ਕੀ ਜ਼ਿਆਦਾ ਪਾਣੀ ਪੀਣਾ ਮੌਤ ਦਾ ਕਾਰਨ ਬਣ ਸਕਦਾ ਹੈ

ਪਾਣੀ

ਤਸਵੀਰ ਸਰੋਤ, Getty Images

ਜ਼ਿਆਦਾ ਪਾਣੀ ਪੀਣ ਕਾਰਨ ਅਮਰੀਕਾ ਵਿੱਚ ਇੱਕ 35 ਸਾਲਾ ਮਹਿਲਾ ਦੀ ਮੌਤ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ।

ਡਾਕਟਰਾਂ ਦਾ ਕਹਿਣਾ ਹੈ ਕਿ ਮਹਿਲਾ ਦੀ ਮੌਤ ਇੱਕ ਵਿਲੱਖਣ ਕਿਸਮ ਦੀ ਸਮੱਸਿਆ ਕਾਰਨ ਹੋਈ ਹੈ, ਜਿਸ ਨੂੰ ਵਾਟਰ ਟੌਕਸੀਸਿਟੀ ਕਿਹਾ ਜਾਂਦਾ ਹੈ।

ਨਿਊ ਯਾਰਕ ਪੋਸਟ ਦੀ ਰਿਪੋਰਟ ਮੁਤਾਬਕ, ਇੰਡੀਆਨਾ ਦੇ ਰਹਿਣ ਵਾਲੇ ਐਸ਼ਲੇ ਸਮਰਜ਼ ਆਪਣੇ ਪਤੀ ਅਤੇ ਦੋ ਨਿੱਕੀਆਂ ਧੀਆਂ ਨਾਲ ਘੁੰਮਣ ਗਏ ਹੋਏ ਸਨ ਅਤੇ ਇਸੇ ਦੌਰਾਨ ਉਨ੍ਹਾਂ ਨੇ ਮਹਿਸੂਸ ਕੀਤਾ ਕਿ ਸ਼ਾਇਦ ਉਨ੍ਹਾਂ ਨੂੰ ਸਰੀਰ 'ਚ ਪਾਣੀ ਦੀ ਕਮੀ ਲੱਗ ਰਹੀ ਹੈ।

ਉਨ੍ਹਾਂ ਕਿਹਾ ਕਿ ਇਸ ਨਾਲ ਉਨ੍ਹਾਂ ਦਾ ਸਿਰ ਦਰਦ ਕਰ ਰਿਹਾ ਹੈ ਅਤੇ ਕੁਝ ਹੀ ਸਮੇਂ ਵਿੱਚ ਜ਼ਰੂਰਤ ਤੋਂ ਜ਼ਿਆਦਾ ਪਾਣੀ ਪੀ ਲਿਆ।

ਉਨ੍ਹਾਂ ਦੇ ਭਰਾ ਡੇਵਨ ਮਿਲਰ ਨੇ ਡਬਲਿਯੂਆਰਟੀਵੀ ਨਾਲ ਗੱਲਬਾਤ ਦੌਰਾਨ ਕਿਹਾ, ''ਕਿਸੇ ਨੇ ਦੱਸਿਆ ਕਿ ਉਸ ਨੇ 20 ਮਿੰਟਾਂ ਦੇ ਅੰਦਰ-ਅੰਦਰ 4 ਬੋਤਲ ਪਾਣੀ ਪੀ ਲਿਆ ਸੀ।''

ਉਹ ਕਹਿੰਦੇ ਹਨ ਕਿ ਇਹ ਇੰਨਾ ਪਾਣੀ ਸੀ ਜਿਨਾਂ ਇੱਕ ਵਿਅਕਤੀ ਇੱਕ ਦਿਨ ਵਿੱਚ ਪੀਂਦਾ ਹੈ।

ਪਾਣੀ

ਤਸਵੀਰ ਸਰੋਤ, Getty Images

ਮਿਲਰ ਨੇ ਦੱਸਿਆ ਕਿ ਉਨ੍ਹਾਂ ਦੀ ਦੂਜੀ ਭੈਣ ਨੇ ਫੋਨ 'ਤੇ ਦੱਸਿਆ ਕਿ ''ਐਸ਼ਲੇ ਹਸਪਤਾਲ 'ਚ ਦਾਖ਼ਲ ਹੈ ਤੇ ਉਸ ਦੇ ਦਿਮਾਗ ਵਿੱਚ ਸੋਜਸ਼ ਆ ਗਈ ਹੈ। ਡਾਕਟਰਾਂ ਨੂੰ ਵੀ ਕੁਝ ਸਮਝ ਨਹੀਂ ਆ ਰਿਹਾ।''

ਇਸ ਮਗਰੋਂ ਐਸ਼ਲੇ ਨੂੰ ਘਰ ਵਾਪਸ ਲਿਆਂਦਾ ਗਿਆ ਪਰ ਇੱਥੇ ਸਥਾਨਕ ਹਸਪਤਾਲ ਪਹੁੰਚਣ ਤੋਂ ਪਹਿਲਾਂ ਆਪਣੇ ਘਰ ਦੇ ਗੈਰਾਜ ਵਿੱਚ ਹੀ ਉਨ੍ਹਾਂ ਦੀ ਮੌਤ ਹੋ ਗਈ।

ਡਾਕਟਰਾਂ ਨੇ ਉਨ੍ਹਾਂ ਦੀ ਮੌਤ ਦਾ ਕਾਰਨ ਵਾਟਰ ਟੌਕਸੀਸਿਟੀ ਨੂੰ ਦੱਸਿਆ।

ਪਾਣੀ

ਤਸਵੀਰ ਸਰੋਤ, SAJJAD HUSSAIN/GETTY IMAGES

ਵਾਟਰ ਟੌਕਸੀਸਿਟੀ ਹੁੰਦੀ ਕੀ ਹੈ?

ਨਿਊ ਯਾਰਕ ਪੋਸਟ ਦੀ ਰਿਪੋਰਟ ਮੁਤਾਬਕ, ਦੂਜੇ ਸ਼ਬਦਾਂ ਵਿੱਚ ਇਸ ਨੂੰ ਪਾਣੀ ਦਾ ਵਿਸ਼ੈਲਾ ਹੋਣਾ ਵੀ ਕਿਹਾ ਜਾ ਸਕਦਾ ਹੈ- ਇੱਕ ਅਜਿਹੀ ਸਥਿਤੀ ਜਿਸ ਵਿੱਚ ਤੁਹਾਡੇ ਦਿਮਾਗ 'ਤੇ ਵੀ ਪ੍ਰਭਾਵ ਪੈਂਦਾ ਹੈ।

ਅਜਿਹਾ ਉਸ ਵੇਲੇ ਹੋ ਸਕਦਾ ਹੈ ਜਦੋਂ ਬਹੁਤ ਘੱਟ ਸਮੇਂ ਵਿੱਚ ਜ਼ਿਆਦਾ ਮਾਤਰਾ ਵਿੱਚ ਪਾਣੀ ਪੀ ਲਿਆ ਜਾਵੇ ਜਾਂ ਫਿਰ ਕੁਝ ਸਿਹਤ ਸਮੱਸਿਆਵਾਂ ਕਾਰਨ ਕਿਡਨੀਆਂ ਵਿੱਚ ਜ਼ਿਆਦਾ ਪਾਣੀ ਭਰ ਜਾਵੇ।

ਲਾਈਨ

ਵਾਟਰ ਟੌਕਸੀਸਿਟੀ ਹੋਣ ਦੇ ਲੱਛਣਾਂ ਵਿੱਚ ਸਭ ਤੋਂ ਆਮ ਹਨ:

  • ਅਸਹਿਜ ਜਾਂ ਬਿਮਾਰ ਮਹਿਸੂਸ ਹੋਣਾ
  • ਨਾੜ ਚੜ੍ਹਨਾ ਜਾਂ ਮਸਲ ਕਰੈਂਪ
  • ਸੋਜਸ਼ ਆਉਣਾ
  • ਉਲਟੀ ਹੋਣਾ ਜਾਂ ਉਲਟੀ ਵਾਂਗ ਮਹਿਸੂਸ ਹੋਣਾ
  • ਸਿਰ ਦਰਦ ਹੋਣਾ
ਲਾਈਨ

ਸਾਨੂੰ ਕਿੰਨਾ ਪਾਣੀ ਪੀਣਾ ਚਾਹੀਦਾ ਹੈ, ਇਸ ਸਬੰਧੀ ਬੀਬੀਸੀ ਫਿਊਚਰ 'ਤੇ ਛਪੀ ਜੈਸਿਕਾ ਬ੍ਰਾਊਨ ਦੀ ਇੱਕ ਰਿਪੋਰਟ ਕਾਫੀ ਕੁਝ ਦੱਸਦੀ ਹੈ:

ਲਾਈਨ
ਪਾਣੀ

ਤਸਵੀਰ ਸਰੋਤ, Getty Images

ਕੀ ਜ਼ਿਆਦਾ ਪਾਣੀ ਪੀਣਾ ਚੰਗਾ ਹੈ?

ਸਾਨੂੰ ਪਿਛਲੇ ਬਹੁਤ ਸਮੇਂ ਤੋਂ ਇਹ ਦੱਸਿਆ ਜਾਂਦਾ ਰਿਹਾ ਹੈ ਕਿ ਹਰ ਰੋਜ਼ ਜ਼ਿਆਦਾ ਮਾਤਰਾ 'ਚ ਪਾਣੀ ਪੀਣਾ ਚੰਗੀ ਸਿਹਤ, ਵਧੇਰੇ ਊਰਜਾ ਅਤੇ ਸਿਹਤਮੰਦ ਚਮੜੀ ਦਾ ਰਾਜ਼ ਹੈ। ਇਸ ਨਾਲ ਭਾਰ ਘਟਾਉਣ 'ਚ ਮਦਦ ਮਿਲਦੀ ਹੈ ਅਤੇ ਕੈਂਸਰ ਵਰਗੇ ਰੋਗਾਂ ਤੋਂ ਬਚਾਅ ਹੁੰਦਾ ਹੈ।

ਇਸੇ ਅਨੁਸਾਰ, ਰੋਜ਼ਾਨਾ ਲਗਭਗ 8 ਗਲਾਸ ਪਾਣੀ ਪੀਣ ਦੀ ਵੀ ਸਲਾਹ ਦਿੱਤੀ ਜਾਂਦੀ ਹੈ।

ਸਾਲ 1945 ਵਿੱਚ ਨੈਸ਼ਨਲ ਰਿਸਰਚ ਕੌਂਸਲ ਦੇ ਯੂਐਸ ਫੂਡ ਐਂਡ ਨਿਊਟ੍ਰੀਸ਼ਨ ਬੋਰਡ ਨੇ ਬਾਲਗਾਂ - ਔਰਤਾਂ ਨੂੰ ਲਗਭਗ 2 ਲੀਟਰ ਅਤੇ ਪੁਰਸ਼ਾਂ ਨੂੰ ਲਗਭਗ ਢਾਈ ਲੀਟਰ ਤਰਲ ਪੀਣ ਲਈ ਕਿਹਾ ਸੀ।

ਇਸ ਵਿੱਚ ਸਿਰਫ਼ ਪਾਣੀ ਹੀ ਨਹੀਂ, ਸਗੋਂ ਜ਼ਿਆਦਾਤਰ ਪੇਅ ਪਦਾਰਥਾਂ ਦੇ ਨਾਲ-ਨਾਲ ਫਲ ਅਤੇ ਸਬਜ਼ੀਆਂ ਵੀ ਸ਼ਾਮਲ ਹਨ, ਜਿਨ੍ਹਾਂ ਵਿੱਚ 98 ਫੀਸਦੀ ਤੱਕ ਪਾਣੀ ਹੋ ਸਕਦਾ ਹੈ।

ਹਾਲਾਂਕਿ ਵਿਗਿਆਨੀਆਂ ਨੂੰ ਹੁਣ ਤੱਕ ਅਜਿਹੇ ਕੋਈ ਸਬੂਤ ਨਹੀਂ ਮਿਲੇ, ਜੋ ਇਹ ਕਹਿਣ ਕਿ ਖ਼ੂਬ ਪਾਣੀ ਪੀਣਾ ਚਾਹੀਦਾ ਹੈ ਅਤੇ ਇਸ ਨਾਲ ਕੋਈ ਵੱਖਰਾ ਫਾਇਦਾ ਹੁੰਦਾ ਹੈ।

ਪਾਣੀ

ਤਸਵੀਰ ਸਰੋਤ, STR/GETTY IMAGES

ਪਿਆਸ ਮੁਤਾਬਕ ਪਾਣੀ

ਬੇਸ਼ੱਕ ਪਾਣੀ ਸਾਡੇ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਸਾਡੇ ਸਰੀਰ ਦੇ ਭਾਰ ਦਾ ਲਗਭਗ ਦੋ-ਤਿਹਾਈ ਹਿੱਸਾ ਬਣਾਉਂਦਾ ਹੈ।

ਪਾਣੀ ਸਾਡੇ ਸਰੀਰ ਵਿੱਚ ਪੌਸ਼ਟਿਕ ਤੱਤਾਂ ਅਤੇ ਰਹਿੰਦ-ਖੂੰਹਦ ਵਾਲੇ ਪਦਾਰਥਾਂ ਦਾ ਸੰਚਾਰ ਕਰਦਾ ਹੈ, ਸਾਡੇ ਤਾਪਮਾਨ ਨੂੰ ਨਿਯੰਤ੍ਰਿਤ ਕਰਦਾ ਹੈ, ਸਾਡੇ ਜੋੜਾਂ ਵਿੱਚ ਚਿਕਨਾਹਟ ਵਜੋਂ ਕੰਮ ਕਰਦਾ ਹੈ ਅਤੇ ਸਾਡੇ ਸਰੀਰ ਅੰਦਰ ਹੋਣ ਵਾਲੀਆਂ ਜ਼ਿਆਦਾਤਰ ਰਸਾਇਣਕ ਪ੍ਰਤੀਕਿਰਿਆਵਾਂ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ।

ਅਸੀਂ ਪਸੀਨੇ, ਪਿਸ਼ਾਬ ਅਤੇ ਸਾਹ ਰਾਹੀਂ ਲਗਾਤਾਰ ਪਾਣੀ ਗੁਆਉਂਦੇ ਰਹਿੰਦੇ ਹਾਂ। ਡੀਹਾਈਡਰੇਸ਼ਨ ਤੋਂ ਬਚਣ ਲਈ ਮਹੱਤਵਪੂਰਨ ਹੈ ਇਹ ਯਕੀਨੀ ਬਣਾਉਣਾ ਜ਼ਰੂਰੀ ਹੈ ਕਿ ਸਾਡੇ ਸਰੀਰ 'ਚ ਪਾਣੀ ਦੀ ਮਾਤਰਾ ਠੀਕ ਬਣੀ ਰਹੇ।

ਜਦੋਂ ਅਸੀਂ ਆਪਣੇ ਸਰੀਰ ਦਾ 1-2 ਫ਼ੀਸਦੀ ਪਾਣੀ ਗੁਆ ਦਿੰਦੇ ਹਾਂ ਤਾਂ ਸਾਨੂੰ ਡੀਹਾਈਡਰੇਸ਼ਨ ਦਾ ਅਹਿਸਾਸ ਹੋ ਸਕਦਾ ਹੈ। ਇਹ ਅਹਿਸਾਸ ਉਦੋਂ ਤੱਕ ਬਣਿਆ ਰਹਿੰਦਾ ਹੈ ਜਦੋਂ ਤੱਕ ਸਾਡੇ ਸਰੀਰ 'ਚ ਪਾਣੀ ਦਾ ਪੱਧਰ ਮੁੜ ਠੀਕ ਨਹੀਂ ਹੋ ਜਾਂਦਾ।

ਬਹੁਤ ਘੱਟ ਮਾਮਲਿਆਂ ਵਿੱਚ, ਅਜਿਹੀ ਡੀਹਾਈਡਰੇਸ਼ਨ ਘਾਤਕ ਹੋ ਸਕਦੀ ਹੈ।

ਇੱਕ ਸਿਹਤਮੰਦ ਸਰੀਰ ਵਿੱਚ, ਦਿਮਾਗ ਪਤਾ ਲਗਾ ਲੈਂਦਾ ਹੈ ਕਿ ਸਰੀਰ ਕਦੋਂ ਡੀਹਾਈਡਰੇਟ ਹੋ ਰਿਹਾ ਹੈ ਅਤੇ ਸਾਨੂੰ ਪਿਆਸ ਲੱਗਣੀ ਸ਼ੁਰੂ ਹੋ ਜਾਂਦੀ ਹੈ।

ਇਹ ਇੱਕ ਹਾਰਮੋਨ ਵੀ ਛੱਡਦਾ ਹੈ ਜੋ ਕਿ ਗੁਰਦਿਆਂ ਨੂੰ ਪਿਸ਼ਾਬ ਨੂੰ ਕੰਟਰੋਲ ਕਰਕੇ ਪਾਣੀ ਬਚਾਉਣ ਦਾ ਸੰਕੇਤ ਦਿੰਦਾ ਹੈ।

ਵੀਡੀਓ ਕੈਪਸ਼ਨ, ਜ਼ਿਆਦਾ ਪਾਣੀ ਪੀਣਾ ਕਿੰਨਾ ਖ਼ਤਰਨਾਕ ਤੇ ਇੱਕ ਦਿਨ 'ਚ ਸਾਨੂੰ ਕਿੰਨਾ ਪਾਣੀ ਪੀਣਾ ਚਾਹੀਦਾ ਹੈ
ਲਾਈਨ

ਮਨੁੱਖੀ ਸਰੀਰ ਵਿੱਚ ਪਾਣੀ ਦਾ ਕੰਮ?

  • ਹਾਰਮੋਨ ਬਣਾਉਣ ਲਈ ਦਿਮਾਗ ਨੂੰ ਪਾਣੀ ਦੀ ਲੋੜ ਹੁੰਦੀ ਹੈ
  • ਸਰੀਰ ਪਾਣੀ ਨਾਲ ਥੁੱਕ ਬਣਾਉਂਦਾ ਹੈ ਜਿਹੜਾ ਪਾਚਣ ਕਿਰਿਆ ਲਈ ਜ਼ਰੂਰੀ ਹੈ
  • ਸਰੀਰ ਦਾ ਤਾਪਮਾਨ ਪਾਣੀ ਨਾਲ ਤੈਅ ਹੁੰਦਾ ਹੈ
  • ਸਰੀਰ ਦੇ ਸੈੱਲ ਪਾਣੀ ਦੇ ਲੈਵਲ ਦੇ ਹਿਸਾਬ ਨਾਲ ਵਧਦੇ ਹਨ ਅਤੇ ਨਵੇਂ ਸੈਲ ਤਿਆਰ ਹੁੰਦੇ ਹਨ
  • ਸਰੀਰ ਦੀ ਗੰਦਗੀ ਨੂੰ ਬਾਹਰ ਕੱਢਣ ਵਿੱਚ ਸਭ ਤੋਂ ਜ਼ਰੂਰੀ ਹੈ ਪਾਣੀ
  • ਹੱਡੀਆਂ ਦੇ ਜੋੜਾਂ ਵਿੱਚ ਚਿਕਨਾਹਟ ਅਤੇ ਚਮੜੀ ਨੂੰ ਨਮੀ ਵੀ ਪਾਣੀ ਨਾਲ ਮਿਲਦੀ ਹੈ
  • ਸਰੀਰ ਵਿੱਚ ਆਕਸੀਜਨ ਦੀ ਜ਼ਰੂਰੀ ਮਾਤਰਾ ਬਣਾਏ ਰੱਖਣ ਲਈ ਜ਼ਰੂਰੀ ਹੈ ਪਾਣੀ
ਲਾਈਨ

ਜ਼ਿਆਦਾ ਪਾਣੀ ਵੀ ਖ਼ਤਰਨਾਕ?

ਸਾਡੇ ਵਿੱਚੋਂ ਜਿਹੜੇ ਰੋਜ਼ਾਨਾ ਅੱਠ ਗਿਲਾਸ ਪਾਣੀ ਪੀਣ ਦਾ ਟੀਚਾ ਰੱਖਦੇ ਹਨ, ਉਹ ਆਪਣੇ ਆਪ ਨੂੰ ਕੋਈ ਨੁਕਸਾਨ ਨਹੀਂ ਪਹੁੰਚਾ ਰਹੇ ਹਨ।

ਪਰ ਇਹ ਮੰਨਣਾ ਕਿ ਸਾਨੂੰ ਸਰੀਰ ਦੁਆਰਾ ਪ੍ਰਾਪਤ ਸੰਕੇਤਾਂ ਤੋਂ ਵੀ ਜ਼ਿਆਦਾ ਪਾਣੀ ਪੀਣ ਦੀ ਲੋੜ ਹੈ, ਖ਼ਤਰਨਾਕ ਸਾਬਿਤ ਹੋ ਸਕਦਾ ਹੈ।

ਬਹੁਤ ਜ਼ਿਆਦਾ ਤਰਲ ਪਦਾਰਥਾਂ ਦਾ ਸੇਵਨ ਉਸ ਵੇਲੇ ਗੰਭੀਰ ਹੋ ਸਕਦਾ ਹੈ ਜਦੋਂ ਇਹ ਖੂਨ ਵਿੱਚ ਸੋਡੀਅਮ ਦੀ ਕਮੀ ਦਾ ਕਾਰਨ ਬਣਦਾ ਹੈ।

ਇਸ ਦੌਰਾਨ ਖੂਨ ਦੇ ਸੋਡੀਅਮ ਦੇ ਪੱਧਰਾਂ ਨੂੰ ਸੰਤੁਲਿਤ ਕਰਨ ਦੀ ਕੋਸ਼ਿਸ਼ ਕਰਨ ਵਿੱਚ ਦਿਮਾਗ ਅਤੇ ਫੇਫੜਿਆਂ ਦੀ ਸੋਜਸ਼ ਪੈਦਾ ਹੋ ਜਾਂਦੀ ਹੈ।

ਪਾਣੀ

ਪਿਛਲੇ ਇੱਕ ਦਹਾਕੇ ਜਾਂ ਇਸ ਤੋਂ ਵੱਧ ਸਮੇਂ ਵਿੱਚ, ਕਈ ਅਜਿਹੇ ਮਾਮਲੇ ਵੀ ਸਾਹਮਣੇ ਆਏ ਹਨ ਜਿਨ੍ਹਾਂ ਵਿੱਚ ਬਹੁਤ ਜ਼ਿਆਦਾ ਪੀਣ ਕਾਰਨ ਅਥਲੀਟਾਂ ਦੀ ਸਿਹਤ ਵਿਗੜ ਗਈ ਸੀ।

ਜੋਹਾਨਾ ਪੈਕੇਨਹੈਮ ਬ੍ਰਿਟੇਨ ਦੇ ਐਥਲੀਟ ਹਨ। ਉਨ੍ਹਾਂ ਨੇ 2018 ਦੀ ਲੰਡਨ ਮੈਰਾਥਨ 'ਚ ਹਿੱਸਾ ਲਿਆ ਸੀ।

ਉਸ ਦੌਰਾਨ ਉਨ੍ਹਾਂ ਚੰਗੀ ਮਾਤਰਾ ਵਿੱਚ ਪਾਣੀ ਪੀਤਾ ਕਿਉਂਕਿ ਤੇਜ਼ ਗਰਮੀ ਸੀ। ਦੌੜ ਖ਼ਤਮ ਹੋਣ ਤੋਂ ਬਾਅਦ ਵੀ ਉਨ੍ਹਾਂ ਦੇ ਦੋਸਤਾਂ ਨੇ ਉਨ੍ਹਾਂ ਨੂੰ ਪਾਣੀ ਪਿਆ ਦਿੱਤਾ।

ਫ਼ਿਰ ਉਹ ਜ਼ਿਆਦਾ ਪਾਣੀ ਪੀਣ ਕਰਕੇ ਬੇਹੋਸ਼ ਹੋ ਗਏ ਅਤੇ ਉਨ੍ਹਾਂ ਨੂੰ ਏਅਰ ਐਂਬੂਲੈਂਸ ਨਾਲ ਹਲਪਤਾਲ ਪਹੁੰਚਾਇਆ ਗਿਆ।

ਉਹ ਇੱਕ ਦਿਨ ਤੱਕ ਬੇਹੋਸ਼ ਰਹੇ ਸਨ। ਜੋਹਾਨਾ ਕਹਿੰਦੇ ਹਨ ਕਿ ਉਨ੍ਹਾਂ ਦਾ ਹਰ ਦੋਸਤ ਅਤੇ ਜਾਣਕਾਰ ਮੈਰਾਥਨ ਦੌੜਣ ਲਈ ਇੱਕ ਹੀ ਸਲਾਹ ਦਿੰਦਾ ਸੀ - ਬਹੁਤ ਸਾਰਾ ਪਾਣੀ ਪੀਂਦੇ ਰਹੋ।

ਉਹ ਹੁਣ ਲੋਕਾਂ ਨੂੰ ਕਹਿੰਦੇ ਹਨ ਕਿ ਵੱਧ ਪਾਣੀ ਪੀਣ ਵਰਗੇ ਬਿਨ੍ਹਾਂ ਮੰਗੇ ਮਸ਼ਵਰੇ ਵੀ ਘਾਤਕ ਹੋ ਸਕਦੇ ਹਨ।

ਤਾਂ ਕਿੰਨਾ ਪਾਣੀ ਪੀਣਾ ਚਾਹੀਦਾ ਹੈ?

ਚਾਹ

ਤਸਵੀਰ ਸਰੋਤ, Getty Images

ਬਹੁਤ ਸਾਰਾ ਪਾਣੀ ਪੀਂਦੇ ਰਹਿਣ ਦੀ ਸਲਾਹ ਇਸ ਕਦਰ ਹਾਵੀ ਹੈ ਕਿ ਅਸੀਂ ਜਿੱਥੇ ਵੀ ਜਾਂਦੇ ਹਾਂ, ਪਾਣੀ ਨਾਲ ਲੈ ਜਾਂਦੇ ਹਾਂ ਤਾਂ ਜੋ ਪਾਣੀ ਪੀਂਦੇ ਰਹੀਏ। ਅਕਸਰ ਅਸੀਂ ਆਪਣੀ ਜ਼ਰੂਰਤ ਤੋਂ ਜ਼ਿਆਦਾ ਪਾਣੀ ਸਰੀਰ ਨੂੰ ਦਿੰਦੇ ਹਾਂ।

ਲੰਡਨ ਦੇ ਮਾਹਿਰ ਹਯੂ ਮਾਂਟੀਗੋਮਰੀ ਕਹਿੰਦੇ ਹਨ ਕਿ ਤੇਜ਼ ਗ਼ਰਮੀ ਵਾਲੇ ਇਲਾਕੇ 'ਚ ਰਹਿਣ ਵਾਲਿਆਂ ਨੂੰ ਵੀ ਦਿਨ ਭਰ 'ਚ ਵੱਧ ਤੋਂ ਵੱਧ ਦੋ ਲੀਟਰ ਪਾਣੀ ਦੀ ਲੋੜ ਹੁੰਦੀ ਹੈ।

ਅੱਧੇ ਘੰਟੇ ਦੇ ਸਫ਼ਰ ਲਈ ਪਾਣੀ ਦੀ ਬੋਤਲ ਨਾਲ ਲੈ ਕੇ ਚੱਲਣ ਦੀ ਲੋੜ ਨਹੀਂ ਹੈ। ਭਾਵੇਂ ਤੁਸੀਂ ਪਸੀਨੇ ਨਾਲ ਲੱਥਪੱਥ ਹੀ ਕਿਉਂ ਨਾ ਹੋਵੋ।

ਬ੍ਰਿਟੇਨ ਦੀ ਨੈਸ਼ਨਲ ਹੈਲਥ ਸਰਵਿਸ ਦੀ ਐਡਵਾਇਜ਼ਰੀ ਕਹਿੰਦੀ ਹੈ ਕਿ ਤੁਸੀਂ ਰੋਜ਼ 6 ਤੋਂ 8 ਗਿਲਾਸ ਪਾਣੀ ਪੀਓ। ਇਸ 'ਚ ਦੁੱਧ, ਸੌਫ਼ਟ ਡ੍ਰਿੰਕ, ਚਾਹ-ਕੌਫ਼ੀ ਸ਼ਾਮਿਲ ਹੈ।

ਇਸ ਦੇ ਨਾਲ ਹੀ ਇਹ ਯਾਦ ਰੱਖਣਾ ਵੀ ਮਹੱਤਵਪੂਰਨ ਹੈ ਕਿ ਜਦੋਂ ਅਸੀਂ 60 ਸਾਲ ਤੋਂ ਵੱਧ ਦੇ ਹੋ ਜਾਂਦੇ ਹਾਂ ਤਾਂ ਪਿਆਸ ਨੂੰ ਮਹਿਸੂਸ ਕਰਨ ਦੀ ਸਾਡੀ ਸਮਰੱਥਾ ਘਟ ਜਾਂਦੀ ਹੈ।

ਪਾਣੀ

ਤਸਵੀਰ ਸਰੋਤ, Getty Images

ਬਹੁਤੇ ਮਾਹਰ ਇਸ ਗੱਲ ਨਾਲ ਸਹਿਮਤ ਹਨ ਕਿ ਤਰਲ ਪਦਾਰਥਾਂ ਲਈ ਸਾਡੀਆਂ ਲੋੜਾਂ ਵਿਅਕਤੀ ਦੀ ਉਮਰ, ਸਰੀਰ ਦੇ ਆਕਾਰ, ਲਿੰਗ, ਵਾਤਾਵਰਣ ਅਤੇ ਸਰੀਰਕ ਗਤੀਵਿਧੀ ਦੇ ਪੱਧਰ 'ਤੇ ਨਿਰਭਰ ਕਰਦੀਆਂ ਹਨ।

ਇਸ ਦੌਰਾਨ ਡੀਹਾਈਡ੍ਰੇਸ਼ਨ ਹੋਣ ਦਾ ਖ਼ਦਸ਼ਾ ਵੱਧ ਹੁੰਦਾ ਹੈ, ਭਾਵ ਬੁਢਾਪੇ 'ਚ ਸਾਨੂੰ ਪਾਣੀ ਪੀਣ 'ਤੇ ਵੱਧ ਧਿਆਨ ਦੇਣਾ ਹੋਵੇਗਾ।

ਸਾਨੂੰ ਆਪਣੇ ਬਜ਼ੁਰਗਾਂ ਦਾ ਵੀ ਖ਼ਿਆਲ ਰੱਖਣਾ ਹੋਵੇਗਾ ਕਿ ਉਹ ਨਿਯਮਿਤ ਰੂਪ 'ਚ ਪਾਣੀ ਲੈਂਦੇ ਰਹਿਣ।

ਹਰ ਇਨਸਾਨ ਦੀ ਪਾਣੀ ਦੀ ਜ਼ਰੂਰਤ ਵੱਖ-ਵੱਖ ਹੁੰਦੀ ਹੈ। ਇਸ ਲਈ ਰੋਜ਼ 8 ਗਿਲਾਸ ਪਾਣੀ ਪੀਣ ਦਾ ਫ਼ਾਰਮੂਲਾ ਸਭ 'ਤੇ ਲਾਗੂ ਨਹੀਂ ਹੁੰਦਾ। ਜਦੋਂ ਲੋੜ ਮਹਿਸੂਸ ਹੋਵੇ ਉਦੋਂ ਪਾਣੀ ਪੀਓ।

ਜ਼ਿਆਦਾ ਪਾਣੀ ਪੀਣ ਦਾ ਇੱਕ ਹੀ ਲਾਭ ਮਿਲ ਸਕਦਾ ਹੈ। ਤੁਸੀਂ ਵਾਰ-ਵਾਰ ਟੌਇਲੇਟ ਜਾਓਗੇ, ਤਾਂ ਕੁਝ ਕੈਲਰੀ ਆਉਣ-ਜਾਣ 'ਚ ਖ਼ਰਚ ਕਰੋਗੇ।

ਲਾਈਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)