ਕੀ ਅਜਿਹਾ ਵੀ ਕੋਈ ਲੂਣ ਹੈ ਜੋ ਤੁਹਾਡੀ ਸਿਹਤ ਨੂੰ ਨੁਕਸਾਨ ਨਾ ਪਹੁੰਚਾਉਂਦਾ ਹੋਵੇ?

ਲੂਣ, ਸੋਡੀਅਮ

ਤਸਵੀਰ ਸਰੋਤ, Getty Images

    • ਲੇਖਕ, ਆਂਦਰੇ ਬੀਅਰਨਥ
    • ਰੋਲ, ਬੀਬੀਸੀ ਬ੍ਰਾਜ਼ੀਲ

ਹਾਲ ਹੀ ਦੇ ਸਾਲਾਂ ਵਿੱਚ, ਮਸਾਲਿਆਂ ਨੂੰ ਲੈ ਕੇ ਬਾਜ਼ਾਰਾਂ ਵਿੱਚ ਕਈ ਕਿਸਮ ਦੇ ਮਸਾਲੇ ਆਏ ਹਨ ਅਤੇ ਉਨ੍ਹਾਂ ਵਿੱਚ ਖ਼ਾਸ ਕਰ ਕੇ ਲੂਣ ਸ਼ਾਮਿਲ ਹੈ।

ਇਨ੍ਹਾਂ ਵਿੱਚ ਮੋਟੇ ਲੂਣ ਤੋਂ ਇਲਾਵਾ ਕੁਝ ਨਵੇਂ ਉਤਪਾਦ ਵੀ ਲਾਂਚ ਕੀਤੇ ਗਏ ਹਨ, ਜਿਨ੍ਹਾਂ ਵਿੱਚ ਹਿਮਾਲੀਆਈ ਲੂਣ, ਲਾਹੌਰੀ ਲੂਣ, ਗੁਲਾਬੀ ਲੂਣ, ਲਾਈਟ ਲੂਣ ਜਾਂ ਘੱਟ ਸੋਡੀਅਮ ਵਾਲਾ ਲੂਣ ਆਦਿ।

ਆਮ ਤੌਰ 'ਤੇ, ਇਹ ਸਾਰੇ ਹੀ ਸਿਹਤ ਸਬੰਧੀ ਲਾਹੇਵੰਦ ਹਨ ਅਤੇ ਹਾਈਪਰਟੈਨਸ਼ਨ ਤੋਂ ਬਚਾਅ ਜਾਂ ਇਸ ਨੂੰ ਘਟਾਉਣ ਵਿੱਚ ਵੀ ਸਹਾਇਕ ਹੁੰਦੇ ਹਨ।

ਹਾਈਪਰਟੈਨਸ਼ਨ ਇੱਕ ਬਹੁਤ ਹੀ ਆਮ ਬਿਮਾਰੀ ਹੈ, ਜੋ ਦਿਲ ਦੇ ਦੌਰੇ, ਸੇਰੇਬਰੋਵੈਸਕੁਲਰ ਦੁਰਘਟਨਾਵਾਂ (ਸੀਵੀਏ) ਅਤੇ ਇੱਥੋਂ ਤੱਕ ਕਿ ਮੌਤ ਦਾ ਕਾਰਨ ਵੀ ਬਣ ਸਕਦੀ ਹੈ।

ਪਰ ਕੀ ਇਹ ਬਦਲਵੇਂ ਲੂਣ ਸਿਹਤ ਲਈ ਇੰਨੇ ਫਾਇਦੇਮੰਦ ਹੁੰਦੇ ਹਨ?

ਬੀਬੀਸੀ ਨਿਊਜ਼ ਬ੍ਰਾਜ਼ੀਲ ਨਾਲ ਗੱਲਬਾਤ ਕਰਦਿਆਂ ਮਾਹਰਾਂ ਦਾ ਕਹਿਣਾ ਹੈ ਕਿ ਲੂਣ ਦੀ ਇੱਕ ਕਿਸਮ ਨੂੰ ਚੁਣਨ ਤੋਂ ਜ਼ਿਆਦਾ ਅਹਿਮ ਗੱਲ ਇਹ ਜਾਣਨਾ ਹੈ ਕਿ ਇਸ ਨੂੰ ਸੀਮਤ ਮਾਤਰਾ ਵਿੱਚ ਕਿਵੇਂ ਵਰਤੀਏ ਅਤੇ ਉਨ੍ਹਾਂ ਉਦਯੋਗਿਕ ਪਦਾਰਥਾਂ ਤੋਂ ਜਾਗਰੂਕ ਹੋਣਾ ਜਿਨ੍ਹਾਂ ਵਿੱਚ ਇਸ ਦੀ ਮਾਤਰਾ ਕਾਫੀ ਵੱਧ ਹੁੰਦੀ ਹੈ।

ਆਮ ਤੌਰ 'ਤੇ ਇਸ ਗੱਲ ਦੇ ਸਬੂਤ ਹਨ ਕਿ ਹਲਕਾ ਜਾਂ ਘੱਟ ਸੋਡੀਅਮ ਵਾਲਾ ਲੂਣ ਸਿਹਤ ਲਈ ਲਾਭਦਾਇਕ ਹੈ ਜਦੋਂ ਤੱਕ ਇਸ ਦੀ ਵਰਤੋਂ ਠੀਕ ਤਰੀਕੇ ਨਾਲ ਹੋਵੇ।

ਲੂਣ, ਸੋਡੀਅਮ

ਤਸਵੀਰ ਸਰੋਤ, GETTY IMAGES

ਹਿਮਾਲੀਆਈ ਗੁਲਾਬੀ ਲੂਣ ਜਾਂ ਮੋਟੇ ਲੂਣ ਲਈ ਵੀ ਇਹੀ ਨਹੀਂ ਕਿਹਾ ਜਾ ਸਕਦਾ।

ਅਧਿਐਨਾਂ ਵਿੱਚ ਇਹ ਸਾਹਮਣੇ ਆਉਂਦਾ ਹੈ ਕਿ ਇਨ੍ਹਾਂ ਵਿਚਲੀ ਸੋਡੀਅਤ ਦੀ ਮਾਤਰਾ ਖਾਣਾ ਪਕਾਉਣ ਲਈ ਵਰਤੇ ਜਾਂਦੇ ਆਮ ਲੂਣ ਦੇ ਬਰਾਬਰ ਹੁੰਦੀ ਹੈ ਅਤੇ ਜਦੋਂ ਕੋਈ ਵਿਅਕਤੀ ਲੂਣ ਦੀਆਂ ਇਨ੍ਹਾਂ ਰਵਾਇਤੀ ਕਿਸਮਾਂ ਦੀ ਥਾਂ ਹੋਰ ਲੂਣ ਵਰਤਣਾ ਸ਼ੁਰੂ ਕਰ ਦਿੰਦਾ ਹੈ ਤਾਂ ਬਲੱਡ ਪ੍ਰੈਸ਼ਰ ਵਿੱਚ ਕੋਈ ਬਦਲਾਅ ਨਹੀਂ ਹੁੰਦਾ ।

ਹੁਣ ਸਮਾਂ ਆ ਗਿਆ ਹੈ ਕਿ ਇਨ੍ਹਾਂ ਵਿੱਚੋਂ ਕੁਝ ਲੂਣਾਂ ਵਿੱਚ ਵਖਰੇਵਿਆਂ ਬਾਰੇ ਜਾਣੀਏ ਅਤੇ ਦਿਲ ਜਾਂ ਖੂਨ ਦੀਆਂ ਨਾੜੀਆਂ ਨੂੰ ਨੁਕਸਾਨ ਪਹੁੰਚਾਏ ਬਿਨਾਂ ਇਸ ਮਸਾਲੇ ਦੀ ਵਰਤੋਂ ਕਿਵੇਂ ਕਰੀਏ।

ਰਸੋਈ ਵਾਲਾ ਲੂਣ

ਲੂਣ, ਸੋਡੀਅਮ

ਤਸਵੀਰ ਸਰੋਤ, Getty Images

ਬ੍ਰਾਜ਼ੀਲੀਅਨ ਸੁਸਾਇਟੀ ਆਫ ਕਾਰਡੀਓਲੋਜੀ ਦੇ ਪ੍ਰਧਾਨ ਡਾ. ਵਾਈਮਰ ਬਾਰੋਸੋ ਮਜ਼ਾਕ ਵਿੱਚ ਕਹਿੰਦੇ ਕਿ ਜੇਕਰ ਹੁਣ ਸੋਡੀਅਮ ਦੀ ਖੋਜ ਕੀਤੀ ਜਾਵੇ ਤਾਂ ਉਸ ਨੂੰ ਮਨੁੱਖਾਂ ਦੇ ਖਪਤ ਲਈ ਸਹੀ ਨਹੀਂ ਮੰਨਿਆ ਜਾਵੇਗਾ।

ਇਸ ਤੋਂ ਇਲਾਵਾ, ਲੂਣ ਸਾਡੇ ਸਰੀਰ ਦੇ ਕੰਮਕਾਜ ਲਈ ਇੱਕ ਮਹੱਤਵਪੂਰਨ ਤੱਤ ਹੈ। ਅਸੀਂ ਇਸ ਨੂੰ ਪੌਦਿਆਂ ਅਤੇ ਜਾਨਵਰਾਂ ਦੇ ਮੂਲ ਦੇ ਬਹੁਤ ਸਾਰੇ ਭੋਜਨਾਂ ਵਿੱਚ ਦੇਖ ਸਕਦੇ ਹਾਂ। ਇਹ ਮਾਤਰਾ ਬਹੁਤ ਘੱਟ ਹੁੰਦੀ ਹੈ ਪਰ ਸਾਡੀ ਸਿਹਤ ਲਈ ਲੋੜੀਂਦੀ ਮਾਤਰਾ ਵਿੱਚ ਹੁੰਦੀ ਹੈ।

ਭੋਜਨ ਦੇ ਸੁਆਦ ਨੂੰ ਵਧਾਉਣ ਲਈ ਜਾਂ ਮੀਟ ਅਤੇ ਮੱਛੀ ਵਰਗੇ ਕੁਝ ਉਤਪਾਦਾਂ ਨੂੰ ਸੁਰੱਖਿਅਤ ਰੱਖਣ ਲਈ ਹਜ਼ਾਰਾਂ ਸਾਲਾਂ ਤੋਂ ਮਨੁੱਖ ਲੂਣ ਦੀ ਵਰਤੋਂ ਕਰਦਾ ਆ ਰਿਹਾ ਹੈ।

ਸਾਡੀ ਰਸੋਈ ਵਿੱਚ ਜੋ ਲੂਣ ਹੁੰਦਾ ਹੈ ਉਸ ਦਾ ਤਕਨੀਕੀ ਨਾਮ ਸੋਡੀਅਮ ਕਲੋਰਾਈਡ ਹੈ, ਜਿਸਦਾ ਮਤਲਬ ਹੈ ਕਿ ਇਸ ਵਿੱਚ ਕਲੋਰੀਨ ਅਤੇ ਸੋਡੀਅਮ ਦਾ ਮਿਸ਼ਰਣ ਹੁੰਦਾ ਹੈ।

ਵਿਸ਼ਵ ਸਿਹਤ ਸੰਗਠਨ (ਡਬਲਿਯੂਐੱਚਓ) ਪ੍ਰਤੀ ਦਿਨ 5 ਗ੍ਰਾਮ ਲੂਣ ਦੀ ਸੀਮਾ ਨਿਰਧਾਰਤ ਕਰਦਾ ਹੈ।

ਪਰ ਅਸਲ ਵਿੱਚ ਇਸਦਾ ਮਤਲਬ ਇਹ ਹੈ ਕਿ ਅਸੀਂ ਅਮਲੀ ਤੌਰ 'ਤੇ ਉਸ ਨਾਲੋਂ ਦੁੱਗਣਾ ਲੂਣ ਖਾਂਦੇ ਹਾਂ, ਜੋ ਮਾਹਰ ਵੀ ਸਵੀਕਾਰ ਕਰਦੇ ਹਨ।

ਪਰ ਅਸੀਂ ਗ਼ਲਤ ਕਿੱਥੇ ਸੀ?

ਲੂਣ, ਸੋਡੀਅਮ

ਤਸਵੀਰ ਸਰੋਤ, Getty Images

ਬੈਰੋਸੋ ਦਾ ਕਹਿਣਾ ਹੈ ਕਿ ਇੱਥੇ ਸਭ ਤੋਂ ਵੱਡਾ ਖਲਨਾਇਕ, ਉਦਯੋਗਿਕ ਉਤਪਾਦਾਂ ਵਿੱਚ ਸੋਡੀਅਮ ਦਾ ਸ਼ਾਮਲ ਕੀਤਾ ਜਾਣਾ ਹੈ।

ਫੈਡਰਲ ਯੂਨੀਵਰਸਿਟੀ ਆਫ ਗੋਆਸ ਦੇ ਕਾਰਡੀਓਲੋਜਿਸਟ ਅਤੇ ਪ੍ਰੋਫੈਸਰ ਕਹਿੰਦੇ ਹਨ, "ਇਸ ਖਪਤ ਦਾ ਲਗਭਗ 80 ਫੀਸਦ ਅਲਟਰਾ-ਪ੍ਰੋਸੈਸ ਕੀਤੇ ਗਏ ਭੋਜਨਾਂ ਜਾਂ ਸੌਸੇਜ ਵਿੱਚ ਹੁੰਦਾ ਹੈ ਅਤੇ 20 ਫੀਸਦ ਵਾਧੂ ਲੂਣ ਤੋਂ ਆਉਂਦਾ ਹੈ, ਜੋ ਅਸੀਂ ਭੋਜਨ ਪਕਾਉਣ ਵੇਲੇ ਵਰਤਦੇ ਹਾਂ।"

ਪਰ, ਜ਼ਿਆਦਾ ਲੂਣ ਚਿੰਤਾਜਨਕ ਕਿਉਂ ਹੈ ਅਤੇ ਇਸ ਦੇ ਸੇਵਨ ਦਾ ਸਰੀਰ 'ਤੇ ਕੀ ਪ੍ਰਭਾਵ ਹੁੰਦੇ ਹਨ?

ਬਾਰੋਸੋ ਦੱਸਦੇ ਹਨ ਕਿ ਜ਼ਿਆਦਾ ਸੋਡੀਅਮ ਦੀ ਮਾਤਰਾ ਲੈਣ ਦੇ ਸਰੀਰ ਉੱਤੇ ਕਈ ਪ੍ਰਭਾਵ ਪੈ ਸਕਦੇ ਹਨ, ਜਿਵੇਂ ਸਰੀਰ ਦੇ ਅੰਗਾਂ ਵਿੱਚ ਪਾਣੀ ਭਰਨਾ । ਇਹ ਸਰੀਰ ਦੇ ਸੰਚਾਰ ਤੰਤਰ ਵਿੱਚ ਖੂਨ ਦੀ ਮਾਤਰਾ ਵੱਧ ਜਾਂਦੀ ਹੈ।

ਇਸ ਕਾਰਨ ਖੂਨ ਦੀਆਂ ਨਾੜੀਆਂ ਉੱਤੇ ਬੇਲੋੜਾ ਬਬੋਝ ਵੱਧਦਾ ਹੈ ਅਜਿਹੀ ਹਾਲਤ ਲੰਬੇ ਸਮੇਂ ਤੱਕ ਰਹਿਣ ਕਾਰਨ ਹਾਈਪਰਟੈਨਸ਼ਨ ਵੀ ਹੋ ਸਕਦੀ ਹੈ।

ਡਾਕਟਰ ਅੱਗੇ ਦੱਸਦੇ ਹਨ, "ਵੱਧ ਮਾਤਰਾ ਵਿੱਚ ਸੋਡੀਅਮ ਹੋਣ ਕਾਰਨ ਰੇਨਿਨ-ਐਂਜੀਟੇਨਸਿਨ-ਐਲਡੋਸਟ੍ਰੋਨ-ਸਿਟਮ ਵੀ ਪ੍ਰਭਾਵਿਤ ਹੁੰਦਾ ਹੈ ਜਿਸ ਦੀ ਖੂਨ ਦੇ ਦਬਾਅ ਨੂੰ ਕਾਬੂ ਵਿੱਚ ਰੱਖਣ ਵਿੱਚ ਅਹਿਮ ਭੂਮਿਕਾ ਹੁੰਦੀ ਹੈ।

ਇਸ ਬੇਕਾਬੂ ਦਬਾਅ ਕਾਰਨ ਖੂਨ ਨੂੰ ਸਰੀਰ ਦੇ ਹੋਰ ਹਿੱਸਿਆਂ ਵਿੱਚ ਲੈ ਕੇ ਜਾਣ ਵਾਲੀਆਂ ਨਾੜੀਆਂ ਦੀਆਂ ਅੰਦਰਲੀਆਂ ਕੰਧਾਂ ਵਿੱਚ 'ਜਖ਼ਮ' ਵੀ ਹੋ ਸਕਦੇ ਹਨ। ਇਸ ਮਗਰੋਂ ਹਾਰਟ ਅਟੈਕ ਅਤੇ ਦਿਲ ਦੇ ਦੌਰੇ ਵਰਗੀਆਂ ਗੰਭੀਰ ਸਥਿਤੀਆਂ ਦਾ ਵੀ ਖ਼ਤਰਾ ਵੱਧ ਸਕਦਾ ਹੈ।

ਘੱਟ ਸੋਡੀਅਮ ਵਾਲਾ ਲੂਣ

ਲੂਣ, ਸੋਡੀਅਮ

ਤਸਵੀਰ ਸਰੋਤ, Getty Images

ਲੋਅ ਸੋਡੀਅਮ ਸਾਲਟ ਉਹ ਹੁੰਦਾ ਹੈ ਜਿਸ ਵਿੱਚ ਸੋਡੀਅਮ 50 ਫ਼ੀਸਦ ਤੋਂ ਵੀ ਘੱਟ ਹੁੰਦਾ ਹੈ।

ਇਸ ਦੀ ਥਾਂ ਉੱਤੇ ਆਮ ਤੌਰ ਉੱਤੇ ਪੋਟਾਸ਼ੀਅਮ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਦੇ ਪੈਕਟਾਂ ਉੱਤੇ 'ਲਾਈਟ' ਜਾਂ 'ਰਿੱਚ ਇਨ ਪੋਟਾਸ਼ੀਅਮ' ਕਿਹਾ ਜਾਂਦਾ ਹੈ।

ਆਸਟ੍ਰੇਲੀਆ ਵਿੱਚ ਕੀਤੇ ਗਏ ਇੱਕ ਸਰਵੇ ਵਿੱਚ ਇਹ ਨਤੀਜਾ ਸਾਹਮਣੇ ਆਇਆ ਕਿ ਹਾਈਪਰਟੈਨਸ਼ਨ ਦੀ ਮਰੀਜ਼ਾਂ ਨੂੰ ਅਜਿਹੇ ਲੂਣ ਦਾ ਫਾਇਦਾ ਮਿਲ ਸਕਦਾ ਹੈ।

ਇਹ ਸਰਵੇ ਜਨਵਰੀ ਦੇ ਅੰਤ ਵਿੱਚ ਛਪਿਆ ਸੀ।

ਇਸ ਦੇ ਲੇਖਕ ਕਹਿੰਦੇ ਹਨ ਕਿ ਲੋਅ ਸੋਡੀਅਮ ਲੂਣ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਦੇ ਲਈ ਡਾਕਟਰੀ ਹਦਾਇਤਾਂ ਵਿੱਚ ਸ਼ਾਮਲ ਹੈ। ਡਾਕਟਰ ਮਰੀਜ਼ਾਂ ਨੂੰ ਇਸ ਕਿਸਮ ਦਾ ਲੂਣ ਵਰਤਣ ਦੀ ਸਲਾਹ ਦਿੰਦੇ ਹਨ।

ਬੀਬੀਸੀ ਨੇ ਜਿਨ੍ਹਾਂ ਮਾਹਰਾਂ ਨਾਲ ਗੱਲ ਕੀਤੀ ਉਨ੍ਹਾਂ ਨੇ ਕਿਹਾ ਕਿ ਹਾਲਾਂਕਿ ਉਹ ਇਸ ਰਿਪੋਰਟ ਨਾ ਲ ਸਹਿਮਤ ਹਨ ਉਹ ਇਸ ਵਿੱਚ ਇੱਕ ਰੁਕਾਵਟ ਅਤੇ ਦੋ ਮੁਸ਼ਕਲਾ ਦਾ ਜ਼ਿਕਰ ਕਰਦੇ ਹਨ।

ਇੱਕ ਰੋਕ ਹੈ ਇਸ ਦਾ ਮੁੱਲ। ਲਾਈਟ ਜਾਂ ਲੋਅ ਸੋਡੀਅਮ ਲੂਣ ਆਮ ਲੂਣ ਨਾਲੋਂ ਦੁੱਗਣਾ ਜਾਂ ਤਿੰਨ ਗੁਣਾ ਮਹਿੰਗਾ ਹੁੰਦਾ ਹੈ।

ਇਸ ਕਰਕੇ ਬਹੁਤ ਲੋਕਾਂ ਲਈ ਇਹ ਖਰੀਦਣਾ ਇੰਨਾ ਸੌਖਾ ਨਹੀਂ ਹੁੰਦਾ।

ਲੂਣ, ਸੋਡੀਅਮ

ਤਸਵੀਰ ਸਰੋਤ, Getty Images

ਬਰੋਸੋ ਕਹਿੰਦੇ ਹਨ, "ਮੈਡੀਕਲ ਸੋਸਾਈਟੀਜ਼ ਅਤੇ ਸਰਕਾਰ ਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ ਅਤੇ ਇਸ ਕਿਸਮ ਦੇ ਲੂਣ ਦੇ ਮੁੱਲ ਨੂੰ ਘੱਟ ਕਰਨ ਲਈ ਨੀਤੀ ਬਣਾਉਣੀ ਚਾਹੀਦੀ ਹੈ।"

ਇਸ ਸਬੰਧੀ ਮੁਸ਼ਕਲਾਂ ਵਿੱਚ ਸ਼ਾਮਲ ਹੈ ਕਿ ਇਸ ਲੂਣ ਦੀ ਵਰਤੋਂ ਕਿਵੇਂ ਹੁੰਦੀ ਹੈ। ਕਿਉਂਕਿ ਇਸ ਲੂਣ ਨਾਲ ਖਾਣਾ ਘੱਟ ਨਮਕੀਨ ਹੁੰਦਾ ਹੈ ਇਸ ਕਰਕੇ ਲੋਕ ਇਸ ਦੀ ਵਰਤੋਂ ਵੱਧ ਮਾਤਰਾ ਵਿੱਚ ਕਰ ਸਕਦੇ ਹਨ।

ਅਜਿਹੀ ਸਥਿਤੀ ਵਿੱਚ ਇਸ ਕਿਸਮ ਦੇ ਲੂਣ ਨਾਲ ਵੀ ਸੋਡੀਅਮ ਦੀ ਖਪਤ ਉੱਨੀ ਹੀ ਹੋਵੇਗੀ ਜਿੰਨੀ ਕਿ ਆਮ ਲੂਣ ਨਾਲ।

ਪੋਸ਼ਣ ਦੇ ਮਾਹਰ ਹਕੋਰ ਦੇ ਸਾਓ ਪਾਓਲੋ ਲੂਈ ਗੁਸਤਾਵੋ ਮੋਟਾ ਕਹਿੰਦੇ ਹਨ, "ਇਸ ਦੀ ਵਰਤੋਂ ਲਈ ਸੰਭਾਲ ਦੀ ਲੋੜ ਹੈ।"

ਦੂਜੀ ਮੁਸ਼ਕਲ ਦਾ ਸਬੰਧ ਉਨ੍ਹਾਂ ਮਰੀਜ਼ਾਂ ਨਾਲ ਹੈ ਜਿਨ੍ਹਾਂ ਨੂੰ ਕਿਡਨੀ ਦੀ ਸਮੱਸਿਆ ਹੈ।

ਮੋਟਾ ਕਹਿੰਦੇ ਹਨ, "ਜਿਹੜੇ ਲੋਕ ਕਿਡਨੀ ਦੀ ਗੰਭੀਰ ਬਿਮਾਰੀ ਦਾ ਸ਼ਿਕਾਰ ਹਨ ਉਨ੍ਹਾਂ ਵੱਲੋਂ ਖ਼ੁਰਾਕ ਵਿੱਚ ਪੋਟਾਸ਼ੀਅਮ ਸ਼ਾਮਲ ਕੀਤੇ ਜਾਣਾ ਧਿਆਨ ਦੀ ਮੰਗ ਕਰਦਾ ਹੈ, ਕਿਉਂਕਿ ਇਸ ਦਾ ਖੂਨ ਵਿੱਚ ਜਮ੍ਹਾ ਹੋਣਾ ਸਰੀਰ ਦੇ ਅੰਗਾਂ ਨੂੰ ਖ਼ਤਰੇ ਵਿੱਚ ਪਾ ਸਕਦਾ ਹੈ।"

ਵਰਤੋਂ ਦਾ ਰਾਜ਼ ਮਾਤਰਾ ਵਿੱਚ ਲੁਕਿਆ ਹੈ

ਲੂਣ, ਸੋਡੀਅਮ

ਤਸਵੀਰ ਸਰੋਤ, Getty Images

ਲੂਣ ਦਾ ਹਾਈਪਰਟੈਨਸ਼ਨ ਉੱਤੇ ਕਿੰਨਾ ਅਸਰ ਕਿਵੇਂ ਹੁੰਦਾ ਹੈ ਇਸ ਦਾ ਰਾਜ਼ ਇਸ ਵਿੱਚ ਲੁਕਿਆ ਹੈ ਕਿ ਇਸ ਦੀ ਕਿੰਨੀ ਮਾਤਰਾ ਵਰਤੀ ਗਈ ਹੇ।

ਨਵੇਂ-ਨਵੇਂ ਸੁਆਦ ਲੱਭਣ ਲਈ ਮੋਟਾ ਇੱਕ ਸਾਦੀ ਜਿਹੀ ਵਿਧੀ ਦੱਸਦੇ ਹਨ। ਉਹ ਕਹਿੰਦੇ ਹਨ ਕਿ ਮੋਟੇ ਲੂਣ ਦੇ ਨਾਲ ਸੁਕਾਈਆਂ ਹੋਈਆਂ ਬੂਟੀਆਂ ਵਰਤੀਆਂ ਜਾ ਸਕਦੀਆਂ ਹਨ।

ਇਨ੍ਹਾਂ ਦੋਵਾਂ ਨੂੰ ਇੱਕ ਬਲੈਂਡਰ ਵਿੱਚ ਪਾ ਕੇ ਵੱਖਰਾ ਸਵਾਦ ਮਿਲ ਸਕਦਾ ਹੈ।

ਉਹ ਕਹਿੰਦੇ ਹਨ, "ਇਹੋ ਜਿਹੇ ਤਰੀਕੇ ਭੋਜਨ ਦੇ ਸਵਾਦ ਨੂੰ ਵਧਾਉਣ ਦੇ ਨਾਲ ਨਾਲ ਇਸ ਵਿੱਚ ਸੋਡੀਅਮ ਦੀ ਮਾਤਰਾ ਵੀ ਘਟਾਉਂਦੇ ਹਨ।"

ਸਿਲਵਾ ਸੈਂਟੋਸ ਵੀ ਇਹੋ ਕਹਿੰਦੇ ਹਨ, ਉਹ ਕਹਿੰਦੇ ਹਨ ਕਿ ਖਾਣਾ ਬਣਾਉਣ ਲੱਗੇ ਮਿਰਚਾਂ, ਬੇਸਿਲਮ, ਰੋਜ਼ਮੇਰੀ, ਬੇਲੀਫ ਜਿਹੀਆਂ ਬੂਟੀਆਂ ਦੀ ਵੀ ਵਰਤੋਂ ਕੀਤੀ ਜਾ ਸਕਦੀ ਹੈ।

ਉਹ ਕਹਿੰਦੇ ਹਨ, "ਕੁਦਰਤ ਵਿੱਚ ਇਨ੍ਹਾਂ ਬੂਟੀਆਂ ਸਣੇ ਲੂਣ ਦੇ ਹੋਰ ਕਈ ਚੰਗੇ ਬਦਲ ਹਨ, ਮੈਂ ਇਹ ਗੱਲ ਮਜ਼ਾਕ ਵਿੱਚ ਵੀ ਕਹਿੰਦੇ ਕਿ ਇੰਨੇ ਬਦਲਾਂ ਦੇ ਹੁੰਦਿਆਂ ਸਾਡਾ ਬਿਮਾਰ ਹੋਣਾ ਅਸੰਭਵ ਹੈ।

ਉਹ ਕਹਿੰਦੇ ਹਨ ਕਿ ਆਪਣੇ ਖਾਣੇ ਵਿੱਚ ਲੂਣ ਦੀ ਮਾਤਰਾ ਘਟਾਉਣ ਲਈ ਆਪਣੇ ਟੇਬਲ ਉੱਤੇ ਪਈ ਲੂਣ ਦੀ ਡੱਬੀ ਹਟਾ ਦੇਣਾ ਵੀ ਚੰਗੀ ਸ਼ੁਰੂਆਤ ਹੋ ਸਕਦੀ ਹੈ।

ਅਖੀਰ ਬਰੋਸੋ ਸਾਨੂੰ ਦੱਸਦੇ ਹਨ ਕਿ ਅਲਟ੍ਰਾ ਪ੍ਰਸੈੱਸਰ ਫੂਡ ਘੱਟ ਖਾਣਾ ਚਾਹੀਦਾ ਹੈ।

ਉਹ ਕਹਿੰਦੇ ਹਨ, "ਸਾਨੂੰ ਪੈਕੇਜਡ ਖਾਣਾ ਖਰੀਦਣ ਤੋਂ ਪਹਿਲਾਂ ਪਿੱਛੇ ਲਿਖੇ ਜਾਣਕਾਰੀ ਪੜ੍ਹਨ ਦੀ ਆਦਤ ਪਾਉਣੀ ਚਾਹੀਦੀ ਹੈ ਅਤੇ ਉਸ ਖਾਣੇ ਦੀ ਹੀ ਚੋਣ ਕਰਨੀ ਚਾਹੀਦੀ ਹੈ ਜਿਸ ਵਿੱਚ ਸੋਡੀਅਮ ਘੱਟ ਹੋਵੇ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)