ਭਾਰਤ ਛੱਡੋ ਅੰਦੋਲਨ : ਅਰੁਣਾ ਆਸਿਫ਼ ਅਲੀ ਜਦੋਂ ਆਪਣੀ ਜਾਨ ਖਤਰੇ ਵਿੱਚ ਪਾ ਕੇ ਗਾਂਧੀ ਨੂੰ ਮਿਲਣ ਗਈ

ਤਸਵੀਰ ਸਰੋਤ, Getty Images
- ਲੇਖਕ, ਨਾਮਦੇਵ ਕਾਟਕਰ
- ਰੋਲ, ਬੀਬੀਸੀ ਪੱਤਰਕਾਰ
ਉਹ 8 ਅਗਸਤ 1942 ਦੀ ਸ਼ਾਮ ਸੀ। ਮੁੰਬਈ ਦੇ ਗੋਵਾਲੀਆ ਟੈਂਕ ਮੈਦਾਨ 'ਚ ਲੱਖਾਂ ਲੋਕ ਇਕੱਠੇ ਹੋਏ ਸਨ।
ਇਹ ਮੈਦਾਨ ਆਜ਼ਾਦੀ ਦੇ ਵਿਚਾਰ ਨਾਲ ਪ੍ਰੇਰਿਤ ਲੋਕਾਂ ਨਾਲ ਪੂਰੀ ਤਰ੍ਹਾਂ ਨਾਲ ਭਰਿਆ ਪਿਆ ਸੀ।
ਉਨ੍ਹਾਂ ਦੇ ਸਾਹਮਣੇ ਇੱਕ 73 ਸਾਲਾ ਬਜ਼ੁਰਗ ਖੜ੍ਹਾ ਸੀ। ਲੋਕ ਬਹੁਤ ਹੀ ਉਤਸੁਕਤਾ ਅਤੇ ਧਿਆਨ ਨਾਲ ਉਨ੍ਹਾਂ ਦਾ ਭਾਸ਼ਣ ਸੁਣ ਰਹੇ ਸਨ।
ਉਸ ਬਜ਼ੁਰਗ ਨੇ ਚੇਤਾਵਨੀ ਦੇ ਸੁਰ ਨਾਲ ਆਪਣੇ ਹੱਥ ਉੱਪਰ ਵੱਲ ਨੂੰ ਖੜ੍ਹੇ ਕੀਤੇ ਅਤੇ 'ਕਰੋ ਜਾਂ ਮਰੋ, ਕਰਾਂਗੇ ਜਾਂ ਮਰਾਂਗੇ' ਦੇ ਸੰਕਲਪ ਨਾਲ ਦੋ ਸ਼ਬਦ ਕਹੇ।
ਇਸ ਨਾਲ ਹੀ ਭਾਰਤ 'ਚੋਂ ਬਰਤਾਨਵੀ ਸਾਮਰਾਜ ਦਾ ਆਖ਼ਰੀ ਅਧਿਆਏ ਸ਼ੁਰੂ ਹੋਇਆ।
ਉਹ ਨਾਅਰਾ ਸੀ, 'ਭਾਰਤ ਛੱਡੋ'। ਇਸ ਨਾਅਰੇ ਦਾ ਐਲਾਨ ਕਰਨ ਵਾਲੇ ਉਸ ਬਜ਼ੁਰਗ ਵਿਅਕਤੀ ਦਾ ਨਾਮ ਸੀ ਮੋਹਨਦਾਸ ਕਰਮਚੰਦ ਗਾਂਧੀ।
ਭਾਰਤ ਛੱਡੋ ਦਾ ਨਾਅਰਾ ਸੁਣ ਕੇ ਉੱਥੇ ਮੌਜੂਦ ਭੀੜ੍ਹ 'ਚ ਜਿਵੇਂ ਬਿਜਲੀ ਦੌੜ ਗਈ ਹੋਵੇ।
ਮੁੰਬਈ ਦੇ ਅਸਮਾਨ 'ਚ ਅੰਗਰੇਜ਼ ਵਿਰੋਧੀ ਨਾਅਰੇ ਗੂੰਜ ਰਹੇ ਸਨ ਅਤੇ ਡੁੱਬਦਾ ਸੂਰਜ ਆਜ਼ਾਦੀ ਦਾ ਸੁਪਨਾ ਵਿਖਾ ਰਿਹਾ ਸੀ।
'ਭਾਰਤ ਛੱਡੋ' ਅੰਦੋਲਨ ਨੂੰ ਆਜ਼ਾਦੀ ਤੋਂ ਪਹਿਲਾਂ ਭਾਰਤ ਦਾ ਸਭ ਤੋਂ ਵੱਡਾ ਅੰਦੋਲਨ ਮੰਨਿਆ ਜਾਂਦਾ ਹੈ। ਦੇਸ਼ ਭਰ ਦੇ ਲੱਖਾਂ ਹੀ ਭਾਰਤੀ ਇਸ ਅੰਦੋਲਨ 'ਚ ਸ਼ਾਮਲ ਹੋ ਗਏ ਸਨ।
ਦੇਸ਼ ਭਰ ਦੀਆਂ ਜੇਲ੍ਹਾਂ ਕੈਦੀਆਂ ਨਾਲ ਭਰ ਗਈਆਂ ਸਨ। ਇਸ ਜ਼ਮੀਨੀ ਅੰਦੋਲਨ ਨੇ ਅੰਗਰੇਜ਼ੀ ਹਕੂਮਤ ਨੂੰ ਹੈਰਾਨ ਪਰੇਸ਼ਾਨ ਕਰ ਦਿੱਤਾ ਸੀ।

ਤਸਵੀਰ ਸਰੋਤ, Getty Images
ਇਸ ਲੇਖ 'ਚ ਅਸੀਂ ਤੁਹਾਨੂੰ ਉਨ੍ਹਾਂ ਘਟਨਾਵਾਂ ਅਤੇ ਲੋਕਾਂ ਦੀ ਕਹਾਣੀ ਦੱਸ ਰਹੇ ਹਾਂ, ਜਿੰਨ੍ਹਾਂ ਨੇ ਇਸ ਅੰਦੋਲਨ ਨੂੰ ਅੱਗੇ ਵਧਾਇਆ ਅਤੇ ਭਾਰਤ 'ਚ ਆਜ਼ਾਦੀ ਦੀ ਚਿਣਗ ਜਗਾਈ।
ਸਭ ਤੋਂ ਪਹਿਲਾਂ ਗੱਲ ਕਰਦੇ ਹਾਂ- 'ਭਾਰਤ ਛੱਡੋ' ਨਾਮ ਦੀ ਅਤੇ ਇਸ ਦੀ ਜ਼ਰੂਰਤ ਕਿਉਂ ਪਈ।
'ਭਾਰਤ ਛੱਡੋ' ਦੀ ਕਹਾਣੀ
14 ਜੁਲਾਈ, 1942 ਨੂੰ ਵਰਧਾ 'ਚ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਹੋਈ ਸੀ। ਇਸ ਬੈਠਕ ਦੌਰਾਨ ਹੀ ਫੈਸਲਾ ਲਿਆ ਗਿਆ ਸੀ ਕਿ ਅੰਗਰੇਜ਼ਾਂ ਨੂੰ ਤੁਰੰਤ ਭਾਰਤ ਉਸ ਦੇ ਅਸਲ ਹੱਕਦਾਰ ਭਾਰਤਵਾਸੀਆਂ ਨੂੰ ਸੌਂਪ ਦਿੱਤਾ ਜਾਣਾ ਚਾਹੀਦਾ ਹੈ।
ਇਸ ਤੋਂ ਬਾਅਦ ਇੱਕ ਮਹੀਨੇ ਦੇ ਅੰਦਰ-ਅੰਦਰ ਹੀ ਭਾਵ 7 ਅਗਸਤ ਨੂੰ ਮੁੰਬਈ 'ਚ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਹੋਈ ਅਤੇ 8 ਅਗਸਤ ਨੂੰ ਭਾਰਤ ਛੱਡੋ ਦਾ ਮਤਾ ਪਾਸ ਕੀਤਾ ਗਿਆ।
ਗੋਵਾਲੀਆ ਟੈਂਕ ਮੈਦਾਨ 'ਚ ਹੋਈ ਇਤਿਹਾਸਕ ਬੈਠਕ ਦੌਰਾਨ ਇਸ ਮਤੇ ਦਾ ਐਲਾਨ ਕੀਤਾ ਗਿਆ ਸੀ।
ਇਹ ਬੈਠਕ ਸ਼ਾਮ ਦੇ 6 ਵਜੇ ਸ਼ੁਰੂ ਹੋ ਕੇ ਰਾਤ ਦੇ 10 ਵਜੇ ਤੱਕ ਚੱਲੀ ਸੀ। ਇਸ ਬੈਠਕ 'ਚ ਚਾਰ ਭਾਸ਼ਣ ਦਿੱਤੇ ਗਏ ਸਨ।
ਸਭ ਤੋਂ ਪਹਿਲਾਂ ਭਾਸ਼ਣ ਕਾਂਗਰਸ ਦੇ ਪ੍ਰਧਾਨ ਮੌਲਾਨਾ ਅਬੁਲ ਕਲਾਮ ਆਜ਼ਾਦ ਨੇ ਦਿੱਤਾ ਸੀ। ਇਸ ਤੋਂ ਬਾਅਦ ਪੰਡਿਤ ਨਹਿਰੂ ਨੇ ਕਾਂਗਰਸ ਵਰਕਿੰਗ ਕਮੇਟੀ ਦਾ ਮਤਾ ਪੜ੍ਹ ਕੇ ਸੁਣਾਇਆ।
ਫਿਰ ਸਰਦਾਰ ਪਟੇਲ ਨੇ ਭਾਸ਼ਣ ਦਿੱਤਾ ਅਤੇ ਨਹਿਰੂ ਦੇ ਪ੍ਰਸਤਾਵ ਨੂੰ ਹਰੀ ਝੰਡੀ ਦਿੱਤੀ।
ਚੌਥੇ ਬੁਲਾਰੇ ਮਹਾਤਮਾ ਗਾਂਧੀ ਸਨ। ਮਹਾਤਮਾ ਗਾਂਧੀ ਨੇ ਇਸ ਬੈਠਕ 'ਚ ਕੁੱਲ ਤਿੰਨ ਭਾਸ਼ਣ ਦਿੱਤੇ ਸਨ। ਇੰਨ੍ਹਾਂ 'ਚੋਂ ਇੱਕ ਭਾਸ਼ਣ ਅੰਗਰੇਜ਼ੀ 'ਚ ਸੀ, ਜਿਸ 'ਚ ਉਨ੍ਹਾਂ ਨੇ 'ਕੁਵਿੱਟ ਇੰਡੀਆ' ਦਾ ਨਾਅਰਾ ਦਿੱਤਾ ਸੀ।

ਤਸਵੀਰ ਸਰੋਤ, Getty Images
'ਕਵਿੱਟ ਇੰਡੀਆ' 'Quit India' ਨਾਅਰੇ ਦਾ ਕਈ ਭਾਸ਼ਾਵਾਂ 'ਚ ਤਰਜਮਾ ਕੀਤਾ ਗਿਆ ਅਤੇ ਹਿੰਦੀ 'ਚ ਇਸ ਨੂੰ 'ਭਾਰਤ ਛੱਡੋ' ਕਿਹਾ ਗਿਆ। ਮਰਾਠੀ 'ਚ ਇਸ ਦਾ ਅਨੁਵਾਦ 'ਚਲੇ ਜਾਓ' ਵੱਜੋਂ ਕੀਤਾ ਗਿਆ ਸੀ।
ਇਸ ਨਾਅਰੇ ਦਾ ਨਾਮਕਰਨ ਵੀ ਦਿਲਚਸਪ ਹੈ।
ਮੁੰਬਈ ਦੇ ਮੇਅਰ ਜਿਨ੍ਹਾਂ ਨੇ ਮਤੇ ਨੂੰ ਸ਼ਬਦ ਦਿੱਤੇ
ਅੰਗਰੇਜ਼ਾਂ ਨੂੰ ਦਿੱਤੀ ਜਾਣ ਵਾਲੀ ਆਖ਼ਰੀ ਚੇਤਾਵਨੀ ਪੂਰੇ ਜੋਸ਼ ਨਾਲ ਭਰੀ ਹੋਣੀ ਚਾਹੀਦੀ ਸੀ।
ਇਸ ਲਈ ਹੀ ਮਹਾਤਮਾ ਗਾਂਧੀ ਨੇ ਕਈ ਲੋਕਾਂ ਨਾਲ ਸਲਾਹ ਮਸ਼ਵਰਾ ਕੀਤਾ ਤਾਂ ਜੋ ਅਜਿਹਾ ਨਾਅਰਾ ਦਿੱਤਾ ਜਾ ਸਕੇ, ਜਿਸ 'ਚ ਵਚਨਬੱਧਤਾ ਵਿਖਾਈ ਦੇਵੇ। ਇਸ ਤੋਂ ਬਾਅਦ ਕਈ ਲੋਕਾਂ ਨੇ ਆਪੋ-ਆਪਣੇ ਵਿਚਾਰ ਰੱਖੇ।
ਇੰਨ੍ਹਾਂ 'ਚੋਂ ਇੱਕ ਵਿਚਾਰ ਸੀ 'ਗੇਟ ਆਊਟ'/'Get Out', ਪਰ ਇਸ ਸ਼ਬਦ 'ਚ ਇੱਕ ਤਰ੍ਹਾਂ ਦੀ ਬਦਤਮੀਜ਼ੀ ਵੀ ਝਲਕਦੀ ਸੀ। ਇਸ ਲਈ ਗਾਂਧੀ ਨੇ ਇਸ ਵਿਚਾਰ ਨੂੰ ਰੱਦ ਕਰ ਦਿੱਤਾ ਸੀ।
ਫਿਰ ਸਰਦਾਰ ਪਟੇਲ ਨੇ ਦੋ ਨਾਅਰੇ, 'ਰਿਟਰੀਟ ਇੰਡੀਆ' ('Retreat India') ਅਤੇ 'ਵਿਦਡਰਾਅ ਇੰਡੀਆ' ( 'Withdraw India') ਦਾ ਸੁਝਾਅ ਪੇਸ਼ ਕੀਤਾ। ਹਾਲਾਂਕਿ, ਇੰਨ੍ਹਾਂ ਨੂੰ ਵੀ ਵਧੇਰੇ ਪਸੰਦ ਨਹੀਂ ਕੀਤਾ ਗਿਆ।
ਇਸ ਦੌਰਾਨ ਯੂਸਫ਼ ਮਹਾਰ ਅਲੀ ਨੇ 'ਕਵਿੱਟ ਇੰਡੀਆ' ਦਾ ਸੁਝਾਅ ਦਿੱਤਾ ਅਤੇ ਮਹਾਤਮਾ ਗਾਂਧੀ ਨੇ ਇਸ ਨੂੰ ਤੁਰੰਤ ਸਵੀਕਾਰ ਕਰ ਲਿਆ।
ਇਸ ਤੋਂ ਪਹਿਲਾਂ ਜਦੋਂ ਸਾਈਮਨ ਕਮਿਸ਼ਨ ਦੇ ਖਿਲਾਫ਼ ਅੰਦੋਲਨ ਹੋਇਆ ਸੀ ਤਾਂ ਉਸ ਸਮੇਂ ਵੀ ਯੂਸਫ ਮਹਾਰ ਅਲੀ ਨੇ ਹੀ 'ਸਾਈਮਨ ਗੋ ਬੈਕ' ਦਾ ਨਾਅਰਾ ਦਿੱਤਾ ਸੀ।
ਉਸ ਸਮੇਂ ਯੂਸਫ ਅਲੀ ਕਾਂਗਰਸ ਦੇ ਸਰਗਰਮ ਮੈਂਬਰ ਸਨ। ਉਹ ਕਾਂਗਰਸ ਦੇ ਸਮਾਜਵਾਦੀ ਵਿਚਾਰਧਾਰਾ ਵਾਲੇ ਆਗੂਆਂ 'ਚੋਂ ਇੱਕ ਸਨ।
ਉਹ ਮੁੰਬਈ ਸ਼ਹਿਰ ਦੇ ਮੇਅਰ ਵੀ ਸਨ, ਜਿੱਥੇ ਇਸ ਇਤਿਹਾਸਕ ਅੰਦੋਲਨ ਦਾ ਐਲਾਨ ਹੋਇਆ ਸੀ।

ਇਹ ਵੀ ਪੜ੍ਹੋ-

ਅੰਗਰੇਜ਼ਾਂ ਨੇ ਗ੍ਰਿਫ਼ਤਾਰੀਆਂ ਸ਼ੁਰੂ ਕੀਤੀਆਂ
'ਭਾਰਤ ਛੱਡੋ' ਨਾਅਰੇ ਨੇ ਦੇਸ਼ ਭਰ 'ਚ ਲੋਕਾਂ ਨੂੰ ਪ੍ਰਭਾਵਿਤ ਕੀਤਾ ਅਤੇ ਉਹ ਅੰਗਰੇਜ਼ਾਂ ਖਿਲਾਫ ਆਖ਼ਰੀ ਲੜਾਈ 'ਚ ਸ਼ਾਮਲ ਹੋ ਗਏ।
ਗਾਂਧੀ ਆਜ਼ਾਦੀ ਦੀ ਇਸ ਆਖ਼ਰੀ ਲੜਾਈ ਲਈ ਪੂਰੀ ਤਰ੍ਹਾਂ ਨਾਲ ਤਿਆਰ ਸਨ। ਦੂਜੇ ਪਾਸੇ ਭਾਰਤੀ ਵੀ ਇਸ ਅੰਦੋਲਨ ਨਾਲ ਬੇਮਿਸਾਲ ਗਿਣਤੀ 'ਚ ਜੁੜ ਗਏ ਸਨ।
ਅੰਦੋਲਨ ਦੀ ਤੀਬਰਤਾ ਨੂੰ ਵੇਖਦਿਆਂ ਹੋਇਆ ਅੰਗਰੇਜ਼ ਹਕੂਮਤ ਨੇ ਅੰਦੋਲਨ ਦੇ ਆਗੂਆਂ ਅਤੇ ਕਾਰਕੁਨਾਂ ਨੂੰ ਨਜ਼ਰਬੰਦ ਕਰਨਾ ਸ਼ੁਰੂ ਕਰ ਦਿੱਤਾ।
ਸਭ ਤੋਂ ਪਹਿਲਾਂ ਗੋਵਾਲੀਆ ਟੈਂਕ ਮੈਦਾਨ 'ਚ ਭਾਸ਼ਣ ਦੇਣ ਵਾਲੇ ਚਾਰੇ ਆਗੂਆਂ, ਗਾਂਧੀ, ਨਹਿਰੂ, ਪਟੇਲ ਅਤੇ ਆਜ਼ਾਦ ਨੂੰ ਹਿਰਾਸਤ 'ਚ ਲਿਆ ਗਿਆ।
ਅਗਲੇ ਹੀ ਦਿਨ, 9 ਅਗਸਤ ਦੀ ਸਵੇਰ ਨੂੰ ਚਾਰੇ ਆਗੂਆਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ।
ਗਾਂਧੀ ਨੂੰ ਪੁਣੇ ਦੇ ਆਗਾ ਖ਼ਾਨ ਮਹਿਲ 'ਚ ਰੱਖਿਆ ਗਿਆ ਸੀ ਜਦਕਿ ਅੰਦੋਲਨ 'ਚ ਹਿੱਸਾ ਲੈਣ ਵਾਲੇ ਦੂਜੇ ਆਗੂਆਂ ਨੂੰ ਦੇਸ਼ ਭਰ ਦੀਆਂ ਵੱਖੋ-ਵੱਖ ਜੇਲ੍ਹਾਂ 'ਚ ਭੇਜਿਆ ਗਿਆ ਸੀ।

ਤਸਵੀਰ ਸਰੋਤ, Maharashtra Rajya Sahitya Sanskruti Mandal
ਆਜ਼ਾਦੀ ਦੇ ਇਸ ਸੰਘਰਸ਼ 'ਚ ਕੁਝ ਜੇਲ੍ਹ ਚਲੇ ਗਏ ਅਤੇ ਕੁਝ ਆਜ਼ਾਦੀ ਦੀ ਲੜਾਈ ਨੂੰ ਜਾਰੀ ਰੱਖਣ ਲਈ ਰੂਪੋਸ਼ ਹੋ ਗਏ ਸਨ।
ਆਜ਼ਾਦੀ ਦੀ ਇਸ ਲੜਾਈ 'ਚ ਜੇਲ੍ਹ ਜਾਣ ਵਾਲੇ ਅਤੇ ਰੂਪੋਸ਼ ਹੋਣ ਵਾਲੇ ਇੰਨ੍ਹਾਂ ਸਿਪਾਹੀਆਂ ਨਾਲ ਜੁੜੀਆਂ ਘਟਨਾਵਾਂ ਦਿਲ ਦਹਿਲਾ ਦੇਣ ਵਾਲੀਆਂ ਹਨ।
ਕੁਝ ਘਟਨਾਵਾਂ ਤਾਂ ਭਾਵੁਕ ਕਰ ਦੇਣ ਵਾਲੀਆਂ ਹਨ ਅਤੇ ਕੁਝ ਬਹੁਤ ਹੀ ਦਿਲਚਸਪ ਹਨ। ਅਸੀਂ ਇਸ ਲੇਖ 'ਚ ਇੰਨ੍ਹਾਂ 'ਚੋਂ ਕੁਝ ਘਟਨਾਵਾਂ 'ਤੇ ਰੌਸ਼ਨੀ ਪਾ ਰਹੇ ਹਾਂ।
ਜਦੋਂ ਸਾਨੇ ਗੁਰੂਜੀ ਨੇ ਸੇਠਜੀ ਦਾ ਭੇਖ ਧਾਰਨ ਕੀਤਾ
ਜਦੋਂ ਮਹਾਤਮਾ ਗਾਂਧੀ ਨੇ ਭਾਰਤ ਛੱਡੋ ਨਾਅਰੇ ਦੇ ਨਾਲ ਅੰਗਰੇਜ਼ਾਂ ਨੂੰ ਚੇਤਾਵਨੀ ਦਿੱਤੀ ਸੀ, ਉਸ ਸਮੇਂ ਸਾਨੇ ਗੁਰੂਜੀ (ਪਾਡੂਰੰਗ ਸਦਾਸ਼ਿਵ) ਖਾਨਦੇਸ਼ ਦੇ ਅੰਮਾਲਨੇਰ ਵਿਖੇ ਸਨ।
ਉਨ੍ਹਾਂ ਨੂੰ ਪਤਾ ਲੱਗਿਆ ਕਿ ਦੇਸ਼ ਦੇ ਸਮਾਜਵਾਦੀ ਗੁਪਤਵਾਸ ਰਹਿਣਗੇ ਅਤੇ ਅੰਦੋਲਨ 'ਚ ਹਿੱਸਾ ਲੈਣਗੇ।
ਇਸ ਦੌਰਾਨ ਸਾਨੇ ਗੁਰੂਜੀ ਨੇ ਸਤਾਰਾ ਅਤੇ ਕਾਨਦੇਸ਼ ਖੇਤਰ ਦੀਆਂ ਯਾਤਰਾਵਾਂ ਕੀਤੀਆਂ ਅਤੇ ਵਰਕਰਾਂ ਨਾਲ ਗੁਪਤ ਬੈਠਕਾਂ ਕੀਤੀਆਂ ਅਤੇ ਉਨ੍ਹਾਂ ਦਾ ਮਾਰਗਦਰਸ਼ਨ ਕੀਤਾ।
ਮੁੰਬਈ 'ਚ ਸਾਨੇ ਗੁਰੂਜੀ ਗੁਪਤਵਾਸ ਹੋ ਚੁੱਕੇ ਵਰਕਰਾਂ ਨਾਲ ਹੀ ਰਹਿੰਦੇ ਸਨ ਅਤੇ ਉਨ੍ਹਾਂ ਲਈ ਖਾਣਾ ਬਣਾਉਂਦੇ ਸਨ।

ਤਸਵੀਰ ਸਰੋਤ, SADHANA SAPTAHIK
ਜਿੰਨ੍ਹਾਂ ਥਾਵਾਂ 'ਤੇ ਗੁਪਤਵਾਸ ਵਰਕਰ ਰਹਿੰਦੇ ਸਨ, ਉਨ੍ਹਾਂ ਥਾਵਾਂ ਨੂੰ ਕੋਡ ਨਾਮ ਦਿੱਤੇ ਗਏ ਸਨ, ਜਿਵੇਂ, ਸੰਤਵਾੜੀ, ਹਦਾਲ ਹਾਊਸ ਅਤੇ ਮੂਸ਼ਕ ਮਹਿਲ। ਗੁਪਤਵਾਸ ਹੋਏ ਵਰਕਰਾਂ ਨੂੰ ਮਿਲਣ ਜਾਣ ਮੌਕੇ ਸਨੇ ਗੁਰੂਜੀ ਆਪਣਾ ਭੇਸ ਬਦਲ ਲੈਂਦੇ ਸਨ।
ਕਈ ਵਾਰ ਉਹ ਕਿਸੇ ਸੇਠ ਵਾਂਗਰ ਕੱਪੜੇ ਪਾਉਂਦੇ ਸਨ। ਉਹ ਧੋਤੀ ਕੋਟ ਦੇ ਨਾਲ ਪੱਗ ਬੰਨਦੇ ਅਤੇ ਸਕਾਰਫ ਪਾਉਂਦੇ ਸਨ। ਕਈ ਵਾਰ ਉਹ ਕਿਸਾਨ ਦਾ ਰੂਪ ਧਾਰ ਲੈਂਦੇ ਅਤੇ ਆਪਣੇ 'ਤੇ ਚਾਦਰ ਲੈ ਲੈਂਦੇ ਸਨ।
ਇੱਕ ਵਾਰ ਇੱਕ ਡਾਕਟਰ ਦਾ ਭੇਸ ਧਾਰ ਕੇ ਉਹ ਜੈਪ੍ਰਕਾਸ਼ ਨਾਰਾਇਣ ਨੂੰ ਮਿਲਣ ਲਈ ਗਏ ਅਤੇ ਉਨ੍ਹਾਂ ਨੂੰ ਖਾਣਾ ਵੀ ਪਹੁੰਚਾਇਆ।
18 ਅਪ੍ਰੈਲ 1943 ਨੂੰ ਸਾਨੇ ਗੁਰੂਜੀ ਦਾ ਗੁਪਤਵਾਸ ਕੰਮ ਰੁੱਕ ਗਿਆ ਕਿਉਂਕਿ ਇਸ ਦਿਨ ਪੁਲਿਸ ਨੇ ਉਨ੍ਹਾਂ ਨੂੰ ਮੂਸ਼ਕ ਮਹਿਲ ਤੋਂ ਗ੍ਰਿਫ਼ਤਾਰ ਕਰ ਲਿਆ ਸੀ।
ਉਨ੍ਹਾਂ ਤੋਂ ਇਲਾਵਾ ਸ਼੍ਰੀਭਾਊ ਲਿਮਾਏ, ਐਨਜੀ ਗੋਰੇ ਸਮੇਤ 14 ਹੋਰ ਕਾਰਕੁਨਾਂ ਨੂੰ ਵੀ ਹਿਰਾਸਤ 'ਚ ਲਿਆ ਗਿਆ ਸੀ।
ਇੱਥੋਂ ਇੰਨ੍ਹਾਂ ਨੂੰ ਯਰਵੜਾ ਜੇਲ੍ਹ ਲਿਜਾਇਆ ਗਿਆ। ਇੰਨ੍ਹਾਂ ਨੇ ਇੱਥੇ ਵੀ ਪਹਿਲਾਂ ਤੋਂ ਨਜ਼ਰਬੰਦ ਵਰਕਰਾਂ ਦੀਆਂ ਮੁਸ਼ਕਲਾਂ ਦੂਰ ਕਰਨ ਦਾ ਯਤਨ ਕੀਤਾ।
ਬਾਅਦ 'ਚ ਉਨ੍ਹਾਂ ਨੂੰ ਯਰਵੜਾ ਤੋਂ ਨਾਸਿਕ ਭੇਜ ਦਿੱਤਾ ਗਿਆ ਸੀ।
ਭਾਰਤ ਛੱਡੋ ਅੰਦੋਲਨ ਦੀ ਸਫ਼ਲਤਾ ਤੋਂ ਬਾਅਦ, ਸਾਨੇ ਗੁਰੂਜੀ ਨੂੰ 46 ਬੈਲ ਗੱਡੀਆਂ ਦੇ ਜਲੂਸ ਨਾਲ ਜਲਗਾਓਂ ਸ਼ਹਿਰ 'ਚ ਘੁੰਮਾਇਆ ਗਿਆ ਸੀ।

ਵੀਡੀਓ-ਮਹਾਤਮਾ ਦੇ ਗਾਂਧੀ ਦੇ ਸਿਧਾਂਤ
ਅਰੁਣਾ ਆਸਿਫ਼ ਅਲੀ ਨੇ ਗਾਂਧੀ ਨੂੰ ਮਿਲਣ ਲਈ ਦਾਅ 'ਤੇ ਲਾਈ ਆਪਣੀ ਜਾਨ
ਅਰੁਣਾ ਆਸਿਫ਼ ਅਲੀ ਨੂੰ 'ਭਾਰਤ ਛੱਡੋ' ਅੰਦੋਲਨ ਦੀ ਮਹਿਲਾ ਆਗੂ ਮੰਨਿਆ ਜਾਂਦਾ ਹੈ। ਗਾਂਧੀ ਵੀ ਉਨ੍ਹਾਂ ਨੂੰ ਅੰਦੋਲਨ ਲਈ ਗੁਪਤ ਕਾਰਜ ਕਰਨ ਤੋਂ ਨਹੀਂ ਰੋਕ ਸਕੇ ਸਨ।
ਅਰੁਣਾ ਆਸਿਫ਼ ਅਲੀ ਨੇ ਗਾਂਧੀ ਨੂੰ ਮਿਲਣ ਲਈ ਜੋ ਹਿੰਮਤ ਵਿਖਾਈ, ਉਹ ਇਤਿਹਾਸ 'ਚ ਦਰਜ ਹੈ।
ਅਰੁਣਾ ਆਸਿਫ਼ ਅਲੀ ਸਮਾਜਵਾਦੀ ਵਿਚਾਰਧਾਰਾ ਦੀ ਰਹਿਨੁਮਾਈ ਕਰਨ ਵਾਲੀ ਆਗੂ ਸੀ। ਇਕ-ਇਕ ਕਰਕੇ ਭਾਰਤ ਛੱਡੋ ਅੰਦੋਲਨ ਨਾਲ ਜੁੜੇ ਸਾਰੇ ਹੀ ਸਮਾਜਵਾਦੀ ਆਗੂਆਂ ਨੂੰ ਜੇਲ੍ਹ ਭੇਜਿਆ ਜਾ ਰਿਹਾ ਸੀ।
ਇਸ ਸਥਿਤੀ ਦੌਰਾਨ ਖ਼ਬਰ ਆਈ ਕਿ ਅੰਗਰੇਜ਼ਾਂ ਤੋਂ ਮੁਆਫ਼ੀ ਮੰਗਣ ਲਈ ਮਜ਼ਬੂਰ ਕਰਨ ਲਈ ਜੈਪ੍ਰਕਾਸ਼ ਨਾਰਾਇਣ ਨੂੰ ਬਰਫ਼ ਦੀ ਸਿੱਲੀ 'ਤੇ ਲਿਟਾਇਆ ਜਾ ਰਿਹਾ ਹੈ।
ਇਸ ਖ਼ਬਰ ਨਾਲ ਪੂਰਾ ਦੇਸ਼ ਹਿੱਲ ਗਿਆ ਸੀ। ਅਰੁਣਾ ਆਸਿਫ਼ ਅਲੀ ਅੰਗਰੇਜ਼ਾਂ ਦੀ ਇਸ ਕਾਰਵਾਈ ਕਰਕੇ ਬਹੁਤ ਨਾਰਾਜ਼ ਸੀ ਅਤੇ ਉਹ ਅੰਗਰੇਜ਼ੀ ਹਕੂਮਤ ਖਿਲਾਫ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਸੀ।
ਉਹ ਦੇਸ਼ ਭਰ 'ਚ ਘੁੰਮ ਕੇ ਨੌਜਵਾਨਾਂ ਨੂੰ ਇਸ ਅੰਦੋਲਨ ਨਾਲ ਜੁੜਨ ਲਈ ਪ੍ਰੇਰਿਤ ਕਰ ਰਹੀ ਸੀ।
ਉਹ ਇਹ ਸਭ ਕੁਝ ਗੁਪਤਵਾਸ ਵਿਚ ਰਹਿ ਕੇ ਕਰ ਰਹੀ ਸੀ ਅਤੇ ਉਨ੍ਹਾਂ ਦੀ ਸਿਹਤ ਹੌਲੀ-ਹੌਲੀ ਵਿਗੜ ਰਹੀ ਸੀ।
ਗਾਂਧੀ ਅਰੁਣਾ ਦੀ ਸਿਹਤ ਨੂੰ ਲੈ ਕੇ ਚਿੰਤਤ ਸਨ ਅਤੇ ਉਨ੍ਹਾਂ ਨੇ ਅਰੁਣਾ ਨੂੰ ਮਿਲਣ ਲਈ ਬੁਲਾਇਆ। ਪੀ ਜੀ ਪ੍ਰਧਾਨ ਨੂੰ ਉਨ੍ਹਾਂ ਨਾਲ ਮੁਲਾਕਾਤ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ।

ਤਸਵੀਰ ਸਰੋਤ, NATIONAL BOOK TRUST
ਗਾਂਧੀ ਪੁਣੇ ਦੇ ਪਾਰਸੀ ਹਸਪਤਾਲ ਦੇ ਪਿਛਲੇ ਪਾਸੇ ਇੱਕ ਝੌਂਪੜੀ 'ਚ ਰਹਿ ਰਹੇ ਸਨ। ਕਿਉਂਕਿ ਇਹ ਤਪਦਿਕ ਰੋਗੀਆਂ ਦਾ ਹਸਪਤਾਲ ਸੀ, ਇਸ ਲਈ ਇੱਥੇ ਪੁਲਿਸ ਦੀ ਮੌਜੂਦਗੀ ਬਹੁਤ ਘੱਟ ਸੀ।
ਇਸ ਸਥਿਤੀ ਦਾ ਫਾਇਦਾ ਉਠਾਉਂਦੇ ਹੋਏ ਅਰੁਣਾ ਇੱਥੇ ਪਹੁੰਚੀ। ਉਹ ਪਾਰਸੀ ਔਰਤ ਦਾ ਭੇਸ ਬਦਲ ਕੇ ਆਈ ਸੀ। ਮਿਲਣੀ ਤੋਂ ਪਹਿਲਾਂ ਤੈਅ ਹੋਇਆ ਸੀ ਕਿ ਉਹ ਕਪਾੜਿਆ ਸ਼ਬਦ ਬੋਲੇਗੀ ਅਤੇ ਗਾਂਧੀ ਉਨ੍ਹਾਂ ਨੂੰ ਪਛਾਣ ਲੈਣਗੇ।
ਅਰੁਣਾ ਨੂੰ ਵੇਖ ਕੇ ਗਾਂਧੀ ਨੇ ਉਨ੍ਹਾਂ ਨੂੰ ਗਪਤਵਾਸ ਕੰਮ ਬੰਦ ਕਰਕੇ ਆਪਣੇ ਆਪ ਨੂੰ ਪੁਲਿਸ ਦੇ ਹਵਾਲੇ ਕਰਨ ਦੀ ਗੁਜ਼ਾਰਿਸ਼ ਕੀਤੀ।
ਹਾਲਾਂਕਿ ਅਰੁਣਾ ਨੇ ਕਿਹਾ, "ਮੈਂ ਤੁਹਾਡੀ ਬਹੁਤ ਇੱਜ਼ਤ ਕਰਦੀ ਹਾਂ। ਪਰ ਸਾਡੇ ਵਿਚਾਰ ਇੱਕੋ ਜਿਹੇ ਨਹੀਂ ਹਨ। ਮੈਂ ਇੱਕ ਕ੍ਰਾਂਤੀਕਾਰੀ ਹਾਂ ਅਤੇ ਕ੍ਰਾਂਤੀਕਾਰੀ ਵਾਂਗ ਹੀ ਕੰਮ ਕਰਾਂਗੀ। ਜੇਕਰ ਤੁਸੀਂ ਕੁਝ ਦੇ ਸਕਦੇ ਹੋ ਤਾਂ ਮੈਨੂੰ ਆਸ਼ੀਰਵਾਦ ਦਿਓ।"
ਅਰੁਣਾ 'ਚ ਇੰਨ੍ਹੀ ਹਿੰਮਤੀ ਸੀ ਕਿ ਉਨ੍ਹਾਂ ਨੇ ਗਾਂਧੀ ਨੂੰ ਇਹ ਕਹਿ ਦਿੱਤਾ ਕਿ ਸਾਡੇ ਰਾਹ ਅੱਡੋ-ਅੱਡ ਹਨ। ਉਹ ਆਪਣੀ ਜਾਨ ਦੇ ਖ਼ਤਰੇ ਨੂੰ ਜਾਣਦੇ ਹੋਏ ਵੀ ਗਾਂਧੀ ਨੂੰ ਮਿਲਣ ਆਈ ਸੀ।
ਹਾਲਾਂਕਿ, ਅੰਤ ਤੱਕ ਉਹ ਕਦੇ ਵੀ ਅੰਗਰੇਜ਼ਾਂ ਦੇ ਹੱਥੇ ਨਹੀਂ ਚੜ੍ਹੀ। ਉਨ੍ਹਾਂ 'ਤੇ ਪੰਜ ਹਜ਼ਾਰ ਰੁਪਏ ਦਾ ਇਨਾਮ ਵੀ ਰੱਖਿਆ ਗਿਆ ਸੀ।

ਤਸਵੀਰ ਸਰੋਤ, NATIONAL BOOK TRUST
ਯੂਸਫ਼ ਮਹਾਰ ਅਲੀ ਨੇ ਅਰੁਣਾ ਬਾਰੇ ਕਿਹਾ ਸੀ ਕਿ ਉਹ ਰਾਣੀ ਲਕਸ਼ਮੀ ਬਾਈ ਤੋਂ ਬਾਅਦ ਆਜ਼ਾਦੀ ਦੇ ਅੰਦੋਲਨ 'ਚ ਸਭ ਤੋਂ ਮੋਹਰੀ ਔਰਤ ਆਗੂ ਰਹੀ ਸੀ।
ਵਿਆਹ ਤੋਂ ਦੋ ਮਹੀਨੇ ਬਾਅਦ ਹੀ ਜੇਲ੍ਹ ਗਏ ਯਸ਼ਵੰਤ ਰਾਓ
ਮਹਾਰਾਸ਼ਟਰ ਦੇ ਪਹਿਲੇ ਮੁੱਖ ਮੰਤਰੀ ਯਸ਼ਵੰਤ ਰਾਓ ਚਵ੍ਹਾਨ 1942 'ਚ ਆਜ਼ਾਦੀ ਦੇ ਅੰਦੋਲਨ 'ਚ ਸਰਗਰਮ ਸਨ। ਉਹ ਤੁਰੰਤ ਹੀ ਭਾਰਤ ਛੱਡੋ ਅੰਦੋਲਨ ਨਾਲ ਜੁੜ ਗਏ ਸਨ।
ਅੰਦੋਲਨ 'ਚ ਸਰਗਰਮ ਹੋਣ ਕਰਕੇ ਹੀ ਵਿਆਹ ਤੋਂ ਮਹਿਜ਼ ਦੋ ਮਹੀਨੇ ਬਾਅਦ ਹੀ ਉਨ੍ਹਾਂ ਨੂੰ ਜੇਲ੍ਹ ਜਾਣਾ ਪਿਆ ਸੀ।
ਯਸ਼ਵੰਤ ਰਾਓ ਨਾਲ ਵਿਆਹ ਕਰਵਾਉਣ ਵਾਲੀ ਵੇਣੁਤਾਈ ਨੇ ਐਲਾਨ ਕੀਤਾ ਸੀ ਕਿ ਉਹ ਸਿਰਫ਼ ਤੇ ਸਿਰਫ਼ ਇੱਕ ਕ੍ਰਾਂਤੀਕਾਰੀ ਨਾਲ ਹੀ ਵਿਆਹ ਕਰਵਾਏਗੀ।
2 ਜੂਨ 1942 ਨੂੰ ਉਨ੍ਹਾਂ ਨੇ ਯਸ਼ਵੰਤ ਰਾਓ ਨਾਲ ਵਿਆਹ ਰਚਾਇਆ।

ਤਸਵੀਰ ਸਰੋਤ, TED WEST / GETTY
ਹਾਲਾਂਕਿ, ਵਿਆਹ ਦੇ ਸ਼ੁਰੂਆਤੀ ਸਾਲਾਂ 'ਚ ਉਨ੍ਹਾਂ ਨੂੰ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਸੀ, ਪਰ ਉਹ ਬਿਲਕੁਲ ਵੀ ਡਗਮਗਾਈ ਨਹੀਂ।
ਅੰਦੋਲਨ 'ਚ ਯਸ਼ਵੰਤ ਰਾਓ ਦੇ ਸਰਗਰਮ ਹੋਣ ਕਰਕੇ ਉਨ੍ਹਾਂ ਦੀ ਪਤਨੀ ਵੇਣੁਤਾਈ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ। ਉਹ ਸੰਗਰਾਂਦ ਉਤਸਵ ਦੇ ਦਿਨ ਸਨ।
ਯਸ਼ਵੰਤ ਰਾਓ ਨੂੰ ਅਕਸਰ ਹੀ ਇਸ ਗੱਲ ਦਾ ਅਫ਼ਸੋਸ ਰਿਹਾ ਕਿ ਉਨ੍ਹਾਂ ਦੇ ਕਰਕੇ ਹੀ ਉਨ੍ਹਾਂ ਦੀ ਪਤਨੀ ਨੂੰ ਆਪਣੇ ਵਿਆਹ ਤੋਂ ਬਾਅਦ ਪਹਿਲੀ ਸੰਗਰਾਂਦ ਮੌਕੇ ਜੇਲ੍ਹ ਜਾਣਾ ਪਿਆ ਸੀ। ਹਾਲਾਂਕਿ, ਵੇਣੁਤਾਈ ਨੇ ਇੰਨ੍ਹਾਂ ਸਾਰੀਆਂ ਸਥਿਤੀਆਂ ਦਾ ਬਹੁਤ ਹੀ ਡੱਟ ਕੇ ਸਾਹਮਣਾ ਕੀਤਾ।
ਗਾਂਧੀ ਦਾ ਪਰਛਾਵਾਂ ਕਹੇ ਜਾਣ ਵਾਲੇ ਮਹਾਦੇਵ ਦੇਸਾਈ ਦਾ ਦੇਹਾਂਤ
ਮਹਾਦੇਵ ਦੇਸਾਈ ਨੇ ਸਾਲ 1917 'ਚ ਮਹਾਤਮਾ ਗਾਂਧੀ ਨਾਲ ਕੰਮ ਕਰਨਾ ਸ਼ੂਰੂ ਕੀਤਾ ਸੀ। ਉਦੋਂ ਤੋਂ ਲੈ ਕੇ ਆਪਣੀ ਮੌਤ ਤੱਕ, ਭਾਵ 25 ਸਾਲ ਤੱਕ ਉਹ ਗਾਂਧੀ ਦਾ ਪਰਛਾਵਾਂ ਬਣੇ ਰਹੇ।
ਉਨ੍ਹਾਂ ਨੇ ਗਾਂਧੀ ਲਈ ਕਈ ਭੂਮਿਕਾਵਾਂ ਨਿਭਾਈਆਂ। ਉਹ ਗਾਂਧੀ ਦੇ ਸਕੱਤਰ ਸਨ, ਇੱਕ ਲੇਖਕ , ਅਨੁਵਾਦਕ, ਸਲਾਹਕਾਰ ਅਤੇ ਬੁਲਾਰੇ ਸਨ। ਉਹ ਗਾਂਧੀ ਲਈ ਖਾਣਾ ਵੀ ਬਣਾਉਂਦੇ ਸਨ।
ਗਾਂਧੀ 'ਤੇ ਕਿਤਾਬ ਲਿਖਣ ਵਾਲੇ ਰਾਮਚੰਦਰ ਗੁਹਾ ਨੇ ਲਿਖਿਆ ਹੈ ਕਿ ਗਾਂਧੀ ਮਹਾਦੇਵ ਦੇਸਾਈ ਵੱਲੋਂ ਬਣਾਈ ਖਿਚੜੀ ਦੇ ਪ੍ਰਸ਼ੰਸਕ ਸਨ।
ਭਾਰਤ ਛੱਡੋ ਨਾਅਰਾ ਦੇਣ ਤੋਂ ਬਾਅਦ ਗਾਂਧੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਅਤੇ ਪੁਣੇ ਦੇ ਆਗਾ ਖ਼ਾਨ ਮਹਿਲ 'ਚ ਰੱਖਿਆ ਗਿਆ ਸੀ।
ਕਸਤੂਰਬਾ ਗਾਂਧੀ ਅਤੇ ਮਹਾਦੇਵ ਦੇਸਾਈ ਨੂੰ ਵੀ ਹਿਰਾਸਤ 'ਚ ਲਿਆ ਗਿਆ ਸੀ।
ਜੇਲ੍ਹ 'ਚ ਹੀ ਦਿਲ ਦਾ ਦੌਰਾ ਪੈਣ ਕਰਕੇ 15 ਅਗਸਤ, 1942 ਨੂੰ ਮਹਾਦੇਵ ਦੇਸਾਈ ਦਾ ਦੇਹਾਂਤ ਹੋ ਗਿਆ ਸੀ। ਉਸ ਸਮੇਂ ਉਨ੍ਹਾਂ ਦੀ ਉਮਰ 50 ਸਾਲ ਸੀ।

ਤਸਵੀਰ ਸਰੋਤ, Getty Images
ਮਹਾਦੇਵ ਦੇਸਾਈ ਦੇ ਦੇਹਾਂਤ ਨੇ ਗਾਂਧੀ ਨੂੰ ਡੂੰਘਾ ਸਦਮਾ ਦਿੱਤਾ। ਆਜ਼ਾਦੀ ਦੇ ਸਭ ਤੋਂ ਵੱਡੇ ਅੰਦੋਲਨ 'ਚ ਮਹਾਦੇਵ ਗਾਂਧੀ ਨਾਲ ਨਹੀਂ ਰਹਿਣ ਵਾਲੇ ਸਨ।
ਰਾਮਚੰਦਰ ਗੁਹਾ ਲਿਖਦੇ ਹਨ ਕਿ ਮਹਾਦੇਵ ਦੇਸਾਈ ਦੀ ਮੌਤ ਤੋਂ ਬਾਅਦ ਗਾਂਧੀ ਉਨ੍ਹਾਂ ਨੂੰ ਵਾਰ-ਵਾਰ ਯਾਦ ਕਰਦੇ ਰਹਿੰਦੇ ਸਨ।
ਹਿੰਦੂਆਂ ਅਤੇ ਮੁਸਲਮਾਨਾਂ ਵਿਚਾਲੇ ਏਕਤਾ ਪੈਦਾ ਕਰਨ ਦੇ ਮਕਸਦ ਨਾਲ ਜਦੋਂ ਗਾਂਧੀ ਦੇਸ਼ ਦਾ ਦੌਰਾ ਕਰ ਰਹੇ ਸਨ ਤਾਂ ਗਾਂਧੀ ਨੇ ਆਪਣੀ ਵੱਡੀ ਭਤੀਜੀ ਮਨੂਲਾ ਨੂੰ ਕਿਹਾ ਸੀ, "ਮੈਨੂੰ ਮਹਾਦੇਵ ਦੀ ਹੁਣ ਬਹੁਤ ਯਾਦ ਆਉਂਦੀ ਹੈ, ਜੇਕਰ ਉਹ ਹੁੰਦੇ ਤਾਂ ਹਾਲਾਤ ਇੰਨ੍ਹੇ ਖ਼ਰਾਬ ਨਾ ਹੁੰਦੇ।"
1942 ਅੰਦੋਲਨ ਦੌਰਾਨ ਮਹਾਦੇਵ ਦੀ ਮੌਤ ਨੇ ਗਾਂਧੀ ਨੂੰ ਵੱਡਾ ਝਟਕਾ ਦਿੱਤਾ ਸੀ।
ਅਸਾਮ ਦੀ ਕਨਕਲਤਾ ਅਤੇ ਸਤਾਰਾ ਦੀ ਕਾਸ਼ੀਬਾਈ ਹਨਾਵਰ
1997 ਦੇ ਸਾਧਨਾ ਮੈਗਜ਼ੀਨ ਦੇ ਅੰਕ 'ਚ ਰੋਹੀਣੀ ਗਾਵੰਕਰ ਨੇ ਭਾਰਤ ਦੀ ਆਜ਼ਾਦੀ ਦੇ ਸੰਘਰਸ਼ 'ਚ ਔਰਤਾਂ ਦੀ ਭੂਮਿਕਾ ਬਾਰੇ ਲਿਖਿਆ ਹੈ।
ਉਨ੍ਹਾਂ ਨੇ ਖ਼ਾਸ ਤੌਰ 'ਤੇ 1942 ਦੇ ਭਾਰਤ ਛੱਡੋ ਅੰਦੋਲਨ 'ਚ ਔਰਤਾਂ ਦੀ ਭੂਮਿਕਾ ਦਾ ਜ਼ਿਕਰ ਕੀਤਾ ਹੈ। ਇਸ 'ਚ ਅੰਦੋਲਨ ਦੇ ਦਿਲ ਨੂੰ ਝੰਜੋੜਨ ਵਾਲੀਆਂ ਘਟਨਾਵਾਂ ਵੀ ਹਨ।
ਅਸਾਮ ਦੀ 16 ਸਾਲਾ ਕਨਕਲਤਾ ਬਰੂਆ ਦੀ ਬਹਾਦਰੀ ਦੀ ਕਹਾਣੀ ਅਮਰ ਹੋ ਗਈ ਹੈ।
ਕਨਕਲਤਾ 1942 ਦੇ ਅੰਦੋਲਨ 'ਚ ਸ਼ਾਮਲ ਹੋ ਗਈ ਸੀ। ਉਨ੍ਹਾਂ ਨੇ ਇੱਕ ਥਾਣੇ ਦੇ ਬਾਹਰ ਝੰਡੇ ਨੂੰ ਸਲਾਮੀ ਦੇਣ ਲਈ ਨੌਜਵਾਨਾਂ ਨੂੰ ਇੱਕਠਾ ਕੀਤਾ ਅਤੇ ਭਾਸ਼ਣ ਵੀ ਦਿੱਤਾ ।
ਝੰਡਾ ਲਹਿਰਾਉਣ ਤੋਂ ਕੁਝ ਸਮਾਂ ਪਹਿਲਾਂ ਹੀ ਪੁਲਿਸ ਨੇ ਨੌਜਵਾਨਾਂ 'ਤੇ ਗੋਲੀ ਚਲਾ ਦਿੱਤੀ, ਜਿਸ 'ਚ ਕਨਕਲਤਾ ਦੀ ਮੌਤ ਹੋ ਗਈ ਸੀ।
ਗਾਵੰਕਰ ਲਿਖਦੀ ਹੈ ਕਿ ਕਨਕਲਤਾ ਦਾ ਨਾਂਅ ਆਜ਼ਾਦੀ ਲਈ ਸ਼ਹੀਦ ਹੋਣ ਵਾਲੀ ਪਹਿਲੀ ਔਰਤ ਦੇ ਰੂਪ 'ਚ ਦਰਜ ਹੈ।
ਗਾਂਧੀਵਾਦੀ ਵਿਚਾਰਧਾਰਾ ਰੱਖਣ ਵਾਲੀ ਊਸ਼ਾ ਮਹਿਤਾ, ਜੋ ਕਿ ਅੰਦੋਲਨ ਦੌਰਾਨ ਭੂਮੀਗਤ ਰੇਡੀਓ ਸਟੇਸ਼ਨ ਚਲਾਉਂਦੀ ਸੀ, ਨੂੰ ਅੱਜ ਬਹੁਤ ਸਾਰੇ ਲੋਕ ਜਾਣਦੇ ਹਨ।

ਤਸਵੀਰ ਸਰੋਤ, Maharashtra Rajya Sahitya Sanskruti Mandal
1942 'ਚ ਊਸ਼ਾ ਮਹਿਤਾ ਕਾਲਜ 'ਚ ਸੀ। ਉਹ ਮੁੰਬਈ 'ਚ ਇੱਕ ਰੇਡੀਓ ਸਟੇਸ਼ਨ ਚਲਾਉਂਦੀ ਸੀ।
ਰੇਡੀਓ 'ਤੇ ਉਹ ਦੂਜੇ ਵਿਸ਼ਵ ਯੁੱਧ ਦੀਆਂ ਖ਼ਬਰਾਂ ਅਤੇ ਦੇਸ਼ ਭਰ 'ਚ ਚੱਲ ਰਹੇ ਅੰਦੋਲਨਾਂ ਬਾਰੇ ਜਾਣਕਾਰੀ ਦਿੰਦੀ ਸੀ।
ਰੇਡੀਓ ਸਟੇਸ਼ਨ ਨੂੰ ਹਮੇਸ਼ਾ ਹੀ ਇੱਕ ਥਾਂ ਤੋਂ ਦੂਜੀ ਥਾਂ ਲੈ ਜਾਣਾ ਪੈਂਦਾ ਸੀ। ਪੁਲਿਸ ਕਿਸੇ ਵੀ ਤਰ੍ਹਾਂ ਇਸ ਸਟੇਸ਼ਨ ਨੂੰ ਫੜ੍ਹਨਾ ਚਾਹੁੰਦੀ ਸੀ।
ਇੱਕ ਗੱਦਾਰ, ਜਿਸ ਨੂੰ ਕਿ ਊਸ਼ਾ ਮਹਿਤਾ ਦੇ ਰੇਡੀਓ ਸਟੇਸ਼ਨ ਬਾਰੇ ਪਤਾ ਸੀ, ਉਸ ਨੇ ਊਸ਼ਾ ਮਹਿਤਾ ਨੂੰ ਧੋਖਾ ਦਿੱਤਾ।
ਇਸ ਦਾ ਨਤੀਜਾ ਇਹ ਹੋਇਆ ਕਿ ਰੇਡੀਓ 'ਤੇ ਖ਼ਬਰਾਂ ਨਸ਼ਰ ਕਰਦੇ ਸਮੇਂ ਉਨ੍ਹਾਂ ਨੂੰ ਹਿਰਾਸਤ 'ਚ ਲੈ ਲਿਆ ਗਿਆ।
ਗਾਵੰਕਰ ਨੇ ਜਿੰਨ੍ਹਾਂ ਘਟਨਾਵਾਂ ਦਾ ਜ਼ਿਕਰ ਕੀਤਾ ਹੈ, ਉਨ੍ਹਾਂ ੜੋਂ ਸਭ ਤੋਂ ਹੈਰਾਨ ਕਰਨ ਵਾਲੀ ਘਟਨਾ ਕਾਸ਼ੀਬਾਈ ਹਨਵਾਰ ਦੀ ਹੈ, ਜੋ ਕਿ ਇੱਕ ਸੁਤੰਤਰ ਬਦਲ ਸਰਕਾਰ ਦਾ ਹਿੱਸਾ ਸੀ।
ਨਾਨਾ ਪਾਟਿਲ ਵੱਲੋਂ ਬਣਾਈ ਗਈ ਬਦਲ ਵਾਲੀ ਸੁਤੰਤਰ ਸਰਕਾਰ (ਪ੍ਰਤੀ ਸਰਕਾਰ) ਦੀਆਂ ਔਰਤ ਕਾਰਕੁਨਾਂ ਨੂੰ ਸਤਾਰਾ ਜ਼ਿਲ੍ਹੇ 'ਚ ਅੰਗਰੇਜ਼ਾਂ ਵੱਲੋਂ ਦਿੱਤੇ ਸਖ਼ਤ ਜ਼ੁਲਮਾਂ ਦਾ ਸਾਹਮਣਾ ਕਰਨਾ ਪਿਆ ਸੀ।
ਪੁਲਿਸ ਨੇ ਕਾਸ਼ੀਬਾਈ ਹਨਵਾਰ ਨਾਮ ਦੀ ਔਰਤ ਦੇ ਨਿੱਜੀ ਅੰਗਾਂ 'ਚ ਮਿਰਚ ਪਾਊਡਰ ਪਾ ਦਿੱਤਾ ਸੀ। ਉਨ੍ਹਾਂ ਨੇ ਇਸ ਤਸ਼ੱਦਦ, ਅਪਮਾਨ ਅਤੇ ਬੇਰਹਿਮੀ ਦਾ ਡੱਟ ਕੇ ਸਾਹਮਣਾ ਕੀਤਾ।
ਉਨ੍ਹਾਂ ਨੇ ਅੰਤ ਤੱਕ ਕਿਸੇ ਵੀ ਕਾਰਕੁਨ ਦਾ ਨਾਮ ਜਾਂ ਪਤਾ ਪੁਲਿਸ ਨੂੰ ਨਹੀਂ ਦੱਸਿਆ।

ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post













