ਪੰਜਾਬ ਦੇ ਉਹ ਪਿੰਡ ਜਿੱਥੇ ਜ਼ਿਆਦਾਤਰ ਘਰਾਂ ਵਿੱਚ ਕੈਂਸਰ ਤੇ ਅਪੰਗਤਾ ਵਰਗੇ ਰੋਗਾਂ ਦੇ ਮਰੀਜ਼ ਹਨ - ਗਰਾਊਂਡ ਰਿਪੋਰਟ

- ਲੇਖਕ, ਅਰਸ਼ਦੀਪ ਕੌਰ
- ਰੋਲ, ਬੀਬੀਸੀ ਪੱਤਰਕਾਰ
'ਰਾਧਾ' ਭਾਰਤੀ ਮਿਥਹਾਸ ਵਿਚ 'ਸੁਹੱਪਣ ਅਤੇ ਇਸ਼ਕ ਹਕੀਕੀ' ਦੀ ਪ੍ਰਤੀਕ ਪਾਤਰ ਮੰਨੀ ਜਾਂਦੀ ਹੈ।
ਪਰ ਜਿਸ ਰਾਧਾ ਨੂੰ ਅਸੀਂ ਮਿਲਣ ਆਏ ਸਾਂ, ਉਹ ਦੇਖ ਨਹੀਂ ਸਕਦੀ ਹੈ, ਨਾ ਬੋਲ ਸਕਦੀ, ਨਾ ਤੁਰ ਫਿਰ ਸਕਦੀ ਹੈ ਅਤੇ ਨਾ ਹੀ ਦਿਮਾਗੀ ਤੌਰ 'ਤੇ ਤੰਦਰੁਸਤ ਹੈ।
ਰਾਧਾ ਦੇ ਕੱਚੇ ਵਿਹੜੇ ਅਤੇ ਪੱਕੇ ਮਕਾਨ ਵਿਚ ਸਾਡੇ ਦਾਖਲ ਹੁੰਦਿਆਂ ਹੀ ਉਹ ਉੱਚੀ-ਉੱਚੀ ਰੋਣ ਲੱਗਦੀ ਹੈ।
ਉਸ ਦੀ ਭੈਣ ਚੁੱਪ ਕਰਾਉਣ ਲਈ ਭੱਜ ਕੇ ਆਈ ਪਰ ਉਹ ਚੁੱਪ ਨਹੀਂ ਹੋ ਰਹੀ ਸੀ, ਸ਼ਾਇਦ ਅਜਨਬੀ ਕਦਮਾਂ ਦੀ ਆਹਟ ਨੇ ਰਾਧਾ ਨੂੰ ਡਰਾ ਦਿੱਤਾ ਸੀ।
ਰਾਧਾ ਦਾ ਪਿੰਡ ਰੂਪਨਗਰ ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਦੇ ਨੇੜੇ ਚੜ੍ਹਦੇ ਪੰਜਾਬ ਦੇ ਫ਼ਾਜਿਲਕਾ ਜਿਲ੍ਹੇ ਦੇ ਅਬੋਹਰ ਬਲਾਕ ਵਿੱਚ ਪੈਂਦਾ ਹੈ।
ਇਸ ਪਿੰਡ ਵਿੱਚ ਦਾਖ਼ਲ ਹੁੰਦੇ ਹੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਪੋਸਟਰ ਦਿਖਦਾ ਹੈ।
ਜਿਸ 'ਤੇ ਲਿਖਿਆ ਹੈ 'ਸਾਰੀ ਉਮਰ ਦਾ ਆਰਾਮ ਮੇਰਾ ਘਰ ਮੇਰੇ ਨਾਮ' ਪਰ ਰਾਧਾ ਦੇ ਘਰ ਵਿਚ ਰੌਣਕਾਂ ਨਹੀਂ ਇੱਕ ਅਜੀਬ ਸਨਾਟਾ ਤੇ ਦਰਦ ਹੈ।
ਇਹ ਹਾਲ ਰਾਧਾ ਦੇ ਘਰ ਦਾ ਹੀ ਨਹੀਂ ਇਸ ਪਿੰਡ ਦੇ ਹਰ ਦੂਜੇ-ਚੌਥੇ ਘਰ ਦਾ ਹੈ। ਜਿੱਥੇ ਬੱਚਿਆਂ ਤੋਂ ਲੈ ਕੇ ਨੌਜਵਾਨ ਤੱਕ ਕਿਸੇ ਨਾ ਕਿਸੇ ਬੇ-ਇਲਾਜ ਰੋਗ ਦਾ ਸ਼ਿਕਾਰ ਹੋ ਕੇ ਪੂਰੀ ਉਮਰ ਲਈ ਮੰਜੇ ਨਾਲ ਲੱਗ ਗਏ ਹਨ, ਜਾਂ ਘਰ ਦੀਆਂ ਚਾਰ ਦੀਵਾਰੀਆਂ ਵਿਚ ਕੈਦ ਹੋ ਗਏ ਹਨ।
ਘਰ-ਘਰ ਪਏ ਮਰੀਜ਼ਾਂ ਦੇ ਮੰਜੇ
ਰਾਧਾ ਦੀ ਉਮਰ ਸਿਰਫ਼ 13 ਸਾਲ ਹੈ, ਅਜਿਹੀ ਹਾਲਤ ਵਾਲੀ ਉਹ ਇਕੱਲੀ ਬੱਚੀ ਨਹੀਂ ਹੈ। ਉਸ ਦੇ ਘਰ ਤੋਂ ਕੁਝ ਕਦਮਾਂ ਦੀ ਦੂਰੀ ਉੱਤੇ ਰਹਿਣ ਵਾਲਾ ਸਾਹਿਲ ਤੁਰ ਫਿਰ ਨਹੀਂ ਸਕਦਾ।
ਸਾਹਿਲ ਕੁਝ ਹੱਦ ਤੱਕ ਦੇਖ ਸਕਦਾ ਹੈ ਅਤੇ ਕੁਝ ਹੱਦ ਤਕ ਗੱਲਾਂ ਨੂੰ ਸਮਝ ਕੇ ਜਵਾਬ ਦੇ ਸਕਦਾ ਹੈ।

ਵਿਡੰਬਨਾ ਇਹ ਹੈ ਕਿ ਸਾਹਿਲ ਦੇ ਪਿਤਾ ਹੁਣ ਇਸ ਦੁਨੀਆ ਵਿਚ ਨਹੀਂ ਹਨ ਅਤੇ ਉਸ ਦੀ ਦੇਖਭਾਲ ਹੁਣ ਦਾਦਾ- ਦਾਦੀ ਹੀ ਕਰਦੇ ਹਨ।
ਇਨ੍ਹਾਂ ਦੇ ਘਰ ਤੋਂ ਕੁਝ ਹੀ ਦੂਰੀ 'ਤੇ ਕੈਥਰੀਨ ਦਾ ਘਰ ਵੀ ਹੈ, ਉਸ ਦੀ ਵੀ ਉਮਰ 13 ਸਾਲ ਹੈ।
ਕੈਥਰੀਨ ਤੁਰ ਫਿਰ ਤਾਂ ਸਕਦੀ ਹੈ ਪਰ ਬੋਲਣ ਅਤੇ ਸਮਝਣ ਦੀ ਸ਼ਕਤੀ ਆਪਣੀ ਉਮਰ ਦੇ ਬੱਚਿਆਂ ਤੋਂ ਕਿਤੇ ਘੱਟ ਹੈ।
ਉਸ ਦੇ ਘਰ ਦੇ ਨੇੜੇ ਰਹਿਣ ਵਾਲਾ ਪੱਪੂ ਕੈਮਰੇ ਨੂੰ ਦੇਖ ਕੇ ਮੁਸਕਰਾ ਦਿੰਦਾ ਹੈ। ਇਹ ਮੁਸਕੁਰਾਹਟ ਅਤੇ ਇਹ ਊਰਜਾ 22 ਸਾਲ ਦੇ ਨੌਜਵਾਨ ਵਰਗੀ ਨਹੀਂ ਹੈ।
ਜਵਾਨੀ ਦੀ ਦਹਿਲੀਜ਼ ਉੱਤੇ ਖੜ੍ਹੇ ਇਨ੍ਹਾਂ ਬੱਚਿਆਂ ਦੇ ਮਾਪਿਆਂ ਮੁਤਾਬਕ ਜ਼ਿਆਦਾਤਰ ਬੱਚਿਆਂ ਵਿੱਚ ਇਸ ਤਰ੍ਹਾਂ ਦੇ ਲੱਛਣ ਜਨਮ ਤੋਂ ਹੀ ਹਨ।
ਇਹ ਵੀ ਪੜ੍ਹੋ:
ਰੋਗਾਂ ਦਾ ਕੀ ਦੱਸਿਆ ਜਾ ਰਿਹਾ ਕਾਰਨ
ਰੂਪਨਗਰ ਦੇ ਸਰਪੰਚ ਮਹਿੰਦਰ ਸਿੰਘ ਇਸ ਹਾਲਾਤ ਦਾ ਜ਼ਿੰਮੇਵਾਰ ਪੀਣ ਵਾਲੇ ਪਾਣੀ ਉਪਲਬਧਤਾ ਦੱਸਦੇ ਹਨ।
ਮਹਿੰਦਰ ਸਿੰਘ ਨੇ ਬੀਬੀਸੀ ਨੂੰ ਦੱਸਿਆ, ''ਪਿੰਡ ਵਿਚ ਕਈ ਅਜਿਹੇ ਬੱਚੇ ਹਨ ਜੋ ਅਪੰਗਤਾ ਕਾਰਨ ਮੰਜਿਆਂ ਨਾਲ ਜੁੜੇ ਹੋਏ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਬੱਚੇ ਤੁਰ ਫਿਰ ਨਹੀਂ ਸਕਦੇ, ਇਹ ਦਿਮਾਗੀ ਤੌਰ 'ਤੇ ਠੀਕ ਨਹੀਂ ਹਨ ਅਤੇ ਕਈ ਦੇਖ ਜਾਂ ਸੁਣ ਹੀ ਨਹੀਂ ਸਕਦੇ।''

ਮਹਿੰਦਰ ਸਿੰਘ ਨੇ ਦਾਅਵਾ ਕੀਤਾ ਕਿ ਪਿੰਡ ਵਿੱਚ ਲਗਭਗ ਦੋ ਦਰਜਨ ਤੋਂ ਵੱਧ ਕੈਂਸਰ ਦੇ ਮਰੀਜ਼ ਵੀ ਮੌਜੂਦ ਹਨ। ਪਿਛਲੇ ਸਮੇਂ ਵਿੱਚ ਵੀ ਕਈ ਮੌਤਾਂ ਕੈਂਸਰ ਕਾਰਨ ਹੋ ਚੁੱਕੀਆਂ ਹਨ।
ਮਹਿੰਦਰ ਸਿੰਘ ਮੁਤਾਬਕ ਪਿੰਡ ਵਿੱਚ ਪਾਣੀ ਦੀ ਸਮੱਸਿਆ ਨੂੰ ਹੱਲ ਕਰਨ ਲਈ ਡੀਸੀ ਨੂੰ ਅਰਜ਼ੀ ਲਿਖ ਕੇ ਦਿੱਤੀ ਗਈ ਸੀ। ਪਿੰਡ ਵਿੱਚ ਆਰਓ ਲਗਵਾਇਆ ਗਿਆ ਸੀ।
ਪਰ ਉਸ ਦਾ ਪਾਣੀ ਪੀਣ ਤੋਂ ਬਾਅਦ ਲੋਕਾਂ ਨੂੰ ਜੋੜਾਂ ਦੇ ਦਰਦ ਦੀ ਸਮੱਸਿਆ ਆਉਣ ਲੱਗੀ, ਜਿਸ ਤੋਂ ਬਾਅਦ ਲੋਕਾਂ ਨੇ ਉਸ ਨੂੰ ਪੀਣਾ ਬੰਦ ਕਰ ਦਿੱਤਾ।
ਉਹ ਕਹਿੰਦੇ ਹਨ, ''ਪਹਿਲਾਂ ਸਾਡੇ ਪਿੰਡ ਵਿੱਚ ਅਜਿਹੀਆਂ ਸਮੱਸਿਆਵਾਂ ਨਹੀਂ ਸਨ। ਲੋਕ ਲੰਮੀ ਉਮਰ ਭੋਗਦੇ ਸਨ ਤੇ ਬਜ਼ੁਰਗ ਹੁੰਦੇ ਸਨ। ਹੁਣ ਪਿੰਡ ਵਿੱਚ ਬਹੁਤ ਘੱਟ ਲੋਕ ਹਨ ਜੋ ਪੰਜਾਹ ਵਰ੍ਹਿਆਂ ਤੋਂ ਉਪਰ ਟੱਪੇ ਹਨ।"
ਸਰਪੰਚ ਨਹਿਰੀ ਪਾਣੀ ਰਾਹੀਂ ਉਨ੍ਹਾਂ ਦੇ ਪਿੰਡ ਤੱਕ ਪਹੁੰਚਣ ਵਾਲੇ ਲੁਧਿਆਣਾ ਤੇ ਜਲੰਧਰ ਦੀਆਂ ਫ਼ੈਕਟਰੀਆਂ ਦੇ ਰਸਾਇਣਾਂ ਨੂੰ ਪਿੰਡ ਦੇ ਮੌਜੂਦਾ ਹਾਲਾਤ ਲਈ ਜ਼ਿੰਮੇਵਾਰ ਦੱਸਦੇ ਹਨ।
ਅਧਿਐਨ ਅਤੇ ਰਿਪੋਰਟਾਂ ਦੇ ਸਿੱਟੇ
ਵਿਸ਼ਵ ਸਿਹਤ ਸੰਗਠਨ ਮੁਤਾਬਕ ਪੀਣ ਵਾਲੇ ਪਾਣੀ ਵਿਚ ਟੀਡੀਐੱਸ ਦੀ ਮਾਤਰਾ ਵੱਧ ਤੋਂ ਵੱਧ 300 ਪਾਰਟਸ ਪਰ ਮਿਲੀਅਨ ਤੱਕ ਹੋਣੀ ਚਾਹੀਦੀ ਹੈ।
ਭਾਰਤੀ ਮਾਣਕਾਂ (ਬਿਊਰੋ ਆਫ ਇੰਡੀਅਨ ਸਟੈਂਡਰਡਜ਼) ਮੁਤਾਬਕ ਇਹ ਸੰਖਿਆ 500 ਤੱਕ ਹੋ ਸਕਦੀ ਹੈ ਪਰ ਪਿੰਡ ਰੂਪਨਗਰ ਵਿਖੇ ਇਹ ਘਰ ਵਿੱਚ ਲੱਗੇ ਨਲਕੇ ਦੇ ਪਾਣੀ ਨੂੰ ਜਦੋਂ ਮਹਿੰਦਰ ਸਿੰਘ ਨੇ ਜਾਂਚ ਕੇ ਦਿਖਾਇਆ ਤਾਂ ਇਹ ਸੰਖਿਆ 1000 ਤੋਂ ਵੀ ਵੱਧ ਸੀ।

ਇਸ ਟੈਸਟ ਦੇ ਪੂਰੀ ਤਰ੍ਹਾਂ ਸਹੀ-ਸਹੀ ਹੋਣ ਦੀ ਪੁਸ਼ਟੀ ਬੀਬੀਸੀ ਨਹੀਂ ਕਰਦਾ ਪਰ ਪੰਜਾਬ ਦੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਸਾਲ 2020-21 ਦੇ ਅਧਿਐਨ ਮੁਤਾਬਕ ਸੂਬੇ ਦੇ ਦੱਖਣੀ ਪੰਜਾਬ ਦੇ ਹਿੱਸੇ ਵਿਚ ਯੂਰੇਨੀਅਮ, ਮਰਕਰੀ ਅਤੇ ਸਿਲੇਨੀਅਮ ਸਣੇ ਹੋਰ ਕਈ ਖ਼ਤਰਨਾਕ ਤੱਤਾਂ ਦੀ ਮੌਜੂਦਗੀ ਦਰਜ ਕੀਤੀ ਗਈ ਹੈ।
ਇਸ ਰਿਪੋਰਟ ਮੁਤਾਬਕ ਫ਼ਾਜ਼ਲਿਕਾ ਜ਼ਿਲ੍ਹੇ ਦੇ ਪਾਣੀ ਸੈਂਪਲਾਂ ਵਿਚ ਕੈਡਮੀਅਮ, ਲੈੱਡ਼, ਨਿੱਕਲ ਅਤੇ ਸਲਫੇਟ ਆਦਿ ਬਾਕੀ ਸਾਰੇ ਜ਼ਿਲ੍ਹਿਆਂ ਤੋਂ ਕਿਤੇ ਵਧੇਰੇ ਹੈ।
ਇਨ੍ਹਾਂ ਰਿਪੋਰਟਾਂ ਦੇ ਸਿੱਟਿਆਂ ਦਾ ਅਸਰ ਬੀਬੀਸੀ ਟੀਮ ਨੇ ਲੋਕਾਂ ਦੀ ਸਿਹਤ ਉੱਤੇ ਦੇਖਿਆ। ਸਾਡੀ ਟੀਮ ਜਿਨ੍ਹਾਂ ਪਿੰਡਾਂ ਵਿਚ ਗਈ, ਇਨ੍ਹਾਂ ਵਿਚ ਆਮ ਪਿੰਡ ਨਾਲੋਂ ਕਿਤੇ ਵੱਧ ਬੱਚੇ ਬਜ਼ੁਰਗ ਅਤੇ ਨੌਜਵਾਨ ਬਿਮਾਰ ਨਜ਼ਰ ਆਏ।
2008-2009 ਤੋਂ ਅਬੋਹਰ-ਫ਼ਾਜ਼ਿਲਕਾ ਦੇ ਇਲਾਕੇ ਵਿੱਚ ਆਰਸੇਨਿਕ, ਲੈੱਡ,ਸੇਲੇਨੀਅਮ ,ਕੈਡਮੀਅਮ ,ਨਿਕਲ ਵਰਗੀਆਂ ਧਾਤਾਂ ਦੇ ਜ਼ਹਿਰੀਲੇ ਪ੍ਰਭਾਵ ਉੱਪਰ ਬਾਬਾ ਫ਼ਰੀਦ ਸੈਂਟਰ ਫ਼ਾਰ ਸਪੈਸ਼ਲ ਚਿਲਡਰਨ ਨੇ ਕੰਮ ਕੀਤਾ ਹੈ।
ਇਸ ਅਦਾਰੇ ਦੇ ਮਾਹਰ ਪ੍ਰਿਤਪਾਲ ਸਿੰਘ ਦੱਸਦੇ ਹਨ,"ਅਬੋਹਰ ਫ਼ਾਜ਼ਿਲਕਾ ਦੇ ਇਲਾਕਿਆਂ ਵਿੱਚ ਫਾਸਫੇਟ ਖਾਦਾਂ ਦੀ ਭਾਰੀ ਵਰਤੋਂ ਪਿਛਲੇ ਸਮੇਂ ਵਿਚ ਹੋਈ ਹੈ ਅਤੇ ਮਾਲਵੇ ਦੇ ਇਲਾਕੇ ਕਪਾਹ ਦੀ ਖੇਤੀ ਲਈ ਜਾਣੇ ਜਾਂਦੇ ਹਨ।"

"ਐਂਡੋਸਲਫਾਨ, ਗਲਾਈਫੋਸੇਟ ਵਰਗੀਆਂ ਪਾਬੰਦੀਸ਼ੁਦਾ ਕੀਟਨਾਸ਼ਕ ਦਵਾਈਆਂ ਦਾ ਇਸਤੇਮਾਲ ਇਸ ਇਲਾਕੇ ਵਿੱਚ ਲਗਭਗ ਤਿੰਨ ਦਹਾਕੇ ਹੁੰਦਾ ਰਿਹਾ ਹੈ। ਇਨ੍ਹਾਂ ਦੇ ਬੁਰੇ ਪ੍ਰਭਾਵ ਹੁਣ ਸਾਹਮਣੇ ਆ ਰਹੇ ਹਨ।"
"ਪਿੰਡਾਂ ਵਿੱਚ ਜਵਾਨ ਲੋਕ ਜ਼ਿਆਦਾਤਰ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ ਅਤੇ ਬੱਚੇ ਦਿਮਾਗੀ ਤੌਰ ਤੇ ਕਮਜ਼ੋਰ ਪੈਦਾ ਹੋ ਰਹੇ ਹਨ।"
"ਐਂਡੋਸਲਫਾਨ ਦੀ ਵਰਤੋਂ ਕਰਕੇ ਕੇਰਲਾ ਦੇ ਕਾਸਰਗੌੜ ਖੇਤਰ ਦੇ ਪ੍ਰਭਾਵਿਤ ਲੋਕਾਂ ਨੂੰ ਸੁਪਰੀਮ ਕੋਰਟ ਨੇ 500 ਕਰੋੜ ਰੁਪਏ ਦੇਣ ਦਾ ਆਦੇਸ਼ ਜਾਰੀ ਕੀਤਾ ਸੀ।
ਪੰਜਾਬ ਵਿੱਚ ਪ੍ਰਭਾਵਿਤ ਹੋ ਰਹੇ ਲੋਕਾਂ ਨੂੰ ਕਦੇ ਕੁਝ ਨਹੀਂ ਮਿਲਿਆ। 2016 ਤੱਕ ਪੰਜਾਬ ਤੇ ਇਨ੍ਹਾਂ ਇਲਾਕਿਆਂ ਵਿੱਚ ਐਂਡੋਸਲਫਾਨ ਦੀ ਵਰਤੋਂ ਹੁੰਦੀ ਰਹੀ ਹੈ। ਇਨ੍ਹਾਂ ਇਲਾਕਿਆਂ ਦੀ ਇਹ ਸਥਿਤੀ ਆਉਣ ਵਾਲੇ ਭਵਿੱਖ ਦਾ ਸ਼ੀਸ਼ਾ ਹੈ। "
ਪੀੜ੍ਹਤ ਲੋਕਾਂ ਦਾ ਤਜਰਬੇ
ਰੂਪਨਗਰ ਦੀ ਹੀ ਵਸਨੀਕ ਸੁਮਨ ਨੇ ਦੱਸਿਆ ਕਿ ਪਾਣੀ ਨਾਲ ਉਸ ਨੂੰ ਉਲਟੀ, ਦਸਤ ਵਰਗੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ ਅਤੇ ਕਈ ਵਾਰ ਜਿਗਰ ਨਾਲ ਸਬੰਧਤ ਟੈਸਟ ਵੀ ਕਰਾਏ ਗਏ ਹਨ।
"ਇੱਥੋਂ ਪਾਣੀ ਪੀ ਕੇ ਖੰਘ, ਜ਼ੁਕਾਮ, ਛਾਤੀ ਜਾਮ ਵਰਗੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ। ਕਈ ਲੋਕਾਂ ਨੂੰ ਸਾਹ ਦੀ ਸਮੱਸਿਆ ਵੀ ਹੈ।"
ਇਸੇ ਪਿੰਡ ਦੇ ਸੰਜੇ ਕੁਮਾਰ ਕੈਂਸਰ ਅਤੇ ਲਕਵੇ ਨਾਲ ਪੀੜਿਤ ਹਨ।
ਸੰਜੇ ਦੇ ਵਿਹੜੇ ਵਿਚ ਦਾਖਲ ਹੁੰਦਿਆਂ ਹੀ ਸਾਡੀ ਨਜ਼ਰ ਭਗਵਾਨ ਕ੍ਰਿਸ਼ਨ ਦੇ ਬਾਲ ਰੂਪ ਦੀ ਮੂਰਤੀ ਉੱਤੇ ਪੈਂਦੀ ਹੈ।
ਸਾਨੂੰ ਦੇਖ ਕੇ ਸੰਜੇ ਦੀ ਪਤਨੀ ਸਰਲਾ ਉਸਨੂੰ ਮੰਜੇ ਤੇ ਬੈਠਣ ਵਿੱਚ ਸਹਾਇਤਾ ਕਰਦੀ ਹੈ।

ਸਰਲਾ ਦੇਵੀ ਨੇ ਬੀਬੀਸੀ ਨੂੰ ਦੱਸਿਆ," ਪਿਛਲੇ ਕਈ ਵਰ੍ਹਿਆਂ ਤੋਂ ਮੇਰੇ ਪਤੀ ਦਾ ਬਠਿੰਡਾ, ਬੀਕਾਨੇਰ, ਗੰਗਾਨਗਰ,ਅਬੋਹਰ ਦੇ ਹਸਪਤਾਲਾਂ ਵਿੱਚ ਇਲਾਜ ਚੱਲਿਆ ਹੈ। ਲੱਖਾਂ ਰੁਪਏ ਖਰਚ ਹੋ ਚੁੱਕੇ ਹਨ। ਮੈਂ ਅਤੇ ਮੇਰੇ ਦੋ ਬੱਚੇ ਮਜ਼ਦੂਰੀ ਕਰਦੇ ਹਾਂ। ਸਰਕਾਰ ਵੱਲੋਂ ਕੋਈ ਬਹੁਤੀ ਸਹਾਇਤਾ ਨਹੀਂ ਕੀਤੀ ਗਈ ਅਤੇ 750 ਰੁਪਏ ਪੈਨਸ਼ਨ ਦਿੱਤੀ ਜਾਂਦੀ ਸੀ। ਹੁਣ ਇਹ 1500 ਰੁਪਏ ਹੈ।
ਸਰਲਾ ਦੇ ਗੱਲਬਾਤ ਕਰਨ ਦੌਰਾਨ ਸੰਜੇ ਆਪਣੇ ਇਸ਼ਟ ਵੱਲ ਟਿਕਟਿਕੀ ਲਗਾ ਕੇ ਦੇਖਦੇ ਰਹਿੰਦੇ ਹਨ।
ਪਿੰਡ ਵਿਚ ਕਈ ਘਰ ਅਜਿਹੇ ਹਨ, ਜਿਸ ਵਿੱਚ ਦੋ ਪੀੜ੍ਹੀਆਂ ਬਿਮਾਰੀਆਂ ਨਾਲ ਗ੍ਰਸਤ ਹਨ।
ਸਾਹਿਲ ਦੇ ਘਰ ਕੋਲ ਰਹਿਣ ਵਾਲੀ 16 ਸਾਲਾ ਸਪਨਾ ਦਿਮਾਗੀ, ਸਰੀਰਕ ਰੂਪ ਵਿੱਚ ਕਮਜ਼ੋਰ ਹੈ ਜਦੋਂ ਕਿ ਉਨ੍ਹਾਂ ਦੀ 75 ਸਾਲਾ ਦਾਦੀ ਸਜਣਾ ਦੇਵੀ ਪਿਛਲੇ ਦਸ ਸਾਲ ਤੋਂ ਲਕਵੇ ਕਾਰਨ ਮੰਜੇ 'ਤੇ ਹੀ ਹਨ।
ਪ੍ਰਿਤਪਾਲ ਸਿੰਘ ਮੁਤਾਬਕ ਇਸ ਇਲਾਕੇ ਦੇ ਤ੍ਰਾਸਦੀ ਹੈ ਕਿ ਪਾਣੀ ਦਾ ਮੁੱਖ ਸਰੋਤ ਨਹਿਰੀ ਪਾਣੀ ਹੈ ਅਤੇ ਉਹ ਪ੍ਰਦੂਸ਼ਿਤ ਹੈ। ਕਈ ਪਿੰਡਾਂ ਵਿੱਚ ਨਹਿਰੀ ਪਾਣੀ ਨਹੀਂ ਪਹੁੰਚਦਾ ਅਤੇ ਲੋਕਾਂ ਨੂੰ ਜ਼ਮੀਨ ਹੇਠਲਾ ਪਾਣੀ ਪੀਣਾ ਪੈਂਦਾ ਹੈ।
ਰੂਪਨਗਰ ਵਾਲਾ ਹਾਲ ਚੂਹੜੀਵਾਲ ਦਾ ਵੀ
ਇਸੇ ਪਿੰਡ ਤੋਂ ਕੁਝ ਦੂਰੀ ਤੇ ਸਥਿਤ ਪਿੰਡ ਚੂਹੜੀਵਾਲਾ ਧੰਨਾ ਵਿੱਚ ਵੀ ਅਜਿਹੇ ਕਈ ਬੱਚੇ ਦਿਖੇ।
14 ਸਾਲਾ ਗੁਲਸ਼ਨ ਤੁਰਨ ਫਿਰਨ ਚ' ਅਸਮਰੱਥ ਹੈ ਅਤੇ ਬੋਲ ਵੀ ਨਹੀਂ ਸਕਦੀ।
ਗੁਲਸ਼ਨ ਦੇ ਪਿਤਾ ਰਾਕੇਸ਼ ਕੁਮਾਰ ਨੇ ਦੱਸਿਆ," ਪੈਦਾ ਹੋਣ ਤੋਂ ਤਿੰਨ ਮਹੀਨੇ ਬਾਅਦ ਤੱਕ ਗੁਲਸ਼ਨ ਠੀਕ ਸੀ ਪਰ ਉਸ ਤੋਂ ਬਾਅਦ ਹੌਲੀ -ਹੌਲੀ ਸਿਹਤ ਖ਼ਰਾਬ ਹੁੰਦੀ ਗਈ।
ਡਾਕਟਰਾਂ ਮੁਤਾਬਕ ਇਲਾਕੇ ਦਾ ਪਾਣੀ ਖ਼ਰਾਬ ਹੈ ਅਤੇ ਇਸ ਕਾਰਨ ਹੋਰ ਵੀ ਬੱਚੇ ਅਜਿਹੇ ਪੈਦਾ ਹੋ ਸਕਦੇ ਹਨ।"
"ਸਾਡੇ ਇਲਾਕੇ ਵਿੱਚ ਕਈ ਲੋਕ ਬਿਮਾਰ ਹਨ ਅਤੇ ਕੈਂਸਰ ਨਾਲ ਕਈ ਲੋਕ ਪੀੜਤ ਹਨ।"

ਰਾਕੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਦੇ ਨਜ਼ਦੀਕ ਇਸੇ ਤਰ੍ਹਾਂ ਦੇ ਇੱਕ ਬੱਚੇ ਦੀ ਕੁਝ ਸਮਾਂ ਪਹਿਲਾਂ ਮੌਤ ਵੀ ਹੋਈ ਹੈ।
ਇਸ ਪਿੰਡ ਵਿੱਚ ਕੁਝ ਕਦਮਾਂ ਦੀ ਦੂਰੀ 'ਤੇ ਕਰਨਜੀਤ ਦਾ ਘਰ ਹੈ। ਇਸ ਬੱਚੇ ਦਾ ਪਰਿਵਾਰ ਆਪਣੇ ਗੁਜ਼ਾਰੇ ਲਈ ਮਜ਼ਦੂਰੀ 'ਤੇ ਨਿਰਭਰ ਹੈ।
ਭਾਵੇਂ ਉਸ ਦੇ ਦਾਦੀ ਨੇ ਕਰਨ ਦੀ ਉਮਰ 17 ਸਾਲ ਦੱਸੀ ਹੈ ਪਰ ਨੀਲੇ ਰੰਗ ਦੀ ਸ਼ਰਟ ਪਾਈ ਮੰਜੇ ਤੇ ਪਿਐ ਬੱਚਾ ਨੌ-ਦਸ ਸਾਲ ਤੋਂ ਵੱਧ ਉਮਰ ਦਾ ਨਹੀਂ ਲੱਗਦਾ।
ਉਹ ਤੁਰ ਫਿਰ ਨਹੀਂ ਸਕਦਾ, ਦਿਮਾਗੀ ਤੌਰ ਤੇ ਕਮਜ਼ੋਰ ਹੈ ਅਤੇ ਹਰ ਛੋਟੇ ਕੰਮ ਲਈ ਪੂਰੀ ਤਰ੍ਹਾਂ ਪਰਿਵਾਰ ਤੇ ਨਿਰਭਰ ਹੈ। ਉਨ੍ਹਾਂ ਦੇ ਪਰਿਵਾਰ ਨੇ ਦੱਸਿਆ ਕਿ ਬਚਪਨ ਤੋਂ ਹੀ ਇਹ ਬੱਚਾ ਇਸ ਤਰ੍ਹਾਂ ਹੈ ਅਤੇ ਕਈ ਜਗ੍ਹਾ ਤੋਂ ਇਲਾਜ ਅਤੇ ਅਪਰੇਸ਼ਨ ਕਰਵਾਉਣ ਤੋਂ ਬਾਅਦ ਵੀ ਹਾਲਾਤ ਨਹੀਂ ਸੁਧਰੇ।
ਸਰਕਾਰੀ ਸਿਹਤ ਮਾਹਰਾਂ ਦੀ ਰਾਇ
ਫ਼ਾਜ਼ਿਲਕਾ ਦੇ ਚੀਫ ਮੈਡੀਕਲ ਅਫਸਰ ਡਾ ਦਵਿੰਦਰ ਢਾਂਡਾ ਮੁਤਾਬਕ," ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ ਇਲਾਕੇ ਦੇ 10 ਪਿੰਡਾਂ ਨੂੰ ਚੁਣਿਆ ਗਿਆ ਹੈ ਤੇ ਇਸ ਬਾਰੇ ਸਰਵੇ ਕਰਵਾਇਆ ਗਿਆ ਹੈ। ਸਰਵੇ ਮੁਤਾਬਕ ਕੈਂਸਰ,ਦਿਲ ਦੇ ਰੋਗ ਅਤੇ ਮੰਦਬੁੱਧੀ ਵਰਗੇ ਕਈ ਕੇਸ ਸਾਹਮਣੇ ਆਏ ਹਨ। ਸਰਕਾਰ ਵੱਲੋਂ ਇਨ੍ਹਾਂ ਲਈ ਮਦਦ ਕੀਤੀ ਜਾਂਦੀ ਹੈ।"
ਡਾਕਟਰ ਢਾਂਡਾ ਨੇ ਭਾਰੀਆਂ ਧਾਤਾਂ ਅਤੇ ਇਨ੍ਹਾਂ ਬੀਮਾਰੀਆਂ ਵਿਚਕਾਰ ਕੋਈ ਸਬੰਧ ਹੋਣ ਬਾਰੇ ਪੁੱਛੇ ਜਾਣ ਉੱਤੇ ਦੱਸਿਆ ,"ਵਿਸ਼ਵ ਸਿਹਤ ਸੰਗਠਨ ਦੇ ਪੁਰਾਣੇ ਅਧਿਐਨਾਂ ਨੂੰ ਦੇਖਿਆ ਜਾਵੇ ਤਾਂ ਇਨ੍ਹਾਂ ਵਿਚਕਾਰ ਸਬੰਧ ਹੋ ਸਕਦਾ ਹੈ। ਇਨ੍ਹਾਂ ਕਰਕੇ ਹੋਣ ਵਾਲੇ ਨੁਕਸਾਨ ਕਈ ਵਾਰ ਹਮੇਸ਼ਾਂ ਲਈ ਹੋ ਜਾਂਦੇ ਹਨ ਅਤੇ ਜੇਕਰ ਇਨ੍ਹਾਂ ਦੇ ਸਰੋਤ ਨੂੰ ਸੁਧਾਰ ਦਿੱਤਾ ਜਾਵੇ ਤਾਂ ਬਚਾਅ ਹੋ ਸਕਦਾ ਹੈ।"
ਖੂਹੀਆਂ ਸਰਵਰ ਬਲਾਕ ਵਰਗੇ ਹਾਲਾਤ ਫ਼ਾਜ਼ਿਲਕਾ ਵਿਚ ਵੀ
ਬੀਬੀਸੀ ਪੰਜਾਬੀ ਦੀ ਟੀਮ ਨੇ ਫ਼ਾਜ਼ਿਲਕਾ ਜ਼ਿਲ੍ਹੇ ਦੇ ਅਬੋਹਰ ਦੇ ਨਜ਼ਦੀਕ ਪਿੰਡਾਂ ਤੋਂ ਬਾਅਦ ਫ਼ਾਜ਼ਿਲਕਾ ਬਲਾਕ ਦੇ ਪਿੰਡਾਂ ਦਾ ਰੁਖ਼ ਕੀਤਾ।
ਅਬੋਹਰ ਤੋਂ ਫ਼ਾਜ਼ਿਲਕਾ ਬਲਾਕ ਦੀ ਦੂਰੀ 42 ਕਿਲੋਮੀਟਰ ਦੇ ਕਰੀਬ ਹੈ। ਇੱਥੋਂ ਦੇ ਹਾਲਾਤ ਦਾ ਪਤਾ ਲਗਾਉਣ ਲਈ ਟੀਮ ਤੇਜਾ ਰੁਹੇਲਾ ਪਿੰਡ ਗਈ।

ਤੇਜਾ ਰੁਹੇਲਾ ਪਿੰਡ ਦੇ ਸਕੂਲ ਦੇ ਗੇਟ ਉੱਪਰ ਲਿਖਿਆ ਹੈ-' ਜੋ ਵੀ ਮੇਰੇ ਵਿਹੜੇ ਆਇਆ, ਬਦਲ ਗਈਆਂ ਤਕਦੀਰਾਂ' ਪਰ ਸਕੂਲ ਵਿੱਚ ਪਾਣੀ ਲਗਾਏ ਗਏ ਆਰ ਓ ਦੀ ਤਕਦੀਰ ਕਈ ਸਾਲਾਂ ਤੋਂ ਨਹੀਂ ਬਦਲ ਰਹੀ।
ਲੋਕਾਂ ਦੇ ਕੱਚੇ ਘਾਰਿਆਂ ਵਾਲੇ ਘਰਾਂ ਤੋਂ ਪਿੰਡ ਤੇਜਾ ਰੁਹੇਲਾ ਦੇ ਲੋਕਾਂ ਦੀ ਆਰਥਿਕ ਹਾਲਾਤ ਦਾ ਅੰਦਾਜ਼ਾ ਵੀ ਸਹਿਜੇ ਹੀ ਲੱਗ ਜਾਂਦਾ ਹੈ।
ਇੱਥੋਂ ਦੇ ਸਕੂਲ ਵਿਚ ਅਸੀਂ ਦੇਖਿਆਂ ਕਿ ਆਰ ਓ ਬੰਦ ਪਿਆ ਹੈ। ਪਾਣੀ ਦੀ ਜਗ੍ਹਾ ਹੁਣ ਕੇਵਲ ਮਿੱਟੀ -ਘੱਟਾ ਹੀ ਨਜ਼ਰ ਆਉਂਦਾ ਹੈ, ਜੋ ਲੰਬੇ ਸਮੇਂ ਤੋਂ ਬੰਦ ਹੋ ਜਾਣ ਦੀ ਗਵਾਹੀ ਭਰ ਰਿਹਾ ਸੀ।
ਪਿੰਡ ਦੇ ਸਰਪੰਚ ਬੱਗੂ ਸਿੰਘ ਦੱਸਦੇ ਹਨ,"ਪਿੰਡ ਵਿੱਚ ਲੱਗੇ ਆਰ ਓ ਨੂੰ ਬੰਦ ਹੋਈ ਤਿੰਨ ਸਾਲ ਹੋ ਚੁੱਕੇ ਹਨ। ਬਿੱਲ ਨਾ ਦਿੱਤੇ ਜਾਣ ਕਾਰਨ ਅਜਿਹਾ ਹੋਇਆ ਹੈ। ਪਿੰਡ ਵਿੱਚ ਪਾਣੀ ਦੀ ਸਮੱਸਿਆ ਹੈ ਤੇ ਇਹ ਪੀਣਯੋਗ ਨਹੀਂ ਹੈ। ਕਈ ਲੋਕਾਂ ਦੇ ਜੋੜਾਂ ਵਿੱਚ ਦਰਦ ਹੈ।"
ਸਰਕਾਰ ਜਾਂ ਕਿਸੇ ਰਾਜਨੀਤਿਕ ਨੁਮਾਇੰਦੇ ਵੱਲੋਂ ਪਿੰਡ ਦੀ ਆਰਥਿਕ ਸਹਾਇਤਾ ਕੀਤੇ ਜਾਣ ਬਾਰੇ ਪੁੱਛੇ ਜਾਣ 'ਤੇ ਬੱਗੂ ਸਿੰਘ ਨੇ ਦੱਸਿਆ ਕਿ ਅਜਿਹਾ ਨਹੀਂ ਹੋਇਆ।

ਜ਼ਿਕਰਯੋਗ ਹੈ ਕਿ ਸਾਲ 2008-2009 ਦੌਰਾਨ ਇਸ ਪਿੰਡ ਦੇ ਕਈ ਬੱਚਿਆਂ ਦੇ ਸਰੀਰ ਵਿੱਚ ਯੂਰੇਨੀਅਮ ਸਮੇਤ ਕਈ ਰਸਾਇਣ ਪਾਏ ਗਏ ਸਨ। ਜਿਸ ਤੋਂ ਬਾਅਦ ਇਹ ਪਿੰਡ ਅੰਤਰਰਾਸ਼ਟਰੀ ਪੱਧਰ 'ਤੇ ਚਰਚਾ ਦਾ ਵਿਸ਼ਾ ਬਣਿਆ ਸੀ।
ਪਿੰਡ ਵਿੱਚ ਮੌਜੂਦਾ ਸਮੇਂ ਅਜਿਹੇ ਲੋਕਾਂ ਦੇ ਬਿਮਾਰ ਹੋਣ ਬਾਰੇ ਪੁੱਛੇ ਜਾਣ 'ਤੇ ਭਾਵੇਂ ਸਰਪੰਚ ਨੇ ਕੋਈ ਟਿੱਪਣੀ ਨਹੀਂ ਕੀਤੀ ਪਰ ਪਾਣੀ ਦੀ ਸਮੱਸਿਆ ਨੂੰ ਮੰਨਿਆ।
ਪੰਜਾਬ ਦੇ ਜਲ-ਸਪਲਾਈ ਵਿਭਾਗ ਦੀ ਰਿਪੋਰਟ ਸਾਲ 2020-21 ਦੀ ਰਿਪੋਰਟ ਮੁਤਾਬਕ ਫ਼ਾਜ਼ਲਿਕਾ ਦੇ ਪਾਣੀ ਵਿਚ ਯੂਰੇਨੀਅਮ ਦੀ ਕਾਫ਼ੀ ਮਾਤਰਾ ਦੇਖਣ ਨੂੰ ਮਿਲਦੀ ਹੈ।
ਨੇੜਲੇ ਪਿੰਡਾਂ ਦੇ ਹਾਲਾਤ ਵੀ ਮਾੜੇ
ਇਸ ਤੋਂ ਅੱਗੇ ਕੁਝ ਦੂਰੀ 'ਤੇ ਪਿੰਡ ਦੋਨਾ ਨਾਨਕਾ ਵਿਖੇ ਪਾਲਾਂ ਬਾਈ ਨੇ ਦੱਸਿਆ," ਪਿੰਡ ਵਿੱਚ 10-18 ਸਾਲ ਦੀ ਉਮਰ ਦੇ ਕਈ ਅਜਿਹੇ ਬੱਚੇ ਹਨ ਜਿਨ੍ਹਾਂ ਦੇ ਵਾਲ ਸਫ਼ੈਦ ਹੋ ਗਏ ਹਨ।
ਵਾਲਾਂ ਲਈ ਕਈ ਲੋਕ ਰੰਗ, ਡਾਈ ਅਤੇ ਮਹਿੰਦੀ ਦਾ ਇਸਤੇਮਾਲ ਕਰਦੇ ਹਨ ਪਰ ਬਾਵਜੂਦ ਜੜ੍ਹਾਂ ਤੋਂ ਵਾਲ ਸਫ਼ੈਦ ਹੀ ਨਿਕਲਦੇ ਹਨ ਅਤੇ ਇਸ ਦਾ ਕਾਰਨ ਇਲਾਕੇ ਦਾ ਮਾੜਾ ਪਾਣੀ ਹੈ। ਸਾਨੂੰ ਸਾਫ਼ ਪਾਣੀ ਮਿਲਣਾ ਚਾਹੀਦਾ ਹੈ।"
2012 ਦੌਰਾਨ ਛਪੀਆਂ ਮੀਡੀਆ ਰਿਪੋਰਟਸ ਮੁਤਾਬਕ ਭਾਬਾ ਐਟੋਮਿਕ ਰਿਸਰਚ ਸੈਂਟਰ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਕਰਵਾਏ ਗਏ ਰਿਸਰਚ ਦੌਰਾਨ ਇਸ ਪਿੰਡ ਵਿੱਚ ਵੀ ਯੂਰੇਨੀਅਮ ਦੀ ਮਾਤਰਾ ਲੋੜ ਤੋਂ ਵਧੇਰੇ ਪਾਈ ਗਈ ਸੀ।
ਧੌਲਿਆਂ ਦੀ ਸਮੱਸਿਆ ਤੋਂ ਇਲਾਵਾ ਇੱਥੇ ਕਈ ਲੋਕਾਂ ਵਿੱਚ ਅੰਨ੍ਹਾਪਣ,ਤੁਰਨ ਫਿਰਨ ਵਿਚ ਤਕਲੀਫ ਅਤੇ ਚਮੜੀ ਨਾਲ ਸੰਬੰਧਿਤ ਸਮੱਸਿਆਵਾਂ ਵੀ ਨਜ਼ਰ ਆਈਆਂ।
ਡਾ. ਪ੍ਰਿਤਪਾਲ ਸਿੰਘ ਮੁਤਾਬਕ ਚਮੜੀ ਦੇ ਰੋਗਾਂ ਦਾ ਵੱਡਾ ਕਾਰਨ ਪਾਣੀ ਵਿੱਚ ਆਰਸੈਨਿਕ ਹੈ ਅਤੇ ਇਸ ਦੇ ਇਲਾਜ ਲਈ ਵਰਤੀਆਂ ਜਾਂਦੀਆਂ ਦਵਾਈਆਂ ਕਾਰਨ ਲੋਕਾਂ ਨੂੰ ਗੁਰਦੇ ਨਾਲ ਸੰਬੰਧਿਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਅਜਿਹਾ ਨਹੀਂ ਹੈ ਕਿ ਪਿੰਡ ਵਿੱਚ ਹਰ ਕੋਈ ਬਿਮਾਰ ਹੈ ਪਰ ਔਸਤ ਨਾਲੋਂ ਇਨ੍ਹਾਂ ਪਿੰਡਾਂ ਵਿੱਚ ਕਿਸੇ ਨਾ ਕਿਸੇ ਬੀਮਾਰੀ ਨਾਲ ਪੀੜਤ ਲੋਕਾਂ ਦੀ ਗਿਣਤੀ ਜ਼ਿਆਦਾ ਹੈ।
ਪਿੰਡ ਦੋਨਾ ਨਾਨਕਾ ਤੋਂ ਬਾਅਦ ਅਗਲੇ ਪਿੰਡ ਹਸਤਾ ਕਲਾਂ ਵਿਚ ਅਜਿਹੇ ਕਈ ਲੋਕ ਮਿਲੇ ਜਿਨ੍ਹਾਂ ਦੀ ਚਮੜੀ ਖਰਾਬ ਹੋ ਰਹੀ ਸੀ। ਪਿੰਡ ਦੀ ਵਸਨੀਕ ਜਸਵੀਰ ਕੌਰ ਨੇ ਦੱਸਿਆ ਕਿ ਪਾਣੀ ਕਾਰਨ ਉਨ੍ਹਾਂ ਨੂੰ ਅਜਿਹੀ ਸਮੱਸਿਆ ਆ ਰਹੀ ਹੈ।
ਪਾਣੀ ਵਿਚ ਰਸਾਇਣਾਂ ਦਾ ਸਰੋਤ ਕੀ ਹੈ
ਬਲਬੀਰ ਸਿੰਘ ਸੀਚੇਵਾਲ ਪੰਜਾਬ ਦੇ ਜਾਣ-ਪਛਾਣੇ ਵਾਤਾਵਰਨ ਕਾਰਕੁਨ ਅਤੇ ਧਾਰਮਿਕ ਆਗੂ ਹਨ।
ਉਹ ਕਰੀਬ ਦੋ ਦਹਾਕੇ ਤੋਂ ਪੰਜਾਬ ਪਾਣੀ ਦੇ ਕੁਰਦਤੀ ਸਰੋਤਾਂ ਨੂੰ ਗੰਧਲਾ ਹੋਣ ਦੇ ਖ਼ਿਲਾਫ਼ ਸੰਘਰਸ਼ ਕਰ ਰਹੇ ਹਨ।
ਉਹ ਨੈਸ਼ਨਲ ਗਰੀਨ ਟ੍ਰਿਬੂਨਲ ਦੇ ਗੈਰ-ਸਰਕਾਰੀ ਮੈਂਬਰ ਹਨ।

ਤਸਵੀਰ ਸਰੋਤ, Seechewal times
ਬਲਬੀਰ ਸਿੰਘ ਸੀਚੇਵਾਲ ਆਖਦੇ ਹਨ,"1985 ਤਕ ਇਲੈਕਟ੍ਰੋਪਲੇਟਿੰਗ ਇੰਡਸਟਰੀ ਦੁਆਰਾ ਸਾਇਨਾਈਡ ਦੀ ਵਰਤੋਂ ਕੀਤੀ ਜਾਂਦੀ ਰਹੀ ਹੈ। ਹੁਣ ਤਕ ਪਾਣੀਆਂ ਵਿੱਚ ਕ੍ਰੋਮੀਅਮ ਤੇ ਨਿਕਲ ਵਰਗੇ ਧਾਤ ਆ ਰਹੇ ਹਨ।"
"ਉਹ ਦੱਸਦੇ ਹਨ ਕਿ ਇਹ ਸਾਰਾ ਸਾਇਨਾਈਡ ਵਾਲਾ ਪਾਣੀ ਬੁੱਢੇ ਨਾਲੇ ਅਤੇ ਕਾਲਾ ਸੰਘਿਆ ਚਿੱਟੀ ਵੇਈਂ ਰਾਹੀਂ ਸਤਲੁਜ ਦਰਿਆ ਵਿਚ ਗਏ ਹਨ।"
ਸੀਚੇਵਾਲ ਮੁਤਾਬਕ ਇਨ੍ਹਾਂ ਨੇ ਪਹਿਲਾਂ ਪੰਜਾਬ ਦੇ ਦਰਿਆਵਾਂ ਦੇ ਜਲਚਰ ਜੀਵਾਂ ਨੂੰ ਖ਼ਤਮ ਕੀਤਾ ਅਤੇ ਫਿਰ ਮਾਲਵਾ ਤੇ ਰਾਜਸਥਾਨ ਦੇ ਇਲਾਕਿਆਂ ਨੂੰ ਪ੍ਰਭਾਵਿਤ ਕੀਤਾ।
ਉਹ ਕਹਿੰਦੇ ਹਨ, ਮਾਲਵੇ ਦੇ ਇਨ੍ਹਾਂ ਇਲਾਕਿਆਂ ਵਿੱਚੋਂ ਕੈਂਸਰ ਟ੍ਰੇਨ ਚੱਲਣਾ, ਇਲਾਕਿਆਂ ਦਾ ਕੈਂਸਰ ਬੈਲਟ ਬਣ ਜਾਣਾ ਗੰਧਲੇ ਪਾਣੀ ਦੀ ਹੀ ਬਦੌਲਤ ਹੈ।"
ਪੰਜਾਬ ਸਰਕਾਰ ਕੀ ਕਰ ਰਹੀ
ਬੀਬੀਸੀ ਪੰਜਾਬੀ ਨੇ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਬਬੀਤਾ ਕਲੇਰ ਨਾਲ ਪਿੰਡਾਂ ਦੇ ਹਾਲਾਤ ਸਾਂਝੇ ਕਰਦਿਆਂ ਸਰਕਾਰ ਵਲੋਂ ਲਏ ਗਏ ਕਦਮਾਂ ਬਾਰੇ ਪੁੱਛਿਆ।
ਕਲੇਰ ਨੇ ਕਿਹਾਕਿ ਪਾਣੀ ਵਿੱਚ ਯੂਰੇਨੀਅਮ, ਸਲਫੇਟ, ਫਲੋਰਾਈਡ, ਆਰਸੈਨਿਕ, ਨਾਈਟਰੇਟ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਪੰਜਾਬ ਸਰਕਾਰ ਵੱਲੋਂ ਉਪਰਾਲੇ ਕੀਤੇ ਜਾ ਰਹੇ ਹਨ।
ਉਨ੍ਹਾਂ ਨੇ ਦੱਸਿਆ ਕਿ ਫਿਲਹਾਲ ਉਨ੍ਹਾਂ ਕੋਲ ਇਸ ਬਾਰੇ ਕੋਈ ਸਟੱਡੀ ਡਾਟਾ ਬੇਸ ਨਹੀਂ ਹੈ ਅਤੇ ਉਹ ਇਸ ਬਾਰੇ ਪਤਾ ਕਰਵਾਉਣਗੇ।
ਡੀਸੀ ਦਾ ਕਹਿਣਾ ਸੀ ਕਿ ਇਨ੍ਹਾਂ ਲੋਕਾਂ ਦੀ ਸਰਕਾਰ ਮਦਦ ਕਰੇਗੀ ਅਤੇ ਉਹ ਕੋਸ਼ਿਸ਼ ਕਰਨਗੇ ਕੇਸ ਬਾਰੇ ਸੈਂਪਲ ਸਟੱਡੀ ਕਰਵਾਈ ਜਾਵੇ।
ਇਹ ਵੀ ਪੜ੍ਹੋ:
ਇਹ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












