1.50 ਕਰੋੜ ਰੁ. ਦੀ ਤਨਖ਼ਾਹ, ਇੱਕ ਖ਼ੂਬਸੂਰਤ ਟਾਪੂ ’ਤੇ ਰਿਹਾਇਸ਼, ਕਿੱਥੇ ਮਿਲ ਰਹੀ ਹੈ ਅਜਿਹੀ ਨੌਕਰੀ

ਤਸਵੀਰ ਸਰੋਤ, Getty Images
- ਲੇਖਕ, ਪੌਲ ਹੇਸਟੀ
- ਰੋਲ, ਬੀਬੀਸੀ ਸਕੌਟਲੈਂਡ ਨਿਊਜ਼
ਜੇ ਤੁਹਾਨੂੰ ਸਕਾਟਲੈਂਡ ਦੇ ਖ਼ੂਬਸੂਰਤ ਦੀਪ ਸਮੂਹ ਵਿੱਚ ਨੌਕਰੀ ਕਰਨ ਦਾ ਮੌਕਾ ਮਿਲੇ ਅਤੇ ਤੁਹਾਡੀ ਤਨਖ਼ਾਹ ਹੋਵੇ ਭਾਰਤੀ ਰੁਪਏ ਦੇ ਹਿਸਾਬ ਨਾਲ ਲਗਭਗ 1.50 ਕਰੋੜ (150000 ਪੌਂਡ), ਕਰਨਾ ਚਾਹੋਗੇ?
ਇਹ ਤਨਖ਼ਾਹ ਸਕਾਟਲੈਂਡ ਦੇ ਪੱਛਮੀ ਤਟ ਉੱਤੇ ਸਥਿਤ ਹੈਬਰੀਡੀਅਨ ਦੀਪ ਸਮੂਹ ਵਿੱਚ ਰੱਖੇ ਜਾ ਰਹੇ ਡਾਕਟਰਾਂ ਨੂੰ ਦਿੱਤੀ ਜਾਣੀ ਹੈ।
ਇਹ ਬ੍ਰਿਟੇਨ ਦੀ ਸਭ ਤੋਂ ਦੁਰੇਡੀ ਡਿਸਪੈਂਸਰੀ (ਜੀਪੀ) ਹੈ ਜੋ ਯੂਸਿਟ ਐਂਡ ਬੈਨਬੈਕਿਊਲਾ ਦੇ ਹੈਬਰੀਡੀਅਨ ਦੀਪ ਉੱਤੇ ਸਥਿਤ ਹੈ। ਡਾਕਟਰਾਂ ਨੂੰ ਇੱਥੇ ਕੰਮ ਕਰਨ ਅਤੇ ਵਸਣ ਲਈ ਉਤਸ਼ਾਹਿਤ ਕਰਨ ਖਾਤਰ ਮੋਟੀ ਤਨਖ਼ਾਹ ਅਤੇ ਭੱਤਿਆਂ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈੈ।
ਇਸ ਤਰ੍ਹਾਂ ਨਾਲ ਲਗਦੇ ਇੱਕ ਹੋਰ ਟਾਪੂ ਰਮ ਉੱਤੇ ਪੰਜ ਪ੍ਰਾਈਮਰੀ ਅਤੇ ਦੋ ਨਰਸਰੀ ਬੱਚਿਆਂ ਲਈ 68,000 ਪੌਂਡ ( ਕਰੀਬ 71.73 ਲੱਖ ਭਾਰਤੀ ਰੁਪਏ) ਤਨਖ਼ਾਹ ਉੱਤੇ ਨੂੰ ਇੱਕ ਨਵੇਂ ਸਕੂਲ ਅਧਿਆਪਕ ਦੀ ਤਲਾਸ਼ ਹੈ।
ਇਨ੍ਹਾਂ ਭੱਤੇ ਅਤੇ ਤਨਖਾਹਾਂ ਦੀ ਇਨ੍ਹਾਂ ਦੁਰਗਮ ਖੇਤਰਾਂ ਵਿੱਚ ਸਟਾਫ਼ ਦੀ ਕਮੀ ਨਾਲ ਜੂਝ ਰਹੀ ਜੀਪੀ ਅਤੇ ਸਕੂਲ ਦੀ ਮਦਦ ਲਈ ਪੇਸ਼ਕਸ਼ ਕੀਤੀ ਜਾ ਰਹੀ ਹੈ।
ਇੰਨੀ ਮੋਟੀ ਤਨਖ਼ਾਹ ਕਿਉਂ?
ਇਸਦੀ ਵਜ੍ਹਾ ਹੈ ਕਿ ਸਥਾਨਕ ਲੋਕਾਂ ਲਈ ਇਹ ਕਿਸੇ ਵੀ ਹੋਰ ਨੌਕਰੀ ਵਰਗੇ ਕੰਮ ਨਹੀਂ ਹਨ। ਦੀਪ ਵਾਸੀਆਂ ਦੀ ਇੱਛਾ ਹੈ ਕਿ ਇੱਥੇ ਨੌਜਵਾਨ ਪਰਿਵਾਰ ਆਉਣ ਅਤੇ ਇੱਥੇ ਆਕੇ ਵਸਣ, ਤਾਂ ਜੋ ਦੀਪ ਉੱਪਰ ਜੀਵਨ ਲੰਬੇ ਸਮੇਂ ਲਈ ਕਾਇਮ ਰੱਖਿਆ ਜਾ ਸਕੇ।
ਇਸੇ ਲਈ ਇਸ ਰਾਹੀਂ ਨਵੇਂ ਲੋਕਾਂ ਨੂੰ ਸਕਾਟਲੈਂਡ ਦੇ ਟਾਪੂ ਉੱਤੇ ਵਸਦੇ ਭਾਈਚਾਰਿਆਂ ਵਿੱਚ ਵਸਣ ਅਤੇ ਕੰਮ ਕਰਨ ਲਈ ਪ੍ਰੇਰਿਤ ਕਰਨ ਲਈ ਕੀਤਾ ਜਾ ਰਿਹਾ।
ਐੱਨਐੱਚਐੱਸ ਪੱਛਮੀ ਦੀਪ ਸਮੂਹ ਦੇ ਮੁੱਖ ਕਾਰਜ ਸਾਧਕ ਗੌਰਡਨ ਜੈਮੀਸਨ ਨੇ ਕਿਹਾ, “ਅਸੀਂ ਨਾ ਸਿਰਫ ਕਾਮਯਾਬ ਉਮੀਦਵਾਰ ਨਹੀਂ ਸਗੋਂ ਭਾਈਵਾਲ ਤਲਾਸ਼ ਰਹੇ ਹਾਂ।”
ਉਹ ਦੱਸਦੇ ਹਨ, “ਕਿਸੇ ਦੁਰੇਡੇ ਦੀਪ ਉੱਤੇ ਭਾਈਚਾਰੇ ਵਿੱਚ ਰਹਿਣਾ ਅਤੇ ਕੰਮ ਕਰਨਾ ਹਰ ਕਿਸੇ ਦੀ ਚੋਣ ਨਹੀਂ ਹੁੰਦੀ।“
“ਯੂਸਿਟ ਅਤੇ ਬੈਨਬੈਕਿਊਲਾ ਵਰਗੀ ਸਿਹਤ ਸੰਭਾਲ ਕਾਮੇ ਵਜੋਂ ਨੌਕਰੀ ਦੇ ਲਿਹਾਜ਼ ਨਾਲ ਦੂਰ ਹੈ। ”
ਇਨ੍ਹਾਂ ਇਲਾਕਿਆਂ ਦੇ ਵਾਸੀਆਂ ਦੀਆਂ ਸਿੱਖਿਆ ਅਤੇ ਸਿਹਤ ਸੰਬੰਧੀ ਬੁਨਿਆਦੀ ਲੋੜਾਂ ਦੀ ਪੂਰਤੀ ਨੂੰ ਧਿਆਨ ਵਿੱਚ ਰੱਖ ਕੇ ਇੰਨੀਆਂ ਮੋਟੀਆਂ ਤਨਖਾਹਾਂ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ। ਇੱਥੇ ਰਹਿਣਾ ਇੱਕ ਤਰ੍ਹਾਂ ਨਾਲ ਵੱਖਰੀ ਹੀ ਦੁਨੀਆਂ ਵਿੱਚ ਰਹਿਣ ਵਾਂਗ ਹੈ।

ਤਸਵੀਰ ਸਰੋਤ, BENBECULA MEDICAL PRACTICE
ਬ੍ਰਿਟੇਨ ਦੀ ਸਿਰਮੌਰ ਸਿਹਤ ਅਥਾਰਟੀ ਐੱਨਐੱਚਐੱਸ ਦੇ ਪੱਛਮੀ ਦੀਪ ਸਮੂਹ ਦੇ ਵਿੰਗ ਵੱਲੋਂ ਇਨ੍ਹਾਂ ਡਾਕਟਰਾਂ ਨੂੰ ਰਵਾਇਤੀ ਤਨਖ਼ਾਹ ਤੋਂ 40% ਵਧੇਰੇ ਤਨਖਾਹ ਦੀ ਦਿੱਤੀ ਜਾਵੇਗੀ ਤਾਂ ਜੋ ਡਾਕਟਰਾਂ ਦੀ ਨਵੀਂ ਟੀਮ ਨੂੰ ਇਸ ਪੇਂਡੂ ਅਤੇ ਰਿਮੋਟ ਹਿੱਸੇ ਵੱਲ ਖਿੱਚਿਆ ਜਾ ਸਕੇ।
ਐੱਨਐੱਚਐੱਸ ਉਨ੍ਹਾਂ ਡਾਕਟਰਾ ਦੀ ਭਾਲ ਕਰ ਰਹੀ ਹੈ ਜਿਨ੍ਹਾਂ ਵਿੱਚ ਪੇਂਡੂ ਖੇਤਰਾਂ ਵਿੱਚ ਕੰਮ ਕਰਨ ਦਾ ਜਜ਼ਬਾ ਹੋਵੇ।
ਸਿਹਤ ਕਾਮਿਆਂ ਦੀ ਇਹ ਟੀਮ ਬਾਹਰੀ ਹੈਬਰਡੀਜ਼ ਦੇ ਛੇ ਦੀਪਾਂ ਉੱਤੇ ਕਰੀਬ 4700 ਦੀ ਵਸੋਂ ਦੀ ਲੋੜਾਂ ਦਾ ਧਿਆਨ ਰੱਖੇਗੀ।
ਐੱਨਐੱਚਐੱਸ ਪੱਛਮੀ ਦੀਪ ਸਮੂਹ ਦਾ ਕਹਿਣਾ ਹੈ ਕਿ ਡਾਕਟਰਾਂ ਲਈ ਇਹ ਬ੍ਰਿਟੇਨ ਦੀਆਂ ਕੁਝ ਸਭ ਤੋਂ “ਸੋਹਣੀਆਂ ਅਤੇ ਇਕਾਂਤਪੂਰਨ ਥਾਂਵਾਂ” ਵਿੱਚੋਂ ਇੱਕ ਉੱਤੇ ਕੰਮ ਕਰਨ ਦਾ ਇੱਕ ਮੌਕਾ ਹੈ।
ਚੁਣੇ ਗਏ ਉਮੀਦਵਾਰਾਂ ਨੂੰ ਆਪਣੇ ਪਰਿਵਾਰ ਅਤੇ ਸਮਾਨ ਨੂੰ ਇੱਥੇ ਢੋਹਣ ਵਿੱਚ ਕੀਤੇ ਖਰਚੇ ਦੀ ਭਰਪਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਉਨ੍ਹਾਂ ਨੂੰ ਮਕਾਨ ਕਿਰਾਇਆ ਭੱਤਾ ਵੀ ਮਿਲੇਗਾ ਅਤੇ 10 ਹਜ਼ਾਰ ਪੌਂਡ ਸਵਾਗਤੀ ਰਾਸ਼ੀ ਵਜੋਂ ਵੀ ਦਿੱਤੇ ਜਾਣਗੇ।
'ਹਰ ਕਿਸੇ ਦੇ ਵੱਸ ਦਾ ਨਹੀਂ'
ਜੈਮੀਸਨ ਨੇ ਬੀਬੀਸੀ ਰੇਡੀਓ ਦੇ ਗੁੱਡ ਮਾਰਨਿੰਗ ਸਕਾਟਲੈਂਡ ਨੂੰ ਦੱਸਿਆ, ਅਜਿਹਾ ਵਿਅਕਤੀ ਹੋਣਾ ਚਾਹੀਦਾ ਹੈ ਜਿਸ ਨੂੰ ਨੌਕਰੀ ਦੀ ਲੋੜ ਹੋਵੇ ਅਤੇ ਜ਼ਿੰਮੇਵਾਰੀ ਦੀ ਭਾਵਨਾ ਵੀ ਹੋਵੇ।
“ਜ਼ਾਹਰ ਹੈ ਕਿ ਅਸੀਂ ਉਨ੍ਹਾਂ ਨੂੰ ਉਤਸ਼ਾਹਿਤ ਕਰਨਾ ਚਾਹੁੰਦੇ ਹਾਂ, ਇਹ ਹਰ ਕਿਸੇ ਦੇ ਵੱਸ ਦਾ ਕੰਮ ਨਹੀਂ ਹੈ।”
“ਪੂਰੀ ਦੁਨੀਆਂ ਵਿੱਚ ਅਜਿਹੇ ਲੋਕ ਹਨ ਜੋ ਇਸ ਤਰ੍ਹਾਂ ਦੇ ਰਿਮੋਟ ਇਲਾਕੇ ਵਿੱਚ ਸਿਹਤ ਸੰਭਾਲ ਦਾ ਅਨੁਭਵ ਲੈਣਾ ਚਾਹੁੰਦੇ ਹਨ।”
ਜੈਮੀਸਨ ਨੇ ਦੱਸਿਆ ਕਿ ਐੱਨਐੱਚਐੱਸ ਪੱਛਮੀ ਦੀਪ ਸਮੂਹ ਨੂੰ ਰਿਮੋਟ ਇਲਾਕਿਆਂ ਵਿੱਚ ਭਰਤੀ ਕਰਨ ਲਈ ਕਈ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿੱਥੇ ਸਲਾਹਕਾਰਾਂ ਤੋਂ ਲੈਕੇ ਆਮ ਡਾਕਟਰਾਂ, ਨਰਸਾਂ ਸਾਰਿਆਂ ਦੀ ਕਮੀ ਹੈ।
ਉਨ੍ਹਾਂ ਨੇ ਅੱਗੇ ਕਿਹਾ, “ਅਸੀਂ ਇੱਕ ਟਿਕਾਊ ਸੇਵਾ ਤੋਂ ਇਲਾਵਾ ਚਾਹੁੰਦੇ ਹਾਂ ਕਿ ਲੋਕ ਸਮੁਦਾਇ ਵਿੱਚ ਲੰਬੇ ਸਮੇਂ ਲਈ ਰਹਿਣ।”

ਤਸਵੀਰ ਸਰੋਤ, Getty Images
ਪ੍ਰਾਈਮਰੀ ਅਧਿਆਪਕ ਦੀ ਵੀ ਲੋੜ ਹੈ
ਅੰਦਰੂਨੀ ਹੈਬਰਡੀਜ਼ ਵਿੱਚ ਸਥਿਤ ਰਮ ਦੀਪ ਦੇ ਕਿਲਚਨ ਪਿੰਡ ਵਿੱਚੇ ਸਿਰਫ਼ ਚਾਲੀ ਜਣਿਆਂ ਦੀ ਅਬਾਦੀ ਹੈ।
ਰਮ ਪ੍ਰਾਈਮਰੀ ਸਕੂਲ ਵਿੱਚ ਸਿਰਫ਼ ਪੰਜ ਬੱਚੇ ਹਨ, ਜਿਨ੍ਹਾਂ ਦੀ ਉਮਰ 5 ਤੋਂ 11 ਸਾਲ ਹੈ ਅਤੇ 3 ਅਤੇ 4 ਸਾਲਾਂ ਦੇ ਦੋ ਨਰਸਰੀ ਦੇ ਬੱਚੇ ਹਨ।
ਹਾਈਲੈਂਡ ਕਾਊਂਸਲ ਆਪਣੇ ਨਵੇਂ ਹੈਡ ਟੀਚਰ ਲਈ ਦੂਰ ਦੁਰਾਡੀ ਥਾਂ ਉੱਤੇ ਕੰਮ ਕਰਨ ਦੇ ਭੱਤੇ ਅਤੇ 5500 ਪੌਂਡ (ਕਰੀਬ 5.79 ਲੱਖ ਭਾਰਤੀ ਰੁਪਏ) ਤੋਂ ਜ਼ਿਆਦਾ ਦੇ ਰਹਾਇਸ਼ੀ ਭੱਤੇ ਤੋਂ ਇਲਾਵਾ ਸਲਾਨਾ 62 ਹਜ਼ਾਰ ਪੌਂਡ (ਕਰੀਬ 65.41 ਲੱਖ ਭਾਰਤੀ ਰੁਪਏ) ਦੀ ਤਨਖ਼ਾਹ ਦੀ ਪੇਸ਼ਕਸ਼ ਕਰ ਰਹੀ ਹੈ।
ਕਾਊਂਸਲ ਨੇ ਕਿਹਾ ਕਿ ਇਸ ਨੂੰ ਇਸ ਅਹੁਦੇ ਉਮੀਦਵਾਰਾਂ ਨੇ ਕੁਝ ਦਿਲਚਸਪੀ ਦਿਖਾਈ ਹੈ ਅਤੇ ਭਰਤੀ ਪ੍ਰਕਿਰਿਆ ਅਜੇ ਜਾਰੀ ਹੈ।
ਇਸ ਦੀਪ ਉੱਤੇ ਮੁੱਖ ਭੂਮੀ ਤੋਂ ਫੇਰੀ ਰਾਹੀਂ ਡੇਢ ਘੰਟੇ ਵਿੱਚ ਪਹੁੰਚਿਆ ਜਾ ਸਕਦਾ ਹੈ ਅਤੇ ਬਿਜਲੀ ਲਈ ਦੋ ਛੋਟੇ ਪਣ ਬਿਜਲੀ ਪ੍ਰੋਜੈਕਟਾਂ ਉੱਪਰ ਨਿਰਭਰ ਹਨ।
ਦੀਪ ਦੀ ਜ਼ਿਆਦਾਤਰ ਜ਼ਮੀਨ ਸਕਾਟਲੈਂਡ ਦੇ ਕੁਦਰਤੀ ਸਾਂਭ-ਸੰਭਾਲ ਵਿਭਾਗ ਦੀ ਮਲਕੀਅਤ ਹੈ ਅਤੇ ਆਪਣੀ ਸੂਹੇ ਹਿਰਨਾਂ ਦੀ ਵੱਡੀ ਅਬਾਦੀ ਲਈ ਮਸ਼ਹੂਰ ਹੈ।
ਚਾਰ ਸਾਲ ਪਹਿਲਾਂ ਕਿਲਚਨ ਵਿੱਚ ਚਾਰ ਨਵੇਂ ਘਰ ਬਣਾਏ ਗਏ ਸਨ।
ਦੀਪ ਦੇ ਸਮੁਦਾਇ ਟਰੱਸਟ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਨੌਜਵਾਨ ਪਰਿਵਾਰ ਇੱਥੇ ਆ ਕੇ “ਦੀਪ ਦੀ ਜ਼ਿੰਦਗੀ ਨੂੰ ਹੰਢਣਸਾਰ” ਬਣਾਉਣਗੇ।
ਰਮ ਕਮਿਊਨਿਟੀ ਕਾਊਂਸਲ ਨੂੰ ਉਮੀਦ ਹੈ ਕਿ ਮੋਟੀਆਂ ਤਨਖ਼ਹਾਹਾਂ ਅਤੇ ਭੱਤੇ ਪਰਿਵਾਰਾਂ ਨੂੰ ਇੱਥੇ ਆ ਕੇ ਵਸਣ ਅਤੇ ਭਾਈਚਾਰੇ ਦਾ ਹਿੱਸਾ ਬਣਨ ਲਈ ਪ੍ਰੇਰਿਤ ਕਰਨਗੇ।

ਤਸਵੀਰ ਸਰੋਤ, Getty Images
ਪਿਛਲੇ ਮਹੀਨੇ ਪੱਛਮੀ ਹਾਈਲੈਂਡਸ ਵਿੱਚ ਆਰਡਨਾਮਰਕਨ ਪ੍ਰਾਇਦੀਪ ਨੇ ਆਪਣੇ 15 ਵਿਦਿਆਰਥੀਆਂ ਲਈ 53 ਹਜ਼ਾਰ ਪੌਂਡ (ਕਰੀਬ 53 ਲੱਖ ਭਾਰਤੀ ਰੁਪਏ) ਦੀ ਨੌਕਰੀ ਲਈ ਇਸ਼ਤਿਹਾਰ ਦਿੱਤਾ ਸੀ।
ਹਾਈਲੈਂਡ ਕਾਊਂਸਲ ਨੇ ਮੁਤਾਬਕ ਸਕੂਲ ਦੀ ਸਥਿਤੀ ਮੁਤਾਬਕ ਉਨ੍ਹਾਂ ਨੂੰ ਕਈ ਕਿਸਮ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕੁਝ ਪੇਂਡੂ ਥਾਵਾਂ ਉੱਤੇ ਉਮੀਦਵਾਰਾਂ ਦੀ ਵਧੇਰੇ ਦਿਲਚਸਪੀ ਦਿਸ ਰਹੀ ਹੈ।
ਸਥਾਨਕ ਸਰਕਾਰ ਨੇ ਕਿਹਾ ਕਿ ਉਹ ਅਧਿਆਪਕਾਂ ਨੂੰ ਪੱਕੀ ਨਿਯੁਕਤੀ ਲਈ ਇੱਥੇ ਆਉਣ ਵਾਲਿਆਂ ਨੂੰ ਮਕਾਨ ਕਿਰਾਏ ਅਤੇ ਸਫਰੀ ਭੱਤੇ ਸਮੇਤ “ਖੁੱਲ੍ਹੇ ਦਿਲ ਨਾਲ ਭੱਤੇ ਦੀ” ਪੇਸ਼ਕਸ਼ ਕੀਤੀ ਗਈ ਹੈ।
ਕਾਊਂਸਲ ਦੇ ਇੱਕ ਬੁਲਾਰੇ ਨੇ ਦੱਸਿਆ,ਹੈਡ ਟੀਚਰ ਲਈ ਚੁਣੇ ਗਏ ਉਮੀਦਵਾਰ ਨੂੰ ਤਨਖ਼ਾਹ ਤੋਂ ਇਲਾਵਾ ਦੁਰਾਡੇ ਇਲਾਕੇ ਵਿੱਚ ਕੰਮ ਕਰਨ ਲਈ ਮਿਲਣ ਵਾਲੇ ਭਾਤੇ ਤੋਂ ਇਲਾਵਾ ਮੁਸ਼ਕਿਲ ਇਲਾਕੇ ਵਿੱਚ ਕੰਮ ਕਰਨ ਲਈ ਮਿਲਣ ਵਾਲਾ ਭੱਤਾ ਵੀ ਮਿਲੇਗਾ।
“ਉਮੀਦਵਾਰਾਂ ਨੂੰ ਉਤਸ਼ਾਹਿਤ ਕਰਨ ਲਈ ਜਿੱਥੋਂ ਤੱਕ ਹੋ ਸਕਦੇ ਸਥਾਈ ਨਿਯੁਕਤੀਆਂ ਦਾ ਇਸ਼ਤਿਹਾਰ ਦਿੱਤਾ ਜਾਂਦਾ ਹੈ।”
ਬੁਲਾਰੇ ਮੁਤਾਬਕ ਨਵੇਂ ਆਉਣ ਵਾਲੇ ਅਧਿਆਪਕ ਇੱਥੇ ਟਿਕੇ ਰਹਿਣ ਇਸ ਲਈ ਕਾਊਂਸਲ ਵੱਲੋਂ ਉਨ੍ਹਾਂ ਲਈ ਲੀਡਰਸ਼ਿਪ ਪ੍ਰੋਗਰਾਮ ਵਿੱਚ ਵੀ ਨਿਵੇਸ਼ ਕੀਤਾ ਜਾ ਰਿਹਾ ਹੈ।












