ਹਰਿਆਣਾ ਵਿੱਚ ਮਹਿਲਾ ਅਧਿਆਪਕਾ ਦੀ ਮੌਤ: ਪੁਲਿਸ ਕਾਰਵਾਈ ਵਿੱਚ 'ਕੁਤਾਹੀ' ਅਤੇ ਹੁਣ 'ਸੁਸਾਈਡ ਨੋਟ' ਦੇ ਦਾਅਵੇ 'ਤੇ ਲੋਕ ਗੁੱਸੇ ਵਿੱਚ ਹਨ

ਤਸਵੀਰ ਸਰੋਤ, @HaryanaAbvp
- ਲੇਖਕ, ਅਭਿਨਵ ਗੋਇਲ
- ਰੋਲ, ਬੀਬੀਸੀ ਪੱਤਰਕਾਰ
ਹਰਿਆਣਾ ਦੇ ਭਿਵਾਨੀ ਜ਼ਿਲ੍ਹੇ ਵਿੱਚ ਇੱਕ ਅਧਿਆਪਕਾ ਦੀ ਲਾਸ਼ ਮਿਲਣ ਦੇ ਪੰਜ ਦਿਨਾਂ ਬਾਅਦ ਵੀ ਵਿਰੋਧ ਪ੍ਰਦਰਸ਼ਨ ਜਾਰੀ ਹਨ।
ਵਿਰੋਧ ਪ੍ਰਦਰਸ਼ਨਾਂ ਦੇ ਮੱਦੇਨਜ਼ਰ, ਸੂਬਾ ਸਰਕਾਰ ਨੇ ਭਿਵਾਨੀ ਅਤੇ ਦਾਦਰੀ ਜ਼ਿਲ੍ਹਿਆਂ ਵਿੱਚ ਦੋ ਦਿਨਾਂ ਲਈ ਇੰਟਰਨੈਟ ਸੇਵਾਵਾਂ ਬੰਦ ਕਰਨ ਦਾ ਆਦੇਸ਼ ਜਾਰੀ ਕੀਤਾ ਹੈ।
ਹਾਲਾਂਕਿ, ਇਸ ਵਿਚਾਲੇ ਸੂਬੇ ਦੇ ਮੁੱਖ ਮੰਤਰੀ ਨਾਇਕ ਸਿੰਘ ਸੈਣੀ ਨੇ ਇਹ ਕੇਸ ਸੀਬੀਆਈ ਨੂੰ ਸੌਂਪਣ ਦੀ ਜਾਣਕਾਰੀ ਦਿੱਤੀ ਹੈ।
ਇਨ੍ਹਾਂ ਨੇ ਆਪਣੇ ਐਕਸ ਹੈਂਡਲ ਉਤੇ ਲਿਖਿਆ ਹੈ, "ਭਿਵਾਨੀ ਦੀ ਸਾਡੀ ਧੀ ਮਨੀਸ਼ਾ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਨਿਆਂ ਦਿਵਾਉਣ ਲਈਆ ਸੂਬਾ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਪੂਰੀ ਗੰਭੀਰਤਾ ਅਤੇ ਪਾਰਦਰਸ਼ਿਤਾ ਦੇ ਨਾਲ ਕੰਮ ਕਰ ਰਹੇ ਹਨ। ਮੈਂ ਖ਼ੁਦ ਲਗਾਤਾਰ ਇਸ ਮਾਮਲੇ ਦੀ ਰਿਪੋਰਟ ਲੈ ਰਿਹਾ ਹਾਂ। ਪਰਿਵਾਰ ਦੇ ਮੰਗ ਉੱਤੇ ਹਰਿਆਣਾ ਸਰਕਾਰ ਨਿਰਪੱਖ ਜਾਂਚ ਲਈ ਇਸ ਕੇਸ ਨੂੰ ਸੀਬੀਆਈ ਨੂੰ ਸੌਂਪਣ ਜਾ ਰਹੀ ਹੈ। ਇਸ ਮਾਮਲੇ ਵਿੱਚ ਪੂਰਾ ਨਿਆਂ ਕੀਤਾ ਜਾਵੇਗਾ।"
ਭਿਵਾਨੀ ਦੀ 19 ਸਾਲਾ ਅਧਿਆਪਕਾ 11 ਅਗਸਤ ਨੂੰ ਲਾਪਤਾ ਹੋ ਗਈ ਸੀ। ਉਹ ਨੇੜਲੇ ਇੱਕ ਪਲੇਅ ਸਕੂਲ ਵਿੱਚ ਪੜ੍ਹਾਉਂਦੀ ਸੀ। 13 ਅਗਸਤ ਨੂੰ, ਉਸ ਦੀ ਲਾਸ਼ ਸਿੰਘਾਨੀ ਨਹਿਰ ਦੇ ਨੇੜੇ ਮਾੜੀ ਹਾਲਤ ਵਿੱਚ ਮਿਲੀ।
ਪੰਜ ਦਿਨਾਂ ਬਾਅਦ ਵੀ, ਇਸ ਮਾਮਲੇ ਵਿੱਚ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ। ਇਸ ਦੌਰਾਨ, ਸੂਬਾ ਸਰਕਾਰ ਨੇ ਭਿਵਾਨੀ ਦੇ ਪੁਲਿਸ ਸੁਪਰਡੈਂਟ ਦਾ ਵੀ ਤਬਾਦਲਾ ਕਰ ਦਿੱਤਾ ਹੈ।
ਸੋਸ਼ਲ ਮੀਡੀਆ ਪ੍ਰਭਾਵਕਾਂ ਤੋਂ ਲੈ ਕੇ ਸਿਆਸਤਦਾਨਾਂ ਤੱਕ, ਹਰ ਕੋਈ ਪਿਛਲੇ ਕਈ ਦਿਨਾਂ ਤੋਂ ਸਿੰਘਾਨੀ ਪਹੁੰਚ ਰਿਹਾ ਹੈ। ਇਹ ਉਹ ਜਗ੍ਹਾ ਹੈ ਜਿੱਥੇ ਲੋਕ ਵਿਰੋਧ ਕਰ ਰਹੇ ਹਨ।
ਪ੍ਰਦਰਸ਼ਨਕਾਰੀਆਂ ਦਾ ਇਲਜ਼ਾਮ ਹੈ ਕਿ ਔਰਤ ਨਾਲ ਬਲਾਤਕਾਰ ਕੀਤਾ ਗਿਆ ਹੈ। ਉਹ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕਰ ਰਹੇ ਸਨ। ਮ੍ਰਿਤਕ ਦਾ ਅਜੇ ਤੱਕ ਸਸਕਾਰ ਨਹੀਂ ਕੀਤਾ ਗਿਆ ਹੈ।
ਇਸ ਮਾਮਲੇ ਵਿੱਚ ਕਈ ਸਵਾਲ ਹਨ, ਜੋ ਸੋਸ਼ਲ ਮੀਡੀਆ ਤੋਂ ਲੈ ਕੇ ਸੜਕਾਂ ਤੱਕ ਪੁੱਛੇ ਜਾ ਰਹੇ ਹਨ।
ਕਦੋਂ, ਕੀ ਹੋਇਆ?

ਤਸਵੀਰ ਸਰੋਤ, @HaryanaAbvp
11 ਅਗਸਤ- ਪਰਿਵਾਰ ਦੇ ਅਨੁਸਾਰ, ਮ੍ਰਿਤਕਾ ਸਕੂਲ ਲਈ ਘਰੋਂ ਨਿਕਲੀ ਸੀ, ਜਿੱਥੋਂ ਉਸ ਨੂੰ ਨਰਸਿੰਗ ਕਾਲਜ ਵਿੱਚ ਦਾਖ਼ਲਾ ਲੈਣ ਲਈ ਜਾਣਾ ਪਿਆ। ਜਦੋਂ ਉਹ ਘਰ ਵਾਪਸ ਨਹੀਂ ਆਈ ਤਾਂ ਲੋਹਾਰੂ ਪੁਲਿਸ ਸਟੇਸ਼ਨ ਵਿੱਚ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਈ ਗਈ।
12 ਅਗਸਤ- ਕੁੜੀ ਦਾ ਕੋਈ ਸੁਰਾਗ਼ ਨਹੀਂ ਮਿਲਿਆ।
13 ਅਗਸਤ- ਸਿੰਘਾਨੀ ਪਿੰਡ ਦੇ ਖੇਤਾਂ ਵਿੱਚ ਲਾਸ਼ ਖ਼ਰਾਬ ਹਾਲਤ ਵਿੱਚ ਮਿਲੀ।
14 ਅਗਸਤ- ਪੋਸਟਮਾਰਟਮ ਰਿਪੋਰਟ ਵਿੱਚ ਮ੍ਰਿਤਕਾ ਦਾ ਗਲਾ ਲਗਭਗ 30 ਸੈਂਟੀਮੀਟਰ ਕੱਟਿਆ ਹੋਇਆ ਮਿਲਿਆ। ਪਰਿਵਾਰ ਨੇ ਲਾਸ਼ ਲੈਣ ਤੋਂ ਇਨਕਾਰ ਕਰ ਦਿੱਤਾ ਅਤੇ ਭਿਵਾਨੀ ਦੇ ਜ਼ਿਲ੍ਹਾ ਹਸਪਤਾਲ ਵਿੱਚ ਧਰਨਾ ਪ੍ਰਦਰਸ਼ਨ ਸ਼ੁਰੂ ਹੋ ਗਿਆ।
15 ਅਗਸਤ- ਪਰਿਵਾਰ ਨੇ ਦੂਜਾ ਪੋਸਟਮਾਰਟਮ ਕਰਵਾਉਣ ਦੀ ਮੰਗ ਕੀਤੀ।
16 ਅਗਸਤ- ਭਿਵਾਨੀ ਦੇ ਪੁਲਿਸ ਸੁਪਰਡੈਂਟ ਦਾ ਤਬਾਦਲਾ ਕਰ ਦਿੱਤਾ ਗਿਆ ਅਤੇ ਰੋਹਤਕ ਦੇ ਪੀਜੀਆਈ ਵਿੱਚ ਦੁਬਾਰਾ ਪੋਸਟਮਾਰਟਮ ਕੀਤਾ ਗਿਆ।
17 ਅਗਸਤ- ਵਿਰੋਧ ਪ੍ਰਦਰਸ਼ਨ ਕਈ ਸ਼ਹਿਰਾਂ ਵਿੱਚ ਫੈਲ ਗਏ।
18 ਅਗਸਤ- ਮ੍ਰਿਤਕ ਦਾ ਕਥਿਤ ਸੁਸਾਈਡ ਨੋਟ ਸੋਸ਼ਲ ਮੀਡੀਆ 'ਤੇ ਵਾਇਰਲ ਹੋਣਾ ਸ਼ੁਰੂ ਹੋ ਗਿਆ।
ਕੀ ਬਲਾਤਕਾਰ ਹੋਇਆ ਸੀ?

ਤਸਵੀਰ ਸਰੋਤ, @diprobhiwani
ਭਿਵਾਨੀ ਤੋਂ ਬਾਅਦ ਰੋਹਤਕ ਦੇ ਪੀਜੀਆਈ ਵਿੱਚ ਮ੍ਰਿਤਕਾ ਦਾ ਦੁਬਾਰਾ ਪੋਸਟਮਾਰਟਮ ਕੀਤਾ ਗਿਆ।
ਪੀਜੀਆਈ ਦੇ ਮੈਡੀਕਲ ਸੁਪਰਡੈਂਟ ਡਾ. ਕੁੰਦਨ ਮਿੱਤਲ ਨੇ ਮੀਡੀਆ ਨੂੰ ਦੱਸਿਆ ਕਿ ਪੋਸਟਮਾਰਟਮ ਰਿਪੋਰਟ ਵਿੱਚ ਬਲਾਤਕਾਰ ਦੀ ਪੁਸ਼ਟੀ ਨਹੀਂ ਹੋਈ।
ਉਨ੍ਹਾਂ ਕਿਹਾ ਕਿ ਮ੍ਰਿਤਕ ਦੇ ਸਰੀਰ 'ਤੇ "ਸੀਮੇਨ ਵਰਗਾ ਕੁਝ ਵੀ ਨਹੀਂ ਮਿਲਿਆ।"
ਡਾ. ਕੁੰਦਨ ਮਿੱਤਲ ਨੇ ਕਿਹਾ ਕਿ ਮ੍ਰਿਤਕ ਦੇ ਸਰੀਰ 'ਤੇ ਕੋਈ ਸੱਟ ਦੇ ਨਿਸ਼ਾਨ ਵੀ ਨਹੀਂ ਮਿਲੇ।
ਰੋਹਤਕ ਰੇਂਜ ਦੇ ਇੰਸਪੈਕਟਰ ਜਨਰਲ ਆਫ਼ ਪੁਲਿਸ ਵਾਈ ਪੂਰਨ ਕੁਮਾਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ, "ਪਰਿਵਾਰ ਨੇ ਇਲਜ਼ਾਮ ਲਗਾਇਆ ਸੀ ਕਿ ਬਲਾਤਕਾਰ ਹੋਇਆ ਹੈ, ਪਰ ਰਿਪੋਰਟ ਵਿੱਚ ਸੰਘਰਸ਼ ਦੇ ਕੋਈ ਨਿਸ਼ਾਨ ਨਹੀਂ ਹਨ। ਜਾਂਚ ਲਈ ਲਏ ਗਏ ਸਵੈਬ (ਵਿਜਾਈਨਾ ਸਵੈਬ) ਲਏ ਗਏ ਸਨ ਉਨ੍ਹਾਂ ਸੀਮੇਨ ਮਾਰਕ ਨਹੀਂ ਹਨ।"
ਕੀ ਗਲਾ ਕੱਟਿਆ ਗਿਆ ?

ਤਸਵੀਰ ਸਰੋਤ, @HaryanaAbvp
ਪੋਸਟਮਾਰਟਮ ਰਿਪੋਰਟ ਵਿੱਚ ਮ੍ਰਿਤਕਾ ਦਾ ਗਲਾ ਲਗਭਗ 30 ਸੈਂਟੀਮੀਟਰ ਤੱਕ ਕੱਟਿਆ ਹੋਇਆ ਸੀ।
ਪਰਿਵਾਰ ਦਾ ਇਲਜ਼ਾਮ ਹੈ ਕਿ ਮ੍ਰਿਤਕਾ ਦਾ ਕਤਲ ਕੀਤਾ ਗਿਆ ਹੈ, ਪਰ ਰੋਹਤਕ ਪੀਜੀਆਈ ਦੇ ਮੈਡੀਕਲ ਸੁਪਰਡੈਂਟ ਡਾ. ਕੁੰਦਨ ਮਿੱਤਲ ਇਸ ਤੋਂ ਇਨਕਾਰ ਕਰਦੇ ਹਨ।
ਉਹ ਕਹਿੰਦੇ ਹਨ, "ਗਰਦਨ 'ਤੇ ਨਿਸ਼ਾਨ ਅਨਿਯਮਿਤ ਸਨ। ਜੇਕਰ ਕੋਈ ਗਰਦਨ ਕੱਟਦਾ ਹੈ, ਤਾਂ ਤਿੱਖੇ ਨਿਸ਼ਾਨ ਰਹਿ ਜਾਂਦੇ ਹਨ। ਇਹ ਨਿਸ਼ਾਨ ਇਸ ਤਰ੍ਹਾਂ ਸਨ ਜਿਵੇਂ ਕਿਸੇ ਨੇ ਇਸ ਨੂੰ ਖਾ ਲਿਆ ਹੋਵੇ। ਲਾਸ਼ ਜੰਗਲ ਵਿੱਚ ਕਿਤੇ ਪਈ ਸੀ।"
ਡਾਕਟਰ ਨੇ ਸੰਭਾਵਨਾ ਪ੍ਰਗਟ ਕੀਤੀ ਹੈ ਕਿ ਜੰਗਲੀ ਜਾਨਵਰਾਂ ਦੁਆਰਾ ਖੁਰਚਣ ਕਾਰਨ ਸਰੀਰ ਦੀ ਹਾਲਤ ਅਜਿਹੀ ਹੋ ਸਕਦੀ ਹੈ।
ਉਨ੍ਹਾਂ ਕਿਹਾ, "ਗਰਦਨ ਦੀਆਂ ਟੁੱਟੀਆਂ ਹੱਡੀਆਂ ਵੀ ਅਨਿਯਮਿਤ ਸਨ।"
ਵਿਸਰਾ ਜਾਂਚ ਵਿੱਚ ਕੀ ਸਾਹਮਣੇ ਆਇਆ

ਤਸਵੀਰ ਸਰੋਤ, @JJPBhiwaniMahen
ਡਾ. ਕੁੰਦਨ ਮਿੱਤਲ ਦਾ ਕਹਿਣਾ ਹੈ ਕਿ ਮ੍ਰਿਤਕਾ ਦੇ ਵਿਸਰਾ ਨੂੰ ਜਾਂਚ ਲਈ ਭੇਜਿਆ ਗਿਆ ਸੀ, ਜਿਸ ਵਿੱਚ ਜ਼ਹਿਰ ਮਿਲਿਆ ਹੈ।
ਉਨ੍ਹਾਂ ਕਿਹਾ, "ਉਸ ਦੇ ਸਰੀਰ ਵਿੱਚ ਆਰਗੈਨੋਫੋਸਫੋਰਸ ਮੋਨੋਕ੍ਰੋਟੋਫੋਸ ਕੀਟਨਾਸ਼ਕ ਪਾਇਆ ਗਿਆ ਹੈ।"
ਮੋਨੋਕ੍ਰੋਟੋਫੋਸ ਆਰਗੈਨੋਫੋਸਫੋਰਸ ਸਮੂਹ ਦਾ ਇੱਕ ਕੀਟਨਾਸ਼ਕ ਹੈ। ਇਹ ਕਪਾਹ ਅਤੇ ਝੋਨੇ ਵਰਗੀਆਂ ਫ਼ਸਲਾਂ ਨੂੰ ਕੀਟਨਾਸ਼ਕਾਂ ਤੋਂ ਬਚਾਉਣ ਲਈ ਕੰਮ ਕਰਦਾ ਹੈ। ਇਹ ਕਾਫ਼ੀ ਖ਼ਤਰਨਾਕ ਹੈ।
ਕੀ ਤੇਜ਼ਾਬ ਪਾਇਆ ਗਿਆ ਸੀ?
ਇਸ ਮਾਮਲੇ ਵਿੱਚ ਮ੍ਰਿਤਕਾ ਦੇ ਚਿਹਰੇ 'ਤੇ ਤੇਜ਼ਾਬ ਪਾਉਣ ਦੀਆਂ ਗੱਲਾਂ ਵੀ ਹੋ ਰਹੀਆਂ ਹਨ।
ਇਸ ਸਵਾਲ ਦੇ ਜਵਾਬ ਵਿੱਚ ਡਾ. ਕੁੰਦਨ ਨੇ ਕਿਹਾ ਕਿ ਇਸ ਪਹਿਲੂ ਦੀ ਵੀ ਜਾਂਚ ਕੀਤੀ ਗਈ ਹੈ।
ਉਨ੍ਹਾਂ ਕਿਹਾ, "ਵਾਲਾਂ ਨੂੰ ਤੇਜ਼ਾਬ ਟੈਸਟ ਲਈ ਭੇਜਿਆ ਗਿਆ ਸੀ। ਇਸਦੀ ਰਿਪੋਰਟ ਵੀ ਆ ਗਈ ਹੈ। ਰਿਪੋਰਟ ਵਿੱਚ ਕੋਈ ਰਸਾਇਣ ਨਹੀਂ ਮਿਲਿਆ ਹੈ।"
ਕਥਿਤ ਸੁਸਾਈਡ ਨੋਟ

ਤਸਵੀਰ ਸਰੋਤ, Indervesh_Duhan
ਮ੍ਰਿਤਕ ਦੀ ਲਾਸ਼ ਮਿਲਣ ਤੋਂ ਪੰਜ ਦਿਨ ਬਾਅਦ ਅਚਾਨਕ ਸੋਸ਼ਲ ਮੀਡੀਆ 'ਤੇ ਇੱਕ ਸੁਸਾਈਡ ਨੋਟ ਵਾਇਰਲ ਹੋਣਾ ਸ਼ੁਰੂ ਹੋ ਗਿਆ।
ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਸੁਸਾਈਡ ਨੋਟ ਮ੍ਰਿਤਕਾ ਦਾ ਹੈ, ਜੋ ਕਿ ਕਾਪੀ ਦੇ ਇੱਕ ਪੰਨੇ 'ਤੇ ਹਰਿਆਣਵੀ ਲਹਿਜ਼ੇ ਵਿੱਚ ਰੋਮਨ ਲਿਪੀ ਵਿੱਚ ਲਿਖਿਆ ਗਿਆ ਸੀ।
ਸਵਾਲ ਉਠਾਏ ਜਾ ਰਹੇ ਹਨ ਕਿ ਪੁਲਿਸ ਨੇ ਪੰਜ ਦਿਨਾਂ ਤੱਕ ਸੁਸਾਈਡ ਨੋਟ ਦਾ ਜ਼ਿਕਰ ਕਿਉਂ ਨਹੀਂ ਕੀਤਾ। ਇਸ ਸਵਾਲ ਦੇ ਜਵਾਬ ਵਿੱਚ, ਇੰਸਪੈਕਟਰ ਜਨਰਲ ਆਫ਼ ਪੁਲਿਸ ਵਾਈ ਪੂਰਨ ਕੁਮਾਰ ਦਾ ਕਹਿਣਾ ਹੈ ਕਿ ਪੁਲਿਸ ਨੂੰ ਮੌਕੇ ਤੋਂ ਸੁਸਾਈਡ ਨੋਟ ਮਿਲਿਆ ਸੀ।
ਉਨ੍ਹਾਂ ਕਿਹਾ, "13 ਅਗਸਤ ਨੂੰ ਲਾਸ਼ ਦੇ ਨਾਲ ਮੌਕੇ 'ਤੇ ਇੱਕ ਸੁਸਾਈਡ ਨੋਟ ਮਿਲਿਆ ਸੀ... ਇਹ ਪਹਿਲਾਂ ਹੀ ਮੌਜੂਦ ਸੀ। ਤੁਸੀਂ ਇਹ ਵੀ ਸਮਝਦੇ ਹੋ ਕਿ ਜਾਂਚ ਦੌਰਾਨ ਸ਼ੁਰੂਆਤੀ ਪੜਾਅ 'ਤੇ ਜੋ ਤੱਥ ਮੌਜੂਦ ਹਨ, ਉਨ੍ਹਾਂ ਨੂੰ ਇਸ ਤਰ੍ਹਾਂ ਬਾਹਰ ਨਹੀਂ ਦਿੱਤਾ ਜਾਂਦਾ।"
ਪੂਰਨ ਕੁਮਾਰ ਨੇ ਕਿਹਾ, "ਪਹਿਲੀ ਨਜ਼ਰੇ ਪਰਿਵਾਰਕ ਮੈਂਬਰਾਂ ਨੇ ਸਵੀਕਾਰ ਕਰ ਲਿਆ ਸੀ ਕਿ ਸੁਸਾਈਡ ਨੋਟ ਉਸ ਦੀ (ਮ੍ਰਿਤਕ) ਹੱਥ ਲਿਖਤ ਵਿੱਚ ਹੈ।"
ਖੁਦਕੁਸ਼ੀ ਇੱਕ ਗੰਭੀਰ ਮਨੋਵਿਗਿਆਨਕ ਅਤੇ ਸਮਾਜਿਕ ਸਮੱਸਿਆ ਹੈ। ਜੇਕਰ ਤੁਸੀਂ ਵੀ ਤਣਾਅ ਵਿੱਚੋਂ ਗੁਜ਼ਰ ਰਹੇ ਹੋ, ਤਾਂ ਤੁਸੀਂ ਭਾਰਤ ਸਰਕਾਰ ਦੀ ਜੀਵਨਸਾਥੀ ਹੈਲਪਲਾਈਨ 18002333330 ਤੋਂ ਮਦਦ ਲੈ ਸਕਦੇ ਹੋ। ਤੁਹਾਨੂੰ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਵੀ ਗੱਲ ਕਰਨੀ ਚਾਹੀਦੀ ਹੈ।
ਪੁਲਿਸ ਵਿਰੁੱਧ ਕਾਰਵਾਈ
ਹਰਿਆਣਾ ਸਰਕਾਰ ਨੇ ਇਸ ਮਾਮਲੇ ਵਿੱਚ ਪੁਲਿਸ ਸੁਪਰਡੈਂਟ ਸਮੇਤ ਛੇ ਪੁਲਿਸ ਕਰਮਚਾਰੀਆਂ ਵਿਰੁੱਧ ਕਾਰਵਾਈ ਕੀਤੀ ਹੈ।
15 ਅਗਸਤ ਨੂੰ ਹਰਿਆਣਾ ਦੇ ਗ੍ਰਹਿ ਵਿਭਾਗ ਦੀ ਵਧੀਕ ਸਕੱਤਰ ਡਾ. ਸੁਮਿਤਾ ਮਿਸ਼ਰਾ ਨੇ ਭਿਵਾਨੀ ਦੇ ਪੁਲਿਸ ਸੁਪਰਡੈਂਟ ਮਨਬੀਰ ਸਿੰਘ ਦਾ ਤਬਾਦਲਾ ਕਰਨ ਦਾ ਆਦੇਸ਼ ਜਾਰੀ ਕੀਤਾ।
ਆਦੇਸ਼ ਅਨੁਸਾਰ, ਆਈਪੀਐੱਸ ਸੁਮਿਤ ਕੁਮਾਰ ਨੂੰ ਉਨ੍ਹਾਂ ਦੀ ਜਗ੍ਹਾ ਭਿਵਾਨੀ ਦਾ ਐੱਸਪੀ ਬਣਾਇਆ ਗਿਆ ਹੈ।
ਇਸ ਤੋਂ ਇਲਾਵਾ ਲੋਹਾਰੂ ਪੁਲਿਸ ਸਟੇਸ਼ਨ ਇੰਚਾਰਜ ਅਸ਼ੋਕ, ਮਹਿਲਾ ਏਐੱਸਆਈ ਸ਼ਕੁੰਤਲਾ, ਐਮਰਜੈਂਸੀ ਰਿਸਪਾਂਸ ਵ੍ਹੀਕਲ (ਡਾਇਲ-112) ਟੀਮ ਦੇ ਏਐੱਸਆਈ ਅਨੂਪ, ਕਾਂਸਟੇਬਲ ਪਵਨ ਅਤੇ ਐੱਸਪੀਓ ਧਰਮਿੰਦਰ ਨੂੰ ਮੁਅੱਤਲ ਕਰ ਕੇ ਵਿਭਾਗੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਪੁਲਿਸ ਵਿਰੁੱਧ ਕਾਰਵਾਈ

ਤਸਵੀਰ ਸਰੋਤ, homeharyana.gov.in
ਹਰਿਆਣਾ ਸਰਕਾਰ ਨੇ ਇਸ ਮਾਮਲੇ ਵਿੱਚ ਪੁਲਿਸ ਸੁਪਰਡੈਂਟ ਸਮੇਤ ਛੇ ਪੁਲਿਸ ਕਰਮਚਾਰੀਆਂ ਵਿਰੁੱਧ ਕਾਰਵਾਈ ਕੀਤੀ ਹੈ।
15 ਅਗਸਤ ਨੂੰ ਹਰਿਆਣਾ ਦੇ ਗ੍ਰਹਿ ਵਿਭਾਗ ਦੀ ਵਧੀਕ ਸਕੱਤਰ ਡਾ. ਸੁਮਿਤਾ ਮਿਸ਼ਰਾ ਨੇ ਭਿਵਾਨੀ ਦੇ ਪੁਲਿਸ ਸੁਪਰਡੈਂਟ ਮਨਬੀਰ ਸਿੰਘ ਦਾ ਤਬਾਦਲਾ ਕਰਨ ਦਾ ਆਦੇਸ਼ ਜਾਰੀ ਕੀਤਾ।
ਆਦੇਸ਼ ਅਨੁਸਾਰ, ਆਈਪੀਐੱਸ ਸੁਮਿਤ ਕੁਮਾਰ ਨੂੰ ਉਨ੍ਹਾਂ ਦੀ ਜਗ੍ਹਾ ਭਿਵਾਨੀ ਦਾ ਐੱਸਪੀ ਬਣਾਇਆ ਗਿਆ ਹੈ।
ਇਸ ਤੋਂ ਇਲਾਵਾ ਲੋਹਾਰੂ ਪੁਲਿਸ ਸਟੇਸ਼ਨ ਇੰਚਾਰਜ ਅਸ਼ੋਕ, ਮਹਿਲਾ ਏਐੱਸਆਈ ਸ਼ਕੁੰਤਲਾ, ਐਮਰਜੈਂਸੀ ਰਿਸਪਾਂਸ ਵ੍ਹੀਕਲ (ਡਾਇਲ-112) ਟੀਮ ਦੇ ਏਐੱਸਆਈ ਅਨੂਪ, ਕਾਂਸਟੇਬਲ ਪਵਨ ਅਤੇ ਐੱਸਪੀਓ ਧਰਮਿੰਦਰ ਨੂੰ ਮੁਅੱਤਲ ਕਰ ਕੇ ਵਿਭਾਗੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਜਾਣਕਾਰ ਕੀ ਕਹਿੰਦੇ ਹਨ?

ਤਸਵੀਰ ਸਰੋਤ, Indervesh_Duhan
ਭਿਵਾਨੀ ਦੇ ਇੱਕ ਸਥਾਨਕ ਸੀਨੀਅਰ ਪੱਤਰਕਾਰ ਇੰਦਰਵੇਸ਼ ਦੁਹਨ ਕਹਿੰਦੇ ਹਨ ਕਿ ਨੇੜਲੇ ਜ਼ਿਲ੍ਹਿਆਂ ਵਿੱਚ ਹਰ ਕੋਈ ਇਸ ਬਾਰੇ ਗੱਲ ਕਰ ਰਿਹਾ ਹੈ।
ਉਹ ਕਹਿੰਦੇ ਹਨ, "ਸ਼ਹਿਰ ਦੇ ਵੱਖ-ਵੱਖ ਸੰਗਠਨ ਵਿਰੋਧ ਵਿੱਚ ਸੜਕਾਂ ਨੂੰ ਰੋਕ ਰਹੇ ਹਨ। ਵੱਡੇ ਸਮਾਜਿਕ ਪ੍ਰਭਾਵਕ ਅਤੇ ਨੇਤਾ ਵਿਰੋਧ ਸਥਾਨ 'ਤੇ ਪਹੁੰਚ ਰਹੇ ਹਨ, ਜਿਸ ਕਾਰਨ ਇਹ ਮੁੱਦਾ ਬਹੁਤ ਵੱਡਾ ਹੋ ਗਿਆ ਹੈ।"
ਉਹ ਕਹਿੰਦੇ ਹਨ, "ਇੱਕ 21 ਮੈਂਬਰੀ ਕਮੇਟੀ ਵਿਰੋਧ ਪ੍ਰਦਰਸ਼ਨ ਕਰ ਰਹੀ ਹੈ, ਜਿੱਥੇ ਲੋਕ ਸਵੇਰ ਤੋਂ ਸ਼ਾਮ ਤੱਕ ਆਉਂਦੇ ਰਹਿੰਦੇ ਹਨ।"
ਦੂਜੇ ਪਾਸੇ, ਰੋਹਤਕ ਤੋਂ ਸੀਨੀਅਰ ਪੱਤਰਕਾਰ ਧਰਮਿੰਦਰ ਕੰਵਾਰੀ ਕਹਿੰਦੇ ਹਨ, "ਹਰਿਆਣਾ ਵਿੱਚ ਇੱਕ ਮਹਿਲਾ ਅਧਿਆਪਕ ਦੀ ਮੌਤ ਦੇ ਮਾਮਲੇ ਵਿੱਚ ਦੋ ਪੱਖ ਹਨ। ਇੱਕ ਜਨਤਾ ਦਾ ਪੱਖ ਹੈ ਅਤੇ ਦੂਜਾ ਪੁਲਿਸ ਦਾ।"
ਉਹ ਕਹਿੰਦੇ ਹਨ, "ਪੁਲਿਸ ਨੇ ਬਹੁਤ ਸਮਾਂ ਲਿਆ, ਪਰ ਇਸ ਵਿੱਚ ਸਪੱਸ਼ਟ ਤੌਰ 'ਤੇ ਕਿਹਾ ਗਿਆ ਸੀ ਕਿ ਇਹ ਖੁਦਕੁਸ਼ੀ ਦਾ ਮਾਮਲਾ ਹੈ। ਹਾਲਾਂਕਿ, ਜਨਤਾ ਪੁਲਿਸ ਦੇ ਇਸ ਸਿਧਾਂਤ 'ਤੇ ਭਰੋਸਾ ਨਹੀਂ ਕਰ ਰਹੀ ਹੈ। ਕੋਈ ਵੀ ਪੁਲਿਸ ਦੇ ਬਿਆਨ ਨੂੰ ਸਵੀਕਾਰ ਨਹੀਂ ਕਰ ਰਿਹਾ ਹੈ।"
ਉਹ ਕਹਿੰਦੇ ਹਨ, "ਹਰਿਆਣਾ ਵਿੱਚ ਲੰਬੇ ਸਮੇਂ ਬਾਅਦ ਪੂਰਾ ਹਰਿਆਣਵੀ ਭਾਈਚਾਰਾ ਇੱਕ ਹੀ ਮੁੱਦੇ 'ਤੇ ਇਕੱਠਾ ਹੋਇਆ ਹੈ। ਭਾਵੇਂ ਉਹ ਸੋਸ਼ਲ ਮੀਡੀਆ ਹੋਵੇ ਜਾਂ ਪਿੰਡ ਦੀ ਮੀਟਿੰਗ, ਕੋਈ ਵੀ ਇਹ ਮੰਨਣ ਲਈ ਤਿਆਰ ਨਹੀਂ ਹੈ ਕਿ ਮਹਿਲਾ ਅਧਿਆਪਕਾ ਨੇ ਖੁਦਕੁਸ਼ੀ ਕੀਤੀ ਹੈ।"
"ਇਸ ਮਾਮਲੇ ਵਿੱਚ ਸੁਸਾਈਡ ਨੋਟ ਤੋਂ ਲੈ ਕੇ ਮ੍ਰਿਤਕ ਦੇ ਸਰੀਰ 'ਤੇ ਮਿਲੇ ਨਿਸ਼ਾਨਾਂ ਤੱਕ ਦਰਜਨਾਂ ਸਵਾਲ ਹਨ, ਜਿਨ੍ਹਾਂ ਦੇ ਜਵਾਬ ਪੁਲਿਸ ਕੋਲ ਵੀ ਨਹੀਂ ਹਨ। ਅੱਜ, ਪਿੰਡ, ਗਵਾਹੰਦ ਅਤੇ ਪੂਰੇ ਹਰਿਆਣਾ ਵਿੱਚ ਹਰ ਕੋਈ ਇਨਸਾਫ਼ ਦੀ ਮੰਗ ਕਰ ਰਿਹਾ ਹੈ ਅਤੇ ਹਰ ਕੋਈ ਇਸ ਬਾਰੇ ਆਵਾਜ਼ ਉਠਾ ਰਿਹਾ ਹੈ।"
ਧਰਮਿੰਦਰ ਕੰਵਾਰੀ ਕਹਿੰਦੇ ਹਨ, "ਜੇਕਰ ਇਸ ਮਾਮਲੇ ਵਿੱਚ ਕੋਈ ਚੁੱਪ ਹੈ, ਤਾਂ ਉਹ ਸੱਤਾਧਾਰੀ ਪਾਰਟੀ ਹੈ। ਇਹ ਮਾਮਲਾ ਪੁਲਿਸ ਦੇ ਗਲੇ ਵਿੱਚ ਹੱਡੀ ਬਣ ਗਿਆ ਹੈ ਕਿ ਉਹ ਨਾ ਤਾਂ ਇਸ ਨੂੰ ਉਗਲ ਸਕਦੀ ਹੈ ਅਤੇ ਨਾ ਹੀ ਨਿਗਲ ਸਕਦੀ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












