ਸੀਮਾ ਹੈਦਰ ਦੇ ਭਾਰਤ ਆਉਣ ਮਗਰੋਂ ਪਾਕਿਸਤਾਨ 'ਚ ਹਿੰਦੂ ਧਰਮ ਸਥਾਨਾਂ 'ਤੇ ਡਾਕੂਆਂ ਦੇ ਹਮਲੇ, ਕੰਧਾਂ 'ਤੇ ਗੋਲੀਆਂ ਦੇ ਨਿਸ਼ਾਨ

- ਲੇਖਕ, ਰਿਆਜ਼ ਸੋਹੇਲ
- ਰੋਲ, ਬੀਬੀਸੀ ਪੱਤਰਕਾਰ
ਪਾਕਿਸਤਾਨ ਦੇ ਸਿੰਧ ਸੂਬੇ 'ਚ ਹਿੰਦੂ ਭਾਈਚਾਰੇ ਦੇ ਧਾਰਮਿਕ ਸਥਾਨ 'ਤੇ ਡਾਕੂਆਂ ਨੇ ਹਮਲਾ ਕੀਤਾ ਹੈ।
ਇਸ ਦੌਰਾਨ ਕੰਧਾਂ 'ਤੇ ਗੋਲੀਆਂ ਦੇ ਨਿਸ਼ਾਨ ਬਣੇ ਹਨ, ਹਾਲਾਂਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।
ਕੁਝ ਦਿਨ ਪਹਿਲਾਂ ਲੁਟੇਰਿਆਂ ਨੇ ਧਮਕੀ ਦਿੱਤੀ ਸੀ ਕਿ ਜੇਕਰ ਸੀਮਾ ਰਿੰਦ (ਸੀਮਾ ਗੁਲਾਮ ਹੈਦਰ) ਨੂੰ ਭਾਰਤ ਤੋਂ ਵਾਪਸ ਨਾ ਲਿਆਂਦਾ ਗਿਆ ਤਾਂ ਉਹ ਹਿੰਦੂਆਂ ਦੇ ਧਾਰਮਿਕ ਸਥਾਨਾਂ 'ਤੇ ਹਮਲਾ ਕਰਨਗੇ।
ਇਹ ਹਮਲਾ ਉੱਤਰੀ ਸਿੰਧ ਦੇ ਕਸ਼ਮੂਰ ਕੰਧ ਕੋਟ ਜ਼ਿਲ੍ਹੇ ਦੇ ਕੱਚੇ ਔਗਾਹੀ ਪਿੰਡ ਵਿੱਚ ਸ਼ਨੀਵਾਰ ਰਾਤ ਨੂੰ ਹੋਇਆ।
ਗੌਸਪੁਰ ਦੇ ਇੱਕ ਪੱਤਰਕਾਰ ਅਬਦੁਸਾਮੀ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਨੇ ਦਰਬਾਰ ਡੇਰਾ ਬਾਬਾ ਸਾਂਵਲ ਸ਼ਾਹ ਦੇ ਪੁਜਾਰੀਆਂ ਨਾਲ ਗੱਲ ਕੀਤੀ ਸੀ, ਜਿਨ੍ਹਾਂ ਨੇ ਕਿਹਾ ਕਿ ਉਹ ਰਾਤ ਨੂੰ ਮੰਦਰ ਦੇ ਅੰਦਰ ਸੁੱਤੇ ਪਏ ਸਨ ਜਦੋਂ ਭਾਰੀ ਗੋਲੀਬਾਰੀ ਸ਼ੁਰੂ ਹੋਈ। ਇਸ ਤੋਂ ਬਾਅਦ ਉਨ੍ਹਾਂ ਨੇ ਨੇੜਲੇ ਘਰਾਂ ਵਿੱਚ ਓਟ ਲੈ ਲਈ।
ਪੁਲਿਸ ਨੂੰ ਦਰਬਾਰ ਦੇ ਆਸਪਾਸ ਦੋ ਰਾਕੇਟ ਦੇ ਗੋਲੇ ਵੀ ਮਿਲੇ ਹਨ ਜੋ ਫਟੇ ਨਹੀਂ ਸਨ। ਇੱਕ ਗੋਲਾ ਕੰਧ ਵਿੱਚ ਧਸ ਗਿਆ ਸੀ ਤੇ ਦੂਜਾ ਇੱਕ ਛੱਪੜ ਵਿੱਚ ਡਿੱਗ ਗਿਆ ਸੀ।
ਪੱਤਰਕਾਰ ਅਬਦੁਸਾਮੀ ਅਨੁਸਾਰ ਉਸ ਪਿੰਡ ਵਿੱਚ ਬਾਗੜੀ ਭਾਈਚਾਰੇ ਦੇ ਸੱਤਰ ਘਰ ਹਨ, ਇਸ ਤੋਂ ਇਲਾਵਾ ਆਸ-ਪਾਸ ਦੇ ਬਾਗੜੀ ਭਾਈਚਾਰੇ ਦੇ ਲੋਕ ਵੀ ਇੱਥੇ ਮੱਥਾ ਟੇਕਣ ਲਈ ਆਉਂਦੇ ਹਨ।

ਪੁਲਿਸ ਨੇ ਕੀ ਕਿਹਾ ?
ਕਸ਼ਮੂਰ ਕੰਧ ਕੋਟ ਦੇ ਐੱਸਐੱਸਪੀ ਇਰਫਾਨ ਸੰਮੂ ਨੇ ਬੀਬੀਸੀ ਨੂੰ ਦੱਸਿਆ ਕਿ ਇਹ ਕੋਈ ਮੰਦਿਰ ਨਹੀਂ, ਸਗੋਂ ਘਰ ਦੇ ਕੋਲ ਬਣਿਆਂ ਇੱਕ ਦਰਬਾਰ ਸੀ ਜਿੱਥੇ ਹਿੰਦੂ ਭਾਈਚਾਰਾ ਸਾਲਾਨਾ ਸਮਾਗਮ ਕਰਦਾ ਹੈ। ਇੱਥੇ ਬੀਤੀ ਰਾਤ ਗੋਲੀਬਾਰੀ ਹੋਈ ਸੀ।
ਉਨ੍ਹਾਂ ਦਾਅਵਾ ਕੀਤਾ ਕਿ ਉਸ ਪਿੰਡ ਦੀ ਮੁਸਲਮਾਨ ਆਬਾਦੀ ਦੀ ਹੋਰਨਾਂ ਕਬੀਲਿਆਂ ਨਾਲ ਪੁਰਾਣੀ ਦੁਸ਼ਮਣੀ ਹੈ, ਇਸ ਪੱਖ ਤੋਂ ਵੀ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।
ਬਾਗੜੀਆਂ ਹਿੰਦੂ ਦਲਿਤ ਭਾਈਚਾਰੇ ਨਾਲ ਸਬੰਧਤ ਹਨ, ਜੋ ਉੱਤਰੀ ਸਿੰਧ ਤੋਂ ਲੈ ਕੇ ਹੇਠਲੇ ਸਿੰਧ ਤੱਕ ਖੇਤੀਬਾੜੀ ਨਾਲ ਜੁੜੇ ਹੋਏ ਹਨ। ਉਹਨਾਂ ਨੂੰ ਤਰਬੂਜ ਦੀ ਖੇਤੀ ਵਿੱਚ ਮੁਹਾਰਤ ਹੈ।

ਤਸਵੀਰ ਸਰੋਤ, SOCIAL MEDIA
ਜ਼ਿਕਰਯੋਗ ਹੈ ਕਿ ਘੋਟਕੀ ਦੇ ਡਾਕੂ ਰਾਣੂ ਸ਼ਾਰ ਨੇ ਧਮਕੀ ਦਿੱਤੀ ਸੀ ਕਿ ਜੇਕਰ ਸੀਮਾ ਰਿੰਦ ਨੂੰ ਵਾਪਸ ਨਾ ਲਿਆਂਦਾ ਗਿਆ ਤਾਂ ਹਿੰਦੂ ਧਾਰਮਿਕ ਅਸਥਾਨਾਂ 'ਤੇ ਹਮਲਾ ਕਰਨਗੇ।
ਇਸ ਤੋਂ ਬਾਅਦ ਕਸ਼ਮੂਰ ਕੰਧ ਕੋਟ ਦੇ ਡਾਕੂਆਂ ਨੇ ਵੀ ਅਜਿਹੀ ਧਮਕੀ ਦਿੱਤੀ ਸੀ, ਜਿਸ 'ਚ ਘੌਸਪੁਰ ਅਤੇ ਕਰਮਪੁਰ ਦਾ ਨਾਂ ਵੀ ਆਇਆ ਸੀ।
ਘੋਟਕੀ ਦੇ ਡਾਕੂ ਨਿਸਾਰ ਸ਼ਾਰ ਨੇ ਹਮਲੇ ਤੋਂ ਬਾਅਦ ਇੱਕ ਵੀਡੀਓ ਜਾਰੀ ਕਰਕੇ ਪੁਲਿਸ ਅਧਿਕਾਰੀਆਂ ਨੂੰ ਪੁੱਛਿਆ ਕਿ ਉਹ ਕਿੱਥੇ ਸਨ ?
ਉਨ੍ਹਾਂ ਕਿਹਾ ਕਿ ਉਹ ਇਸ ਦੀ ਨਿੰਦਾ ਕਰਦੇ ਹਨ।
"ਪਾਕਿਸਤਾਨੀ ਹਿੰਦੂਆਂ ਦਾ ਕੋਈ ਕਸੂਰ ਨਹੀਂ ਹੈ ਪਰ ਜੇਕਰ ਪਾਕਿਸਤਾਨੀ ਸਰਕਾਰ ਸੀਮਾ ਰਿੰਦ ਨੂੰ ਵਾਪਸ ਨਹੀਂ ਲਿਆਉਂਦੀ ਤਾਂ ਅਜਿਹੇ ਹਮਲੇ ਹੁੰਦੇ ਰਹਿਣਗੇ।"

ਹਿੰਦੂ ਧਰਮਿਕ ਸਥਾਨਾਂ ਤੇ ਬਸਤੀਆਂ ਦੀ ਸੁਰੱਖਿਆ ਵਧਾਈ
"ਅਸੀਂ ਕਿਸੇ ਵੀ ਵਿਵਾਦ ਤੋਂ ਪਹਿਲਾਂ ਹੀ ਦੂਰ ਰਹਿੰਦੇ ਹਾਂ ਤੇ ਆਪਣੇ ਕਾਰੋਬਾਰ ਤੱਕ ਧਿਆਨ ਰੱਖਦੇ ਹਾਂ। ਧਮਕੀਆਂ ਤੋਂ ਬਾਅਦ ਡਰ ਤਾਂ ਹੋਣਾ ਬਣਦਾ ਹੈ ਕਿਉਂਕਿ ਸਾਡੇ ਭਾਈਚਾਰੇ ਦੇ ਲੋਕਾਂ ਨੂੰ ਅਗਵਾ ਕਰ ਲਿਆ ਗਿਆ ਹੈ ਅਤੇ ਇਸ ਜ਼ਿਲ੍ਹੇ ਵਿੱਚ ਹਿੰਦੂ ਭਾਈਚਾਰੇ 'ਤੇ ਹਮਲਾ ਕੀਤਾ ਗਿਆ ਹੈ।"
ਇਹ ਕਹਿਣਾ ਹੈ ਰਮੇਸ਼ ਲਾਲ (ਕਾਲਪਨਿਕ ਨਾਮ) ਦਾ ਜੋ ਇਸ ਸ਼ਰਤ 'ਤੇ ਗੱਲ ਕਰਨ ਲਈ ਤਿਆਰ ਹੋ ਗਿਆ ਕਿ ਅਸੀਂ ਉਸਦੀ ਪਛਾਣ ਨਹੀਂ ਦੱਸਾਂਗੇ।
ਇਸ ਨੌਜਵਾਨ ਦਾ ਸਬੰਧ ਘੋਟਕੀ ਜ਼ਿਲ੍ਹੇ ਨਾਲ ਹੈ ਅਤੇ ਉਹ ਯੂਨੀਵਰਸਿਟੀ ਦਾ ਵਿਦਿਆਰਥੀ ਹੈ।
ਪਾਕਿਸਤਾਨ ਦੇ ਸਿੰਧ ਸੂਬੇ ਦੇ ਉੱਤਰੀ ਜ਼ਿਲ੍ਹਿਆਂ 'ਚ ਪੁਲਿਸ ਨੇ ਹਿੰਦੂ ਭਾਈਚਾਰੇ ਦੇ ਧਾਰਮਿਕ ਸਥਾਨਾਂ ਅਤੇ ਬਸਤੀਆਂ ਦੀ ਸੁਰੱਖਿਆ ਵਧਾ ਦਿੱਤੀ ਹੈ।
ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੀਮਾ ਰਿੰਦ ਦੀ ਵਾਪਸੀ ਲਈ ਡਾਕੂਆਂ ਵੱਲੋਂ ਦਿੱਤੀਆਂ ਧਮਕੀਆਂ ਤੋਂ ਬਾਅਦ ਇਹ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।
ਡਾਕੂਆਂ ਦੀ ਮੰਦਰਾਂ 'ਤੇ ਹਮਲੇ ਦੀ ਧਮਕੀ
ਉੱਤਰੀ ਸਿੰਧ ਦੇ ਜ਼ਿਲ੍ਹਿਆਂ ਘੋਟਕੀ, ਕਸ਼ਮੂਰ, ਕੰਧ ਕੋਟ ਅਤੇ ਜੈਕਬਾਬਾਦ ਵਿੱਚ ਡਾਕੂਆਂ ਦੇ ਕਈ ਗਿਰੋਹ ਸਰਗਰਮ ਹਨ, ਜਿਨ੍ਹਾਂ ਨੇ ਸਿੰਧ ਨਦੀ ਦੇ ਨਾਲ ਲੱਗਦੇ ਕੱਚੇ ਇਲਾਕਿਆਂ ਵਿੱਚ ਅੱਡੇ ਬਣਾਏ ਹੋਏ ਹਨ।
ਪੁਲਿਸ ਪਿਛਲੇ ਕਈ ਦਹਾਕਿਆਂ ਤੋਂ ਉਹਨਾਂ ਖਿਲਾਫ ਆਪਰੇਸ਼ਨ ਚਲਾ ਰਹੀ ਹੈ ਪਰ ਹੁਣ ਤੱਕ ਸਫਲਤਾ ਨਹੀਂ ਮਿਲੀ।
ਸੀਮਾ ਅਤੇ ਗੁਲਾਮ ਹੈਦਰ ਦੋਵੇਂ ਬਲੋਚ ਭਾਈਚਾਰੇ ਨਾਲ ਸਬੰਧਤ ਹਨ। ਸਿੰਧ ਦੇ ਵੱਖ-ਵੱਖ ਲੁਟੇਰਿਆਂ ਦੇ ਗਿਰੋਹਾਂ ਨੇ ਸੋਸ਼ਲ ਮੀਡੀਆ 'ਤੇ ਭਾਰਤ ਸਰਕਾਰ ਨੂੰ ਧਮਕੀ ਦਿੱਤੀ ਸੀ ਕਿ ਸੀਮਾ ਨੂੰ ਉਸ ਦੇ ਦੇਸ਼ ਵਾਪਸ ਭੇਜ ਦਿੱਤਾ ਜਾਵੇ।
ਸੀਮਾ ਨੇ ਭਾਰਤ ਵਿੱਚ ਸਚਿਨ ਨਾਮ ਦੇ ਇੱਕ ਹਿੰਦੂ ਨੌਜਵਾਨ ਨਾਲ ਰਹਿਣ ਦਾ ਫੈਸਲਾ ਕੀਤਾ ਹੈ ਅਤੇ ਉਹ 4 ਬੱਚਿਆਂ ਸਮੇਤ ਭਾਰਤ ਪਹੁੰਚ ਗਈ।
ਰਾਣੂ ਸ਼ਾਰ ਨਾਮ ਦੇ ਡਾਕੂ ਨੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ, ਸੰਸਦ ਮੈਂਬਰਾਂ ਅਤੇ ਸਰਕਾਰ ਨੂੰ ਇੱਕ ਵੀਡੀਓ ਸੰਦੇਸ਼ ਵਿੱਚ ਕਿਹਾ ਸੀ ਕਿ ਸੀਮਾ ਅਤੇ ਬੱਚਿਆਂ ਨੂੰ ਪਾਕਿਸਤਾਨ ਵਾਪਸ ਲਿਆਂਦਾ ਜਾਵੇ, ਨਹੀਂ ਤਾਂ "ਪਾਕਿਸਤਾਨ ਵਿੱਚ ਰਹਿਣ ਵਾਲੇ ਸਾਰੇ ਹਿੰਦੂ ਆਪਣੀ ਸੁਰੱਖਿਆ ਲਈ ਖੁਦ ਜ਼ਿੰਮੇਵਾਰ ਹਨ"।
ਇੱਕ ਹੋਰ ਵੀਡੀਓ ਕਲਿੱਪ ਵਿੱਚ, ਪੰਜ ਹਥਿਆਰਬੰਦ ਨਕਾਬਪੋਸ਼ ਲੁਟੇਰੇ ਹਿੰਦੂ ਭਾਈਚਾਰੇ ਨੂੰ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਦੇ ਰਹੇ ਹਨ ਕਿ ਜੇਕਰ ਉਹ ਲੜਕੀ (ਸੀਮਾ ਹੈਦਰ) ਵਾਪਿਸ ਨਹੀਂ ਆਈ ਤਾਂ ਜੈਕਬਾਬਾਦ, ਰੱਤੂ ਡੇਰੂ ਅਤੇ ਕਸ਼ਮੂਰ ਵਿੱਚ ਜਿੱਥੇ ਹਿੰਦੂ ਰਹਿੰਦੇ ਹਨ, ਉਹਨਾਂ ਨੂੰ ਨਤੀਜੇ ਭੁਗਤਣੇ ਪੈਣਗੇ।
ਇੱਕ ਤੀਜੇ ਵੀਡੀਓ ਕਲਿੱਪ ਵਿੱਚ, ਡਾਕੂ ਰਾਣੂ ਸ਼ਾਰ ਦੀ ਵਕਾਲਤ ਕਰਦੇ ਹੋਏ ਉਹ ਕੰਧ ਕੋਟ ਅਤੇ ਆਲੇ ਦੁਆਲੇ ਦੇ ਇਲਾਕਿਆਂ 'ਤੇ ਹਮਲਾ ਕਰਨ ਦੀ ਗੱਲ ਕਰਦੇ ਹਨ। ਨਾਲ ਹੀ ਉਹ ਬੰਬ ਵੀ ਦਿਖਾਉਂਦੇ ਹਨ।

‘ਜੇ ਉਹ ਪਾਕਿਸਤਾਨੀ ਹੈ ਤਾਂ ਪਾਕਿਸਤਾਨ ਦੇ ਹਿੰਦੂਆਂ ਦਾ ਕੀ ਕਸੂਰ ਹੈ?’
ਘੱਟ ਗਿਣਤੀ ਮਾਮਲਿਆਂ ਦੇ ਰਾਜ ਮੰਤਰੀ ਗਿਆਨਚੰਦ ਇਸਰਾਨੀ ਦਾ ਕਹਿਣਾ ਹੈ ਕਿ ਇਸ ਸਬੰਧ ਵਿੱਚ ਸਿੰਧ ਦੇ ਮੁੱਖ ਮੰਤਰੀ ਅਤੇ ਪੀਪਲਜ਼ ਪਾਰਟੀ ਦੀ ਲੀਡਰਸ਼ਿਪ ਨਾਲ ਗੱਲਬਾਤ ਹੋ ਚੁੱਕੀ ਹੈ ਅਤੇ ਉਹ ਹਰ ਰੋਜ਼ ਸਿੰਧ ਦੇ ਆਈਜੀ ਨਾਲ ਵੀ ਸੰਪਰਕ ਵਿੱਚ ਹਨ।
ਉਨ੍ਹਾਂ ਦੱਸਿਆ ਕਿ ਸਿੰਧ ਦੇ ਆਈਜੀ ਮੁਤਾਬਕ ਉਨ੍ਹਾਂ ਨੇ ਹਿੰਦੂਆਂ ਦੇ ਮੰਦਰਾਂ ਅਤੇ ਇਲਾਕਿਆਂ ਵਿੱਚ ਸੁਰੱਖਿਆ ਵਧਾ ਦਿੱਤੀ ਹੈ।
ਸੀਮਾ ਬਾਰੇ ਉਨ੍ਹਾਂ ਕਿਹਾ ਕਿ ਪਹਿਲਾਂ ਤਾਂ ਕੋਈ ਵੀ ਕਬੀਲਾ ਉਸ ਨੂੰ ਆਪਣਾ ਮੰਨਣ ਲਈ ਤਿਆਰ ਨਹੀਂ ਹੈ।"

ਪਾਕਿਸਤਾਨ ਤੋਂ ਭਾਰਤ ਆਉਣ ਵਾਲੀ ਸੀਮਾ ਬਾਰੇ ਖਾਸ ਗੱਲਾਂ:
- ਪਾਕਿਸਤਾਨੀ ਨਾਗਰਿਕ ਸੀਮਾ ਗ਼ੁਲਾਮ ਹੈਦਰ ਅਤੇ ਨੋਇਡਾ ਵਾਸੀ ਉਨ੍ਹਾਂ ਦੇ ਪ੍ਰੇਮੀ ਸਚਿਨ ਨੂੰ ਗ੍ਰਿਫ਼ਤਾਰ ਕੀਤਾ ਸੀ
- ਸੀਮਾ ਤੇ ਸਚਿਨ ਜ਼ਮਾਨਤ ਉੱਪਰ ਰਿਹਾਅ ਹੋ ਕੇ ਬਾਹਰ ਆ ਗਏ ਹਨ
- ਲਗਭਗ ਡੇਢ ਮਹੀਨੇ ਪਹਿਲਾਂ ਸੀਮਾ ਗੈਰ ਕਾਨੂੰਨੀ ਢੰਗ ਨਾਲ ਭਾਰਤੀ ਸਰਹੱਦ 'ਚ ਦਾਖ਼ਲ ਹੋ ਗਏ ਸਨ
- ਉਸ ਤੋਂ ਬਾਅਦ ਉਹ ਹਿੰਦੂ ਮਹਿਲਾ ਬਣ ਕੇ ਸਚਿਨ ਦੇ ਨਾਲ ਨੋਇਡਾ ਦੇ ਇੱਕ ਫਲੈਟ 'ਚ ਕਿਰਾਏ 'ਤੇ ਰਹਿ ਰਹੇ ਸਨ
- ਸੀਮਾ ਦੇ ਚਾਰ ਬੱਚੇ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਪਬਜੀ ਖੇਡਣ ਦੌਰਾਨ ਉਨ੍ਹਾਂ ਦਾ ਸਚਿਨ ਨਾਲ ਪਿਆਰ ਪਿਆ
- ਦੂਜੇ ਪਸੇ, ਸੀਮਾ ਦੇ ਪਤੀ ਦਾ ਕਹਿਣਾ ਹੈ ਕਿ ਉਹ ਪਬਜੀ ਗੇਮ ਕਾਰਨ ਭਟਕ ਗਏ ਸਨ ਅਤੇ ਸੀਮਾ ਦਾ ਪਿਆਰ ਉਨ੍ਹਾਂ ਨੂੰ ਵਾਪਿਸ ਲੈ ਕੇ ਆਇਆ
- ਹਾਲਾਂਕਿ, ਸੀਮਾ ਕਹਿੰਦੇ ਹਨ ਕਿ ਉਨ੍ਹਾਂ ਨੇ ਆਪਣੇ ਪਤੀ ਨੂੰ ਤਲਾਕ ਦੇ ਦਿੱਤਾ ਹੈ ਤੇ ਉਹ ਸਚਿਨ ਨਾਲ ਵਿਆਹ ਕਰਨਾ ਚਾਹੁੰਦੇ ਹਨ

“ਜੇ ਉਹ ਪਾਕਿਸਤਾਨੀ ਵੀ ਹੈ ਤਾਂ ਇਸ ਵਿੱਚ ਪਾਕਿਸਤਾਨ ਵਿੱਚ ਰਹਿਣ ਵਾਲੇ ਹਿੰਦੂਆਂ ਦਾ ਕੀ ਕਸੂਰ ਹੈ? ਜੇਕਰ ਪਾਕਿਸਤਾਨੀ ਹਿੰਦੂ ਭਾਰਤ ਜਾਣਾ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ ਦੋ ਸਾਲ ਤੱਕ ਵੀਜ਼ਾ ਨਹੀਂ ਮਿਲਦਾ, ਜੇ ਵੀਜ਼ਾ ਮਿਲ ਜਾਂਦਾ ਹੈ ਤਾਂ ਭਾਰਤ 'ਚ ਸੁਰੱਖਿਆ ਦੇ ਨਾਂ 'ਤੇ ਪਾਕਿਸਤਾਨੀ ਹਿੰਦੂਆਂ ਨੂੰ ਬਹੁਤ ਪ੍ਰੇਸ਼ਾਨ ਕੀਤਾ ਜਾਂਦਾ ਹੈ। ਥਾਂ-ਥਾਂ 'ਤੇ ਐਂਟਰੀ ਕਰਵਾਈ ਜਾਂਦੀ ਹੈ। ਜੇਕਰ ਜੇ ਤੁਸੀਂ ਹੋਟਲ ਵਿੱਚ ਰੁਕਦੇ ਹੋ ਤਾਂ ਸੁਰੱਖਿਆ ਏਜੰਸੀਆਂ ਪੁੱਛਗਿੱਛ ਕਰਨ ਆਉਂਦੀਆਂ ਹਨ।”
ਉਹ ਕਹਿੰਦੇ ਹਨ, "ਜੇਕਰ ਕੋਈ ਪਾਕਿਸਤਾਨੀ ਕੁੜੀ ਭਾਰਤ ਦੇ ਕਿਸੇ ਹਿੰਦੂ ਨਾਲ ਵਿਆਹ ਕਰਦੀ ਹੈ ਤਾਂ ਮੈਨੂੰ ਲੱਗਦਾ ਹੈ ਕਿ ਇਸ ਵਿੱਚ ਭਾਰਤ ਸਰਕਾਰ ਦੀ ਕੋਈ ਯੋਜਨਾ ਹੈ। ਪਾਕਿਸਤਾਨ ਵਿੱਚ ਦੰਗੇ ਕਰਵਾਉਣ ਲਈ ਉਨ੍ਹਾਂ ਦੀ ਕੋਈ ਏਜੰਸੀ ਕੰਮ ਕਰ ਰਹੀ ਹੈ। ਮੈਨੂੰ ਲੱਗਦਾ ਹੈ ਕਿ ਭਾਰਤ ਇਹ ਸਭ ਕਰਵਾ ਰਿਹਾ ਹੈ।"
ਉਹ ਕਹਿੰਦੇ ਹਨ ਕਿ ਜੇਕਰ ਭਾਰਤ ਦੇ ਹਿੰਦੂਆਂ ਨੇ ਕੁਝ ਕੀਤਾ ਹੈ ਤਾਂ ਇਸ ਵਿੱਚ ਪਾਕਿਸਤਾਨ ਦੇ ਹਿੰਦੂਆਂ ਦਾ ਕੀ ਕਸੂਰ ਹੈ? "ਪਾਕਿਸਤਾਨ ਦੇ ਹਿੰਦੂ ਦੇਸ਼ ਭਗਤ ਪਾਕਿਸਤਾਨੀ ਹਨ, ਸਦੀਆਂ ਤੋਂ ਇੱਥੇ ਰਹਿ ਰਹੇ ਹਨ, ਉਹ ਇੱਥੇ ਪੈਦਾ ਹੋਏ ਹਨ, ਉਨ੍ਹਾਂ ਦਾ ਕਾਰੋਬਾਰ ਇੱਥੇ ਹੈ।"
ਹਿੰਦੂ ਭਾਈਚਾਰੇ ਦੀਆਂ ਗਤੀਵਿਧੀਆਂ ਸੀਮਤ
ਪਹਿਲਾਂ ਪਾਕਿਸਤਾਨ ਦੇ ਧਾਰਮਿਕ ਸੰਗਠਨ ਇਸ ਮਾਮਲੇ 'ਤੇ ਚੁੱਪ ਸਨ ਪਰ ਹੁਣ ਉਨ੍ਹਾਂ ਨੇ ਵੀ ਬਿਆਨ ਦੇਣੇ ਸ਼ੁਰੂ ਕਰ ਦਿੱਤੇ ਹਨ।
ਜਮੀਅਤ-ਉਲੇਮਾ-ਏ-ਇਸਲਾਮ ਪਾਕਿਸਤਾਨ ਦੇ ਅਧਿਕਾਰੀ ਅੱਲਾਮਾ ਰਾਸ਼ਿਦ ਮਹਿਮੂਦ ਸੂਮਰੋ ਦਾ ਕਹਿਣਾ ਹੈ ਕਿ ਇਸ ਘਟਨਾ ਦੀ ਤੁਰੰਤ ਜਾਂਚ ਹੋਣੀ ਚਾਹੀਦੀ ਹੈ ਕਿ ਸੀਮਾ ਚਾਰ ਬੱਚਿਆਂ ਨਾਲ ਦੁਬਈ ਅਤੇ ਨੇਪਾਲ ਦੇ ਰਸਤੇ ਪਾਕਿਸਤਾਨ ਤੋਂ ਭਾਰਤ ਕਿਵੇਂ ਪਹੁੰਚੀ?
ਉਨ੍ਹਾਂ ਇਹ ਵੀ ਕਿਹਾ ਕਿ ਇੱਕ ਮੁਸਲਿਮ ਔਰਤ ਦਾ ਭਾਰਤ ਪਹੁੰਚ ਕੇ ਤੁਰੰਤ ਹਿੰਦੂ ਧਰਮ ਕਬੂਲ ਕਰਨਾ, ਸਾੜੀ ਪਾ ਕੇ ਵਾਰ-ਵਾਰ ਹਿੰਦੀ ਭਾਸ਼ਾ ਬੋਲਣਾ ਕਈ ਸਵਾਲਾਂ ਨੂੰ ਜਨਮ ਦੇ ਰਿਹਾ ਹੈ।

ਜਬਰੀ ਧਰਮ ਪਰਿਵਰਤਨ ਨੂੰ ਲੈ ਕੇ ਘੋਟਕੀ ਜ਼ਿਲ੍ਹੇ ਦਾ ਨਾਂ ਵੀ ਮੀਡੀਆ ਵਿੱਚ ਆਉਂਦਾ ਰਹਿੰਦਾ ਹੈ। ਸਥਾਨਕ ਨਿਵਾਸੀ ਮੀਆਂ ਮਿੱਠੂ 'ਤੇ ਇਸ ਰੁਝਾਨ ਨੂੰ ਉਤਸ਼ਾਹਿਤ ਕਰਨ ਦਾ ਇਲਜ਼ਾਮ ਹੈ।
ਮੀਆਂ ਮਿੱਠੂ ਨੇ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਸਿੰਧ ਵਿੱਚ ਰਹਿੰਦੇ ਹਿੰਦੂਆਂ ਨੂੰ ਸੀਮਾ ਰਿੰਦ ਦੀ ਵਾਪਸੀ ਲਈ ਕੋਸ਼ਿਸ਼ ਕਰਨੀ ਚਾਹੀਦੀ ਹੈ, ਅਜਿਹਾ ਨਾ ਹੋਵੇ ਕਿ ਕੋਈ ਸ਼ਰਾਰਤੀ ਢੰਗ ਨਾਲ ਉਨ੍ਹਾਂ ਦੇ ਮੰਦਰਾਂ 'ਤੇ ਹਮਲਾ ਕਰ ਦੇਵੇ।
ਘੋਟਕੀ ਮਿਉਂਸਪਲ ਕਮੇਟੀ ਦੇ ਉਪ-ਚੇਅਰਮੈਨ ਅਤੇ ਸਿੰਧ ਹਿਊਮਨ ਰਾਈਟਸ ਬੋਰਡ ਦੇ ਮੈਂਬਰ ਸੁਖਦੇਵ ਅਸਾਰ ਦਾਸ ਹਿਮਾਨੀ ਦਾ ਕਹਿਣਾ ਹੈ ਕਿ ਧਮਕੀਆਂ ਨੇ ਹਿੰਦੂ ਭਾਈਚਾਰੇ ਵਿੱਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ ਅਤੇ ਉਨ੍ਹਾਂ ਨੇ ਸਾਵਧਾਨੀ ਦੇ ਤੌਰ 'ਤੇ ਮੰਦਰਾਂ ਤੇ ਹੋਰ ਥਾਵਾਂ 'ਤੇ ਜਾਣਾ ਘੱਟ ਕਰ ਦਿੱਤਾ ਹੈ।

ਉਹ ਕਹਿੰਦੇ ਹਨ, "ਇਹ ਲੁਟੇਰੇ ਸੂਬੇ ਨੂੰ ਲੜਾਉਣ ਵਾਲੇ ਤੱਤ ਹਨ, ਇਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ। ਕੁਝ ਧਾਰਮਿਕ ਕੱਟੜਪੰਥੀ ਇਨ੍ਹਾਂ ਦੇ ਸਮਰਥਨ ਵਿੱਚ ਆ ਰਹੇ ਹਨ ਅਤੇ ਕਹਿ ਰਹੇ ਹਨ ਕਿ ਪਾਕਿਸਤਾਨ ਦੇ ਹਿੰਦੂ ਭਾਈਚਾਰੇ ਨੂੰ ਭਾਰਤ ਸਰਕਾਰ ਨਾਲ ਗੱਲ ਕਰਨੀ ਚਾਹੀਦੀ ਹੈ।''
''ਮੈਂ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਅਸੀਂ ਭਾਰਤੀ ਨਹੀਂ ਹਾਂ, ਅਸੀਂ ਓਨੇ ਹੀ ਪਾਕਿਸਤਾਨੀ ਹਾਂ ਜਿੰਨਾ ਕੋਈ ਹੋਰ ਹੈ। ਅਸੀਂ ਵੀ ਬਰਾਬਰ ਦੇ ਨਾਗਰਿਕ ਹਾਂ। ਜਦੋਂ ਤੁਸੀਂ ਸਾਡੀਆਂ ਕੁੜੀਆਂ ਨੂੰ ਅਗਵਾ ਕਰਕੇ ਉਨ੍ਹਾਂ ਦਾ ਜ਼ਬਰਦਸਤੀ ਧਰਮ ਪਰਿਵਰਤਨ ਕਰਦੇ ਹੋ, ਤਾਂ ਅਸੀਂ ਕਿਸੇ ਹੋਰ ਦੇਸ਼ ਤੋਂ ਮਦਦ ਨਹੀਂ ਮੰਗਦੇ। ਅਸੀਂ ਪਾਕਿਸਤਾਨ ਸਰਕਾਰ ਨੂੰ ਮਦਦ ਲਈ ਅਪੀਲ ਕਰਦੇ ਹਾਂ।"
ਮੀਰਪੁਰ ਮਾਥੇਲੋ ਹਿੰਦੂ ਪੰਚਾਇਤ ਦੇ ਮੁਖੀ ਡਾਕਟਰ ਮੇਹਰਚੰਦ ਦਾ ਕਹਿਣਾ ਹੈ, "ਉਨ੍ਹਾਂ ਡਾਕੂਆਂ ਦਾ ਨਾ ਤਾਂ ਸੀਮਾ ਨਾਲ ਕੋਈ ਸਬੰਧ ਹੈ ਅਤੇ ਨਾ ਹੀ ਕਿਸੇ ਧਰਮ ਜਾਂ ਫਿਰਕੇ ਨਾਲ। ਉਨ੍ਹਾਂ ਦਾ ਕੰਮ ਸਿਰਫ਼ ਲੁੱਟਾ ਕਰਨਾ ਹੈ।"

ਮੰਦਰਾਂ ਦੀ ਸੁਰੱਖਿਆ ਵਧਾਈ ਗਈ
ਸਿੰਧ ਦੇ ਉੱਤਰੀ ਜ਼ਿਲ੍ਹਿਆਂ ਵਿੱਚ, ਹਿੰਦੂ ਭਾਈਚਾਰਾ ਜ਼ਿਆਦਾਤਰ ਵਪਾਰ ਵਿੱਚ ਸ਼ਾਮਲ ਹੈ ਅਤੇ ਸੁਨਿਆਰਿਆਂ ਤੋਂ ਲੈ ਕੇ ਫਸਲਾਂ ਤੇ ਚੌਲ ਮਿੱਲਾਂ ਦਾ ਕੰਮ ਕਰਦਾ ਹੈ।
ਇਨ੍ਹਾਂ ਜ਼ਿਲ੍ਹਿਆਂ ਵਿੱਚ ਬਹੁਤ ਸਾਰੇ ਧਾਰਮਿਕ ਸਥਾਨ ਹਨ, ਜਿਨ੍ਹਾਂ ਵਿੱਚ ਸ਼ਿਕਾਰਪੁਰ ਅਤੇ ਘੋਟਕੀ ਮਹੱਤਵਪੂਰਨ ਹਨ, ਜਿੱਥੇ ਹਿੰਦੂ ਸੰਤਾਂ ਦੇ ਦਰਬਾਰ ਹਨ।
ਘੋਟਕੀ ਵਿੱਚ ਰਹਿਰਕੀ ਦਰਬਾਰ ਹੈ ਜਿੱਥੇ ਸਾਈਂ ਸਤਰਾਮ ਦਾਸ ਦਾ ਜਨਮ 1866 ਵਿੱਚ ਹੋਇਆ ਸੀ। ਇਹਨਾਂ ਨੂੰ ਸਚੁ ਸਤਰਾਮ ਜਾਂ ਸੱਚਾ ਸਤਰਾਮ ਵਜੋਂ ਜਾਣਿਆ ਜਾਂਦਾ ਹੈ।
ਇੱਥੇ ਹਰ ਸਾਲ ਮੇਲਾ ਲੱਗਦਾ ਹੈ, ਜਿਸ ਵਿੱਚ ਭਾਰਤ ਤੋਂ ਯਾਤਰੀ ਵਿਸ਼ੇਸ਼ ਤੌਰ 'ਤੇ ਹਿੱਸਾ ਲੈਣ ਲਈ ਆਉਂਦੇ ਹਨ। ਇਨ੍ਹਾਂ ਵਿੱਚ ਬਹੁਤ ਸਾਰੇ ਅਜਿਹੇ ਪਰਿਵਾਰ ਹਨ ਜੋ ਵੰਡ ਵੇਲੇ ਇੱਥੋਂ ਪਰਵਾਸ ਕਰਕੇ ਭਾਰਤ ਗਏ ਸਨ।
ਵੰਡ ਤੋਂ ਪਹਿਲਾਂ ਜਦੋਂ ਉੱਤਰੀ ਸਿੰਧ ਵਿੱਚ ਧਾਰਮਿਕ ਦੰਗੇ ਹੋਏ ਸਨ ਤਾਂ ਉਸ ਵਿੱਚ ਦਰਬਾਰ ਨਾਲ ਸਬੰਧਤ ਸੰਤ ਭਗਤ ਕੁੰਵਰ ਰਾਮ ਨੂੰ ਮਾਰ ਦਿੱਤਾ ਗਿਆ ਸੀ, ਜਿਨ੍ਹਾਂ ਦੀ ਸਮਾਧ ਵੀ ਇੱਥੇ ਮੌਜੂਦ ਹੈ।

ਘੋਟਕੀ ਸਥਿਤ ਐੱਸਐੱਸਡੀ ਮੰਦਿਰ ਦੀ ਵੀ 2019 ਵਿੱਚ ਗੁੱਸੇ ਵਿੱਚ ਆਏ ਲੋਕਾਂ ਨੇ ਭੰਨਤੋੜ ਕੀਤੀ ਸੀ।
ਬੀਬੀਸੀ ਨਾਲ ਗੱਲ ਕਰਦੇ ਹੋਏ ਘੋਟਕੀ ਵਿੱਚ ਪੀਪਲਜ਼ ਪਾਰਟੀ ਦੇ ਘੱਟ ਗਿਣਤੀ ਵਿੰਗ ਦੇ ਪ੍ਰਧਾਨ ਕੋਕੋ ਰਾਮ ਨੇ ਕਿਹਾ ਕਿ ਪੁਲਿਸ ਦੀ ਗਿਣਤੀ ਵਧਾ ਦਿੱਤੀ ਗਈ ਹੈ, ਰੇਂਜਰ ਵੀ ਆ ਗਏ ਹਨ ਜੋ ਲੋਕਾਂ ਦੀ ਮਦਦ ਕਰ ਰਹੇ ਹਨ।
ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਅਫਸੋਸ ਹੈ ਉਹ ਸਿੰਧ ਦੀ ਧਰਤੀ ਦਾ ਵਸਨੀਕ ਹੈ ਪਰ ਇੱਥੇ "ਸਾਡੇ ਆਪਣੇ ਹੀ ਭਰਾ ਅਜਿਹੇ ਬਿਆਨ ਦੇ ਰਹੇ ਹਨ, ਜਿਸ ਕਾਰਨ ਭਾਈਚਾਰੇ ਵਿੱਚ ਨਿਰਾਸ਼ਾ ਦੀ ਲਹਿਰ ਹੈ।"
ਸਕਖਰ ਦੇ ਡੀਆਈਜੀ ਜਾਵੇਦ ਜਸਕਾਨੀ ਦਾ ਕਹਿਣਾ ਹੈ ਕਿ ਵੀਡੀਓ ਸੰਦੇਸ਼ ਜਾਰੀ ਕਰਨ ਵਾਲੇ ਡਾਕੂ ਰਾਣੂ ਸ਼ਾਰ ਦੀ ਘੇਰਾਬੰਦੀ ਕੀਤੀ ਗਈ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਜ਼ਿਲ੍ਹਿਆਂ ਦੇ ਐੱਸਐੱਸਪੀਜ਼ ਨੇ ਮੰਦਰਾਂ ਅਤੇ ਇਲਾਕਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਜ਼ਰੂਰੀ ਉਪਾਅ ਕੀਤੇ ਹਨ। ਇਨ੍ਹਾਂ ਉਪਾਵਾਂ ਵਿੱਚ ਭਾਰੀ ਤੈਨਾਤੀ, ਗਸ਼ਤ ਅਤੇ ਖੁਫੀਆ ਜਾਣਕਾਰੀ ਸ਼ਾਮਲ ਹੈ ਤਾਂ ਜੋ ਉਨ੍ਹਾਂ ਲੋਕਾਂ 'ਤੇ ਨਜ਼ਰ ਰੱਖੀ ਜਾ ਸਕੇ ਜੋ ਹਿੰਦੂਆਂ ਲਈ ਸੰਭਾਵੀ ਤੌਰ 'ਤੇ ਖ਼ਤਰਾ ਹੋ ਸਕਦੇ ਹਨ।
ਬੀਬੀਸੀ ਨਾਲ ਗੱਲ ਕਰਦੇ ਹੋਏ ਸਿੰਧ ਦੇ ਮੁੱਖ ਮੰਤਰੀ ਦੇ ਵਿਸ਼ੇਸ਼ ਸਹਾਇਕ ਵੀਰ ਜੀ ਕੋਹਲੀ ਨੇ ਕਿਹਾ, "ਸਿੰਧ ਦੇ ਸਾਰੇ ਮੰਦਰਾਂ ਵਿੱਚ ਪਹਿਲਾਂ ਹੀ ਪੁਲਿਸ ਬਲ ਮੌਜੂਦ ਹਨ ਅਤੇ ਉੱਥੇ ਸੀਸੀਟੀਵੀ ਕੈਮਰੇ ਵੀ ਲਗਾਏ ਗਏ ਹਨ। ਜੇਕਰ ਕੋਈ ਆਪਣਾ ਚਿਹਰਾ ਲੁਕਾ ਕੇ ਧਮਕੀ ਦਿੰਦਾ ਹੈ, ਤਾਂ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ। ਸਰਕਾਰ ਆਪਣਾ ਕੰਮ ਕਰੇਗੀ।"
ਉਹ ਪੁੱਛਦੇ ਹਨ ਕਿ ਜਦੋਂ ਹਿੰਦੂ ਕੁੜੀਆਂ ਵੀ ਜਾਂਦੀਆਂ ਹਨ ਤਾਂ ਅਸੀਂ ਕੀ ਕਰਦੇ ਹਾਂ?
"ਅਸੀਂ ਕੁਝ ਨਹੀਂ ਕਰਦੇ ਕਿਉਂਕਿ ਕਾਨੂੰਨ ਕਹਿੰਦਾ ਹੈ ਕਿ ਕੁੜੀ ਦੇ ਬਿਆਨ ਨੂੰ ਮੰਨਿਆ ਜਾਵੇ ਪਰ ਸ਼ਰਤ ਇਹ ਹੈ ਕਿ ਕੁੜੀ ਬਾਲਗ ਹੋਵੇ। ਇਸ ਲਈ ਕੋਈ ਵੀ ਆਪਣਾ ਧਰਮ ਬਦਲ ਸਕਦਾ ਹੈ ਅਤੇ ਵਿਆਹ ਕਰਵਾ ਸਕਦਾ ਹੈ।"












