ਦੁਨੀਆਂ 'ਚ ਪਹਿਲੀ ਵਾਰ ਘੱਟ ਭਾਰ ਵਾਲਿਆਂ ਮੁਕਾਬਲੇ ਮੋਟੇ ਬੱਚਿਆਂ ਦੀ ਗਿਣਤੀ ਵੱਧ ਹੋਈ, ਰਿਪੋਰਟ 'ਚ ਹੈਰਾਨੀਜਨਕ ਖੁਲਾਸੇ, ਜਾਣੋ ਕੀ ਹਨ ਕਾਰਨ

ਬੱਚਿਆਂ ਵਿੱਚ ਮੋਟਾਪੇ ਦੀ ਸਮੱਸਿਆ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅੰਕੜਿਆਂ ਮੁਤਾਬਕ ਬੱਚਿਆਂ ਵਿੱਚ ਮੋਟਾਪੇ ਦੀ ਸਮੱਸਿਆ ਵਧੀ ਹੈ
    • ਲੇਖਕ, ਡੋਮਿਨਿਕ ਹਿਊਜ਼
    • ਰੋਲ, ਗਲੋਬਲ ਹੈਲਥ ਪੱਤਰਕਾਰ

ਬੱਚਿਆਂ ਦੇ ਲਈ ਕੰਮ ਕਰਨ ਵਾਲੀ ਸੰਸਥਾ ਯੂਨੀਸੇਫ ਦੇ ਇੱਕ ਵੱਡੇ ਅਧਿਐਨ ਦੇ ਅਨੁਸਾਰ, ਪਹਿਲੀ ਵਾਰ ਦੁਨੀਆਂ ਵਿੱਚ ਘੱਟ ਭਾਰ ਵਾਲੇ ਬੱਚਿਆਂ ਦੇ ਮੁਕਾਬਲੇ ਮੋਟਾਪੇ ਵਾਲੇ ਬੱਚਿਆਂ ਦੀ ਸੰਖਿਆ ਵਿੱਚ ਵਾਧਾ ਹੋਇਆ ਹੈ।

ਪੰਜ ਤੋਂ 19 ਸਾਲ ਦੀ ਉਮਰ ਵਰਗ ਵਾਲੇ ਲਗਭਗ 10 ਬੱਚਿਆਂ ਵਿੱਚੋਂ ਇੱਕ ਬੱਚਾ ਮੋਟਾਪੇ ਦਾ ਸ਼ਿਕਾਰ ਹੈ। ਲਗਭਗ 188 ਮਿਲੀਅਨ ਬੱਚੇ ਅਤੇ ਨੌਜਵਾਨ ਹੁਣ ਮੋਟਾਪੇ ਤੋਂ ਪ੍ਰਭਾਵਿਤ ਸਮਝੇ ਜਾ ਰਹੇ ਹਨ।

ਖੋਜਕਰਤਾ ਇਸ ਦੇ ਲਈ ਖਾਣੇ 'ਚ ਆਈ ਤਬਦੀਲੀ ਨੂੰ ਦੋਸ਼ੀ ਠਹਿਰਾਉਂਦੇ ਹਨ, ਜਿਨ੍ਹਾਂ ਦਾ ਕਹਿਣਾ ਹੈ ਕਿ ਲੋਕ ਰਵਾਇਤੀ ਖੁਰਾਕਾਂ ਤੋਂ ਅਲਟਰਾ-ਪ੍ਰੋਸੈਸਡ ਭੋਜਨਾਂ 'ਤੇ ਬਹੁਤ ਜ਼ਿਆਦਾ ਨਿਰਭਰ ਹੋ ਗਏ ਹਨ ਜੋ ਕਿ ਮੁਕਾਬਲਤਨ ਸਸਤੇ ਅਤੇ ਵਧੇਰੇ ਕੈਲੋਰੀ ਵਾਲੇ ਹੁੰਦੇ ਹਨ।

ਸੰਯੁਕਤ ਰਾਸ਼ਟਰ ਏਜੰਸੀ ਦੀ ਯੂਨੀਸੇਫ ਸਰਕਾਰਾਂ ਨੂੰ ਅਪੀਲ ਕਰ ਰਹੀ ਹੈ ਕਿ ਬੱਚਿਆਂ ਦੇ ਭੋਜਨ ਨੂੰ ਖ਼ਤਰਨਾਕ ਸਮੱਗਰੀ ਤੋਂ ਬਚਾਇਆ ਜਾਵੇ ਅਤੇ ਅਤਿ-ਪ੍ਰੋਸੈਸਡ ਭੋਜਨ ਉਦਯੋਗ ਨੂੰ ਨੀਤੀ-ਨਿਰਮਾਣ 'ਚ ਦਖਲਅੰਦਾਜ਼ੀ ਤੋਂ ਹਟਾਇਆ ਜਾਵੇ।

ਜ਼ਿਆਦਾ ਭਾਰ ਅਤੇ ਕੁਪੋਸ਼ਣ

ਬੱਚਿਆਂ ਵਿੱਚ ਮੋਟਾਪੇ ਦੀ ਸਮੱਸਿਆ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਵੱਧ ਭਾਰ ਹੋਣ ਦੇ ਬਾਵਜੂਦ ਵੀ ਕੁਪੋਸ਼ਣ ਦੀ ਸਮੱਸਿਆ ਹੋ ਸਕਦੀ ਹੈ

ਜਦੋਂ ਸਿਹਤ ਮਾਹਰ ਕੁਪੋਸ਼ਣ ਵਾਲੇ ਬੱਚਿਆਂ ਦਾ ਹਵਾਲਾ ਦਿੰਦੇ ਸਨ, ਤਾਂ ਉਨ੍ਹਾਂ ਨੂੰ ਅਕਸਰ ਘੱਟ ਭਾਰ ਵਾਲੇ ਬੱਚੇ ਸਮਝਿਆ ਜਾਂਦਾ ਸੀ।

ਹੁਣ ਮਾਮਲਾ ਅਜਿਹਾ ਨਹੀਂ ਹੈ - ਇਹ ਸ਼ਬਦ ਹੁਣ ਬੱਚਿਆਂ ਦੀ ਸਿਹਤ ਅਤੇ ਵਿਕਾਸ 'ਤੇ ਮੋਟਾਪੇ ਦੇ ਪ੍ਰਭਾਵ ਨੂੰ ਵੀ ਦਰਸਾਉਂਦਾ ਹੈ। ਇਹ ਹੁਣ ਇੱਕ ਅਸਲ ਚਿੰਤਾ ਹੈ, ਇੱਥੋਂ ਤੱਕ ਕਿ ਗਰੀਬ ਦੇਸ਼ਾਂ ਵਿੱਚ ਵੀ।

ਬੱਚਿਆਂ ਨੂੰ ਜ਼ਿਆਦਾ ਭਾਰ ਵਾਲਾ ਉਦੋਂ ਮੰਨਿਆ ਜਾਂਦਾ ਹੈ ਜਦੋਂ ਉਨ੍ਹਾਂ ਦਾ ਭਾਰ ਉਨ੍ਹਾਂ ਦੀ ਉਮਰ, ਲਿੰਗ ਅਤੇ ਉਚਾਈ ਦੇ ਹਿਸਾਬ ਨਾਲ ਸਿਹਤਮੰਦ ਭਾਰ ਨਾਲੋਂ ਕਾਫ਼ੀ ਜ਼ਿਆਦਾ ਹੁੰਦਾ ਹੈ।

ਮੋਟਾਪਾ, ਜ਼ਿਆਦਾ ਭਾਰ ਦਾ ਇੱਕ ਗੰਭੀਰ ਰੂਪ ਹੈ, ਜਿਸ ਕਰਕੇ ਅੱਗੇ ਜਾ ਕੇ ਵਿਅਕਤੀ ਨੂੰ ਜੀਵਨ ਵਿੱਚ ਟਾਈਪ 2 ਸ਼ੂਗਰ, ਦਿਲ ਦੀ ਬਿਮਾਰੀ ਅਤੇ ਕੁਝ ਕੈਂਸਰਾਂ ਦੇ ਉੱਚ ਜੋਖ਼ਮ ਵੀ ਹੋ ਸਕਦੇ ਹਨ।

ਬਚਪਨ ਵਿੱਚ ਸਹੀ ਮਾਤਰਾ ਵਿੱਚ ਫਲ, ਸਬਜ਼ੀਆਂ ਅਤੇ ਪ੍ਰੋਟੀਨ ਸਮੇਤ ਚੰਗਾ ਪੋਸ਼ਣ ਵਿਕਾਸ, ਬੋਧਾਤਮਕ ਵਿਕਾਸ ਅਤੇ ਮਾਨਸਿਕ ਸਿਹਤ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।

ਪਰ ਬਹੁਤ ਸਾਰੀਆਂ ਰਵਾਇਤੀ ਖੁਰਾਕਾਂ ਦੀ ਥਾਂ ਅਲਟਰਾ-ਪ੍ਰੋਸੈਸਡ ਭੋਜਨਾਂ ਨੇ ਲੈ ਲਈ ਹੈ, ਜਿਨ੍ਹਾਂ ਵਿੱਚ ਅਕਸਰ ਖੰਡ, ਸਟਾਰਚ, ਨਮਕ, ਗੈਰ-ਸਿਹਤਮੰਦ ਚਰਬੀ ਅਤੇ ਐਡਿਟਿਵ ਜ਼ਿਆਦਾ ਹੁੰਦੇ ਹਨ।

ਯੂਨੀਸੇਫ ਦੀ ਕਾਰਜਕਾਰੀ ਨਿਰਦੇਸ਼ਕ ਕੈਥਰੀਨ ਰਸਲ ਦਾ ਕਹਿਣਾ ਹੈ ਕਿ ਮੋਟਾਪੇ ਦੁਆਰਾ ਪੈਦਾ ਹੋਈਆਂ ਚੁਣੌਤੀਆਂ ਨੂੰ ਘੱਟ ਨਹੀਂ ਸਮਝਣਾ ਚਾਹੀਦਾ।

ਉਹ ਕਹਿੰਦੇ ਹਨ, "ਹੁਣ ਜਦੋਂ ਅਸੀਂ ਕੁਪੋਸ਼ਣ ਬਾਰੇ ਗੱਲ ਕਰਦੇ ਹਾਂ, ਤਾਂ ਅਸੀਂ ਸਿਰਫ਼ ਘੱਟ ਭਾਰ ਵਾਲੇ ਬੱਚਿਆਂ ਬਾਰੇ ਗੱਲ ਨਹੀਂ ਕਰ ਰਹੇ ਹੁੰਦੇ।''

"ਮੋਟਾਪਾ ਇੱਕ ਵਧਦੀ ਚਿੰਤਾ ਹੈ ਜੋ ਬੱਚਿਆਂ ਦੀ ਸਿਹਤ ਅਤੇ ਵਿਕਾਸ ਨੂੰ ਪ੍ਰਭਾਵਿਤ ਕਰ ਸਕਦੀ ਹੈ।"

10 ਵਿੱਚੋਂ 1 ਬੱਚਾ ਹੁਣ ਮੋਟਾ ਹੈ

ਕੁਪੋਸ਼ਣ - ਜੋ ਕਿ ਦੁਰਬਲਤਾ ਅਤੇ ਬੌਣੇਪਣ ਦੇ ਰੂਪ ਵਿੱਚ ਸਾਹਮਣੇ ਆ ਸਕਦਾ ਹੈ - ਬਹੁਤ ਸਾਰੇ ਘੱਟ ਅਤੇ ਮੱਧਮ ਆਮਦਨ ਵਾਲੇ ਦੇਸ਼ਾਂ ਵਿੱਚ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿੱਚ ਇੱਕ ਗੰਭੀਰ ਸਮੱਸਿਆ ਬਣੀ ਹੋਈ ਹੈ।

ਪਰ 190 ਤੋਂ ਵੱਧ ਦੇਸ਼ਾਂ ਦੇ ਅੰਕੜਿਆਂ 'ਤੇ ਅਧਾਰਤ, ਯੂਨੀਸੇਫ ਦੇ ਇੱਕ ਅਧਿਐਨ ਦੇ ਨਵੀਨਤਮ ਅੰਕੜੇ ਦਰਸਾਉਂਦੇ ਹਨ ਕਿ 2000 ਤੋਂ ਬਾਅਦ 5-19 ਸਾਲ ਦੀ ਉਮਰ ਦੇ ਘੱਟ ਭਾਰ ਵਾਲੇ ਬੱਚੇ 13% ਤੋਂ ਘਟ ਕੇ 9.2% ਹੋ ਗਏ।

ਹਾਲਾਂਕਿ, ਮੋਟਾਪੇ ਦੀ ਦਰ 3% ਤੋਂ ਵਧ ਕੇ 9.4% ਹੋ ਗਈ ਹੈ, ਜਿਸਦਾ ਅਰਥ ਹੈ ਕਿ ਲਗਭਗ 10 ਵਿੱਚੋਂ ਇੱਕ ਬੱਚਾ ਹੁਣ ਮੋਟਾ ਹੈ।

ਵੱਧ ਭਾਰ ਵਾਲੇ ਬੱਚਿਆਂ ਦੀ ਗਿਣਤੀ - ਮੋਟੇ ਬੱਚਿਆਂ ਸਮੇਤ - ਇਸ ਹੱਦ ਤੱਕ ਵਧ ਗਈ ਹੈ ਕਿ ਸਕੂਲ ਜਾਣ ਦੀ ਉਮਰ ਵਾਲੇ ਹਰੇਕ ਪੰਜ ਵਿੱਚੋਂ ਇੱਕ ਬੱਚਾ ਹੁਣ ਮੋਟਾ ਹੈ ਅਤੇ ਕਿਸ਼ੋਰ ਜ਼ਿਆਦਾ ਭਾਰ ਵਾਲੇ ਹਨ।

ਦੁਨੀਆਂ ਭਰ ਵਿੱਚ ਅਜਿਹੇ ਲਗਭਗ 391 ਮਿਲੀਅਨ ਬੱਚੇ ਹਨ। ਅਧਿਐਨ ਦਾ ਅਨੁਮਾਨ ਹੈ ਕਿ ਮੋਟਾਪੇ ਦੀ ਦਰ ਘੱਟ ਭਾਰ ਨਾਲੋਂ ਜ਼ਿਆਦਾ ਹੈ।

ਉਪ-ਸਹਾਰਨ ਅਫਰੀਕਾ ਅਤੇ ਦੱਖਣੀ ਏਸ਼ੀਆ ਨੂੰ ਛੱਡ ਕੇ ਹੁਣ ਦੁਨੀਆਂ ਦੇ ਸਾਰੇ ਖੇਤਰਾਂ ਵਿੱਚ ਘੱਟ ਭਾਰ ਦੇ ਮੁਕਾਬਲੇ ਮੋਟਾਪਾ ਵੱਧ ਹੈ।

ਮੋਟਾਪਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਾਹਰਾਂ ਮੁਤਾਬਕ ਬਹੁਤ ਸਾਰੇ ਦੇਸ਼ਾਂ ਵਿੱਚ ਅਸੀਂ ਕੁਪੋਸ਼ਣ ਦਾ ਦੋਹਰਾ ਬੋਝ ਪੈ ਰਿਹਾ ਹੈ

ਬੱਚਿਆਂ ਅਤੇ ਨੌਜਵਾਨਾਂ ਵਿੱਚ ਮੋਟਾਪੇ ਦੀ ਸਭ ਤੋਂ ਵੱਧ ਦਰ ਕੁਝ ਪ੍ਰਸ਼ਾਂਤ ਟਾਪੂ ਦੇਸ਼ਾਂ ਵਿੱਚ ਪਾਈ ਜਾਂਦੀ ਹੈ, ਜਿਨ੍ਹਾਂ ਵਿੱਚ ਨਿਯੂ (38%), ਕੁੱਕ ਆਈਲੈਂਡਜ਼ (37%) ਅਤੇ ਨੌਰੂ (33%) ਸ਼ਾਮਲ ਹਨ।

ਪਰ ਬਹੁਤ ਸਾਰੇ ਉੱਚ-ਆਮਦਨ ਵਾਲੇ ਦੇਸ਼ ਵੀ ਗੰਭੀਰ ਮੋਟਾਪੇ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ। 5-19 ਸਾਲ ਦੀ ਉਮਰ ਦੇ ਬੱਚਿਆਂ ਵਿੱਚ, ਚਿਲੀ ਵਿੱਚ 27%, ਸੰਯੁਕਤ ਰਾਜ ਵਿੱਚ 21% ਅਤੇ ਸੰਯੁਕਤ ਅਰਬ ਅਮੀਰਾਤ ਵਿੱਚ 21% ਬੱਚੇ ਮੋਟੇ ਹਨ।

ਵਿਸ਼ਵ ਪੱਧਰ 'ਤੇ ਅਤੇ ਵੱਖ-ਵੱਖ ਖੇਤਰਾਂ ਵਿੱਚ, 15-19 ਸਾਲ ਦੀ ਉਮਰ ਦੇ ਕਿਸ਼ੋਰਾਂ ਨੂੰ ਛੱਡ ਕੇ ਬਾਕੀ ਸਾਰੇ ਉਮਰ ਸਮੂਹਾਂ ਵਿੱਚ ਕੁੜੀਆਂ ਦੇ ਮੁਕਾਬਲੇ ਮੁੰਡਿਆਂ ਵਿੱਚ ਜ਼ਿਆਦਾ ਭਾਰ ਹੋਣਾ ਵਧੇਰੇ ਆਮ ਹੈ।

ਯੂਨੀਸੇਫ ਦੇ ਕੈਥਰੀਨ ਰਸਲ ਕਹਿੰਦੇ ਹਨ, "ਬਹੁਤ ਸਾਰੇ ਦੇਸ਼ਾਂ ਵਿੱਚ ਅਸੀਂ ਕੁਪੋਸ਼ਣ ਦਾ ਦੋਹਰਾ ਬੋਝ ਦੇਖ ਰਹੇ ਹਾਂ - ਬੌਣਾਪਣ ਅਤੇ ਮੋਟਾਪਾ।

"ਇਸ ਵਿੱਚ ਦਖਲਅੰਦਾਜ਼ੀ ਦੀ ਲੋੜ ਹੈ।''

ਉਹ ਕਹਿੰਦੇ ਹਨ, "ਹਰੇਕ ਬੱਚੇ ਨੂੰ ਪੌਸ਼ਟਿਕ ਅਤੇ ਕਿਫਾਇਤੀ ਭੋਜਨ ਮਿਲਣਾ ਚਾਹੀਦਾ ਹੈ, ਜੋ ਉਨ੍ਹਾਂ ਦੇ ਵਿਕਾਸ ਵਿੱਚ ਮਦਦ ਕਰਦਾ ਹੈ।''

ਕੈਥਰੀਨ ਮੁਤਾਬਕ, "ਸਾਨੂੰ ਤੁਰੰਤ ਅਜਿਹੀਆਂ ਨੀਤੀਆਂ ਦੀ ਲੋੜ ਹੈ ਜੋ ਮਾਪਿਆਂ ਅਤੇ ਦੇਖਭਾਲ ਕਰਨ ਵਾਲਿਆਂ ਨੂੰ ਉਨ੍ਹਾਂ ਦੇ ਬੱਚਿਆਂ ਲਈ ਪੌਸ਼ਟਿਕ ਅਤੇ ਸਿਹਤਮੰਦ ਭੋਜਨ ਪ੍ਰਦਾਨ ਕਰਨ ਵਿੱਚ ਸਹਾਇਤਾ ਕਰਨ।"

ਕਾਲ ਟੂ ਐਕਸ਼ਨ

 ਖਾਣੇ ਲਈ ਕਤਾਰ 'ਚ ਲੱਗੇ ਬੱਚੇ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਖਾਣੇ ਲਈ ਕਤਾਰ 'ਚ ਲੱਗੇ ਬੱਚੇ

ਯੂਨੀਸੇਫ ਦੁਆਰਾ ਚੇਂਗਦੂ, ਚੀਨ, ਇੰਡੋਨੇਸ਼ੀਆ, ਫਿਲੀਪੀਨਜ਼ ਅਤੇ ਥਾਈਲੈਂਡ ਵਿੱਚ ਕੀਤੀ ਗਈ ਖੋਜ ਵਿੱਚ ਪਾਇਆ ਗਿਆ ਕਿ ਸੁਪਰਮਾਰਕੀਟਾਂ ਜਾਂ ਸੁਵਿਧਾ ਸਟੋਰਾਂ ਤੋਂ ਭੋਜਨ ਖਰੀਦਣ ਵਾਲੇ ਦਸ ਵਿੱਚੋਂ ਨੌਂ ਕਿਸ਼ੋਰ ਅਕਸਰ ਮਿੱਠੇ ਅਤੇ ਨਮਕੀਨ ਸਨੈਕਸ ਖਰੀਦਦੇ ਹਨ - ਜਿਵੇਂ ਕਿ ਮਿਠਾਈਆਂ, ਬਿਸਕੁਟ, ਚਿਪਸ ਅਤੇ ਆਈਸ ਕ੍ਰੀਮ।

ਤਨਜ਼ਾਨੀਆ ਅਤੇ ਜ਼ਿੰਬਾਬਵੇ ਵਿੱਚ, ਰਿਪੋਰਟ ਵਿੱਚ ਪਾਇਆ ਗਿਆ ਕਿ ਅਤਿ-ਪ੍ਰੋਸੈਸਡ ਭੋਜਨ ਅਤੇ ਪੀਣ ਵਾਲੇ ਪਦਾਰਥਾਂ ਨਾਲ ਜੁੜੇ ਉਦਯੋਗ ਸਕੂਲ ਦੀਆਂ ਦੁਕਾਨਾਂ ਅਤੇ ਕੰਟੀਨਾਂ ਨਾਲ ਸਿੱਧੀ ਭਾਈਵਾਲੀ ਬਣਾਉਂਦੇ ਹਨ, ਸਮਾਗਮਾਂ ਨੂੰ ਸਪਾਂਸਰ ਕਰਦੇ ਹਨ, ਬ੍ਰਾਂਡ ਵਾਲੇ ਉਤਪਾਦਾਂ ਦੀ ਸਪਲਾਈ ਕਰਦੇ ਹਨ ਅਤੇ ਸਕੂਲ ਦੇ ਰੁਟੀਨ ਵਿੱਚ ਆਪਣੀ ਮੌਜੂਦਗੀ ਨੂੰ ਮਹਿਸੂਸ ਕਰਾਉਂਦੇ ਹਨ।

ਰਿਪੋਰਟ ਦੇ ਅਨੁਸਾਰ, ਸੰਘਰਸ਼ ਪ੍ਰਭਾਵਿਤ ਦੇਸ਼ਾਂ ਦੇ ਨੌਜਵਾਨ ਵੀ ਗੈਰ-ਸਿਹਤਮੰਦ ਭੋਜਨ ਖਾਂਦੇ ਹਨ।

ਕੁੱਲ ਮਿਲਾ ਕੇ, ਅਜਿਹੇ ਵਾਤਾਵਰਣਾਂ ਵਿੱਚ 68% ਨੌਜਵਾਨ ਅਜਿਹੇ ਭੋਜਨਾਂ ਲਈ ਇਸ਼ਤਿਹਾਰਾਂ ਦੇ ਸੰਪਰਕ ਵਿੱਚ ਆਏ ਹਨ, ਜਿਸ ਵਿੱਚ ਇਰਾਕ (82%), ਲੇਬਨਾਨ (81%) ਅਤੇ ਯੂਕਰੇਨ (84%) ਵਿੱਚ ਮਹੱਤਵਪੂਰਨ ਵਾਧਾ ਦੇਖਿਆ ਗਿਆ ਹੈ।

ਯੂਨੀਸੇਫ ਚੇਤਾਵਨੀ ਦਿੰਦਾ ਹੈ ਕਿ ਜੇ ਕੁਝ ਨਾ ਕੀਤਾ ਗਿਆ ਤਾਂ ਇਸਦੇ ਸੰਭਾਵਿਤ ਸਿਹਤ ਪ੍ਰਭਾਵ ਅਤੇ ਆਰਥਿਕ ਪ੍ਰਭਾਵ ਬਹੁਤ ਵੱਡੇ ਹੋਣਗੇ।

ਰਿਪੋਰਟ ਵਿੱਚ ਅਨੁਮਾਨ ਲਗਾਇਆ ਗਿਆ ਹੈ ਕਿ 2035 ਤੱਕ, ਵੱਧ ਭਾਰ ਅਤੇ ਮੋਟਾਪੇ ਦਾ ਵਿਸ਼ਵਵਿਆਪੀ ਆਰਥਿਕ ਪ੍ਰਭਾਵ ਸਾਲਾਨਾ 4 ਟ੍ਰਿਲੀਅਨ ਅਮਰੀਕੀ ਡਾਲਰ ਤੋਂ ਵੱਧ ਹੋਣ ਦੀ ਉਮੀਦ ਹੈ।

ਏਜੰਸੀ ਦੀ ਸਰਕਾਰਾਂ ਨੂੰ ਅਪੀਲ ਹੈ ਕਿ ਕੁਝ ਕੀਤਾ ਜਾਵੇ, ਜਿਸ ਵਿੱਚ ਖਾਣੇ ਦੀ ਲੇਬਲਿੰਗ ਅਤੇ ਮਾਰਕੀਟਿੰਗ ਸਬੰਧੀ ਕਦਮ ਚੁੱਕਣ ਦੀ ਲੋੜ ਹੈ ਅਤੇ ਨਾਲ ਹੀ ਇਹ ਯਕੀਨੀ ਬਣਾਇਆ ਜਾਵੇ ਕਿ ਅਲਟਰਾ ਪ੍ਰੋਸੈੱਸਡ ਫ਼ੂਡ ਇੰਡਸਟਰੀ ਕਿਸੇ ਵੀ ਤਰ੍ਹਾਂ ਨਾਲ ਨੀਤੀ-ਨਿਰਮਾਣ ਵਿੱਚ ਦਖਲਅੰਦਾਜ਼ੀ ਨਾ ਦੇਵੇ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)