ਟਮਾਟਰ ਅਤੇ ਆਲੂ ਵਿਚਕਾਰ ਕੀ ਪੁਰਾਤਨ ਰਿਸ਼ਤਾ ਹੈ, ਕਿਹੜੇ ਨਵੇਂ ਰਹੱਸ ਸੁਲਝਾਏ ਗਏ
- ਲੇਖਕ, ਡਾਲਿਆ ਵੇਂਚੁਰਾ
- ਰੋਲ, ਬੀਬੀਸੀ ਪੱਤਰਕਾਰ

ਤਸਵੀਰ ਸਰੋਤ, Getty Images
ਤਕਰੀਬਨ 90 ਲੱਖ ਸਾਲ ਪਹਿਲਾਂ ਦੱਖਣੀ ਅਮਰੀਕਾ ਦੇ ਐਂਡੀਜ਼ ਪਹਾੜ ਹਾਲੇ ਵਧ ਰਹੇ ਸਨ, ਆਪਣਾ ਵਿਸਥਾਰ ਕਰ ਰਹੇ ਸਨ। ਉਸ ਸਮੇਂ ਮਨੁੱਖ ਮੌਜੂਦ ਨਹੀਂ ਸਨ ਪਰ ਪੌਦਿਆਂ ਦੀਆਂ ਦੋ ਕਿਸਮਾਂ ਨਾਲ-ਨਾਲ ਵਧ ਰਹੀਆਂ ਸਨ।
ਲੰਡਨ ਦੇ ਨੈਚੁਰਲ ਹਿਸਟਰੀ ਮਿਊਜ਼ੀਅਮ ਦੀ ਬਨਸਪਤੀ ਵਿਗਿਆਨੀ ਡਾਕਟਰ ਸੈਂਡਰਾ ਨੈਪ ਕਹਿੰਦੇ ਹਨ, "ਇਨ੍ਹਾਂ ਵਿੱਚੋਂ ਇੱਕ ਸੋਲੇਨਮ ਲਾਈਕੋਪਰਸਰਿਕਮ (ਟਮਾਟਰ) ਸੀ ਅਤੇ ਦੂਜੀ ਸੋਲੇਨਮ ਐਟਿਊਬੇਰੋਸਮ ਸੀ। ਇਸ ਦੀਆਂ ਤਿੰਨ ਮੌਜੂਦਾ ਪ੍ਰਜਾਤੀਆਂ ਅਜੇ ਵੀ ਚਿਲੀ ਅਤੇ ਜੁਆਨ ਫਰਨਾਂਡੇਜ਼ ਟਾਪੂਆਂ ਵਿੱਚ ਪਾਈਆਂ ਜਾਂਦੀਆਂ ਹਨ।"
ਜਿਵੇਂ ਕਿ ਉਨ੍ਹਾਂ ਦੇ ਨਾਵਾਂ ਤੋਂ ਸਮਝਿਆ ਜਾ ਸਕਦਾ ਹੈ, ਦੋਵੇਂ ਪੌਦੇ ਇੱਕ ਦੂਜੇ ਨਾਲ ਸਬੰਧਤ ਸਨ ਅਤੇ ਉਹ ਇੱਕ ਦੂਜੇ ਦੇ ਨਾਲ ਪ੍ਰਜਨਨ ਕਰਦੇ ਸਨ।
ਡਾਕਟਰ ਨੈਪ ਕਹਿੰਦੇ ਹਨ, "ਇਸ ਨਾਲ ਜੀਨਜ਼ ਵਿੱਚ ਇੱਕ ਤਬਦੀਲੀ ਆਈ ਜਿਸਨੇ ਕੁਝ ਨਵਾਂ ਪੈਦਾ ਕੀਤਾ।"
"ਐਂਡੀਜ਼ ਦੇ ਠੰਡੇ, ਖੁਸ਼ਕ ਮੌਸਮ ਨੇ ਮਦਦ ਕੀਤੀ।"
ਮਾਹਰ ਇਸਨੂੰ 'ਇੰਟਰਸਪੇਸ਼ਿਵ ਹਾਈਬ੍ਰਿਡਾਈਜ਼ੇਸ਼ਨ' ਕਹਿੰਦੇ ਹਨ ਅਤੇ ਇਹ ਅਕਸਰ ਹੁੰਦਾ ਹੈ। ਹਾਲਾਂਕਿ, ਕਈ ਵਾਰ ਨਤੀਜੇ ਚੰਗੇ ਨਹੀਂ ਹੁੰਦੇ।
ਮਿਸਾਲ ਦੇ ਤੌਰ ਉੱਤੇ ਖੱਚਰ ਦਾ ਜਨਮ ਇੱਕ ਘੋੜੀ ਅਤੇ ਗਧੇ ਦੇ ਮੇਲ ਤੋਂ ਹੁੰਦਾ ਹੈ। ਇਹ ਇੱਕ ਸਫ਼ਲ ਹਾਈਬ੍ਰਿਡਾਈਜ਼ੇਸ਼ਨ ਹੈ ਜਿਸ ਨੂੰ ਮੁੱਢ ਕਦੀਮ ਤੋਂ ਅਹਿਮੀਅਤ ਦਿੱਤੀ ਜਾ ਰਹੀ ਹੈ। ਪਰ ਇਸ ਵਿੱਚ ਪ੍ਰਜਨਨ ਦੀ ਸਮਰੱਥਾ ਨਹੀਂ ਹੈ।

ਤਸਵੀਰ ਸਰੋਤ, LOC/Biodiversity Heritage Library
ਡਾਕਟਰ ਨੈਪ ਕਹਿੰਦੇ ਹਨ ਕਿ ਹਾਈਬ੍ਰਿਡਾਈਜ਼ੇਸ਼ਨ ਪੌਦਿਆਂ ਦੀ ਦੁਨੀਆਂ ਵਿੱਚ ਵੀ ਹੁੰਦਾ ਹੈ ਅਤੇ ਇਸ ਤਰ੍ਹਾਂ ਸਾਨੂੰ ਅਕਸਰ ਬਾਗ਼ ਵਿੱਚ ਬਹੁਤ ਸਾਰੇ ਨਵੇਂ ਪੌਦੇ ਮਿਲਦੇ ਹਨ।
ਹਾਈਬ੍ਰਿਡਾਈਜ਼ੇਸ਼ਨ ਕੁਦਰਤੀ ਤੌਰ 'ਤੇ ਜਾਂ ਮਨੁੱਖੀ ਦਖਲਅੰਦਾਜ਼ੀ ਰਾਹੀਂ ਹੋ ਸਕਦੀ ਹੈ। ਇਹ ਅਜਿਹੇ ਪੌਦੇ ਪੈਦਾ ਕਰਦਾ ਹੈ ਜੋ ਦੋਵੇਂ ਮੂਲ ਪੌਦਿਆਂ ਦਾ ਮਿਸ਼ਰਣ ਹੁੰਦੇ ਹਨ।
ਉਹ ਕਹਿੰਦੇ ਹਨ, "ਕਈ ਵਾਰ ਅਜਿਹੇ ਪੌਦਿਆਂ ਵਿੱਚ ਪ੍ਰਜਨਨ ਸਮਰੱਥਾ ਨਹੀਂ ਹੁੰਦੀ, ਇਸ ਲਈ ਨਵੀਆਂ ਕਿਸਮਾਂ ਵਿਕਸਤ ਨਹੀਂ ਕੀਤੀਆਂ ਜਾ ਸਕਦੀਆਂ।"
ਪਰ ਜਦੋਂ ਹਾਲਾਤ ਆਦਰਸ਼ ਹੁੰਦੇ ਹਨ ਤਾਂ ਹਾਈਬ੍ਰਿਡਾਈਜ਼ੇਸ਼ਨ ਉਮੀਦ ਤੋਂ ਵੱਧ ਨਤੀਜੇ ਦੇ ਸਕਦੀ ਹੈ।
ਆਲੂਆਂ ਦੇ ਮਾਮਲੇ ਵਿੱਚ ਵੀ ਇਹੀ ਹੋਇਆ। ਲੱਖਾਂ ਸਾਲ ਪਹਿਲਾਂ ਸੋਲੇਨੇਸੀ ਪਰਿਵਾਰ ਦੀਆਂ ਦੋ ਪ੍ਰਜਾਤੀਆਂ ਦੇ ਸੁਮੇਲ ਤੋਂ ਆਲੂ ਵਿਕਸਤ ਹੋਏ ਸਨ।
ਡਾਕਟਰ ਨੈਪ ਕਹਿੰਦੇ ਹਨ, "ਇਹ ਦਿਲਚਸਪ ਹੈ ਕਿ ਆਲੂ ਜੋ ਸਾਡੇ ਲਈ ਰੋਜ਼ਾਨਾ ਦੇ ਆਧਾਰ 'ਤੇ ਬਹੁਤ ਮਹੱਤਵਪੂਰਨ ਅਤੇ ਲਾਭਦਾਇਕ ਹਨ ਦੀ ਉਤਪਤੀ ਇੰਨੀ ਪੁਰਾਣੀ ਅਤੇ ਅਸਾਧਾਰਨ ਹੈ।"
ਚੀਨੀ ਖੇਤੀਬਾੜੀ ਵਿਗਿਆਨ ਅਕੈਡਮੀ ਦੇ ਪ੍ਰੋਫੈਸਰ ਸੈਨਵੇਨ ਹੁਆਂਗ ਕਹਿੰਦੇ ਹਨ, "ਟਮਾਟਰ ਆਲੂ ਦੀ ਮਾਂ ਹੈ ਅਤੇ ਐਟੂਬਰਸਮ ਪਿਤਾ ਹੈ।"
ਪ੍ਰੋਫ਼ੈਸਰ ਸੈਨਵੇਨ ਹੁਆਂਗ ਨੇ ਆਲੂਆਂ ਦੀ ਉਤਪਤੀ ਬਾਰੇ ਇੱਕ ਕੌਮਾਂਤਰੀ ਅਧਿਐਨ ਦੀ ਅਗਵਾਈ ਕੀਤੀ, ਜੋ ਜੁਲਾਈ ਵਿੱਚ ਜਰਨਲ ਸੈੱਲ ਵਿੱਚ ਪ੍ਰਕਾਸ਼ਿਤ ਹੋਇਆ ਸੀ।

ਤਸਵੀਰ ਸਰੋਤ, Thompson & Morgan
ਇੱਕ ਲੰਬੇ ਸਮੇਂ ਤੋਂ ਚੱਲ ਰਹੇ ਰਹੱਸ ਨੂੰ ਸੁਲਝਾਉਣਾ
ਸਖ਼ਤ ਅਤੇ ਸਟਾਰਚ ਵਾਲੇ ਆਲੂ ਲਾਲ ਅਤੇ ਰਸੀਲੇ ਟਮਾਟਰਾਂ ਵਰਗੇ ਨਹੀਂ ਲੱਗਦੇ।
ਪਰ ਡਾਕਟਰ ਨੈਪ ਜੋ ਇਸ ਖੋਜ ਵਿੱਚ ਸ਼ਾਮਲ ਸਨ ਕਹਿੰਦੇ ਹਨ, "ਇਹ ਬਹੁਤ ਇੱਕੋ ਜਿਹੇ ਹਨ।"
ਵਿਗਿਆਨੀਆਂ ਦੇ ਅਨੁਸਾਰ ਆਲੂ ਅਤੇ ਟਮਾਟਰ ਦੇ ਪੱਤੇ ਅਤੇ ਫੁੱਲ ਬਹੁਤ ਮਿਲਦੇ-ਜੁਲਦੇ ਹਨ ਅਤੇ ਆਲੂ ਦੇ ਪੌਦੇ ਦਾ ਫ਼ਲ ਛੋਟੇ ਹਰੇ ਟਮਾਟਰਾਂ ਵਰਗਾ ਦਿਖਾਈ ਦਿੰਦਾ ਹੈ।
ਡਾਕਟਰ ਨੈਪ ਕਹਿੰਦੇ ਹਨ, "ਅਸੀਂ ਜੋ ਦੇਖਦੇ ਹਾਂ ਉਸ ਤੋਂ ਪਰੇ, ਅਸੀਂ ਲੰਬੇ ਸਮੇਂ ਤੋਂ ਜਾਣਦੇ ਹਾਂ ਕਿ ਆਲੂ, ਟਮਾਟਰ ਅਤੇ ਟਿਊਬਰੋਸਮ ਆਪਸ ਵਿੱਚ ਸਬੰਧਤ ਹਨ।"
"ਸਾਨੂੰ ਇਹ ਨਹੀਂ ਪਤਾ ਸੀ ਕਿ ਆਲੂ ਦੇ ਸਭ ਤੋਂ ਨੇੜੇ ਕਿਹੜਾ ਪੌਦਾ ਸੀ, ਕਿਉਂਕਿ ਵੱਖ-ਵੱਖ ਜੀਨਜ਼ ਨੇ ਸਾਨੂੰ ਵੱਖੋ-ਵੱਖਰੀਆਂ ਕਹਾਣੀਆਂ ਸੁਣਾਈਆਂ।"
ਵਿਗਿਆਨੀਆਂ ਨੇ ਦਹਾਕਿਆਂ ਤੋਂ ਇਸ ਪ੍ਰਸਿੱਧ ਆਲੂ ਦੀ ਉਤਪਤੀ ਦੇ ਰਹੱਸ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਹੈ, ਪਰ ਉਨ੍ਹਾਂ ਨੂੰ ਇੱਕ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਹੈ। ਉਹ ਹੈ, ਆਲੂਆਂ ਦੇ 'ਜੈਨੇਟਿਕਸ' ਵਿਲੱਖਣ ਹਨ।
ਜ਼ਿਆਦਾਤਰ ਪ੍ਰਜਾਤੀਆਂ, ਜਿਨ੍ਹਾਂ ਵਿੱਚ ਮਨੁੱਖ ਵੀ ਸ਼ਾਮਲ ਹਨ ਦੇ ਹਰੇਕ ਸੈੱਲ ਵਿੱਚ ਕ੍ਰੋਮੋਸੋਮ ਦੀਆਂ ਦੋ ਕਾਪੀਆਂ ਹੁੰਦੀਆਂ ਹਨ, ਪਰ ਆਲੂਆਂ ਵਿੱਚ ਚਾਰ ਹੁੰਦੀਆਂ ਹਨ।

ਇਸ ਵਿਰੋਧਾਭਾਸ ਨੂੰ ਹੱਲ ਕਰਨ ਲਈ ਖੋਜ ਟੀਮ ਨੇ ਆਲੂ, ਟਮਾਟਰ ਅਤੇ ਟਿਊਬਰੋਸਮ ਸਣੇ ਦਰਜਨਾਂ ਪ੍ਰਜਾਤੀਆਂ ਦੇ 120 ਤੋਂ ਵੱਧ ਜੀਨੋਮ (ਇੱਕ ਸੈੱਲ ਵਿੱਚ ਮੌਜੂਦ ਸਾਰੇ ਜੀਨਾਂ ਜਾਂ ਜੈਨੇਟਿਕ ਸਮੱਗਰੀ ਦਾ ਸਮੂਹ) ਦਾ ਵਿਸ਼ਲੇਸ਼ਣ ਕੀਤਾ।
ਆਲੂ ਦੇ ਜੀਨੋਮ ਨੂੰ ਕ੍ਰਮਬੱਧ ਕੀਤਾ ਗਿਆ ਸੀ, ਜਿਸ ਵਿੱਚ ਟਮਾਟਰ-ਐਟਿਊਬੇਰੋਸਮ ਨਾਲ ਵਿਆਪਕ ਸਮਾਨਤਾਵਾਂ ਦਿਖਾਈਆਂ ਗਈਆਂ।
ਡਾਕਟਰ ਨੈਪ ਕਹਿੰਦੇ ਹਨ ਕਿ ਆਲੂ ਦੋਵਾਂ ਨਾਲ ਜੁੜੇ ਹੋਏ ਪਾਏ ਗਏ ਹਨ।
ਇਸ ਤਰ੍ਹਾਂ ਖੋਜਕਰਤਾਵਾਂ ਨੇ ਆਲੂਆਂ ਅਤੇ ਟਮਾਟਰਾਂ ਵਿਚਕਾਰ ਸਬੰਧ ਦੀ ਖੋਜ ਕੀਤੀ, ਜੋ ਲੱਖਾਂ ਸਾਲ ਪਹਿਲਾਂ ਦੱਖਣੀ ਅਮਰੀਕਾ ਦੇ ਪਹਾੜਾਂ ਦੀਆਂ ਜੜ੍ਹਾਂ ਵਿੱਚ ਵਿਕਸਤ ਹੋਏ ਸਨ।
ਡਾਕਟਰ ਨੈਪ ਦੱਸਦੇ ਹਨ, "ਇਹ ਇੱਕ ਸਫ਼ਲ ਮੇਲ ਸੀ ਕਿਉਂਕਿ ਇਸਨੇ ਜੀਨ ਸੰਜੋਗ ਬਣਾਏ ਜਿਸ ਨਾਲ ਇਸ ਨਵੀਂ ਵੰਸ਼ ਨੂੰ ਐਂਡੀਜ਼ ਵਿੱਚ ਵਧਣ-ਫੁੱਲਣ ਦਾ ਮੌਕਾ ਮਿਲਿਆ।"
ਭਾਵੇਂ ਜ਼ਮੀਨ ਦੇ ਉੱਪਰ ਉੱਗਦਾ ਆਲੂ ਦਾ ਪੌਦਾ ਆਪਣੇ ਮਾਤਾ-ਪਿਤਾ ਨਾਲ ਸੰਬੰਧ ਰੱਖਦਾ ਸੀ, ਪਰ ਇਸ ਵਿੱਚ ਇੱਕ ਗੱਲ ਸੀ ਜੋ ਇਸਦੇ ਦੋਵਾਂ ਮਾਪਿਆਂ ਵਿੱਚ ਨਹੀਂ ਸੀ।
ਜ਼ਮੀਨ ਦੇ ਉੱਪਰ ਉੱਗੇ ਇਸ ਆਲੂ ਪੁੰਗਰੇ ਹੋਏ ਸਨ।
ਇੱਕ 'ਜੈਨੇਟਿਕ ਲਾਟਰੀ'

ਤਸਵੀਰ ਸਰੋਤ, Getty Images
ਵਿਗਿਆਨੀਆਂ ਦਾ ਮੰਨਣਾ ਹੈ ਕਿ ਪੁੰਗਰੇ ਹੋਏ ਆਲੂ ਦਾ ਪੌਦਾ ਇੱਕ ਜੈਨੇਟਿਕ ਲਾਟਰੀ ਦਾ ਨਤੀਜਾ ਸੀ। ਦੋਵੇਂ ਮੂਲ ਆਲੂ ਪੌਦਿਆਂ ਵਿੱਚ ਇੱਕ ਜੀਨ ਸੀ ਜੋ ਇਨ੍ਹਾਂ ਦੇ ਪੁੰਗਰਨ ਵਿੱਚ ਮਹੱਤਵਪੂਰਨ ਸੀ।
ਪਰ ਇਨ੍ਹਾਂ ਵਿੱਚੋਂ ਕੋਈ ਵੀ ਆਪਣੇ ਆਪ ਵਿੱਚ ਪੁੰਗਰਨ ਲਈ ਕਾਫ਼ੀ ਨਹੀਂ ਸੀ। ਜਦੋਂ ਇਹ ਇਕੱਠੇ ਹੋਏ ਤਾਂ ਇੱਕ ਪ੍ਰਕਿਰਿਆ ਸ਼ੁਰੂ ਹੋਈ ਜਿਸਨੇ ਭੂਮੀਗਤ ਤਣਿਆਂ ਨੂੰ ਸੁਆਦ ਆਲੂਆਂ ਵਿੱਚ ਬਦਲ ਦਿੱਤਾ।
ਡਾਕਟਰ ਨੈਪ ਕਹਿੰਦੇ ਹਨ ਕਿ ਉਨ੍ਹਾਂ ਨਾਲ ਕੰਮ ਕਰ ਰਹੀ ਚੀਨੀ ਟੀਮ ਨੇ ਇਸ ਪ੍ਰਕਿਰਿਆ ਦਾ ਡੂੰਘਾਈ ਨਾਲ ਅਧਿਐਨ ਕੀਤਾ ਹੈ।
ਆਲੂ ਦੀ ਪੈਦਾਵਰ ਜਿਸ ਤਰੀਕੇ ਨਾਲ ਹਾਈਬ੍ਰਿਡਾਈਜ਼ੇਸ਼ਨ ਜ਼ਰੀਏ ਹੋਈ ਉਹ ਇੱਕ ਖ਼ਾਸ ਘਟਨਾ ਸੀ।
ਇਸ ਨਾਲ ਆਲੂ ਦਾ ਜਨਮ ਹੋਇਆ, ਜੋ ਕਿ ਇੱਕ ਹੈਰਾਨੀਜਨਕ ਚੀਜ਼ ਸਾਬਤ ਹੋਈ। ਇਸ ਦੇ ਹੋਣ ਨੇ ਪੌਦੇ ਨੂੰ ਬਿਨ੍ਹਾਂ ਬੀਜਾਂ ਦੇ ਪ੍ਰਜਨਨ ਕਰਨ ਦੇ ਯੋਗ ਬਣਾਇਆ।
ਆਲੂ ਵੱਖ-ਵੱਖ ਉਚਾਈਆਂ ਅਤੇ ਹਾਲਤ ਵਿੱਚ ਉੱਗਦੇ ਹਨ।
ਡਾਕਟਰ ਨੈਪ ਕਹਿੰਦੇ ਹਨ, "ਅੱਜ ਵੀ ਇਸ ਦੀਆਂ 100 ਤੋਂ ਵੱਧ ਜੰਗਲੀ ਕਿਸਮਾਂ ਅਮਰੀਕੀ ਮਹਾਂਦੀਪ ਵਿੱਚ ਪਾਈਆਂ ਜਾਂਦੀਆਂ ਹਨ, ਜੋ ਦੱਖਣ-ਪੱਛਮੀ ਅਮਰੀਕਾ ਤੋਂ ਚਿਲੀ ਅਤੇ ਬ੍ਰਾਜ਼ੀਲ ਤੱਕ ਫ਼ੈਲੀਆਂ ਹੋਈਆਂ ਹਨ।"
ਵਿਗਿਆਨੀ ਬੀਜਾਂ ਤੋਂ ਆਲੂ ਕਿਉਂ ਉਗਾਉਣਾ ਚਾਹੁੰਦੇ ਹਨ?

ਤਸਵੀਰ ਸਰੋਤ, Shenzhen Institute of Agricultural Genomics, Chinese Academy of Agricultural Sciences
ਹਾਲਾਂਕਿ, ਬੀਜਾਂ ਤੋਂ ਬਗੈਰ ਉੱਗਣ ਦੀ ਇਹ ਯੋਗਤਾ ਆਲੂਆਂ ਲਈ ਵੀ ਨੁਕਸਾਨਦੇਹ ਰਹੀ ਹੈ।
ਡਾਕਟਰ ਨੈਪ ਦੱਸਦੇ ਹਨ, "ਉਨ੍ਹਾਂ ਨੂੰ ਉਗਾਉਣ ਲਈ ਤੁਹਾਨੂੰ ਆਲੂਆਂ ਦੇ ਛੋਟੇ ਟੁਕੜੇ ਲਗਾਉਣੇ ਪੈਂਦੇ ਹਨ, ਜਿਸਦਾ ਮਤਲਬ ਹੈ ਕਿ ਜੇਕਰ ਤੁਹਾਡੇ ਕੋਲ ਇੱਕ ਖੇਤ ਵਿੱਚ ਆਲੂ ਦੀ ਸਿਰਫ਼ ਇੱਕ ਕਿਸਮ ਹੈ ਤਾਂ ਉਹ ਮੂਲ ਰੂਪ ਵਿੱਚ ਕਲੋਨ ਹੁੰਦੇ ਹਨ।"
ਜੈਨੇਟਿਕ ਤੌਰ 'ਤੇ ਇੱਕੋ ਜਿਹੇ ਹੋਣ ਦਾ ਮਤਲਬ ਹੈ ਕਿ ਆਲੂ ਦੀ ਕੋਈ ਵੀ ਇੱਕ ਕਿਸਮ ਕਿਸੇ ਵੀ ਨਵੀਂ ਬਿਮਾਰੀ ਦਾ ਸਾਹਮਣਾ ਕਰਨ ਅਤੇ ਉਸ ਤੋਂ ਮੁਕਤ ਰਹਿਣ ਦੀ ਸਮਰੱਥਾ ਨਹੀਂ ਰੱਖਦੀ।
ਇਸੇ ਲਈ ਵਿਗਿਆਨੀਆਂ ਨੇ ਇਹ ਖੋਜ ਕੀਤੀ।
ਡਾਕਟਰ ਨੈਪ ਮੁਤਾਬਕ, ਚੀਨੀ ਟੀਮ ਅਜਿਹੇ ਆਲੂ ਬਣਾਉਣਾ ਚਾਹੁੰਦੀ ਹੈ ਜੋ ਬੀਜਾਂ ਤੋਂ ਉਗਾਏ ਜਾ ਸਕਣ ਅਤੇ ਜਿਸ ਵਿੱਚ ਜੈਨੇਟਿਕ ਸੋਧ ਸੰਭਵ ਹੋਵੇ।
ਟੀਮ ਦਾ ਮੰਨਣਾ ਹੈ ਕਿ ਜੰਗਲੀ ਪ੍ਰਜਾਤੀਆਂ ਤੋਂ ਜੀਨ ਲਿਆ ਕੇ ਅਜਿਹੀਆਂ ਕਿਸਮਾਂ ਬਣਾਈਆਂ ਜਾ ਸਕਦੀਆਂ ਹਨ ਜੋ ਵਾਤਾਵਰਣ ਸੰਬੰਧੀ ਚੁਣੌਤੀਆਂ ਦਾ ਬਿਹਤਰ ਢੰਗ ਨਾਲ ਮੁਕਾਬਲਾ ਕਰ ਸਕਦੀਆਂ ਹਨ।
ਉਹ ਕਹਿੰਦੇ ਹਨ, "ਮੈਂ ਅਤੇ ਇਸ ਅਧਿਐਨ ਵਿੱਚ ਸ਼ਾਮਲ ਹੋਰ ਜੀਵ ਵਿਗਿਆਨੀ ਜਾਣਨਾ ਚਾਹੁੰਦੇ ਸੀ ਕਿ ਆਲੂ ਦੇ ਸਭ ਤੋਂ ਨੇੜੇ ਦਾ ਪੌਦਾ ਕਿਹੜਾ ਸੀ ਅਤੇ ਉਹ ਇੰਨੇ ਵੱਖਰੇ ਕਿਉਂ ਹਨ।"
"ਇਸ ਲਈ ਅਸੀਂ ਇਸ ਖੋਜ ਲਈ ਬਹੁਤ ਸਾਰੇ ਵੱਖ-ਵੱਖ ਤਰੀਕੇ ਅਪਣਾਏ ਅਤੇ ਹਰੇਕ ਪਹੁੰਚ ਨੇ ਨਵੇਂ ਸਵਾਲ ਖੜੇ ਕੀਤੇ। ਇਸੇ ਲਈ ਇਸ ਅਧਿਐਨ ਵਿੱਚ ਸ਼ਾਮਲ ਹੋਣਾ ਅਤੇ ਕੰਮ ਕਰਨਾ ਬਹੁਤ ਮਜ਼ੇਦਾਰ ਸੀ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












