ਸਕੂਲ ਵਿੱਚ ਇੱਕ ਵਿਦਿਆਰਥੀ ਨੇ ਦੂਜੇ ਵਿਦਿਆਰਥੀ 'ਤੇ ਕਥਿਤ ਤੇਜ਼ਦਾਰ ਹਥਿਆਰ ਨਾਲ ਕੀਤਾ ਹਮਲਾ, ਮੌਤ ਤੋਂ ਬਾਅਦ ਸਕੂਲ ਵਿੱਚ ਮਾਪਿਆਂ ਦਾ ਹੰਗਾਮਾ

 ਸਕੂਲ

ਤਸਵੀਰ ਸਰੋਤ, Pawan Jaiswal

ਤਸਵੀਰ ਕੈਪਸ਼ਨ, ਅਹਿਮਦਾਬਾਦ ਦੇ ਸੈਵੰਥ ਡੇਅ ਸਕੂਲ ਵਿੱਚ ਭਾਰੀ ਪੁਲਿਸ ਮੌਜੂਦ ਸੀ ਅਤੇ ਸੈਂਕੜੇ ਮਾਪੇ ਇਕੱਠੇ ਹੋਏ ਸਨ
    • ਲੇਖਕ, ਤੇਜਸ ਵੈਦਿਆ
    • ਰੋਲ, ਬੀਬੀਸੀ ਪੱਤਰਕਾਰ

ਬੁੱਧਵਾਰ ਸਵੇਰੇ ਅਹਿਮਦਾਬਾਦ ਦੇ ਖੋਖਰਾ ਇਲਾਕੇ ਵਿੱਚ ਸਥਿਤ ਸੈਵੰਥ ਡੇਅ ਸਕੂਲ ਵਿੱਚ ਇੱਕ ਵਿਦਿਆਰਥੀ ਵੱਲੋਂ ਦੂਜੇ ਵਿਦਿਆਰਥੀ 'ਤੇ ਕਥਿਤ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਨ ਤੋਂ ਬਾਅਦ ਹੰਗਾਮਾ ਹੋ ਗਿਆ।

ਮੰਗਲਵਾਰ ਨੂੰ ਜਿਸ ਵਿਦਿਆਰਥੀ ਉੱਤੇ ਹਮਲਾ ਹੋਇਆ ਸੀ ਤਾਂ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ।

ਨਤੀਜੇ ਵਜੋਂ, ਸੈਂਕੜੇ ਮਾਪੇ ਬੁੱਧਵਾਰ ਸਵੇਰੇ ਸਕੂਲ ਪਹੁੰਚੇ ਅਤੇ ਜ਼ਬਰਦਸਤ ਵਿਰੋਧ ਪ੍ਰਦਰਸ਼ਨ ਕੀਤਾ।

ਇਸ ਦੌਰਾਨ ਸਕੂਲ ਵਿੱਚ ਭੰਨਤੋੜ ਵੀ ਕੀਤੀ ਗਈ।

ਸਕੂਲ ਵਿਰੁੱਧ ਰੋਸ ਪ੍ਰਗਟ ਕਰਦੇ ਹੋਏ ਮਾਪੇ

ਤਸਵੀਰ ਸਰੋਤ, Pawan Jaiswal

ਤਸਵੀਰ ਕੈਪਸ਼ਨ, ਸਕੂਲ ਵਿਰੁੱਧ ਰੋਸ ਪ੍ਰਗਟ ਕਰਦੇ ਹੋਏ ਮਾਪੇ

ਸਕੂਲ ਵਿੱਚ ਵੱਡੀ ਗਿਣਤੀ ਵਿੱਚ ਪੁਲਿਸ ਕਰਮਚਾਰੀ ਤੈਨਾਤ ਕੀਤੇ ਗਏ ਸਨ, ਜਿਸ ਕਾਰਨ ਮਾਪਿਆਂ ਅਤੇ ਪੁਲਿਸ ਵਿਚਕਾਰ ਝੜਪਾਂ ਹੋਈਆਂ।

ਲੋਕਾਂ ਨੇ ਸਕੂਲ ਦੇ ਦਫ਼ਤਰ ਵਿੱਚ ਭੰਨਤੋੜ ਕੀਤੀ ਅਤੇ ਟੀਵੀ ਸਮੇਤ ਕਈ ਚੀਜ਼ਾਂ ਨੂੰ ਨੁਕਸਾਨ ਪਹੁੰਚਾਇਆ।

ਉਨ੍ਹਾਂ ਨੇ ਨਾਅਰੇਬਾਜ਼ੀ ਕੀਤੀ ਅਤੇ ਸਕੂਲ ਵਿਰੁੱਧ ਇਲਜ਼ਾਮ ਵੀ ਲਗਾਏ।

ਕੁਝ ਲੋਕਾਂ ਨੇ ਕਥਿਤ ਤੌਰ 'ਤੇ 'ਜੈ ਸ਼੍ਰੀ ਰਾਮ' ਦੇ ਨਾਅਰੇ ਵੀ ਲਗਾਏ।

ਝੜਪ

ਤਸਵੀਰ ਸਰੋਤ, Pawan Jaiswal

ਤਸਵੀਰ ਕੈਪਸ਼ਨ, ਸਕੂਲ ਵਿੱਚ ਮਾਪਿਆਂ ਅਤੇ ਪੁਲਿਸ ਵਿਚਕਾਰ ਝੜਪ ਹੋਈ, ਸਟਾਫ਼ ਨੂੰ ਵੀ ਨਿਸ਼ਾਨਾ ਬਣਾਇਆ ਗਿਆ

ਮਾਪੇ ਗੁੱਸੇ ਵਿੱਚ

ਪੂਨਮ ਪੰਚਾਨੀ ਨਾਮਕ ਇੱਕ ਮਾਤਾ-ਪਿਤਾ ਨੇ ਬੀਬੀਸੀ ਨੂੰ ਦੱਸਿਆ ਕਿ ਉਸ ਦੀਆਂ ਦੋ ਧੀਆਂ ਇਸ ਸਕੂਲ ਵਿੱਚ ਪੜ੍ਹਦੀਆਂ ਹਨ, ਜਿਨ੍ਹਾਂ ਵਿੱਚੋਂ ਇੱਕ ਛੇਵੀਂ ਜਮਾਤ ਵਿੱਚ ਅਤੇ ਦੂਜੀ ਦਸਵੀਂ ਜਮਾਤ ਵਿੱਚ ਪੜ੍ਹਦੀ ਹੈ।

ਪੂਨਮ ਪੰਚਾਨੀ ਨੇ ਕਿਹਾ, "ਮਾਪੇ ਆਪਣੇ ਬੱਚਿਆਂ ਨੂੰ ਉੱਜਵਲ ਭਵਿੱਖ ਲਈ ਸਕੂਲ ਭੇਜਦੇ ਹਨ। ਇੱਕ ਮਹੀਨਾ ਪਹਿਲਾਂ ਮੇਰੀ ਧੀ ਨੂੰ ਇੱਕ ਚਲਦੀ ਬੱਸ ਵਿੱਚੋਂ ਧੱਕਾ ਦੇ ਦਿੱਤਾ ਗਿਆ ਸੀ, ਜਿਸ ਨਾਲ ਉਸ ਦੇ ਲਿਗਾਮੈਂਟ ਫਟ ਗਏ ਸਨ ਅਤੇ ਉਸ ਨੂੰ 15 ਦਿਨਾਂ ਤੱਕ ਪਲਾਸਟਰ ਵਿੱਚ ਰਹਿਣਾ ਪਿਆ।"

"ਛੇੜਖਾਨੀ ਬਾਰੇ ਕਈ ਵਾਰ ਸ਼ਿਕਾਇਤ ਕਰਨ ਦੇ ਬਾਵਜੂਦ, ਕੋਈ ਕਾਰਵਾਈ ਨਹੀਂ ਕੀਤੀ ਗਈ।"

ਗੁਜਰਾਤ

ਤਸਵੀਰ ਸਰੋਤ, Pawan Jaiswal

ਤਸਵੀਰ ਕੈਪਸ਼ਨ, ਸਕੂਲ ਬਾਰੇ ਸ਼ਿਕਾਇਤ ਕਰਦੇ ਮਾਪੇ

ਪੁਲਿਨ ਵੈਦਿਆ ਨਾਮ ਦੇ ਇੱਕ ਸ਼ਖ਼ਸ ਨੇ ਬੀਬੀਸੀ ਨੂੰ ਦੱਸਿਆ, "ਇਸ ਸਕੂਲ ਨੂੰ ਕਿਸੇ ਵੀ ਹਾਲਤ ਵਿੱਚ ਛੱਡਿਆ ਨਹੀਂ ਜਾਣਾ ਚਾਹੀਦਾ।"

"ਮੁੰਡੇ ਦੀ ਅੱਜ ਸਵੇਰੇ 3 ਵਜੇ ਮੌਤ ਹੋ ਗਈ, ਪਰ ਸਕੂਲ ਨੇ ਉਨ੍ਹਾਂ ਨੂੰ ਸੁਨੇਹਾ ਭੇਜ ਕੇ ਸੂਚਿਤ ਨਹੀਂ ਕੀਤਾ। ਉਹ ਐਂਬੂਲੈਂਸ ਦੀ ਉਡੀਕ ਕਰ ਰਹੇ ਸਨ, ਪਰ ਉਸ ਨੂੰ ਆਪਣੀ ਗੱਡੀ ਵਿੱਚ ਨਹੀਂ ਲੈ ਕੇ ਗਏ। ਸਕੂਲ ਨੇ ਉਸ ਨੂੰ ਆਪਣੀ ਗੱਡੀ ਵਿੱਚ ਨਾ ਲੈ ਕੇ ਜਾਣ ਦਾ ਕਾਰਨ ਪੁਲਿਸ ਕੇਸ ਦੱਸਿਆ।"

ਉਨ੍ਹਾਂ ਨੇ ਦਾਅਵਾ ਕੀਤਾ, "ਇਸ ਸਕੂਲ ਵਿਰੁੱਧ ਪਹਿਲਾਂ ਵੀ ਬਹੁਤ ਸਾਰੀਆਂ ਸ਼ਿਕਾਇਤਾਂ ਆਈਆਂ ਹਨ, ਲੋਕ ਚਾਕੂ ਅਤੇ ਛੂਰਾ ਲੈ ਕੇ ਆਏ ਹਨ।"

ਇਹ ਵੀ ਪੜ੍ਹੋ-

ਸਕੂਲ ਨੇ ਕੀ ਕਿਹਾ?

ਸੈਂਕੜੇ ਲੋਕ ਇਕੱਠੇ ਹੋ ਗਏ ਅਤੇ ਸਕੂਲ ਵੱਲ ਭੱਜੇ

ਤਸਵੀਰ ਸਰੋਤ, Pawan Jaiswal

ਤਸਵੀਰ ਕੈਪਸ਼ਨ, ਸੈਂਕੜੇ ਲੋਕ ਇਕੱਠੇ ਹੋ ਗਏ ਅਤੇ ਸਕੂਲ ਵੱਲ ਭੱਜੇ

ਸੈਵੰਥ ਡੇਅ ਸਕੂਲ ਦੀ ਪ੍ਰਸ਼ਾਸਨਿਕ ਅਧਿਕਾਰੀ ਮਯੂਰਿਕਾਬੇਨ ਪਟੇਲ ਨੇ ਮੀਡੀਆ ਨੂੰ ਦੱਸਿਆ, "ਬੱਚੇ ਕੱਲ੍ਹ ਸਕੂਲ ਤੋਂ ਬਾਅਦ ਬਾਹਰ ਜਾ ਰਹੇ ਸਨ।"

"ਉਸ ਸਮੇਂ ਸਾਹਮਣੇ ਵਾਲੀ ਗਲੀ ਵਿੱਚ ਇੱਕ ਬੱਚੇ ਨੂੰ ਕੁੱਟਿਆ ਗਿਆ, ਫਿਰ ਉਹ ਦਫ਼ਤਰ ਦੇ ਪਿੱਛੇ ਆਪਣਾ ਪੇਟ ਫੜ੍ਹ ਕੇ ਬੈਠਾ ਰਿਹਾ।"

"ਕਿਸੇ ਨੇ ਆ ਕੇ ਸਟਾਫ਼ ਨੂੰ ਦੱਸਿਆ ਕਿ ਕਿਸੇ ਨੇ ਤੁਹਾਡੇ ਬੱਚੇ ਨੂੰ ਥੱਪੜ ਮਾਰਿਆ ਹੈ। ਅਸੀਂ ਤੁਰੰਤ ਐਂਬੂਲੈਂਸ ਬੁਲਾਈ, ਪਰ ਉਸ ਸਮੇਂ ਐਂਬੂਲੈਂਸ ਨਹੀਂ ਆਈ।"

"ਇਸ ਲਈ ਅਸੀਂ ਬੱਚੇ ਨੂੰ ਬਿਨਾਂ ਉਡੀਕ ਕੀਤੇ ਰਿਕਸ਼ੇ ਵਿੱਚ ਹਸਪਤਾਲ ਲੈ ਗਏ। ਐਂਬੂਲੈਂਸ ਟ੍ਰੈਫਿਕ ਕਾਰਨ ਨਹੀਂ ਪਹੁੰਚ ਸਕੀ।"

ਜਦੋਂ ਪੁੱਛਿਆ ਗਿਆ ਕਿ ਇੱਕ ਵਿਦਿਆਰਥੀ ਸਕੂਲ ਵਿੱਚ ਤੇਜ਼ਧਾਰ ਹਥਿਆਰ ਕਿਵੇਂ ਲਿਆ ਸਕਦਾ ਹੈ, ਤਾਂ ਮਯੂਰਿਕਾ ਪਟੇਲ ਨੇ ਕਿਹਾ, "ਅਜਿਹਾ ਨਹੀਂ ਲੱਗਦਾ ਕਿ ਵਿਦਿਆਰਥੀ ਆਪਣੇ ਬੈਗ਼ ਵਿੱਚ ਤੇਜ਼ਧਾਰ ਹਥਿਆਰ ਲੈ ਕੇ ਆਇਆ ਸੀ। ਹੋ ਸਕਦਾ ਹੈ ਕਿ ਉਸ ਨੇ ਹਥਿਆਰ ਆਪਣੀ ਕਾਰ ਵਿੱਚ ਬਾਹਰ ਰੱਖਿਆ ਹੋਵੇ।"

ਗੁਜਰਾਤ

ਪੁਲਿਸ ਨੇ ਘਟਨਾ ਬਾਰੇ ਕੀ ਕਿਹਾ?

ਐਡਮਿਨ ਅਫ਼ਸਰ

ਤਸਵੀਰ ਸਰੋਤ, Pawan Jaiswal

ਤਸਵੀਰ ਕੈਪਸ਼ਨ, ਸੈਵੇਂਥ ਡੇਅ ਸਕੂਲ ਦੀ ਐਡਮਿਨ ਅਫ਼ਸਰ ਮਯੂਰਿਕਾਬੇਨ ਪਟੇਲ

ਅਹਿਮਦਾਬਾਦ ਦੇ ਸੈਕਟਰ-2 ਦੇ ਸੰਯੁਕਤ ਪੁਲਿਸ ਕਮਿਸ਼ਨਰ (ਜੇਸੀਪੀ) ਜੈਪਾਲ ਸਿੰਘ ਰਾਠੌੜ ਨੇ ਇਸ ਬਾਰੇ ਮੀਡੀਆ ਨੂੰ ਦੱਸਿਆ, "ਕੱਲ੍ਹ, ਸਕੂਲ ਵਿੱਚ ਦਸਵੀਂ ਜਮਾਤ ਵਿੱਚ ਪੜ੍ਹਦੇ ਦੋ ਵਿਦਿਆਰਥੀਆਂ ਵਿਚਕਾਰ ਹੋਈ ਲੜਾਈ ਵਿੱਚ, ਇੱਕ ਬੱਚੇ ਨੇ ਦੂਜੇ ਨੂੰ ਚਾਕੂ ਮਾਰ ਦਿੱਤਾ। ਖੋਖਰਾ ਪੁਲਿਸ ਨੇ ਕਤਲ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕੀਤਾ ਹੈ।"

ਉਨ੍ਹਾਂ ਕਿਹਾ, "ਚਾਕੂ ਨਾਲ ਜ਼ਖਮੀ ਬੱਚੇ ਦੀ ਮੌਤ ਹੋ ਗਈ ਹੈ। ਸਿੰਧੀ ਭਾਈਚਾਰੇ ਦੇ ਲੋਕ ਅਤੇ ਹੋਰ ਮਾਪੇ ਅੱਜ ਸਵੇਰੇ ਸਕੂਲ ਆਏ ਸਨ।"

ਉਨ੍ਹਾਂ ਕਿਹਾ, "ਇੱਥੇ ਲੋੜੀਂਦੀ ਗਿਣਤੀ ਵਿੱਚ ਪੁਲਿਸ ਮੌਜੂਦ ਹੈ। ਅਸੀਂ ਐੱਫਆਈਆਰ ਦਰਜ ਕਰ ਲਈ ਹੈ ਅਤੇ ਮੁੱਖ ਇਲਜ਼ਾਮ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ।"

ਪੁਲਿਸ ਦੀ ਮੌਜੂਦਗੀ ਵਿੱਚ ਸਕੂਲ ਵਿੱਚ ਦਾਖ਼ਲ ਹੋਣ ਅਤੇ ਭੰਨਤੋੜ ਕਰਨ ਬਾਰੇ, ਜੇਸੀਪੀ ਰਾਠੌੜ ਨੇ ਕਿਹਾ, "ਪੁਲਿਸ ਸਾਰੇ ਸੀਸੀਟੀਵੀ 'ਤੇ ਨਜ਼ਰ ਰੱਖੇਗੀ ਅਤੇ ਇਸਦੀ ਵੀਡੀਓਗ੍ਰਾਫੀ ਵੀ ਕੀਤੀ ਗਈ ਹੈ।"

ਸਿੱਖਿਆ ਅਧਿਕਾਰੀ ਨੇ ਸਕੂਲ ਬਾਰੇ ਕੀ ਕਿਹਾ?

ਗੁਜਰਾਤ

ਤਸਵੀਰ ਸਰੋਤ, Pawan Jaiswal

ਤਸਵੀਰ ਕੈਪਸ਼ਨ, ਜੇਸੀਪੀ ਜੈਪਾਲ ਸਿੰਘ ਰਾਠੌਰ

ਇਸ ਘਟਨਾ ਬਾਰੇ, ਜ਼ਿਲ੍ਹਾ ਸਿੱਖਿਆ ਅਧਿਕਾਰੀ ਰੋਹਿਤ ਚੌਧਰੀ ਨੇ ਮੀਡੀਆ ਨੂੰ ਦੱਸਿਆ, "ਪੁਲਿਸ ਸੀਸੀਟੀਵੀ ਫੁਟੇਜ ਦੇ ਆਧਾਰ 'ਤੇ ਕਾਰਵਾਈ ਕਰੇਗੀ। ਅਸੀਂ ਇੱਥੇ ਜਾਂਚ ਕਰਾਂਗੇ ਕਿ ਸਕੂਲ ਨੇ ਕਿਹੜੀ ਲਾਪਰਵਾਹੀ ਕੀਤੀ ਹੈ।"

"ਜੇਕਰ ਇਹ ਸੱਚ ਹੈ ਕਿ ਬੱਚੇ ਨੂੰ ਅੱਧੇ ਘੰਟੇ ਤੱਕ ਇਲਾਜ ਲਈ ਨਹੀਂ ਪਹੁੰਚਾਇਆ ਗਿਆ, ਤਾਂ ਅਸੀਂ ਇਸਦੀ ਰਿਪੋਰਟ ਕਰਾਂਗੇ। ਜੇਕਰ ਸਕੂਲ ਜ਼ਿੰਮੇਵਾਰ ਪਾਇਆ ਜਾਂਦਾ ਹੈ, ਤਾਂ ਸਰਕਾਰ ਐੱਨਓਸੀ ਰੱਦ ਕਰ ਸਕਦੀ ਹੈ। ਇਹ ਇੱਕ ਆਈਸੀਐੱਸਸੀ ਬੋਰਡ ਸਕੂਲ ਸੀ।"

ਮਾਮਲੇ ਦੀ ਜਾਂਚ ਕ੍ਰਾਈਮ ਬ੍ਰਾਂਚ ਨੂੰ ਸੌਂਪ ਦਿੱਤੀ ਗਈ ਹੈ

ਅਹਿਮਦਾਬਾਦ ਜ਼ਿਲ੍ਹਾ ਸਿੱਖਿਆ ਅਧਿਕਾਰੀ ਰੋਹਿਤ ਚੌਧਰੀ

ਤਸਵੀਰ ਸਰੋਤ, Pawan Jaiswal

ਤਸਵੀਰ ਕੈਪਸ਼ਨ, ਅਹਿਮਦਾਬਾਦ ਜ਼ਿਲ੍ਹਾ ਸਿੱਖਿਆ ਅਧਿਕਾਰੀ ਰੋਹਿਤ ਚੌਧਰੀ

ਅਹਿਮਦਾਬਾਦ ਦੇ ਸੰਯੁਕਤ ਪੁਲਿਸ ਕਮਿਸ਼ਨਰ (ਅਪਰਾਧ) ਸ਼ਰਦ ਸਿੰਘਲ ਵੀ ਮੌਕੇ 'ਤੇ ਪਹੁੰਚੇ।

ਉਨ੍ਹਾਂ ਮੀਡੀਆ ਨੂੰ ਦੱਸਿਆ, "ਇਹ ਘਟਨਾ ਕੱਲ੍ਹ (ਮੰਗਲਵਾਰ) ਦੁਪਹਿਰ 12:30 ਵਜੇ ਦੇ ਕਰੀਬ ਵਾਪਰੀ, ਜਿਸ ਵਿੱਚ 10ਵੀਂ ਜਮਾਤ ਦੇ ਇੱਕ ਵਿਦਿਆਰਥੀ 'ਤੇ ਉਸੇ ਜਮਾਤ ਵਿੱਚ ਪੜ੍ਹਦੇ ਹੋਰ ਵਿਦਿਆਰਥੀਆਂ ਨੇ ਹਮਲਾ ਕੀਤਾ।"

ਪੁਲਿਸ ਨੇ ਧਾਰਾ 307 ਦੇ ਤਹਿਤ ਮਾਮਲਾ ਦਰਜ ਕੀਤਾ ਸੀ। ਵਿਦਿਆਰਥੀ ਦੀ ਅੱਜ ਸਵੇਰੇ ਮੌਤ ਹੋ ਗਈ, ਇਸ ਲਈ ਧਾਰਾ 302 ਲਗਾਈ ਗਈ ਹੈ।

ਸ਼ਰਦ ਸਿੰਘਲ ਨੇ ਕਿਹਾ, "ਪੁਲਿਸ ਨੇ ਉਹ ਚਾਕੂ ਜ਼ਬਤ ਕਰ ਲਿਆ ਹੈ ਜਿਸ ਨਾਲ ਵਿਦਿਆਰਥੀ 'ਤੇ ਹਮਲਾ ਕੀਤਾ ਗਿਆ ਸੀ। ਪੁਲਿਸ ਨੇ ਦੋ ਮੁੰਡਿਆਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ।"

ਮਾਪਿਆਂ ਨੇ ਸਕੂਲ ਦੇ ਦਫ਼ਤਰ ਦੀ ਭੰਨਤੋੜ ਕੀਤੀ।

ਤਸਵੀਰ ਸਰੋਤ, Pawan Jaiswal

ਤਸਵੀਰ ਕੈਪਸ਼ਨ, ਮਾਪਿਆਂ ਨੇ ਸਕੂਲ ਦੇ ਦਫ਼ਤਰ ਦੀ ਭੰਨਤੋੜ ਕੀਤੀ

"ਜੇਕਰ ਇਹ ਵੀ ਪਤਾ ਲੱਗਾ ਹੈ ਕਿ ਇਸ ਵਿੱਚ ਹੋਰ ਲੋਕ ਸ਼ਾਮਲ ਸਨ, ਤਾਂ ਉਨ੍ਹਾਂ ਨੂੰ ਵੀ ਹਿਰਾਸਤ ਵਿੱਚ ਲੈ ਲਿਆ ਜਾਵੇਗਾ। ਬਾਕੀ ਸੀਸੀਟੀਵੀ ਕੈਮਰਿਆਂ ਨੂੰ ਦੇਖਣ ਤੋਂ ਬਾਅਦ ਪਤਾ ਲੱਗੇਗਾ।"

ਜੇਸੀਪੀ ਸਿੰਘਲ ਨੇ ਕਿਹਾ, "ਸਵੇਰੇ ਮਾਪਿਆਂ ਨੇ ਇਸ ਮਾਮਲੇ ਦੀ ਜਾਂਚ ਕ੍ਰਾਈਮ ਬ੍ਰਾਂਚ ਨੂੰ ਸੌਂਪਣ ਦੀ ਮੰਗ ਕੀਤੀ ਸੀ, ਜਿਸ ਨੂੰ ਪੁਲਿਸ ਕਮਿਸ਼ਨਰ ਨੇ ਸਵੀਕਾਰ ਕਰ ਲਿਆ ਹੈ। ਹੁਣ ਇਹ ਜਾਂਚ ਕ੍ਰਾਈਮ ਬ੍ਰਾਂਚ ਨੂੰ ਸੌਂਪ ਦਿੱਤੀ ਗਈ ਹੈ।"

ਸਕੂਲ ਵਿਰੁੱਧ ਲੱਗੇ ਇਲਜ਼ਾਮਾਂ ਬਾਰੇ, ਉਨ੍ਹਾਂ ਕਿਹਾ, "ਅਜਿਹੇ ਇਲਜ਼ਾਮ ਹਨ ਕਿ ਕੱਲ੍ਹ (ਮੰਗਲਵਾਰ) ਦੀ ਘਟਨਾ ਤੋਂ ਬਾਅਦ ਪਾਣੀ ਦੇ ਟੈਂਕਰ ਨੂੰ ਬੁਲਾ ਕੇ ਸਬੂਤਾਂ ਨੂੰ ਨਸ਼ਟ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ।"

"ਇਸ ਸਬੰਧ ਵਿੱਚ ਐੱਫਐੱਸਐੱਲ ਨੂੰ ਬੁਲਾਇਆ ਗਿਆ ਹੈ ਅਤੇ ਉਹ ਜਾਂਚ ਕਰੇਗਾ। ਜੇਕਰ ਇਹ ਪਾਇਆ ਜਾਂਦਾ ਹੈ ਕਿ ਸਬੂਤ ਨਸ਼ਟ ਕਰ ਦਿੱਤੇ ਗਏ ਹਨ, ਤਾਂ ਸ਼ਾਮਲ ਲੋਕਾਂ ਵਿਰੁੱਧ ਧਾਰਾ 201 ਦੇ ਤਹਿਤ ਮਾਮਲਾ ਦਰਜ ਕੀਤਾ ਜਾਵੇਗਾ।"

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)