ਫ਼ਾਰਸੀ ਦੇ ਮਸ਼ਹੂਰ ਸ਼ਾਇਰ ਸ਼ੇਖ਼ ਸਾਦੀ ਨੇ ਜਦੋਂ ਬ੍ਰਾਹਮਣ ਨਾਲ ਦੋਸਤੀ ਕਰਕੇ ਸੋਮਨਾਥ ਮੰਦਰ 'ਚ 'ਚਮਤਕਾਰ' ਦੇਖਿਆ

ਸ਼ੇਖ਼ ਸਾਦੀ

ਤਸਵੀਰ ਸਰੋਤ, Alamy

ਤਸਵੀਰ ਕੈਪਸ਼ਨ, ਸ਼ੇਖ਼ ਸਾਦੀ
    • ਲੇਖਕ, ਮਿਰਜ਼ਾ ਏਬੀ ਬੇਗ
    • ਰੋਲ, ਬੀਬੀਸੀ ਉਰਦੂ

ਦੁਨੀਆ ਭਰ ’ਚ ਇੱਕ ਜ਼ਮਾਨੇ ਤੋਂ ਕਿਸੇ ਦੀ ਵਿਦਿਅਕ ਯੋਗਤਾ ਅਤੇ ਉਸ ਦੀ ਸਮਰੱਥਾ ਦਾ ਅੰਦਾਜ਼ਾ ਉਸ ਦੀਆਂ ਡਿਗਰੀਆਂ ਤੋਂ ਲਗਾਇਆ ਜਾਂਦਾ ਰਿਹਾ ਹੈ, ਪਰ ਅੱਜ ਤੋਂ ਕਈ ਸੌ ਸਾਲ ਪਹਿਲਾਂ ਭਾਰਤੀ ਉਪ ਮਹਾਂਦੀਪ ’ਚ ਕਿਸੇ ਦਾ ਵਿਦਿਅਕ ਪੱਧਰ ਇਸ ਗੱਲ ਤੋਂ ਪਰਖਿਆ ਜਾਂਦਾ ਸੀ ਕਿ ਕੀ ਉਸ ਨੇ ‘ਗੁਲਿਸਤਾਂ’ ਅਤੇ ‘ਬੋਸਤਾਂ’ ਪੜ੍ਹੀਆਂ ਹਨ।

ਇਹ ਦੋ ਕਿਤਾਬਾਂ ਕਿਸੇ ਡਿਗਰੀ ਤੋਂ ਘੱਟ ਨਹੀਂ ਸਨ ਅਤੇ ਬਹੁਤ ਸਾਰੇ ਅਹਿਮ ਵਿਅਕਤੀਆਂ ਦੀਆਂ ਜੀਵਨੀਆਂ ’ਚ ਬਹੁਤ ਹੀ ਮਾਣ ਨਾਲ ਇਨ੍ਹਾਂ ਦਾ ਜ਼ਿਕਰ ਵੀ ਮਿਲਦਾ ਹੈ ਕਿ ਉਨ੍ਹਾਂ ਨੇ ਜਵਾਨ ਹੋਣ ਦੀ ਉਮਰ ਤੱਕ ਗੁਲਿਸਤਾਂ ਅਤੇ ਬੋਸਤਾਂ ਦੋਵਾਂ ਨੂੰ ਪੜ੍ਹ ਲਿਆ ਸੀ ਜਾਂ ਕਈ ਥਾਵਾਂ ’ਤੇ ਤਾਂ ਇਹ ਵੀ ਕਿਹਾ ਜਾਂਦਾ ਸੀ ਕਿ ਉਨ੍ਹਾਂ ਨੂੰ ਇਹ ਦੋਵੇਂ ਕਿਤਾਬਾਂ ਪੂਰੀ ਤਰ੍ਹਾਂ ਨਾਲ ਯਾਦ ਸਨ।

ਇਹ ਦੋਵੇਂ ਕਿਤਾਬਾਂ ਤਕਰੀਬਨ 750 ਸਾਲ ਪਹਿਲਾਂ 13ਵੀਂ ਸਦੀ ’ਚ ਅਬੂ ਮੁਹੰਮਦ ਮੁਸਲੇਹ ਉੱਦੀਨ ਬਿਨ ਅਬਦੁੱਲਾ ਸ਼ੀਰਾਜ਼ੀ ਵੱਲੋਂ ਲਿਖੀਆਂ ਗਈਆਂ ਸਨ, ਜਿਨ੍ਹਾਂ ਦਾ ਸਿੱਕਾ ਅੱਜ ਵੀ ਚੱਲਦਾ ਹੈ।

ਉਨ੍ਹਾਂ ਨੂੰ ਆਮ ਤੌਰ ’ਤੇ ਸ਼ੇਖ਼ ਸਾਦੀ ਜਾਂ ਸਾਦੀ ਸ਼ੀਰਾਜ਼ੀ ਦੇ ਨਾਮ ਨਾਲ ਪੁਕਾਰਿਆ ਜਾਂਦਾ ਹੈ। ਉਨ੍ਹਾਂ ਦੇ ਨਾਮ ’ਚ ਸ਼ਿਰਾਜ਼ੀ ਇਸ ਲਈ ਲਿਖਿਆ ਜਾਂਦਾ ਹੈ ਕਿਉਂਕਿ ਉਹ ਈਰਾਨ ਦੇ ਸ਼ਹਿਰ ਸ਼ੀਰਾਜ਼ ਦੇ ਵਸਨੀਕ ਸਨ।

ਗੁਲਿਸਤਾਂ ਦੀ ਇੱਕ ਨਜ਼ਮ ‘ਬਣੀ ਆਦਮ ਆਜ਼ਾਈ ਯਕ ਦੀਗਰੰਦ’ ਦੀ ਇਹੀ ਲਾਈਨ ਈਰਾਨ ਦੇ ਸਿੱਕੇ ’ਤੇ ਲਿਖੀ ਗਈ ਹੈ।

ਇਸ ਲਾਈਨ ਦਾ ਮਤਲਬ ਹੈ ਕਿ ਸਾਰੇ ਹੀ ਮਨੁੱਖ ਇੱਕ ਦੂਜੇ ਦੇ ਅੰਗ ਹਨ। ਇਹ ਪੂਰੀ ਨਜ਼ਮ ਉਸ ਗਲੀਚੇ/ਕਾਰਪੇਟ ’ਤੇ ਦਰਜ ਕੀਤੀ ਗਈ ਸੀ ਜੋ ਕਿ 2005 ’ਚ ਨਿਊਯਾਰਕ ਸਥਿਤ ਸੰਯੁਕਤ ਰਾਸ਼ਟਰ ਦੇ ਮੁੱਖ ਦਫ਼ਤਰ ਨੂੰ ਈਰਾਨ ਵੱਲੋਂ ਭੇਂਟ ਕੀਤੀ ਗਈ ਸੀ।

ਇਸ ਬਾਰੇ ’ਚ ਸੰਯੁਕਤ ਰਾਸ਼ਟਰ ਦੇ ਸਾਬਕਾ ਪ੍ਰਧਾਨ ਬਾਨ ਕੀ ਮੂਨ ਨੇ ਕਿਹਾ ਸੀ, “ਸ਼ੰਯੁਕਤ ਰਾਸ਼ਟਰ ਦੇ ਅੰਦਰੂਨੀ ਦਰਵਾਜ਼ੇ ’ਤੇ ਇੱਕ ਸ਼ਾਨਦਾਰ ਕਾਰਪੇਟ ਲੱਗਿਆ ਹੋਇਆ ਹੈ ਜੋ ਕਿ ਸੰਯੁਕਤ ਰਾਸ਼ਟਰ ਦੀ ਕੰਧ ਦੀ ਸ਼ਾਨ ਵਧਾਉਂਦਾ ਹੈ। ਇਹ ਈਰਾਨ ਵਾਸੀਆਂ ਵੱਲੋਂ ਦਿੱਤਾ ਗਿਆ ਇੱਕ ਤੋਹਫ਼ਾ ਹੈ ਜਿਸ ’ਤੇ ਫ਼ਾਰਸੀ ਦੇ ਮਸ਼ਹੂਰ ਸ਼ਾਇਰ ਸਾਦੀ ਦੇ ਲਾਜਵਾਬ ਸ਼ਬਦ ਲਿਖੇ ਹੋਏ ਹਨ।''

ਕੋਲਕੱਤਾ ਯੂਨੀਵਰਸਿਟੀ ’ਚ ਫ਼ਾਰਸੀ ਦੇ ਪ੍ਰੋਫੈਸਰ ਮੁਹੰਮਦ ਸ਼ਕੀਲ ਦਾ ਕਹਿਣਾ ਹੈ ਕਿ 700 ਸਾਲ ਬਾਅਦ ਵੀ ਜੇਕਰ ਕੋਈ ਸ਼ਾਇਰ ਇੰਨਾ ਮਹੱਤਵਪੂਰਨ ਅਤੇ ਸਮਕਾਲੀ ਹੋਵੇ ਤਾਂ ਉਸ ਨੂੰ ਬੁਲਬੁਲ-ਏ-ਸ਼ੀਰਾਜ਼ (ਸ਼ੀਰਾਜ਼ ਦਾ ਬੁਲਬੁਲ) ਅਤੇ ‘ਸ਼ਬਦਾਂ ਦਾ ਪੈਗੰਬਰ’ ਕਿਉਂ ਨਾ ਕਿਹਾ ਜਾਵੇ।

ਸ਼ੇਖ਼ ਸਾਦੀ

ਤਸਵੀਰ ਸਰੋਤ, Alamy

ਮੁੱਢਲਾ ਜੀਵਨ

ਮੁਹੰਮਦ ਸ਼ਕੀਲ ਦਾ ਕਹਿਣਾ ਹੈ ਕਿ ਸਾਦੀ ਦਾ ਅਰਥ ਕਿਸਮਤ ਵਾਲਾ ਹੈ ਅਤੇ ਅੱਜ ਤੱਕ ਉਨ੍ਹਾਂ ਦੀ ਪ੍ਰਸਿੱਧੀ ‘ਜਿਵੇਂ ਦਾ ਨਾਮ, ਉਵੇਂ ਦਾ ਕੰਮ’ ਦੀ ਵਿਸ਼ੇਸ਼ ਮਿਸਾਲ ਹੈ।

ਉਨ੍ਹਾਂ ਨੇ ਅੱਗੇ ਦੱਸਿਆ ਕਿ ਸ਼ੇਖ਼ ਸਾਦੀ ਦੇ ਜੀਵਨ ਸਬੰਧੀ ਵਧੇਰੇ ਜਾਣਕਾਰੀ ਉਲਬਧ ਨਹੀਂ ਹੈ, ਪਰ ਉਨ੍ਹਾਂ ਨੇ ਆਪਣੀਆਂ ਕਿਤਾਬਾਂ, ਲਿਖਤਾਂ ’ਚ ਆਪਣੇ ਬਾਰੇ ਜੋ ਕੁਝ ਵੀ ਕਿਹਾ ਹੈ, ਉਸ ਦੇ ਆਧਾਰ ’ਤੇ ਉਨ੍ਹਾਂ ਦੇ ਜੀਵਨ ਦੀ ਵਧੀਆ ਰੂਪਰੇਖਾ ਤਿਆਰ ਕੀਤੀ ਜਾ ਸਕਦੀ ਹੈ ਅਤੇ ਉਹ ਆਪਣੇ ਆਪ ’ਚ ਕਾਫੀ ਹੈ।

ਫ਼ਾਰਸੀ ਇਤਿਹਾਸ ਦੀ ਕਿਤਾਬ ‘ਸਨਾਦੀਦ-ਏ-ਅਜਮ’ ’ਚ ਉਨ੍ਹਾਂ ਦੇ ਜਨਮ ਬਾਰੇ ਕਿਹਾ ਗਿਆ ਹੈ ਕਿ ਉਹ ਸ਼ੀਰਾਜ਼ ’ਚ 1200 ਈਸਵੀ ਦੇ ਪਹਿਲੇ ਦਹਾਕੇ ’ਚ ਪੈਦਾ ਹੋਏ ਸਨ ਅਤੇ ਲਗਭਗ 100 ਸਾਲ ਤੱਕ ਜ਼ਿੰਦਾ ਰਹੇ।

ਪਰ ਹੋਰਨਾਂ ਇਤਿਹਾਸਕਾਰਾਂ ਨੇ ਉਨ੍ਹਾਂ ਦੀ ਉਮਰ 81-82 ਸਾਲ ਦੱਸੀ ਹੈ ਅਤੇ ਲਿਖਿਆ ਹੈ ਕਿ ਉਨ੍ਹਾਂ ਦਾ ਜਨਮ 1210 ਈਸਵੀ ਦੇ ਆਸ-ਪਾਸ ਹੋਇਆ ਸੀ ਅਤੇ 1291-92 ’ਚ ਉਨ੍ਹਾਂ ਦਾ ਦੇਹਾਂਤ ਹੋ ਗਿਆ ਸੀ।

ਉਰਦੂ ਦੇ ਪ੍ਰਸਿੱਧ ਸ਼ਾਇਰ ਅਤੇ ਇਤਿਹਾਸਕਾਰ ਅਲਤਾਫ਼ ਹੁਸੈਨ ਹਾਲੀ ਨੇ ਆਪਣੀ ਕਿਤਾਬ ‘ਹਯਾਤ-ਏ-ਸਾਦੀ’ ’ਚ ਲਿਖਿਆ ਹੈ ਕਿ ਉਨ੍ਹਾਂ ਨੂੰ ਸਿੱਖਿਆ ਦਾ ਗਿਆਨ ਉਨ੍ਹਾਂ ਦੇ ਪਿਤਾ ਜੀ ਨੇ ਦਿੱਤਾ ਸੀ ਅਤੇ ਉਹ ਸਿੱਖਿਆ ਨਾਲੋਂ ਅਧਿਆਤਮਿਕਤਾ ਵੱਲ ਵਧੇਰੇ ਆਕਰਸ਼ਿਤ ਸਨ, ਇਸ ਲਈ ਸਾਦੀ ’ਤੇ ਵੀ ਸ਼ੁਰੂ ਤੋਂ ਹੀ ਰੂਹਾਨੀਅਤ ਦਾ ਰੰਗ ਚੜ੍ਹ ਗਿਆ ਸੀ।

ਪਿਤਾ ਦੇ ਦੇਹਾਂਤ ਤੋਂ ਬਾਅਦ ਜਦੋਂ ਉਹ ਤਤਕਾਲੀ ਸਭ ਤੋਂ ਮਸ਼ਹੂਰ ਵਿਦਿਅਕ ਸੰਸਥਾ ਮਦਰੱਸਾ ਨਿਜ਼ਾਮੀਆ ’ਚ ਸਿੱਖਿਆ ਹਾਸਲ ਕਰਨ ਲਈ ਗਏ ਤਾਂ ਜਾਂ ਕੇ ਉਨ੍ਹਾਂ ’ਚ ਅਕਾਦਮਿਕ ਰੁਚੀ ਪੈਦਾ ਹੋਈ।

ਅਮਰੀਕੀ ਦਾਰਸ਼ਨਿਕ ਅਤੇ ਕਵੀ ਵਾਲਡੋ ਐਮਰਸਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਮਰੀਕੀ ਦਾਰਸ਼ਨਿਕ ਅਤੇ ਕਵੀ ਵਾਲਡੋ ਐਮਰਸਨ

ਵਿਦਿਆਰਥੀ ਜੀਵਨ ’ਚ ਸੂਫ਼ੀ ਨਾਚ ਤੋਂ ਪਰਹੇਜ਼

ਹਾਲੀ ਲਿਖਦੇ ਹਨ ਕਿ ਸ਼ੇਖ਼ ਸਾਦੀ ਬਚਪਨ ਤੋਂ ਹੀ ਸੂਫ਼ੀ ਸੁਭਾਅ ਦੇ ਮਾਲਕ ਸਨ। ਆਪਣੇ ਵਿਦਿਆਰਥੀ ਜੀਵਨ ਦੌਰਾਨ ਆਪ ਨਿਯਮਤ ਤੌਰ ’ਤੇ ਵਜਦ ਅਤੇ ਸਮਾਅ (ਸੂਫ਼ੀ ਕੱਵਾਲੀ ਅਤੇ ਨਾਚ) ਦੀਆਂ ਬੈਠਕਾਂ ’ਚ ਸ਼ਮੂਲੀਅਤ ਕਰਦੇ ਸਨ।

ਉਨ੍ਹਾਂ ਦੇ ਉਸਤਾਦ ਇਬਨ ਜੌਜ਼ੀ ਉਨ੍ਹਾਂ ਨੂੰ ਹਮੇਸ਼ਾਂ ਹੀ ਅਜਿਹੇ ਇੱਕਠਾਂ ’ਚ ਸ਼ਿਰਕਤ ਕਰਨ ਤੋਂ ਮਨਾ ਕਰਦੇ ਸਨ, ਪਰ ਉਨ੍ਹਾਂ ਨੂੰ ਇਸ ਦੀ ਆਦਤ ਲੱਗ ਗਈ ਸੀ ਅਤੇ ਇਸ ਮਾਮਲੇ ’ਚ ਕਿਸੇ ਦੀ ਵੀ ਸਲਾਹ ਦਾ ਉਨ੍ਹਾਂ ’ਤੇ ਕੋਈ ਅਸਰ ਨਹੀਂ ਹੁੰਦਾ ਸੀ।

ਉਹ ਦੱਸਦੇ ਹਨ ਕਿ ਇੱਕ ਦਿਨ ਕਿਸੇ ਮਜਲਿਸ ’ਚ ਉਨ੍ਹਾਂ ਦਾ ਪੰਗਾ ਇੱਕ ਬੇਸੁਰੇ ਕੱਵਾਲ ਨਾਲ ਪਿਆ ਅਤੇ ਸਾਰੀ ਰਾਤ ਉਨ੍ਹਾਂ ਨੂੰ ਮਜਬੂਰੀ ’ਚ ਉਸ ਨਾ ਪਸੰਦ ਕੱਵਾਲ ਨੂੰ ਸੁਣਨਾ ਪਿਆ।

ਪ੍ਰੋਗਰਾਮ ਖਤਮ ਹੋਣ ’ਤੇ ਸਾਦੀ ਨੇ ਸਿਰ ਤੋਂ ਪੱਗ ਲਾਹੀ ਅਤੇ ਜੇਬ ’ਚੋਂ ਇੱਕ ਦੀਨਾਰ (ਸਥਾਨਕ ਮੁਦਰਾ) ਲੱਢਿਆ ਅਤੇ ਇਹ ਦੋਵੇਂ ਹੀ ਚੀਜ਼ਾਂ ਕੱਵਾਲ ਨੂੰ ਭੇਂਟ ਕਰ ਦਿੱਤੀਆਂ।

ਅਮਰੀਕੀ ਦਾਰਸ਼ਨਿਕ ਅਤੇ ਕਵੀ ਵਾਲਡੋ ਐਮਰਸਨ ਦਾ ਕਹਿਣਾ ਹੈ ਕਿ ਸਾਦੀ ਦੇ ਜ਼ਮਾਨੇ ’ਚ ਕਿਤਾਬਾਂ ਦੇ ਪ੍ਰਕਾਸ਼ਨ ਦਾ ਬਹੁਤਾ ਪ੍ਰਬੰਧ ਨਹੀਂ ਸੀ। ਇਸ ਲਈ ਉੱਥੋਂ ਦੇ ਲੋਕ ਗਿਆਨ ਵਿਵੇਕ ਦੀਆ ਗੱਲਾਂ ਕਿਵੇਂ ਸੰਭਾਲ ਕੇ ਰੱਖਦੇ।

ਉਹ ਲਿਖਦੇ ਹਨ, “ ਇੱਕ ਅਜਿਹੇ ਦੇਸ਼ ’ਚ ਜਿੱਥੇ ਕੋਈ ਲਾਇਬ੍ਰੇਰੀ ਨਹੀਂ ਸੀ ਅਤੇ ਨਾ ਹੀ ਕੋਈ ਪ੍ਰਿੰਟਿੰਗ ਪ੍ਰੈਸ ਸੀ, ਅਜਿਹੇ ’ਚ ਲੋਕ ਗਿਆਨ ਸਬੰਧੀ ਗੱਲਾਂ ਨੂੰ ਜੁਮਲਿਆਂ ’ਚ ਬਿਆਨ ਕਰਦੇ ਸਨ।”

ਸਾਦੀ

ਤਸਵੀਰ ਸਰੋਤ, Alamy

ਈਮਾਨ , ਸਿਆਣਪ ਅਤੇ ਉਮੀਦ ਦਾ ਕਵੀ

ਸਾਦੀ ਕੋਲ ਸਿਆਣਪ ਦੀਆਂ ਅਜਿਹੀਆਂ ਗੱਲਾਂ ਵੱਡੀ ਗਿਣਤੀ ’ਚ ਮਿਲਦੀਆਂ ਹਨ।

ਐਮਰਸਨ ਲਿਖਦੇ ਹਨ ਕਿ ਉਨ੍ਹਾਂ ਦੀ ਲੇਖਨੀ ਸਮਾਨ ਰੂਪ ’ਚ ਪ੍ਰਭਾਵਸ਼ਾਲੀ ਹੈ ਅਤੇ ਸਪੱਸ਼ਟ ਤੌਰ ’ਤੇ ਹਾਸੇ-ਮਜ਼ਾਕ ਵਾਲੀ ਹੈ, ਜਿਸ ਨੇ ਉਨ੍ਹਾਂ ਦੇ ਨਾਮ ਨੂੰ ਉੱਤਮਤਾ ਦਾ ਸਮਾਨਾਰਥੀ ਬਣਾ ਦਿੱਤਾ ਹੈ।

ਉਨ੍ਹਾਂ ਦਾ ਕਹਿਣਾ ਸੀ ਕਿ ਸਾਦੀ ਪਾਠਕ ’ਚ ਬਿਹਤਰੀ ਦੀ ਉਮੀਦ ਪੈਦਾ ਕਰਦੇ ਹਨ।

ਉਹ ਉਨ੍ਹਾਂ ਦੀ ਤੁਲਨਾ ਅੰਗਰੇਜ਼ੀ ਦੇ ਮਸ਼ਹੂਰ ਕਵੀ ਲਾਰਡ ਬਾਇਰਨ ਨਾਲ ਕਰਦੇ ਹੋਏ ਲਿਖਦੇ ਹਨ, “ ਬਾਇਰਨ ਦੀ ਨੀਰਸ/ਸੁੱਕੀ ਸ਼ੈਲੀ ਅਤੇ ਸਾਦੀ ਦੇ ਕਿਰਪਾਲੂ ਵਿਵੇਕ ’ਚ ਕਿੰਨਾ ਅੰਤਰ ਹੈ?”

“ ਆਪਣੀ ਫ਼ਾਰਸੀ ਭਾਸ਼ਾ ਜ਼ਰੀਏ ਉਹ ਹਰ ਵਰਗ ਦੇ ਪਾਠਕ ਨਾਲ ਗੱਲ ਕਰਦੇ ਹਨ ਅਤੇ ਹੋਮਰ, ਸ਼ੇਕਸਪੀਅਰ, ਸਰਵੈਂਟਸ ਅਤੇ ਮੋਨਟੇਨ ਦੀ ਤਰ੍ਹਾਂ ਹਮੇਸ਼ਾ ਦੇ ਲਈ ਆਧੁਨਿਕ ਹਨ।”

ਪ੍ਰੋ. ਸ਼ਕੀਲ

ਤਸਵੀਰ ਸਰੋਤ, MOHAMMAD SHAKEEL

ਤਸਵੀਰ ਕੈਪਸ਼ਨ, ਪ੍ਰੋ. ਸ਼ਕੀਲ

“ ਗਜ਼ਲ ਦਾ ਪੈਗੰਬਰ”

ਸ਼ੇਖ਼ ਸਾਦੀ ਨੂੰ ਸ਼ਾਇਰੀ ਦੇ ਤਿੰਨ ਪੈਗੰਬਰਾਂ ’ਚੋਂ ‘ਗਜ਼ਲ ਦਾ ਪੈਗੰਬਰ’ ਕਿਹਾ ਗਿਆ ਹੈ।

ਫ਼ਾਰਸੀ ਦੇ ਨਾਮੀ ਸ਼ਾਇਰ ਜਾਮੀ ਲਿਖਦੇ ਹਨ, “ ਹਾਲਾਂਕਿ ਹੁਣ ਕੋਈ ਨਬੀ (ਈਸ਼ਦੂਤ) ਨਹੀਂ ਆਵੇਗਾ, ਪਰ ਸ਼ਾਇਰੀ ਦੇ ਤਿੰਨ ਪੈਗੰਬਰ ਹਨ। ਅਬਾਦਤ (ਸ਼ਾਇਰੀ ਦਾ ਇੱਕ ਰੂਪ) ਦੇ ਫ਼ਿਰਦੌਸੀ, ਕਸੀਦੇ (ਉਸਤਤ ਦੀ ਕਵੀਤਾ) ਦੇ ਅਨਵਰੀ ਅਤੇ ਗਜ਼ਲ ਦੇ ਸਾਦੀ ਹਨ।”

ਪ੍ਰੋ. ਸ਼ਕੀਲ ਨੇ ਬੀਬੀਸੀ ਨੂੰ ਦੱਸਿਆ ਕਿ ਪੂਰਬ ’ਚ ਉਨ੍ਹਾਂ ਦਾ ਪ੍ਰਭਾਵ ਪਿਛਲੀ ਸਦੀ ’ਚ ਘੱਟ ਹੋਇਆ ਹੈ ਪਰ ਪੱਛਮ ’ਚ ਪੂਰਬ ਦੇ ਕਵੀਆਂ ਦੀ ਉਸਤਤ ’ਚ ਵਾਧਾ ਹੋਇਆ ਹੈ ਅਤੇ ਹਾਫ਼ਿਜ਼ ਅਤੇ ਰੂਮੀ ਦੇ ਨਾਲ-ਨਾਲ ਸਾਦੀ ਦੀ ਲੇਖਨੀ ਦਾ ਲੋਹਾ ਵੀ ਮੰਨਿਆ ਗਿਆ ਹੈ।

ਉਨ੍ਹਾਂ ਨੇ ਕਿਹਾ ਕਿ ਸਾਦੀ ਨੇ ਨਾ ਸਿਰਫ ਕਵਿਤਾ ’ਚ ਸਗੋਂ ਵਾਰਤਕ ’ਚ ਵੀ ਆਪਣੀ ਅਮਿੱਟ ਛਾਪ ਛੱਡੀ ਹੈ ਅਤੇ ਇਨਸਾਨ ਨੂੰ ਜਦੋਂ ਵੀ ਮਨੁੱਖਤਾ ਦੀ ਜ਼ਰੂਰਤ ਹੋਵੇਗੀ ਤਾਂ ਉਨ੍ਹਾਂ ਦੇ ਸ਼ਬਦ ਲੋਕਾਂ ਦਾ ਮਾਰਗਦਰਸ਼ਨ ਜਰੂਰ ਕਰਨਗੇ।

ਅਮਰੀਕੀ ਦਾਰਸ਼ਨਿਕ, ਲੇਖਕ ਅਤੇ ਕਵੀ ਰਾਫ਼ ਵਾਲਡੋ ਐਮਰਸਨ ਨੇ ਸਾਦੀ ਬਾਰੇ ਆਪਣੇ ਬਹੁਤ ਹੀ ਜਾਣਕਾਰੀ ਭਰਪੂਰ ਲੇਖ ’ਚ ਅਫਸੋਸ ਪ੍ਰਗਟ ਕੀਤਾ ਹੈ ਕਿ ਉਨ੍ਹਾਂ ਨੂੰ ਪੱਛਮੀ ਦੁਨੀਆ ’ਚ ਪਛਾਣ ਦਵਾਉਣ ’ਚ ਦੇਰ ਹੋ ਗਈ ਹੈ, ਜਿਸ ਦੇ ਪਿੱਛੇ ਕਈ ਕਾਰਨ ਰਹੇ ਹੋਣਗੇ, ਪਰ ਜੇਕਰ ਥੋੜਾ ਪਹਿਲਾਂ ਉਨ੍ਹਾਂ ਦੀ ਜਾਣ-ਪਛਾਣ ਹੋ ਜਾਂਦੀ ਤਾਂ ਸਾਹਿਤ ਦੀ ਦਿਸ਼ਾ ਅਤੇ ਗਤੀ ਕੁਝ ਹੋਰ ਹੀ ਹੋਣੀ ਸੀ।

ਉਨ੍ਹਾਂ ਨੇ ਆਪਣੇ ਲੇਖ ’ਚ ਲਿਖਿਆ ਹੈ, “ਹਾਲਾਂਕਿ ਸਾਦੀ ਕੋਲ ਹਾਫ਼ਿਜ਼ ਵਰਗੀ ਸ਼ਾਇਰੀ ਦੀ ਕਲਪਨਾ ਸ਼ਕਤੀ ਨਹੀਂ ਹੈ, ਪਰ ਉਨ੍ਹਾਂ ’ਚ ਬੁੱਧੀ, ਵਿਹਾਰਕ ਅਹਿਸਾਸ ਅਤੇ ਨੈਤਿਕ ਭਾਵਨਾਵਾਂ ਹਨ। ਉਨ੍ਹਾਂ ਕੋਲ ਸਿਖਾਉਣ ਦਾ ਸੁਭਾਅ ਹੈ ਅਤੇ ਫਰੈਂਕਲਿਨ ਦੀ ਤਰ੍ਹਾਂ ਹਰ ਘਟਨਾ ਦੇ ਨੈਤਿਕ ਪੱਖ ਨੂੰ ਕੱਢਣ ਦਾ ਹੁਨਰ ਹੈ। ਉਹ ਦੋਸਤੀ, ਮੁਹਬੱਤ ਅਤੇ ਸ਼ਾਂਤੀ ਦੇ ਸ਼ਾਇਰ ਹਨ।”

ਮੰਗੋਲ ਸਿਪਾਹੀਆਂ

ਤਸਵੀਰ ਸਰੋਤ, GALLICA DIGITAL LIBRARY

ਤਸਵੀਰ ਕੈਪਸ਼ਨ, ਮੰਗੋਲ ਸਿਪਾਹੀਆਂ ਨੇ ਇੱਕ ਪੀੜ੍ਹੀ ਦੇ ਅੰਦਰ ਬਹੁਤ ਸਾਰਾ ਸੰਸਾਰ ਜਿੱਤ ਲਿਆ ਸੀ

ਸੈਰ-ਸਪਾਟੇ ’ਚ ਇਬਨੇ ਬਤੂਤਾ ਨਾਲ ਮੁਕਾਬਲਾ

ਸਾਦੀ ਦੇ ਬਾਰੇ ’ਚ ਕਿਹਾ ਜਾਂਦਾ ਹੈ ਕਿ ਉਨ੍ਹਾਂ ਨੇ 30 ਸਾਲ ਸਿੱਖਿਆ ਲੈਣ ’ਚ ਲਗਾਏ ਅਤੇ 30 ਸਾਲ ਯਾਤਰਾ ਅਤੇ ਸੈਰ-ਸਪਾਟੇ ’ਚ ਜਦਕਿ 30 ਸਾਲ ਸ਼ੀਰਾਜ਼ ’ਚ ਇਕਾਂਤ ’ਚ ਬਤੀਤ ਕੀਤੇ।

ਉਨ੍ਹਾਂ ਦੀ ਯਾਤਰਾ ਦੇ ਸਬੰਧ ’ਚ ਖ਼ਵਾਜ਼ਾ ਅਲਤਾਫ਼ ਹੁਸੈਨ ਹਾਲੀ ਨੇ ਸਰਗੋਰਾ ਵਸਲੀ ਦਾ ਹਵਾਲਾ ਦਿੰਦੇ ਹੋਏ ਲਿਖਿਆ ਹੈ, “ ਪੂਰਬੀ ਸੈਲਾਨੀਆਂ ’ਚ ਇਬਨੇ ਬਤੂਤਾ ਤੋਂ ਇਲਾਵਾ ਸ਼ੇਖ਼ ਸਾਦੀ ਤੋਂ ਵੱਧ ਕੇ ਕਿਸੇ ਹੋਰ ਸੈਲਾਨੀ ਦਾ ਨਾਮ ਅਸੀਂ ਨਹੀਂ ਸੁਣਿਆ ਹੈ। ਉਨ੍ਹਾਂ ਨੇ ਭਾਰਤ, ਏਸ਼ੀਆ ਕੋਚਕ (ਤੁਰਕੀ ਦਾ ਇੱਕ ਹਿੱਸਾ), ਇਥੋਪੀਆ, ਮਿਸਰ, ਸੀਰੀਆ, ਫਸਲਦੀਨ, ਅਰਮੀਨੀਆ, ਅਰਬ, ਈਰਾਨ ਅਤੇ ਇਰਾਕ ਤੱਕ ਸਫ਼ਰ ਕੀਤਾ ਹੈ।”

ਪਰ ਉਨ੍ਹਾਂ ਦੇ ਬਿਆਨ ਨੂੰ ਅਤਿਕਥਨੀ ਭਰਪੂਰ ਮੰਨਿਆ ਗਿਆ ਹੈ, ਕਿਉਂਕਿ ਉਨ੍ਹਾਂ ਨੇ ਸ਼ੇਖ਼ ਸਾਦੀ ਦੇ ਭਾਰਤ ’ਚ ਚਾਰ ਵਾਰ ਆਉਣ ਦਾ ਜ਼ਿਕਰ ਕੀਤਾ ਹੈ।

ਵੈਸੇ ਤਾਂ ‘ਗੁਲਿਸਤਾਂ’ ਅਤੇ ‘ਬੋਸਤਾਂ’ ’ਚ ਉਨ੍ਹਾਂ ਨੇ ਜੋ ਕੁਝ ਵੀ ਲਿਖਿਆ ਹੈ ਉਸ ਦੇ ਅਨੁਸਾਰ ਅਲਤਾਫ਼ ਹੁਸੈਨ ਹਾਲੀ ਲਿਖਦੇ ਹਨ ਕਿ ਉਹ ਪੂਰਬ ’ਚ ਖ਼ੁਰਾਸਾਨ, ਤਰਕਿਸਤਾਨ ਅਤੇ ਤਾਤਾਰ ਤੱਕ ਗਏ ਸਨ ਅਤੇ ਬਲਖ਼ (ਅਫ਼ਗਾਨਿਸਤਾਨ) ਅਤੇ ਕਾਸ਼ਗ਼ਰ (ਚੀਨ) ’ਚ ਠਹਿਰੇ ਸਨ।

ਦੱਖਣ ’ਚ ਸੋਮਨਾਥ ਤੱਕ ਗਏ ਸਨ ਅਤੇ ਇੱਕ ਸਮੇਂ ਤੱਕ ਉੱਥੇ ਹੀ ਰੁੱਕੇ ਸਨ ਅਤੇ ਫਿਰ ਪੱਛਮੀ ਭਾਰਤ ਵੱਲ ਘੁੰਮਦੇ ਹੋਏ ਸਮੁੰਦਰ ਰਸਤੇ ਅਰਬ ਚਲੇ ਗਏ ਸਨ।

ਉਹ ਮੰਗੋਲਾਂ ਅਤੇ ਫਿਰੰਗੀਆਂ ਦੀ ਕੈਦ ’ਚ ਵੀ ਰਹੇ ਸਨ। ਉਨ੍ਹਾਂ ਨੇ ਗੁਲਿਸਤਾਂ ’ਚ ਆਪਣੀ ਕੈਦ ਦੀ ਘਟਨਾ ਦਾ ਵਰਣਨ ਕੀਤਾ ਹੈ, ਜੋ ਕਿ ਇਸ ਤਰ੍ਹਾਂ ਨਾਲ ਹੈ:-

ਸ਼ੇਖ਼ ਸਾਦੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸ਼ੇਖ਼ ਸਾਦੀ

ਉਹ ਦਮਸ਼ਿਕ ਦੇ ਲੋਕਾਂ ਨਾਲ ਨਾਰਾਜ਼ ਹੋ ਕੇ ਫਲਸਤੀਨ ਦੇ ਜੰਗਲਾਂ ’ਚ ਰਹਿਣ ਲੱਗ ਪਏ ਸਨ, ਜਿੱਥੋਂ ਉਨ੍ਹਾਂ ਨੂੰ ਈਸਾਈਆਂ ਨੇ ਫੜ ਲਿਆ ਸੀ। ਉਸ ਸਮੇਂ ਤ੍ਰਿਪੋਲੀ ਵਿਖੇ ਸ਼ਹਿਰ ਦੀ ਸੁਰੱਖਿਆ ਲਈ ਖੱਢ ਪੁੱਟੀ ਜਾ ਰਹੀ ਸੀ ਅਤੇ ਉਨ੍ਹਾਂ ਨੂੰ ਯਹੂਦੀ ਕੈਦੀਆਂ ਦੇ ਨਾਲ ਹੀ ਖੁਦਾਈ ਦੇ ਕੰਮ ’ਤੇ ਲਗਾ ਦਿੱਤਾ ਗਿਆ।

ਉਸੇ ਸਮੇਂ ਹਲਬ (ਸੀਰੀਆ) ਦੇ ਇੱਕ ਵਿਅਕਤੀ ਦਾ ਉੱਥੋਂ ਗੁਜ਼ਰਨਾ ਹੋਇਆ ਅਤੇ ਉਨਾਂ ਸ਼ੇਖ਼ ਨੂੰ ਪਛਾਣ ਲਿਆ ਅਤੇ 10 ਦੀਨਾਰ ਅਦਾ ਕਰਕੇ ਉਸ ਨੇ ਸ਼ੇਖ਼ ਨੂੰ ਰਿਹਾਅ ਕਰਵਾ ਲਿਆ ਅਤੇ ਆਪਣੀ ਧੀ ਨਾਲ ਉਨ੍ਹਾਂ ਦਾ ਵਿਆਹ 100 ਦੀਨਾਰ ਮੇਹਰ ’ਤੇ ਕਰਵਾਇਆ।

ਸ਼ੇਖ਼ ਨੇ ਕੁਝ ਸਮਾਂ ਤਾਂ ਇਸ ਔਰਤ ਨਾਲ ਬਿਤਾਇਆ ਪਰ ਉਸ ਪਤਨੀ ਦੇ ਮਾੜੇ ਵਤੀਰੇ ਨੇ ਉਨ੍ਹਾਂ ਦੀ ਨੱਕ ’ਚ ਦਮ ਕਰ ਦਿੱਤਾ ਸੀ। ਇੱਕ ਵਾਰ ਉਨ੍ਹਾਂ ਦੀ ਪਤਨੀ ਨੇ ਤਾਨਾ ਮਾਰਦਿਆ ਕਿਹਾ ਕਿ ਤੁਸੀਂ ਉਹੀ ਹੋ ਨਾ ਜਿਸ ਨੂੰ ਮੇਰੇ ਪਿਤਾ ਜੀ ਨੇ 10 ਦੀਨਾਰ ਦੇ ਕੇ ਖਰੀਦਿਆ ਸੀ? ਸ਼ੇਖ਼ ਨੇ ਕਿਹਾ, ਬੇਸ਼ੱਕ ਮੈਂ ਉਹ ਹੀ ਹਾਂ, ਜਿਸ ਨੂੰ 10 ਦੀਨਾਰ ’ਚ ਖਰੀਦਿਆ ਸੀ ਅਤੇ 100 ਦੀਨਾਰ ’ਚ ਤੁਹਾਡੇ ਹੱਥਾਂ ’ਚ ਵੇਚ ਦਿੱਤਾ।

ਉਹ ਵਧੇਰੇਤਰ ਸਮਾਂ ਫਕੀਰਾਂ ਦੀ ਤਰ੍ਹਾਂ ਬੇਘਰ ਰਹੇ ਅਤੇ ਯਾਤਰਾ ਦੌਰਾਨ ਬਹੁਤ ਦੁੱਖ ਝੱਲੇ, ਜਿੱਥੇ ਵੀ ਗਏ ਉੱਥੇ ਕੰਮ ਕੀਤਾ। ‘ਨਫ਼ਖਾਤੁਲ ਅਨਸ’ ’ਚ ਲਿਖਿਆ ਗਿਆ ਹੈ ਕਿ ਸ਼ੇਖ਼ ਨੇ ਬਹੁਤ ਸਮੇਂ ਤੱਕ ਬੈਤੁਲ ਮੁਕੱਦਸ ਅਤੇ ਸੀਰੀਆ ਦੇ ਸ਼ਹਿਰਾ ’ਚ ਪਾਣੀ ਭਰਨ ਅਤੇ ਪਿਲਾਉਣ ਦਾ ਕੰਮ ਕੀਤਾ ਸੀ।

‘ਗੁਲਿਸਤਾਂ’ ’ਚ ਉਹ ਆਪਣੀ ਤਕਲੀਫ਼ ਦਾ ਵਰਣਨ ਕਰਦੇ ਹੋਏ ਲਿਖਦੇ ਹਨ, “ਮੈਂ ਕਦੇ ਵੀ ਲੋਕਾਂ ਨਾਲ ਅਤੇ ਅਸਮਾਨ ਤੋਂ ਮਿਲੇ ਦੁੱਖਾਂ ਦੀ ਸ਼ਿਕਾਇਤ ਨਹੀਂ ਕੀਤੀ ਹੈ, ਪਰ ਜਦੋਂ ਮੇਰੇ ਪੈਰਾਂ ’ਚ ਚੱਪਲ ਤੱਕ ਨਹੀਂ ਸੀ ਅਤੇ ਨਾ ਹੀ ਖਰੀਦਣ ਦੀ ਹੈਸੀਅਤ ਸੀ, ਉਸ ਸਮੇਂ ਮੇਰੇ ਸਬਰਦਾ ਬੰਨ੍ਹ ਟੁੱਟ ਗਿਆ ਸੀ।''

''ਇਸ ਦੁਖਦਾਈ ਸਥਿਤੀ ’ਚ ਜਦੋਂ ਮੈਂ ਜਾਮਾ ਮਸਜਿਦ ਪਹੁੰਚਿਆ ਤਾਂ ਮੈਂ ਉੱਥੇ ਇੱਕ ਵਿਅਕਤੀ ਨੂੰ ਵੇਖਿਆ ਜਿਸ ਦੇ ਪੈਰ ਹੀ ਨਹੀਂ ਸਨ। ਉਸ ਸਮੇਂ ਮੈਂ ਪ੍ਰਮਾਤਮਾ ਦਾ ਧੰਨਵਾਦ ਕੀਤਾ ਅਤੇ ਆਪਣੇ ਨੰਗੇ ਪੈਰਾਂ ਨੂੰ ਤੋਹਫ਼ਾ ਸਮਝਿਆ।”

ਸੋਮਨਾਥ ਮੰਦਿਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੋਮਨਾਥ ਮੰਦਿਰ

ਭਾਰਤ ਦੀ ਯਾਤਰਾ ਅਤੇ ਸੋਮਨਾਥ ਮੰਦਿਰ ਦੀ ਹਾਲਤ

ਭਾਰਤ ਦਾ ਜ਼ਿਕਰ ਬੋਸਤਾਂ ਦੇ 8ਵੇਂ ਅਧਿਆਏ ’ਚ ਦਰਜ ਹੈ।

ਉਹ ਲਿਖਦੇ ਹਨ, “ਸੋਮਨਾਥ ਪਹੁੰਚਿਆ ਤਾਂ ਵੇਖਿਆ ਕਿ ਹਜ਼ਾਰਾਂ ਦੀ ਗਿਣਤੀ ’ਚ ਲੋਕ ਇੱਕ ਮੂਰਤੀ ਦੀ ਪੂਜਾ ਲਈ ਦੂਰ ਦਰਾਡੇ ਤੋਂ ਉੱਥੇ ਪਹੁੰਚਦੇ ਹਨ ਅਤੇ ਉਸ ਤੋਂ ਮੁਰਾਦਾਂ ਮੰਗਦੇ ਹਨ। ਮੈਨੂੰ ਹੈਰਾਨੀ ਹੋਈ ਕਿ ਇੱਕ ਜਾਨਦਾਰ ਕਿਸੇ ਬੇਜਾਨ ਦੀ ਪੂਜਾ ਕਿਉਂ ਕਰਦਾ ਹੈ?”

“ ਮੈਂ ਇਹ ਸਭ ਜਾਣਨ ਲਈ ਇੱਕ ਬ੍ਰਾਹਮਣ ਨਾਲ ਦੋਸਤੀ ਕੀਤੀ ਅਤੇ ਉਸ ਤੋਂ ਪੁੱਛਿਆ ਤਾਂ ਉਸ ਬ੍ਰਾਹਮਣ ਨੇ ਮੰਦਿਰ ਦੇ ਪੁਜਾਰੀਆਂ ਨੂੰ ਖ਼ਬਰ ਕਰ ਦਿੱਤੀ। ਉਨ੍ਹਾਂ ਸਾਰਿਆਂ ਨੇ ਮੈਨੂੰ ਘੇਰਾ ਪਾ ਲਿਆ। ਮੈਂ ਸਮੇਂ ਦੀ ਨਜ਼ਾਕਤ ਨੂੰ ਸਮਝਦਿਆ ਉਨ੍ਹਾਂ ਦੇ ਸਰਦਾਰ ਨੂੰ ਕਿਹਾ ਕਿ ਮੈਂ ਤਾਂ ਖੁਦ ਇਸ ਮੂਰਤੀ ’ਤੇ ਫਿਦਾ ਹਾਂ, ਪਰ ਕਿਉਂਕਿ ਮੈਂ ਇੱਥੇ ਨਵਾਂ ਹਾਂ ਇਸ ਲਈ ਮੈਂ ਇਸ ਦੇ ਭੇਦ, ਕਰਾਮਾਤਾਂ ਨਹੀਂ ਜਾਣਦਾ ਹਾਂ ਅਤੇ ਅਸਲ ਸੱਚਾਈ ਜਾਣਨਾ ਚਾਹੁੰਦਾ ਹਾਂ ਤਾਂ ਜੋ ਸਮਝਦਾਰੀ ਨਾਲ ਇਸ ਦੀ ਪੂਜਾ ਕਰ ਸਕਾਂ।”

“ ਉਸ ਨੂੰ ਮੇਰੀ ਇਹ ਗੱਲ ਠੀਕ ਲੱਗੀ ਅਤੇ ਉਸ ਨੇ ਰਾਤ ਨੂੰ ਮੰਦਿਰ ’ਚ ਹੀ ਰੁਕਣ ਲਈ ਕਿਹਾ। ਮੈਂ ਸਾਰੀ ਰਾਤ ਉੱਥੇ ਹੀ ਰਿਹਾ ਅਤੇ ਸਵੇਰ ਹੁੰਦਿਆਂ ਹੀ ਨਗਰ ਦੀਆਂ ਸਾਰੀਆਂ ਔਰਤਾਂ ਅਤੇ ਮਰਦ ਉੱਥੇ ਇੱਕਠੇ ਹੋ ਗਏ। ਉਸ ਮੂਰਤੀ ਨੇ ਆਪਣਾ ਹੱਥ ਇੰਝ ਉੱਪਰ ਚੁੱਕਿਆ ਜਿਵੇਂ ਕੋਈ ਦੁਆ ਮੰਗਦਾ ਹੋਵੇ। ਇਹ ਵੇਖਦੇ ਹੀ ਸਾਰੇ ਜੈ-ਜੈ ਬਲਾਉਣ ਲੱਗ ਪਏ।”

“ ਜਦੋਂ ਸਾਰੇ ਲੋਕ ਚਲੇ ਗਏ ਤਾਂ ਬ੍ਰਾਹਮਣ ਨੇ ਹੱਸ ਕੇ ਕਿਹਾ, ਕਿਉਂ ਹੁਣ ਤਾਂ ਕੋਈ ਸ਼ੱਕ ਬਾਕੀ ਨਹੀਂ ਹੈ? ਮੈਂ ਉੱਚੀ-ਉੱਚੀ ਰੋਣ ਲੱਗ ਪਿਆ ਅਤੇ ਆਪਣੇ ਸਵਾਲ ’ਤੇ ਸ਼ਰਮਿੰਦਗੀ ਪ੍ਰਗਟ ਕੀਤੀ। ਸਾਰਿਆਂ ਨੇ ਮੇਰੇ ’ਤੇ ਮਿਹਰਬਾਨੀ ਕੀਤੀ ਅਤੇ ਮੇਰਾ ਹੱਥ ਫੜ੍ਹ ਕੇ ਮੂਰਤੀ ਕੋਲ ਲੈ ਗਏ। ਮੈਂ ਮੂਰਤੀ ਦਾ ਹੱਥ ਚੁੰਮਿਆ ਅਤੇ ਬਾਹਰੀ ਤੌਰ ’ਤੇ ਕੁਝ ਸਮੇਂ ਲਈ ਬ੍ਰਾਹਮਣ ਬਣ ਗਿਆ।”

“ ਜਦੋਂ ਮੰਦਿਰ ’ਚ ਸਾਰਿਆਂ ਦਾ ਮੇਰੇ ’ਤੇ ਭਰੋਸਾ ਵਧ ਗਿਆ ਤਾਂ ਇੱਕ ਦਿਨ ਰਾਤ ਨੂੰ ਜਦੋਂ ਸਾਰੇ ਉੱਥੋਂ ਚਲੇ ਗਏ ਤਾਂ ਮੈਂ ਮੰਦਿਰ ਦਾ ਦਰਵਾਜ਼ਾ ਅੰਦਰੋ ਬੰਦ ਕਰ ਦਿੱਤਾ ਅਤੇ ਮੂਰਤੀ ਦੀ ਤਖ਼ਤੀ ਦੇ ਨੇੜੇ ਜਾ ਕੇ ਧਿਆਨ ਨਾਲ ਇੱਧਰ-ਉੱਧਰ ਵੇਖਣਾ ਸ਼ੁਰੂ ਕੀਤਾ।''

''ਉੱਥੇ ਮੈਨੂੰ ਇੱਕ ਪਰਦਾ ਨਜ਼ਰ ਆਇਆ, ਜਿਸ ਦੇ ਪਿੱਛੇ ਇੱਕ ਪੁਜਾਰੀ ਲੁਕਿਆ ਬੈਠਿਆ ਸੀ ਅਤੇ ਉਸ ਦੇ ਹੱਥ ’ਚ ਇੱਕ ਧਾਗਾ ਸੀ। ਪਤਾ ਇਹ ਲੱਗਿਆ ਕਿ ਜਦੋਂ ਉਹ ਉਸ ਧਾਗੇ ਨੂੰ ਖਿੱਚਦਾ ਹੈ ਤਾਂ ਤੁਰੰਤ ਉਸ ਮੂਰਤੀ ਦਾ ਹੱਥ ਉੱਪਰ ਵੱਲ ਨੂੰ ਉੱਠ ਜਾਂਦਾ ਹੈ ਅਤੇ ਉਸ ਨੂੰ ਹੀ ਆਮ ਲੋਕ ਚਮਤਕਾਰ ਸਮਝ ਬੈਠਦੇ ਹਨ।”

“ ਜਿਵੇਂ ਹੀ ਉਸ ਪੁਜਾਰੀ ਨੇ ਵੇਖਿਆ ਕਿ ਉਨਾਂ ਦਾ ਰਾਜ਼ ਖੁੱਲ੍ਹ ਗਿਆ ਹੈ ਤਾਂ ਉਹ ਹਫੜਾ-ਦਫੜੀ ’ਚ ਉੱਥੋਂ ਭੱਜ ਖੜdue ਹੋਇਆ। ਮੈਂ ਵੀ ਉਸ ਦੇ ਪਿੱਛੇ ਭੱਜਿਆ ਕਿ ਕਿਤੇ ਮੈਨੂੰ ਹੀ ਫੜ ਕੇ ਮਰਵਾ ਨਾ ਦੇਵੇ। ਮੈਂ ਉਸ ਨੂੰ ਫੜ ਕੇ ਇੱਕ ਖੂਹ ’ਚ ਸੁੱਟ ਦਿੱਤਾ ਅਤੇ ਤੁਰੰਤ ਉੱਥੋਂ ਭੱਜ ਗਿਆ ਅਤੇ ਯਮਨ ਦੇ ਰਸਤੇ ਹਿਜਾਜ਼ (ਅਰਬ) ਪਹੁੰਚਿਆ।”

ਪਰ ਫ਼ਾਰਸੀ ਸਾਹਿਤ ਦੇ ਬਹੁਤ ਸਾਰੇ ਆਲੋਚਕਾਂ ਦਾ ਕਹਿਣਾ ਹੈ ਕਿ ਸਾਦੀ ਨੇ ਕਦੇ ਭਾਰਤ ਦੀ ਯਾਤਰਾ ਕੀਤੀ ਹੀ ਨਹੀਂ ਅਤੇ ਉਨ੍ਹਾਂ ਦਾ ਮੰਨਣਾ ਹੈ ਕਿ ਇਹ ਕਹਾਣੀ ਸੁਣੀ ਸੁਣਾਈ ਕਹਾਣੀ ਹੈ, ਨਾ ਕਿ ਆਪ ਬਿਤੀ।

ਜਵਾਹਰਲਾਲ ਨਹਿਰੂ ਯੂਨਿਵਰਸਿਟੀ ਦੇ ਪ੍ਰੋਫੈਸਰ ਅਖ਼ਲਾਕ ਅਹਿਮਦ ਆਹਨ ਨੇ ਬੀਬੀਸੀ ਨੂੰ ਦੱਸਿਆ, “ ਬਲਬਨ ਦੇ ਜ਼ਮਾਨੇ ’ਚ ਨੌਜਵਾਨ ਅਮੀਰ ਖੁਸਰੋ ਅਤੇ ਉਨ੍ਹਾਂ ਦੇ ਦੋਸਤ ਹਸਨ ਦੇਹਲਵੀ ਮੁਲਤਾਨ ’ਚ ਸ਼ਹਿਜ਼ਾਦਾ ਮੁਹੰਮਦ ਦੇ ਦਰਬਾਰ ਨਾਲ ਜੁੜੇ ਹੋਏ ਸਨ ਅਤੇ ਉਹ ਦੋਵੇਂ ਹੀ ਸਾਦੀ ਦੇ ਪ੍ਰਸ਼ੰਸਕ ਅਤੇ ਪੈਰੋਕਾਰ ਸਨ।''

''ਉਨ੍ਹਾਂ ਦੇ ਕਹਿਣ ’ਤੇ ਹੀ ਸ਼ਹਿਜ਼ਾਦਾ ਨੇ ਸਾਦੀ ਨੂੰ ਦਾਵਤ ’ਤੇ ਸੱਦਿਆ ਪਰ ਬੁਢਾਪੇ ਕਾਰਨ ਉਨ੍ਹਾਂ ਨੇ ਨਾ ਆਉਣ ਕਰਕੇ ਮੁਆਫੀ ਮੰਗੀ। ਬਾਅਦ ’ਚ ਉਨ੍ਹਾਂ ਦੀ ਰਾਹ ’ਤੇ ਚੱਲਦਿਆਂ ਹਸਨ ਦੇਹਲਵੀ ਨੂੰ ਭਾਰਤਦਾ ਸਾਦੀ ਕਿਹਾ ਗਿਆ ਅਤੇ ਖੁਸਰੋ ਨੇ ਆਪਣੀ ਰਾਹ ਵੱਖ ਕਰ ਲਈ।”

ਉਨ੍ਹਾਂ ਨੇ ਇਹ ਵੀ ਕਿਹਾ ਕਿ ਹਾਲੀ ਦੀ ਕਿਤਾਬ ‘ਹਯਾਤ-ਏ-ਸਾਦੀ’ ਸਾਦੀ ਦੇ ਬਾਰੇ ’ਚ ਉਰਦੂ ’ਚ ਪਹਿਲੀ ਕਿਤਾਬ ਹੈ ਅਤੇ ਜ਼ਾਹਰ ਤੌਰ ’ਤੇ ਇਸ ’ਚ ਇਤਿਹਾਸ ਸਬੰਧੀ ਕਈ ਗੱਲਾਂ ਅਸਪਸ਼ਟ ਹਨ।

ਮਿਸਾਲ ਵੱਜੋਂ ਜਿਹੜਾ ਸੋਮਨਾਥ ਸਾਦੀ ਦੇ ਜਨਮ ਤੋਂ ਲਗਭਗ 200 ਸਾਲ ਪਹਿਲਾਂ ਹੀ ਤਬਾਹ ਹੋ ਗਿਆ ਸੀ, ਉਹ ਉਸ ਨੂੰ ਕਿਵੇਂ ਵੇਖਣ ਗਏ ਹੋਣਗੇ?

ਗੁਲਿਸਤਾਂ ਦੀ ਰਚਨਾ

ਸਾਦੀ ਨੇ ਆਪਣੇ ਮੁਲਕ ਪਰਤਣ ਤੋਂ ਬਾਅਦ ਇਕਾਂਤਵਾਸ ’ਚ ਰਹਿਣਾ ਸ਼ੁਰੂ ਕਰ ਦਿੱਤਾ ਸੀ ਕਿਉਂਕਿ ਸਾਦ ਜ਼ੰਗੀ ਤੋਂ ਬਾਅਦ ਉਨ੍ਹਾਂ ਦੇ ਪੁੱਤਰ ਕੁਤਲਗ਼ ਖ਼ਾਨ ਅਬੂ ਬਕਰ ਗੱਦੀ ’ਤੇ ਬੈਠੇ।

ਹਾਲਾਂਕਿ ਉਨ੍ਹਾਂ ਨੇ ਪਰਸ਼ੀਆ ਨੂੰ ਆਬਾਦ ਅਤੇ ਖੁਸ਼ਹਾਲ ਬਣਾਇਆ ਪਰ ਉਨ੍ਹਾਂ ਦੇ ਦਰਬਾਰ ’ਚ ਅਕਸਰ ਹੀ ਅਗਿਆਨੀ ਲੋਕ ਵਿਦਵਾਨਾਂ ਦੇ ਪਹਿਰਾਵੇ ’ਚ ਹੁੰਦੇ ਸਨ ਅਤੇ ਗਿਆਨੀ, ਸੂਝਵਾਨ ਲੋਕ ਆਪਣੀ ਗੱਲ ਕਹਿਣ ਤੋਂ ਵੀ ਡਰਦੇ ਸਨ।

ਉਨ੍ਹਾਂ ਨੂੰ ਇਹ ਅਫ਼ਸੋਸ ਹੋਣ ਲੱਗਾ ਕਿ ਉਨ੍ਹਾਂ ਨੇ ਸਿੱਖਿਆ ਹਾਸਲ ਕੀਤੀ ਅਤੇ ਦੁਨੀਆ ਭਰ ਦੀ ਸੈਰ ਵੀ ਕੀਤੀ ਪਰ ਕੋਈ ਵੀ ਕਮਾਲ ਦਾ ਕੰਮ ਆਪਣੇ ਨਾਮ ਨਹੀਂ ਕੀਤਾ।

ਉਹ ਇਕਾਂਤਵਾਸ ਦਾ ਜੀਵਨ ਬਤੀਤ ਕਰਨ ਲੱਗੇ, ਪਰ ਫਿਰ ਇੱਕ ਦੋਸਤ ਦੀ ਜ਼ਿੱਦ ’ਤੇ ਉਨ੍ਹਾਂ ਨੇ ਆਪਣਾ ਇਰਾਦਾ ਛੱਡ ਦਿੱਤਾ ਅਤੇ ਘਰ ਤੋਂ ਬਾਹਰ ਪੈਰ ਰੱਖੇ।

ਕਿਹਾ ਜਾਂਦਾ ਹੈ ਕਿ ਉਹ ਸ਼ੀਰਾਜ਼ ’ਚ ਵਸੰਤ ਦੇ ਮੌਸਮ ’ਚ ਸ਼ੇਖ਼ ਸਾਦੀ ਦੇ ਨਾਲ ਬਾਗ਼-ਏ-ਬਹਿਸ਼ਤ ਪਹੁੰਚ ਗਏ ਸਨ।

ਉੱਥੇ ਉਨ੍ਹਾਂ ਦੇ ਦੋਸਤ ਨੇ ਉਨ੍ਹਾਂ ਦੇ ਲਈ ਫੁੱਲ ਇੱਕਠੇ ਕੀਤੇ, ਪਰ ਸ਼ੇਖ਼ ਨੇ ਉਨ੍ਹਾਂ ’ਤੇ ਧਿਆਨ ਨਾ ਦਿੱਤਾ।

ਲੇਖਕ ਜੋਬੈਨ ਬਖ਼ਦਾਰ ਦੇ ਅਨੁਸਾਰ ਸਾਦੀ ਨੇ ਕਵੀ ਅਤੇ ਦਾਰਸ਼ਨਿਕ ਖਯਾਮ ਦੇ ਅੰਦਾਜ਼/ਸ਼ੈਲੀ ’ਚ ਉਨ੍ਹਾਂ ਚੀਜ਼ਾਂ ਦੇ ਖਤਮ ਹੋਣ ਦਾ ਵਰਣਨ ਕੀਤਾ ਅਤੇ ਆਪਣੇ ਦੋਸਤ ਨੂੰ ਕਿਹਾ ਕਿ ਉਹ ਇੱਕ ਅਜਿਹੀ ਕਿਤਾਬ ਦੀ ਰਚਨਾ ਕਰਨਗੇ, ਜੋ ਕਿ ਉਨ੍ਹਾਂ ਫੁੱਲਾਂ ਵਾਂਗਰ ਨਹੀਂ ਮੁਰਝਾਏਗੀ ਅਤੇ ਜਾਣਕਾਰੀ ਭਰਪੂਰ ਅਤੇ ਰੋਚਕ ਹੋਵੇਗੀ।

ਇਸ ਲਈ ਉਨ੍ਹਾਂ ਨੇ ਆਪਣੀ ਰਚਨਾ ਦਾ ਨਾਮ ‘ਗੁਲਿਸਤਾਂ’ ਰੱਖਿਆ ਅਤੇ ਕਿਹਾ ਕਿ ਇਸ ਨੂੰ ਸਥਿਰਤਾ ਹਾਸਲ ਹੋਵੇਗੀ।

ਉਨ੍ਹਾਂ ਨੇ ਆਪਣੀ ਕਿਤਾਬ ‘ਚ ਇਸ ਦਾ ਵਰਣਨ ਕੀਤਾ ਹੈ ਕਿ ਫੁੱਲ ਦੀ ਜ਼ਿੰਦਗੀ 5-6 ਦਿਨਾਂ ਦੀ ਹੀ ਹੁੰਦੀ ਹੈ ਪਰ ਉਨ੍ਹਾਂ ਦੀ ਰਚਨਾ ਸਦਾਬਹਾਰ ਹੈ।

ਸਾਦੀ ਦੀ ਮੌਤ ਦੀ ਸਹੀ ਤਾਰੀਖ ਬਾਰੇ ਕਿਸੇ ਨੂੰ ਕੁਝ ਵੀ ਪਤਾ ਨਹੀਂ ਹੈ ਪਰ ਉਨ੍ਹਾਂ ਦੀ ਕਿਤਾਬ ‘ਗੁਲਿਸਤਾਂ’ ਜਿਸ ਦਿਨ ਮੁਕੰਮਲ ਹੋਈ ਸੀ, ਉਸੇ ਦਿਨ ਹੀ ਉਨ੍ਹਾਂ ਦੀ ਮਜ਼ਾਰ ‘ਤੇ ਅਕੀਦਤਮੰਦਾਂ ਦਾ ਮੇਲਾ ਲੱਗਦਾ ਹੈ ਅਤੇ ਦੁਨੀਆ ਭਰ ਤੋਂ ਲੋਕ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਆਉਂਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)