ਕਿਮ ਨੇ ਮੁਲਾਕਾਤ ਲਈ ਤਰਲੇ ਕੱਢੇ- ਟਰੰਪ ਦੇ ਵਕੀਲ

ਤਸਵੀਰ ਸਰੋਤ, Reuters
ਰਾਸ਼ਟਰਪਤੀ ਟਰੰਪ ਦੇ ਵਕੀਲ ਨੇ ਕਿਹਾ ਹੈ ਕਿ ਕਿਮ ਮੁਲਾਕਾਤ ਲਈ ਗਿੜਗਿੜਾਏ ਸਨ। ਵਕੀਲ ਰੂਡੀ ਜੁਲੀਆਨੀ ਨੇ ਕਿਹਾ ਹੈ ਕਿ ਜਦੋਂ ਟਰੰਪ ਨੇ ਮੁਲਾਕਾਤ ਰੱਦ ਕਰ ਦਿੱਤੀ ਸੀ ਤਾਂ ਇਸ ਮੁਲਾਕਾਤ ਲਈ ਉਹ ਉਨ੍ਹਾਂ ਸਾਹਮਣੇ ਗਿੜਗਿੜਾਏ ਸਨ।
ਉਨ੍ਹਾਂ ਕਿਹਾ ਕਿ ਟਰੰਪ ਦੀ ਸਖ਼ਤੀ ਕਰਕੇ ਹੀ ਉੱਤਰੀ ਕੋਰੀਆ ਨੇ ਆਪਣਾ ਰਾਹ ਬਦਲਿਆ ਹੈ।
ਟਰੰਪ ਨੇ ਉੱਤਰੀ ਕੋਰੀਆ 'ਤੇ 'ਬਹੁਤ ਜ਼ਿਆਦਾ ਕ੍ਰੋਧ ਅਤੇ ਨਫ਼ਰਤ' ਦਾ ਇਲਜ਼ਾਮ ਲਾ ਕੇ ਇਸੇ ਸਾਲ ਮਈ ਮਹੀਨੇ ਵਿੱਚ ਕਿਮ ਨਾਲ ਮੁਲਾਕਾਤ ਤੋਂ ਇਨਕਾਰ ਕਰ ਦਿੱਤਾ ਸੀ।
ਉਸ ਮਗਰੋਂ ਸਿੰਗਾਪੁਰ ਵਿੱਚ ਇਸ ਬੈਠਕ ਦੀਆਂ ਤਿਆਰੀਆਂ ਅਤੇ ਉੱਤਰੀ ਕੋਰੀਆ ਦੀ ਦੋਸਤਾਨਾ ਪ੍ਰਤੀਕਿਰਿਆ ਨੂੰ ਦੇਖਦਿਆਂ ਦੋਹਾਂ ਦੇਸਾਂ ਵਿਚਲੀ ਦੁਵੱਲੀ ਗੱਲਬਾਤ ਮੁੜ ਲੀਹ 'ਤੇ ਆ ਗਈ ਸੀ।
ਕੀ ਕਿਹਾ ਜੂਲੀਆਨੀ ਨੇ?
ਜਦੋਂ ਉਨ੍ਹਾਂ ਨੇ ਇਹ ਟਿੱਪਣੀ ਕੀਤੀ ਤਾਂ ਟਰੰਪ ਦੇ ਵਕੀਲ ਜੂਲੀਆਨੀ ਇਸਰਾਈਲ ਵਿੱਚ ਨਿਵੇਸ਼ ਕਾਨਫ਼ਰੰਸ ਨੂੰ ਸੰਬੋਧਨ ਕਰ ਰਹੇ ਸਨ।

ਤਸਵੀਰ ਸਰੋਤ, EPA
ਜੂਲੀਆਨੀ ਦੇ ਬਿਆਨ ਬਾਰੇ ਵਾਲ ਸਟਰੀਟ ਜਰਨਲ ਨੇ ਸਭ ਤੋ ਪਹਿਲਾਂ ਰਿਪੋਰਟ ਦਿੱਤੀ।
ਜੂਲੀਆਨੀ ਨੇ ਕਿਹਾ, "ਕਿਮ ਜੋਂਗ ਉਨ ਗੋਡਿਆਂ ਭਾਰ ਆ ਗਏ ਅਤੇ ਮੁਲਾਕਾਤ ਲਈ ਗਿੜਗਿੜਾਏ। ਠੀਕ ਉਸੇ ਹਾਲਤ ਵਿੱਚ ਜਿਵੇਂ ਤੁਸੀਂ ਉਨ੍ਹਾਂ ਨੂੰ ਦੇਖਣਾ ਚਾਹੋਗੇ।"
ਉੱਤਰੀ ਕੋਰੀਆ ਨੇ ਇਸ ਬਾਰੇ ਹਾਲੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ।
ਮੰਗਲਵਾਰ ਨੂੰ ਟਰੰਪ ਨੇ ਇਸ ਬੈਠਕ ਬਾਰੇ ਕਿਹਾ ਸੀ ਕਿ 'ਯੋਜਨਾਵਾਂ ਭਲੀ ਪ੍ਰਕਾਰ ਅਗਾਂਹ ਵਧ ਰਹੀਆਂ ਹਨ।'
ਦੂਸਰਾ ਭੜਕਾਊ ਬਿਆਨ
ਇਸ ਤੋਂ ਪਹਿਲਾਂ ਮਈ ਵਿੱਚ ਇਸ ਮੁਲਾਕਾਤ ਤੇ ਬੱਦਲ ਛਾ ਗਏ ਸਨ ਜਦੋਂ ਅਮਰੀਕਾ ਦੇ ਕੌਮੀ ਸੁਰੱਖਿਆ ਸਲਾਹਕਾਰ ਜਾਨ ਬਾਲਟਨ ਨੇ ਕਹਿ ਦਿੱਤਾ ਸੀ ਕਿ ਉੱਤਰੀ ਕੋਰੀਆ ਦੇ ਹਾਲਾਤ ਲੀਬੀਆ ਵਰਗੇ ਹਨ।

ਤਸਵੀਰ ਸਰੋਤ, Getty Images
ਬਾਲਟਨ ਨੇ ਕਿਹਾ ਸੀ ਕਿ ਉੱਤਰੀ ਕੋਰੀਆ ਦਾ ਨਿਸ਼ਸਤਰੀਕਰਨ ਲੀਬੀਆ ਮਾਡਲ 'ਤੇ ਹੋ ਸਕਦਾ ਹੈ। ਇਸ ਮਗਰੋਂ ਉੱਤਰੀ ਕੋਰੀਆ ਫਿਕਰਮੰਦ ਹੋ ਗਿਆ ਕਿਉਂਕਿ ਲੀਬੀਆ ਵਿੱਚ ਕਰਨਲ ਗਦਾਫ਼ੀ ਦੀ ਮੌਤ ਮਗਰੋਂ ਹੀ ਲੀਬੀਆ ਦੇ ਪਰਮਾਣੂ ਹਥਿਆਰ ਖ਼ਤਮ ਕੀਤੇ ਜਾ ਸਕੇ ਸਨ।
ਉੱਤਰੀ ਕੋਰੀਆ ਦੇ ਵਿਦੇਸ਼ ਮੰਤਰੀ ਨੇ ਬਾਲਟਨ ਦੇ ਬਿਆਨ 'ਤੇ ਨਾਰਾਜ਼ਗੀ ਜ਼ਾਹਿਰ ਕੀਤੀ ਸੀ। ਬਾਅਦ ਵਿੱਚ ਟਰੰਪ ਨੇ ਆਪਣੇ ਸਹਿਯੋਗੀ ਦੇ ਬਿਆਨ ਤੋਂ ਵਕਫ਼ਾ ਕਰ ਲਿਆ ਸੀ।












