ਉਹ ਕੰਪਨੀ ਜੋ ਬੱਚੇ ਪੈਦਾ ਕਰਨ ਲਈ ਵੀ ਪੈਸੇ ਦੇ ਰਹੀ ਹੈ, ਜਨਮ ਦਰ ਮਸਲਾ ਕਿਉਂ ਬਣ ਰਹੀ ਹੈ

ਦੱਖਣ ਕੋਰੀਆਈ ਔਰਤ ਖਿੜਕੀ ਦੇ ਕੋਲ ਬੈਠੀ ਬਾਹਰ ਦੇਖ ਰਹੀ ਹੈ

ਤਸਵੀਰ ਸਰੋਤ, JEAN CHUNG

ਤਸਵੀਰ ਕੈਪਸ਼ਨ, ਬਦਲਦੀ ਹੋਈ ਦੁਨੀਆਂ ਵਿੱਚ ਵਿਆਹ ਅਤੇ ਬੱਚੇ ਜੰਮਣ ਦੀ ਇੱਛਾ ਮਰਦੀ ਜਾ ਰਹੀ ਹੈ।
    • ਲੇਖਕ, ਸ਼ਕੀਲ ਅਖ਼ਤਰ
    • ਰੋਲ, ਬੀਬੀਸੀ ਉਰਦੂ, ਦਿੱਲੀ

ਦੇਸ਼ ਵਿੱਚ ਨੌਜਵਾਨਾਂ ਨੂੰ ਬੱਚੇ ਜੰਮਣ ਲਈ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਦੱਖਣੀ ਕੋਰੀਆ ਦੀ ਇੱਕ ਨਿੱਜੀ ਕੰਪਨੀ ਨੇ ਆਪਣੇ ਕਰਮਚਾਰੀਆਂ ਨੂੰ 75 ਹਜ਼ਾਰ ਅਮਰੀਕੀ ਡਾਲਰ ਦੇਣ ਦੀ ਪੇਸ਼ਕਸ਼ ਕੀਤੀ ਹੈ।

‘ਬੋ ਯੰਗ’ ਨਾਮ ਦੀ ਇਸ ਕੰਪਨੀ ਨੇ ਇਹ ਐਲਾਨ ਇੱਕ ਅਜਿਹੇ ਸਮੇਂ ਕੀਤਾ ਹੈ, ਜਦੋਂ ਕੋਰੀਆਈ ਸਰਕਾਰ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਦੇਸ਼ ਵਿੱਚ ਬੱਚਿਆਂ ਦੀ ਜਨਮ ਦਰ ਰਿਕਾਰਡ ਕਮੀ ਦਾ ਸ਼ਿਕਾਰ ਹੈ।

ਦੱਖਣੀ ਕੋਰੀਆ ਵਿੱਚ ਬੱਚਿਆਂ ਦੀ ਜਨਮ ਦਰ ਪਹਿਲਾਂ ਹੀ ਦੁਨੀਆ ਵਿੱਚ ਸਭ ਤੋਂ ਘੱਟ ਸੀ, ਪਰ ਹੁਣ ਸਥਿਤੀ ਹੋਰ ਗੰਭੀਰ ਹੁੰਦੀ ਜਾ ਰਹੀ ਹੈ।

ਬੁੱਧਵਾਰ ਨੂੰ ਸਰਕਾਰੀ ਸੰਗਠਨ ‘ਸਟੈਟਿਸਟਿਕਸ ਕੋਰੀਆ’ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਬੱਚਿਆਂ ਦੀ ਜਨਮ ਦਰ ਹੁਣ ਹੋਰ ਘੱਟ ਕੇ 0.72 ’ਤੇ ਆ ਗਈ ਹੈ, ਜੋ ਕਿ ਸਾਲ 2022 ਵਿੱਚ 0.78 ਸੀ।

ਰਾਜਧਾਨੀ ਸਿਓਲ ਵਿੱਚ ਤਾਂ ਇਹ ਹੋਰ ਵੀ ਘੱਟ ਹੈ, ਸਿਰਫ 0.55 ਹੈ।

ਕੋਰੀਆ ਵਿੱਚ ਇਸ ਘੱਟ ਰਹੀ ਜਨਮ ਦਰ ਦੇ ਸਬੰਧ ਵਿੱਚ ਸਿਆਸੀ ਪੱਧਰ ’ਤੇ ਇਸ ਲਈ ਵੀ ਚਿੰਤਾ ਵਧ ਰਹੀ ਹੈ ਕਿਉਂਕਿ ਵੱਖ-ਵੱਖ ਸਰਕਾਰਾਂ ਨੇ ਇਸ ਦਰ ਨੂੰ ਵਧਾਉਣ ਦੇ ਲਈ ਸਾਲ 2006 ਤੋਂ ਬੱਚਿਆਂ ਦੇ ਪਾਲਣ-ਪੋਸ਼ਣ, ਨਵੇਂ ਵਿਆਹੇ ਜੋੜਿਆਂ ਦੇ ਲਈ ਸਬਸਿਡੀ ਵਾਲੇ ਮਕਾਨ ਦੇਣ ਅਤੇ ਹੋਰ ਭਲਾਈ ਪ੍ਰੋਗਰਾਮਾਂ ’ਤੇ 270 ਅਰਬ ਡਾਲਰ ਖਰਚ ਕੀਤੇ ਹਨ।

ਸਰਕਾਰ ਨੇ ਇਸ ਘਟਦੀ ਆਬਾਦੀ ਦੇ ਰੁਝਾਨ ਨੂੰ ਪਲਟਣਾ ਰਾਸ਼ਟਰੀ ਤਰਜੀਹ ਦਾ ਮੁੱਦਾ ਬਣਾਇਆ ਹੋਇਆ ਹੈ।

ਹੋਰ ਮੁਲਕਾਂ ਵਾਂਗ ਦੱਖਣੀ ਕੋਰੀਆ ਵਿੱਚ ਵੀ ਬੱਚੇ ਜੰਮਣ ਲਈ ਵਿਆਹੇ ਹੋਣਾ ਜ਼ਰੂਰੀ ਹੈ। ਵਿਆਹੁਤਾ ਜੀਵਨ ਦੀ ਸ਼ੁਰੂਆਤ ਕਰਨ ਲਈ ਬਹੁਤ ਸਾਰੇ ਵਿੱਤੀ ਸਾਧਨਾਂ ਦੀ ਜ਼ਰੂਰਤ ਹੁੰਦੀ ਹੈ, ਜਿਸ ਕਾਰਨ ਨੌਜਵਾਨਾਂ ਵਿੱਚ ਵਿਆਹ ਨਾ ਕਰਵਾਉਣ ਦਾ ਰੁਝਾਨ ਵਧਦਾ ਜਾ ਰਿਹਾ ਹੈ।

ਦੱਖਣੀ ਕੋਰੀਆ ਵਿੱਚ ਬੱਚੇ ਪੈਦਾ ਕਰਨ ’ਤੇ ਕਿਹੜੇ ਲਾਭ ਮਿਲ ਸਕਦੇ ਹਨ?

ਦੱਖਣ ਕੋਰੀਆ ਵਿੱਚ ਬਾਲਗ ਔਰਤ ਅਤੇ ਬੱਚਾ

ਤਸਵੀਰ ਸਰੋਤ, JEAN CHUNG

ਤਸਵੀਰ ਕੈਪਸ਼ਨ, ਜ਼ਿਆਦਾਤਰ ਯੂਰਪੀ ਦੇਸ਼ਾਂ ਅਤੇ ਅਮਰੀਕਾ ਵਿੱਚ ਵੀ ਜਨਮ ਦਰ ਘੱਟ ਹੋ ਰਹੀ ਹੈ।

‘ਸਟੈਟਿਸਟਿਕਸ ਕੋਰੀਆ’ ਦੇ ਅੰਦਾਜ਼ੇ ਦੇ ਅਨੁਸਾਰ ਸਾਰੀਆਂ ਸਰਕਾਰੀ ਕੋਸ਼ਿਸ਼ਾਂ ਦੇ ਬਾਵਜੂਦ 2025 ਵਿੱਚ ਦੇਸ਼ ਵਿੱਚ ਜਨਮ ਦਰ ਹੋਰ ਘੱਟ ਕੇ 0.65 ’ਤੇ ਆ ਜਾਵੇਗੀ।

ਮਾਹਰਾਂ ਦਾ ਕਹਿਣਾ ਹੈ ਕਿ ਇਸ ਦਾ ਵੱਡਾ ਕਾਰਨ ਔਰਤਾਂ ਨੂੰ ਦਰਪੇਸ਼ ਆ ਰਹੀਆਂ ਮੁਸ਼ਕਲਾਂ ਹਨ। ਜੇਕਰ ਉਹ ਬੱਚਾ ਪੈਦਾ ਕਰਨ ਦੇ ਨਾਲ-ਨਾਲ ਕੰਮ ਵੀ ਕਰਨਾ ਚਾਹੁੰਦੀਆਂ ਹਨ ਤਾਂ ਉਨ੍ਹਾਂ ਉੱਤੇ ਬਹੁਤ ਸਾਰੇ ਸਮਾਜਿਕ ਦਬਾਅ ਹੁੰਦੇ ਹਨ ਅਤੇ ਉਨ੍ਹਾਂ ਨੂੰ ਨੌਕਰੀ ਵਿੱਚ ਵੀ ਵਿਤਕਰੇ ਦਾ ਸਾਹਮਣਾ ਕਰਨਾ ਪੈਂਦਾ ਹੈ।

30 ਸਾਲਾ ਯਜੀਨ ਇੱਕ ਟੀਵੀ ਪ੍ਰੋਡਿਊਸਰ ਹਨ, ਜਿਨ੍ਹਾਂ ਨੇ ਵਿਆਹ ਨਹੀਂ ਕਰਵਾਇਆ।

ਉਹ ਰਾਜਧਾਨੀ ਸਿਓਲ ਦੇ ਨੇੜੇ ਸਥਿਤ ਆਪਣੇ ਅਪਾਰਟਮੈਂਟ ਵਿੱਚ ਆਪਣੀ ਹਮਉਮਰ ਦੋਸਤਾਂ ਦੇ ਲਈ ਖਾਣਾ ਬਣਾ ਰਹੇ ਹਨ।

ਉਨ੍ਹਾਂ ਵਿੱਚੋਂ ਇੱਕ ਦੋਸਤ ਨੇ ਆਪਣੇ ਫੋਨ ’ਤੇ ਇਕ ਡਾਇਨਾਸੌਰ ਵਾਲਾ ਕਾਰਟੂਨ ਖੋਲ੍ਹਿਆ, ਜਿਸ ਵਿੱਚ ਡਾਇਨਾਸੌਰ ਕਹਿੰਦਾ ਹੈ, “ਹੌਸ਼ਿਆਰਬਾਸ਼! ਤੁਸੀਂ ਸਾਡੇ ਵਾਂਗ ਆਪਣੀ ਹੋਂਦ ਨਾ ਗੁਆਓ।”

ਇਸ ’ਤੇ ਸਾਰੇ ਹੱਸਦੇ ਹਨ। ਯਜੀਨ ਨੇ ਕਿਹਾ, “ ਇਹ ਹਾਸੇ ਵਾਲੀ ਗੱਲ ਹੈ, ਪਰ ਇੱਕ ਕੌੜਾ ਸੱਚ ਵੀ ਹੈ, ਕਿਉਂਕਿ ਸਾਨੂੰ ਪਤਾ ਹੈ ਕਿ ਅਸੀਂ ਖੁਦ ਆਪਣੀ ਹੋਂਦ ਨੂੰ ਖ਼ਤਮ ਕਰਨ ਦਾ ਕਾਰਨ ਬਣ ਸਕਦੇ ਹਾਂ।”

ਯਜੀਨ ਦੀ ਤਰ੍ਹਾਂ ਹੀ ਉਨ੍ਹਾਂ ਦੀਆਂ ਸਹੇਲੀਆਂ ਨੇ ਵੀ ਵਿਆਹ ਨਹੀਂ ਕਰਵਾਇਆ ਹੈ। ਦੱਖਣੀ ਕੋਰੀਆ ਵਿੱਚ ਅਜਿਹੇ ਨੌਜਵਾਨਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ ਜੋ ਕਿ ਆਰਥਿਕ ਕਾਰਨਾਂ ਦੇ ਕਰਕੇ ਵਿਆਹ ਨਹੀਂ ਕਰਨਾ ਚਾਹੁੰਦੇ ਹਨ।

ਜਿਨ੍ਹਾਂ ਨੇ ਵਿਆਹ ਕਰਵਾ ਵੀ ਲਿਆ ਹੈ, ਉਨ੍ਹਾਂ ਵਿੱਚੋਂ ਬਹੁਤ ਸਾਰੇ ਜੋੜੇ ਬੱਚੇ ਨਹੀਂ ਜੰਮਣਾ ਚਾਹੁੰਦੇ ਹਨ।

ਬੱਚੇ ਪੈਦਾ ਕਰਨ ਲਈ ਕੋਰੀਆਈ ਸਰਕਾਰ ਵੱਲੋਂ ਜੋ ਪਹਿਲਕਦਮੀਆਂ ਕੀਤੀਆਂ ਜਾ ਰਹੀਆ ਹਨ, ਉਨ੍ਹਾਂ ਵਿੱਚੋਂ ਇੱਕ ਪਹਿਲਕਦਮੀ ਇਹ ਵੀ ਹੈ ਕਿ ਹਰ ਬੱਚੇ ਦੇ ਜਨਮ ’ਤੇ ਸਰਕਾਰ 2,250 ਕੋਰੀਅਨ ਡਾਲਰ ‘ਬੇਬੀ ਪੇਮੈਂਟ’ (ਇੱਕ ਕਿਸਮ ਦੀ ਸ਼ਗਨ ਸਕੀਮ ਹੀ ਕਹਿ ਲਓ) ਦੇ ਵਜੋਂ ਬੱਚੇ ਦੇ ਮਾਪਿਆ ਨੂੰ ਦਿੰਦੀ ਹੈ।

ਦੱਖਣੀ ਕੋਰੀਆ ਵਿੱਚ ਘੱਟਦੀ ਆਬਾਦੀ ਦਾ ਸੰਕਟ ਇੰਨਾ ਗੰਭੀਰ ਹੋ ਗਿਆ ਹੈ ਕਿ ਜੇਕਰ ਇਹ ਦਰ ਇਸੇ ਤਰ੍ਹਾਂ ਡਿੱਗਣੀ ਜਾਰੀ ਰਹੀ ਤਾਂ ਅਗਲੇ 50 ਸਾਲਾਂ ਵਿੱਚ ਉੱਥੇ ਕੰਮ ਕਰਨ ਵਾਲਿਆਂ ਦੀ ਗਿਣਤੀ ਅੱਧੀ ਰਹਿ ਜਾਵੇਗੀ।

ਇਸ ਦਾ ਮਤਲਬ ਇਹ ਹੈ ਕਿ ਦੇਸ਼ ਦੀ ਅੱਧੀ ਆਬਾਦੀ ਸੇਵਾਮੁਕਤੀ ਦੀ ਉਮਰ ’ਤੇ ਪਹੁੰਚ ਜਾਵੇਗੀ ਭਾਵ ਇਹ ਆਬਾਦੀ 65 ਸਾਲ ਦੀ ਉਮਰ ਤੋਂ ਵੱਧ ਦੀ ਹੋਵੇਗੀ।

ਮਾਹਰਾਂ ਦੇ ਅਨੁਸਾਰ ਇਸ ਸੰਕਟ ਤੋਂ ਬਚਣ ਦੇ ਲਈ ਹੁਣ ਦੇਸ਼ ਦੀਆਂ ਨਿੱਜੀ ਕੰਪਨੀਆਂ ਵੀ ਅੱਗੇ ਆਈਆਂ ਹਨ।

ਪਿਛਲੇ ਹਫ਼ਤੇ ਸਿਓਲ ਵਿੱਚ ਇੱਕ ਨਿਰਮਾਣ ਕੰਪਨੀ ‘ਬੋ ਯੰਗ’ ਨੇ ਐਲਾਨ ਕੀਤਾ ਹੈ ਕਿ ਕੰਪਨੀ ਵਿੱਚ ਕੰਮ ਕਰਨ ਵਾਲੇ ਮਰਦ ਅਤੇ ਔਰਤ ਮੁਲਾਜ਼ਮਾਂ ਦੇ ਘਰ ਬੱਚੇ ਦੀ ਆਮਦ ’ਤੇ ਕੰਪਨੀ ਉਨ੍ਹਾਂ ਨੂੰ 75 ਹਜ਼ਾਰ ਅਮਰੀਕੀ ਡਾਲਰ ਦੇਵੇਗੀ।

ਕੰਪਨੀ ਇਹ ਰਕਮ ਹਰ ਪੈਦਾ ਹੋਣ ਵਾਲੇ ਬੱਚੇ ਉੱਤੇ ਆਪਣੇ ਕਰਮਚਾਰੀਆਂ ਨੂੰ ਅਦਾ ਕਰੇਗੀ।

ਇਹ ਕੰਪਨੀ 2021 ਤੋਂ ਲੈ ਕੇ ਹੁਣ ਤੱਕ ਇਸ ਕੰਮ ਦੇ ਲਈ ਆਪਣੇ ਕਰਮਚਾਰੀਆਂ ਨੂੰ ਲਗਭਗ 53 ਲੱਖ ਡਾਲਰ ਅਦਾ ਕਰ ਚੁੱਕੀ ਹੈ।

ਬੋ ਯੰਗ ਕੰਪਨੀ ਦੇ 83 ਸਾਲਾ ਚੇਅਰਮੈਨ ਲੌ ਜੋਂਗ ਕਿਓਨ ਦਾ ਕਹਿਣਾ ਹੈ, “ ਜੇਕਰ ਇਹ ਦਰ ਇਸੇ ਤਰ੍ਹਾਂ ਜਾਰੀ ਰਹੀ ਤਾਂ ਇੱਕ ਸਮੇਂ ਦੇਸ਼ ਨੂੰ ਆਪਣੀ ਹੋਂਦ ਦੇ ਸੰਕਟ ਦਾ ਸਾਹਮਣਾ ਕਰਨਾ ਪਵੇਗਾ। ਆਰਥਿਕ ਮਦਦ ਦਾ ਮਕਸਦ ਆਪਣੇ ਕਰੀਅਰ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਕੀਤੇ ਬਿਨਾਂ ਹੀ ਪਰਿਵਾਰ ਨੂੰ ਅੱਗੇ ਵਧਾਉਣ ਵਿੱਚ ਮਦਦ ਕਰਨਾ ਹੈ।”

ਕੁਝ ਹੋਰ ਕੰਪਨੀਆਂ ਵੀ ਬੱਚਾ ਪੈਦਾ ਕਰਨ ਦੇ ਲਈ ਆਪਣੇ ਕਰਮਚਾਰੀਆ ਨੂੰ ਆਰਥਿਕ ਮਦਦ ਦੇ ਰਹੀਆਂ ਹਨ।

ਦੱਖਣੀ ਕੋਰੀਆ ਵਿੱਚ ਕਾਰਾਂ ਦੀ ਸਭ ਤੋਂ ਵੱਡੀ ਕੰਪਨੀ ਹੁੰਡਈ ਨੇ ਵੀ ਆਪਣੇ ਕਰਮਚਾਰੀਆਂ ਨੂੰ ਹਰ ਬੱਚੇ ਦੇ ਜਨਮ ’ਤੇ 3,750 ਡਾਲਰ ਦੇਣ ਦਾ ਐਲਾਨ ਕੀਤਾ ਹੈ।

ਕੁਝ ਦੇਸ਼ਾਂ ਵਿੱਚ ਘੱਟ ਬੱਚੇ ਪੈਦਾ ਕਰਨ ਦਾ ਰੁਝਾਨ ਕਿਉਂ ਹੈ ?

ਦੱਖਣੀ ਕੋਰੀਆ ਵਿੱਚ ਤਿੰਨ ਦੋਸਤ

ਤਸਵੀਰ ਸਰੋਤ, JEAN CHUNG

ਤਸਵੀਰ ਕੈਪਸ਼ਨ, ਕੋਰੀਆ ਦੀ ਤਰ੍ਹਾਂ ਜਪਾਨ ਵਿੱਚ ਵੀ ਨੌਜਵਾਨ ਵਿਆਹ ਨਾ ਕਰਾਉਣਾ ਜ਼ਿਆਦਾ ਪਸੰਦ ਕਰਦੇ ਹਨ।

ਕੁਝ ਮਾਹਰਾਂ ਦੀ ਰਾਇ ਵਿੱਚ ਕਿਸੇ ਵੀ ਦੇਸ਼ ਦੀ ਆਬਾਦੀ ਅਤੇ ਨੌਜਵਾਨਾਂ ਦੀ ਗਿਣਤੀ ਵਿੱਚ ਸੰਤੁਲਨ ਬਣਾਈ ਰੱਖਣ ਵਿੱਚ ਜਨਮ ਦਰ 2.1 ਫੀਸਦੀ ਹੋਣੀ ਚਾਹੀਦੀ ਹੈ। ਭਾਵ ਇੱਕ ਔਰਤ ਨੂੰ ਘੱਟ ਤੋਂ ਘੱਟ ਦੋ ਬੱਚੇ ਪੈਦਾ ਕਰਨੇ ਚਾਹੀਦੇ ਹਨ।

ਜੇਕਰ ਜਨਮ ਦਰ ਇਸ ਤੋਂ ਘੱਟ ਹੁੰਦੀ ਹੈ ਤਾਂ ਹੌਲੀ-ਹੌਲੀ ਦੇਸ਼ ਦੀ ਆਬਾਦੀ ਘਟਣ ਲੱਗਦੀ ਹੈ।

ਬੱਚੇ ਘੱਟ ਪੈਦਾ ਹੋਣ ਦੇ ਕਾਰਨ ਇੱਕ ਸਮਾਂ ਅਜਿਹਾ ਆਉਂਦਾ ਹੈ ਜਦੋਂ ਦੇਸ਼ ਵਿੱਚ ਕਿਸ਼ੋਰ ਅਤੇ ਨੌਜਵਾਨਾਂ ਦੀ ਗਿਣਤੀ ਘਟ ਜਾਂਦੀ ਹੈ ਅਤੇ ਬੁੱਢੇ ਲੋਕਾਂ ਦੀ ਗਿਣਤੀ ਵਿੱਚ ਇਜ਼ਾਫਾ ਹੋਣ ਲਗਦਾ ਹੈ।

ਚੀਨ ਇਸ ਸਮੇਂ ਇਸੇ ਸਮੱਸਿਆ ਦਾ ਸਾਹਮਣਾ ਕਰ ਰਿਹਾ ਹੈ। ਅਤੀਤ ਵਿੱਚ ਚੀਨ ਵਿੱਚ ਆਬਾਦੀ ’ਤੇ ਕਾਬੂ ਕਰਨ ਦੇ ਲਈ ਕਈ ਦਹਾਕਿਆਂ ਤੱਕ ਇੱਕ ਬੱਚਾ ਪੈਦਾ ਕਰਨ ਦੀ ਨੀਤੀ ਅਪਣਾਈ ਗਈ ਸੀ।

ਇੱਕ ਸਮੇਂ ਬਾਅਦ ਨਾ ਸਿਰਫ ਦੇਸ਼ ਦੀ ਆਬਾਦੀ ਘਟਣੀ ਸ਼ੁਰੂ ਹੋਈ ਬਲਕਿ ਅਗਲੇ 30-40 ਸਾਲਾਂ ਵਿੱਚ ਉੱਥੇ ਕੰਮ ਕਰਨ ਵਾਲੇ ਨੌਜਵਾਨਾਂ ਦੀ ਗਿਣਤੀ ਵਿੱਚ ਕਮੀ ਆਉਣ ਲੱਗੇਗੀ ।

ਚੀਨ ਦੀ ਸਰਕਾਰ ਨੇ ਹੁਣ ਇਸ ਨੀਤੀ ਨੂੰ ਬਦਲ ਦਿੱਤਾ ਹੈ ਅਤੇ ਹੁਣ ਨੌਜਵਾਨਾਂ ਨੂੰ ਦੂਜਾ ਬੱਚਾ ਪੈਦਾ ਕਰਨ ਦੇ ਲਈ ਵੱਖ-ਵੱਖ ਤਰ੍ਹਾਂ ਦੇ ਪ੍ਰੋਤਸਾਹਨ ਦੇ ਰਹੀ ਹੈ, ਪਰ ਨਵੀਂ ਪੀੜ੍ਹੀ ਨੂੰ ਦੋ ਬੱਚਿਆ ਦਾ ਪਾਲਣ ਪੋਸ਼ਣ ਕਰਨਾ ਇੱਕ ਬੋਝ ਵਰਗਾ ਲਗਦਾ ਹੈ।

ਚੀਨ ਵਿੱਚ ਜਨਮ ਦਰ ਲਗਾਤਾਰ ਘੱਟ ਰਹੀ ਹੈ। ਸਾਲ 2022 ਵਿੱਚ ਇਹ ਦਰ 1.28 ਸੀ ਅਤੇ ਸਾਲ 2023 ਵਿੱਚ ਚੀਨ ਦੀ ਆਬਾਦੀ ਵਿੱਚ 20 ਲੱਖ ਤੋਂ ਵੱਧ ਦੀ ਕਮੀ ਰਿਕਾਰਡ ਕੀਤੀ ਗਈ ਹੈ।

ਚੀਨ ਦੀ ਤਰ੍ਹਾਂ ਹੀ ਜਪਾਨ ਵੀ ਘੱਟ ਬੱਚਿਆਂ ਦੇ ਜਨਮ ਨਾਲ ਜੂਝ ਰਿਹਾ ਹੈ। ਇੱਕ ਸਾਲ ਪਹਿਲਾਂ ਇਹ ਦਰ 1.26 ਸੀ।

ਜਪਾਨ ਵਿੱਚ 2005 ਤੋਂ ਹੀ ਆਬਾਦੀ ਦੇ ਘਟਣ ਦਾ ਰੁਝਾਨ ਸ਼ੁਰੂ ਹੋ ਗਿਆ ਸੀ, ਜਦਕਿ 2023 ਵਿੱਚ ਆਬਾਦੀ ਵਿੱਚ 8 ਲੱਖ ਦੀ ਕਮੀ ਦਰਜ ਕੀਤੀ ਗਈ ਹੈ।

ਗਰਾਫਿਕਸ

ਕੋਰੀਆ ਦੀ ਤਰ੍ਹਾਂ ਜਪਾਨ ਵਿੱਚ ਵੀ ਨੌਜਵਾਨ ਵਿਆਹ ਨਾ ਕਰਾਉਣਾ ਜ਼ਿਆਦਾ ਪਸੰਦ ਕਰਦੇ ਹਨ।

ਸਰਕਾਰ ਨੇ ਇਸ ਦੇ ਲਈ ਇੱਕ ਰਸਮੀ ਮੰਤਰਾਲਾ ਵੀ ਬਣਾਇਆ ਹੋਇਆ ਹੈ, ਜਿਸ ਦੇ ਕਰਮਚਾਰੀ ਨੌਜਵਾਨ ਕੁੜੀਆਂ-ਮੁੰਡਿਆਂ ਨੂੰ ਇੱਕ ਦੂਜੇ ਵੱਲ ਖਿੱਚਣ ਅਤੇ ਉਨ੍ਹਾਂ ਨੂੰ ਵਿਆਹ ਲਈ ਰਾਜੀ ਕਰਨ ਵਿੱਚ ਮਦਦ ਕਰਦੇ ਹਨ।

ਫਿਰ ਵੀ ਇਨ੍ਹਾਂ ਸਾਰੇ ਯਤਨਾਂ ਦੇ ਬਾਵਜੂਦ ਦੌੜਦੀ-ਭੱਜਦੀ ਜ਼ਿੰਦਗੀ, ਆਰਥਿਕ ਦਬਾਅ ਅਤੇ ਬੱਚੇ ਦੇ ਪਾਲਣ-ਪੋਸ਼ਣ ਦੀਆਂ ਮਾਨਸਿਕ ਅਤੇ ਸਰੀਰਕ ਚੁਣੋਤੀਆਂ ਦੇ ਡਰੋਂ ਵੱਡੀ ਗਿਣਤੀ ਵਿੱਚ ਨੌਜਵਾਨ ਅਣਵਿਆਹੇ ਜਾ ਬੇਔਲਾਦ ਰਹਿਣਾ ਪਸੰਦ ਕਰਦੇ ਹਨ।

ਜੇਕਰ ਮੌਜੂਦਾ ਜਨਮ ਦਰ ਇਸੇ ਤਰ੍ਹਾਂ ਜਾਰੀ ਰਹਿੰਦੀ ਹੈ ਤਾਂ ਅਗਲੇ 50 ਸਾਲਾਂ ਵਿੱਚ ਜਪਾਨ ਦੀ ਆਬਾਦੀ ਵਿੱਚ 30% ਦੀ ਕਮੀ ਆ ਜਾਵੇਗੀ ਅਤੇ 40 ਫੀਸਦੀ ਆਬਾਦੀ 65 ਸਾਲ ਤੋਂ ਵੱਧ ਉਮਰ ਦੀ ਹੋਵੇਗੀ।

ਜਪਾਨ ਦੇ ਪ੍ਰਧਾਨ ਮੰਤਰੀ ਫਿਊਮਿਓ ਕਿਸ਼ਿਦਾ ਨੇ ਇਸ ਰੁਝਾਨ ਨੂੰ ‘ਜਪਾਨ ਦਾ ਸਭ ਤੋਂ ਗੰਭੀਰ ਸੰਕਟ’ ਦੱਸਿਆ ਹੈ।

ਜਪਾਨ ਦੁਨੀਆਂ ਦੀ ਤੀਜੀ ਸਭ ਤੋਂ ਵੱਡੀ ਅਰਥ ਵਿਵਸਥਾ ਹੈ, ਪਰ ਜੀਵਨ ਜਿਉਣ ਦਾ ਖਰਚ ਬਹੁਤ ਹੀ ਜ਼ਿਆਦਾ ਹੈ।

ਇਸ ਦੇ ਮੁਕਾਬਲੇ ਲੋਕਾਂ ਦੀਆ ਤਨਖਾਹਾਂ ਵਿੱਚ ਮਹਿੰਗਾਈ ਦੇ ਅਨੁਪਾਤ ਨਾਲ ਵਾਧਾ ਨਹੀਂ ਹੋ ਰਿਹਾ ਹੈ। ਇੰਨਾਂ ਹੀ ਨਹੀਂ 40% ਜਪਾਨੀ ਪਾਰਟ ਟਾਈਮ ਜਾਂ ਕੰਟਰੈਕਟ ਵਰਕਰ ਵੱਜੋਂ ਕੰਮ ਕਰਦੇ ਹਨ।

ਬਹੁਤ ਸਾਰੇ ਆਲੋਚਕਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਬੱਚਿਆਂ, ਔਰਤਾਂ ਅਤੇ ਘੱਟ ਗਿਣਤੀ ਲੋਕਾਂ ਨੂੰ ਸਕਾਰਾਤਮਕ ਤੌਰ ’ਤੇ ਸਮਾਜ ਵਿੱਚ ਸਵੀਕਾਰ ਕਰਨ ਲਈ ਉਪਾਅ ਨਹੀਂ ਕੀਤੇ ਹਨ।

ਅਜਿਹੇ ਦੇਸ਼ ਜਿੱਥੇ ਸਥਿਤੀ ਬਿਲਕੁਲ ਹੀ ਵੱਖਰੀ ਹੈ

ਗਰਾਫਿਕਸ

ਥੋੜ੍ਹੀ ਬਹੁਤ ਇਹੀ ਸਥਿਤੀ ਮਲੇਸ਼ੀਆ ਅਤੇ ਥਾਈਲੈਂਡ ਵਰਗੇ ਦੂਰ ਪੂਰਬੀ ਦੇਸ਼ਾਂ ਵਿੱਚ ਵੀ ਪੈਦਾ ਹੋ ਰਹੀ ਹੈ। ਜਦਕਿ ਦੱਖਣੀ ਏਸ਼ੀਆ ਦੀ ਸਥਿਤੀ ਇਸ ਤੋਂ ਕੁਝ ਵੱਖਰੀ ਹੀ ਹੈ।

ਇੱਥੇ ਸੰਘਣੀ ਆਬਾਦੀ ਵਾਲੇ ਦੁਨੀਆ ਦੇ ਤਿੰਨ ਸਭ ਤੋਂ ਵੱਡੇ ਦੇਸ਼ ਭਾਰਤ, ਪਾਕਿਸਤਾਨ ਅਤੇ ਬੰਗਲਾਦੇਸ਼ ਹਨ। ਇਨ੍ਹਾਂ ਤਿੰਨ੍ਹਾਂ ਦੇਸ਼ਾਂ ਦੀ ਆਬਾਦੀ ਵਿੱਚ ਕਈ ਦਹਾਕਿਆਂ ਤੋਂ ਬਹੁਤ ਜ਼ਿਆਦਾ ਵਾਧਾ ਹੋ ਰਿਹਾ ਹੈ।

ਭਾਰਤ ਅਤੇ ਬੰਗਲਾਦੇਸ਼ ਨੇ ਸੰਯੁਕਤ ਰਾਸ਼ਟਰ ਅਤੇ ਹੋਰ ਸੰਸਥਾਵਾਂ ਦੀ ਮਦਦ ਨਾਲ ਆਬਾਦੀ ’ਤੇ ਕਾਬੂ ਪਾਉਣ ਲਈ ਕਈ ਉਪਰਾਲੇ ਕੀਤੇ ਹਨ, ਜਿਨ੍ਹਾਂ ਵਿੱਚੋਂ ਸਭ ਤੋਂ ਮਹੱਤਵਪੂਰਨ ਪਰਿਵਾਰ ਨਿਯੋਜਨ ਪ੍ਰੋਗਰਾਮ ਸੀ।

ਭਾਰਤ ਵਿੱਚ 1970 ਦੇ ਦਹਾਕੇ ਵਿੱਚ ‘ਹਮ ਦੋ, ਹਮਾਰੇ ਦੋ’ ਵਰਗਾ ਪਰਿਵਾਰ ਨਿਯੋਜਨ ਪ੍ਰੋਗਰਾਮ ਸ਼ੁਰੂ ਕੀਤਾ ਗਿਆ।

ਆਬਾਦੀ ’ਤੇ ਕਾਬੂ ਪਾਉਣ ਵਾਲੇ ਪ੍ਰੋਗਰਾਮ ਵੱਡੇ-ਵੱਡੇ ਸ਼ਹਿਰਾਂ ਅਤੇ ਪੜ੍ਹੇ-ਲਿਖੇ ਵਰਗ ਵਿੱਚ ਤਾਂ ਸਫਲ ਰਹੇ, ਪਰ ਛੋਟੇ ਕਸਬਿਆਂ ਅਤੇ ਪੇਂਡੂ ਖੇਤਰਾਂ ਵਿੱਚ ਇਸ ਦਾ ਲੋੜੀਂਦਾ ਪ੍ਰਭਾਵ ਨਹੀਂ ਪਿਆ, ਜਿਸ ਦੇ ਕਾਰਨ ਆਬਾਦੀ ਵਿੱਚ ਲਗਾਤਾਰ ਵਾਧਾ ਹੁੰਦਾ ਰਿਹਾ।

90 ਦੇ ਦਹਾਕੇ ਤੋਂ ਭਾਰਤ ਵਿੱਚ ਜਨਮ ਦਰ ਵਿੱਚ ਪ੍ਰਭਾਵੀ ਢੰਗ ਨਾਲ ਕਮੀ ਆਉਣ ਲੱਗੀ। ਇਸ ਸਮੇਂ ਇਹ ਘੱਟ ਕੇ 2.1 ’ਤੇ ਆ ਗਈ ਹੈ। ਫਿਲਹਾਲ ਇਸ ਦਰ ਵਿੱਚ ਲਗਾਤਾਰ ਕਮੀ ਦਾ ਰੁਝਾਨ ਦੇਖਿਆ ਜਾ ਰਿਹਾ ਹੈ।

ਕੇਰਲਾ, ਗੋਆ, ਜੰਮੂ-ਕਸ਼ਮੀਰ, ਗੁਜਰਾਤ, ਮਹਾਰਾਸ਼ਟਰ ਅਤੇ ਹੋਰ ਕਈ ਸੂਬਿਆਂ ਵਿੱਚ ਜਨਮ ਦਰ ਘੱਟ ਕੇ ਰਿਪਲੇਸਮੈਂਟ ਦਰ ਤੋਂ ਵੀ ਹੇਠਾਂ ਆ ਗਈ ਹੈ।

ਦੂਜੇ ਪਾਸੇ ਬੰਗਲਾਦੇਸ਼ ਦੀ ਆਬਾਦੀ ਵਿੱਚ ਤੇਜ਼ੀ ਨਾਲ ਵਾਧਾ ਹੋਇਆ, ਪਰ ਉੱਥੋਂ ਦੀਆ ਸਰਕਾਰਾਂ ਨੇ ਬਹੁਤ ਹੀ ਤੇਜ਼ੀ ਨਾਲ ਪ੍ਰਭਾਵੀ ਉਪਰਾਲੇ ਅਮਲ ਵਿੱਚ ਲਿਆਂਦੇ।

ਦੇਸ਼ ਵਿੱਚ 1990 ਤੋਂ ਬਾਅਦ ਜਨਮ ਦਰ ਵਿੱਚ ਹਰ ਸਾਲ ਕਮੀ ਦਰਜ ਕੀਤੀ ਗਈ ਹੈ। ਸੰਯੁਕਤ ਰਾਸ਼ਟਰ ਦੀ ਆਬਾਦੀ ਰਿਪੋਰਟ ਦੇ ਅਨੁਸਾਰ 2023 ਵਿੱਚ ਬੰਗਲਾਦੇਸ਼ ਦੀ ਜਨਮ ਦਰ 1.93 ਸੀ।

ਤਿੰਨਾਂ ਦੇਸ਼ਾਂ ਵਿੱਚੋਂ ਪਾਕਿਸਤਾਨ ਸਭ ਤੋਂ ਪਿੱਛੇ ਹੈ। ਇੱਥੇ ਪਰਿਵਾਰ ਨਿਯੋਜਨ ’ਤੇ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਨਹੀਂ ਹੋਇਆ ਹੈ। ਦੱਖਣੀ ਏਸ਼ੀਆ ਵਿੱਚ ਇਹ ਇੱਕਲਾ ਅਜਿਹਾ ਦੇਸ਼ ਹੈ, ਜਿਸ ਦੀ ਜਨਮ ਦਰ ਰਿਪਲੇਸਮੈਂਟ ਦਰ ਤੋਂ ਕਿਤੇ ਵੱਧ ਹੈ।

ਇਸ ਸਮੇਂ ਇਹ ਦਰ 3.18 ਦੇ ਕਰੀਬ ਹੈ। ਹਾਲਾਂਕਿ, ਹੌਲੀ-ਹੌਲੀ ਪਾਕਿਸਤਾਨ ਵਿੱਚ ਵੀ ਵਿਸ਼ੇਸ਼ ਤੌਰ ’ਤੇ ਸ਼ਹਿਰੀ ਖੇਤਰਾਂ ਵਿੱਚ ਜਨਮ ਦਰ ਵਿੱਚ ਬਹੁਤ ਕਮੀ ਦਰਜ ਕੀਤੀ ਗਈ ਹੈ। ਹਾਲਾਂਕਿ ਮੌਜੂਦਾ ਜਨਮ ਦਰ ਮੁਕਾਬਲਤਨ ਬਹੁਤ ਜ਼ਿਆਦਾ ਹੈ, ਪਰ ਪਿਛਲੇ 10 ਸਾਲਾਂ ਵਿੱਚ ਜਨਮ ਦਰ ਵਿੱਚ ਲਗਾਤਾਰ ਕਮੀ ਦਰਜ ਕੀਤੀ ਗਈ ਹੈ।

ਗਿਰਾਵਟ ਦਾ ਜੋ ਸਾਲਾਨਾ ਰੁਝਾਨ ਹੈ, ਉਸ ਦੀ ਦਰ ਵਿੱਚ ਆਉਣ ਵਾਲੇ ਸਾਲਾਂ ਵਿੱਚ ਹੋਰ ਤੇਜ਼ੀ ਨਾਲ ਕਮੀ ਆਉਣ ਦਾ ਕਿਆਸ ਹੈ।

ਏਸ਼ੀਆ ਦੇ ਹੋਰਨਾਂ ਦੇਸ਼ਾਂ ਵਿੱਚ ਵੀ ਆਬਾਦੀ ਵਿੱਚ ਕਮੀ ਦਾ ਰੁਝਾਨ ਵੇਖਿਆ ਜਾ ਰਿਹਾ ਹੈ। ਥਾਈਲੈਂਡ, ਮਲੇਸ਼ੀਆ ਅਤੇ ਈਰਾਨ ਵਰਗੇ ਦੇਸ਼ਾਂ ਵਿੱਚ ਵੀ ਘੱਟ ਬੱਚੇ ਪੈਦਾ ਕਰਨ ਦਾ ਰੁਝਾਨ ਵੱਧ ਰਿਹਾ ਹੈ।

ਜਦੋਂ ਦੇਸ਼ ਦੀ ਆਬਾਦੀ ਅਤੇ ਜਨਮ ਦਰ ਤੇਜ਼ੀ ਨਾਲ ਘਟਦੀ ਹੈ ਤਾਂ ਇਸ ਦਾ ਪਹਿਲਾ ਪ੍ਰਭਾਵ ਇਹ ਹੁੰਦਾ ਹੈ ਕਿ 20-30 ਸਾਲਾਂ ਵਿੱਚ ਕੰਮ ਕਰਨ ਵਾਲੇ ਲਕਾਂ ਦੀ ਗਿਣਤੀ ਵਿੱਚ ਕਮੀ ਆਉਂਦੀ ਹੈ ਅਤੇ 65 ਸਾਲ ਤੋਂ ਜ਼ਿਆਦਾ ਉਮਰ ਦੇ ਲਕਾਂ ਦੀ ਆਬਾਦੀ ਵਧਣ ਲੱਗਦੀ ਹੈ।

ਜ਼ਿਆਦਾਤਰ ਯੂਰਪੀ ਦੇਸ਼ਾਂ ਅਤੇ ਅਮਰੀਕਾ ਵਿੱਚ ਵੀ ਜਨਮ ਦਰ ਘੱਟ ਹੋ ਰਹੀ ਹੈ। ਅਫ਼ਰੀਕਾ ਵਿੱਚ ਵੀ ਹੌਲੀ-ਹੌਲੀ ਇਹ ਰੁਝਾਨ ਸ਼ੁਰੂ ਹੋ ਰਿਹਾ ਹੈ।

ਬਦਲਦੀ ਹੋਈ ਦੁਨੀਆਂ ਵਿੱਚ ਵਿਆਹ ਅਤੇ ਬੱਚੇ ਜੰਮਣ ਦੀ ਇੱਛਾ ਮਰਦੀ ਜਾ ਰਹੀ ਹੈ।

ਇਸ ਨਾਲ ਵਰਕਫੋਰਸ ਮਾਈਗ੍ਰੇਸ਼ਨ ਵਧੇਗੀ

ਸ਼ਹਿਰ

ਤਸਵੀਰ ਸਰੋਤ, JEAN CHUNG

ਤਸਵੀਰ ਕੈਪਸ਼ਨ, ਭਾਰਤ ਤੋਂ ਹਜ਼ਾਰਾਂ ਕਾਰੀਗਰ, ਨਿਰਮਾਣ ਕਾਮੇ, ਦਾਈਆਂ ਅਤੇ ਹੈਲਪਰ ਨਵੇਂ ਦੇਸ਼ਾਂ ਵੱਲ ਜਾ ਰਹੇ ਹਨ।

ਕੋਲਕਾਤਾ ਦੀ ਡਾਇਮੰਡ ਹਾਰਬਰ ਯੂਨੀਵਰਸਿਟੀ ਦੀ ਪ੍ਰਫੈਸਰ ਅਨਿੰਦਿਤਾ ਘੋਸ਼ਾਲ ਦਾ ਕਹਿਣਾ ਹੈ ਕਿ ਦੱਖਣੀ ਏਸ਼ੀਆ ਦੇ ਦੇਸ਼ਾਂ ਵਿੱਚ ਵੀ ਜਨਮ ਦਰ ਵਿੱਚ ਗਿਰਾਵਟ ਦਾ ਰੁਝਾਨ ਵਧ ਰਿਹਾ ਹੈ।

ਜਦਕਿ ਜਪਾਨ, ਸਿੰਗਾਪੁਰ, ਦੱਖਣੀ ਕੋਰੀਆ ਅਤੇ ਚੀਨ ਵਰਗੇ ਦੇਸ਼ਾਂ ਦੀ ਤੁਲਨਾ ਵਿੱਚ ਬਹੁਤ ਹੌਲੀ ਹੈ, ਜਿਸ ਦੇ ਕਾਰਨ ਦੋਵਾਂ ਸਮੂਹਾਂ ਦੇ ਦੇਸ਼ਾਂ ਦਰਮਿਆਨ ਆਬਾਦੀ ਦਾ ਅੰਤਰ ਲੰਮੇ ਸਮੇਂ ਤੱਕ ਬਣਿਆ ਰਹੇਗਾ।

ਉਨ੍ਹਾਂ ਦਾ ਕਹਿਣਾ ਹੈ, “ਨਵੀਂ ਤਰ੍ਹਾਂ ਦਾ ਪਰਵਾਸ ਹੌਲੀ-ਹੌਲੀ ਪਹਿਲਾਂ ਹੀ ਸ਼ੁਰੂ ਹੋ ਚੁੱਕਿਆ ਹੈ। ਪਹਿਲਾਂ ਮਾਈਗ੍ਰੇਸ਼ਨ ਵਿੱਚ ਜ਼ਿਆਦਾਤਰ ਲੋਕ ਪੇਸ਼ੇਵਰ ਅਤੇ ਜ਼ਿਆਦਾ ਪੜ੍ਹੇ-ਲਿਖੇ ਹੁੰਦੇ ਸਨ। ਹੁਣ ਜੋ ਮਾਈਗ੍ਰੇਸ਼ਨ ਹੋਵੇਗੀ, ਉਸ ਵਿੱਚ ਜ਼ਿਆਦਾਤਰ ਗੈਰ-ਕੁਸ਼ਲ (un-skilled), ਅਰਧ-ਕੁਸ਼ਲ (Semi-skilled) ਲੋਕ ਵੀ ਸ਼ਾਮਲ ਹੋਣਗੇ।”

“ਬੰਗਲਾਦੇਸ਼ ਵਿੱਚ ਇਹ ਕੰਮ ਸ਼ੁਰੂ ਹੋ ਗਿਆ ਹੈ। ਪਾਕਿਸਤਾਨ ਦੀ ਵਰਕਫੋਰਸ ਹੌਲੀ-ਹੌਲੀ ਅਜਿਹੇ ਦੇਸ਼ਾਂ ਦਾ ਹੀ ਰੁੱਖ਼ ਕਰ ਰਹੀ ਹੈ, ਜਿਨ੍ਹਾਂ ਨੂੰ ਮੁਸ਼ਕਲ ਮੰਨਿਆ ਜਾਂਦਾ ਹੈ। ਭਾਰਤ ਤੋਂ ਹਜ਼ਾਰਾਂ ਕਾਰੀਗਰ, ਨਿਰਮਾਣ ਕਾਮੇ, ਦਾਈਆਂ ਅਤੇ ਹੈਲਪਰ ਨਵੇਂ ਦੇਸ਼ਾਂ ਵੱਲ ਜਾ ਰਹੇ ਹਨ।”

ਪ੍ਰੋਫੈਸਰ ਘੋਸ਼ਾਲ ਦਾ ਕਹਿਣਾ ਹੈ ਕਿ ਭਾਰਤ, ਪਾਕਿਸਤਾਨ , ਬੰਗਲਾਦੇਸ਼ ਅਤੇ ਨੇਪਾਲ ਵਰਗੇ ਦੇਸ਼ਾਂ ਵਿੱਚ ਵਰਕਫੋਰਸ ਦੀ ਤੁਲਨਾ ਵਿੱਚ ਨੌਕਰੀ ਦੇ ਮੌਕੇ ਨਾ ਦੇ ਬਰਾਬਰ ਹਨ।

“ਅਜਿਹੇ ਹਾਲਤਾਂ ਵਿੱਚ ਦੂਜੇ ਦੇਸ਼ਾਂ ਖਾਸ ਤੌਰ ’ਤੇ ਵਿਕਸਤ ਦੇਸ਼ਾਂ ਵੱਲ ਨੌਜਵਾਨ ਵਰਕਫੋਰਸ ਦੀ ਮਾਈਗ੍ਰੇਸ਼ਨ ਆਉਣ ਵਾਲੇ ਦਿਨਾਂ ਵਿੱਚ ਵਧ ਜਾਵੇਗੀ। ਇਹ ਸਥਿਤੀ ਆਉਣ ਵਾਲੇ ਦਿਨਾਂ ਵਿੱਚ ਪੂਰੀ ਦੁਨੀਆ ਵਿੱਚ ਨਜ਼ਰ ਆਵੇਗੀ।”

ਉਨ੍ਹਾਂ ਦਾ ਕਹਿਣਾ ਹੈ ਕਿ ਮਨੁੱਖੀ ਸੱਭਿਅਤਾ ਦੇ ਹਰ ਦੌਰ ਵਿੱਚ ਬਿਹਤਰ ਮੌਕਿਆਂ ਦੀ ਭਾਲ ਵਿੱਚ ਇੱਕ ਥਾਂ ਤੋਂ ਦੂਜੀ ਥਾਂ ਵੱਲ ਪਰਵਾਸ ਇੱਕ ਸਥਾਈ ਪ੍ਰਕਿਰਿਆ ਰਹੀ ਹੈ। ਜਦਕਿ ਹੁਣ ਦੁਨੀਆਂ ਦੇ ਵਿਕਸਤ ਅਤੇ ਆਰਥਿਕ ਪੱਖੋਂ ਉਭਰਦੇ ਦੇਸ਼ਾਂ ਵਿੱਚ ਤੇਜ਼ੀ ਨਾਲ ਘੱਟ ਰਹੀ ਜਨਮ ਦਰ ਨੇ ਇੱਕ ਡੂੰਗਾ ਸਮਾਜਿਕ ਅਤੇ ਮਨੁੱਖੀ ਸੰਕਟ ਪੈਦਾ ਕਰ ਦਿੱਤਾ ਹੈ।