ਭਾਰਤ 'ਚ ਸਰਕਾਰੀ ਨੌਕਰੀ ਨੂੰ ਇੰਨੀ ਅਹਿਮੀਅਤ ਕਿਉਂ ਦਿੱਤੀ ਜਾਂਦੀ ਹੈ?

ਸਰਕਾਰੀ ਨੌਕਰੀ

ਤਸਵੀਰ ਸਰੋਤ, Getty Images

    • ਲੇਖਕ, ਨਿਖਿਲ ਹੇਮਰਾਜਾਨੀ
    • ਰੋਲ, ਬੀਬੀਸੀ ਕੈਪੀਟਲ

ਭਾਰਤ ਵਿੱਚ ਸਰਕਾਰੀ ਨੌਕਰੀ ਕਰਨ ਵਾਲਿਆਂ ਨੂੰ 'ਸਰਕਾਰੀ ਜਵਾਈ' ਕਹਿੰਦੇ ਹਨ। ਆਖ਼ਰ ਇਸਦਾ ਕਾਰਨ ਕੀ ਹੈ? ਕਿਉਂ ਸਰਕਾਰੀ ਨੌਕਰੀ ਨੂੰ ਸਾਡੇ ਦੇਸ ਵਿੱਚ ਇੰਨੀ ਅਹਿਮੀਅਤ ਦਿੱਤੀ ਜਾਂਦੀ ਹੈ? ਬੀਬੀਸੀ ਨੇ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕੀਤੀ।

ਸਾਡੀ ਮੁਲਾਕਾਤ ਅਨੀਸ਼ ਤੋਮਰ ਨਾਲ ਹੋਈ। ਅਨੀਸ਼ ਨੇ ਭਾਰਤ ਸਰਕਾਰ ਵਿੱਚ ਨੌਕਰੀ ਲਈ ਅਰਜ਼ੀ ਦਿੱਤੀ ਹੈ। ਉਨ੍ਹਾਂ ਨੂੰ ਨੌਕਰੀ ਲਈ ਫਾਰਮ ਭਰਨ ਦੀ ਪ੍ਰਕਿਰਿਆ ਹੁਣ ਯਾਦ ਹੋ ਗਈ ਹੈ।

ਸਰਕਾਰੀ ਨੌਕਰੀ ਹਾਸਲ ਕਰਨ ਦੀ ਇਹ ਅਨੀਸ਼ ਦੀ ਸਤਵੀਂ ਕੋਸ਼ਿਸ਼ ਹੈ। ਮੁਕਾਬਲਾ ਬਹੁਤ ਟੱਕਰ ਦਾ ਰਹਿੰਦਾ ਹੈ। ਇੱਕ-ਇੱਕ ਪੋਸਟ ਲਈ ਹਜ਼ਾਰਾਂ ਅਰਜ਼ੀਆਂ ਆਉਂਦੀਆਂ ਹਨ।

ਇਸ ਵਾਰ ਤਾਂ ਰੇਲਵੇ ਵਿੱਚ ਨੌਕਰੀ ਹਾਸਲ ਕਰਨ ਲਈ ਅਨੀਸ਼ ਦਾ ਮੁਕਾਬਲਾ ਆਪਣੀ ਪਤਨੀ ਨਾਲ ਵੀ ਹੋਵੇਗਾ।

ਰੇਲਵੇ ਦੀ ਇਹ ਨੌਕਰੀ ਬਹੁਤ ਹੇਠਲੇ ਦਰਜੇ ਦੀ ਹੈ। ਫਿਰ ਵੀ ਇਸ ਲਈ ਬਹੁਤ ਲੋਕ ਅਪਲਾਈ ਕਰਨਗੇ।

ਅਨੀਸ਼ ਨੇ ਜਿਨ੍ਹਾਂ ਸਰਕਾਰੀ ਨੌਕਰੀਆਂ ਲਈ ਪਿਛਲੀ ਵਾਰ ਅਰਜ਼ੀ ਦਿੱਤੀ ਸੀ, ਉਨ੍ਹਾਂ ਦਾ ਵੀ ਇਹੀ ਹਾਲ ਸੀ। ਅਨੀਸ਼ ਨੂੰ ਇਸਦਾ ਕੋਈ ਦੁੱਖ਼ ਨਹੀਂ ਹੈ।

ਪਿਛਲੀ ਵਾਰ ਉਨ੍ਹਾਂ ਨੇ ਸਰਕਾਰੀ ਅਧਿਆਪਕ ਲਈ ਅਰਜ਼ੀ ਦਿੱਤੀ ਸੀ। ਇਸ ਤੋਂ ਪਹਿਲਾਂ ਜੰਗਲਾਤ ਵਿਭਾਗ ਵਿੱਚ ਗਾਰਡ ਲਈ ਅਪਲਾਈ ਕੀਤਾ ਸੀ। ਦੋਵੇਂ ਵਾਰ ਉਹ ਨਾਕਾਮ ਰਹੇ।

ਅਨੀਸ਼ ਦੱਸਦੇ ਹਨ ਕਿ ਜੰਗਲਾਤ ਵਿਭਾਗ ਵਿੱਚ ਸੁਰੱਖਿਆ ਗਾਰਡ ਲਈ ਉਹ ਫਿਜ਼ੀਕਲ ਟੈਸਟ ਪਾਸ ਨਹੀਂ ਕਰ ਸਕੇ ਸੀ।

ਸਰਕਾਰੀ ਨੌਕਰੀ

ਤਸਵੀਰ ਸਰੋਤ, GETTY IMAGES/PEOPLEIMAGES

ਸਰਕਾਰੀ ਮੁਲਾਜ਼ਮਾਂ ਦੀ ਤਨਖ਼ਾਹ

28 ਸਾਲਾ ਅਨੀਸ਼ ਇਸ ਵੇਲੇ ਰਾਜਸਥਾਨ ਦੇ ਭੀਲਵਾੜਾ ਵਿੱਚ ਇੱਕ ਹੈਲਥਕੇਅਰ ਕੰਪਨੀ 'ਚ ਮਾਰਕੀਟਿੰਗ ਦਾ ਕੰਮ ਕਰ ਰਹੇ ਹਨ।

ਭੀਲਵਾੜਾ ਛੋਟਾ ਜਿਹਾ ਸ਼ਹਿਰ ਹੈ। ਇਹ ਕੱਪੜਾ ਉਦਯੋਗ ਲਈ ਮਸ਼ਹੂਰ ਹੈ।

ਅਨੀਸ਼ ਨੂੰ ਇਸ ਪ੍ਰਾਈਵੇਟ ਨੌਕਰੀ 'ਚ 25 ਹਜ਼ਾਰ ਰੁਪਏ ਮਹੀਨਾ ਤਨਖ਼ਾਹ ਮਿਲਦੀ ਹੈ। ਅਨੀਸ਼ 'ਤੇ ਕੰਮ ਦਾ ਬੋਝ ਬਹੁਤ ਜ਼ਿਆਦਾ ਹੈ।

ਉਹ ਦੱਸਦੇ ਹਨ ਕਿ ਕਈ ਵਾਰ ਤਾਂ ਰਾਤ ਦੇ ਸਮੇਂ ਉਨ੍ਹਾਂ ਨੂੰ ਫੋਨ ਕਾਲਸ ਵੀ ਅਟੈਂਡ ਕਰਨੀਆਂ ਪੈਂਦੀਆਂ ਹਨ।

ਛੋਟੇ ਸ਼ਹਿਰ ਨਾਲ ਸਬੰਧ ਰੱਖਣ ਵਾਲੇ ਅਨੀਸ਼ ਵਰਗੇ ਲੱਖਾਂ ਭਾਰਤੀ ਹਨ, ਜਿਹੜੇ ਸਰਕਾਰੀ ਨੌਕਰੀ ਹਾਸਲ ਕਰਨ ਲਈ ਬੇਕਰਾਰ ਹਨ।

ਭਾਰਤ ਵਿੱਚ ਸਰਕਾਰੀ ਨੌਕਰੀ ਦਾ ਮਤਲਬ ਹੈ, ਆਮਦਨ ਦੀ ਗਾਰੰਟੀ, ਸਿਰ 'ਤੇ ਛੱਤ ਅਤੇ ਮੁਫ਼ਤ 'ਚ ਸਿਹਤ ਸਹੂਲਤਾਂ।

ਇਸ ਤੋਂ ਇਲਾਵਾ ਸਰਕਾਰੀ ਨੌਕਰੀ ਕਰਨ ਵਾਲੇ ਅਤੇ ਉਸਦੇ ਰਿਸ਼ਤੇਦਾਰਾਂ ਦੇ ਘੁੰਮਣ-ਫਿਰਨ ਲਈ ਪਾਸ ਵੀ ਮਿਲਦਾ ਹੈ।

2006 'ਚ ਛੇਵੇਂ ਤਨਖ਼ਾਹ ਕਮਿਸ਼ਨ ਦੀਆਂ ਸਿਫ਼ਾਰਿਸ਼ਾਂ ਲਾਗੂ ਹੋਣ ਤੋਂ ਬਾਅਦ ਭਾਰਤ ਵਿੱਚ ਸਰਕਾਰੀ ਕਰਮਚਾਰੀਆਂ ਦੀ ਤਨਖ਼ਾਹ ਵੀ ਨਿੱਜੀ ਸੈਕਟਰ ਦੀ ਨੌਕਰੀ ਦੇ ਮੁਕਾਬਲੇ ਆ ਗਈ ਹੈ। ਇਸ ਤੋਂ ਇਲਾਵਾ ਸਰਕਾਰੀ ਨੌਕਰੀ ਦੀਆਂ ਹੋਰ ਸਹੂਲਤਾਂ ਵੀ ਹਨ।

ਜਿਸ ਨੌਕਰੀ ਲਈ ਅਨੀਸ਼ ਨੇ ਅਰਜ਼ੀ ਦਿੱਤੀ ਹੈ, ਉਸ ਵਿੱਚ ਉਨ੍ਹਾਂ ਨੂੰ 35 ਹਜ਼ਾਰ ਰੁਪਏ ਤੱਕ ਤਨਖ਼ਾਹ ਮਿਲ ਸਕਦੀ ਹੈ। ਬਾਕੀ ਸਹੂਲਤਾਂ ਵੱਖ ਮਿਲਣਗੀਆਂ।

ਸਰਕਾਰੀ ਨੌਕਰੀ ਲਈ ਇਮਤਾਹਿਨ ਦੇਣ ਆਉਂਦੇ ਨੌਜਵਾਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਰਕਾਰੀ ਨੌਕਰੀ ਲਈ ਇਮਤਾਹਿਨ ਦੇਣ ਆਉਂਦੇ ਨੌਜਵਾਨ

ਇਹੀ ਕਾਰਨ ਹੈ ਕਿ ਭਾਰਤ ਵਿੱਚ ਸਰਕਾਰੀ ਨੌਕਰੀਆਂ ਨਿਕਲਣ 'ਤੇ ਹਜ਼ਾਰਾਂ, ਕਈ ਵਾਰ ਲੱਖਾਂ ਲੋਕ ਇਕੱਠੇ ਹੀ ਅਰਜ਼ੀ ਭਰ ਦਿੰਦੇ ਹਨ।

ਰੇਲਵੇ ਅਤੇ ਪੁਲਿਸ ਦੀ ਨੌਕਰੀ ਲਈ ਵੱਡੇ ਪੱਧਰ 'ਤੇ ਲੋਕ ਅਪਲਾਈ ਕਰਦੇ ਹਨ।

ਹਜ਼ਾਰ ਭਰਤੀਆਂ, ਲੱਖਾਂ ਅਰਜ਼ੀਆਂ

ਅਨੀਸ਼ ਨੂੰ ਰੇਲਵੇ ਦੀ ਨੌਕਰੀ ਹਾਸਲ ਕਰਨ ਲਈ ਕਾਬਲੀਅਤ ਦੇ ਕਿਸਮਤ ਦਾ ਜਵੀ ਸਾਥ ਚਾਹੀਦਾ ਹੈ। ਇੱਕ ਅਹੁਦੇ ਲਈ ਕਰੀਬ 200 ਲੋਕਾਂ ਨੇ ਅਪਲਾਈ ਕੀਤਾ ਹੈ।

ਰੇਲਵੇ ਨੇ ਕਰੀਬ 30 ਸਾਲ ਬਾਅਦ ਇਸ ਸਾਲ ਇੱਕ ਲੱਖ ਨੌਕਰੀਆਂ ਕੱਢੀਆਂ ਸੀ। ਇਸ ਵਿੱਚ ਟ੍ਰੈਕ ਮੈਨ, ਕੁਲੀ ਅਤੇ ਇਲੈਕਟ੍ਰੀਸ਼ੀਅਨ ਦੀਆਂ ਨੌਕਰੀਆਂ ਹਨ।

ਇੱਕ ਲੱਖ ਨੌਕਰੀਆਂ ਲਈ ਕਰੀਬ ਦੋ ਕਰੋੜ 30 ਲੱਖ ਲੋਕਾਂ ਨੇ ਅਰਜ਼ੀ ਦਿੱਤੀ। ਅਜਿਹਾ ਨਹੀਂ ਹੈ ਕਿ ਅਰਜ਼ੀਆਂ ਦਾ ਇਹ ਹੜ੍ਹ ਸਿਰਫ਼ ਰੇਲਵੇ ਦੀ ਨੌਕਰੀ ਲਈ ਹੀ ਆਉਂਦਾ ਹੈ।

ਇਸਦੇ ਕੁਝ ਹੀ ਹਫ਼ਤੇ ਬਾਅਦ ਮੁੰਬਈ ਪੁਲਿਸ ਵਿੱਚ 1137 ਸਿਪਾਹੀਆਂ ਦੀ ਭਰਤੀ ਲਈ ਦੋ ਲੱਖ ਲੋਕਾਂ ਨੇ ਅਪਲਾਈ ਕੀਤਾ ਸੀ।

2015 ਵਿੱਚ ਯੂਪੀ ਸਕੱਤਰੇਤ 'ਚ ਕਲਰਕ ਦੇ 368 ਅਹੁਦਿਆਂ ਲਈ ਦੋ ਕਰੋੜ 30 ਲੱਖ ਅਰਜ਼ੀਆਂ ਆਈਆਂ ਸਨ। ਯਾਨਿ ਇੱਕ ਪੋਸਟ ਲਈ 6250 ਅਰਜ਼ੀਆਂ"!

ਇੰਨੇ ਜ਼ਿਆਦਾ ਲੋਕਾਂ ਨੇ ਅਰਜ਼ੀਆਂ ਦਿੱਤੀਆਂ ਸੀ ਕਿ ਸਰਕਾਰ ਨੂੰ ਭਰਤੀ ਰੋਕਣੀ ਪਈ। ਕਿਉਂਕਿ ਸਾਰੇ ਲੋਕਾਂ ਦੇ ਇੰਟਰਵਿਊ ਲੈਣ 'ਚ 4 ਸਾਲ ਲੱਗ ਜਾਣੇ ਸੀ।

ਬਹੁਤੀਆਂ ਨੌਕਰੀਆਂ ਲਈ ਬਥੇਰੇ ਪੜ੍ਹੇ-ਲਿਖੇ ਲੋਕ ਵੀ ਅਪਲਾਈ ਕਰਦੇ ਹਨ। ਇੰਜੀਨੀਅਰਿੰਗ ਜਾਂ ਐਮਬੀਏ ਦੀ ਪੜ੍ਹਾਈ ਕਰਨ ਵਾਲੇ ਲੋਕ ਵੀ ਕਲਰਕ ਅਤੇ ਚਪੜਾਸੀ ਦੀ ਨੌਕਰੀ ਲਈ ਅਰਜ਼ੀ ਦਿੰਦੇ ਹਨ।

ਜਦਕਿ ਅਜਿਹੇ ਛੋਟੇ ਅਹੁਦਿਆਂ ਲਈ ਸਿਰਫ਼ ਤੁਹਾਡਾ ਦਸਵੀਂ ਪਾਸ ਹੋਣਾ ਤੇ ਤੁਹਾਨੂੰ ਸਾਈਕਲ ਚਲਾਉਣਾ ਆਉਣਾ ਚਾਹੀਦਾ ਹੈ।

ਸਰਕਾਰੀ ਨੌਕਰੀ ਲਈ ਇਮਤਾਹਿਨ ਦੇਣ ਆਉਂਦੇ ਨੌਜਵਾਨ

ਤਸਵੀਰ ਸਰੋਤ, Getty Images

ਰੇਲਵੇ ਨੇ ਜਿਹੜੀਆਂ ਇੱਕ ਲੱਖ ਨੌਕਰੀਆਂ ਕੱਢੀਆਂ ਹਨ, ਉਸ ਲਈ ਦਸਵੀਂ ਪਾਸ ਹੋਣਾ ਹੀ ਲਾਜ਼ਮੀ ਹੈ।

ਆਖ਼ਰ ਕੀ ਕਾਰਨ ਹੈ ਕਿ ਇੰਨੇ ਵੱਡੇ ਪੱਧਰ 'ਤੇ ਅਤੇ ਵਧੇਰੇ ਪੜ੍ਹੇ-ਲਿਖੇ ਨੌਜਵਾਨ ਸਰਕਾਰੀ ਨੌਕਰੀ ਲਈ ਲਾਈਨ 'ਚ ਲੱਗੇ ਹਨ।

ਇਸਦੇ ਕਈ ਕਾਰਨ ਹਨ

ਜੌਬ ਸਿਕਿਊਰਟੀ ਪਹਿਲਾ ਕਾਰਨ ਹੈ। ਸਰਕਾਰੀ ਸਹੂਲਤਾਂ ਦੂਜਾ ਕਾਰਨ ਹੈ ਅਤੇ ਇੱਕ ਵੱਡਾ ਕਾਰਨ ਇਹ ਵੀ ਹੈ ਕਿ ਸਰਕਾਰੀ ਨੌਕਰੀ ਕਰਨ ਵਾਲਿਆਂ ਨੂੰ ਬੁਹਤ ਦਾਜ ਮਿਲਦਾ ਹੈ।

ਯਾਨੀ ਵਿਆਹ ਦੇ ਬਾਜ਼ਾਰ ਵਿੱਚ ਸਰਕਾਰੀ ਨੌਕਰੀ ਕਰਨ ਵਾਲਿਆਂ ਦੀ ਉੱਚੀ ਕੀਮਤ ਲਗਦੀ ਹੈ।

2017 ਵਿੱਚ ਆਈ ਬਾਲੀਵੁੱਡ ਫ਼ਿਲਮ ਨਿਊਟਨ 'ਚ ਇਸ ਗੱਲ ਨੂੰ ਚੰਗੀ ਤਰ੍ਹਾਂ ਦਿਖਾਇਆ ਗਿਆ ਹੈ। ਇਸ ਵਿੱਚ ਅਦਾਕਾਰ ਰਾਜਕੁਮਾਰ ਰਾਓ ਸਰਕਾਰੀ ਨੌਕਰੀ ਕਰਦੇ ਹਨ, ਜਿਸ ਨਾਲ ਉਨ੍ਹਾਂ ਨੂੰ ਵਿਆਹ ਕਰਨ 'ਚ ਸਹੂਲੀਅਤ ਹੁੰਦੀ ਹੈ।

ਫ਼ਿਲਮ ਵਿੱਚ ਰਾਜਕੁਮਾਰ ਰਾਓ ਦੇ ਪਿਤਾ ਕਹਿੰਦੇ ਹਨ, ''ਕੁੜੀ ਦਾ ਪਿਤਾ ਠੇਕੇਦਾਰ ਹੈ ਅਤੇ ਤੂੰ ਇੱਕ ਸਰਕਾਰੀ ਨੌਕਰ। ਤੇਰੀ ਜ਼ਿੰਦਗੀ ਬਿਹਤਰ ਹੋ ਜਾਵੇਗੀ।''

ਫਿਰ ਉਨ੍ਹਾਂ ਦੀ ਮਾਂ ਕਹਿੰਦੀ ਹੈ, ''ਕੁੜੀ ਵਾਲਿਆਂ ਨੇ ਦਹੇਜ 'ਚ ਦੱਸ ਲੱਖ ਰੁਪਏ ਅਤੇ ਇੱਕ ਮੋਟਰਸਾਈਕਲ ਦੇਣ ਨੂੰ ਵੀ ਕਿਹਾ ਹੈ।''

ਨਿਊਟਨ ਫ਼ਿਲਮ ਓਸਕਰ ਵਿੱਚ ਭਾਰਤ ਦੀ ਅਧਿਕਾਰਕ ਫ਼ਿਲਮ ਸੀ। ਭਾਰਤ ਵਿੱਚ ਰੇਲਵੇ ਦੀ ਨੌਕਰੀ ਨੂੰ ਬਹੁਤ ਅਹਿਮੀਅਤ ਦਿੱਤੀ ਜਾਂਦੀ ਹੈ।

ਰੇਲਵੇ

ਤਸਵੀਰ ਸਰੋਤ, Getty Images

ਜੇਕਰ ਤੁਸੀਂ ਅਮਰੀਕਾ 'ਚ ਰਹਿੰਦੇ ਹੋ, ਤਾਂ ਲੰਬੇ ਸਫ਼ਰ ਲਈ ਸੜਕ ਰਸਤੇ ਜਾਣ ਦਾ ਖਿਆਲ ਆਵੇਗਾ। ਪਰ ਭਾਰਤ ਵਿੱਚ ਜ਼ਿਆਦਾਤਰ ਲੋਕ ਲੰਬਾ ਸਫ਼ਰ ਰੇਲ ਗੱਡੀ ਜ਼ਰੀਏ ਤੈਅ ਕਰਦੇ ਹਨ।

2017 ਵਿੱਚ ਛਪੇ ਇੱਕ ਲੇਖ ਮੁਤਾਬਕ, ਭਾਰਤ ਵਿੱਚ ਰੇਲ ਦੇ ਏਸੀ ਕੋਚ 'ਚ ਜਿੰਨੇ ਮੁਸਾਫ਼ਰ ਸਫ਼ਰ ਕਰਦੇ ਹਨ, ਓਨੇ ਦੇਸ ਦੀ ਸਾਰੀ ਏਅਰਲਾਈਨਜ਼ ਦੇ ਕੁੱਲ ਮੁਸਾਫ਼ਰ ਨਹੀਂ ਹਨ।

ਉੱਤਰ ਭਾਰਤ ਦੇ ਗੋਰਖਪੁਰ, ਝਾਂਸੀ ਅਤੇ ਮੱਧ ਪ੍ਰਦੇਸ਼ ਦੇ ਈਟਾਰਸੀ ਵਰਗੇ ਸ਼ਹਿਰਾਂ ਦੀ ਤਰੱਕੀ ਦੀ ਬੁਨਿਆਦ ਰੇਲਵੇ ਰਹੀ ਹੈ।

ਜਗੀਰਦਾਰੀ ਸਮਾਜ ਦਾ ਨਜ਼ਰੀਆ

ਰੇਲਵੇ ਭਰਤੀ ਬੋਰਡ ਦੇ ਅਮਿਤਾਭ ਖਰੇ ਕਹਿੰਦੇ ਹਨ, ''ਭਾਰਤ ਦਾ ਸਮਾਜ ਜਗੀਰਦਾਰ ਰਿਹਾ ਹੈ। ਸਰਕਾਰੀ ਨੌਕਰੀ ਕਰਨ ਵਾਲੇ ਨੂੰ ਸਮਾਜ 'ਚ ਬੜੇ ਸਨਮਾਨ ਨਾਲ ਦੇਖਿਆ ਜਾਂਦਾ ਹੈ। ਉਹ ਮਾਨਸਿਕਤਾ ਅੱਜ ਵੀ ਬਰਕਰਾਰ ਹੈ।''

IAS ਅਤੇ ਦੂਜੀਆਂ ਸਿਵਲ ਸਰਵਸੀਜ਼ ਨੂੰ ਤਾਂ ਹੋਰ ਵੀ ਉੱਚਾ ਦਰਜਾ ਹਾਸਲ ਹੈ। ਯੂਪੀ ਅਤੇ ਬਿਹਾਰ ਵਰਗੇ ਸੂਬਿਆਂ ਤੋਂ ਹਰ ਸਾਲ ਵੱਡੀ ਤਦਾਦ ਵਿੱਚ ਨੌਜਵਾਨ ਸਿਵਲ ਸਰਵਸੀਜ਼ ਵਿੱਚ ਕਾਮਯਾਬੀ ਹਾਸਲ ਕਰਦੇ ਹਨ।

ਰੇਲਵੇ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਹਰ ਸਾਲ ਕਰੀਬ 15 ਹਜ਼ਾਰ ਰੇਲਵੇ ਕਰਮਚਾਰੀ ਆਪਣੇ ਸ਼ਹਿਰ 'ਚ ਵਾਪਿਸ ਟਰਾਂਸਫਰ ਕੀਤੇ ਜਾਣ ਦੀ ਅਰਜ਼ੀ ਦਿੰਦੇ ਹਨ। ਇਨ੍ਹਾਂ ਵਿੱਚੋਂ ਵਧੇਰੇ ਅਰਜ਼ੀਆਂ ਯੂਪੀ ਅਤੇ ਬਿਹਾਰ ਤੋਂ ਆਉਂਦੀਆਂ ਹਨ।

ਇੰਨੇ ਜ਼ਿਆਦਾ ਸਰਕਾਰੀ ਨੌਕਰੀਪੇਸ਼ਾ ਲੋਕ ਹੋਣ ਦੇ ਬਾਵਜੂਦ ਉੱਤਰ ਭਾਰਤ ਗ਼ਰੀਬੀ ਅਤੇ ਅਸਿੱਖਿਆ ਦਾ ਸ਼ਿਕਾਰ ਹੈ।

ਸਰਕਾਰੀ ਨੌਕਰੀ ਹਾਸਲ ਕਰਨ ਤੋਂ ਬਾਅਦ ਲੋਕਾਂ ਨੂੰ ਆਪਣੇ ਸ਼ਹਿਰ ਜਾਂ ਪਿੰਡ ਦੇ ਨੇੜੇ ਰਹਿਣ ਦਾ ਮੌਕਾ ਮਿਲ ਜਾਂਦਾ ਹੈ।

ਇਸ ਤੋਂ ਇਲਾਵਾ ਵਧਦੀ ਆਬਾਦੀ ਅਤੇ ਨੌਕਰੀ ਦੀ ਘਾਟ ਕਰਕੇ ਸਾਡੇ ਦੇਸ 'ਚ ਸਰਕਾਰੀ ਨੌਕਰੀ ਲਈ ਬਹੁਤ ਮਾਰਾ-ਮਾਰੀ ਹੈ।

ਸਰਕਾਰੀ ਨੌਕਰੀ

ਤਸਵੀਰ ਸਰੋਤ, Getty Images

ਨੌਕਰੀਆਂ ਲਈ ਮਾਰਾ-ਮਾਰੀ

ਡੀਟੀ ਨਾਮ ਦੇ ਇੱਕ ਨੌਜਵਾਨ ਨੂੰ 25ਵੀਂ ਵਾਰ ਕੋਸ਼ਿਸ਼ ਕਰਨ 'ਤੇ ਰੇਲਵੇ ਸੁਰੱਖਿਆ ਬਲ 'ਚ ਨੌਕਰੀ ਮਿਲੀ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਫੌਜ ਅਤੇ ਆਈਟੀਬੀਪੀ ਦੀ ਨੌਕਰੀ ਲਈ ਵੀ ਅਰਜ਼ੀ ਭਰੀ ਸੀ।

ਡੀਟੀ ਦੇ ਸਾਥੀ ਸਿਪਾਹੀ ਜੇਐਸ ਵੀ ਪਿਛਲੇ 4 ਸਾਲ ਤੋਂ ਤਮਾਮ ਸਰਕਾਰੀ ਨੌਕਰੀਆਂ ਲਈ ਅਰਜ਼ੀਆਂ ਦੇ ਰਹੇ ਹਨ।

ਉੱਥੇ ਹੀ ਇਸ ਸਾਲ IAS ਦੇ ਇਮਤਿਹਾਨ 'ਚ ਟੌਪ ਕਰਨ ਵਾਲੇ ਗੂਗਲ ਦੇ ਸਾਬਕਾ ਕਰਮਚਾਰੀ ਅਨੂਦੀਪ ਦੁਰੀਸ਼ੇਟੀ ਨੇ ਸਤਵੀਂ ਕੋਸ਼ਿਸ਼ ਤੋਂ ਬਾਅਦ ਇਮਤਿਹਾਨ ਪਾਸ ਕੀਤਾ ਹੈ।

ਸਰਕਾਰੀ ਨੌਕਰੀ ਲਈ ਅਰਜ਼ੀ ਦੇਣਾ ਪਰਿਵਾਰਕ ਮਾਮਲਾ ਵੀ ਬਣ ਜਾਂਦਾ ਹੈ। ਜੇਐਸ ਦੀ ਪਤਨੀ ਗਾਜ਼ਿਆਬਾਦ 'ਚ ਰਹਿੰਦੀ ਹੈ। ਉਹ ਸਰਕਾਰੀ ਟੀਚਰ ਦੀ ਨੌਕਰੀ ਲਈ ਤਿਆਰੀ ਕਰ ਰਹੀ ਹੈ।

ਜੇਐਸ ਕਹਿੰਦੇ ਹਨ ਕਿ ਪਤਨੀ ਨੂੰ ਨੌਕਰੀ ਮਿਲਣ ਤੋਂ ਬਾਅਦ ਉਹ ਟਰਾਂਸਫਰ ਦੀ ਕੋਸ਼ਿਸ਼ ਕਰਨਗੇ।

ਅਨੀਸ਼ ਦੀ ਪਤਨੀ ਪ੍ਰਿਆ ਕਹਿੰਦੀ ਹੈ ਕਿ ਉਨ੍ਹਾਂ ਦਾ ਉਸੇ ਸਰਕਾਰੀ ਨੌਕਰੀ ਲਈ ਅਰਜ਼ੀ ਦੇਣ ਦਾ ਮਤਲਬ ਹੈ ਕਿ ਦੋ ਲੋਕ ਅਪਲਾਈ ਕਰ ਰਹੇ ਹਨ। ਕੀ ਪਤਾ ਕਿਸਦੀ ਕਿਸਮਤ ਚਮਕ ਜਾਵੇ?

ਪ੍ਰਿਆ ਕਹਿੰਦੀ ਹੈ ਕਿ ਇਸ ਨੌਕਰੀ ਦੀ ਸ਼ੁਰੂਆਤੀ ਤਨਖ਼ਾਹ ਹੀ ਬਹੁਤ ਚੰਗੀ ਹੈ। ਨੌਕਰੀ ਮਿਲਣ ਨਾਲ ਪਰਿਵਾਰ ਦਾ ਮਾਨ-ਸਨਮਾਨ ਵਧ ਜਾਵੇਗਾ।

(ਕਹਾਣੀ ਦੇ ਅਖ਼ੀਰ 'ਚ ਡੀਟੀ ਅਤੇ ਜੇਐਸ ਜਿਹੜੇ ਦੋ ਪਾਤਰ ਹਨ, ਉਹ ਨਹੀਂ ਚਾਹੁੰਦੇ ਕਿ ਇਸ ਕਹਾਣੀ 'ਚ ਉਨ੍ਹਾਂ ਦਾ ਪੂਰਾ ਨਾਮ ਵਰਤਿਆ ਜਾਵੇ।)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)