ਪਾਕਿਸਤਾਨ ਤੋਂ ਨੂੰਹ ਬਣ ਕੇ ਆਈ ਸਲਮਾ ਨੂੰ 40 ਸਾਲ ਬਾਅਦ ਵੀ 'ਭਾਰਤੀ' ਬਣਨ ਦੀ ਉਡੀਕ

ਅਨੀਸ ਅਹਿਮਦ

ਤਸਵੀਰ ਸਰੋਤ, SHAHBAZ ANWAR

ਤਸਵੀਰ ਕੈਪਸ਼ਨ, ਅਨੀਸ ਅਹਿਮਦ ਤੇ ਸਲਮਾ
    • ਲੇਖਕ, ਸ਼ਹਿਬਾਜ਼ ਅਨਵਰ
    • ਰੋਲ, ਬੀਬੀਸੀ ਸਹਿਯੋਗੀ

ਪਾਕਿਸਤਾਨ ਤੋਂ ਨੇਪਾਲ ਦੇ ਰਸਤੇ ਭਾਰਤ ਪਹੁੰਚੀ ਸੀਮਾ ਹੈਦਰ ਦੀ ਕਹਾਣੀ ਇਨ੍ਹੀਂ ਦਿਨੀਂ ਸੁਰਖੀਆਂ 'ਚ ਹੈ। ਸੀਮਾ ਕਥਿਤ ਤੌਰ 'ਤੇ ਇੱਕ ਭਾਰਤੀ ਨੌਜਵਾਨ ਦੇ ਪਿਆਰ ਵਿੱਚ ਪਾਕਿਸਤਾਨ ਤੋਂ ਆਪਣਾ ਸਭ ਕੁਝ ਛੱਡ ਕੇ, ਆਪਣੇ ਚਾਰ ਛੋਟੇ ਬੱਚਿਆਂ ਨਾਲ ਭਾਰਤ ਆ ਗਏ ਹਨ।

ਸੀਮਾ ਹੈਦਰ ਭਾਰਤ ਆਕੇ ਜਿੱਥੇ ਰਹਿ ਰਹੇ ਹਨ ਉਸ ਥਾਂ ਤੋਂ ਕਰੀਬ 100 ਕਿਲੋਮੀਟਰ ਦੂਰ ਪੱਛਮੀ ਉੱਤਰ ਪ੍ਰਦੇਸ਼ ਦੇ ਸ਼ਾਮਲੀ ਜ਼ਿਲ੍ਹੇ ਵਿੱਚ ਸਲਮਾ ਰਹਿੰਦੇ ਹਨ।

63 ਸਾਲ ਦੀ ਸਲਮਾ ਦੇਖਣ ਨੂੰ ਕਾਫ਼ੀ ਕਮਜ਼ੋਰ ਨਜ਼ਰ ਆਉਂਦੇ ਹਨ। ਉਨ੍ਹਾਂ ਨੂੰ ਡਾਇਬਿਟੀਜ਼ ਹੈ ਤੇ ਇੱਕ ਅੱਖ ਵਿੱਚ ਮੋਤੀਆਬਿੰਦ ਹੋਣ ਕਾਰਨ ਉਨ੍ਹਾਂ ਨੂੰ ਨਜ਼ਰ ਵੀ ਬਹੁਤ ਘੱਟ ਆਉਂਦਾ ਹੈ।

ਸਲਮਾ ਦੀਆਂ ਅੱਖਾਂ ਦੀ ਰੌਸ਼ਨੀ ਘੱਟ ਹੋਣ ਦੇ ਬਾਵਜੂਦ, ਕਾਗਜ਼ਾਂ 'ਤੇ ਆਪਣੇ ਆਪ ਨੂੰ ਭਾਰਤ ਦੀ ਨੂੰਹ ਵਜੋਂ ਦੇਖਣ ਦੀ ਉਨ੍ਹਾਂ ਦੀ ਆਸ ਹਾਲੇ ਵੀ ਫਿੱਕੀ ਨਹੀਂ ਪਈ ਹੈ।

ਸਲਮਾ ਪਿਛਲੇ 38 ਸਾਲਾਂ ਤੋਂ ਭਾਰਤ ਦੀ ਨਾਗਰਿਕਤਾ ਹਾਸਿਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

ਇਸ ਬਾਰੇ ਗੜ੍ਹੀ ਪੁਖ਼ਤਾ ਥਾਣੇ ਦੇ ਇੰਚਾਰਜ ਇੰਸਪੈਕਟਰ ਰਾਧੇਸ਼ਿਆਮ ਦੱਸਦੇ ਹਨ, "ਅਨੀਸ ਅਹਿਮਦ ਗੜ੍ਹੀ ਪੁਖ਼ਤਾ ਦੇ ਜੈਨਪੁਰੀ ਇਲਾਕੇ 'ਚ ਰਹਿੰਦੇ ਹਨ।”

“ਉਨ੍ਹਾਂ ਦੀ ਪਤਨੀ ਸਲਮਾ ਪਾਕਿਸਤਾਨ ਦੀ ਰਹਿਣ ਵਾਲੀ ਹੈ। ਉਹ ਲਾਂਗ ਟਰਮ ਵੀਜ਼ਾ 'ਤੇ ਇੱਥੇ ਰਹਿ ਰਹੀ ਹੈ। ਜਿੱਥੋਂ ਤੱਕ ਮੈਂ ਜਾਣਦਾ ਹਾਂ ਇਹ ਸਿਰਫ਼ ਇੰਨਾ ਹੈ ਪਰ ਉਹ ਸਾਡੀ ਨਿਰੰਤਰ ਨਿਗਰਾਨੀ ਹੇਠ ਹੈ।"

ਅਨੀਸ

ਤਸਵੀਰ ਸਰੋਤ, SHAHBAZ ANWAR

ਤਸਵੀਰ ਕੈਪਸ਼ਨ, ਅਨੀਸ ਤੇ ਸਮਲਾ ਦਾ ਨਿਕਾਹਨਾਮਾ

ਕੀ ਹੈ ਮਾਮਲਾ

ਕਰੀਬ 65 ਸਾਲ ਦੇ ਅਨੀਸ ਅਹਿਮਦ ਦਾ ਘਰ ਸ਼ਾਮਲੀ ਦੇ ਗੜ੍ਹੀ ਪੁਖ਼ਤਾ 'ਚ ਹੈ। ਉਹ ਸਬਜ਼ੀਆਂ ਦੇ ਥੋਕ ਵਿਕਰੇਤਾ ਹਨ। ਉਨ੍ਹਾਂ ਦੀ ਪਤਨੀ ਸਲਮਾ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਝੰਗ ਦੀ ਰਹਿਣ ਵਾਲੀ ਹੈ।

ਅਨੀਸ ਅਹਿਮਦ ਆਪਣੇ ਵਿਆਹ ਬਾਰੇ ਦੱਸਦੇ ਹਨ, "ਮੇਰਾ ਵਿਆਹ 23 ਸਤੰਬਰ 1983 ਨੂੰ ਪਾਕਿਸਤਾਨ ਵਿੱਚ ਸਲਮਾ ਨਾਲ ਹੋਇਆ ਸੀ। ਉਹ ਮੇਰੀ ਭੂਆ ਦੀ ਧੀ ਹੈ।”

“ਭਾਰਤ-ਪਾਕਿਸਤਾਨ ਵੰਡ ਤੋਂ ਪਹਿਲਾਂ, ਮੇਰੀ ਭੂਆ ਪਾਣੀਪਤ ਵਿੱਚ ਰਹਿੰਦੀ ਸੀ, ਪਰ ਵੰਡ ਤੋਂ ਬਾਅਦ ਉਹ ਪਾਕਿਸਤਾਨ ਦੇ ਝੰਗ ਵਿੱਚ ਚਲੀ ਗਈ, ਜਦੋਂ ਕਿ ਸਾਡੇ ਪਿਤਾ ਅਬਦੁਲ ਅਜ਼ੀਜ਼ ਭਾਰਤ ਆ ਗਏ ਤੇ ਗੜ੍ਹੀ ਪੁਖ਼ਤਾ ਵਿੱਚ ਰਹਿਣ ਲੱਗੇ।"

ਉਨ੍ਹਾਂ ਕਿਹਾ, "ਇਸ ਤੋਂ ਬਾਅਦ ਵੀ ਸਾਡੀ ਭੂਆ ਤੇ ਉਨ੍ਹਾਂ ਦੇ ਪਤੀ ਸਲਾਮਤੁੱਲਾ ਦਾ ਇੱਥੇ ਆਉਦੇਂ ਜਾਂਦੇ ਰਹੇ ਸਨ।”

“ਸਲਮਾ ਦਾ ਜਨਮ ਝੰਗ ਵਿੱਚ ਹੀ ਹੋਇਆ ਸੀ। ਰਿਸ਼ਤਾ ਕਾਇਮ ਰਹੇ ਇਸ ਲਈ ਮੇਰੀ ਭੂਆ ਨੇ ਸਲਮਾ ਦਾ ਤੇ ਮੇਰਾ ਵਿਆਹ ਕਰਵਾ ਦਿੱਤਾ। ਉਸ ਸਮੇਂ ਮੈਂ 24 ਸਾਲ ਦੀ ਸੀ ਅਤੇ ਸਲਮਾ 22 ਸਾਲ ਦੀ ਸੀ। ਮੈਂ ਆਪਣੀ ਪਤਨੀ ਲਈ ਭਾਰਤੀ ਨਾਗਰਿਕਤਾ ਲਈ 1985 ਤੋਂ ਕੋਸ਼ਿਸ਼ ਕਰ ਰਿਹਾ ਹਾਂ।"

ਅਨੀਸ ਅਹਿਮਦ

ਅਨੀਸ ਦੀ ਬਰਾਤ ਪਾਕਿਸਤਾਨ ਗਈ ਸੀ

ਅਨੀਸ ਦੇ ਪਰਿਵਾਰ ਵਿੱਚ ਤਿੰਨ ਭਰਾ ਅਤੇ ਇੱਕ ਭੈਣ ਹੈ।

ਇਹ ਸਾਰੇ ਗੜ੍ਹੀ ਪੁਖ਼ਤਾ ਵਿੱਚ ਹੀ ਰਹਿੰਦੇ ਹਨ। ਉਨ੍ਹਾਂ ਦੇ ਇੱਕ ਵੱਡੇ ਭਰਾ ਅਤੇ ਛੋਟੀ ਭੈਣ ਦੀ ਮੌਤ ਹੋ ਚੁੱਕੀ ਹੈ। ਤੇ ਉਨ੍ਹਾਂ ਦੇ ਵੱਡੇ ਭਰਾ ਅਜੇ ਵੀ ਇੱਥੇ ਹੀ ਰਹਿੰਦੇ ਹਨ।

ਅਨੀਸ ਆਪਣੇ ਵਿਆਹ ਨੂੰ ਯਾਦ ਕਰਦਿਆਂ ਦੱਸਦੇ ਹਨ, "ਮੇਰੀ ਬਰਾਤ ਪਾਕਿਸਤਾਨ ਗਈ ਸੀ। ਅਸੀਂ ਉੱਥੇ ਟਰੇਨ ਰਾਹੀਂ ਗਏ ਸੀ।”

“ਬਰਾਤ ਵਿੱਚ ਸਾਡੇ ਸਾਰੇ ਰਿਸ਼ਤੇਦਾਰਾਂ ਸਮੇਤ ਕਰੀਬ 22 ਲੋਕ ਸਨ। ਅਸੀਂ ਉੱਥੇ ਕਿਰਾਏ 'ਤੇ ਕਮਰਾ ਲਿਆ ਅਤੇ ਸਲਮਾ ਨੂੰ ਰੁਖ਼ਸਤ ਕਰਕੇ ਉੱਥੇ ਲੈ ਗਏ ਸੀ। ਅਸੀਂ ਲਗਭਗ ਤਿੰਨ ਮਹੀਨੇ ਉੱਥੇ ਰਹੇ ਅਤੇ ਵਿਆਹ ਦੀਆਂ ਸਾਰੀਆਂ ਰਸਮਾਂ ਪੂਰੀਆਂ ਕਰਨ ਤੋਂ ਬਾਅਦ ਸਲਮਾ ਨਾਲ ਭਾਰਤ ਵਾਪਸ ਆਏ ਸੀ।"

ਸਲਮਾ ਆਪਣੇ ਵਿਆਹ ਬਾਰੇ ਦੱਸਦੇ ਹਨ, "ਮੈਨੂੰ ਸਾਡੇ ਵਿਆਹ ਬਾਰੇ ਚੰਗੀ ਤਰ੍ਹਾ ਯਾਦ ਹੈ। ਮੈਂ ਵਿਆਹ ਵਾਲੇ ਦਿਨ ਲਾਲ ਰੰਗ ਦਾ ਸੂਟ ਪਹਿਨਿਆ ਸੀ। ਘਰ ਵਿੱਚ ਹਰ ਕੋਈ ਬਹੁਤ ਖੁਸ਼ ਸੀ। ਮੈਂ ਇਸ ਗੱਲ ਨੂੰ ਲੈ ਕੇ ਵੀ ਬਹੁਤ ਉਤਸੁਕ ਸੀ ਕਿ ਹੁਣ ਮੈਂ ਭਾਰਤ ਜਾਵਾਂਗੀ ਦੇਖੂੰਗੀ ਕਿ ਮੇਰਾ ਹੋਣ ਵਾਲਾ ਦੇਸ਼ ਕਿਸ ਤਰ੍ਹਾਂ ਦਾ ਹੈ।"

ਸਲਮਾ ਝੰਗ ਦੇ ਮੁਹੱਲਾ ਭਬਰਾਣਾ ਦੇ ਰਹਿਣ ਵਾਲੇ ਸਲਮਤੁੱਲਾ ਦੀ ਦੀ ਹੈ। ਸਲਮਤੁੱਲਾ ਦਾ ਦੇਹਾਂਤ ਹੋ ਚੁੱਕਾ ਹੈ।

ਹਾਲਾਂਕਿ ਅੱਜ ਦੇ ਦਿਨ ਸਲਮਾ ਦੇ ਪਾਕਿਸਤਾਨ ਵਿੱਚਲੇ ਘਰ ਸਲਮਤੁੱਲਾ ਦੇ ਭਤੀਜੇ ਅਤੇ ਭਤੀਜੀਆਂ ਹੀ ਰਹਿ ਰਹੇ ਹਨ। ਤੇ ਆਪਣੇ ਭੈਣ ਭਰਾਵਾਂ ਵਿੱਚੋਂ ਹੁਣ ਸਿਰਫ਼ ਸਲਮਾ ਜ਼ਿੰਦਾ ਹੈ।

ਅਨੀਸ ਅਹਿਮਦ

ਤਸਵੀਰ ਸਰੋਤ, SHAHBAZ ANWAR

ਤਸਵੀਰ ਕੈਪਸ਼ਨ, ਸ਼ਾਮਲੀ ਦੇ ਗੜੀ ਪੁਖ਼ਤਾ ਵਿੱਚ ਅਨੀਸ ਅਹਿਮਦ ਦਾ ਘਰ

1985 ਤੋਂ ਚੱਲ ਰਹੀ ਹੈ ਨਾਗਰਿਕਤਾ ਲਈ ਦੌੜ-ਭੱਜ

ਅਨੀਸ ਅਹਿਮਦ ਆਪਣੀ ਪਤਨੀ ਨੂੰ ਵਿਆਹ ਤੋਂ ਬਾਅਦ ਭਾਰਤ ਲੈ ਆਏ। ਪਰ ਜਦੋਂ ਸਲਮਾ ਦਾ ਵੀਜ਼ਾ ਖ਼ਤਮ ਹੋਇਆ ਤਾਂ ਸਾਲ 1985 ਵਿੱਚ ਉਨ੍ਹਾਂ ਨੇ ਨਾਗਰਿਕਤਾ ਲਈ ਅਰਜ਼ੀ ਦਿੱਤੀ।

ਅਨੀਸ ਦੱਸਦੇ ਹਨ, "ਉਸ ਸਮੇਂ, ਮੈਂ ਆਪਣੀ ਪਤਨੀ ਨੂੰ ਭਾਰਤੀ ਨਾਗਰਿਕਤਾ ਦਿਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਕੋਲ ਅਰਜ਼ੀ ਦਿੱਤੀ ਸੀ, ਉਸ ਸਮੇਂ ਹਾਲੇ ਸ਼ਾਮਲੀ ਜ਼ਿਲ੍ਹਾ ਮੌਜੂਦ ਨਹੀਂ ਸੀ। ਉਸ ਸਮੇਂ ਸਾਡਾ ਜ਼ਿਲ੍ਹਾ ਮੁਜ਼ੱਫ਼ਰਨਗਰ ਸੀ।”

"ਬਾਅਦ ਵਿੱਚ ਮੈਂ ਆਪਣੀ ਪਤਨੀ ਦਾ ਵੀਜ਼ਾ ਪੰਜ ਸਾਲ ਲਈ ਹੋਰ ਵਧਵਾ ਲਿਆ। ਪਰ ਉਸ ਨੂੰ ਅੱਜ ਤੱਕ ਨਾਗਰਿਕਤਾ ਨਹੀਂ ਮਿਲ ਸਕੀ। ਅਜਿਹੇ ਵਿੱਚ ਅਸੀਂ ਹਰ ਵਾਰ ਵੀਜ਼ੇ ਦੀ ਮਿਆਦ ਵਧਾ ਰਹੇ ਹਾਂ ਅਤੇ ਪਾਸਪੋਰਟ ਦਾ ਨਵੀਨੀਕਰਨ ਕਰਉਂਦੇ ਆ ਰਹੇ ਹਾਂ।"

ਅਨੀਸ ਅਹਿਮਦ

ਤਸਵੀਰ ਸਰੋਤ, SHAHBAZ ANWAR

ਤਸਵੀਰ ਕੈਪਸ਼ਨ, ਸਲਮਾ ਕਹਿੰਦੇ ਹਨ ਕਿ ਵਿਆਹ ਮੌਕੇ ਉਨ੍ਹਾਂ ਨੂੰ ਭਾਰਤ ਦੇਖਣ ਦੀ ਉਤਸੁਕਤਾ ਸੀ

"ਦੇਸ਼ ਦੀ ਵਫ਼ਾਦਾਰੀ ਦੀ ਸਹੁੰ ਨੇ ਉਮੀਦ ਜਗਾਈ ਸੀ"

ਸਲਮਾ ਅਤੇ ਉਨ੍ਹਾਂ ਦਾ ਪਤੀ ਅਨੀਸ ਅਹਿਮਦ 38 ਸਾਲਾਂ ਤੋਂ ਅਧਿਕਾਰੀਆਂ ਨੂੰ ਨਾਗਰਿਕਤਾ ਲਈ ਅਰਜ਼ੀ ਦੇ ਰਹੇ ਹਨ, ਪਰ ਉਨ੍ਹਾਂ ਦਾਅਵਾ ਕੀਤਾ ਕਿ 10 ਅਗਸਤ, 2015 ਨੂੰ ਜਦੋਂ ਉਨ੍ਹਾਂ ਨੂੰ ਸ਼ਾਮਲੀ ਪ੍ਰਸ਼ਾਸਨ ਵੱਲੋਂ ਰਾਜ ਪ੍ਰਤੀ ਵਫ਼ਾਦਾਰੀ ਦੀ ਸਹੁੰ ਚੁਕਾਉਣ ਦਾ ਸੱਦਾ ਮਿਲਿਆ ਤਾਂ ਉਨ੍ਹਾਂ ਨੂੰ ਨਾਗਰਿਕਤਾ ਮਿਲਣ ਦੀ ਉਮੀਦ ਬੱਝੀ।

ਅਨੀਸ ਅਹਿਮਦ ਨੇ ਕਿਹਾ, "10 ਅਗਸਤ, 2015 ਨੂੰ, ਉਨ੍ਹਾਂ ਦੀ ਪਤਨੀ ਨੂੰ ਤਤਕਾਲੀ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਸ਼ਾਮਲੀ ਤੋਂ ਇੱਕ ਪੱਤਰ ਮਿਲਿਆ, ਜਿਸ ਵਿੱਚ ਉਨ੍ਹਾਂ ਨੂੰ ਸਵੇਰੇ 11 ਵਜੇ ਤਹਿਸੀਲ ਕੰਪਲੈਕਸ ਵਿੱਚ ਬੁਲਾਇਆ ਗਿਆ ਸੀ। ਇੱਥੇ ਸਹੁੰ ਚੁੱਕੀ ਗਈ ਸੀ, ਪਰ ਅਸੀਂ ਅਜੇ ਵੀ ਨਾਗਰਿਕਤਾ ਦੀ ਉਡੀਕ ਕਰ ਰਹੇ ਹਾਂ।"

ਸਲਮਾ ਦੀ ਭਾਰਤੀ ਨਾਗਰਿਕਤਾ ਦੇ ਸਵਾਲ 'ਤੇ ਸ਼ਾਮਲੀ ਦੇ ਜ਼ਿਲ੍ਹਾ ਮੈਜਿਸਟਰੇਟ ਰਵਿੰਦਰ ਸਿੰਘ ਨੇ ਬੀਬੀਸੀ ਨੂੰ ਦੱਸਿਆ, "ਅਸੀਂ ਇਸ ਬਾਰੇ ਪਤਾ ਕਰਵਾਇਆ ਸੀ। ਇੱਥੋਂ ਰਿਪੋਰਟ ਕੇਂਦਰ ਸਰਕਾਰ ਨੂੰ ਭੇਜੀ ਜਾ ਚੁੱਕੀ ਹੈ, ਹੁਣ ਅਗਲੀ ਕਾਰਵਾਈ ਉੱਥੇ ਹੀ ਕੀਤੀ ਜਾਵੇਗੀ।”

“ਅਸੀਂ ਇਹ ਰਿਪੋਰਟ ਜਨਵਰੀ 2023 ਵਿੱਚ ਭੇਜੀ ਸੀ।"

ਸਲਮਾ

ਤਸਵੀਰ ਸਰੋਤ, Getty Images

'ਮੇਰੀ ਦੁਨੀਆਂ ਭਾਰਤ ਵਿੱਚ ਹੈ, ਮੈਂ ਪਾਕਿਸਤਾਨ ਜਾ ਕੇ ਕੀ ਕਰਾਂਗੀ?'

ਲੰਬੇ ਸਮੇਂ ਤੋਂ ਭਾਰਤੀ ਨਾਗਰਿਕਤਾ ਲਈ ਕੋਸ਼ਿਸ਼ ਕਰ ਰਹੀ ਸਲਮਾ ਦੇ ਪਰਿਵਾਰ ਵਿੱਚ ਛੇ ਬੱਚੇ ਹਨ, ਜਿਨ੍ਹਾਂ ਵਿੱਚ ਦੋ ਲੜਕੇ ਅਤੇ ਚਾਰ ਬੇਟੀਆਂ ਹਨ। ਇਨ੍ਹਾਂ ਸਾਰਿਆਂ ਦੀ ਉਮਰ 37 ਤੋਂ 19 ਸਾਲ ਦਰਮਿਆਨ ਹੈ।

ਭਾਰਤ ਦੀ ਨਾਗਰਿਕਤਾ ਬਾਰੇ ਸਲਮਾ ਕਹਿੰਦੇ ਹਨ, "ਮੇਰੇ ਬੱਚੇ, ਮੇਰੇ ਪਤੀ ਸਾਰੇ ਭਾਰਤ ਦੇ ਵਾਸੀ ਹਨ। ਇਸ ਉਮਰ ਵਿੱਚ ਬਹੁਤੀ ਭੱਜ-ਦੌੜ ਨਹੀਂ ਹੁੰਦੀ ਹੈ। ਮੈਂ ਚਾਹੁੰਦੀ ਹਾਂ ਕਿ ਸਰਕਾਰ ਮੈਨੂੰ ਹੁਣ ਭਾਰਤੀ ਨਾਗਰਿਕਤਾ ਦੇ ਦੇਵੇ। ਮੇਰੀ ਦੁਨੀਆਂ ਭਾਰਤ ਵਿੱਚ ਹੀ ਹੈ, ਪਾਕਿਸਤਾਨ ਜਾ ਕੇ ਤਾਂ ਮਰ ਜਾਵਾਂਗੀ।"

ਇਹ ਕਹਿ ਕੇ ਸਲਮਾ ਰੋਣ ਲੱਗਦੇ ਹਨ। ਉਨ੍ਹਾਂ ਕੋਲ ਸਭ ਤੋਂ ਛੋਟੀ ਧੀ ਤਫ਼ਸਿਰਾ ਬੈਠੀ ਹੈ, ਉਹ ਵੀ ਆਪਣੀ ਮਾਂ ਦੇ ਨਾਲ-ਨਾਲ ਰੋਣ ਲੱਗ ਜਾਂਦੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)