ਅੰਜੂ ਤੇ ਨਸਰੁੱਲਾ ਦਾ ਵਿਆਹ : ਨਿਕਾਹ ਪੜਾਉਣ ਵਾਲੇ ਨੇ ਕੀਤੀ ਪੁਸ਼ਟੀ ਪਰ ਅੰਜੂ ਦਾ ਇਨਕਾਰ

ਤਸਵੀਰ ਸਰੋਤ, Social Media
- ਲੇਖਕ, ਮੁਹੰਮਦ ਜ਼ੁਬੈਰ ਖਾਨ
- ਰੋਲ, ਬੀਬੀਸੀ ਉਰਦੂ ਲਈ
ਫੇਸਬੁੱਕ 'ਤੇ ਪਾਕਿਸਤਾਨੀ ਵਿਅਕਤੀ ਨਾਲ ਦੋਸਤੀ ਕਰਨ ਤੋਂ ਬਾਅਦ ਉਸ ਨੂੰ ਮਿਲਣ ਖੈਬਰ ਪਖਤੂਨਖਵਾ ਪਹੁੰਚੀ ਭਾਰਤੀ ਔਰਤ ਅੰਜੂ ਨੇ ਨਸਰੁੱਲਾ ਨਾਲ ਆਪਣੇ ਵਿਆਹ ਦੀਆਂ ਖਬਰਾਂ ਦਾ ਖੰਡਨ ਕੀਤਾ ਹੈ।
ਬੀਬੀਸੀ ਪੱਤਰਕਾਰ ਸ਼ੁਮਾਇਲਾ ਜਾਫ਼ਰੀ ਨਾਲ ਗੱਲਬਾਤ ਵਿੱਚ ਉਨ੍ਹਾਂ ਨੇ ਕਿਹਾ ਹੈ ਕਿ ਨਿਕਾਹ ਦੀਆਂ ਖ਼ਬਰਾਂ ਵਿੱਚ ਕੋਈ ਸੱਚਾਈ ਨਹੀਂ ਹੈ।
ਅੰਜੂ ਨੇ ਬੀਬੀਸੀ ਪੱਤਰਕਾਰ ਨੂੰ ਦੱਸਿਆ ਕਿ ਉਹ ਹੁਣ ਭਾਰਤ ਪਰਤਣ ਦੀ ਤਿਆਰੀ ਕਰ ਰਹੀ ਹੈ ਅਤੇ ਬੁੱਧਵਾਰ ਨੂੰ ਲਾਹੌਰ ਪਹੁੰਚ ਜਾਵੇਗੀ। ਅਗਲੇ ਦਿਨ ਉਹ ਭਾਰਤ 'ਚ ਹੋਵੇਗੀ।
ਅੰਜੂ ਨੇ ਕਿਹਾ, ''ਮੇਰੇ ਵਿਆਹ ਦੀਆਂ ਖਬਰਾਂ ਬੇਬੁਨਿਆਦ ਹਨ। ਮੇਰੇ ਬੱਚੇ ਇਨ੍ਹਾਂ ਖ਼ਬਰਾਂ ਤੋਂ ਦੁਖੀ ਹੋ ਰਹੇ ਹਨ। ਮੈਂ ਤੁਹਾਨੂੰ ਸਾਫ਼-ਸਾਫ਼ ਦੱਸ ਰਿਹਾ ਹਾਂ ਕਿ ਇਨ੍ਹਾਂ ਰਿਪੋਰਟਾਂ ਵਿੱਚ ਕੋਈ ਸੱਚਾਈ ਨਹੀਂ ਹੈ।"
'ਮੈਨੂੰ ਨਿਕਾਹ ਪੜ੍ਹਾਉਣ ਲਈ ਬੁਲਾਇਆ ਸੀ'
ਮਲੰਕਦ ਦੇ ਸਥਾਨਕ ਪੁਲਿਸ ਅਧਿਕਾਰੀ ਨਾਸਿਰ ਸੱਤੀ ਨੇ ਬੀਬੀਸੀ ਦੇ ਅਜ਼ੀਜ਼ੁੱਲਾ ਖਾਨ ਨੂੰ ਦੱਸਿਆ ਹੈ ਕਿ ਅੰਜੂ ਅਤੇ ਨਸਰੂੱਲਾ ਨੇ ਮੰਗਲਵਾਰ ਨੂੰ ਅੱਪਰ ਦੀਰ ਦੀ ਇੱਕ ਅਦਾਲਤ ਵਿੱਚ ਨਿਕਾਹ ਦੀ ਰਸਮ ਪੂਰੀ ਕੀਤੀ।
ਇਕ ਹੋਰ ਅਧਿਕਾਰੀ ਨੇ ਆਪਣਾ ਨਾਮ ਨਾ ਦੱਸਣ ਦੀ ਸ਼ਰਤ 'ਤੇ ਦੱਸਿਆ ਹੈ ਕਿ ਨਸਰੁੱਲਾ ਨੇ ਸਥਾਨਕ ਅਦਾਲਤ ਤੋਂ ਇਜਾਜ਼ਤ ਲੈ ਕੇ ਵਿਆਹ ਕੀਤਾ ਹੈ।
ਉਨ੍ਹਾਂ ਚਮਕਦੇ ਸਿਤਾਰਿਆਂ ਦੀ ਕਹਾਣੀ, ਜਿਨ੍ਹਾਂ ਨੂੰ ਦੁਨੀਆ ਹੋਰ ਦੇਖਣਾ ਅਤੇ ਸੁਣਨਾ ਚਾਹੁੰਦੀ ਸੀ।
ਬੀਬੀਸੀ ਨਾਲ ਗੱਲ ਕਰਦੇ ਹੋਏ ਮਲਕੰਦ ਖੇਤਰੀ ਪੁਲਿਸ ਅਧਿਕਾਰੀ (ਆਰਪੀਓ) ਨਾਸਿਰ ਮਹਿਮੂਦ ਸੱਤੀ ਨੇ ਅੰਜੂ ਅਤੇ ਨਸਰੁੱਲਾ ਦੇ ਵਿਆਹ ਦੀ ਪੁਸ਼ਟੀ ਕੀਤੀ ਹੈ।
ਨਿਕਾਹ ਖ਼ਵਾਨ ਕਾਰੀ ਸ਼ਮਰੋਜ਼ ਖ਼ਾਨ ਦਾ ਕਹਿਣਾ ਹੈ ਕਿ ਉਸ ਨੇ ਫਾਤਿਮਾ (ਅੰਜੂ) ਦਾ ਵਿਆਹ ਨਸਰੁੱਲਾ ਨਾਲ 10,000 ਰੁਪਏ ਅਤੇ 10 ਤੋਲੇ ਸੋਨਾ ਦਾਜ ਵਜੋਂ ਕਰਵਾ ਦਿੱਤਾ।
ਕਾਰੀ ਸ਼ਮਰੋਜ਼ ਨੇ ਬੀਬੀਸੀ ਉਰਦੂ ਦੇ ਸਹਿਯੋਗੀ ਪੱਤਰਕਾਰ ਮੁਹੰਮਦ ਜ਼ੁਬੈਰ ਖਾਨ ਨੂੰ ਦੱਸਿਆ, "ਨਸਰੂੱਲਾ ਮੇਰਾ ਜਾਣਕਾਰ ਹੈ। ਉਸ ਨੇ ਮੈਨੂੰ ਨਿਕਾਹ ਪੜ੍ਹਾਉਣ ਲਈ ਬੁਲਾਇਆ ਸੀ। ਅਸੀਂ ਇੱਕੋ ਇਲਾਕੇ ਦੇ ਹਾਂ। ਦੋਵੇਂ ਹੁਣ ਕਾਨੂੰਨੀ ਤੌਰ 'ਤੇ ਪਤੀ-ਪਤਨੀ ਹਨ।
ਅਧਿਕਾਰੀ ਨੇ ਦੱਸਿਆ ਕਿ ਇਸ ਨਿਕਾਹ ਦੌਰਾਨ ਅਦਾਲਤੀ ਕੰਪਲੈਕਸ 'ਚ ਸੁਰੱਖਿਆ ਦੇ ਭਾਰੀ ਪ੍ਰਬੰਧ ਕੀਤੇ ਗਏ ਸਨ।
ਇਸ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅੰਜੂ ਨੇ ਭਾਰਤ 'ਚ ਇਸਲਾਮ ਕਬੂਲ ਕੀਤਾ ਸੀ ਅਤੇ ਇਸੇ ਆਧਾਰ 'ਤੇ ਉਸ ਨੂੰ ਨਸਰੁੱਲਾ ਨਾਲ ਵਿਆਹ ਕਰਨ ਲਈ ਪਾਕਿਸਤਾਨ ਆਉਣ ਦਾ ਵੀਜ਼ਾ ਮਿਲਿਆ ਸੀ।
ਅੰਜੂ ਅਤੇ ਨਸਰੁੱਲਾ ਦੇ ਕਥਿਤ ਵਿਆਹ ਦੇ ਕਾਗਜ਼ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਹਨ। ਪਰ ਇਨ੍ਹਾਂ ਦੀ ਸੁਤੰਤਰ ਤੌਰ 'ਤੇ ਪੁਸ਼ਟੀ ਨਹੀਂ ਹੋ ਸਕੀ। ਇਨ੍ਹਾਂ ਕਾਗਜ਼ਾਂ ਵਿਚ ਉਸ ਦਾ ਨਾਂ ਫਾਤਿਮਾ ਲਿਖਿਆ ਹੋਇਆ ਹੈ।

ਤਸਵੀਰ ਸਰੋਤ, Getty Images
ਅੰਜੂ ਤੇ ਉਸਦੇ ਭਾਰਤੀ ਪਤੀ ਨੇ ਕੀ ਕਿਹਾ ਸੀ
"ਅੰਜੂ ਅਤੇ ਮੈਂ ਅਗਲੇ ਕੁਝ ਦਿਨਾਂ ਵਿੱਚ ਰਸਮੀ ਤੌਰ 'ਤੇ ਮੰਗਣੀ ਕਰ ਲਵਾਂਗੇ ਅਤੇ ਫਿਰ 10-12 ਦਿਨਾਂ ਬਾਅਦ ਉਹ ਭਾਰਤ ਵਾਪਸ ਚਲੇ ਜਾਣਗੇ। ਉਸ ਤੋਂ ਬਾਅਦ ਉਹ ਦੁਬਾਰਾ ਵਿਆਹ ਕਰਵਾਉਣ ਲਈ ਪਾਕਿਸਤਾਨ ਆਉਣਗੇ।''
''ਇਹ ਮੇਰੀ ਅਤੇ ਅੰਜੂ ਦੀ ਨਿੱਜੀ ਜ਼ਿੰਦਗੀ ਹੈ, ਅਸੀਂ ਨਹੀਂ ਚਾਹੁੰਦੇ ਕਿ ਇਸ ਵਿੱਚ ਕੋਈ ਦਖਲਅੰਦਾਜ਼ੀ ਕਰੇ। ਅਸੀਂ ਮੀਡੀਆ ਤੋਂ ਵੀ ਦੂਰ ਰਹਿਣ ਦੀ ਕੋਸ਼ਿਸ਼ ਕਰ ਰਹੇ ਹਾਂ।"
ਨਸਰੁੱਲ੍ਹਾ, ਪਾਕਿਸਤਾਨ ਤੋਂ ਅੰਜੂ ਦਾ ਪ੍ਰੇਮੀ
''ਸਾਨੂੰ ਤਾਂ ਜੈਪੁਰ ਦਾ ਹੀ ਕਹਿ ਕੇ ਗਈ ਸੀ। 23 ਜੁਲਾਈ ਦੀ ਸ਼ਾਮ ਨੂੰ ਜਦੋਂ ਬੇਟੇ ਦੀ ਤਬੀਅਤ ਖ਼ਰਾਬ ਹੋਈ ਤਾਂ ਅੰਜੂ ਨੂੰ ਪੁੱਛਿਆ ਗਿਆ ਕਿ ਉਹ ਕਦੋਂ ਆਵੇਗੀ। ਉਦੋਂ ਅੰਜੂ ਨੇ ਦੱਸਿਆ ਕਿ ਉਹ ਪਾਕਿਸਤਾਨ ਵਿੱਚ ਹੈ ਅਤੇ ਜਲਦ ਹੀ ਵਾਪਸ ਆ ਜਾਵੇਗੀ।"
ਅਰਵਿੰਦ, ਭਾਰਤ ਵਿੱਚ ਅੰਜੂ ਦਾ ਪਤੀ

ਤਸਵੀਰ ਸਰੋਤ, NASRULLAH
ਭਾਰਤ ਦੇ ਉੱਤਰ ਪ੍ਰਦੇਸ਼ ਦੀ ਰਹਿਣ ਵਾਲੀ ਅੰਜੂ ਕੁਝ ਸਾਲ ਪਹਿਲਾਂ ਸੋਸ਼ਲ ਮੀਡੀਆ ਰਾਹੀਂ ਪਾਕਿਸਤਾਨ ਦੇ ਖ਼ੈਬਰ ਪਖ਼ਤੂਨਖਵਾ ਸੂਬੇ ਦੇ ਦੀਰ ਬਾਲਾ ਜ਼ਿਲ੍ਹੇ ਦੇ ਰਹਿਣ ਵਾਲੇ 29 ਸਾਲਾ ਨਸਰੁੱਲ੍ਹਾ ਦੇ ਸੰਪਰਕ 'ਚ ਆਏ ਸਨ।
ਸਮੇਂ ਦੇ ਨਾਲ-ਨਾਲ ਦੋਵਾਂ ਨੂੰ ਇੱਕ-ਦੂਜੇ ਨਾਲ ਪਿਆਰ ਹੋ ਗਿਆ।
ਪਿਆਰ, ਅਜਿਹਾ ਪਿਆ ਕਿ ਹਾਲ ਹੀ ਵਿੱਚ ਅੰਜੂ ਨਸਰੁੱਲ੍ਹਾ ਨਾਲ ਆਪਣੇ ਰਿਸ਼ਤੇ ਨੂੰ ਰਸਮੀ ਰਿਸ਼ਤੇ ਵਿੱਚ ਬਦਲਣ ਲਈ ਪਾਕਿਸਤਾਨ ਪਹੁੰਚ ਗਏ।
ਫਿਲਹਾਲ ਅੰਜੂ ਦੀਰ ਬਾਲਾ 'ਚ ਨਸਰੁੱਲ੍ਹਾ ਦੇ ਘਰ ਰਹਿ ਰਹੇ ਹਨ। ਦੀਰ ਬਾਲਾ ਦੇ ਡੀਪੀਓ (ਜ਼ਿਲ੍ਹਾ ਪੁਲਿਸ ਅਧਿਕਾਰੀ) ਮੁਹੰਮਦ ਮੁਸ਼ਤਾਕ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਅੰਜੂ ਦੀ ਉੱਥੇ ਮੌਜੂਦਗੀ ਦੀ ਪੁਸ਼ਟੀ ਕੀਤੀ ਹੈ।
ਇੱਧਰ ਅੰਜੂ ਦੇ ਪਤੀ ਦਾ ਕਹਿਣਾ ਹੈ ਕਿ ਅੰਜੂ ਨੇ ਇਸ ਬਾਰੇ ਉਨ੍ਹਾਂ ਨੂੰ ਸੂਹ ਤੱਕ ਨਹੀਂ ਲੱਗਣ ਦਿੱਤੀ।
ਸੀਮਾ ਹੈਦਰ ਤੇ ਸਚਿਨ ਮੀਣਾ ਨਾਲ ਮਿਲਦੀ-ਜੁਲਦੀ ਕਹਾਣੀ

ਤਸਵੀਰ ਸਰੋਤ, SHAHNAWAZ/BBC
ਅੰਜੂ ਤੇ ਨਸਰੁੱਲ੍ਹਾ ਦੀ ਇਹ ਕਹਾਣੀ ਪਾਕਿਸਤਾਨ ਦੀ ਰਹਿਣ ਵਾਲੀ ਸੀਮਾ ਹੈਦਰ ਅਤੇ ਨੋਇਡਾ ਦੇ ਰਹਿਣ ਵਾਲੇ ਸਚਿਨ ਮੀਣਾ ਦੀ ‘ਲਵ ਸਟੋਰੀ’ ਵਰਗੀ ਹੈ।
ਹਾਲਾਂਕਿ ਅੰਜੂ ਕਾਨੂੰਨੀ ਤੌਰ 'ਤੇ ਵੀਜ਼ਾ ਲੈ ਕੇ ਪਾਕਿਸਤਾਨ ਗਏ ਹਨ ਅਤੇ ਉਨ੍ਹਾਂ ਦੋਵਾਂ ਨੂੰ ਵੀਜ਼ੇ ਲਈ ਦੋ ਸਾਲ ਉਡੀਕ ਵੀ ਕਰਨੀ ਪਈ।
ਜਦਕਿ ਪਾਕਿਸਤਾਨੀ ਨਾਗਰਿਕ ਸੀਮਾ ਹੈਦਰ ਆਪਣੇ ਚਾਰ ਬੱਚਿਆਂ ਨਾਲ ਗੈਰ-ਕਾਨੂੰਨੀ ਤਰੀਕੇ ਨਾਲ ਭਾਰਤ ਪਹੁੰਚੇ ਸਨ। ਉਨ੍ਹਾਂ ਦੀ ਜਾਣ-ਪਹਿਚਾਣ ਸਚਿਨ ਨਾਲ ਮੋਬਾਈਲ ਗੇਮ ਪਬਜੀ ਖੇਡਦੇ ਹੋਏ ਹੋਈ ਸੀ, ਜੋ ਕੁਝ ਸਮੇਂ ਬਾਅਦ ਪਿਆਰ ਵਿੱਚ ਬਦਲ ਗਈ।
ਸੀਮਾ ਨੇ ਬੀਬੀਸੀ ਨੂੰ ਇੱਕ ਇੰਟਰਵਿਊ ਵਿੱਚ ਕਿਹਾ ਹੈ, "ਹੁਣ ਮੈਂ ਉਨ੍ਹਾਂ ਨੂੰ ਪਿਆਰ ਕਰਦੀ ਹਾਂ ਅਤੇ ਉਨ੍ਹਾਂ ਲਈ ਆਪਣਾ ਦੇਸ਼ ਛੱਡ ਕੇ ਇੱਥੇ ਆਈ ਹਾਂ।"

ਇਹ ਕੋਈ ਨਵੀਆਂ ਕਹਾਣੀਆਂ ਨਹੀਂ ਪਰ...
ਪਾਕਿਸਤਾਨ ਅਤੇ ਭਾਰਤ ਦੇ ਨਾਗਰਿਕਾਂ ਵਿਚਾਲੇ ਪਿਆਰ ਦੀਆਂ ਅਜਿਹੀਆਂ ਕਹਾਣੀਆਂ ਕੋਈ ਨਵੀਂ ਗੱਲ ਨਹੀਂ ਹੈ ਪਰ ਦੋਵਾਂ ਦੇਸ਼ਾਂ ਦੇ ਤਣਾਅਪੂਰਨ ਸਬੰਧਾਂ ਕਾਰਨ ਹੁਣ ਦੋਵੇਂ ਦੇਸ਼ ਇੱਕ-ਦੂਜੇ ਦੇ ਨਾਗਰਿਕਾਂ ਨੂੰ ਘੱਟ ਤੋਂ ਘੱਟ ਵੀਜ਼ਾ ਦਿੰਦੇ ਹਨ।
ਅੰਜੂ ਲਈ ਵੀ ਪਾਕਿਸਤਾਨ ਦਾ ਵੀਜ਼ਾ ਲੈਣਾ ਸੌਖਾ ਨਹੀਂ ਸੀ। ਖਾਸ ਕਰਕੇ ਦੀਰ ਬਾਲਾ ਇਲਾਕੇ ਲਈ, ਜੋ ਕਿ ਪਾਕਿਸਤਾਨ ਦਾ ਦੂਰ-ਦੁਰਾਡੇ ਦਾ ਜ਼ਿਲ੍ਹਾ ਹੈ ਅਤੇ ਇਸ ਦੀ ਸਰਹੱਦ ਅਫ਼ਗਾਨਿਸਤਾਨ ਨਾਲ ਲੱਗਦੀ ਹੈ।
ਆਮ ਤੌਰ 'ਤੇ ਦੋਵੇਂ ਦੇਸ਼ ਇੱਕ-ਦੂਜੇ ਦੇ ਨਾਗਰਿਕਾਂ ਨੂੰ ਵੀਜ਼ਾ ਦਿੰਦੇ ਹੋਏ ਬਹੁਤ ਘੱਟ ਸ਼ਹਿਰਾਂ ਦਾ ਦੌਰਾ ਕਰਨ ਦੀ ਇਜਾਜ਼ਤ ਦਿੰਦੇ ਹਨ।
..ਤਾਂ ਅੰਜੂ ਅਤੇ ਨਸਰੁੱਲ੍ਹਾ ਦੀ ਇਹ ਕਹਾਣੀ ਕਿਵੇਂ ਸ਼ੁਰੂ ਹੋਈ ਅਤੇ ਅੰਜੂ ਨੂੰ ਪਾਕਿਸਤਾਨ ਦਾ ਵੀਜ਼ਾ ਅਤੇ ਦੀਰ ਬਾਲਾ ਜ਼ਿਲ੍ਹੇ ਜਾਣ ਦੀ ਇਜਾਜ਼ਤ ਕਿਵੇਂ ਮਿਲੀ?

ਤਸਵੀਰ ਸਰੋਤ, Getty Images
ਵੀਜ਼ਾ ਲੈਣ ਵਿੱਚ ਦੋ ਸਾਲ ਲੱਗ ਗਏ
ਨਸਰੁੱਲ੍ਹਾ ਨੇ ਬੀਬੀਸੀ ਨੂੰ ਦੱਸਿਆ ਕਿ ਉਹ ਕੁਝ ਸਾਲ ਪਹਿਲਾਂ ਫੇਸਬੁੱਕ ਰਾਹੀਂ ਭਾਰਤ ਦੇ ਰਹਿਣ ਵਾਲੇ ਅੰਜੂ ਦੇ ਸੰਪਰਕ ਵਿੱਚ ਆਏ ਸਨ।
ਮੂਲ ਰੂਪ ਵਿੱਚ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਅੰਜੂ ਇੱਕ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰਦੇ ਹਨ। ਉਨ੍ਹਾਂ ਦੇ ਕਹਿਣ 'ਤੇ ਹੀ ਇੱਥੇ ਉਨ੍ਹਾਂ ਦੀ ਕੁਝ ਨਿੱਜੀ ਜਾਣਕਾਰੀ ਦਿੱਤੀ ਜਾ ਰਹੀ ਹੈ।
ਜਦੋਂ ਬੀਬੀਸੀ ਨੇ ਅੰਜੂ ਨਾਲ ਗੱਲ ਕਰਵਾਉਣ ਦੀ ਅਪੀਲ ਕੀਤੀ ਤਾਂ ਨਸਰੁੱਲ੍ਹਾ ਨੇ ਬੀਬੀਸੀ ਨੂੰ ਦੱਸਿਆ ਕਿ ਅੰਜੂ ਇਸ ਸਮੇਂ ਮੀਡੀਆ ਨਾਲ ਗੱਲ ਨਹੀਂ ਕਰਨਾ ਚਾਹੁੰਦੇ।
ਨਸਰੁੱਲ੍ਹਾ ਕਹਿੰਦੇ ਹਨ, "ਪਹਿਲਾਂ ਇਹ ਸੰਪਰਕ, ਅੱਗੇ ਦੋਸਤੀ ਅਤੇ ਫਿਰ ਪਿਆਰ ਵਿੱਚ ਬਦਲ ਗਿਆ, ਜਿਸ ਤੋਂ ਬਾਅਦ ਅਸੀਂ ਦੋਵਾਂ ਨੇ ਇਕੱਠੇ ਜੀਵਨ ਬਿਤਾਉਣ ਦਾ ਫੈਸਲਾ ਕੀਤਾ।"
ਨਸਰੁੱਲ੍ਹਾ ਮੁਤਾਬਕ ਇਸ ਫੈਸਲੇ ਵਿੱਚ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਉਸ ਦੇ ਨਾਲ ਹਨ।
ਉਨ੍ਹਾਂ ਕਿਹਾ, "ਇਹ ਤੈਅ ਹੋਇਆ ਸੀ ਕਿ ਅੰਜੂ ਪਾਕਿਸਤਾਨ ਆਉਣਗੇ, ਇੱਥੇ ਆ ਕੇ ਮੇਰੇ ਪਰਿਵਾਰ ਨੂੰ ਮਿਲਣਗੇ ਅਤੇ ਸਾਡੀ ਪਾਕਿਸਤਾਨ ਵਿੱਚ ਮੰਗਣੀ ਹੋਵੇਗੀ, ਜਿਸ ਤੋਂ ਕੁਝ ਸਮੇਂ ਬਾਅਦ ਅਸੀਂ ਵਿਆਹ ਕਰਵਾ ਲਵਾਂਗੇ।''
ਪਰ ਇਸ ਦੌਰੇ ਨੂੰ ਸੰਭਵ ਬਣਾਉਣਾ ਦੋਵਾਂ ਲਈ ਸੌਖਾ ਨਹੀਂ ਸੀ। ਸਰਹੱਦੀ ਖੇਤਰ ਦੀ ਸਮੱਸਿਆ ਤੋਂ ਇਲਾਵਾ ਪਿਛਲੇ ਸਾਲਾਂ ਵਿੱਚ ਦੋਵਾਂ ਦੇਸ਼ਾਂ ਦੇ ਤਣਾਅਪੂਰਨ ਸਬੰਧ ਵੀ ਇੱਕ ਰੁਕਾਵਟ ਸਨ।

ਤਸਵੀਰ ਸਰੋਤ, Getty Images
ਨਸਰੁੱਲ੍ਹਾ ਦਾ ਕਹਿਣਾ ਹੈ ਕਿ ਅੰਜੂ ਲਈ ਪਾਕਿਸਤਾਨ ਦਾ ਵੀਜ਼ਾ ਲੈਣਾ ਬਹੁਤ ਮੁਸ਼ਕਲ ਸੀ।
ਉਹ ਕਹਿੰਦੇ ਹਨ, "ਸਾਡੇ ਇਰਾਦੇ ਸਾਫ਼ ਸਨ, ਜਿਸ ਕਾਰਨ ਅਸੀਂ ਦੋਵਾਂ ਨੇ ਬਿਲਕੁਲ ਵੀ ਹਿੰਮਤ ਨਹੀਂ ਹਾਰੀ।"
ਇਕ ਪਾਸੇ ਅੰਜੂ ਦਿੱਲੀ ਸਥਿਤ ਪਾਕਿਸਤਾਨੀ ਦੂਤਘਰ 'ਚ ਜਾਂਦੇ ਰਹੇ, ਜਦਕਿ ਨਸਰੁੱਲ੍ਹਾ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ 'ਚ ਵਿਦੇਸ਼ ਮੰਤਰਾਲੇ ਅਤੇ ਹੋਰ ਦਫਤਰਾਂ 'ਚ ਚੱਕਰ ਲਗਾਉਂਦੇ ਰਹੇ।
ਨਸਰੁੱਲ੍ਹਾ ਨੇ ਕਿਹਾ, "ਉੱਥੇ ਅੰਜੂ ਅਧਿਕਾਰੀਆਂ ਨੂੰ ਸਮਝਾਉਂਦੇ ਰਹੇ ਅਤੇ ਇੱਥੇ ਮੈਂ ਅਧਿਕਾਰੀਆਂ ਨੂੰ ਬੇਨਤੀ ਕਰਦਾ ਰਿਹਾ ਕਿ ਵੀਜ਼ਾ ਅੰਜੂ ਦਾ ਅਧਿਕਾਰ ਹੈ ਅਤੇ ਜੇਕਰ ਅਸੀਂ ਮਿਲਣਾ ਚਾਹੁੰਦੇ ਹਾਂ ਤਾਂ ਉਹ ਸਾਨੂੰ ਮਿਲਣ ਦੇਣ।"
ਅੰਤ ਵਿੱਚ, ਦੋਵਾਂ ਦੀਆਂ ਕੋਸ਼ਿਸ਼ਾਂ ਰੰਗ ਲਿਆਈਆਂ, ਪਰ ਅਧਿਕਾਰੀਆਂ ਨੂੰ ਮਨਾਉਣ ਵਿੱਚ ਉਨ੍ਹਾਂ ਨੂੰ ਦੋ ਸਾਲ ਲੱਗ ਗਏ, ਜਿਸ ਤੋਂ ਬਾਅਦ ਅੰਜੂ ਨੂੰ ਪਾਕਿਸਤਾਨ ਦਾ ਵੀਜ਼ਾ ਮਿਲ ਗਿਆ ਅਤੇ ਉਨ੍ਹਾਂ ਨੂੰ ਦੀਰ ਬਾਲਾ ਜਾਣ ਦੀ ਇਜਾਜ਼ਤ ਦਿੱਤੀ ਗਈ।
ਨਸਰੁੱਲ੍ਹਾ ਦਾ ਕਹਿਣਾ ਹੈ ਕਿ ਪਾਕਿਸਤਾਨ ਅਤੇ ਫਿਰ ਦੀਰ ਬਾਲਾ ਪਹੁੰਚਣ ਲਈ ਸਾਰੀਆਂ ਕਾਨੂੰਨੀ ਜ਼ਰੂਰਤਾਂ ਪੂਰੀਆਂ ਕਰ ਲਈਆਂ ਗਈਆਂ ਹਨ।
ਉਹ ਕਹਿੰਦੇ ਹਨ, "ਮੈਂ ਅਤੇ ਅੰਜੂ ਨੇ ਵੀਜ਼ਾ ਲੈਣ ਲਈ ਹਜ਼ਾਰਾਂ ਰੁਪਏ ਖਰਚ ਕੀਤੇ ਹਨ। ਹੁਣ ਜਦੋਂ ਵੀਜ਼ਾ ਲੱਗ ਗਿਆ ਹੈ ਤਾਂ ਉਮੀਦ ਹੈ ਕਿ ਅੱਗੇ ਕੋਈ ਦਿੱਕਤ ਨਹੀਂ ਆਵੇਗੀ।''
'ਭਵਿੱਖ ਦਾ ਫੈਸਲਾ ਵਿਆਹ ਤੋਂ ਬਾਅਦ ਕਰਾਂਗੇ'

ਨਸਰੁੱਲ੍ਹਾ ਦੱਸਦੇ ਹਨ ਕਿ ਅੰਜੂ ਭਾਰਤ ਵਿਚ ਆਪਣੀ ਕੰਪਨੀ ਤੋਂ ਛੁੱਟੀ ਲੈ ਕੇ ਪਾਕਿਸਤਾਨ ਆਏ ਹਨ ਅਤੇ ਭਾਰਤ ਵਾਪਸ ਜਾ ਕੇ ਆਪਣੀ ਨੌਕਰੀ ਜਾਰੀ ਰੱਖਣਗੇ।
ਉਨ੍ਹਾਂ ਦੱਸਿਆ, "ਅੰਜੂ ਇਸ ਸਮੇਂ ਮੇਰੇ ਘਰ ਰਹਿ ਰਹੇ ਹਨ। ਇੱਥੇ ਉਹ ਬਿਲਕੁਲ ਸ਼ਾਂਤੀ ਅਤੇ ਆਰਾਮ ਨਾਲ ਰਹਿ ਰਹੇ ਹਨ ਪਰ ਇਹ ਖ਼ਬਰ ਆਮ ਹੋਣ ਤੋਂ ਬਾਅਦ ਉਹ ਮੀਡੀਆ ਦੀ ਮੌਜੂਦਗੀ ਤੋਂ ਖੁਸ਼ ਨਹੀਂ ਹਨ।"
"ਇੱਥੇ ਵੱਡੀ ਗਿਣਤੀ ਵਿੱਚ ਮੀਡੀਆ ਅਤੇ ਲੋਕ ਇਕੱਠੇ ਹੋ ਚੁੱਕੇ ਹਨ। ਮੈਂ ਸਾਰਿਆਂ ਨੂੰ ਕਹਿੰਦਾ ਹਾਂ ਕਿ ਜੇਕਰ ਲੋੜ ਪਈ ਤਾਂ ਮੈਂ ਖੁਦ ਮੀਡੀਆ ਨੂੰ ਦੱਸਾਂਗਾ। ਮੈਂ ਨਹੀਂ ਚਾਹੁੰਦਾ ਕਿ ਸਾਡੇ ਰਿਸ਼ਤੇ ਨੂੰ ਸਮੱਸਿਆ ਦੇ ਰੂਪ ਵਿੱਚ ਦੇਖਿਆ ਜਾਵੇ, ਸਾਡੇ ਰਿਸ਼ਤੇ ਵਿੱਚ ਧਰਮ ਸ਼ਾਮਲ ਨਹੀਂ ਹੈ।''
''ਅੰਜੂ ਧਰਮ ਪਰਿਵਰਤਨ ਕਰਦੀ ਹੈ ਜਾਂ ਨਹੀਂ ਇਹ ਉਨ੍ਹਾਂ ਦਾ ਆਪਣਾ ਫੈਸਲਾ ਹੋਵੇਗਾ ਅਤੇ ਮੈਂ ਉਨ੍ਹਾਂ ਦੇ ਫੈਸਲੇ ਦਾ ਸਨਮਾਨ ਕਰਾਂਗਾ, ਜਿਵੇਂ ਉਹ ਮੇਰੇ ਫੈਸਲੇ ਦਾ ਸਨਮਾਨ ਕਰਦੇ ਹਨ।''
ਨਸਰੁੱਲ੍ਹਾ ਦਾ ਕਹਿਣਾ ਸੀ ਕਿ ਅੰਜੂ ਦੇ ਪਰਿਵਾਰ ਨੂੰ ਵੀ ਉਨ੍ਹਾਂ ਦੇ ਰਿਸ਼ਤੇ ਨੂੰ ਲੈ ਕੇ ਕੋਈ ਦਿੱਕਤ ਨਹੀਂ ਹੈ।
ਉਹ ਕਹਿੰਦੇ ਹਨ, "ਇਸੇ ਲਈ ਮੈਂ ਕਹਿੰਦਾ ਹਾਂ ਕਿ ਸਾਡੀ ਨਿੱਜਤਾ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ। ਸਾਡੇ ਰਿਸ਼ਤੇ ਨੂੰ ਤਮਾਸ਼ਾ ਨਾ ਬਣਾਇਆ ਜਾਵੇ। ਅਸੀਂ ਅਜਿਹਾ ਬਿਲਕੁਲ ਨਹੀਂ ਚਾਹੁੰਦੇ।"
ਅੰਜੂ ਦੇ ਪਤੀ ਨੇ ਕੀ ਦੱਸਿਆ
ਜੈਪੁਰ ਤੋਂ ਬੀਬੀਸੀ ਸਹਿਯੋਗੀ ਮੋਹਰ ਸਿੰਘ ਮੀਣਾ ਦੀ ਰਿਪੋਰਟ ਮੁਤਾਬਕ, ਅੰਜੂ ਰਾਜਸਥਾਨ ਦੇ ਅਲਵਰ ਜ਼ਿਲ੍ਹੇ ਦੇ ਭਿਵਾੜੀ ਦੇ ਰਹਿਣ ਵਾਲੇ ਹਨ ਅਤੇ ਉਹ ਵਿਆਹੇ ਹੋਏ ਹਨ।
ਅੰਜੂ ਦੇ ਪਤੀ ਅਰਵਿੰਦ ਨੇ ਆਪਣੇ ਘਰ ਤੋਂ ਫ਼ੋਨ 'ਤੇ ਗੱਲਬਾਤ ਕਰਦੇ ਹੋਏ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਦੋਵਾਂ ਦੇ ਦੋ ਬੱਚੇ ਵੀ ਹਨ।
ਉਨ੍ਹਾਂ ਦੱਸਿਆ, "ਅੰਜੂ 21 ਜੁਲਾਈ ਨੂੰ ਇਹ ਕਹਿ ਕੇ ਘਰੋਂ ਨਿਕਲੀ ਸੀ ਕਿ ਉਹ ਜੈਪੁਰ ਜਾ ਰਹੀ ਹੈ, ਉਦੋਂ ਤੋਂ ਅਸੀਂ ਵਟਸਐਪ 'ਤੇ ਗੱਲ ਕਰ ਰਹੇ ਸੀ।''
''23 ਜੁਲਾਈ ਦੀ ਸ਼ਾਮ ਨੂੰ ਜਦੋਂ ਬੇਟੇ ਦੀ ਤਬੀਅਤ ਖ਼ਰਾਬ ਹੋਈ ਤਾਂ ਅੰਜੂ ਨੂੰ ਪੁੱਛਿਆ ਗਿਆ ਕਿ ਉਹ ਕਦੋਂ ਆਵੇਗੀ। ਉਦੋਂ ਅੰਜੂ ਨੇ ਦੱਸਿਆ ਕਿ ਉਹ ਪਾਕਿਸਤਾਨ ਵਿੱਚ ਹੈ ਅਤੇ ਜਲਦ ਹੀ ਵਾਪਸ ਆ ਜਾਵੇਗੀ।"
ਅਰਵਿੰਦ ਨੇ ਕਿਹਾ, "ਅੰਜੂ ਨੇ ਕਿਸੇ ਨੂੰ ਪਾਕਿਸਤਾਨ ਜਾਣ ਬਾਰੇ ਸੂਹ ਵੀ ਨਹੀਂ ਲੱਗਣ ਦਿੱਤੀ। ਉਹ ਜੈਪੁਰ ਜਾਣ ਲਈ ਕਹਿ ਕੇ ਗਈ ਸੀ। ਅੰਜੂ ਨੇ ਕਾਫੀ ਸਮਾਂ ਪਹਿਲਾਂ ਪਾਸਪੋਰਟ ਬਣਵਾਇਆ ਸੀ, ਇਸ ਦੀ ਜਾਣਕਾਰੀ ਸਾਨੂੰ ਜ਼ਰੂਰ ਸੀ।''

'ਸਾਡੇ ਦੋ ਬੱਚੇ ਹਨ'
ਬੀਬੀਸੀ ਨਾਲ ਗੱਲ ਕਰਦਿਆਂ ਅਰਵਿੰਦ ਨੇ ਦੱਸਿਆ, "ਮੈਂ 40 ਸਾਲ ਦਾ ਹਾਂ ਅਤੇ ਅੰਜੂ ਲਗਭਗ 35 ਸਾਲ ਦੀ ਹੈ। ਅਸੀਂ ਦੋਵੇਂ ਮੂਲ ਰੂਪ ਵਿੱਚ ਯੂਪੀ ਦੇ ਰਹਿਣ ਵਾਲੇ ਹਾਂ। ਪਰ, ਪਿਛਲੇ ਕਈ ਸਾਲਾਂ ਤੋਂ ਅਸੀਂ ਭਿਵਾੜੀ ਵਿੱਚ ਰਹਿ ਰਹੇ ਹਾਂ।"
"ਸਾਡਾ ਵਿਆਹ ਸਾਲ 2007 ਵਿੱਚ ਹੋਇਆ ਸੀ। ਹੁਣ ਸਾਡੇ ਦੋ ਬੱਚੇ ਹਨ। ਵੱਡੀ ਬੇਟੀ 15 ਸਾਲ ਦੀ ਹੈ ਅਤੇ ਇੱਕ ਛੋਟਾ ਬੇਟਾ ਹੈ। ਦੋਵੇਂ ਸਕੂਲ ਜਾਂਦੇ ਹਨ।"
ਅਰਵਿੰਦ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਬਾਰ੍ਹਵੀਂ ਤੱਕ ਪੜ੍ਹਾਈ ਕੀਤੀ ਹੈ ਅਤੇ ਅੰਜੂ ਦਸਵੀਂ ਪਾਸ ਹਨ।
"ਅੰਜੂ ਭਿਵਾੜੀ ਵਿੱਚ ਹੀ ਇੱਕ ਕੰਪਨੀ ਵਿੱਚ ਕੰਮ ਕਰਦੀ ਹੈ। ਮੈਂ ਵੀ ਨੇੜੇ ਦੀ ਇੱਕ ਹੋਰ ਕੰਪਨੀ ਵਿੱਚ ਕੰਮ ਕਰਦਾ ਹਾਂ।"
ਅੰਜੂ ਸੋਸ਼ਲ ਮੀਡੀਆ ਰਾਹੀਂ ਮਿਲੇ ਇੱਕ ਵਿਅਕਤੀ ਨਾਲ ਮੰਗਣੀ ਕਰਨ ਲਈ ਪਾਕਿਸਤਾਨ ਗਏ ਹਨ, ਬੀਬੀਸੀ ਹਿੰਦੀ ਦੇ ਇਸ ਸਵਾਲ 'ਤੇ ਅਰਵਿੰਦ ਕਹਿੰਦੇ ਹਨ, "ਨਹੀਂ। ਸਾਨੂੰ ਤਾਂ ਜੈਪੁਰ ਦਾ ਹੀ ਕਹਿ ਕੇ ਗਈ ਸੀ। ਮੈਂ ਕਦੇ ਅੰਜੂ ਦਾ ਫ਼ੋਨ ਨਹੀਂ ਚੈੱਕ ਕੀਤਾ ਕਿਉਂਕਿ ਇਸ ਨਾਲ ਰਿਸ਼ਤੇ ਵਿਗੜ ਜਾਂਦੇ ਹਨ।
ਅੰਜੂ ਦੇ ਪਤੀ ਅਰਵਿੰਦ ਨੇ ਫਿਲਹਾਲ ਇਸ ਸਬੰਧੀ ਪੁਲਿਸ ਕੋਲ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਹੈ।
'ਅੰਜੂ ਪਖਤੂਨਾਂ ਦੇ ਮਹਿਮਾਨ ਹਨ'

ਦੂਜੇ ਪਾਸੇ, ਖੈਬਰ ਪਖਤੂਨਖਵਾ 'ਚ ਇੱਕ ਭਾਰਤੀ ਮਹਿਲਾ ਦੀ ਮੌਜੂਦਗੀ ਨਾਲ ਉਸ ਖੇਤਰ ਦੇ ਲੋਕ ਖੁਸ਼ ਹਨ ਪਰ ਮੌਸਮ ਅਤੇ ਮੌਜੂਦਾ ਹਾਲਾਤ ਉਨ੍ਹਾਂ ਦੇ ਸਵਾਗਤ ਦੀਆਂ ਤਿਆਰੀਆਂ ਦੇ ਰਾਹ 'ਚ ਰੁਕਾਵਟ ਬਣ ਗਏ ਹਨ।
ਨਸਰੁੱਲ੍ਹਾ ਦੇ ਸਥਾਨਕ ਖੇਤਰ ਵਿੱਚ ਇੱਕ ਸਿਆਸੀ ਅਤੇ ਸਮਾਜਿਕ ਸ਼ਖਸੀਅਤ ਫਰੀਦੁੱਲਾ ਨੇ ਬੀਬੀਸੀ ਨੂੰ ਦੱਸਿਆ, "ਅੰਜੂ ਜੁਮਾ (ਸ਼ੁੱਕਰਵਾਰ) ਦੀ ਸਵੇਰ ਨੂੰ ਇੱਥੇ ਪਹੁੰਚੇ ਜਦੋਂ ਭਾਰੀ ਮੀਂਹ ਪੈ ਰਿਹਾ ਸੀ।"
"ਇਲਾਕੇ ਦੇ ਲੋਕ ਬੇਸਬਰੀ ਨਾਲ ਉਨ੍ਹਾਂ ਦਾ ਇੰਤਜ਼ਾਰ ਕਰ ਰਹੇ ਸਨ। ਅਸੀਂ ਸੋਚਿਆ ਸੀ ਕਿ ਅਸੀਂ ਸ਼ਨੀਵਾਰ ਨੂੰ ਸ਼ਾਨਦਾਰ ਸਵਾਗਤ ਸਮਾਰੋਹ ਦਾ ਆਯੋਜਨ ਕਰ ਸਕਾਂਗੇ ਪਰ ਬਦਕਿਸਮਤੀ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ। ਹੁਣ ਅਸੀਂ ਇਸ ਸਮਾਰੋਹ ਦਾ ਆਯੋਜਨ ਬਾਅਦ ਵਿੱਚ ਕਰਾਂਗੇ।"
ਫਰੀਦੁੱਲਾ ਨੇ ਕਿਹਾ, "ਅੰਜੂ ਪਖਤੂਨਾਂ ਦੇ ਮਹਿਮਾਨ ਹਨ ਅਤੇ ਨੂੰਹ ਵੀ ਹਨ। ਉਹ ਜਦੋਂ ਤੱਕ ਚਾਹੁਣ ਇੱਥੇ ਰਹਿ ਸਕਦੇ ਹਨ। ਉਨ੍ਹਾਂ ਨੂੰ ਕੋਈ ਸਮੱਸਿਆ ਜਾਂ ਤਕਲੀਫ਼ ਨਹੀਂ ਹੋਵੇਗੀ। ਅਸੀਂ ਇਹ ਯਕੀਨੀ ਬਣਾਵਾਂਗੇ ਕਿ ਉਨ੍ਹਾਂ ਨੂੰ ਸਾਡੇ ਕੋਲ ਕੋਈ ਸਮੱਸਿਆ ਨਾ ਆਵੇ ਅਤੇ ਉਨ੍ਹਾਂ ਨੂੰ ਸਾਰੀਆਂ ਸਹੂਲਤਾਂ ਮਿਲਣ।"
ਉਨ੍ਹਾਂ ਦੱਸਿਆ, "ਸਾਡੇ ਇਲਾਕੇ 'ਚ ਖੁਸ਼ੀ ਦਾ ਮਾਹੌਲ ਹੈ। ਸਾਡੇ ਘਰਾਂ ਦੀਆਂ ਔਰਤਾਂ ਲਗਾਤਾਰ ਅੰਜੂ ਨੂੰ ਮਿਲਣ ਜਾ ਰਹੀਆਂ ਹਨ, ਉਨ੍ਹਾਂ ਨੂੰ ਤੋਹਫ਼ੇ ਦੇ ਰਹੀਆਂ ਹਨ। ਔਰਤਾਂ ਵੀ ਉਨ੍ਹਾਂ ਨੂੰ ਭਰੋਸਾ ਦੇ ਰਹੀਆਂ ਹਨ ਕਿ ਉਨ੍ਹਾਂ ਨੂੰ ਕਿਸੇ ਗੱਲ ਦੀ ਚਿੰਤਾ ਨਾ ਕਰਨ।''
ਦੀਰ ਬਾਲਾ ਦੇ ਡੀਪੀਓ ਮੁਹੰਮਦ ਮੁਸ਼ਤਾਕ ਅਨੁਸਾਰ ਇੱਥੇ ਪਹੁੰਚਣ ਵਾਲੇ ਅੰਜੂ ਦੇ ਵੀਜ਼ੇ ਦੇ ਕਾਗਜ਼ਾਤ ਪੁਲਿਸ ਨੇ ਚੈੱਕ ਕੀਤੇ ਹਨ ਅਤੇ ਉਹ ਸਹੀ ਪਾਏ ਗਏ ਹਨ।
ਉਨ੍ਹਾਂ ਦੱਸਿਆ ਕਿ ਅੰਜੂ ਨੂੰ ਇੱਕ ਮਹੀਨੇ ਦਾ ਵੀਜ਼ਾ ਦਿੱਤਾ ਗਿਆ ਹੈ ਅਤੇ ਇਸ ਦੌਰਾਨ ਉਨ੍ਹਾਂ ਨੂੰ ਦੀਰ ਬਾਲਾ ਵਿੱਚ ਰਹਿਣ ਦੀ ਇਜਾਜ਼ਤ ਵੀ ਦਿੱਤੀ ਗਈ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਪੁਲਿਸ ਨੇ ਰਸਮੀ ਪੁੱਛਗਿੱਛ ਲਈ ਐਤਵਾਰ ਸ਼ਾਮ ਨਸਰੁੱਲ੍ਹਾ ਅਤੇ ਅੰਜੂ ਨੂੰ ਸਥਾਨਕ ਥਾਣੇ ਬੁਲਾਇਆ ਸੀ ।
ਮੁਹੰਮਦ ਮੁਸ਼ਤਾਕ ਨੇ ਕਿਹਾ, "ਇਹ ਰਸਮੀ ਗੱਲਬਾਤ ਸਾਰੇ ਵਿਦੇਸ਼ੀਆਂ ਨਾਲ ਹੁੰਦੀ ਹੈ। ਉਨ੍ਹਾਂ ਨਾਲ ਗੱਲਬਾਤ ਕਰਨ ਅਤੇ ਇੰਟਰਵਿਊ ਕਰਨ ਤੋਂ ਬਾਅਦ ਉਨ੍ਹਾਂ ਨੂੰ ਵਾਪਸ ਜਾਣ ਦੀ ਇਜਾਜ਼ਤ ਵੀ ਦੇ ਦਿੱਤੀ ਜਾਵੇਗੀ।"
ਉਨ੍ਹਾਂ ਕਿਹਾ, "ਪੁਲਿਸ ਅੰਜੂ ਨੂੰ ਪੂਰੀ ਸੁਰੱਖਿਆ ਦੇਵੇਗੀ ਅਤੇ ਇਸ ਦੇ ਨਾਲ ਹੀ ਉਨ੍ਹਾਂ ਦੀ ਨਿੱਜਤਾ ਦਾ ਵੀ ਪੂਰਾ ਧਿਆਨ ਰੱਖੇਗੀ।"














