ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਦੇ ਤਾਕਤਵਰ ਸਿਆਸੀ ਖਿਡਾਰੀ ਵਜੋਂ ਉਭਰਨ ਦੇ ਕਾਰਨ

ਤਸਵੀਰ ਸਰੋਤ, Getty Images
- ਲੇਖਕ, ਲੌਰਾ ਬਿਕਰ
- ਰੋਲ, ਬੀਬੀਸੀ ਪੱਤਰਕਾਰ, ਸੋਲ (ਦੱਖਣੀ ਕੋਰੀਆ)
ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਸਾਲ 2018 ਵਿੱਚ ਬੜੀ ਤੇਜ਼ੀ ਨਾਲ ਕੌਮਾਂਤਰੀ ਸਿਆਸੀ ਗਲਿਆਰੇ ਦੇ ਕੇਂਦਰ ਵਿੱਚ ਆਏ ਹਨ। ਲੋਕ ਇਹ ਮੰਨਣ ਲੱਗੇ ਹਨ ਕਿ ਸਿਆਸੀ ਵਰਗ ਵਿੱਚ ਕਿਮ ਜੋਂਗ ਉਨ ਦੀ ਇੱਕ ਹੈਸੀਅਤ ਤਾਂ ਹੈ।
ਸਾਲਾਂ ਤੱਕ ਬਾਹਰੀ ਦੁਨੀਆਂ ਤੋਂ ਅਲਹਿਦਾ ਰਹੇ ਕਿਮ ਜੋਂਗ ਉਨ ਹੁਣ ਇੱਕ ਸ਼ਕਤੀਸ਼ਾਲੀ ਸਿਆਸੀ ਖਿਡਾਰੀ ਵਜੋਂ ਉਭਰੇ ਹਨ।
ਚੀਨ, ਰੂਸ, ਸੀਰੀਆ, ਦੱਖਣੀ ਕੋਰੀਆ ਅਤੇ ਅਮਰੀਕਾ ਦੇ ਨੇਤਾਵਾਂ ਦੀਆਂ ਕਿਮ ਜੋਂਗ ਉਨ ਨਾਲ ਇਸ ਸਾਲ ਮੁਲਾਕਾਤਾਂ ਤੈਅ ਹੋ ਚੁੱਕੀਆਂ ਹਨ।
ਕਈ ਵੱਡੇ ਨੇਤਾ ਉਨ੍ਹਾਂ ਨਾਲ ਸੱਚਮੁੱਚ ਮੁਲਾਕਾਤ ਕਰਨਾ ਚਾਹੁੰਦੇ ਹਨ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਮ ਜੋਂਗ ਉਨ ਨੂੰ ਸਤੰਬਰ ਵਿੱਚ ਵਲਾਦੀਵੋਸਟੋਕ (ਚੀਨ ਦੀ ਸੀਮਾ ਦੇ ਨਾਲ ਲਗਦਾ ਇੱਕ ਸ਼ਹਿਰ) ਵਿੱਚ ਮਿਲਣ ਦਾ ਸੱਦਾ ਭੇਜਿਆ ਹੈ।

ਤਸਵੀਰ ਸਰੋਤ, EPA
ਜਦਕਿ ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਲ-ਅਸਦ ਨੇ ਤਾਂ ਇਥੋਂ ਤੱਕ ਕਿਹਾ ਹੈ ਕਿ ਉਹ ਉੱਤਰੀ ਕੋਰੀਆ ਦੀ ਰਾਜਧਾਨੀ ਪਿਓਂਗਯਾਂਗ ਦਾ ਦੌਰਾ ਵੀ ਕਰਨਾ ਚਾਹੁਣਗੇ।
ਪਿਓਂਗਯਾਂਗ ਵਿੱਚ ਸਮਾਚਾਰ ਏਜੰਸੀ ਐਸੋਸੀਏਟਡ ਪ੍ਰੈਸ ਦੇ ਸਾਬਕਾ ਬਿਓਰੋ ਚੀਫ਼ ਜੀਨ ਲੀ ਨੇ ਕਿਹਾ ਕਿ ਦੁਨੀਆਂ ਕਿਮ ਜੋਂਗ ਉਨ ਨੂੰ ਕੌਮਾਂਤਰੀ ਰਾਜਨੇਤਾ ਬਣਦਿਆਂ ਦੇਖ ਰਹੀ ਹੈ। ਅਸੀ ਸਾਰੇ ਇਸ ਦੇ ਚਸ਼ਮਦੀਦ ਗਵਾਹ ਹਾਂ।
ਉੱਤਰੀ ਕੋਰੀਆ ਦਾ ਆਤਮਵਿਸ਼ਵਾਸ਼
ਉਨ੍ਹਾਂ ਨੇ ਕਿਹਾ, "ਇਹ ਸ਼ੋਅ ਸਾਲ 2010 ਤੋਂ ਬਿਲਕੁੱਲ ਵੱਖਰਾ ਹੈ, ਜਦੋਂ ਕਿਮ ਜੋਂਗ ਉਨ ਨੂੰ ਬੱਚੇ ਵਾਂਗ ਦਿਖਣ ਵਾਲੇ ਇੱਕ ਉੱਤਰੀ ਕੋਰੀਆ ਦੇ ਉਤਰਾਧਿਕਾਰੀ ਵਜੋਂ ਦੇਖਿਆ ਜਾਂਦਾ ਸੀ। ਪਰ ਹੁਣ ਉਨ੍ਹਾਂ ਦਾ ਆਤਮਵਿਸ਼ਵਾਸ਼ ਵੱਖਰੇ ਪੱਧਰੇ 'ਤੇ ਹੈ। ਉਨ੍ਹਾਂ ਕੋਲ ਬੈਲਿਸਟਿਕ ਮਿਜ਼ਾਇਲਾਂ ਹਨ ਅਤੇ ਕਿਮ ਖ਼ੁਦ ਨੂੰ ਅਮਰੀਕਾ ਵਰਗੇ ਦੁਨੀਆਂ ਦੇ ਬਾਕੀ ਪਰਮਾਣੂ ਸ਼ਕਤੀਆਂ ਨਾਲ ਲੈਸ ਦੇਸਾਂ ਤੋਂ ਘੱਟ ਨਹੀਂ ਸਮਝਦੇ ਹਨ।"
'ਨਾਰਥ ਕੋਰੀਅਨ ਹਾਊਸ ਆਫ ਕਾਰਡਜ਼' ਨਾਮ ਦੀ ਕਿਤਾਬ ਲਿਖਣ ਵਾਲੇ ਕੇਨ ਗੌਜ਼ ਨੇ ਆਪਣੇ ਸਭ ਤੋਂ ਤਾਜ਼ਾ ਲੇਖ ਵਿੱਚ ਲਿਖਿਆ ਹੈ ਕਿ ਸਾਲ 2017 ਵਿੱਚ ਆਪਣੇ ਮਿਜ਼ਾਈਲ ਪਰੀਖਣ ਪ੍ਰੋਗਰਾਮ 'ਚ ਤੇਜ਼ੀ ਲਿਆਉਣ ਵੇਲੇ ਕਿਮ ਜੋਂਗ ਉਨ ਨੇ ਸ਼ਾਇਦ ਅਜਿਹੇ ਨਤੀਜੇ ਦੀ ਹੀ ਉਮੀਦ ਕੀਤੀ ਹੋਵੇਗੀ।

ਤਸਵੀਰ ਸਰੋਤ, GETTY/COMPOSITE
ਹਾਲਾਂਕਿ ਇੱਕ ਰਾਏ ਇਹ ਵੀ ਹੈ ਕਿ ਕਿਮ ਜੋਂਗ ਉਨ ਨੂੰ ਇਸ ਗੱਲ ਦਾ ਬਹੁਤ ਘੱਟ ਅੰਦਾਜ਼ਾ ਸੀ ਕਿ ਮਿਜ਼ਾਈਲ ਪਰੀਖਣ ਪ੍ਰੋਗਰਾਮ ਤੋਂ ਬਾਅਦ ਉਨ੍ਹਾਂ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਦੇ ਨਾਲ ਸ਼ਿਖ਼ਰ ਸੰਮੇਲਨ ਦਾ ਮੌਕਾ ਮਿਲੇਗਾ।
ਨਵਾਂ ਕੂਟਨੀਤਕ ਖੇਤਰ
ਜੀਨ ਲੀ ਕਹਿੰਦੇ ਹਨ, "ਕਿਮ ਨੇ ਖ਼ੁਦ ਨੂੰ ਬੜੇ ਲੰਬੇ ਸਮੇਂ ਤੱਕ ਬਾਹਰੀ ਦੁਨੀਆਂ ਤੋਂ ਦੂਰ ਰੱਖਿਆ ਹੈ। ਇਹੀ ਕਾਰਨ ਹੈ ਕਿ ਦੁਨੀਆਂ ਭਰ ਦੇ ਵਿਦੇਸ਼ੀ ਅਧਿਕਾਰੀ ਉਨ੍ਹਾਂ ਨਾਲ ਮਿਲਣ ਦਾ ਮੌਕਾ ਨਹੀਂ ਗੁਆਉਣਾ ਚਾਹੁੰਦੇ ਕਿਉਂਕਿ ਉਹ ਕਿਮ ਜੋਂਗ ਉਨ ਬਾਰੇ ਜਾਨਣਾ ਚਾਹੁੰਦੇ ਹਨ। ਉਹ ਸਮਝਣਾ ਚਾਹੁੰਦੇ ਹਨ ਕਿ ਕਿਮ ਆਪਣੇ ਦੇ ਲਈ ਕੀ ਚਾਹੁੰਦੇ ਹਨ।"
ਦੋ ਹੋਰ ਚੀਜ਼ਾਂ ਵੀ ਹਨ ਜਿਨ੍ਹਾਂਨੇ ਕਿਮ ਜੋਂਗ ਉਨ ਨੂੰ ਆਪਣੇ ਨਵੇਂ ਕੂਟਨੀਤਕ ਦਾਇਰੇ ਤੈਅ ਕਰਨ ਵਿੱਚ ਮਦਦ ਕੀਤੀ ਹੈ।
ਭਾਵ, ਦੱਖਣੀ ਕੋਰੀਆ ਨੇ ਇੱਕ ਉਦਾਰ ਰਾਸ਼ਟਰਪਤੀ ਨੂੰ ਚੁਣਿਆ ਜਿਨ੍ਹਾਂ ਨੇ ਆਪਣੇ ਪ੍ਰਚਾਰ ਦੇ ਦੌਰਾਨ ਹੀ ਇਹ ਵਾਅਦਾ ਕੀਤਾ ਸੀ ਕਿ ਉਹ ਉੱਤਰੀ ਕੋਰੀਆ ਦੇ ਨਾਲ ਰਿਸ਼ਤੇ ਬਿਹਤਰ ਕਰਨ ਦੀ ਕੋਸ਼ਿਸ਼ ਕਰਨਗੇ।
ਇਸ ਨਾਲ ਦੋਵੇਂ ਦੇਸਾਂ ਨੂੰ ਗੱਲਬਾਤ ਕਰਨ ਅਤੇ ਆਪਣੇ ਰਿਸ਼ਤੇ ਸਥਾਪਿਤ ਕਰਨ ਵਿੱਚ ਮਦਦ ਮਿਲੇਗੀ।
ਇਸ ਤੋਂ ਬਾਅਦ ਆਇਆ ਅਮਰੀਕੀ ਰਾਸ਼ਟਰਪਤੀ ਡੌਲਨਡ ਟਰੰਪ ਦਾ ਸੱਦਾ। ਹਾਲਾਂਕਿ ਪਿਛਲੇ ਕਮਾਂਡਰ ਇਨ ਚੀਫ਼ ਨੇ ਕਿਹਾ ਸੀ ਕਿ ਉਹ ਸ਼ਰਤਾਂ ਪੂਰੀਆਂ ਹੋਣ ਤੋਂ ਬਾਅਦ ਹੀ ਸਿਖ਼ਰ ਸੰਮੇਲਨ ਲਈ ਅੱਗੇ ਵਧਣਗੇ।
ਉੱਤਰੀ ਕੋਰੀਆ ਨੇ ਬਦਲੇ ਟੀਚੇ
ਪਰ ਡੌਨਲਡ ਟਰੰਪ ਜੋ ਕਿ ਇੱਕ ਸਾਲ ਤੋਂ ਉੱਤਰੀ ਕੋਰੀਆ ਨੂੰ ਧਮਕੀਆਂ ਦੇ ਰਹੇ ਸਨ, ਉਹ ਬਿਨਾਂ ਕਿਸੇ ਸ਼ਰਤ ਦੇ ਆਹਮੋ-ਸਾਹਮਣੇ ਦੀ ਮੁਲਾਕਾਤ ਲਈ ਤਿਆਰ ਹੋ ਗਏ।
ਸਿੰਗਾਪੁਰ ਵਿੱਚ ਜਦੋਂ ਕਿਮ ਜੋਂਗ ਉਨ ਅਤੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੀ ਮੁਲਾਕਾਤ ਹੋਵੇਗੀ ਤਾਂ ਇਹ ਯਾਦ ਰੱਖਣ ਵਾਲੀ ਗੱਲ ਹੋਵੇਗੀ ਕਿ ਕਿਵੇਂ 6 ਮਹੀਨੇ ਪਹਿਲਾਂ ਤੱਕ ਕੌਮਾਂਤਰੀ ਪੱਧਰ 'ਤੇ ਅਲਹਿਦਾ ਰਹਿਣ ਵਾਲੇ ਕਿਮ ਜੋਂਗ ਉਨ ਉਨ੍ਹਾਂ ਦੋ ਨੇਤਾਵਾਂ 'ਚ ਸ਼ੁਮਾਰ ਹੋਣਗੇ ਜੋ ਦੁਨੀਆਂ ਦੇ ਸਭ ਤੋਂ ਵੱਡੇ ਸਿਆਸੀ ਘਟਨਾਕ੍ਰਮ ਵਿਚੋਂ ਕਿਸੇ ਇੱਕ ਦੇ ਕੇਂਦਰ ਵਿੱਚ ਹੋਣਗੇ।

ਤਸਵੀਰ ਸਰੋਤ, REUTERS/CAPELLA SINGAPORE
ਇਸ ਸਿਖ਼ਰ ਸੰਮੇਲਨ ਨੇ ਖ਼ੁਦ ਕਿਮ ਜੋਂਗ ਉਨ ਨੂੰ ਇੱਕ ਸਿਆਸੀ ਲਾਭ ਦਿੱਤਾ ਹੈ।
ਇਹ ਨਵੀਂ ਕੂਟਨੀਤਕ ਰਣਨੀਤੀ ਸਿਰਫ਼ ਤਾਕਤ ਦੇ ਆਧਾਰ 'ਤੇ ਨਹੀਂ ਬਲਕਿ ਕਈ ਜ਼ਰੂਰਤਾਂ ਕਾਰਨ ਵੀ ਪੈਦਾ ਹੋਈ ਹੈ।
ਇਹ ਐਲਾਨ ਕਰਦੇ ਹੋਏ ਕਿ ਉਨ੍ਹਾਂ ਦਾ ਪਰਮਾਣੂ ਪ੍ਰੋਗਰਾਮ ਹੁਣ ਪੂਰਾ ਹੋ ਚੁੱਕਿਆ ਹੈ, ਕਿਮ ਜੋਂਗ ਉਨ ਨੇ ਕਿਹਾ ਕਿ ਹੁਣ ਉਨ੍ਹਾਂ ਦਾ ਸਾਰਾ ਧਿਆਨ ਦੇਸ ਦੇ ਅਰਥਚਾਰੇ 'ਤੇ ਰਹੇਗਾ ਅਤੇ ਅਜਿਹਾ ਕਰਨ ਲਈ ਉਨ੍ਹਾਂ ਨੂੰ ਗਠਜੋੜ ਬਣਾਉਣ ਅਤੇ ਪੁਰਾਣੇ ਦੋਸਤਾਂ ਨੂੰ ਜ਼ਰੂਰਤ ਹੋਵੇਗੀ।
ਚੀਨ ਅਤੇ ਉੱਤਰੀ ਕੋਰੀਆ ਦੇ ਰਿਸ਼ਤੇ
ਅਜਿਹੇ ਵਿੱਚ ਚੀਨ ਕਿਮ ਜੋਂਗ ਉਨ ਲਈ ਸਭ ਤੋਂ ਅਹਿਮ ਹੈ। ਉਹ ਉੱਤਰੀ ਕੋਰੀਆ ਦਾ ਸਭ ਤੋਂ ਮੁੱਖ ਵਪਾਰਕ ਭਾਈਵਾਲ ਰਿਹਾ ਹੈ।

ਤਸਵੀਰ ਸਰੋਤ, Reuters
ਕਿਮ ਬੀਤੇ ਕੁਝ ਸਮੇਂ ਵਿੱਚ ਚੀਨੀ ਰਾਸ਼ਟਰਪਤੀ ਨਾਲ ਦੋ ਵਾਰ ਮੁਲਾਕਾਤ ਕਰ ਚੁੱਕੇ ਹਨ। ਦੋਵੇਂ ਵਾਰ ਚਰਚਾ ਦਾ ਮੁੱਖ ਵਿਸ਼ਾ ਵਪਾਰ ਹੀ ਰਿਹਾ ਹੈ।
ਚੀਨ ਚਾਹੁੰਦਾ ਹੈ ਕਿ ਜੇਕਰ ਉੱਤਰੀ ਕੋਰੀਆ ਆਪਣੇ ਪਰਮਾਣੂ ਪ੍ਰੋਗਰਾਮ ਨੂੰ ਰੱਦ ਕਰ ਰਿਹਾ ਹੈ ਤਾਂ ਉਨ੍ਹਾਂ 'ਤੇ ਲੱਗੀਆਂ ਪਾਬੰਦੀਆਂ ਵੀ ਹਟਾਈਆਂ ਜਾਣੀਆਂ ਚਾਹੀਦੀਆਂ ਹਨ, ਤਾਂ ਜੋ ਉੱਤਰੀ ਕੋਰੀਆ ਦਾ ਅਰਥਚਾਰਾ ਸਥਿਰ ਬਣਾਇਆ ਜਾ ਸਕੇ।
ਇਸ ਦੇ ਨਾਲ ਹੀ ਅਮਰੀਕਾ ਦੇ ਸਾਹਮਣੇ ਪੂਰੇ ਆਤਮਵਿਸ਼ਵਾਸ਼ ਦੇ ਨਾਲ ਬਣੇ ਰਹਿਣ ਲਈ ਕਿਮ ਜੋਂਗ ਉਨ ਨੂੰ ਚਾਹੀਦਾ ਹੈ ਉਹ ਕਹਿ ਸਕੇ ਚੀਨ ਉਨ੍ਹਾਂ ਨਾਲ ਖੜ੍ਹਾ ਹੈ।
ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇ ਇਨ ਨਾਲ ਵੀ ਕਿਮ ਦੀ ਮੁਲਾਕਾਤ ਹੋਈ। ਦੇਵਾਂ ਨੇ ਕੋਰੀਆਈ ਦੀਪਾਂ ਦੇ ਭਵਿੱਖ ਨੂੰ ਲੈ ਕੇ ਗੱਲਬਾਤ ਕੀਤੀ।
ਪਰ ਜੋ ਚੀਜ਼ ਸਭ ਤੋਂ ਵੱਖਰੀ ਸਾਹਮਣੇ ਆਈ, ਉਹ ਸੀ ਕਿਮ ਜੋਂਗ ਉਨ ਦਾ ਖੁਸ਼ਮਿਜ਼ਾਜ ਰਵੱਈਆ। ਉਨ੍ਹਾਂ ਨੂੰ ਦੇਖ ਕੇ ਲੱਗਿਆ ਕਿ ਉਹ ਗੱਲਬਾਤ ਕਰਨਾ ਚਾਹੁੰਦੇ ਹਨ, ਉਹ ਰਿਸ਼ਤੇ ਬਿਹਤਰ ਕਰਨਾ ਚਾਹੁੰਦੇ ਹਨ, ਜਿਵੇਂ ਕਿਵੇਂ ਉਨ੍ਹਾਂ ਦੇ ਪਿਤਾ ਅਤੇ ਦਾਦਾ ਨੂੰ ਦੇਖ ਕਦੇ ਨਹੀਂ ਲੱਗਿਆ।
ਰੂਸ ਅਤੇ ਸੀਰੀਆ ਨਾਲ ਵੀ ਸੰਬੰਧ
ਕੁਝ ਇਸ ਤਰ੍ਹਾਂ ਇੱਕ ਦਹਾਕੇ ਤੋਂ ਵੀ ਵੱਧ ਸਮੇਂ ਤੋਂ ਬਾਅਦ ਕਿਸੇ ਸੀਨੀਅਰ ਰੂਸੀ ਕੂਟਨੀਤਕ ਨੇ ਪਹਿਲੀ ਵਾਰ ਉੱਤਰੀ ਕੋਰੀਆ ਦੀ ਯਾਤਰਾ ਕੀਤੀ ਹੈ।

ਤਸਵੀਰ ਸਰੋਤ, Reuters
ਹਾਲਾਂਕਿ ਡੌਨਲਡ ਟਰੰਪ ਰੂਸੀ ਕੂਟਨੀਤਕਾਂ ਨਾਲ ਉੱਤਰੀ ਕੋਰੀਆ ਦੀ ਮੁਲਾਕਾਤ ਤੋਂ ਜ਼ਰਾ ਨਾਰਾਜ਼ ਨਜ਼ਰ ਆਏ।
ਕਿਮ ਜੋਂਗ ਉਨ ਇਹ ਜਤਾਉਣਾ ਚਾਹੁੰਦੇ ਹਨ ਕਿ ਉੱਤਰੀ ਕੋਰੀਆ ਕਿਸੇ ਵੀ ਤਰ੍ਹਾਂ ਨਾਲ ਘਿਰਿਆ ਹੋਇਆ ਨਹੀਂ ਹੈ। ਰੂਸ ਨਾਲ ਉੱਤਰੀ ਕੋਰੀਆ ਦੀ ਸਰਹੱਦ ਜੁੜੀ ਹੈ। ਉਹ ਆਪਣੇ ਆਰਥਿਕ ਹਿੱਤਾਂ ਲਈ ਉਨ੍ਹਾਂ ਨਾਲ ਗੱਲ ਕਰ ਸਕਦੇ ਹਨ। ਇਸ ਲਈ ਉਹ ਉਨ੍ਹਾਂ ਨਾਲ ਗੱਲਬਾਤ ਵੀ ਰੱਖਣਾ ਚਾਹੁੰਦੇ ਹਨ।
ਇਨ੍ਹਾਂ ਸਾਰੀਆਂ ਗੱਲਾਂ ਵਿੱਚ ਅਮਰੀਕਾ ਲਈ ਸੰਦੇਸ਼ ਲੁਕੇ ਹੋਏ ਹਨ ਅਤੇ ਕਿਤੇ ਨਾ ਕਿਤੇ ਉੱਤਰੀ ਕੋਰੀਆ ਇਹ ਵੀ ਕਹਿਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਉਹ ਕਿਸੇ ਦਬਾਅ ਹੇਠ ਨਹੀਂ ਹੈ।
ਉੱਥੇ ਹੀ ਉੱਤਰੀ ਕੋਰੀਆ ਨਾਲ ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਲ-ਅਸਦ ਦੇ ਰਿਸ਼ਤੇ ਅਮਰੀਕਾ ਸਣੇ ਸੰਯੁਕਤ ਰਾਸ਼ਟਰ ਲਈ ਵੀ ਚਿੰਤਾ ਦੀ ਵਿਸ਼ਾ ਹੈ।

ਤਸਵੀਰ ਸਰੋਤ, Getty Images
ਉੱਤਰੀ ਕੋਰੀਆ ਦੀ ਸਰਕਾਰੀ ਨਿਊਜ਼ ਏਜੰਸੀ ਨੇ ਕਿਹਾ ਹੈ ਕਿ ਰਾਸ਼ਟਰਪਤੀ ਬਸ਼ਰ ਅਲ-ਅਸਦ ਛੇਤੀ ਹੀ ਉੱਤਰੀ ਕੋਰੀਆ ਦਾ ਦੌਰਾ ਕਰਨ ਲਈ ਤਿਆਰ ਹਨ।
ਸੀਰੀਆ, ਉੱਤਰੀ ਕੋਰੀਆ ਦਾ ਪੁਰਾਣਾ ਸਹਿਯੋਗੀ ਦੋਸਤ ਹੈ। ਦੋਵੇਂ ਦੇਸਾਂ ਦੇ 1966 ਤੋਂ ਕੂਟਨੀਤਕ ਸੰਬੰਧ ਹਨ। ਉੱਤਰੀ ਕੋਰੀਆ ਨੇ ਅਕਤੂਬਰ 1973 ਵਿੱਚ ਹੋਏ ਅਰਬ-ਇਸਰਾਈਲ ਯੁੱਧ ਦੌਰਾਨ ਸੀਰੀਆ ਨੂੰ ਹਥਿਆਰ ਵੀ ਦਿੱਤੇ ਸਨ।
ਫਰਵਰੀ ਵਿੱਚ ਲੀਕ ਹੋਈ ਸੰਯੁਕਤ ਰਾਸ਼ਟਰ ਦੀ ਇੱਕ ਰਿਪੋਰਟ ਵਿੱਚ ਇਹ ਵੀ ਇਲਜ਼ਾਮ ਲਗਾਏ ਗਏ ਸਨ ਕਿ ਉੱਤਰੀ ਕੋਰੀਆ ਨੇ ਸਾਲ 2012 ਤੋਂ 2017 ਵਿਚਕਾਰ ਸੀਰੀਆ ਨੂੰ ਕੁਝ ਅਜਿਹੀ ਸ਼ੱਕੀ ਸਮੱਗਰੀ ਸਪਲਾਈ ਕੀਤੀ, ਜਿਨ੍ਹਾਂ ਦਾ ਇਸਤੇਮਾਲ ਜੈਵਿਕ ਹਥਿਆਰਾਂ ਬਣਾਉਣ ਵਿੱਚ ਕੀਤਾ ਜਾ ਸਕਦਾ ਹੈ।
ਅਜਿਹੇ ਵਿੱਚ ਕੌਮਾਂਤਰੀ ਭਾਈਚਾਰੇ ਦੀ ਨਜ਼ਰ ਹੁਣ ਇਨ੍ਹਾਂ ਦੋਵਾਂ ਦੇਸਾਂ ਦੇ ਰਿਸ਼ਤਿਆਂ 'ਤੇ ਹੋਰ ਵੀ ਜ਼ਿਆਦਾ ਹੋਵੇਗੀ।
ਇਨ੍ਹਾਂ ਚੀਜ਼ਾਂ 'ਤੇ ਹੈ ਨਜ਼ਰ
ਪਰ ਅਜਿਹਾ ਨਹੀਂ ਹੈ ਕਿ ਇਸ ਦੌਰਾਨ ਸਾਰਾ ਕੁਝ ਉੱਤਰੀ ਕੋਰੀਆ ਦੇ ਪੱਖ ਵਿੱਚ ਰਿਹਾ ਹੈ। ਇੱਕ ਵੇਲਾ ਆਇਆ ਜਦੋਂ ਅਮਰੀਕਾ ਦੇ ਉਪ-ਰਾਸ਼ਟਰਪਤੀ ਮਾਈਕ ਪੈਂਸ 'ਤੇ ਉੱਤਰੀ ਕੋਰੀਆ ਦੇ ਉੱਪ-ਵਿਦੇਸ਼ ਮੰਤਰੀ ਦੀ ਟਿੱਪਣੀ ਦੇ ਕਾਰਨ ਸਿਖ਼ਰ ਸੰਮੇਲਨ ਰੱਦ ਕਰਨ ਤੱਕ ਦੀਆਂ ਗੱਲਾਂ ਹੋਈਆਂ।

ਤਸਵੀਰ ਸਰੋਤ, Reuters
ਫੇਰ ਕਿਮ ਜੋਂਗ ਉਨ ਦੀ ਟੀਮ ਨੇ ਚੀਜ਼ਾਂ ਨੂੰ ਵਾਪਸ ਲੀਹ 'ਤੇ ਲਿਆਉਣ ਲਈ ਸਾਰਾ ਜ਼ੋਰ ਲਾ ਦਿੱਤਾ।
ਖ਼ੈਰ, ਕਿਮ ਜੋਂਗ ਉਨ ਨੇ ਖੇਡ ਦੇ ਸਾਰੇ ਨੇਮਾਂ ਨੂੰ ਬਦਲ ਕੇ ਰੱਖ ਦਿੱਤਾ ਹੈ। ਪਿਛਲੇ ਸਾਲ ਤੱਕ ਪਰਮਾਣੂ ਸ਼ਕਤੀ ਦਾ ਜੋ ਜਖੀਰਾ ਉੱਤਰੀ ਕੋਰੀਆ ਲਈ ਇੱਕ ਵੱਡੀ ਜ਼ਿੰਮੇਵਾਰੀ ਬਣਦੀ ਜਾ ਰਹੀ ਹੈ। ਉਸ ਨੂੰ ਹੁਣ ਉੱਤਰ ਕੋਰੀਆ ਨੇ ਇੱਕ ਕੂਟਨੀਤਕ ਹਥਿਆਰ ਬਣਾ ਲਿਆ ਹੈ।
ਪਰ ਉੱਤਰੀ ਕੋਰੀਆ ਦਾ ਅੰਤਿਮ ਖੇਡ ਕੀ ਹੋਵੇਗਾ? ਅਤੇ ਉੱਤਰੀ ਕੋਰੀਆ ਅਮਰੀਕਾ ਦੇ ਵਿੱਚ ਤੈਅ ਸਿਖ਼ਰ ਸੰਮੇਲਨ ਤੋਂ ਬਾਅਦ ਕੀ ਹੋਣਾ ਹੈ? ਇਹ ਦੋ ਵੱਡੇ ਅਤੇ ਅਹਿਮ ਸਵਾਲ ਹਨ?













