਰੂਸ ਇਸ ਥਾਂ ਦੀ ਵਰਤੋਂ ਫੌਜੀ ਸਪਲਾਈ ਭੇਜਣ ਲਈ ਕਰ ਰਿਹਾ ਸੀ।
ਓਲੇਕਸੈਂਡਰ ਦੇ ਉੱਤੇ ਜਾਨਲੇਵਾ ਹਮਲਾ ਹੋਣ ਤੋਂ ਕੁਝ ਹਫ਼ਤੇ ਪਹਿਲਾਂ ਹੀ ਯੂਕਰੇਨ ਨੇ ਇਸ ਨੂੰ ਰੂਸ ਤੋਂ ਛੁਡਵਾਇਆ ਸੀ।
“ਮੈਨੂੰ ਲੱਗਿਆ ਧਰਤੀ ਮੇਰੇ ਉੱਤੇ ਡਿੱਗ ਪਈ ਹੈ। ਮੈਨੂੰ ਆਪਣੀਆਂ ਲੱਤਾਂ ਵਿੱਚ ਬੇਹੱਦ ਦਰਦ ਮਹਿਸੂਸ ਹੋਇਆ ਅਤੇ ਮੈਨੂੰ ਲੱਗਿਆ ਕਿ ਹੁਣ ਮੇਰੀਆਂ ਲੱਤਾਂ ਕੱਟੀਆਂ ਜਾਣਗੀਆਂ।”
“ਮੈਂ ਦਰਦ ਵਿੱਚ ਚੀਕ ਰਿਹਾ ਸੀ ਅਤੇ ਆਸ-ਪਾਸ ਦੇ ਲੋਕਾਂ ਨੂੰ ਬੁਲਾ ਰਿਹਾ ਸੀ।”
ਉਨ੍ਹਾਂ ਦਾ ਕਹਿਣਾ ਹੈ ਕਿ ਉਹ ਜਾਣਦੇ ਸਨ ਕਿ ਉਨ੍ਹਾਂ ਦੇ ਸਾਥੀ ਜਿਉਂਦੇ ਸਨ ਅਤੇ ਉਨ੍ਹਾਂ ਨੇ ਓਲੇਕਸੈਂਡਰ ਨੂੰ ਕੱਢਿਆ ਅਤੇ ਮੁੱਢਲੀ ਸਹਾਇਤਾ ਦਿੱਤੀ। ਲੇਕਿਨ ਉਹ ਜਾਣਦੇ ਸਨ ਕਿ ਉਨ੍ਹਾਂ ਦੀਆਂ ਲੱਤਾਂ ਨੂੰ ਬਹੁਤ ਨੁਕਸਾਨ ਪਹੁੰਚਿਆ ਹੈ।
ਮੈਂ ਸਮਝ ਗਿਆ ਸੀ ਕਿ ਮੈਂ ਆਪਣੀਆਂ ਲੱਤਾਂ ਇਸ ਹਾਦਸੇ ਵਿੱਚ ਗਵਾ ਦਿੱਤੀਆਂ ਸਨ।
ਓਲੇਕਸੈਂਡਰ ਤਾਂ ਬਚ ਗਏ ਪਰ ਸ਼ਹਿਰ ਖੰਡਰ ਵਿੱਚ ਤਬਦੀਲ ਹੋ ਚੁੱਕਿਆ ਸੀ। ਉਸ ਸਮੇਂ ਪ੍ਰਸ਼ਾਸਨ ਨੇ ਦੱਸਿਆ ਸੀ ਕਿ ਉਨ੍ਹਾਂ ਨੂੰ 400 ਤੋਂ ਜ਼ਿਆਦਾ ਲਾਸ਼ਾਂ ਮਿਲੀਆਂ ਸਨ।

ਤਸਵੀਰ ਸਰੋਤ, Warner/STB Channel
ਜ਼ਿੰਦਗੀ ਵੱਲ ਵਾਪਸੀ
ਓਲੇਕਸੈਂਡਰ ਲਈ ਤੰਦਰੁਸਤੀ ਦਾ ਸਫ਼ਰ ਵੀ ਕਾਫ਼ੀ ਔਕੜਾਂ ਭਰਿਆ ਸੀ। ਉਹ ਦੱਸਦੇ ਹਨ, “ਤੰਦਰੁਸਤ ਹੋਣ ਦਾ ਸਫ਼ਰ ਚੁਣੌਤੀਪੂਰਨ ਸੀ, ਮੈਂਨੂੰ ਵੀਲ੍ਹਚੇਅਰ ਵਿੱਚ ਇੱਧਰ-ਉੱਧਰ ਜਾਣਾ ਪੈਂਦਾ ਸੀ।”
“ਮੈਂ ਦੇਕਿਆ ਕਿ ਕੀਵ, ਭਾਵੇਂ ਕਿ ਇਹ ਰਾਜਧਾਨੀ ਸੀ ਲੇਕਿਨ ਇੱਥੇ ਵੀਲ੍ਹਚੇਅਰ ਵਰਤਣ ਵਾਲਿਆਂ ਲਈ ਬਹੁਤ ਚੁਣੌਤੀਆਂ ਸਨ।”
ਯੂਕਰਨੇ ਲਈ ਜੰਗ ਦਾ ਮਤਲਬ ਹੈ ਕਿ ਅਪੰਗਤਾ ਉੱਥੋਂ ਦੀ ਜ਼ਿੰਦਗੀ ਦਾ ਇੱਕ ਆਮ ਤਜ਼ਰਬਾ ਬਣਦੀ ਜਾ ਰਹੀ ਹੈ।
ਜੰਗ ਦੇ ਦੌਰਾਨ ਕਿੰਨੇ ਲੋਕ ਜ਼ਖਮੀ ਹੋਏ ਹਨ ਇਸ ਬਾਰੇ ਕੋਈ ਅਧਿਕਾਰਿਤ ਅੰਕੜੇ ਨਹੀਂ ਹਨ। ਲੇਕਿਨ ਇੱਕ ਅੰਦਾਜ਼ੇ ਮੁਤਾਬਕ ਕਈ ਹਜ਼ਾਰ ਲੋਕਾਂ ਦੇ ਅੰਗ ਇਸ ਲੜਾਈ ਦੀ ਭੇਂਟ ਚੜ੍ਹੇ ਹਨ।
ਇਸ ਦੇ ਨਤੀਜੇ ਵਜੋਂ ਇੱਕ ਰਿਐਲਟੀ ਸ਼ੋਅ, ਲੈਗਸ-ਔਫ਼ ਦੀ ਸ਼ੁਰੂਆਤ ਹੋਈ ਹੈ।
ਇਸ ਦੇ ਮੇਜ਼ਬਾਨ ਓਲੇਕਸੈਂਡਰ ਹੀ ਸਨ ਜਿਨ੍ਹਾਂ ਨੇ ਯੂਕਰੇਨ ਦੇ ਅਪਾਹਜਾਂ ਦੀਆਂ ਤਕਲੀਫ਼ਾਂ ਨੂੰ ਆਮ ਲੋਕਾਂ ਦੇ ਸਾਹਮਣੇ ਰੱਖਿਆ।
ਇਸ ਤੋਂ ਇਲਾਵਾ ਓਲੇਕਸੈਂਡਰ ਨੇ ਇੱਕ ਕਿਤਾਬ ਵੀ ਲਿਖੀ ਹੈ, ਇਨਵਿਕਸ਼ਸ ਖੇਡਾਂ ਵਿੱਚ ਮੈਡਲ ਵੀ ਜਿੱਤੇ ਹਨ। ਆਪਣੇ ਜ਼ਖਮਾਂ ਨੂੰ ਠੀਕ ਹੋਣ ਦੀ ਜੱਦੋ-ਜਹਿਦ ਦੌਰਨ ਉਨ੍ਹਾਂ ਨੇ ਕਈ ਮੁਲਕਾਂ ਦੇ ਦੌਰੇ ਵੀ ਕੀਤੇ ਹਨ।

ਤਸਵੀਰ ਸਰੋਤ, EPA
ਸ਼ੋਅ ਦਾ ਹਿੱਸਾ ਬਣਨਾ
ਉਹ ਯੂਕਰੇਨ ਵਿੱਚ ਇੰਨੇ ਮਸ਼ਹੂਰ ਹਨ ਕਿ ਜਦੋਂ ‘ਦਿ ਬੈਚੁਲਰ’ ਨੇ ਉਨ੍ਹਾਂ ਦੇ ਨਾਮ ਦਾ ਐਲਾਨ ਕੀਤਾ ਤਾਂ ਸ਼ੋਅ ਦਾ ਪੋਰਟਲ ਥੋੜ੍ਹੇ ਸਮੇਂ ਵਿੱਚ ਹੀ ਕਰੈਸ਼ ਹੋ ਗਿਆ। ਉਹ ਇਸ ਸ਼ੋਅ ਵਿੱਚ ਮੁੱਖ ਭੂਮਿਕਾ ਵਿੱਚ ਹੋਣਗੇ।
‘ਦਿ ਬੈਚੁਲਰ’ ਓਲੇਕਸੈਂਡਰ ਨੂੰ ਉਮੀਦ ਦੇ ਇੱਕ ਪ੍ਰਤੀਕ ਵਜੋਂ ਸ਼ੋਅ ਵਿੱਚ ਰੱਖ ਰਹੇ ਹਨ।
ਸ਼ੋਅ ਦਾ ਪ੍ਰਸਾਰਣ ਇਸੇ ਸਾਲ ਦੇ ਅਖੀਰ ਤੱਕ ਹੋਵੇਗਾ। ਪ੍ਰਸਾਰਣ ਕਰਨ ਵਾਲੇ ਟੀਵੀ ਚੈਨਲ ਐੱਸਟੀਬੀ ਤੋਂ ਨਤਾਲਿਆ ਫਰੈਂਕਚੁੱਕ ਨੇ ਦੱਸਿਆ, “ਆਪਣੀਆਂ ਲੱਤਾਂ ਕੱਟੇ ਜਾਣ ਦੇ ਬਾਵਜੂਦ, ਓਲੇਕਸੈਂਡਰ ਬਾਈਕ ਚਲਾਉਂਦੇ ਹਨ, ਕਾਰ ਚਲਾਉਂਦੇ ਹਨ ਅਤੇ ਪਹਾੜਾਂ ਉੱਤੇ ਜਾਂਦੇ ਹਨ। ਉਹ ਇੱਕ ਮੁਕੰਮਲ ਜ਼ਿੰਦਗੀ ਜਿਉਂਦੇ ਹਨ।”
ਫਰੈਂਕਚੁੱਕ ਕਹਿੰਦੇ ਹਨ, “ਜੇ ਟੈਲੀਵਿਜ਼ਨ ਦਾ ਮਕਸਦ ਸਚਾਈ ਦਿਖਾਉਣਾ ਹੈ ਤਾਂ ਬੈਚੁਲਰ ਸ਼ੋਅ ਲਈ ਉਨ੍ਹਾਂ ਤੋਂ ਵਧੀਆ ਕੌਣ ਹੋਵੇਗਾ? ਜੰਗ ਨਾਲ ਲੜ ਰਹੇ ਮੁਲਕ ਵਿੱਚ ਉਨ੍ਹਾਂ ਤੋਂ ਵਧੀਆ ਹੋਰ ਕੌਣ ਹੋਵੇਗਾ?”
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਪ੍ਰਕਾਸ਼ਨ












