ਉਹ ‘ਗਲਤੀ’ ਜਿਸ ਨਾਲ ਪਾਕਿਸਤਾਨ ਦੀ ਸੀਮਾ ਗ਼ੁਲਾਮ ਹੈਦਰ ਭਾਰਤ ’ਚ ਫ਼ੜੀ ਗਈ

ਸੀਮਾ ਗੁਲਾਮ ਹੈਦਰ

ਤਸਵੀਰ ਸਰੋਤ, Getty Images

    • ਲੇਖਕ, ਅਭਿਨਵ ਗੋਇਲ
    • ਰੋਲ, ਬੀਬੀਸੀ ਪੱਤਰਕਾਰ

ਪਾਕਿਸਤਾਨ ਵਿੱਚ ਕਰਾਚੀ ਦੇ ਮਲੀਰ ਕੈਂਟ ਥਾਣੇ ਦੀ ਪੁਲਿਸ ਨੂੰ ਜਿਸ ਸੀਮਾ ਰਿੰਦ ਅਤੇ ਉਨ੍ਹਾਂ ਦੇ ਚਾਰ ਬੱਚਿਆਂ ਦੀ ਭਾਲ ਹੈ ਉਹ ਇੰਨੀਂ ਦਿਨੀਂ ਗ੍ਰੇਟਰ ਨੋਇਡਾ ਦੇ ਰਬੂਪੁਰਾ ਵਿੱਚ ਰਹਿ ਰਹੇ ਹਨ।

ਸ਼ੁੱਕਰਵਾਰ 7 ਜੁਲਾਈ ਨੂੰ ਹੀ ਉੱਤਰ ਪ੍ਰਦੇਸ਼ ਦੀ ਜੇਵਰ ਸਿਵਲ ਕੋਰਟ ਨੇ ਸੀਮਾ ਗੁਲਾਮ ਹੈਦਰ ਅਤੇ ਉਸ ਦੇ ਪ੍ਰੇਮੀ ਸਚਿਨ ਮੀਨਾ ਨੂੰ ਕੁਝ ਰਾਹਤ ਦਿੱਤੀ ਹੈ। ਅਦਾਲਤ ਨੇ ਉਨ੍ਹਾਂ ਨੂੰ ਆਪਣਾ ਪਤਾ ਨਾ ਬਦਲਣ ਅਤੇ ਦੇਸ਼ ਤੋਂ ਬਾਹਰ ਨਾ ਜਾਣ ਦੀ ਸ਼ਰਤ 'ਤੇ ਜ਼ਮਾਨਤ ਦਿੱਤੀ।

ਆਪਣੇ ਪਤੀ ਨੂੰ ਛੱਡ ਕੇ, ਚਾਰ ਬੱਚਿਆਂ ਨਾਲ ਨੇਪਾਲ ਦੇ ਰਸਤੇ ਤੋਂ ਬਗ਼ੈਰ ਵੀਜ਼ਾ ਦੇ ਭਾਰਤ ਆਉਣ ਵਾਲੀ ਸੀਮਾ ਨੂੰ ਪੁਲਿਸ 4 ਜੁਲਾਈ ਨੂੰ ਗ੍ਰਿਫ਼ਤਾਰ ਕਰ ਲਿਆ ਸੀ।

ਸੀਮਾ ਨੂੰ ਸਾਲ 2019 'ਚ ਆਨਲਾਈਨ ਪਬਜੀ (PUBG) ਗੇਮ ਖੇਡਦੇ ਹੋਏ ਗ੍ਰੇਟਰ ਨੋਇਡਾ ਦੇ ਰਬੂਪੁਰਾ ਦੇ ਰਹਿਣ ਵਾਲੇ ਸਚਿਨ ਮੀਨਾ ਨਾਲ ਪਿਆਰ ਹੋ ਗਿਆ ਸੀ ਪਰ ਇਸ ਪਿਆਰ ਦੇ ਵਿਚਕਾਰ ਨਾ ਸਿਰਫ਼ ਪਰਿਵਾਰ ਆਇਆ ਸਗੋਂ ਦੋ ਅਜਿਹੇ ਦੇਸ਼ਾਂ ਦੀ ਸਰਹੱਦ ਵੀ ਦਰਮਿਆਨ ਸੀ ਜੋ ਦਹਾਕਿਆਂ ਤੋਂ ਇਕ-ਦੂਜੇ ਨਾਲ 'ਦੁਸ਼ਮਣ' ਵਰਗਾ ਰਵੱਈਆ ਰੱਖ ਰਹੇ ਹਨ।

ਸੀਮਾ ਪਾਕਿਸਤਾਨ ਦੇ ਉਸ ਇਲਾਕੇ ਤੋਂ ਆਉਂਦੀ ਹੈ ਜਿੱਥੇ ਕੁੜੀਆਂ ਅਕਸਰ ਆਪਣੇ ਪਿਆਰ ਦਾ ਇਜ਼ਹਾਰ ਨਹੀਂ ਕਰਦੀਆਂ।

ਹਰ ਸਾਲ ਇਸ ਇਲਾਕੇ ਦੀਆਂ ਦਰਜਨਾਂ ਕੁੜੀਆਂ ਨੂੰ ਖੁੱਲ੍ਹੇਆਮ ਪਿਆਰ ਦਾ ਇਜ਼ਹਾਰ ਕਰਨ ਦੇ 'ਇਲਜ਼ਾਮ' ਹੇਠ ਕਤਲ ਕੀਤੇ ਜਾਣ ਦੀਆਂ ਖ਼ਬਰਾਂ ਆਉਂਦੀਆਂ ਹਨ।

ਪਰ ਸੀਮਾ ਨੇ ਨਾ ਸਿਰਫ ਆਪਣੇ ਪਿਆਰ ਦਾ ਇਜ਼ਹਾਰ ਕੀਤਾ, ਬਲਕਿ ਉਸਨੇ ਆਪਣੇ ਪਤੀ ਗ਼ੁਲਾਮ ਹੈਦਰ ਨੂੰ ਛੱਡ ਕੇ ਭਾਰਤ ਵਿੱਚ ਆਪਣੇ ਪ੍ਰੇਮੀ ਨਾਲ ਰਹਿਣ ਦਾ ਫ਼ੈਸਲਾ ਲਿਆ ਤੇ ਇੱਕ ਸਵੇਰ ਉਸ ਸਫ਼ਲ ਵੀ ਹੋ ਗਈ ਜੋ ਬੇਹੱਦ ਔਖਿਆਈਆਂ ਭਰਿਆ ਸੀ।

ਆਖਿਰ ਸੀਮਾ ਸਚਿਨ ਨੂੰ ਪਹਿਲੀ ਵਾਰ ਕਦੋਂ ਮਿਲੀ ਸੀ, ਤੇ ਉਹ ਨੇਪਾਲ ਦੇ ਰਸਤਿਓਂ ਉੱਤਰ ਪ੍ਰਦੇਸ਼ ਦੇ ਰਾਬੂਪੁਰਾ ਕਿਵੇਂ ਪਹੁੰਚ ਗਈ? ਕਿਵੇਂ ਸੀਮਾ ਨੇ ਸਚਿਨ ਨਾਲ ਡੇਢ ਮਹੀਨੇ ਤੱਕ ਸਮਾਂ ਬਿਤਾਇਆ ਅਤੇ ਸੀਮਾ ਨੇ ਉਹ ਕਿਹੜੀ ਗਲਤੀ ਕੀਤੀ ਕਿ ਉਹ ਸਲਾਖਾਂ ਪਿੱਛੇ ਪਹੁੰਚ ਗਈ।

ਸੀਮਾ ਗੁਲਾਮ ਹੈਦਰ

ਤਸਵੀਰ ਸਰੋਤ, Getty Images

ਨੇਪਾਲ ਤੋਂ ਗ੍ਰੇਟਰ ਨੋਇਡਾ ਦਾ ਸਫ਼ਰ

ਇਹ ਕਹਾਣੀ ਨੇਪਾਲ ਦੇ ਟੂਰਿਸਟ ਵੀਜ਼ੇ ਤੋਂ ਸ਼ੁਰੂ ਹੋਈ ਸੀ।

ਸੀਮਾ ਹੈਦਰ ਨੇ ਪੁਲਿਸ ਨੂੰ ਦੱਸਿਆ ਕਿ ਭਾਰਤ ਦਾ ਵੀਜ਼ਾ ਨਾ ਮਿਲਣ ਕਾਰਨ ਉਸ ਨੇ ਨੇਪਾਲ ਦਾ ਵੀਜ਼ਾ ਲੈ ਲਿਆ।

ਉਹ 10 ਮਾਰਚ ਨੂੰ ਸ਼ਾਰਜਾਹ ਦੇ ਰਸਤੇ ਨੇਪਾਲ ਪਹੁੰਚੀ ਸੀ। ਇੱਥੇ ਸਚਿਨ ਮੀਨਾ ਉਨ੍ਹਾਂ ਨੂੰ ਮਿਲਣ ਆਏ ਸਨ। ਦੋਵਾਂ ਨੇ ਕਾਠਮੰਡੂ ਦੇ ਨਿਊ ਬੱਸ ਪਾਰਕ ਇਲਾਕੇ 'ਚ ਸਥਿਤ ਨਿਊ ਵਿਨਾਇਕ ਹੋਟਲ 'ਚ ਕਮਰਾ ਲਿਆ ਅਤੇ ਸੱਤ ਦਿਨ ਉੱਥੇ ਰਹੇ।

ਇਸ ਤੋਂ ਬਾਅਦ ਸੀਮਾ ਗ਼ੁਲਾਮ ਹੈਦਰ ਪਾਕਿਸਤਾਨ ਵਾਪਸ ਚਲੀ ਗਈ। ਠੀਕ ਦੋ ਮਹੀਨੇ ਬਾਅਦ ਸੀਮਾ ਹੈਦਰ ਫਿਰ ਟੂਰਿਸਟ ਵੀਜ਼ਾ ਲੈ ਕੇ ਨੇਪਾਲ ਪਹੁੰਚ ਗਈ। ਇਸ ਵਾਰ ਸੀਮਾ ਨਾਲ ਉਨ੍ਹਾਂ ਦੇ ਚਾਰ ਬੱਚੇ ਵੀ ਸਨ ਪਰ ਸਚਿਨ ਭਾਰਤ 'ਚ ਹੀ ਸਨ।

ਐੱਫ਼ਆਈਆਰ ਮੁਤਾਬਕ ਸੀਮਾ ਨੇ ਕਿਹਾ, "ਮੈਂ ਆਪਣੇ ਚਾਰ ਬੱਚਿਆਂ ਨਾਲ ਕਾਠਮੰਡੂ ਤੋਂ ਪੋਖਰਾ ਇੱਕ ਵੈਨ ਵਿੱਚ ਆਈ ਸੀ। ਕਿਉਂਕਿ ਰਾਤ ਹੋ ਗਈ ਸੀ, ਮੈਂ ਉੱਥੇ (ਪੋਖਰਾ ਵਿੱਚ ਹੀ) ਰੁਕੀ ਅਤੇ ਅਗਲੇ ਦਿਨ ਪੋਖਰਾ ਤੋਂ ਦਿੱਲੀ ਲਈ ਬੱਸ ਫੜੀ।"

ਪੋਖਰਾ ਕਾਠਮੰਡੂ ਤੋਂ ਕਰੀਬ 200 ਕਿਲੋਮੀਟਰ ਦੂਰ ਹੈ ਅਤੇ ਬੱਸ ਰਾਹੀਂ ਇਹ ਸਫ਼ਰ ’ਤੇ ਕਰੀਬ ਸੱਤ ਘੰਟੇ ਲੱਗਦੇ ਹਨ।

ਪੋਖਰਾ ਤੋਂ ਦਿੱਲੀ ਆਉਣ ਲਈ ਸੀਮਾ ਨੇ ਸ੍ਰਿਸ਼ਟੀ ਟੂਰਿਸਟ ਦੀ ਏਸੀ ਡੀਲਕਸ ਵਿੱਚ ਤਿੰਨ ਟਿਕਟਾਂ (ਸੀਟ ਨੰਬਰ 9,10,11) ਬੁੱਕ ਕਰਵਾਈਆਂ।

ਉਨ੍ਹਾਂ ਨੇ ਪੰਜ ਹਜ਼ਾਰ ਰੁਪਏ ਪ੍ਰਤੀ ਟਿਕਟ ਦੇ ਹਿਸਾਬ ਬੱਸ ਵਾਲੇ ਨੂੰ ਕੁੱਲ ਪੰਦਰਾਂ ਹਜ਼ਾਰ ਰੁਪਏ ਦਿੱਤੇ।

ਸ੍ਰਿਸ਼ਟੀ ਟੂਰਿਸਟ ਨੇ ਬੀਬੀਸੀ ਨੂੰ ਦੱਸਿਆ ਕਿ ਪੋਖਰਾ ਤੋਂ ਦਿੱਲੀ ਤੱਕ ਟਿਕਟ ਦਾ ਕਿਰਾਇਆ ਪੰਜ ਹਜ਼ਾਰ ਨੇਪਾਲੀ ਰੁਪਏ ਹੈ।

ਰੂਟ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਪੋਖਰਾ ਤੋਂ ਦਿੱਲੀ ਪਹੁੰਚਣ ਲਈ ਕਰੀਬ 28 ਘੰਟੇ ਦਾ ਸਮਾਂ ਲੱਗਦਾ ਹੈ ਅਤੇ ਬੱਸ ਉੱਤਰ ਪ੍ਰਦੇਸ਼ ਦੇ ਪੋਖਰਾ ਦੇ ਸੁਨੌਲੀ ਬਾਰਡਰ (ਮਹਾਰਾਜਗੰਜ ਜ਼ਿਲ੍ਹਾ) ਰਾਹੀਂ ਆਗਰਾ, ਨੋਇਡਾ ਅਤੇ ਫ਼ਿਰ ਦਿੱਲੀ ਪਹੁੰਚਦੀ ਹੈ।

ਸੀਮਾ ਹੈਦਰ ਇਸ ਸਫ਼ਰ ਦੌਰਾਨ ਲਗਾਤਾਰ ਸਚਿਨ ਦੇ ਸੰਪਰਕ ਵਿੱਚ ਸੀ।

ਐਫ਼ਆਈਆਰ ਮੁਤਾਬਕ 13 ਜੁਲਾਈ ਦੀ ਰਾਤ ਨੂੰ ਸੀਮਾ ਹੈਦਰ ਆਪਣੇ ਚਾਰ ਬੱਚਿਆਂ ਸਮੇਤ ਫਲੀਦਾ ਕੱਟ ਨੇੜੇ ਯਮੁਨਾ ਐਕਸਪ੍ਰੈਸ ਵੇਅ ਨੇੜੇ ਬੱਸ ਤੋਂ ਉੱਤਰ ਗਈ, ਜਿੱਥੇ ਸਚਿਨ ਮੀਨਾ ਉਨ੍ਹਾਂ ਦਾ ਇੰਤਜ਼ਾਰ ਕਰ ਰਹੇ ਸਨ।

ਇੱਥੋਂ ਸਚਿਨ ਸੀਮਾ ਅਤੇ ਬੱਚਿਆਂ ਨੂੰ ਗ੍ਰੇਟਰ ਨੋਇਡਾ ਦੇ ਰਾਬੂਪੁਰਾ ਦੇ ਅੰਬੇਡਕਰ ਮੁਹੱਲੇ ਲੈ ਗਏ। ਇੱਥੇ ਸਚਿਨ ਨੇ ਗਿਰਜੇਸ਼ ਨਾਂ ਦੇ ਵਿਅਕਤੀ ਤੋਂ ਇੱਕ ਕਮਰਾ ਕਿਰਾਏ 'ਤੇ ਲਿਆ ਸੀ। ਇਸ ਕਮਰੇ ਦਾ ਕਿਰਾਇਆ 2500 ਰੁਪਏ ਪ੍ਰਤੀ ਮਹੀਨਾ ਹੈ।

ਬੀਬੀਸੀ ਨਾਲ ਗੱਲਬਾਤ ਕਰਦਿਆਂ ਮਕਾਨ ਮਾਲਕ ਗਿਰਜੇਸ਼ ਨੇ ਕਿਹਾ, “ਸਚਿਨ ਸਾਡੇ ਹੀ ਸ਼ਹਿਰ ਦਾ ਰਹਿਣ ਵਾਲਾ ਹੈ। ਉਹ 13 ਮਈ ਤੋਂ ਚਾਰ-ਪੰਜ ਦਿਨ ਪਹਿਲਾਂ ਕਿਰਾਏ 'ਤੇ ਕਮਰਾ ਲੈਣ ਆਇਆ ਸੀ।”

“ਉਸ ਨੇ ਕਿਹਾ ਸੀ ਕਿ ਉਸ ਦੀ ਕੋਰਟ ਮੈਰਿਜ ਹੈ ਅਤੇ ਉਹ ਆਪਣੀ ਪਤਨੀ ਅਤੇ ਬੱਚਿਆਂ ਨਾਲ ਕਮਰੇ ਵਿੱਚ ਰਹੇਗਾ। ਅਸੀਂ ਆਧਾਰ ਕਾਰਡ ਅਤੇ ਪੈਨ ਕਾਰਡ ਲੈ ਕੇ ਉਸ ਨੂੰ ਕਮਰਾ ਕਿਰਾਏ 'ਤੇ ਦੇ ਦਿੱਤਾ।”

ਸੀਮਾ ਗੁਲਾਮ ਹੈਦਰ

ਤਸਵੀਰ ਸਰੋਤ, Getty Images

ਸਚਿਨ ਨਾਲ ਵਿਆਹ ਕਰਨ ਦਾ ਸੁਫ਼ਨਾ

ਸੀਮਾ ਅਤੇ ਉਨ੍ਹਾਂ ਦੇ ਬੱਚੇ ਸਚਿਨ ਦੇ ਨਾਲ ਰਾਬੂਪੁਰਾ ਦੇ ਅੰਬੇਡਕਰ ਇਲਾਕੇ ਵਿੱਚ ਰਹਿਣ ਲੱਗੇ।

ਸਚਿਨ ਪਿਛਲੇ ਤਿੰਨ ਸਾਲਾਂ ਤੋਂ ਘਰ ਦੇ ਨੇੜੇ ਹੀ ਕਰਿਆਨੇ ਦੀ ਦੁਕਾਨ 'ਤੇ ਕੰਮ ਕਰ ਰਹੇ ਸਨ, ਜਿੱਥੋਂ ਉਹ ਦਿਨ ਵੇਲੇ ਅਕਸਰ ਖਾਣਾ ਖਾਣ ਲਈ ਘਰ ਆਉਂਦੇ ਸਨ।

ਸੀਮਾ ਦੇ ਗੁਆਂਢੀਆਂ ਦਾ ਕਹਿਣਾ ਹੈ ਕਿ ਉਹ ਜ਼ਿਆਦਾਤਰ ਸਮਾਂ ਘਰ ਦੇ ਅੰਦਰ ਹੀ ਰਹਿੰਦੀ ਸੀ। ਉਸ ਦੇ ਧਰਮ ਅਤੇ ਨਾਗਰਿਕਤਾ ਬਾਰੇ ਕਦੇ ਕਿਸੇ ਨੂੰ ਕੋਈ ਸ਼ੱਕ ਨਹੀਂ ਸੀ।

ਮਕਾਨ ਮਾਲਕ ਗਿਰਜੇਸ਼ ਨੇ ਦੱਸਿਆ, “ਉਹ ਪੂਰਾ ਮੇਕਅੱਪ ਕਰਦੀ ਸੀ, ਬਿੰਦੀ, ਸਿੰਦੂਰ ਲਾਉਂਦੀ ਸੀ। ਸਾੜ੍ਹੀ ਵੀ ਪਹਿਨਦੀ ਸੀ। ਇਸੇ ਦੌਰਾਨ ਈਦ ਵੀ ਆ ਗਈ ਪਰ ਉਸ ਨੇ ਅਜਿਹਾ ਕੁਝ ਨਹੀਂ ਕੀਤਾ ਜਿਸ ਨਾਲ ਉਸ 'ਤੇ ਸ਼ੱਕ ਹੁੰਦਾ।”

ਸਭ ਕੁਝ ਠੀਕ ਚੱਲ ਰਿਹਾ ਸੀ।

ਐੱਫ਼ਆਈਆਰ ਮੁਤਾਬਕ ਸਚਿਨ ਨੇ ਸੀਮਾ ਨੂੰ ਕਮਰੇ ਵਿੱਚ ਲਿਆਉਣ ਤੋਂ ਚਾਰ-ਪੰਜ ਦਿਨ ਬਾਅਦ ਆਪਣੇ ਪਿਤਾ ਨੇਤਰਪਾਲ ਨੂੰ ਸਾਰੀ ਗੱਲ ਦੱਸੀ।

ਇਹ ਸੁਣ ਕੇ ਪਿਤਾ ਨੇ ਸੀਮਾ ਨੂੰ ਮਿਲਣ ਦੀ ਇੱਛਾ ਪ੍ਰਗਟਾਈ, ਜਿਸ ਤੋਂ ਬਾਅਦ ਸਚਿਨ ਨੇ ਇੱਕ ਜੰਗਲ ਵਿੱਚ ਸੀਮਾ ਨੂੰ ਆਪਣੇ ਪਿਤਾ ਨਾਲ ਮਿਲਵਾਇਆ।

ਸੀਮਾ ਨੇ ਪਿਤਾ ਨੇਤਰਪਾਲ ਨੂੰ ਸਚਿਨ ਨਾਲ ਰਹਿਣ ਅਤੇ ਵਿਆਹ ਕਰਵਾਉਣ ਬਾਰੇ ਦੱਸਿਆ।

ਜਵਾਬ ਵਿੱਚ, ਪਿਤਾ ਨੇ ਕਿਹਾ, "ਹੁਣ ਤੁਸੀਂ ਇੱਥੇ ਆ ਗਏ ਹੋ ਅਤੇ ਤੁਸੀਂ ਪਾਕਿਸਤਾਨ ਦੇ ਰਹਿਣ ਵਾਲੇ ਹੋ। ਤੁਹਾਡੇ ਬੱਚਿਆਂ ਦਾ ਰਹਿਣ-ਸਹਿਣ ਪਾਕਿਸਤਾਨ ਦਾ ਹੈ... ਜੇ ਤੁਸੀਂ ਇੱਥੋਂ ਦਾ ਰਹਿਣ-ਸਹਿਣ ਦਾ ਤਰੀਕਾ ਸਿੱਖ ਲਵੋਂ, ਤਾਂ ਅਸੀਂ ਤੁਹਾਡਾ ਵਿਆਹ ਆਪਣੇ ਪੁੱਤਰ ਸਚਿਨ ਨਾਲ ਕਰਵਾ ਦੇਵਾਂਗੇ।”

ਨਾ ਸਿਰਫ ਪਿਤਾ ਸਗੋਂ ਸਚਿਨ ਦੀ ਭੈਣ ਨੂੰ ਵੀ ਪਤਾ ਸੀ ਕਿ ਸੀਮਾ ਤੇ ਸਚਿਨ ਇਕੱਠੇ ਰਹਿ ਰਹੇ ਹਨ।

ਮਕਾਨ ਮਾਲਕ ਗਿਰਜੇਸ਼ ਨੇ ਦੱਸਿਆ ਕਿ ਪਿਤਾ ਅਤੇ ਸਚਿਨ ਦੀ ਭੈਣ ਵੀ ਇਸ ਕਮਰੇ 'ਚ ਉਸ ਨੂੰ ਮਿਲਣ ਲਈ ਆਏ ਸਨ ਅਤੇ ਭੈਣ ਸੀਮਾ ਲਈ ਸਾੜ੍ਹੀ ਲੈ ਕੇ ਆਏ ਸਨ।

ਸਚਿਨ ਦੇ ਚਾਚਾ ਬੀਰਬਲ ਵੀ ਇਸ ਗੱਲ ਦੀ ਪੁਸ਼ਟੀ ਕਰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਛੇ ਮਹੀਨੇ ਪਹਿਲਾਂ ਸਚਿਨ ਨੇ ਉਨ੍ਹਾਂ ਨੂੰ ਸੀਮਾ ਬਾਰੇ ਦੱਸਿਆ ਸੀ। ਚਾਚਾ ਨੇ ਸਚਿਨ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਾ ਸਮਝੇ।

BBC

ਪਾਕਿਸਤਾਨ ਤੋਂ ਭਾਰਤ ਆਉਣ ਵਾਲੀ ਸੀਮਾ ਬਾਰੇ ਖਾਸ ਗੱਲਾਂ:

  • ਪਾਕਿਸਤਾਨ ਦੀ ਸੀਮਾ ਰਿੰਦ ਭਾਰਤ ਦੇ ਸਚਿਨ ਨਾਲ ਰਹਿਣ ਲਈ ਉਸ ਕੋਲ ਆ ਗਈ
  • ਉਹ ਪੱਬਜੀ ਖੇਡਦੇ ਹੋਏ ਮਿਲੇ ਅਤੇ ਇਕੱਠੇ ਰਹਿਣ ਦਾ ਫੈਸਲਾ ਕਰ ਲਿਆ
  • ਸੀਮਾ ਆਪਣੇ ਚਾਰ ਬੱਚਿਆਂ ਸਮੇਤ ਭਾਰਤ ਵਿੱਚ ਰਹਿ ਰਹੀ ਸੀ
  • ਸੀਮਾ ਤੇ ਸਚਿਨ ਨੂੰ ਪਹਿਲਾਂ ਗ੍ਰਿਫ਼ਤਾਰ ਕੀਤਾ ਗਿਆ ਸੀ ਪਰ ਬਾਅਦ ਵਿੱਚ ਦੇਸ਼ ਨਾ ਛੱਡਣ ਤੇ ਟਿਕਾਣਾ ਨਾ ਬਦਲਣ ਦੀ ਸ਼ਰਤ ’ਤੇ ਉਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ ਗਈ
  • ਸੀਮਾ ਦੀ ਭੈਣ ਦਾ ਕਹਿਣਾ ਹੈ ਕਿ ਉਸ ਦੀ ਭੈਣ ਨੂੰ ਪਾਕਿਸਤਾਨ ਪਹੁੰਚਾ ਦਿੱਤਾ ਜਾਵੇ
BBC
ਸੀਮਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੀਮਾ ਗ਼ੁਲਾਮ ਹੈਦਰ ਦੇ ਘਰ ਵਾਲੀ ਗਲੀ

ਸੀਮਾ ਗੁਲਾਮ ਹੈਦਰ ਫੜੀ ਕਿਵੇਂ ਗਈ

ਸੀਮਾ ਜਲਦੀ ਤੋਂ ਜਲਦੀ ਸਚਿਨ ਨਾਲ ਵਿਆਹ ਕਰਨਾ ਚਾਹੁੰਦੀ ਸੀ, ਇਸ ਦੇ ਲਈ ਦੋਵਾਂ ਨੇ ਵਕੀਲ ਨਾਲ ਗੱਲ ਵੀ ਕੀਤੀ ਸੀ।

ਐੱਫ਼ਆਈਆਰ ਮੁਤਾਬਕ ਸੀਮਾ ਨੇ ਦੱਸਿਆ ਕਿ 30 ਜੂਨ ਨੂੰ ਸਚਿਨ ਦੇ ਪਿਤਾ ਨੇਤਰਪਾਲ ਕਮਰੇ ਵਿੱਚ ਆਏ ਅਤੇ ਕੋਰਟ ਮੈਰਿਜ ਕਰਵਾਉਣ ਦੀ ਗੱਲ ਆਖੀ।

ਉਨ੍ਹਾਂ ਕਿਹਾ ਕਿ ਸਚਿਨ ਪਹਿਲਾਂ ਹੀ ਬੁਲੰਦਸ਼ਹਿਰ ਜਾ ਚੁੱਕੇ ਹਨ ਅਤੇ ਤੁਸੀਂ (ਸੀਮਾ) ਆਪਣੇ ਕਾਗਜ਼ ਲੈ ਕੇ ਬੁਲੰਦਸ਼ਹਿਰ ਦੀ ਅਦਾਲਤ ਵਿੱਚ ਜਾਓ।

ਪੁਲਿਸ ਮੁਤਾਬਕ ਇਸ ਤੋਂ ਬਾਅਦ ਸੀਮਾ ਆਪਣੇ ਚਾਰ ਬੱਚਿਆਂ ਨਾਲ ਬੁਲੰਦਸ਼ਹਿਰ ਕੋਰਟ ਪਹੁੰਚੀ, ਜਿੱਥੇ ਸੀਮਾ ਅਤੇ ਬੱਚਿਆਂ ਦੇ ਪਾਸਪੋਰਟ ਦੇਖ ਕੇ ਵਕੀਲ ਨੇ ਕਿਹਾ, ''ਤੁਸੀਂ ਪਾਕਿਸਤਾਨ ਤੋਂ ਹੋ। ਤੁਸੀਂ ਸਚਿਨ ਨਾਲ ਵਿਆਹ ਨਹੀਂ ਕਰ ਸਕਦੇ। ਇਸ ਤੋਂ ਬਾਅਦ ਮੈਂ, ਸਚਿਨ ਅਤੇ ਉਸ ਦੇ ਪਿਤਾ ਰਾਬੂਪੁਰਾ ਵਾਪਸ ਆ ਗਏ।”

ਇੱਥੋਂ ਹੀ ਕਹਾਣੀ ਪੁਲਿਸ ਦੀ ਸਮਝ ਵਿੱਚ ਆਉਣ ਲੱਗੀ। ਵਾਪਸ ਆ ਕੇ ਸੀਮਾ ਅਤੇ ਸਚਿਨ ਡਰ ਗਏ ਕਿ ਹੁਣ 'ਪੁਲਿਸ ਨੂੰ ਇਸ ਬਾਰੇ ਪਤਾ ਲੱਗ ਜਾਵੇਗਾ ਤਾਂ ਅਸੀਂ ਫੜੇ ਜਾਵਾਂਗੇ'।

30 ਜੂਨ ਦੀ ਰਾਤ ਨੂੰ ਹੀ ਸੀਮਾ ਹੈਦਰ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਪਣਾ ਸਮਾਨ ਬੰਨ੍ਹ ਕੇ ਰਾਬੂਪੁਰਾ ਤੋਂ ਚਲੀ ਗਈ।

ਅਗਲੀ ਸਵੇਰ ਯਾਨੀ 1 ਜੁਲਾਈ ਨੂੰ ਸਚਿਨ ਸਵੇਰੇ ਕੰਮ ਕਰਨ ਲਈ ਦੁਕਾਨ 'ਤੇ ਗਏ ਪਰ ਥੋੜ੍ਹੀ ਦੇਰ ਬਾਅਦ ਹੀ ਛੁੱਟੀ ਲੈ ਲਈ।

ਦੁਕਾਨ ਦੇ ਮਾਲਕ ਨੇ ਬੀਬੀਸੀ ਨਾਲ ਗੱਲਬਾਤ ਦੌਰਾਨ ਦੱਸਿਆ, "1 ਜੁਲਾਈ ਨੂੰ ਸਚਿਨ ਸਵੇਰੇ ਅੱਠ ਵਜੇ ਦੁਕਾਨ 'ਤੇ ਆਇਆ ਸੀ ਪਰ ਆਉਂਦਿਆਂ ਹੀ ਉਸਨੇ ਕਿਹਾ ਕਿ ਉਸਨੂੰ ਕੁਝ ਕੰਮ ਹੈ ਅਤੇ ਉਹ ਚਲਾ ਗਿਆ।"

ਮਕਾਨ ਮਾਲਕ ਮੁਤਾਬਕ 1 ਜੁਲਾਈ ਨੂੰ ਹੀ ਪੁਲਿਸ ਸੀਮਾ ਅਤੇ ਸਚਿਨ ਦੀ ਭਾਲ ਕਰ ਰਹੀ ਸੀਮਾ ਅਤੇ ਸਚਿਨ ਦੇ ਉਸ ਕਿਰਾਏ ਦੇ ਕਮਰੇ ਵਿੱਚ ਵੀ ਪਹੁੰਚੀ, ਜਿੱਥੇ ਉਹ ਠਹਿਰੇ ਹੋਏ ਸਨ, ਪਰ ਕੋਈ ਵੀ ਨਹੀਂ ਮਿਲਿਆ।

ਐੱਫ਼ਆਈਆਰ ਮੁਤਾਬਕ 3 ਜੁਲਾਈ ਦੀ ਰਾਤ ਕਰੀਬ ਅੱਠ ਵਜੇ ਮੁਖ਼ਬਰ ਦੀ ਇਤਲਾਹ ’ਤੇ ਥਾਣਾ ਰਾਬੂਪੁਰਾ ਦੇ ਮੁਖੀ ਸੁਧੀਰ ਕੁਮਾਰ ਆਪਣੀ ਟੀਮ ਸਮੇਤ ਰਵਾਨਾ ਹੋਏ।

ਪੁਲੀਸ ਨੇ 4 ਜੁਲਾਈ ਨੂੰ ਸਵੇਰੇ 1 ਵਜੇ ਹਰਿਆਣਾ ਦੇ ਬੱਲਭਗੜ੍ਹ ਤੋਂ ਸਚਿਨ ਸਮੇਤ ਸੀਮਾ ਅਤੇ ਉਨ੍ਹਾਂ ਦੇ ਚਾਰ ਬੱਚਿਆਂ ਨੂੰ ਹਿਰਾਸਤ ਵਿੱਚ ਲਿਆ ਸੀ।

ਪੁਲਿਸ ਨੇ ਸਚਿਨ ਮੀਨਾ, ਉਨ੍ਹਾਂ ਦੇ ਪਿਤਾ ਨੇਤਰਪਾਲ ਅਤੇ ਸੀਮਾ ਗ਼ੁਲਾਮ ਹੈਦਰ ਖ਼ਿਲਾਫ਼ ਵਿਦੇਸ਼ੀ ਐਕਟ 1946 ਦੀ ਧਾਰਾ 14 ਅਤੇ ਭਾਰਤੀ ਦੰਡਾਵਲੀ ਦੀ ਧਾਰਾ 120 ਬੀ ਦੇ ਤਹਿਤ ਮਾਮਲਾ ਦਰਜ ਕੀਤਾ ਹੈ।

7 ਜੁਲਾਈ ਨੂੰ ਉੱਤਰ ਪ੍ਰਦੇਸ਼ ਦੀ ਜੇਵਰ ਸਿਵਲ ਅਦਾਲਤ ਨੇ ਉਨ੍ਹਾਂ ਦੇ ਪਿਤਾ ਸਮੇਤ ਦੋਵਾਂ ਨੂੰ ਜ਼ਮਾਨਤ ਦੇ ਦਿੱਤੀ ਸੀ।

ਗ਼ੁਲਾਮ ਹੈਦਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੀਮਾ ਦੇ ਪਤੀ ਗ਼ੁਲਾਮ ਹੈਦਰ

ਸੀਮਾ ਕਿੱਥੋਂ ਦੀ ਰਹਿਣ ਵਾਲੀ ਹੈ

ਸੀਮਾ ਰਿੰਦ ਸਿੰਧ ਦੇ ਖੈਰਪੁਰ ਜ਼ਿਲ੍ਹੇ ਦੀ ਰਹਿਣ ਵਾਲੀ ਹੈ। ਇਹ ਇਲਾਕਾ ਖਜੂਰਾਂ ਦੀ ਖੇਤੀ ਲਈ ਜਾਣਿਆ ਜਾਂਦਾ ਹੈ। ਇਹ ਆਖਰੀ ਆਜ਼ਾਦ ਰਿਆਸਤ ਸੀ ਜੋ ਬਾਅਦ ਵਿੱਚ ਪਾਕਿਸਤਾਨ ਵਿੱਚ ਸ਼ਾਮਲ ਹੋ ਗਈ ਸੀ।

ਸੀਮਾ ਦੇ ਪਤੀ ਗ਼ੁਲਾਮ ਹੈਦਰ ਜੈਕਬਾਬਾਦ ਦੇ ਰਹਿਣ ਵਾਲੇ ਸਨ।

ਸੀਮਾ ਅਤੇ ਗ਼ੁਲਾਮ ਹੈਦਰ ਦੋਵੇਂ ਬਲੋਚ ਹਨ। ਗ਼ੁਲਾਮ ਹੈਦਰ ਨੇ ਫੋਨ ’ਤੇ ਆਈ ਇੱਕ ਮਿਸ ਕਾਲ ਦਾ ਜਵਾਬ ਦਿੱਤਾ ਤੇ ਉਹ ਸੀਮਾ ਰਿੰਦ ਦੇ ਸੰਪਰਕ ਵਿੱਚ ਆ ਗਏ। ਦੋਵਾਂ ਵਿਚਾਲੇ ਗੱਲਬਾਤ ਸ਼ੁਰੂ ਹੋਈ ਅਤੇ ਫਿਰ ਉਨ੍ਹਾਂ ਨੇ ਆਪਣੇ ਪਿਆਰ ਦਾ ਇਜ਼ਹਾਰ ਕਰ ਦਿੱਤਾ।

ਵਿਆਹ 'ਚ ਮੁਸ਼ਕਲਾਂ ਨੂੰ ਦੇਖਦੇ ਹੋਏ ਸੀਮਾ ਨੇ ਆਪਣਾ ਘਰ ਛੱਡ ਦਿੱਤਾ ਸੀ। ਘਰ ਛੱਡਣ ਤੋਂ ਬਾਅਦ ਸੀਮਾ ਨੇ ਅਦਾਲਤ ਵਿੱਚ ਗ਼ੁਲਾਮ ਹੈਦਰ ਨਾਲ ਵਿਆਹ ਕਰਵਾ ਲਿਆ।

ਮਾਮਲਾ ਪੰਚਾਇਤ ਤੱਕ ਗਿਆ ਅਤੇ ਗ਼ੁਲਾਮ ਹੈਦਰ ਦੇ ਪਰਿਵਾਰਕ ਮੈਂਬਰਾਂ ਨੂੰ ਜੁਰਮਾਨਾ ਭਰਨਾ ਪਿਆ।

ਗੁਲਾਮ ਹੈਦਰ ਆਪਣੀ ਪਤਨੀ ਦੇ ਕਹਿਣ 'ਤੇ ਕਰਾਚੀ ਚਲੋ ਗਏ। ਇੱਥੇ ਉਹ ਆਟੋ ਰਿਕਸ਼ਾ ਚਲਾ ਕੇ ਤੇ ਮਜ਼ਦੂਰੀ ਕਰਕੇ ਘਰ ਦਾ ਖਰਚਾ ਚਲਾ ਰਹੇ ਸਨ ਤੇ ਫ਼ਿਰ ਸਾਲ 2019 ਵਿੱਚ ਕੰਮ ਲਈ ਸਾਊਦੀ ਚਲੇ ਗਏ।

ਮਨਜ਼ੂਰ ਹੁਸੈਨ
ਤਸਵੀਰ ਕੈਪਸ਼ਨ, ਸੀਮਾ ਦੇ ਮਕਾਨ ਮਾਲਿਕ ਮਨਜ਼ੂਰ ਹੁਸੈਨ

ਸੀਮਾ ਰਿੰਦ ਕਰਾਚੀ ਦੇ ਗੁਲਿਸਤਾਨ-ਏ-ਜੌਹਰ ਇਲਾਕੇ ਨੇੜੇ ਧਨੀ ਬਖਸ਼ ਗੋਠ ਪਿੰਡ 'ਚ ਕਿਰਾਏ ਦੇ ਕਮਰੇ 'ਚ ਰਹਿ ਰਹੀ ਸੀ।

ਉਨ੍ਹਾਂ ਦਾ ਘਰ ਤੀਜੀ ਮੰਜ਼ਿਲ 'ਤੇ ਸੀ। ਜਦੋਂਕਿ ਮਕਾਨ ਮਾਲਕ ਦਾ ਪਰਿਵਾਰ ਉਸੇ ਇਮਾਰਤ ਵਿੱਚ ਗਰਾਉਂਡ ਫਲੋਰ 'ਤੇ ਰਹਿ ਰਿਹਾ ਸੀ।

ਸ਼ੁਰੂ ਵਿੱਚ ਸੀਮਾ ਦੇ ਨਾਲ ਉਸ ਦਾ ਪਿਤਾ, ਭਰਾ ਅਤੇ ਭੈਣ ਵੀ ਇਸੇ ਘਰ ਵਿਚ ਰਹਿੰਦੇ ਸਨ। ਮਕਾਨ ਦਾ ਅੱਧ ਕਿਰਾਇਆ ਵੀ ਪਿਤਾ ਦੇ ਰਹੇ ਸਨ।

ਪਰ ਕੁਝ ਸਮੇਂ ਬਾਅਦ ਕਿਰਾਇਆ ਦੇਣ ਨੂੰ ਲੈ ਕੇ ਉਨ੍ਹਾਂ ਦਰਮਿਆਨ ਅਕਸਰ ਝਗੜਾ ਰਹਿਣ ਲੱਗਿਆ।

ਜਦੋਂ ਉਨ੍ਹਾਂ ਦੀ ਭੈਣ ਦਾ ਵਿਆਹ ਹੋ ਗਿਆ ਅਤੇ ਉਨ੍ਹਾਂ ਦਾ ਭਰਾ ਫ਼ੌਜ ਵਿੱਚ ਭਰਤੀ ਹੋ ਗਿਆ, ਤਾਂ ਸੀਮਾ ਦੇ ਪਿਤਾ ਹੀ ਉਨ੍ਹਾਂ ਨਾਲ ਰਹਿ ਗਏ।

ਪਿਛਲੇ ਸਾਲ ਉਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ ਸੀ।

ਮਕਾਨ ਮਾਲਕ ਮਨਜ਼ੂਰ ਹੁਸੈਨ ਨੇ ਦੱਸਿਆ ਕਿ ਇੱਕ ਦਿਨ ਸੀਮਾ ਨੇ ਕਿਹਾ ਕਿ ਉਹ ਪਿੰਡ ਜਾ ਰਹੀ ਹੈ, ਉਸ ਤੋਂ ਬਾਅਦ ਉਹ ਵਾਪਸ ਨਹੀਂ ਆਈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)