ਚੀਨ ਇਸ ਤਰ੍ਹਾਂ ਆਪਣੇ ਵਿਰੋਧੀਆਂ ਨੂੰ ਧੋਖਾ ਦੇਣ ਲਈ ਜਾਲ ਵਿਛਾਉਂਦਾ ਹੈ

ਅੱਜ ਤੋਂ ਤਿੰਨ ਦਹਾਕੇ ਪਹਿਲਾਂ ਚੀਨ ਵਿੱਚ ਇੱਕ ਖੂਫ਼ੀਆ ਕਾਰਵਾਈ ਸ਼ੁਰੂ ਹੋਈ ਸੀ। ਆਪਰੇਸ਼ਨ ਦਾ ਨਾਂ ਸੀ- ਯੈਲੋ ਬਰਡ।
ਇਸ ਆਪਰੇਸ਼ਨ ਦੇ ਤਹਿਤ ਚੀਨੀ ਸਰਕਾਰ ਦੇ ਵਿਰੋਧੀਆਂ ਅਤੇ ਉਸ ਨਾਲ ਅਸਹਿਮਤ ਰਹਿਣ ਵਾਲਿਆਂ ਨੂੰ ਗੁਪਤ ਤਰੀਕੇ ਨਾਲ ਦੇਸ਼ ਤੋਂ ਬਾਹਰ ਭੇਜ ਦਿੱਤਾ ਜਾਂਦਾ ਸੀ।
ਇਸ ਰਾਹੀਂ ਕਈ ਲੋਕਾਂ ਨੂੰ ਦੇਸ਼ ਤੋਂ ਬਾਹਰ ਭੇਜਿਆ ਗਿਆ। ਚੀਨ ਦੀ ਸਰਕਾਰ ਅਜੇ ਵੀ ਇਨ੍ਹਾਂ ਲੋਕਾਂ ਦੀ ਭਾਲ ਕਰ ਰਹੀ ਹੈ।
ਇਹ ਜੂਨ 1992 ਦੀ ਗੱਲ ਹੈ। ਦੱਖਣੀ ਚੀਨ ਸਾਗਰ ਵਿੱਚ ਅੱਧੀ ਰਾਤ ਹੋ ਰਹੀ ਸੀ। ਠੀਕ ਉਸੇ ਸਮੇਂ ਚੀਨ ਦਾ ਇੱਕ ਜਹਾਜ਼ ਮੇਨਲੈਂਡ ਚੀਨ ਤੋਂ ਹਾਂਗਕਾਂਗ ਵੱਲ ਗਸ਼ਤ ਕਰ ਰਿਹਾ ਸੀ।
ਜਿਵੇਂ ਹੀ ਜਹਾਜ਼ ਕਿਨਾਰੇ 'ਤੇ ਪਹੁੰਚਿਆ, ਉੱਥੇ ਤੈਨਾਤ ਸਿਪਾਹੀ ਉਸ 'ਤੇ ਸਵਾਰ ਹੋ ਗਏ। ਪਰ ਉਨ੍ਹਾਂ ਦੀਆਂ ਆਵਾਜ਼ਾਂ ਚਾਲਕ ਦਲ ਨਾਲ ਗੱਲ ਕਰਦਿਆਂ ਸੁਣੀਆਂ ਜਾ ਸਕਦੀਆਂ ਸਨ। ਇਹ ਆਵਾਜ਼ਾਂ ਹੇਠਾਂ ਡੇਕ ਵਿੱਚ ਬਣੇ ਇੱਕ ਗੁਪਤ ਕੰਪਾਰਟਮੈਂਟ ਵਿੱਚ ਲੋਕ ਸੁਣ ਰਹੇ ਸਨ।
ਕੁਝ ਮਿੰਟਾਂ ਬਾਅਦ ਜਿਵੇਂ ਹੀ ਗਸ਼ਤ ਕਰਨ ਵਾਲਾ ਜਹਾਜ਼ ਦਿਖਾਈ ਦਿੱਤਾ। ਤੁਰੰਤ ਕੰਪਾਰਟਮੈਂਟ ਵਿੱਚ ਮੌਜੂਦ ਲੋਕਾਂ ਤੱਕ ਇੱਕ ਸੁਨੇਹਾ ਭੇਜਿਆ ਗਿਆ - ਤੁਰੰਤ ਲੁਕ ਜਾਓ।
ਇਸ ਵੇਲੇ ਇਸ ਗੁਪਤ ਕੰਪਾਰਟਮੈਂਟ ਵਿੱਚ ਸਫ਼ਰ ਕਰਨੇ ਯਾਨ ਜ਼ਿਓਂਗ ਉਸ ਘਟਨਾ ਬਾਰੇ ਦੱਸਦੇ ਹਨ। ਹਦਾਇਤਾਂ ਦਿੱਤੀਆਂ ਜਾ ਰਹੀਆਂ ਸਨ - ਬਿਲਕੁਲ ਅਵਾਜ਼ ਨਾ ਕਰੋ। ਤੁਰੰਤ ਲੁਕ ਜਾਓ।
ਇਸ ਕੰਪਾਰਟਮੈਂਟ ਵਿੱਚ ਲੁਕੇ ਹੋਏ ਜ਼ਿਆਦਾਤਰ ਲੋਕ ਰੁਜ਼ਗਾਰ ਦੀ ਭਾਲ ਵਿੱਚ ਹਾਂਗਕਾਂਗ ਜਾ ਰਹੇ ਸਨ। ਪਰ ਯਾਨ ਉਨ੍ਹਾਂ ਵਿੱਚੋਂ ਨਹੀਂ ਸੀ। ਉਹ ਸਿਆਸੀ ਬਾਗ਼ੀ ਸਨ। ਉਹ ਜਾਣਦੇ ਸਨ ਕਿ ਜੇਕਰ ਉਹ ਫੜੇ ਗਏ ਤਾਂ ਉਹ ਵੱਡੀ ਮੁਸੀਬਤ ਵਿੱਚ ਪੈ ਜਾਣਗੇ।

ਤਸਵੀਰ ਸਰੋਤ, Reuters
ਯੈਲੋ ਬਰਡ ਮੁਹਿੰਮ
ਯਾਨ ਨੂੰ ਇੱਕ ਗੁਪਤ ਆਪ੍ਰੇਸ਼ਨ - 'ਦਿ ਯੈਲੋ ਬਰਡ' ਦੇ ਤਹਿਤ ਦੇਸ਼ ਤੋਂ ਬਾਹਰ ਲਿਆਂਦਾ ਜਾ ਰਿਹਾ ਸੀ।
ਆਖ਼ਰਕਾਰ, ਸਿਪਾਹੀਆਂ ਦੀ ਤਲਾਸ਼ੀ ਤੋਂ ਬਾਅਦ, ਜਹਾਜ਼ ਅੱਗੇ ਵਧਿਆ ਅਤੇ ਇਸ ਤੋਂ ਪਹਿਲਾਂ ਜੀਵਨ ਵਿੱਚ ਕਦੇ ਬੇੜੀ ਦਾ ਸਫ਼ਰ ਨਾ ਕਰਨ ਵਾਲੇ ਯਾਨ ਰਾਤ ਨੂੰ ਹਾਂਗਕਾਂਗ ਪਹੁੰਚੇ।
ਉੱਥੇ ਇੱਕ ਦਿਲਕਸ਼ ਨਾਸ਼ਤਾ ਕਰਨ ਤੋਂ ਬਾਅਦ, ਉਨ੍ਹਾਂ ਨੂੰ ਇੱਕ ਨਜ਼ਰਬੰਦੀ ਕੇਂਦਰ ਵਿੱਚ ਪਹੁੰਚਾਇਆ ਗਿਆ। ਉਨ੍ਹਾਂ ਨੂੰ ਕਿਹਾ ਗਿਆ ਕਿ ਇਹ ਉਨ੍ਹਾਂ ਦੀ ਸੁਰੱਖਿਆ ਲਈ ਠੀਕ ਹੈ, ਕਿਉਂਕਿ ਸੜਕਾਂ 'ਤੇ ਖੁੱਲ੍ਹੇਆਮ ਘੁੰਮਣਾ ਉਨ੍ਹਾਂ ਲਈ ਖ਼ਤਰਾ ਹੋ ਸਕਦਾ ਸੀ।
ਯਾਨ ਲਈ ਨਜ਼ਰਬੰਦੀ ਕੇਂਦਰ ਵਿੱਚ ਰਹਿਣ ਦਾ ਅਨੁਭਵ ਨਵਾਂ ਨਹੀਂ ਸੀ। ਇਸ ਤੋਂ ਪਹਿਲਾਂ 1989 'ਚ ਉਹ ਥਿਆਨਮੇਨ ਸਕੁਏਅਰ 'ਤੇ ਪ੍ਰਦਰਸ਼ਨ ਦੌਰਾਨ ਫੜ੍ਹੇ ਗਏ ਸਨ ਅਤੇ ਉਨ੍ਹਾਂ ਨੂੰ ਚੀਨ ਦੀ ਜੇਲ੍ਹ 'ਚ 19 ਮਹੀਨੇ ਬਿਤਾਉਣੇ ਪਏ ਸਨ।
ਚੀਨ ਦੀ ਕਮਿਊਨਿਸਟ ਪਾਰਟੀ ਨੇ ਵਿਆਪਕ ਜਮਹੂਰੀਅਤ ਅਤੇ ਆਜ਼ਾਦੀ ਦੇ ਹੱਕ ਵਿੱਚ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੂੰ ਰੋਕਣ ਲਈ ਉੱਥੇ ਟੈਂਕ ਭੇਜੇ ਸਨ।
ਜੂਨ 1989 ਦੇ ਅੰਤ ਵਿੱਚ, ਚੀਨੀ ਸਰਕਾਰ ਨੇ ਦੱਸਿਆ ਸੀ ਕਿ ਇਸ ਪ੍ਰਦਰਸ਼ਨ ਦੌਰਾਨ 200 ਨਾਗਰਿਕ ਅਤੇ ਬਹੁਤ ਸਾਰੇ ਸੁਰੱਖਿਆ ਕਰਮਚਾਰੀ ਮਾਰੇ ਗਏ ਸਨ।
ਕੁਝ ਲੋਕਾਂ ਦਾ ਮੰਨਣਾ ਹੈ ਕਿ ਇਸ ਵਿੱਚ ਸੈਂਕੜੇ ਨਹੀਂ ਸਗੋਂ ਹਜ਼ਾਰਾਂ ਲੋਕ ਮਾਰੇ ਗਏ ਸਨ।
ਚੀਨ ਦੀ ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਉਹ ਦੇਸ਼ ਦੇ ਦੱਖਣੀ ਹਿੱਸੇ ਵੱਲ ਚਲੇ ਗਏ।
ਉਹ ਕਿਸੇ ਅਜਿਹੇ ਸੰਪਰਕ ਨੂੰ ਲੱਭਣ ਲਈ ਇੱਕ ਜਨਤਕ ਫ਼ੋਨ ਬੂਥ ਤੋਂ ਦੂਜੇ ਵਿੱਚ ਭੱਜਦੇ ਰਹੇ ਜੋ ਉਨ੍ਹਾਂ ਨੂੰ ਦੇਸ਼ ਤੋਂ ਬਾਹਰ ਜਾਣ ਵਿੱਚ ਮਦਦ ਕਰ ਸਕੇ।
ਯਾਨ ਚੀਨੀ ਸਰਕਾਰ ਦਾ ਇਕੱਲਾ ਆਲੋਚਕ ਨਹੀਂ ਸੀ ਜੋ ਇਸ ਖ਼ਤਰਨਾਕ ਯਾਤਰਾ ਦਾ ਜੋਖ਼ਮ ਚੁੱਕ ਰਿਹਾ ਸੀ।
ਚਾਓਹੁਆ ਵਾਂਗ, ਬੀਬੀਸੀ ਦੀ ਨਵੀਂ ਲੜੀ ਸ਼ੈਡੋ ਵਾਰ: ਚਾਈਨਾ ਐਂਡ ਦਿ ਵੈਸਟ ਲਈ ਬੋਲਦੇ ਹੋਏ, ਉਸ ਦੇ ਬਚਣ ਦੀ ਕਹਾਣੀ ਦੱਸਦੀ ਹੈ।
ਥਿਆਨਮੇਨ ਸਕੁਏਅਰ ਪ੍ਰਦਰਸ਼ਨਾਂ ਵਿੱਚ ਮੋਸਟ ਵਾਂਟੈਂਡ 21 ਲੋਕਾਂ ਦੀ ਸੂਚੀ ਵਿੱਚ 14ਵੇਂ ਸਥਾਨ 'ਤੇ ਮੌਜੂਦ ਵੈਂਗ ਦਾ ਕਹਿਣਾ ਹੈ ਕਿ ਉਹ ਚੀਨ ਤੋਂ ਭੱਜਣ ਤੋਂ ਪਹਿਲਾਂ ਮਹੀਨਿਆਂ ਤੱਕ ਛੋਟੇ-ਛੋਟੇ ਕਮਰਿਆਂ ਵਿੱਚ ਲੁਕੀ ਰਹੀ।
ਆਖ਼ਰਕਾਰ ਉਹ ਉਥੋਂ ਨਿਕਲਣ ਵਿੱਚ ਸਫ਼ਲ ਹੋ ਗਈ। ਇਸ ਤਰ੍ਹਾਂ ਉਹ ਯੈਲੋ ਬਰਡ ਏਸਕੇਪ ਲਾਈਨ ਦੀ ਮੈਂਬਰ ਬਣ ਗਈ।
ਉਹ ਕਹਿੰਦੀ ਹੈ, "ਮੈਂ ਇੱਕ ਪਾਰਸਲ ਵਾਂਗ ਸੀ ਜੋ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਨੂੰ ਦਿੱਤਾ ਜਾ ਰਿਹਾ ਸੀ।"
“ਮੈਂ ਤਾਂ ਯੈਲੋ ਬਰਡ ਦਾ ਨਾਂ ਵੀ ਨਹੀਂ ਸੁਣਿਆ ਸੀ।”
ਯੈਲੋ ਬਰਡ ਇੱਕ ਕਲਾਸਿਕ ਜਾਸੂਸੀ ਆਪਰੇਸ਼ਨ ਵਰਗਾ ਲੱਗਦਾ ਹੈ। ਕਈਆਂ ਦਾ ਮੰਨਣਾ ਹੈ ਕਿ ਇਹ ਖ਼ੁਫ਼ੀਆਂ ਏਜੰਸੀਆਂ ਐੱਮਆਈ 6 ਜਾਂ ਸੀਆਈਏ ਦੀ ਯੋਜਨਾ ਸੀ। ਪਰ ਇਹ ਉਨ੍ਹਾਂ ਦੀ ਯੋਜਨਾ ਨਹੀਂ ਸੀ।
ਦਰਅਸਲ ਇਹ ਹਾਂਗਕਾਂਗ ਦੇ ਨਾਗਰਿਕਾਂ ਦੀ ਨਿੱਜੀ ਕੋਸ਼ਿਸ਼ ਸੀ। ਇਹ ਕੋਸ਼ਿਸ਼ ਉਨ੍ਹਾਂ ਲੋਕਾਂ ਦੀ ਇੱਛਾ ਦਾ ਨਤੀਜਾ ਸੀ ਜੋ ਉਨ੍ਹਾਂ ਦੀ ਮਦਦ ਲਈ ਦੇਸ਼ ਤੋਂ ਭੱਜ ਰਹੇ ਸਨ।

ਮਦਦ ਕਰਨ ਵਾਲੇ ਕੌਣ ਸਨ?
ਇਨ੍ਹਾਂ ਮਦਦਗਾਰਾਂ ਵਿੱਚ ਫਿਲਮ ਅਤੇ ਮਨੋਰੰਜਨ ਉਦਯੋਗ ਦੇ ਲੋਕ ਵੀ ਸਨ। ਇਨ੍ਹਾਂ ਵਿੱਚ ਚੀਨ ਦੀਆਂ ਗੁਪਤ ਸੰਸਥਾਵਾਂ ਦੇ ਲੋਕ ਵੀ ਸ਼ਾਮਲ ਸਨ।
ਇਨ੍ਹਾਂ ਗੁਪਤ ਸੰਗਠਨਾਂ ਵਿੱਚ ਕੰਮ ਕਰਨ ਵਾਲੇ ਕਈ ਲੋਕਾਂ ਦੇ ਚੀਨੀ ਪੁਲਿਸ ਵਾਲਿਆਂ ਨਾਲ ਵੀ ਸਬੰਧ ਸਨ।
ਉਸ ਸਮੇਂ ਹਾਂਗਕਾਂਗ 'ਚ ਖੂਫ਼ੀਆਂ ਵਿਭਾਗ ਦੇ ਅਧਿਕਾਰੀ ਵਜੋਂ ਕੰਮ ਕਰਨ ਵਾਲੇ ਨਿਜੇਲ ਇੰਕਸਟਰ ਦਾ ਕਹਿਣਾ ਹੈ ਕਿ ਇਨ੍ਹਾਂ ਲੋਕਾਂ ਦੀ ਮਦਦ ਨਾਲ ਲੋਕਾਂ ਨੂੰ ਬਾਹਰ ਭੇਜਿਆ ਗਿਆ ਸੀ।
ਬ੍ਰਿਟੇਨ ਅਤੇ ਅਮਰੀਕਾ ਇਸ ਵਿੱਚ ਉਦੋਂ ਸ਼ਾਮਲ ਹੁੰਦਾ ਸੀ, ਜਦੋਂ ਚੀਨ ਤੋਂ ਭੱਜਣ ਵਾਲਾ ਹਾਂਗਕਾਂਗ ਪਹੁੰਚ ਜਾਂਦਾ ਸੀ। ਉੱਥੇ ਹੀ ਇਹ ਤੈਅ ਹੁੰਦਾ ਸੀ ਕਿ ਇੱਥੋਂ ਕਿੱਥੇ ਜਾਣਾ ਹੈ।
ਯਾਨ ਯਾਦ ਕਰਦੇ ਹਨ ਕਿ ਕਿਵੇਂ ਇੱਕ ਅੰਗਰੇਜ਼ ਵਿਅਕਤੀ ਨੇ, ਆਪਣਾ ਨਾਮ ਜ਼ਾਹਰ ਕੀਤੇ ਬਿਨਾਂ, ਕਾਗਜ਼ੀ ਕਾਰਵਾਈ ਵਿੱਚ ਉਨ੍ਹਾਂ ਦੀ ਮਦਦ ਕੀਤੀ ਸੀ।
ਉਨ੍ਹਾਂ ਨੇ ਕਿਹਾ, "ਤੇਰੇ ਲਈ ਇੰਗਲੈਂਡ ਨਹੀਂ ਅਮਰੀਕਾ ਬਿਹਤਰ ਸਾਬਤ ਹੋਵੇਗਾ। ਕੁਝ ਹੀ ਦਿਨਾਂ ੱਵਿਚ ਮੈਂ ਲਾਸ ਏਂਜਲਸ ਵਿੱਚ ਸੀ।"

ਇੰਗਲੈਂਡ ਕਿਉਂ ਨਹੀਂ?
ਕੁਝ ਸਾਬਕਾ ਅਧਿਕਾਰੀਆਂ ਨੇ ਬੀਬੀਸੀ ਨੂੰ ਦੱਸਿਆ ਕਿ ਬ੍ਰਿਟੇਨ ਥਿਆਨਮਨ ਸਕੁਏਅਰ ਪ੍ਰਦਰਸ਼ਨਕਾਰੀਆਂ ਦੀ ਮਦਦ ਕਰਨ ਤੋਂ ਝਿਜਕ ਰਿਹਾ ਸੀ ਕਿਉਂਕਿ ਉਹ 1997 ਵਿੱਚ ਹਾਂਗਕਾਂਗ ਨੂੰ ਸੌਂਪੇ ਜਾਣ ਤੋਂ ਪਹਿਲਾਂ ਚੀਨ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦਾ ਸੀ।
1984 ਵਿੱਚ ਇਸ ਸਬੰਧੀ ਬ੍ਰਿਟੇਨ ਨੇ ਇਕ ਸਮਝੌਤੇ 'ਤੇ ਦਸਤਖ਼ਤ ਕੀਤੇ ਸਨ, ਪਰ ਥਿਆਨਮੇਨ ਸਕੁਏਅਰ 'ਤੇ ਪ੍ਰਦਰਸ਼ਨ ਤੋਂ ਬਾਅਦ ਚੀਨੀ ਸਰਕਾਰ ਦੀ ਸਖ਼ਤੀ 'ਤੇ ਸਵਾਲ ਚੁੱਕੇ ਜਾਣ ਨੇ ਹਾਂਗਕਾਂਗ ਦੇ ਭਵਿੱਖ 'ਤੇ ਸਵਾਲੀਆ ਨਿਸ਼ਾਨ ਖੜ੍ਹੇ ਕਰ ਦਿੱਤੇ ਹਨ।
ਯਾਨ ਦੇ 1992 ਵਿੱਚ ਹਾਂਗਕਾਂਗ ਛੱਡਣ ਤੋਂ ਕੁਝ ਹਫ਼ਤਿਆਂ ਬਾਅਦ, ਸਾਬਕਾ ਕੰਜ਼ਰਵੇਟਿਵ ਕੈਬਨਿਟ ਮੰਤਰੀ ਕ੍ਰਿਸ ਪੈਟਨ ਹਾਂਗਕਾਂਗ ਦੇ ਆਖ਼ਰੀ ਗਵਰਨਰ ਬਣੇ।
ਉਨ੍ਹਾਂ ਦਾ ਕਹਿਣਾ ਹੈ ਕਿ ਉਹ ਵਿਆਪਕ ਲੋਕਤੰਤਰ ਦੀ ਸਥਾਪਨਾ ਲਈ ਵਚਨਬੱਧ ਹੈ।
ਉਨ੍ਹਾਂ ਨੂੰ ਉਮੀਦ ਹੈ ਕਿ ਉਨ੍ਹਾਂ ਦੇ ਜਾਣ ਤੋਂ ਬਾਅਦ ਵੀ ਹਾਂਗਕਾਂਗ ਵਿੱਚ ਇਹ ਸਿਲਸਿਲਾ ਜਾਰੀ ਰਹੇਗਾ।
ਉਨ੍ਹਾਂ ਨੇ ਹਾਂਗਕਾਂਗ ਦੀਆਂ ਸੰਸਥਾਵਾਂ ਲਈ ਜਮਹੂਰੀ ਸੁਧਾਰਾਂ ਦੇ ਪ੍ਰਸਤਾਵਾਂ ਦਾ ਐਲਾਨ ਕੀਤਾ। ਇਸ ਦਾ ਮਕਸਦ ਹਾਂਗਕਾਂਗ ਵਿੱਚ ਵੋਟਿੰਗ ਆਧਾਰ ਨੂੰ ਵਿਆਪਕ ਬਣਾਉਣਾ ਸੀ।
ਇਨ੍ਹਾਂ ਸੁਧਾਰਾਂ ਦਾ ਨਾ ਸਿਰਫ਼ ਚੀਨੀ ਲੀਡਰਸ਼ਿਪ ਵੱਲੋਂ ਵਿਰੋਧ ਕੀਤਾ ਗਿਆ, ਸਗੋਂ ਇੰਗਲੈਂਡ ਵਿੱਚ ਰਹਿੰਦੇ ਉਨ੍ਹਾਂ ਲੋਕਾਂ ਵੱਲੋਂ ਵੀ ਵਿਰੋਧ ਕੀਤਾ ਗਿਆ ਜੋ ਚੀਨ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦੇ ਸਨ।
ਸਾਬਕਾ ਗਵਰਨਰ ਅਤੇ ਹੁਣ ਲਾਰਡ ਪੈਟਨ ਕਹਿੰਦੇ ਹਨ, "ਮੇਰੀ ਮੁੱਖ ਜ਼ਿੰਮੇਵਾਰੀ ਹਾਂਗਕਾਂਗ ਦੇ ਲੋਕਾਂ ਨੂੰ ਆਜ਼ਾਦੀ ਅਤੇ ਖੁਸ਼ਹਾਲੀ ਦੇ ਸਭ ਤੋਂ ਵਧੀਆ ਮੌਕੇ ਦੇਣ ਦੀ ਕੋਸ਼ਿਸ਼ ਕਰਨਾ ਸੀ ਜੋ 1997 ਤੋਂ ਬਾਅਦ ਵੀ ਇਹ ਜਾਰੀ ਰਹੇ।"
ਉਨ੍ਹਾਂ ਕਿਹਾ ਕਿ ਉਹ ਯੈਲੋ ਬਰਡ ਬਾਰੇ ਜਾਣਦੇ ਸੀ ਪਰ ਉਹ ਇਸ ਵਿੱਚ ਸ਼ਾਮਲ ਨਹੀਂ ਸੀ।
ਚੀਨੀ ਸਰਕਾਰ ਦੇ ਅਸਹਿਮਤੀ ਰੱਖਣ ਵਾਲੇ ਅਤੇ ਆਲੋਚਕਾਂ ਨੂੰ ਬ੍ਰਿਟੇਨ ਵਿੱਚ ਆਉਣ ਦੀ ਇਜਾਜ਼ਤ ਦੇਣ ਦੀ ਝਿਜਕ ਅਤੇ ਪੈਟਨ ਦੇ ਸੁਧਾਰਾਂ ਨੂੰ ਲੈ ਕੇ ਕੁਝ ਲੋਕਾਂ ਵਿੱਚ ਨਾਰਾਜ਼ਗੀ, 1990 ਦੇ ਦਹਾਕੇ ਦੇ ਇੱਕ ਬੁਨਿਆਦੀ ਸਵਾਲ ਬਾਰੇ ਦੱਸਦੀ ਹੈ।
ਇਹ ਸਵਾਲ ਅੱਜ ਵੀ ਮਾਅਨੇ ਰੱਖਦਾ ਹੈ, ਆਖ਼ਰਕਾਰ, ਪੱਛਮ ਨੂੰ ਚੀਨ ਦੀ ਨਰਾਜ਼ਗੀ ਤੋਂ ਬਚਣ ਲਈ ਕਿਸ ਹੱਦ ਤੱਕ ਜਾਣਾ ਚਾਹੀਦਾ ਹੈ?
ਇਸ ਦੇ ਨਾਲ ਹੀ, ਮਨੁੱਖੀ ਅਧਿਕਾਰਾਂ ਅਤੇ ਜਮਹੂਰੀਅਤ ਵਰਗੀਆਂ ਕਦਰਾਂ-ਕੀਮਤਾਂ ਦੀ ਗੱਲ ਕਰਦੇ ਹੋਏ ਚੀਨ ਦੀ ਤਰੱਕੀ ਨੂੰ ਕਿਸ ਹੱਦ ਤੱਕ ਅਨੁਕੂਲ ਕਰਨਾ ਚਾਹੀਦਾ ਹੈ?

ਤਸਵੀਰ ਸਰੋਤ, Getty Images
ਯੈਲੋ ਬਰਡ ਮੁਹਿੰਮ ਦਾ ਅੰਤ ਕਿਵੇਂ ਹੋਇਆ?
ਯੈਲੋ ਬਰਡ ਮੁਹਿੰਮ 1997 ਵਿੱਚ ਖ਼ਤਮ ਹੋਈ, ਜਦੋਂ ਹਾਂਗਕਾਂਗ ਚੀਨ ਦਾ ਇੱਕ ਪ੍ਰਭੂਸੱਤਾ ਸੰਪੰਨ ਹਿੱਸਾ ਬਣ ਗਿਆ।
ਕੁਝ ਸਾਲਾਂ ਤੱਕ ਉਹ ਆਜ਼ਾਦੀ ਮਿਲਦੀ ਰਹੀ, ਜਿਸ ਲਈ ਪੈਟਨ ਨੇ ਬਹੁਤ ਕੋਸ਼ਿਸ਼ ਕੀਤੀ ਸੀ।
ਪਰ ਪਿਛਲੇ ਇੱਕ ਦਹਾਕੇ ਤੋਂ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਇੱਥੇ ਮਾਮਲਿਆਂ ਵਿੱਚ ਤਾਨਾਸ਼ਾਹੀ ਰਵੱਈਆ ਅਪਣਾਇਆ ਹੋਇਆ ਹੈ। ਉਹ ਹਾਂਗਕਾਂਗ ਨੂੰ ਆਪਣੀਆਂ ਸ਼ਰਤਾਂ 'ਤੇ ਚਲਾਉਣ ਦੀ ਕੋਸ਼ਿਸ਼ ਵਿੱਚ ਲੱਗ ਗਏ ਹਨ।
ਯਾਨ ਨੇ ਅਮਰੀਕੀ ਨਾਗਰਿਕਤਾ ਲੈ ਲਈ ਅਤੇ ਉੱਥੇ ਇੱਕ ਨਾਗਰਿਕ ਵਾਂਗ ਰਹੇ।
ਉਹ ਅਮਰੀਕੀ ਫੌਜ ਵਿੱਚ ਸ਼ਾਮਲ ਹੋ ਗਏ ਅਤੇ ਇਰਾਕ ਵਿੱਚ ਇੱਕ ਫੌਜੀ ਪਾਦਰੀ ਵਜੋਂ ਸੇਵਾਵਾਂ ਨਿਭਾਈਆਂ।
ਉਨ੍ਹਾਂ ਨੇ ਸੋਚਿਆ ਹੋਵੇਗਾ ਕਿ ਚੀਨ ਦੀ ਕਮਿਊਨਿਸਟ ਪਾਰਟੀ ਉਨ੍ਹਾਂ ਦਾ ਪਿੱਛਾ ਕਰਦੇ ਰਹੋਏ ਉਨ੍ਹਾਂ ਦੇ ਨਵੇਂ ਘਰ ਤੱਕ ਪਹੁੰਚ ਸਕੇਗੀ ਪਰ ਉਹ ਗ਼ਲਤ ਸਾਬਿਤ ਹੋਏ।
ਇਹ ਉਦੋਂ ਸਾਹਮਣੇ ਆਇਆ ਜਦੋਂ ਉਨ੍ਹਾਂ ਨੇ 2021 ਵਿੱਚ ਇੱਕ ਜਨਤਕ ਅਹੁਦੇ ਲਈ ਚੋਣ ਲੜਨ ਦਾ ਫ਼ੈਸਲਾ ਕੀਤਾ।
ਉਹ ਨਿਊਯਾਰਕ ਦੇ ਫਰਸਟ ਕਾਂਗਰੇਸ਼ਨਲ ਡਿਸਟ੍ਰਿਕਟ ਲਈ ਪ੍ਰਾਇਮਰੀ ਉਮੀਦਵਾਰ ਵਜੋਂ ਚੋਣ ਲਈ ਖੜ੍ਹੇ ਹੋਏ।
ਯਾਨ ਨੂੰ ਆਪਣੇ ਅਭਿਆਨ ਦੌਰਾਨ ਕੁਝ ਅਜੀਬ ਘਟਨਾਵਾਂ ਵਾਪਰਦੀਆਂ ਨਜ਼ਰ ਆਈਆਂ।।
ਅਜਨਬੀ ਕਾਰਾਂ ਉਨ੍ਹਾਂ ਦਾ ਪਿੱਛਾ ਕਰ ਰਹੀਆਂ ਸਨ। ਤੜਕੇ ਤਿੰਨ ਵਜੇ ਜਿੱਥੇ ਉਹ ਰੁਕੇ, ਉੱਥੇ ਵੀ ਬਾਹਰ ਕਾਰਾਂ ਖੜ੍ਹੀਆਂ ਸਨ। ਪ੍ਰਚਾਰ ਮੁਹਿੰਮ ਵਜੋਂ ਕੁਝ ਲੋਕ ਉਨ੍ਹਾਂ ਨੂੰ ਬੋਲਣ ਤੋਂ ਰੋਕਣ ਦੀ ਕੋਸ਼ਿਸ਼ ਕਰਨ ਲੱਗੇ ਸਨ।
ਬਾਅਦ ਵਿੱਚ ਉਨ੍ਹਾਂ ਨੂੰ ਸਮਝ ਆਇਆ ਕਿ ਉਸ ਸਮੇਂ ਦੌਰਾਨ ਐੱਫਬੀਆਈ ਨੇ ਉਨ੍ਹਾਂ ਨਾਲ ਗੱਲ ਕਿਉਂ ਕੀਤੀ ਸੀ।

ਤਸਵੀਰ ਸਰੋਤ, Getty Images
ਚੀਨ ਕਿਸ ਹੱਦ ਤੱਕ ਪਿੱਛਾ ਕਰਦਾ ਹੈ
ਇੱਕ ਅਮਰੀਕੀ ਨਿੱਜੀ ਜਾਸੂਸ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਚੀਨ ਵਿੱਚ ਇੱਕ ਵਿਅਕਤੀ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਸੀ। ਉਨ੍ਹਾਂ ਨੂੰ ਯਾਨ 'ਤੇ ਨਜ਼ਰ ਰੱਖਣ ਲਈ ਕਿਹਾ ਗਿਆ ਸੀ।
ਅਜਿਹਾ ਲੱਗਦਾ ਹੈ ਕਿ ਚੀਨ ਨੇ ਥਿਆਨਮੇਨ ਸਕੁਏਅਰ ਦੇ ਸਾਬਕਾ ਪ੍ਰਦਰਸ਼ਨਕਾਰੀਆਂ ਦੀ ਅਮਰੀਕੀ ਸੰਸਦ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਨੂੰ ਪਸੰਦ ਨਹੀਂ ਕੀਤਾ ਜਾ ਰਿਹਾ ਸੀ।
ਐੱਫਬੀਆਈ ਏਜੰਟ ਜੇਸਨ ਮੋਰਿਟਜ਼ ਕਹਿੰਦੇ ਹਨ, "ਉਨ੍ਹਾਂ ਨੇ ਖ਼ਾਸ ਤੌਰ 'ਤੇ ਸਾਡੇ ਨਿੱਜੀ ਜਾਸੂਸ ਨੂੰ ਦੱਸਿਆ ਕਿ ਉਨ੍ਹਾਂ ਨੂੰ ਯਾਨ ਦੀ ਉਮੀਦਵਾਰੀ ਨੂੰ ਕਮਜ਼ੋਰ ਕਰਨ ਦੀ ਲੋੜ ਹੈ।"
ਇਸ ਸਮੇਂ ਦੌਰਾਨ, ਐੱਫਬੀਆਈ ਯਾਨ ਦੇ ਆਲੇ ਦੁਆਲੇ ਦੀਆਂ ਘਟਨਾਵਾਂ ਦੀ ਨਿਗਰਾਨੀ ਕਰ ਰਹੀ ਸੀ ਕਿਉਂਕਿ ਚੀਨ ਵਿੱਚ ਕਿਸੇ ਨੇ ਯਾਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਦਾ ਨਿਰਦੇਸ਼ ਦਿੱਤਾ ਸੀ।
ਜੇਕਰ ਕੁਝ ਨਹੀਂ ਹੋਇਆ ਤਾਂ ਇਹ ਸੁਝਾਅ ਦਿੱਤਾ ਗਿਆ ਸੀ ਕਿ ਜਾਂ ਤਾਂ ਯਾਨ ਨੂੰ ਕੁੱਟਣਾ ਜਾਂ ਕਾਰ ਚੋਰੀ ਕੀਤੀ ਜਾ ਸਕਦੀ ਹੈ।
ਯਾਨ ਕਹਿੰਦੇ ਹਨ, "ਉਹ ਮੇਰੀ ਮੁਹਿੰਮ ਨੂੰ ਕੁਚਲਣਾ ਚਾਹੁੰਦੇ ਸਨ।"
ਐੱਫਬੀਆਈ ਦਾ ਮੁਲਾਂਕਣ ਇਹ ਸੀ ਕਿ ਨਿੱਜੀ ਜਾਸੂਸ ਨੂੰ ਨਿਰਦੇਸ਼ ਦੇਣ ਵਾਲਾ ਵਿਅਕਤੀ ਚੀਨ ਦੇ ਵਿਦੇਸ਼ ਮੰਤਰਾਲੇ ਦੀ ਤਰਫੋਂ ਕੰਮ ਕਰ ਰਿਹਾ ਸੀ।
ਉਨ੍ਹਾਂ 'ਤੇ ਇਲਜ਼ਾਮ ਲਗਾਇਆ ਗਿਆ ਸੀ ਪਰ ਗ੍ਰਿਫ਼ਤਾਰ ਨਹੀਂ ਕੀਤਾ ਜਾ ਸਕਿਆ ਕਿਉਂਕਿ ਉਹ ਅਮਰੀਕਾ ਤੋਂ ਬਾਹਰ ਸੀ।
ਚੀਨ ਨੇ ਅਜਿਹੇ ਸਿਆਸੀ ਦਖ਼ਲ ਤੋਂ ਦੂਰ ਰਹਿਣ ਦਾ ਦਾਅਵਾ ਕੀਤਾ ਹੈ।
ਪਰ ਇਹ ਇਕੱਲਾ ਮਾਮਲਾ ਨਹੀਂ ਹੈ ਜਿੱਥੇ ਇਹ ਇਲਜ਼ਾਮ ਲਗਾਇਆ ਗਿਆ ਸੀ।
ਹੁਣ ਉਹ ਦੂਜੇ ਦੇਸ਼ਾਂ ਦੇ ਉਨ੍ਹਾਂ ਲੋਕਾਂ 'ਤੇ ਨਜ਼ਰ ਰੱਖਣ ਲਈ ਸਰਗਰਮ ਜਾਪਦਾ ਹੈ ਜਿਨ੍ਹਾਂ ਨੂੰ ਉਹ ਅਸਹਿਮਤੀ ਜਾਂ ਆਲੋਚਕ ਸਮਝਦਾ ਹੈ।
ਬ੍ਰਿਟੇਨ ਅਤੇ ਅਮਰੀਕਾ ਵਿੱਚ ਵਿਦੇਸ਼ੀ ਪੁਲਿਸ ਸਟੇਸ਼ਨਾਂ ਅਤੇ ਕਿਸੇ ਵਿਅਕਤੀ ਨੂੰ ਚੀਨ ਵਾਪਸ ਭੇਜੇ ਜਾਣ ਦੇ ਦਬਾਅ ਬਾਰੇ ਸੁਣਿਆ ਜਾਂਦਾ ਰਿਹਾ ਹੈ।
ਯਾਨ ਦੀ ਕਹਾਣੀ ਦਰਸਾਉਂਦੀ ਹੈ ਕਿ ਜਿਵੇਂ-ਜਿਵੇਂ ਚੀਨ ਵਧੇਰੇ ਆਤਮ-ਵਿਸ਼ਵਾਸੀ ਅਤੇ ਘਰੇਲੂ ਪੱਧਰ 'ਤੇ ਜ਼ਿਆਦਾ ਨਿਯੰਤਰਣ ਰੱਖਣ ਵਾਲੀ ਤਾਕਤ ਬਣਦਾ ਜਾ ਰਿਹਾ ਹੈ... ਉਵੇਂ-ਉਵੇਂ ਉਹ ਵਿਦੇਸ਼ਾਂ ਵਿੱਚ ਵੀ ਆਪਣੀ ਪਹੁੰਚ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।
ਇਸ ਜਾਸੂਸੀ, ਨਿਗਰਾਨੀ ਅਤੇ ਮਨੁੱਖੀ ਅਧਿਕਾਰਾਂ ਦੇ ਮੁੱਦਿਆਂ 'ਤੇ ਟਕਰਾਅ ਵਧਦਾ ਜਾ ਰਿਹਾ ਹੈ।
ਇਸ ਵਿਚਾਲੇ ਚੀਨ ਦੇ ਨਾਲ ਕੰਮ ਕਰਨ ਵਾਲੇ ਪੱਛਮੀ ਦੇਸ਼ਾਂ ਨੂੰ ਯਾਨ ਇੱਕ ਸਲਾਹ ਦਿੰਦੇ ਹਨ, "ਉਨ੍ਹਾਂ ਨੂੰ ਸਾਵਧਾਨ ਰਹਿਣਾ ਹੋਵੇਗਾ।"












