ਸੋਸ਼ਲ ਮੀਡੀਆ ਰਾਹੀਂ ਭਾਰਤੀ ਮੁੰਡੇ ਦੀ ਪ੍ਰੇਮਿਕਾ ਬਣੀ ਪੋਲਿਸ਼ ਮਹਿਲਾ ਭਾਰਤ ਆਈ, ਪਰ ਅਜੇ ਤੱਕ ਵਿਆਹ ਕਿਉਂ ਨਹੀਂ ਹੋਇਆ

ਤਸਵੀਰ ਸਰੋਤ, SARTAJ ALAM
- ਲੇਖਕ, ਸਰਤਾਜ ਆਲਮ
- ਰੋਲ, ਬੀਬੀਸੀ ਲਈ
"ਜੇ ਮੇਰਾ ਵੱਸ ਚੱਲੇ ਤਾਂ ਮੈਂ ਕੱਲ੍ਹ ਹੀ ਸ਼ਾਦਾਬ ਨਾਲ ਵਿਆਹ ਕਰਵਾ ਲਵਾਂ।"
ਇਹ ਕਹਿਣਾ ਹੈ ਬਾਰਬਰਾ ਪੋਲਾਕ ਨਾਂ ਦੀ ਉਸ ਔਰਤ ਦਾ ਜੋ ਹਾਲ ਹੀ ਵਿੱਚ ਪੋਲੈਂਡ ਤੋਂ ਭਾਰਤ ਆਈ ਹੈ।
44 ਸਾਲਾ ਬਾਰਬਰਾ ਦੇ ਇਨ੍ਹਾਂ ਸ਼ਬਦਾਂ ਨਾਲ ਉਸ ਦੇ ਭਾਰਤੀ ਪ੍ਰੇਮੀ ਸ਼ਾਦਾਬ ਆਲਮ ਦਾ ਚਿਹਰਾ ਖਿੜ ਗਿਆ।
ਸ਼ਾਦਾਬ ਆਲਮ ਦਾ ਕਹਿਣਾ ਹੈ, "ਪਰ ਅਸੀਂ ਦੋਵੇਂ ਕਾਨੂੰਨੀ ਤਰੀਕੇ ਨਾਲ ਵਿਆਹ ਕਰਨਾ ਚਾਹੁੰਦੇ ਹਾਂ, ਤਾਂ ਜੋ ਆਉਣ ਵਾਲੀ ਜ਼ਿੰਦਗੀ 'ਚ ਸਾਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।"
ਬਾਰਬਰਾ ਪੋਲਾਕ ਆਪਣੇ ਪ੍ਰੇਮੀ ਸ਼ਾਦਾਬ ਆਲਮ ਨੂੰ ਮਿਲਣ ਲਈ ਜੁਲਾਈ ਦੇ ਦੂਜੇ ਹਫਤੇ ਹਜ਼ਾਰੀਬਾਗ ਆਈ ਹੈ।
ਉਹ ਜੂਨ ਵਿੱਚ ਭਾਰਤ ਆਈ ਸੀ। 26 ਜੂਨ ਨੂੰ ਉਹ ਆਪਣੀ ਸੱਤ ਸਾਲ ਦੀ ਧੀ ਅਨਿਆ ਪੋਲਾਕ ਨਾਲ ਪੋਲੈਂਡ ਤੋਂ ਨਵੀਂ ਦਿੱਲੀ ਪਹੁੰਚੀ ਸੀ। ਫਿਰ ਉਹ ਸ਼ਾਦਾਬ ਦੇ ਨਾਲ ਦਿੱਲੀ ਦੇ ਸੈਰ-ਸਪਾਟਾ ਸਥਾਨਾਂ ਦੀ ਸੈਰ ਕਰਨ ਗਈ।
ਸ਼ਾਦਾਬ ਦੱਸਦੇ ਹਨ, "ਜਦੋਂ ਅਸੀਂ ਦਿੱਲੀ ਘੁੰਮ ਰਹੇ ਸੀ, ਤਾਂ ਲੋਕ ਬਾਰਬਰਾ ਅਤੇ ਅਨਿਆ ਨਾਲ ਤਸਵੀਰਾਂ ਖਿਚਵਾਉਣਾ ਚਾਹੁੰਦੇ ਸਨ, ਜਿਵੇਂ ਕਿ ਉਹ ਮਸ਼ਹੂਰ ਹਸਤੀਆਂ ਹੋਣ।"

ਤਸਵੀਰ ਸਰੋਤ, SARTAJ ALAM
ਬਾਰਬਰਾ ਦਾ ਕੀ ਕਹਿਣਾ ਹੈ?
ਜਦੋਂ ਅਸੀਂ ਬਾਰਬਰਾ ਨੂੰ ਪਹਿਲੀ ਵਾਰ ਮਿਲੇ, ਤਾਂ ਉਸ ਨੇ ਸਾਨੂੰ ਸਭ ਤੋਂ ਪਹਿਲਾਂ ਸਲਾਮ ਕੀਤੀ।
ਜਦੋਂ ਅਸੀਂ ਉਸ ਨੂੰ ਪੁੱਛਿਆ ਕਿ ਉਸ ਨੇ ਇਹ ਕਿੱਥੋਂ ਸਿੱਖਿਆ ਹੈ ਤਾਂ ਉਸ ਨੇ ਕਿਹਾ ਕਿ ਪਿੰਡ ਆ ਕੇ।
ਉਨ੍ਹਾਂ ਕਿਹਾ, "ਸ਼ੁਰੂਆਤ ਵਿੱਚ ਜਦੋਂ ਪਿੰਡ ਵਾਲੇ ਮਿਲਣ ਆਏ ਤਾਂ ਮੈਂ ਸ਼ਾਦਾਬ ਨੂੰ ਸਲਾਮ ਕਰਦੇ ਹੋਏ ਸੁਣਿਆ, ਉਦੋਂ ਤੋਂ ਮੈਂ ਵੀ ਮਿਲਣ ਆਉਣ ਵਾਲੇ ਹਰ ਵਿਅਕਤੀ ਨੂੰ ਸਲਾਮ ਕਰਦੀ ਹਾਂ।"
ਹਾਲਾਂਕਿ, ਬਾਰਬਰਾ ਨਾਲ ਬਾਕੀ ਦੀ ਗੱਲਬਾਤ ਅੰਗਰੇਜ਼ੀ ਵਿੱਚ ਹੋਈ। ਉਸਨੇ ਕੁਝ ਸਵਾਲਾਂ ਦੇ ਜਵਾਬ ਅੰਗਰੇਜ਼ੀ ਅਤੇ ਕੁਝ ਪੋਲਿਸ਼ ਵਿੱਚ ਦਿੱਤੇ, ਜਿਨ੍ਹਾਂ ਦਾ ਸ਼ਾਦਾਬ ਅਨੁਵਾਦ ਕਰਦੇ ਰਹੇ।
ਭਾਰਤ ਦੀ ਤਾਰੀਫ ਕਰਦੇ ਹੋਏ ਬਾਰਬਰਾ ਨੇ ਕਿਹਾ, "ਇਹ ਸਭ ਦਾ ਸਵਾਗਤ ਕਰਨ ਵਾਲਾ ਖੂਬਸੂਰਤ ਦੇਸ਼ ਹੈ। ਇੱਥੋਂ ਦੇ ਲੋਕ ਬਹੁਤ ਮਿਲਣਸਾਰ ਹਨ। ਇੱਥੋਂ ਦੇ ਫ਼ਲ ਬਹੁਤ ਮਿੱਠੇ ਹਨ। ਮੈਨੂੰ ਇੱਥੋਂ ਦਾ ਖਾਣਾ ਪਸੰਦ ਹੈ।"
ਆਪਣੀ ਧੀ ਬਾਰੇ ਉਹ ਕਹਿੰਦੇ ਹਨ, "ਮੇਰੀ ਬੇਟੀ ਵੀ ਇੱਥੇ ਮੇਰੇ ਨਾਲ ਛੁੱਟੀਆਂ ਮਨਾ ਕੇ ਬਹੁਤ ਖੁਸ਼ ਹੈ। ਉਹ ਸ਼ਾਦਾਬ ਦੇ ਬਹੁਤ ਨੇੜੇ ਆ ਗਈ ਹੈ। ਉਹ ਉਸਨੂੰ ਹੁਣ ਤੋਂ ਡੈਡੀ ਕਹਿ ਕੇ ਬੁਲਾਉਂਦੀ ਹੈ। ਦੋਵੇਂ ਇਕੱਠੇ ਬਹੁਤ ਖੇਡਦੇ ਹਨ।"
ਵਿਜ਼ਿਟਿੰਗ ਵੀਜ਼ੇ 'ਤੇ ਆਈ ਬਾਰਬਰਾ ਦਾ ਕਹਿਣਾ ਹੈ ਕਿ ਇਹ ਪਹਿਲੀ ਵਾਰ ਹੈ ਜਦੋਂ ਉਹ ਕਿਸੇ ਪਿੰਡ ਆਈ ਹੈ।
ਉਹ ਕਹਿੰਦੇ ਹਨ, "ਮੈਨੂੰ ਇਸ ਖੁਟਰਾ ਪਿੰਡ ਦਾ ਸੱਭਿਆਚਾਰ ਪਸੰਦ ਆਇਆ। ਪਰ ਇੱਥੇ ਘਰ ਬਹੁਤ ਛੋਟੇ ਹਨ। ਪੋਲੈਂਡ ਵਿੱਚ ਘਰ ਵੱਡੇ ਹਨ। ਫਿਰ ਵੀ ਮੈਂ ਸ਼ਾਦਾਬ ਨਾਲ ਇੱਥੇ ਰਹਿ ਕੇ ਬਹੁਤ ਖੁਸ਼ ਹਾਂ।"

ਤਸਵੀਰ ਸਰੋਤ, SARTAJ ALAM
ਬਾਰਬਰਾ ਤੇ ਸ਼ਾਦਾਬ ਦੀ ਮੁਲਾਕਾਤ ਕਿਵੇਂ ਹੋਈ?
ਮਹਾਰਾਸ਼ਟਰ ਕਾਲਜ ਤੋਂ ਗ੍ਰੈਜੂਏਸ਼ਨ ਕਰਨ ਵਾਲੇ ਸ਼ਾਦਾਬ ਦਾ ਕਹਿਣਾ ਹੈ ਕਿ ਉਹ ਇੱਕ ਚੰਗੇ ਡਾਂਸਰ ਹਨ।
ਸ਼ਾਦਾਬ ਕਹਿੰਦੇ ਹਨ, "ਮੈਂ ਡਾਂਸ ਦੀ ਵੀਡੀਓ ਬਣਾ ਕੇ ਟਿਕਟੋਕ 'ਤੇ ਪੋਸਟ ਕਰਦਾ ਸੀ। ਇਹ ਦੇਖ ਕੇ ਬਾਰਬਰਾ ਨੇ ਮੈਨੂੰ ਫਾਲੋ ਕਰਨਾ ਸ਼ੁਰੂ ਕਰ ਦਿੱਤਾ। ਬਾਰਬਰਾ ਨੇ ਕਈ ਵਾਰ ਡੀਐਮ ਮੈਸੇਜ ਭੇਜੇ, ਪਰ ਅਕਾਊਂਟ ਡੀਪੀ 'ਚ ਵਿਦੇਸ਼ੀ ਔਰਤ ਦਾ ਚਿਹਰਾ ਦੇਖ ਕੇ ਮੈਂ ਡਰ ਗਿਆ ਕਿ ਇਹ ਫਰਾਡ ਅਕਾਊਂਟ ਹੋ ਸਕਦਾ ਹੈ। ਇਸ ਲਈ ਮੈਂ ਕੋਈ ਜਵਾਬ ਨਹੀਂ ਦਿੱਤਾ। ਫਿਰ ਵੀ ਉਹ ਮੇਰੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰਦੀ ਰਹੀ।"
ਉਹ ਦੱਸਦੇ ਹਨ, "ਟਿਕ-ਟਾਕ ਬੰਦ ਹੋਣ ਤੋਂ ਬਾਅਦ, ਮੈਂ ਇੰਸਟਾਗ੍ਰਾਮ 'ਤੇ ਪੋਸਟ ਕਰਨਾ ਸ਼ੁਰੂ ਕਰ ਦਿੱਤਾ। ਬਾਰਬਰਾ ਉੱਥੇ ਵੀ ਮੈਨੂੰ ਫਾਲੋ ਕਰਦੀ ਸੀ। ਇੱਕ ਦਿਨ ਮੈਂ ਲਾਈਵ ਸੀ ਤਾਂ ਦੇਖਿਆ ਕਿ ਬਾਰਬਰਾ ਦੇਖ ਰਹੇ ਸਨ। ਉਸ ਨੇ ਮੇਰੇ ਨਾਲ ਸੰਪਰਕ ਕਰਨ ਦੀ ਇੱਛਾ ਜ਼ਾਹਰ ਕੀਤੀ। ਮੈਂ ਉਸ ਨਾਲ ਆਪਣਾ ਨੰਬਰ ਸਾਂਝਾ ਕੀਤਾ। ਫਿਰ ਉਸ ਨਾਲ ਵਟਸਐਪ ਰਾਹੀਂ ਗੱਲਬਾਤ ਸ਼ੁਰੂ ਹੋਈ। ਇਹ ਲਾਕਡਾਊਨ ਤੋਂ ਪਹਿਲਾਂ ਦੀ ਗੱਲ ਹੈ।"
ਸ਼ਾਦਾਬ ਕਹਿੰਦੇ ਹਨ, "ਬਾਰਬਰਾ ਅਕਸਰ ਲਾਲ ਗੁਲਾਬ ਭੇਜਦੀ ਸੀ, ਜਿਸ ਨੂੰ ਦੇਖ ਕੇ ਮੈਨੂੰ ਪਿਆਰ ਮਹਿਸੂਸ ਹੋਣ ਲੱਗਾ। ਫਿਰ ਇੱਕ ਦਿਨ ਬਾਰਬਰਾ ਨੇ ਖੁਦ ਹੀ ਪਿਆਰ ਦਾ ਇਜ਼ਹਾਰ ਕੀਤਾ, ਜਿਸ ਨੂੰ ਮੈਂ ਸਵੀਕਾਰ ਕਰ ਲਿਆ।"

- ਪੋਲੈਂਡ ਦੀ ਰਹਿਣ ਵਾਲੀ ਬਾਰਬਰਾ ਆਪਣੀ ਧੀ ਸਮੇਤ ਪ੍ਰੇਮੀ ਭਾਰਤ ਆਈ ਹੈ
- ਬਾਰਬਰਾ ਆਪਣੇ ਪ੍ਰੇਮੀ ਸ਼ਾਦਾਬ ਨਾਲ ਵਿਆਹ ਕਰਵਾਉਣਾ ਚਾਹੁੰਦੀ ਹੈ
- ਦੋਵਾਂ ਦੀ ਮੁਲਾਕਾਤ ਸੋਸ਼ਲ ਮੀਡੀਆ ’ਤੇ ਹੋਈ ਅਤੇ ਫਿਰ ਇਹ ਪਿਆਰ ’ਚ ਬਦਲ ਗਈ
- ਪਿੰਡ ਦੇ ਲੋਕ ਬਾਰਬਰਾ ਨੂੰ ਮਿਲਣ ਦੀ ਚਾਹਤ ਨਾਲ ਰੋਜ਼ਾਨਾ ਉਹਨਾਂ ਦੇ ਘਰ ਆਉਂਦੇ ਹਨ
- ਸ਼ਾਦਾਬ ਮੁੰਬਈ ਵਿੱਚ ਇੱਕ ਆਈਟੀ ਇੰਜੀਨੀਅਰ ਵਜੋਂ ਕੰਮ ਕਰਦੇ ਹਨ

ਸ਼ਾਦਾਬ ਕਹਿੰਦੇ ਹਨ, "ਮੈਂ ਸੋਸ਼ਲ ਮੀਡੀਆ 'ਤੇ ਜ਼ਿਆਦਾ ਐਕਟਿਵ ਰਹਿੰਦਾ ਸੀ, ਇਸ ਲਈ ਉਹ ਮੈਨੂੰ ਉੱਥੇ ਆਪਣਾ ਸਮਾਂ ਬਰਬਾਦ ਨਾ ਕਰਨ ਦੀ ਹਿਦਾਇਤ ਦਿੰਦੀ ਸੀ।"
ਉਹ ਕਹਿੰਦੇ ਹਨ, "ਉਹ ਮੈਨੂੰ ਬਿਹਤਰ ਜ਼ਿੰਦਗੀ ਜਿਊਣ ਲਈ ਪ੍ਰੇਰਿਤ ਕਰਦੀ ਸੀ। ਉਹ ਸਮਝਾਉਂਦੀ ਤੇ ਝਿੜਕਦੀ ਸੀ ਕਿ ਇੱਕ ਸਫਲ ਹੋਣ ਲਈ ਤੁਹਾਨੂੰ ਸਿਰਫ਼ ਆਪਣੇ ਕੰਮ 'ਤੇ ਧਿਆਨ ਦੇਣਾ ਚਾਹੀਦਾ ਹੈ। ਬਾਰਬਰਾ ਨੇ ਜਿਸ ਤਰ੍ਹਾਂ ਮੇਰੀ ਦੇਖਭਾਲ ਕੀਤੀ। ਮੈਨੂੰ ਲੱਗਾ ਕਿ ਉਹ ਮੇਰੀ ਬਹੁਤ ਪਰਵਾਹ ਕਰਦੀ ਹੈ ਅਤੇ ਅਸੀਂ ਇੱਕ ਦੂਜੇ ਲਈ ਬਣੇ ਹਾਂ।"
ਬਾਰਬਰਾ ਕਹਿੰਦੇ ਹਨ, "ਮੈਂ ਪੋਲੈਂਡ ਤੋਂ ਸ਼ਾਦਾਬ ਲਈ ਵਿਜ਼ਿਟਿੰਗ ਵੀਜ਼ਾ ਭੇਜਿਆ ਸੀ ਪਰ ਤਕਨੀਕੀ ਕਾਰਨਾਂ ਕਰਕੇ ਉਹ ਪੋਲੈਂਡ ਨਹੀਂ ਜਾ ਸਕਿਆ। ਫਿਰ ਮੈਂ ਸ਼ਾਦਾਬ ਨੂੰ ਮਿਲਣ ਲਈ ਭਾਰਤ ਆਈ ਸੀ।"
ਸ਼ਾਦਾਬ ਦਾ ਕਹਿਣਾ ਹੈ ਕਿ ਕਈ ਕੋਸ਼ਿਸ਼ਾਂ ਦੇ ਬਾਵਜੂਦ ਕਾਗਜ਼ੀ ਕਾਰਵਾਈ ਦੀ ਮੁਸ਼ਕਲ ਕਾਰਨ ਉਹ ਪੋਲੈਂਡ ਨਹੀਂ ਜਾ ਸਕਿਆ। ਇਸੇ ਲਈ ਇਸ ਵਾਰ ਬਾਰਬਰਾ ਖੁਦ ਆਪਣੀ ਬੇਟੀ ਨਾਲ 26 ਜੂਨ ਨੂੰ ਭਾਰਤ ਆਈ ਸੀ।
ਬਾਰਬਰਾ ਸ਼ਾਦਾਬ ਨਾਲ ਵਿਆਹ ਕਰਨ ਦੀ ਇੱਛੁਕ ਹੈ।
ਉਹ ਕਹਿੰਦੀ ਹੈ, "ਮੈਂ ਸ਼ਾਦਾਬ ਨੂੰ ਸਮਝਾਇਆ ਕਿ ਅਸੀਂ ਦੋਵੇਂ ਪਿਆਰ ਵਿੱਚ ਹਾਂ, ਹੁਣ ਉਸਨੂੰ ਨੂੰ ਮੰਜ਼ਿਲ ਦੇਣ ਲਈ ਸਾਨੂੰ ਵਿਆਹ ਕਰ ਲੈਣਾ ਚਾਹੀਦਾ ਹੈ।"

ਤਸਵੀਰ ਸਰੋਤ, SARTAJ ALAM
ਵਿਆਹ ਕਦੋਂ ਹੋਵੇਗਾ?
ਇਸ ਸਵਾਲ 'ਤੇ ਬਾਰਬਰਾ ਕਹਿੰਦੇ ਹਨ, "ਮੈਂ ਤਾਂ ਕੱਲ੍ਹ ਹੀ ਵਿਆਹ ਕਰਵਾ ਲਵਾਂ। ਪਰ ਅਸੀਂ ਦੋ ਵੱਖ-ਵੱਖ ਦੇਸ਼ਾਂ ਤੋਂ ਹਾਂ, ਇਸ ਲਈ ਮੈਂ ਦਸਤਾਵੇਜ਼ ਤਿਆਰ ਕਰਕੇ ਕਾਨੂੰਨੀ ਤੌਰ 'ਤੇ ਵਿਆਹ ਕਰਵਾਉਣਾ ਚਾਹੁੰਦੀ ਹਾਂ। ਇਸ ਵਿੱਚ ਸਮਾਂ ਲੱਗ ਰਿਹਾ ਹੈ।"
ਕੀ ਤੁਸੀਂ ਵਿਆਹ ਤੋਂ ਬਾਅਦ ਭਾਰਤ ਵਿੱਚ ਸੈਟਲ ਹੋ ਜਾਵੋਗੇ ਜਾਂ ਸ਼ਾਦਾਬ ਨੂੰ ਪੋਲੈਂਡ ਲੈ ਕੇ ਜਾਣਾ ਚਾਹੋਗੇ?
ਇਸ ਸਵਾਲ 'ਤੇ ਬਾਰਬਰਾ ਦਾ ਕਹਿਣਾ ਹੈ, "ਵਿਆਹ ਤੋਂ ਬਾਅਦ ਮੈਂ ਸ਼ਾਦਾਬ ਨੂੰ ਪੋਲੈਂਡ ਲੈ ਕੇ ਜਾਣਾ ਚਾਹੁੰਦੀ ਹਾਂ। ਉੱਥੇ ਮੇਰੀ ਇਕ ਕੰਸਟ੍ਰਕਸ਼ਨ ਕੰਪਨੀ ਹੈ, ਜਿਸ 'ਚ ਸ਼ਾਦਾਬ ਲਈ ਨੌਕਰੀ ਹੈ। ਪਰ ਬਾਅਦ 'ਚ ਜੇਕਰ ਸਾਡਾ ਦੋਵਾਂ ਦਾ ਭਾਰਤ 'ਚ ਬਿਹਤਰ ਭਵਿੱਖ ਦਿਖਾਈ ਦਿੱਤਾ ਤਾਂ ਅਸੀਂ ਇੱਥੇ ਵੀ ਸੈਟਲ ਹੋ ਸਕਦੇ ਹਾਂ। ਫਿਰ ਮੈਂ ਇੱਥੇ ਰੈਸਟੋਰੈਂਟ ਦੇ ਕਾਰੋਬਾਰ 'ਚ ਨਿਵੇਸ਼ ਕਰ ਸਕਦੀ ਹਾਂ।"
ਉਹ ਕਹਿੰਦੇ ਹਨ, "ਮੈਂ ਜਿੱਥੇ ਵੀ ਰਹਾਂ, ਸ਼ਾਦਾਬ ਦੇ ਨਾਲ ਰਹਿਣਾ ਚਾਹੁੰਦੀ ਹਾਂ। ਮੈਂ ਉਸਦੇ ਲਈ ਕੋਈ ਵੀ ਕੁਰਬਾਨੀ ਕਰਨ ਲਈ ਤਿਆਰ ਹਾਂ।"
ਸ਼ਾਦਾਬ ਦਾ ਕਹਿਣਾ ਹੈ, "ਮੈਂ ਵੀ ਬਾਰਬਰਾ ਤੋਂ ਬਿਨਾਂ ਨਹੀਂ ਰਹਿ ਸਕਦਾ। ਇਸ ਲਈ ਮੈਨੂੰ ਪਹਿਲਾਂ ਵਿਆਹ ਕਰਨਾ ਪਵੇਗਾ, ਫਿਰ ਮੈਂ ਬਾਰਬਰਾ ਨਾਲ ਪੋਲੈਂਡ ਜਾਵਾਂਗਾ। ਕਿਉਂਕਿ ਉਹ ਮੇਰੇ ਭਵਿੱਖ ਨੂੰ ਲੈ ਕੇ ਚਿੰਤਤ ਹੈ।"
ਬਾਰਬਰਾ ਦੀ ਹੁਣ ਤੱਕ ਦੀ ਜ਼ਿੰਦਗੀ
ਬਾਰਬਰਾ ਆਪਣੇ ਪਿਛਲੇ ਵਿਆਹ ਬਾਰੇ ਦੱਸਦੇ ਹਨ ਕਿ, "ਜਿਸ ਬੰਦੇ ਨਾਲ ਮੈਂ ਵਿਆਹ ਕੀਤਾ ਸੀ ਉਹ ਹੁਣ ਸਵਿਟਜ਼ਰਲੈਂਡ ਵਿੱਚ ਮੇਰੇ ਨਾਲੋ ਵੱਖ ਰਹਿੰਦਾ ਹੈ। ਜਦੋਂ ਕਿ ਮੇਰੀ ਧੀ ਅਨਿਆ ਮੇਰੇ ਨਾਲ ਪੋਲੈਂਡ ਵਿੱਚ ਰਹਿੰਦੀ ਹੈ। ਹੁਣ ਸ਼ਾਦਾਬ ਉਸਦੇ ਪਿਤਾ ਹਨ।"
ਸ਼ਾਦਾਬ ਕਹਿਦੇ ਹਨ, "ਬਾਰਬਰਾ ਨੇ ਮੈਨੂੰ ਸਭ ਕੁਝ ਦੱਸ ਦਿੱਤਾ ਹੈ, ਕੁਝ ਵੀ ਛੁਪਾਇਆ ਨਹੀਂ ਹੈ। ਉਸ ਨੇ ਸ਼ੁਰੂ ਵਿੱਚ ਆਪਣੇ ਪਿਛਲੇ ਵਿਆਹ ਅਤੇ ਬੇਟੀ ਬਾਰੇ ਦੱਸਿਆ ਸੀ। ਮੈਂ ਉਸ ਨਾਲ ਇਸ ਬਾਰੇ ਗੱਲ ਨਹੀਂ ਕਰਨਾ ਚਾਹੁੰਦਾ। ਆਨਿਆ ਬਹੁਤ ਪਿਆਰੀ ਬੇਟੀ ਹੈ।"
ਜਦੋਂ ਸ਼ਾਦਾਬ ਨੂੰ ਪੁੱਛਿਆ ਗਿਆ ਕਿ ਨਾ ਤਾਂ ਬਾਰਬਰਾ ਕੋਈ ਭਾਰਤੀ ਭਾਸ਼ਾ ਜਾਣਦੀ ਹੈ ਅਤੇ ਨਾ ਹੀ ਤੁਹਾਨੂੰ ਪੋਲਿਸ਼ ਭਾਸ਼ਾ ਆਉਂਦੀ ਹੈ, ਫਿਰ ਤੁਸੀਂ ਇਕ ਦੂਜੇ ਨੂੰ ਕਿਵੇਂ ਸਮਝਦੇ ਹੋ?
ਇਸ 'ਤੇ ਸ਼ਾਦਾਬ ਕਹਿੰਦੇ ਹਨ, "ਬਾਰਬਰਾ ਅੰਗਰੇਜ਼ੀ ਨਹੀਂ ਬੋਲ ਸਕਦੀ ਪਰ ਸਮਝਦੀ ਹੈ। ਮੈਂ ਅੰਗਰੇਜ਼ੀ ਜਾਣਦਾ ਹਾਂ। ਉਹ ਪੋਲਿਸ਼ ਅਨੁਵਾਦਕ ਦੀ ਮਦਦ ਨਾਲ ਜੋ ਮੈਂ ਬੋਲਦਾ ਹਾਂ, ਉਹ ਸਮਝਦੀ ਹੈ। ਪਹਿਲਾਂ ਮੈਂ ਪੋਲਿਸ਼ ਨਹੀਂ ਸਮਝ ਸਕਦਾ ਸੀ ਪਰ ਹੁਣ ਮੈਂ ਸਮਝਣਾ ਸ਼ੁਰੂ ਕਰ ਦਿੱਤਾ। ਮੈਂ ਡੰਗ ਟਪਾਉਣ ਵਾਲੀ ਪੋਲਿਸ਼ ਬੋਲ ਵੀ ਲੈਂਦਾ ਹਾਂ।"

ਤਸਵੀਰ ਸਰੋਤ, SARTAJ ALAM
ਸ਼ਾਦਾਬ ਦਾ ਪਰਿਵਾਰ
ਸ਼ਾਦਾਬ ਦੇ ਮਾਤਾ-ਪਿਤਾ ਨਹੀਂ ਹਨ। ਉਸ ਦੀਆਂ ਤਿੰਨ ਭੈਣਾਂ ਅਤੇ ਇੱਕ ਵੱਡਾ ਭਰਾ ਹੈ। ਤਿੰਨੋਂ ਭੈਣਾਂ ਵਿਆਹੀਆਂ ਹੋਈਆਂ ਹਨ। ਵੱਡਾ ਭਰਾ ਕੋਲਕਾਤਾ ਰਹਿੰਦਾ ਹੈ।
ਜਦੋਂ ਉਹ ਛੋਟੇ ਸੀ ਤਾਂ ਮਾਂ ਦਾ ਦੇਹਾਂਤ ਹੋ ਗਿਆ ਅਤੇ ਫਿਰ ਪਿਤਾ ਦੀ ਵੀ ਸੜਕ ਹਾਦਸੇ ਵਿੱਚ ਮੌਤ ਹੋ ਗਈ।
ਸ਼ਾਦਾਬ ਦੇ ਨਾਲ-ਨਾਲ ਉਸ ਦੇ ਸਾਰੇ ਭੈਣ-ਭਰਾਵਾਂ ਦਾ ਪਾਲਣ-ਪੋਸ਼ਣ ਉਹਨਾਂ ਦੇ ਮਾਮੇ ਨੇ ਮੁੰਬਈ ਵਿੱਚ ਕੀਤਾ ਹੈ।
ਸ਼ਾਦਾਬ ਦਾ ਕਹਿਣਾ ਹੈ ਕਿ ਹੁਣ ਹਰ ਕੋਈ ਆਪਣੀ ਖੁਸ਼ਹਾਲ ਜ਼ਿੰਦਗੀ 'ਚ ਹੈ।
ਉਹ ਕਹਿੰਦਾ ਹੈ, "ਹੁਣ ਮੇਰਾ ਬਾਰਬਰਾ ਨਾਲ ਵਿਆਹ ਹੋਣਾ ਬਾਕੀ ਹੈ। ਫਿਰ ਮੈਂ ਵੀ ਸੈਟਲ ਹੋਣ ਜਾਣਾ ਹੈ।"
ਸ਼ਾਦਾਬ ਕਹਿਦੇ ਹਨ, "ਮੇਰੀਆਂ ਭੈਣਾਂ ਪਹਿਲਾਂ ਤਾਂ ਬਾਰਬਰਾ ਨੂੰ ਦੇਖ ਕੇ ਹੈਰਾਨ ਰਹਿ ਗਈਆਂ ਸਨ ਪਰ ਹੁਣ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੈ। ਜਲਦੀ ਹੀ ਮੈਂ ਬਾਰਬਰਾ ਨੂੰ ਭੈਣਾਂ ਨਾਲ ਵੀ ਮਿਲਾਵਾਂਗਾ।"
ਸ਼ਾਦਾਬ ਨੇ ਗ੍ਰੈਜੂਏਸ਼ਨ ਤੋਂ ਬਾਅਦ ਹਾਰਡਵੇਅਰ ਨੈੱਟਵਰਕਿੰਗ ਵਿੱਚ ਡਿਪਲੋਮਾ ਕੀਤਾ ਹੈ। ਉਹ ਮੁੰਬਈ ਵਿੱਚ ਇੱਕ ਆਈਟੀ ਇੰਜੀਨੀਅਰ ਵਜੋਂ ਕੰਮ ਕਰਦੇ ਹਨ।

ਤਸਵੀਰ ਸਰੋਤ, SARTAJ ALAM
ਜਦੋਂ ਬਾਰਬਰਾ ਸ਼ਾਦਾਬ ਦੇ ਘਰ ਸ਼ਿਫਟ ਹੋਈ
ਹਜ਼ਾਰੀਬਾਗ ਵਿੱਚ ਬਿਤਾਏ ਦਿਨਾਂ ਦਾ ਜ਼ਿਕਰ ਕਰਦਿਆਂ ਸ਼ਾਦਾਬ ਕਹਿੰਦੇ ਹਨ, "ਕੁਝ ਦਿਨ ਇਕ ਹੋਟਲ ਵਿੱਚ ਰਹਿਣ ਤੋਂ ਬਾਅਦ ਬਾਰਬਰਾ ਨੇ ਹਜ਼ਾਰੀਬਾਗ ਸ਼ਹਿਰ ਤੋਂ ਦਸ ਕਿਲੋਮੀਟਰ ਦੂਰ ਖੁਟਰਾ ਪਿੰਡ ਵਿੱਚ ਮੇਰੇ ਘਰ ਰਹਿਣ ਦੀ ਇੱਛਾ ਜਤਾਈ। ਇਸ ਲਈ ਮੈਂ ਉਸ ਨੂੰ ਆਪਣੇ ਘਰ ਲੈ ਆਇਆ।"
ਪਿੰਡ ਦੇ ਲੋਕ ਬਾਰਬਰਾ ਨੂੰ ਮਿਲਣ ਦੀ ਚਾਹਤ ਨਾਲ ਰੋਜ਼ਾਨਾ ਉਹਨਾਂ ਦੇ ਘਰ ਆਉਂਦੇ ਹਨ।
ਸ਼ਾਦਾਬ ਕਹਿੰਦੇ ਹਨ, "ਬਾਰਬਰਾ ਪੋਲਾਕ ਅਤੇ ਉਸਦੀ ਧੀ ਲੋਕਾਂ ਨੂੰ ਮਿਲਣ ਅਤੇ ਸੈਲਫੀ ਲਈ ਵਾਰ-ਵਾਰ ਬੇਨਤੀਆਂ ਤੋਂ ਥੋੜੀ ਨਾਰਾਜ਼ ਹੋ ਜਾਂਦੀ ਹੈ। ਪਰ ਉਹ ਇੱਥੇ ਆ ਕੇ ਬਹੁਤ ਖੁਸ਼ ਹੈ।"
ਬਾਰਬਰਾ ਦੂਜੇ ਦੇਸ਼ ਅਤੇ ਧਰਮ ਤੋਂ ਹਨ, ਜਦੋਂ ਉਹਨਾਂ ਨੂੰ ਘਰ ਲਿਆਂਦਾ ਗਿਆ ਤਾਂ ਪਿੰਡ ਵਾਸੀਆਂ ਦਾ ਕੀ ਪ੍ਰਤੀਕਰਮ ਸੀ?
ਇਸ 'ਤੇ 27 ਸਾਲਾ ਸ਼ਾਦਾਬ ਦਾ ਕਹਿਣਾ ਹੈ, "ਬਾਰਬਰਾ ਦੇ ਘਰ ਆਉਣ ਤੋਂ ਬਾਅਦ ਪਿੰਡ ਦੇ ਲੋਕ ਕਾਫੀ ਉਤਸ਼ਾਹਿਤ ਨਜ਼ਰ ਆ ਰਹੇ ਸਨ। ਜਦੋਂ ਕੁਝ ਲੋਕਾਂ ਨੇ ਵਿਆਹ ਬਾਰੇ ਪੁੱਛਿਆ ਤਾਂ ਮੈਂ ਉਨ੍ਹਾਂ ਨੂੰ ਕਿਹਾ ਕਿ ਅਸੀਂ ਜਲਦੀ ਹੀ ਵਿਆਹ ਕਰ ਲੈਣਾ ਹੈ।"
ਪਿੰਡ ਦੇ ਮੁਖੀ ਅਨਵਾਰੁਲ ਹੱਕ ਦਾ ਕਹਿਣਾ ਹੈ, "ਅਸੀਂ ਸ਼ਾਦਾਬ ਦੇ ਘਰ ਦੀ ਗਰੀਬੀ ਦੇਖੀ ਹੈ। ਉਸ ਨੇ ਮੁੰਬਈ ਵਿੱਚ ਰਹਿੰਦਿਆਂ ਅੰਗਰੇਜ਼ੀ ਸਿੱਖੀ ਸੀ। ਇਸ ਮਿਹਨਤੀ ਨੌਜਵਾਨ ਦੀ ਜ਼ਿੰਦਗੀ ਵਿੱਚ ਇੱਕ ਵਿਦੇਸ਼ੀ ਔਰਤ ਦੀ ਐਂਟਰੀ ਹੋਈ ਹੈ। ਪਿੰਡ ਵਾਸੀ ਖੁਸ਼ ਹਨ ਕਿ ਹੁਣ ਸ਼ਾਦਾਬ ਦੇ ਦਿਨ ਬਦਲ ਜਾਣਗੇ।"
ਉਹ ਕਹਿੰਦਾ ਹੈ, "ਅਸੀਂ ਪਿੰਡ ਵਾਲੇ ਚਾਹੁੰਦੇ ਹਾਂ ਕਿ ਦੋਵੇਂ ਜਲਦੀ ਤੋਂ ਜਲਦੀ ਵਿਆਹ ਕਰਵਾ ਲੈਣ ਅਤੇ ਇੱਕ-ਦੂਜੇ ਵਿੱਚ ਵਿਸ਼ਵਾਸ ਬਣਾਈ ਰੱਖਣ।"

ਤਸਵੀਰ ਸਰੋਤ, SARTAJ ALAM
ਬਾਰਬਰਾ ਨੇ ਸ਼ਾਦਾਬ ਦਾ ਘਰ ਬਣਾਉਣ ’ਚ ਮਦਦ ਕੀਤੀ
ਪੰਜ ਸੌ ਘਰਾਂ ਦੀ ਆਬਾਦੀ ਵਾਲੇ ਪਿੰਡ ਖੁਟਰਾ ਦੀ ਮੁੱਖ ਸੜਕ ਤੋਂ ਕਰੀਬ ਇੱਕ ਕਿਲੋਮੀਟਰ ਅੰਦਰ ਜਾਣ ਮਗਰੋਂ ਛੋਟੀ ਮਸਜਿਦ ਦੇ ਕੋਲ ਸ਼ਾਦਾਬ ਦਾ ਜੱਦੀ ਘਰ ਹੈ।
ਇੱਥੇ ਰਸੋਈ ਅਤੇ ਹਾਲ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ।
ਪਿੰਡ ਦੇ 60 ਸਾਲਾ ਮੁਖੀ ਅਨਵਾਰੁਲ ਹੱਕ ਦਾ ਕਹਿਣਾ ਹੈ ਕਿ ਉਹ ਇਸ ਘਰ ਨੂੰ ਆਪਣੀ ਜ਼ਿੰਦਗੀ ਵਿੱਚ ਦੂਜੀ ਵਾਰ ਬਣਦੇ ਦੇਖ ਰਹੇ ਹਨ।
ਉਹ ਦੱਸਦੇ ਹਨ, "ਪਹਿਲੀ ਵਾਰ ਸ਼ਾਦਾਬ ਦੀ ਦਾਦੀ ਨੇ ਇੰਦਰਾ ਆਵਾਸ ਤਹਿਤ ਇਸ ਕੱਚੇ ਘਰ ਵਿੱਚ ਦੋ ਪੱਕੇ ਕਮਰੇ ਬਣਵਾਏ ਸਨ। ਪਰ ਹੁਣ ਸ਼ਾਦਾਬ ਪੋਲੈਂਡ ਤੋਂ ਆਈ ਆਪਣੀ ਪ੍ਰੇਮਿਕਾ ਦੀ ਆਰਥਿਕ ਮਦਦ ਨਾਲ ਇਹ ਘਰ ਬਣਵਾ ਰਿਹਾ ਹੈ।"
ਸ਼ਾਦਾਬ ਦੇ ਇਸ ਨਿਰਮਾਣ ਅਧੀਨ ਘਰ ਵਿੱਚ ਦੋ ਕਮਰੇ ਹਨ, ਇੱਕ ਕਮਰੇ ਵਿੱਚ ਕੁਝ ਸਮਾਨ ਰੱਖਿਆ ਗਿਆ ਹੈ ਅਤੇ ਦੂਜੇ ਕਮਰੇ ਵਿੱਚ ਇੱਕ ਬੈੱਡ ਹੈ। ਇਸ ਬੈੱਡ ਦੇ ਉੱਪਰ ਬਾਰਬਰਾ ਦੀ ਇੱਕ ਛੋਟੀ ਜਿਹੀ ਤਸਵੀਰ ਰੱਖੀ ਗਈ ਹੈ।
ਸ਼ਾਦਾਬ ਦਾ ਕਹਿਣਾ ਹੈ ਕਿ ਜਦੋਂ ਬਾਰਬਰਾ ਹੋਟਲ ਤੋਂ ਉਹਨਾਂ ਦੇ ਘਰ ਆਈ ਤਾਂ ਉਹ ਘਰ ਦੀ ਹਾਲਤ ਦੇਖ ਕੇ ਦੁੱਖੀ ਹੋਈ। ਉਸ ਦੇ ਕਹਿਣ 'ਤੇ ਸ਼ਾਦਾਬ ਘਰ ਦੀ ਉਸਾਰੀ ਸ਼ੁਰੂ ਕਰ ਦਿੱਤੀ।
ਸਥਾਨਕ ਡੀਐੱਸਪੀ ਰਾਜੀਵ ਕੁਮਾਰ ਨੇ ਬੀਬੀਸੀ ਨੂੰ ਦੱਸਿਆ, "ਮੈਂ ਬਾਰਬਰਾ ਅਤੇ ਉਸ ਦੀ ਧੀ ਦੇ ਕਾਗਜ਼ਾਤ ਚੈੱਕ ਕੀਤੇ ਹਨ। ਉਹ ਠੀਕ ਹਨ। ਉਨ੍ਹਾਂ ਦਾ ਟੂਰਿਸਟ ਵੀਜ਼ਾ 2028 ਤੱਕ ਵੈਲਿਡ ਹੈ।"
ਉਹਨਾਂ ਨੇ ਸ਼ਾਦਾਬ ਬਾਰੇ ਵੀ ਦੱਸਿਆ ਕਿ, "ਖੁਟਰਾ ਪਿੰਡ ਦੇ ਰਹਿਣ ਵਾਲੇ ਸ਼ਾਦਾਬ ਦਾ ਕਦੇ ਵੀ ਕੋਈ ਅਪਰਾਧਿਕ ਪਿਛੋਕੜ ਨਹੀਂ ਰਿਹਾ।"












