ਪਾਕਿਸਤਾਨੀ 4 ਬੱਚਿਆਂ ਦੀ ਮਾਂ ਜੋ ਪ੍ਰੇਮੀ ਲਈ ਭੱਜ ਕੇ ਭਾਰਤ ਆਈ, ਦੇ ਪਿੰਡ ਵਾਲਿਆਂ ਤੋਂ ਜਾਣੋ ਉਸ ਦਾ ਪਿਛੋਕੜ

ਸੀਮਾ ਰਿੰਦ
ਤਸਵੀਰ ਕੈਪਸ਼ਨ, ਸੀਮਾ ਰਿੰਦ
    • ਲੇਖਕ, ਸ਼ੁਮਾਇਲਾ ਖ਼ਾਨ
    • ਰੋਲ, ਬੀਬੀਸੀ ਪੱਤਰਕਾਰ

ਕਰਾਚੀ...ਪਾਕਿਸਤਾਨ ਦਾ ਸਭ ਤੋਂ ਵੱਡਾ ਸ਼ਹਿਰ। ਉਹ ਸ਼ਹਿਰ ਜਿੱਥੇ ਹਰ ਰੋਜ਼ ਰਿਸ਼ਤੇ ਬਣਦੇ ਅਤੇ ਟੁੱਟਦੇ ਹਨ। ਸ਼ਹਿਰ ਦੀ ਦੋ ਕਰੋੜ ਦੀ ਆਬਾਦੀ ਵਿੱਚ ਨੌਜਵਾਨਾਂ ਦੀ ਸੰਖਿਆ ਜ਼ਿਆਦਾ ਹੈ।

ਇਹ ਉਹ ਲੋਕ ਹਨ ਜਿੰਨਾਂ ਦਾ ਜਿਆਦਾ ਸਮਾਂ ਸੋਸ਼ਲ ਮੀਡੀਆ ਅਤੇ ਔਨਲਾਈਨ ਗੇਮਿੰਗ ਖੇਡਣ ਵਿੱਚ ਬੀਤਦਾ ਹੈ।

ਸੀਮਾ ਰਿੰਦ ਦੀ ਮੁਲਾਕਾਤ ਭਾਰਤ ਦੇ ਇੱਕ ਲੜਕੇ ਨਾਲ ਪੱਬਜੀ ਖੇਡਦੇ ਸਮੇਂ ਹੋਈ ਸੀ। ਉਸ ਤੋਂ ਬਾਅਦ ਉਹ ਪਿਆਰ ਲਈ ਸਰਹੱਦ ਪਾਰ ਕਰਕੇ ਭਾਰਤ ਚਲੀ ਗਈ।

ਇਹ ਕਹਾਣੀ ਅੱਜ ਕੱਲ੍ਹ ਭਾਰਤ ਦੇ ਮੀਡੀਆ ਵਿੱਚ ਛਾਈ ਹੋਈ ਹੈ। ਪਰ ਪਾਕਿਸਤਾਨੀ ਮੀਡੀਆ ਇਸ ਬਾਰੇ ਚੁੱਪ ਹੈ।

ਪਾਕਿਸਤਾਨ ਵਿੱਚ ਪ੍ਰੇਮ ਕਹਾਣੀਆਂ ਜਾਂ ਪ੍ਰੇਮ ਵਿਆਹਾਂ ਨੂੰ ਆਮ ਤੌਰ 'ਤੇ ਮਹੱਤਵ ਨਹੀਂ ਦਿੱਤਾ ਜਾਂਦਾ ਹੈ। ਸ਼ਾਇਦ ਇਸ ਲਈ ਕਿ ਇੱਥੋਂ ਦੇ ਸਮਾਜ ਦਾ ਵੱਡਾ ਹਿੱਸਾ ਥੋੜ੍ਹੇ ਪੁਰਾਣੇ ਵਿਚਾਰਾਂ ਦਾ ਹੈ।

ਇੱਥੋਂ ਦੀਆਂ ਸਮਾਜਿਕ ਮਾਨਤਾਵਾਂ ਅਜਿਹੇ ਰਿਸ਼ਤਿਆਂ ਅਤੇ ਵਿਆਹਾਂ ਨੂੰ ਉਤਸ਼ਾਹਿਤ ਨਹੀਂ ਕਰਦੀਆਂ।

ਕਰਾਚੀ ਦੇ ਮਲੀਰ ਕੈਂਟ ਥਾਣੇ ਵਿੱਚ ਦਰਜ ਕਰਵਾਈ ਰਿਪੋਰਟ ਵਿੱਚ ਸੀਮਾ ਰਿੰਦ ਅਤੇ ਉਸ ਦੇ ਚਾਰ ਬੱਚਿਆਂ ਨੂੰ ਗੁੰਮ ਦੱਸਿਆ ਗਿਆ ਹੈ। ਪਰ ਪੁਲਿਸ ਨੇ ਹਾਲੇ ਤੱਕ ਇਸ ਮਾਮਲੇ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਹੈ।

ਮੈਂ ਮਲੀਰ ਦੇ ਐੱਸਐੱਸਪੀ ਨੂੰ ਕਈ ਫੋਨ ਕਾਲਾਂ ਅਤੇ ਮੈਸੇਜ ਕਰਕੇ ਪੁੱਛਿਆ ਕਿ ਇਹ ਕਿਵੇਂ ਹੋਇਆ। ਪਰ ਉਹਨਾਂ ਦਾ ਕੋਈ ਜਵਾਬ ਨਹੀਂ ਆਇਆ।

ਕਰਾਚੀ
ਤਸਵੀਰ ਕੈਪਸ਼ਨ, ਸੀਮਾ ਰਿੰਦ ਦੀ ਪ੍ਰੇਮ ਕਹਾਣੀ ਅਤੇ ਗ੍ਰਿਫਤਾਰੀ ਬਾਰੇ ਇੱਥੇ ਦੇ ਲੋਕ ਨਹੀਂ ਜਾਣਦੇ।

ਪਾਕਿਸਤਾਨ ਵਿੱਚ ਕਿੱਥੇ ਸੀ ਸੀਮਾ ਤੇ ਉਸਦਾ ਪਰਿਵਾਰ

ਸੀਮਾ ਰਿੰਦ ਅਤੇ ਉਸ ਦਾ ਪਰਿਵਾਰ ਕਰਾਚੀ ਵਿੱਚ ਕਿੱਥੇ ਅਤੇ ਕਿਨ੍ਹਾਂ ਹਾਲਾਤਾਂ ਵਿਚ ਰਹਿੰਦਾ ਸੀ, ਇਹ ਜਾਣਨ ਲਈ ਮੈਂ ਉਸ ਦੇ ਪਤੀ ਗੁਲਾਮ ਹੈਦਰ ਵੱਲੋਂ ਦਿੱਤੇ ਪਤੇ 'ਤੇ ਪਹੁੰਚ ਗਿਆ।

ਮੈਂ ਉਸ ਵੱਲੋਂ ਦੱਸੇ ਪਤੇ ਦੀ ਭਾਲ ਵਿੱਚ ਸ਼ਹਿਰ ਦੇ ਗੁਲਿਸਤਾਨ-ਏ-ਜੌਹਰ ਇਲਾਕੇ ਵਿੱਚ ਪਹੁੰਚ ਗਈ।

ਇਹ ਬਹੁਤ ਸੰਘਣੀ ਆਬਾਦੀ ਵਾਲਾ ਇਲਾਕਾ ਹੈ। ਇਹ ਉਹ ਖੇਤਰ ਹੈ ਜਿੱਥੇ ਸ਼ਹਿਰ ਦੀਆਂ ਸਭ ਤੋਂ ਵੱਡੀਆਂ ਇਮਾਰਤਾਂ ਅਤੇ ਫਲੈਟ ਹਨ। ਇਸ ਦੇ ਵਿਚਕਾਰ ਕੁਝ ਪਿੰਡ ਵੀ ਹਨ। ਇਨ੍ਹਾਂ ਵਿੱਚੋਂ ਇੱਕ ਪਿੰਡ ਢਾਣੀ ਬਖਸ਼ ਗੋਠ ਹੈ।

ਸੀਮਾ ਰਿੰਦ ਦੀ ਪ੍ਰੇਮ ਕਹਾਣੀ ਅਤੇ ਗ੍ਰਿਫਤਾਰੀ ਬਾਰੇ ਇੱਥੇ ਦੇ ਲੋਕ ਨਹੀਂ ਜਾਣਦੇ। ਜਦੋਂ ਮੈਂ ਇੱਥੇ ਲੋਕਾਂ ਨੂੰ ਸੀਮਾ ਰਿੰਦ ਅਤੇ ਉਸਦੇ ਬੱਚਿਆਂ ਦੀਆਂ ਤਸਵੀਰਾਂ ਦਿਖਾਈਆਂ ਤਾਂ ਇੱਕ ਦੁਕਾਨਦਾਰ ਨੇ ਉਸਦੇ ਇੱਕ ਬੱਚੇ ਨੂੰ ਪਛਾਣ ਲਿਆ।

ਉਨ੍ਹਾਂ ਦੱਸਿਆ ਕਿ ਇਹ ਬੱਚਾ ਇੱਥੋਂ ਸਾਮਾਨ ਖਰੀਦਦਾ ਸੀ।

ਤੰਗ ਤੇ ਧੂੜ ਭਰੀਆਂ ਗਲੀਆਂ ਵਿੱਚ ਕਾਫੀ ਭਾਲ ਕਰਨ ਤੋਂ ਬਾਅਦ ਮੈਂ ਸੀਮਾ ਦੇ ਘਰ ਪਹੁੰਚੀ।

ਉਹ ਪਿਛਲੇ ਤਿੰਨ ਸਾਲਾਂ ਤੋਂ ਇੱਥੇ ਕਿਰਾਏ 'ਤੇ ਰਹਿ ਰਹੀ ਸੀ। ਉਸਦਾ ਘਰ ਤੀਜੀ ਮੰਜ਼ਿਲ 'ਤੇ ਸੀ ਪਰ ਮਕਾਨ ਮਾਲਿਕ ਦਾ ਪਰਿਵਾਰ ਜ਼ਮੀਨੀ ਮੰਜ਼ਿਲ 'ਤੇ ਰਹਿੰਦਾ ਸੀ।

ਜਦੋਂ ਮੈਂ ਉਥੇ ਪਹੁੰਚੀ ਤਾਂ ਮਕਾਨ ਮਾਲਿਕ ਦੇ ਘਰੋਂ ਦੋ ਕੁੜੀਆਂ ਦੇਖ ਰਹੀਆਂ ਸਨ। ਉਹਨਾਂ ਨੇ ਮੈਨੂੰ ਅੰਦਰ ਆਉਣ ਲਈ ਕਿਹਾ।

ਦੋ ਛੋਟੇ ਕਮਰਿਆਂ ਦੇ ਇਸ ਘਰ ਵਿੱਚ ਇੱਕ ਕਮਰਾ ਬੱਚਿਆਂ ਨਾਲ ਭਰਿਆ ਹੋਇਆ ਸੀ। ਉਹ ਇੱਥੇ ਟਿਊਸ਼ਨ ਪੜ੍ਹਦੇ ਸਨ। ਅਸੀਂ ਦੂਜੇ ਕਮਰੇ ਵਿੱਚ ਬੈਠ ਗਏ। ਮਕਾਨ ਮਾਲਿਕ ਦੀ ਪਤਨੀ ਵੀ ਉੱਥੇ ਸੀ।

ਜਦੋਂ ਮੈਂ ਉਬਨਾਂ ਨੂੰ ਸੀਮਾ ਬਾਰੇ ਪੁੱਛਿਆ ਤਾਂ ਉਹਨਾਂ ਨੇ ਝੱਟ ਮੈਨੂੰ ਭੂਰੇ ਰੰਗ ਦੇ ਲਿਫਾਫੇ ਵਿੱਚ ਰੱਖੀ ਫੋਟੋ ਦਿਖਾਈ।

ਉਨ੍ਹਾਂ ਦੱਸਿਆ ਕਿ ਇਹ ਤਸਵੀਰ ਇੱਕ ਪਰਿਵਾਰਕ ਸਮਾਗਮ ਦੌਰਾਨ ਲਈ ਗਈ ਸੀ ਜਿੱਥੇ ਸੀਮਾ ਨੂੰ ਵੀ ਬੁਲਾਇਆ ਗਿਆ ਸੀ।

ਮੰਜ਼ੂਰ ਹੁਸੈਨ
ਤਸਵੀਰ ਕੈਪਸ਼ਨ, ਸੀਮਾ ਦਾ ਮਕਾਨ ਮਾਲਿਕ ਮੰਜ਼ੂਰ ਹੁਸੈਨ

ਸੀਮਾ ਦੇ ਮਕਾਨ ਮਾਲਿਕ ਨੇ ਕੀ ਕਿਹਾ?

ਮਕਾਨ ਮਾਲਿਕ ਮੰਜ਼ੂਰ ਹੁਸੈਨ ਨੇ ਕਿਹਾ ਕਿ ਸੀਮਾ ਕੋਈ ਬਹੁਤੀ ਮਿਲਣਸਾਰ ਔਰਤ ਨਹੀਂ ਸੀ। ਪਰ ਬੱਚੇ ਉਹਨਾਂ ਦੇ ਘਰ ਬਹੁਤਾ ਸਮਾਂ ਬਿਤਾਉਂਦੇ ਸਨ।

ਸ਼ੁਰੂ ਵਿੱਚ ਸੀਮਾ ਦੇ ਨਾਲ ਉਸ ਦਾ ਪਿਤਾ, ਭਰਾ ਅਤੇ ਭੈਣ ਵੀ ਇਸੇ ਘਰ ਵਿਚ ਰਹਿੰਦੇ ਸਨ।

ਉਸ ਦੇ ਪਿਤਾ ਅੱਧਾ ਕਿਰਾਇਆ ਦਿੰਦੇ ਸਨ ਪਰ ਕਿਰਾਇਆ ਦੇਣ ਨੂੰ ਲੈ ਕੇ ਉਨ੍ਹਾਂ ਵਿੱਚ ਅਕਸਰ ਝਗੜਾ ਹੁੰਦਾ ਰਹਿੰਦਾ ਸੀ।

ਜਦੋਂ ਉਸਦੀ ਭੈਣ ਦਾ ਵਿਆਹ ਹੋ ਗਿਆ ਅਤੇ ਉਸਦਾ ਭਰਾ ਫੌਜ ਵਿੱਚ ਭਰਤੀ ਹੋ ਗਿਆ, ਤਾਂ ਸੀਮਾ ਦੇ ਪਿਤਾ ਹੀ ਉਸਦੇ ਨਾਲ ਰਹਿ ਗਏ। ਉਸ ਦੇ ਪਿਤਾ ਦੀ ਪਿਛਲੇ ਸਾਲ ਮੌਤ ਹੋ ਗਈ ਸੀ।

ਸੀਮਾ ਦੇ ਮਕਾਨ ਮਾਲਿਕ ਦੇ ਪਰਿਵਾਰ ਨੇ ਮੈਨੂੰ ਭਾਰਤ ਵਿੱਚ ਉਸਦੀ ਗ੍ਰਿਫਤਾਰੀ ਦੀ ਵੀਡੀਓ ਦਿਖਾਉਣ ਲਈ ਕਿਹਾ। ਮੈਂ ਉਸਨੂੰ ਉਸਦੀ ਗ੍ਰਿਫਤਾਰੀ ਅਤੇ ਉਸਦੇ ਬਿਆਨ ਨਾਲ ਸਬੰਧਤ ਵੀਡੀਓ ਦਿਖਾਈਆਂ।

ਇਹ ਦੇਖ ਕੇ ਉਹ ਹੈਰਾਨੀ ਜਤਾਉਣ ਲੱਗੇ ਕਿ ਆਖਿਰ ਸੀਮਾ ਅਜਿਹਾ ਕਿਵੇਂ ਕਰ ਸਕਦੀ ਹੈ।

ਸੀਮਾ ਦਾ ਮਕਾਨ ਮਾਲਿਕ ਮੰਜ਼ੂਰ ਹੁਸੈਨ ਉਸ ਨੂੰ ਆਪਣੀ ਧੀ ਸਮਝਦਾ ਸੀ।

ਮੇਰੇ ਨਾਲ ਗੱਲ ਕਰਦਿਆਂ ਉਹ ਕਈ ਵਾਰ ਭਾਵੁਕ ਹੋ ਗਿਆ ਅਤੇ ਉਸ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ। ਉਸ ਨੇ ਦੱਸਿਆ ਕਿ ਸੀਮਾ ਅਤੇ ਉਸ ਦਾ ਪਰਿਵਾਰ ਉਸ ਦੇ ਘਰ ਤਿੰਨ ਸਾਲਾਂ ਤੋਂ ਰਹਿ ਰਿਹਾ ਸੀ।

ਪਹਿਲਾਂ ਤਾਂ ਸਿਰਫ਼ ਸੀਮਾ ਅਤੇ ਉਸ ਦੇ ਪਿਤਾ ਹੀ ਮੰਜ਼ੂਰ ਹੁਸੈਨ ਦੇ ਘਰ ਰਹਿਣ ਲਈ ਆਏ ਸਨ।

ਸੀਮਾ ਦਾ ਪਤੀ ਸਾਊਦੀ ਅਰਬ 'ਚ ਰਹਿੰਦਾ ਹੈ। ਉਹ ਪਿਛਲੇ ਤਿੰਨ ਸਾਲਾਂ ਤੋਂ ਇਸ ਘਰ ਨਹੀਂ ਆਇਆ ਸੀ।

ਮੰਜ਼ੂਰ ਹੁਸੈਨ ਦਾ ਕਹਿਣਾ ਹੈ ਕਿ ਸੀਮਾ ਸਮੇਂ ਸਿਰ ਕਿਰਾਇਆ ਦਿੰਦੀ ਸੀ। ਉਸ ਦਾ ਪਤੀ ਸਾਊਦੀ ਅਰਬ ਤੋਂ ਸੱਠ-ਸੱਤਰ ਹਜ਼ਾਰ ਰੁਪਏ ਭੇਜਦਾ ਸੀ।

ਇਸ ਪੈਸੇ ਨਾਲ ਉਹ ਕਿਰਾਇਆ ਦਿੰਦੀ ਸੀ ਅਤੇ ਘਰ ਚਲਾਉਂਦੀ ਸੀ।

ਸੀਮਾ

ਪਾਕਿਸਤਾਨ ਤੋਂ ਭਾਰਤ ਆਉਣ ਵਾਲੀ ਸੀਮਾ ਬਾਰੇ ਖਾਸ ਗੱਲਾਂ:

  • ਪਾਕਿਸਤਾਨ ਦੀ ਸੀਮਾ ਰਿੰਦ ਭਾਰਤ ਦੇ ਸੰਚਿਨ ਨਾਲ ਰਹਿਣ ਲਈ ਉਸ ਕੋਲ ਆ ਗਈ
  • ਉਹ ਪੱਬਜੀ ਖੇਡਦੇ ਮਿਲੇ ਅਤੇ ਇਕੱਠੇ ਰਹਿਣ ਦਾ ਫੈਲਸਾ ਕਰ ਲਿਆ
  • ਸੀਮਾ ਆਪਣੇ ਚਾਰ ਬੱਚਿਆਂ ਸਮੇਤ ਭਾਰਤ ਵਿੱਚ ਰਹਿ ਰਹੀ ਸੀ
  • ਇਹ ਕਹਾਣੀ ਅੱਜ ਕੱਲ੍ਹ ਭਾਰਤ ਦੇ ਮੀਡੀਆ ਵਿੱਚ ਛਾਈ ਹੋਈ ਹੈ
  • ਸੀਮਾ ਦੀ ਭੈਣ ਦਾ ਕਹਿਣਾ ਹੈ ਕਿ ਉਸ ਦੀ ਭੈਣ ਨੂੰ ਛੱਡ ਪਾਕਿਸਤਾਨ
ਸੀਮਾ

ਸੀਮਾ ਦੇ ਹਿੰਦੂ ਵਿਅਕਤੀ ਨਾਲ ਵਿਆਹ 'ਤੇ ਸਵਾਲ

ਮੰਜ਼ੂਰ ਹੁਸੈਨ ਦੱਸਦੇ ਹਨ, “ਇੱਕ ਦਿਨ ਸੀਮਾ ਨੇ ਕਿਹਾ ਕਿ ਮੈਂ ਆਪਣੇ ਪਿੰਡ ਜਾ ਰਹੀ ਹਾਂ। ਮੇਰੀਆਂ ਚੀਜ਼ਾਂ ਦਾ ਧਿਆਨ ਰੱਖਣਾ। ਉਹ ਮੈਨੂੰ ਪਿਤਾ ਕਹਿੰਦੀ ਸੀ ਤੇ ਮੈਂ ਉਸ ਨੂੰ ਧੀ ਕਹਿੰਦਾ ਸੀ। ਉਸ ਦਿਨ ਤੋਂ ਬਾਅਦ ਉਸ ਨੂੰ ਦੁਬਾਰਾ ਨਹੀਂ ਦੇਖ ਸਕਿਆ। ਉਸ ਦੇ ਭਰਾ-ਭੈਣ ਉਸ ਦੀ ਭਾਲ ਵਿਚ ਇੱਥੇ ਆਏ ਸਨ। ਮੈਂ ਉਹਨਾਂ ਨੂੰ ਦੱਸਿਆ ਕਿ ਉਹ ਆਪਣੇ ਪਿੰਡ ਚਲੀ ਗਈ ਹੈ। ਪਰ ਉਨ੍ਹਾਂ ਕਿਹਾ ਕਿ ਸੀਮਾ ਪਿੰਡ ਨਹੀਂ ਪਹੁੰਚੀ।”

ਮੰਜ਼ੂਰ ਹੁਸੈਨ ਨੇ ਦੱਸਿਆ ਕਿ ਸੀਮਾ ਦੇ ਪਤੀ ਨੇ ਉਸ ਨੂੰ ਸਾਊਦੀ ਅਰਬ ਤੋਂ ਫੋਨ ਕਰਕੇ ਇਕ ਮਹੀਨੇ ਲਈ ਸਾਮਾਨ ਰੱਖਣ ਲਈ ਕਿਹਾ ਸੀ। ਬਾਅਦ ਵਿੱਚ ਉਸ ਨੇ ਕਿਰਾਇਆ ਦੇ ਦਿੱਤਾ ਪਰ ਇਸ ਤੋਂ ਬਾਅਦ ਉਸ ਨੇ ਕਿਸੇ ਨੂੰ ਸਾਮਾਨ ਲੈਣ ਲਈ ਭੇਜਿਆ।

ਮੇਰੇ ਉੱਥੇ ਖੜੇ-ਖੜੇ ਇਹ ਖ਼ਬਰ ਮੁਹੱਲੇ ਵਿੱਚ ਫੈਲ ਗਈ ਕਿ ਮੀਡੀਆ ਵਾਲੇ ਆਏ ਹਨ।

ਇਸ ਤੋਂ ਬਾਅਦ ਵੱਖ-ਵੱਖ ਚਰਚਾਵਾਂ ਸ਼ੁਰੂ ਹੋ ਗਈਆਂ। ਮੈਂ ਕੈਮਰਾਮੈਨ ਤੋਂ ਥੋੜਾ ਦੂਰ ਖੜ੍ਹੀ ਸੀ। ਇੱਕ 30 ਸਾਲਾਂ ਦੇ ਆਦਮੀ ਨੇ ਮੈਨੂੰ ਪੁੱਛਿਆ ਕਿ ਕੀ ਇਹ ਸੱਚ ਹੈ ਕਿ ਸੀਮਾ ਨੇ ਹਿੰਦੂ ਨਾਲ ਵਿਆਹ ਕਰ ਲਿਆ?

ਮੈਂ ਅਣਜਾਣ ਬਣਨ ਦੀ ਕੋਸ਼ਿਸ਼ ਕੀਤੀ ਅਤੇ ਸਵਾਲ ਨੂੰ ਟਾਲ ਦਿੱਤਾ।

ਮੈਂ ਦੇਖਿਆ ਕਿ ਅੱਲੜ੍ਹ ਉਮਰ ਦੇ ਬੱਚਿਆਂ ਨੂੰ ਵੀ ਸੀਮਾ ਦੀ ਜ਼ਿੰਦਗੀ ਅਤੇ ਉਸ ਦੇ ਰਹਿਣ-ਸਹਿਣ ਬਾਰੇ ਬਹੁਤ ਸਾਰੀਆਂ ਕਹਾਣੀਆਂ ਦਾ ਪਤਾ ਸੀ।

ਸੀਮਾ

ਸੀਮਾ ਅਤੇ ਉਸ ਦਾ ਪਤੀ ਬਲੋਚ ਹਨ

ਸੀਮਾ ਰਿੰਦ ਸਿੰਧ ਦੇ ਖੈਰਪੁਰ ਜ਼ਿਲ੍ਹੇ ਦੀ ਵਸਨੀਕ ਸੀ। ਇਹ ਇਲਾਕਾ ਖਜੂਰਾਂ ਦੀ ਖੇਤੀ ਲਈ ਜਾਣਿਆ ਜਾਂਦਾ ਹੈ। ਇਹ ਆਖਰੀ ਆਜ਼ਾਦ ਰਿਆਸਤ ਸੀ ਜੋ ਬਾਅਦ ਵਿੱਚ ਪਾਕਿਸਤਾਨ ਵਿੱਚ ਸ਼ਾਮਲ ਹੋ ਗਈ ਸੀ।

ਸੀਮਾ ਦਾ ਪਤੀ ਗੁਲਾਮ ਹੈਦਰ ਜੈਕਬਾਬਾਦ ਦਾ ਰਹਿਣ ਵਾਲਾ ਹੈ। ਇਸ ਨੂੰ ਬ੍ਰਿਟਿਸ਼ ਫੌਜ ਦੇ ਕਮਾਂਡਰ ਜੌਹਨ ਜੈਕਬ ਨੇ ਵਸਾਇਆ ਸੀ।

ਸੀਮਾ ਅਤੇ ਗੁਲਾਮ ਹੈਦਰ ਦੋਵੇਂ ਬਲੋਚ ਹਨ। ਦੋਵੇਂ ਉਸ ਇਲਾਕੇ ਤੋਂ ਆਉਂਦੇ ਹਨ, ਜਿੱਥੇ ਕੁੜੀਆਂ ਅਕਸਰ ਆਪਣੇ ਪਿਆਰ ਦਾ ਇਜ਼ਹਾਰ ਨਹੀਂ ਕਰਦੀਆਂ। ਇੱਥੇ ਹਰ ਸਾਲ ਦਰਜਨਾਂ ਕੁੜੀਆਂ ਨੂੰ ਖੁੱਲ੍ਹੇਆਮ ਆਪਣੇ ਪਿਆਰ ਦਾ ਇਜ਼ਹਾਰ ਕਰਨ ਲਈ ਮਾਰ ਦਿੱਤਾ ਜਾਂਦਾ ਹੈ।

ਸੀਮਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੀਮਾ ਤੇ ਉਸ ਦਾ ਪ੍ਰੇਮੀ ਸਚਿਨ ਪੁਲਿਸ ਦੀ ਹਿਰਾਸਤ ਵਿੱਚ

ਗੁਲਾਮ ਹੈਦਰ ਮਿਸ ਕਾਲ ਦਾ ਜਵਾਬ ਦਿੰਦੇ ਹੋਏ ਸੀਮਾ ਰਿੰਦ ਦੇ ਸੰਪਰਕ ਵਿੱਚ ਆਇਆ ਸੀ। ਦੋਵਾਂ ਵਿਚਕਾਰ ਗੱਲਬਾਤ ਸ਼ੁਰੂ ਹੋਈ ਅਤੇ ਫਿਰ ਉਨ੍ਹਾਂ ਨੇ ਆਪਣੇ ਪਿਆਰ ਦਾ ਇਜ਼ਹਾਰ ਕੀਤਾ।

ਵਿਆਹ 'ਚ ਮੁਸ਼ਕਿਲਾਂ ਨੂੰ ਦੇਖਦੇ ਹੋਏ ਸੀਮਾ ਨੇ ਆਪਣਾ ਘਰ ਛੱਡ ਦਿੱਤਾ ਸੀ। ਘਰ ਛੱਡਣ ਤੋਂ ਬਾਅਦ ਸੀਮਾ ਨੇ ਅਦਾਲਤ ਵਿੱਚ ਗੁਲਾਮ ਹੈਦਰ ਨਾਲ ਵਿਆਹ ਕਰਵਾ ਲਿਆ।

ਜਦੋਂ ਮਾਮਲਾ ਪੰਚਾਇਤ ਕੋਲ ਗਿਆ ਤਾਂ ਗੁਲਾਮ ਹੈਦਰ ਦੇ ਪਰਿਵਾਰ ਨੂੰ ਜੁਰਮਾਨਾ ਭਰਨਾ ਪਿਆ।

ਪਤਨੀ ਦੇ ਜ਼ੋਰ ਪਾਉਣ 'ਤੇ ਗੁਲਾਮ ਹੈਦਰ ਕਰਾਚੀ ਆ ਗਿਆ। ਇੱਥੇ ਉਹ ਆਟੋ ਰਿਕਸ਼ਾ ਚਲਾ ਕੇ ਅਤੇ ਮਜ਼ਦੂਰੀ ਕਰ ਕੇ ਖਰਚੇ ਚਲਾ ਰਿਹਾ ਸੀ।

ਸੀਮਾ ਦੀ ਵੱਡੀ ਭੈਣ ਵੀ ਆਪਣੇ ਸਹੁਰੇ ਘਰ ਇਸੇ ਇਲਾਕੇ ਵਿੱਚ ਰਹਿੰਦੀ ਹੈ। ਉਸ ਨੇ ਕਿਹਾ ਕਿ ਉਸ ਨੂੰ ਆਪਣੀ ਭੈਣ ਦੀ ਚਿੰਤਾ ਤਾਂ ਹੈ ਪਰ ਉਹ ਬੇਵੱਸ ਹੈ।

ਸੀਮਾ ਦੀ ਭੈਣ ਦੀ ਅਪੀਲ, ‘ਮੇਰੀ ਭੈਣ ਨੂੰ ਛੱਡ ਦਿਓ’

ਸੀਮਾ ਦੀ ਭੈਣ ਨੇ ਕਿਹਾ, "ਮੇਰੇ ਮਾਤਾ-ਪਿਤਾ ਇਸ ਦੁਨੀਆ 'ਚ ਨਹੀਂ ਰਹੇ ਅਤੇ ਮੇਰਾ ਛੋਟਾ ਭਰਾ ਫੌਜ 'ਚ ਹੈ। ਅਜਿਹੇ 'ਚ ਮੈਂ ਸੋਚ ਨਹੀਂ ਪਾ ਰਹੀ ਕਿ ਕੀ ਕਰਾਂ?"

ਮੁੱਖ ਦਰਵਾਜੇ ਦੇ ਪਰਦੇ ਪਿੱਛੋਂ ਆਪਣਾ ਚਿਹਰਾ ਬਾਹਰ ਕੱਢਦੇ ਹੋਏ ਉਸਦੀ ਭੈਣ ਨੇ ਪੁੱਛਿਆ ਕਿ ਕੀ ਉਸਦੀ ਆਵਾਜ਼ ਭਾਰਤ ਵਿੱਚ ਪਹੁੰਚੇਗੀ?

ਉਸ ਨੇ ਕਿਹਾ, “ਮੇਰੀ ਭੈਣ ਨੇ ਭਾਰਤ ਜਾ ਕੇ ਮੂਰਖਤਾ ਵਾਲਾ ਕੰਮ ਕੀਤਾ ਹੈ। ਮੈਂ ਅਧਿਕਾਰੀਆਂ ਨੂੰ ਬੇਨਤੀ ਕਰਦੀ ਹਾਂ ਕਿ ਮੇਰੀ ਭੈਣ ਨੂੰ ਰਿਹਾਅ ਕੀਤਾ ਜਾਵੇ।”

ਗੁਲਾਮ ਹੈਦਰ ਜਾਖਰਾਨੀ ਨੇ ਬੀਬੀਸੀ ਹਿੰਦੀ ਨੂੰ ਦੱਸਿਆ ਕਿ ਉਸ ਦੀ ਪਤਨੀ ਨੂੰ ਭਾਰਤ ਤੋਂ ਆਏ ਸਚਿਨ ਨਾਂ ਦੇ ਵਿਅਕਤੀ ਨੇ ਫਸਾਇਆ ਹੈ। ਉਹ ਪੱਬਜੀ ਖੇਡਦੇ ਹੋਏ ਉਸ ਨਾਲ ਗੱਲਾਂ ਕਰਦਾ ਸੀ। ਸੀਮਾ ਨੇ ਆਪਣਾ ਘਰ ਵੇਚ ਦਿੱਤਾ ਅਤੇ ਇੱਥੋਂ ਚਲੀ ਗਈ।

ਸੀਮਾ ਦਾ ਆਈ ਕਾਰਡ
ਤਸਵੀਰ ਕੈਪਸ਼ਨ, ਸੀਮਾ ਦਾ ਆਈ ਕਾਰਡ

ਗੁਲਾਮ ਹੈਦਰ ਨੇ ਕਿਹਾ, "ਮੈਂ ਇੱਥੇ ਸਾਢੇ ਤਿੰਨ ਸਾਲਾਂ ਤੋਂ ਕੰਮ ਕਰ ਰਿਹਾ ਹਾਂ ਤਾਂ ਜੋ ਮੈਂ ਆਪਣੇ ਬੱਚਿਆਂ ਦਾ ਪੇਟ ਪਾਲ ਸਕਾਂ। ਉਹ ਝੂਠ ਬੋਲ ਰਹੇ ਹਨ ਕਿ ਹੈਦਰ ਨੇ 2018 ਵਿੱਚ ਆਪਣੀ ਪਤਨੀ ਨੂੰ ਤਲਾਕ ਦੇ ਦਿੱਤਾ ਸੀ। ਕੋਈ ਉਸਨੂੰ ਬਲੈਕਮੇਲ ਕਰ ਰਿਹਾ ਹੈ।"

“ਮੈਂ 2023 ਵਿੱਚ ਆਪਣਾ ਰਾਸ਼ਟਰੀ ਪਛਾਣ ਪੱਤਰ ਆਨਲਾਈਨ ਅਪਡੇਟ ਕੀਤਾ ਹੈ। ਮੇਰੇ ਬੱਚੇ ਮੇਰੇ ਨਾਲ ਬਕਰੀਦ ਮਨਾਉਣ ਲਈ ਸਾਊਦੀ ਅਰਬ ਆਉਣਾ ਚਾਹੁੰਦੇ ਸਨ। ਜੇਕਰ ਮੈਂ ਆਪਣੇ ਬੱਚਿਆਂ ਨੂੰ 2019 ਵਿੱਚ ਛੱਡ ਦਿੱਤਾ ਸੀ, ਤਾਂ ਉਨ੍ਹਾਂ ਦੇ ਰਾਸ਼ਟਰੀ ਪਛਾਣ ਪੱਤਰ ਕਿਵੇਂ ਬਣੇ?

ਗੁਲਾਮ ਹੈਦਰ ਨੇ ਦੱਸਿਆ ਕਿ ਉਸ ਨੇ ਸਾਊਦੀ ਅਰਬ ਵਿੱਚ ਬੱਚਿਆਂ ਲਈ ਪੂਰੀ ਤਿਆਰ ਕੀਤਾ ਸੀ।

ਉਸ ਨੇ ਕਿਹਾ, "ਮੈਂ ਭਾਰਤੀ ਮੀਡੀਆ ਰਾਹੀਂ ਅਪੀਲ ਕਰਦਾ ਹਾਂ ਕਿ ਮੇਰੇ ਬੱਚੇ ਮੈਨੂੰ ਦਿੱਤੇ ਜਾਣ।"

ਉਸ ਨੇ ਕਿਹਾ, "ਮੈਂ ਬਹੁਤ ਚਿੰਤਤ ਹਾਂ। ਕਿਰਪਾ ਕਰਕੇ ਮੇਰੀ ਗੱਲ ਸੁਣੋ। ਮੈਂ ਦੋਵੇਂ ਸਰਕਾਰਾਂ ਨੂੰ ਹੱਥ ਜੋੜ ਕੇ ਅਪੀਲ ਕਰਦਾ ਹਾਂ। ਮੈਂ ਬਹੁਤ ਗਰੀਬ ਆਦਮੀ ਹਾਂ। ਮੈਂ ਦੋ ਮਹੀਨਿਆਂ ਤੋਂ ਆਪਣੇ ਬੱਚਿਆਂ ਨੂੰ ਨਹੀਂ ਦੇਖਿਆ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)