'ਮੈਂ ਬੱਸ ਉਸ ਨੂੰ ਬਚਾਉਣਾ ਚਾਹੁੰਦਾ ਹਾਂ, ਚਾਹੇ ਉਹ ਜਿਉਂਦੀ ਹੋਵੇ ਜਾਂ ਫਿਰ...', ਸੜਦੀ ਇਮਾਰਤ ਨੇੜੇ ਖੜੇ ਆਪਣਿਆਂ ਦਾ ਫਿਕਰ ਕਰਦੇ ਲੋਕਾਂ ਦਾ ਹਾਲ

ਤਸਵੀਰ ਸਰੋਤ, Getty Images
ਹਾਂਗ ਕਾਂਗ ਦੇ ਤਾਈ ਪੋ ਖੇਤਰ ਵਿੱਚ ਬੁੱਧਵਾਰ ਨੂੰ ਇੱਕ ਰਿਹਾਇਸ਼ੀ ਖੇਤਰ ਵਿੱਚ ਭਿਆਨਕ ਅੱਗ ਲੱਗ ਗਈ ਸੀ।
ਇਸ ਅੱਗ ਨੂੰ ਬੁਝਾਉਣ ਵਿੱਚ ਲਗਭਗ 24 ਘੰਟੇ ਲੱਗੇ ਅਤੇ ਘੱਟੋ ਘੱਟ 94 ਲੋਕਾਂ ਦੀ ਮੌਤ ਹੋ ਗਈ ਹੈ ਜਦੋਂ 300 ਲੋਕ ਲਾਪਤਾ ਦੱਸੇ ਜਾ ਰਹੇ ਹਨ।
ਘਟਨਾ ਸਥਾਨ ਤੋਂ ਸਾਹਮਣੇ ਆਈਆਂ ਤਸਵੀਰਾਂ ਵਿੱਚ ਧੂੰਏਂ ਦੇ ਗੁਬਾਰ, ਅੱਗ ਦੀਆਂ ਲਪਟਾਂ, ਉਨ੍ਹਾਂ ਨੂੰ ਕਾਬੂ ਕਰਨ ਕਰਨ ਲਈ ਜੂਝਦੇ ਫਾਇਰਫਾਈਟਰ ਅਤੇ ਹਫੜਾ-ਦਫੜੀ ਵਾਲੀ ਸਥਿਤੀ ਦਿਖਾਈ ਦਿੱਤੀ।
ਹਾਂਗਕਾਂਗ ਦੇ ਨੇਤਾ ਦਾ ਕਹਿਣਾ ਹੈ ਕਿ ਆਗੂ ਹੁਣ ਕਾਬੂ ਹੇਠ ਹੈ।
ਅੱਗ ਭਾਵੇਂ ਕਾਬੂ ਹੇਠ ਦੱਸੀ ਜਾ ਰਹੀ ਹੈ ਸੈਂਕੜੇ ਲੋਕ ਲਾਪਤਾ ਹੋਣ ਕਰਕੇ ਸਥਿਤੀ ਸੰਜੀਦਾ ਹੈ।
ਖ਼ਬਰ ਏਜੰਸੀ ਰਾਇਟਰਜ਼ ਦੇ ਅਨੁਸਾਰ, ਅੱਗ ਹਾਂਗ ਕਾਂਗ ਦੇ ਵਾਂਗ ਫੁਕ ਕੋਰਟ ਨਾਮਕ ਇੱਕ ਹਾਊਸਿੰਗ ਕੰਪਲੈਕਸ ਵਿੱਚ ਲੱਗੀ ਹੈ। ਇਸ ਕੰਪਲੈਕਸ ਵਿੱਚ ਅੱਠ ਬਲਾਕਾਂ ਵਿੱਚ ਕੁੱਲ 2,000 ਫਲੈਟ ਹਨ।
'30 ਘੰਟੇ ਹੋ ਗਏ ਮੈਨੂੰ ਆਪਣੀ ਬੱਚੀ ਨਹੀਂ ਲੱਭੀ'

ਤਸਵੀਰ ਸਰੋਤ, Reuters
ਸੋਸ਼ਲ ਮੀਡੀਆ 'ਤੇ ਲੋਕ ਲਗਾਤਾਰ ਆਪਣੇ ਲਾਪਤਾ ਬਜ਼ੁਰਗ ਰਿਸ਼ਤੇਦਾਰਾਂ, ਬੱਚਿਆਂ ਅਤੇ ਪਾਲਤੂ ਜਾਨਵਰਾਂ ਬਾਰੇ ਪੋਸਟਾਂ ਪਾ ਰਹੇ ਹਨ।
ਹਾਦਸੇ ਤੋਂ ਦੁਖੀ ਤੇ ਨਿਰਾਸ਼ ਇੱਕ ਮਾਂ ਨੇ ਲਿਖਿਆ, "ਮੈਨੂੰ ਅਜੇ ਵੀ ਆਪਣੀ ਬੱਚੀ ਨਹੀਂ ਮਿਲ ਰਹੀ। ਲਗਭਗ 30 ਘੰਟੇ ਹੋ ਗਏ ਹਨ ਅਤੇ ਫਾਇਰ ਸਰਵਿਸ ਵੱਲੋਂ ਕੋਈ ਅੱਪਡੇਟ ਨਹੀਂ ਆਇਆ ਹੈ..."
ਇੱਕ ਬਾਅਦ ਵਾਲੀ ਪੋਸਟ ਵਿੱਚ ਉਨ੍ਹਾਂ ਕਿਹਾ: "ਮੈਨੂੰ ਡਰ ਹੈ ਕਿ ਹੁਣ ਕੋਈ ਉਮੀਦ ਨਹੀਂ ਹੈ।"
ਇਮਾਰਤ ਵਿੱਚ ਰਹਿਣ ਵਾਲੇ ਚੁੰਗ ਆਪਣੀ ਪਤਨੀ ਨੂੰ ਲਗਾਤਾਰ ਭਾਲ਼ ਰਹੇ ਹਨ। ਉਨ੍ਹਾਂ ਦੱਸਿਆ ਕਿ ਜਦੋਂ ਇਹ ਦਫਤਰ ਤੋਂ ਘਰ ਵੱਲ ਭੱਜਦੇ ਤਾਂ ਇਸ ਦੌਰਾਨ, ਉਹ ਅਤੇ ਉਸਦੀ ਪਤਨੀ ਇੱਕ ਦੂਜੇ ਨੂੰ ਫ਼ੋਨ ਕਰਦੇ ਰਹੇ, ਉਹ ਚਿੰਤਤ ਅਤੇ ਡਰੇ ਹੋਏ ਸਨ। ਪਤਨੀ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਬੇਹੋਸ਼ ਹੋਣ ਵਾਲੀ ਸੀ ਕਿਉਂਕਿ ਧੂੰਆਂ ਹੋਰ ਸੰਘਣਾ ਹੁੰਦਾ ਜਾ ਰਿਹਾ ਸੀ।
"ਉਹ ਸ਼ਾਇਦ ਬੇਹੋਸ਼ ਹੋ ਗਈ ਸੀ," ਚੁੰਗ ਨੇ ਜਦੋਂ ਵੀਰਵਾਰ ਨੂੰ ਬੀਬੀਸੀ ਚੀਨੀ ਨੂੰ ਦੱਸਿਆ ਤਾਂ ਉਨ੍ਹਾਂ ਦੀਆਂ ਅੱਖਾਂ ਹੰਝੂਆਂ ਨਾਲ ਲਾਲ ਹੋ ਗਈਆਂ ਸਨ। "ਮੈਂ ਉਸਨੂੰ ਦੁਬਾਰਾ ਫ਼ੋਨ ਕਰਨ ਦੀ ਹਿੰਮਤ ਨਹੀਂ ਕਰ ਪਾ ਰਿਹਾ।"
ਉਨ੍ਹਾਂ ਕਿਹਾ, ਸ਼ਾਇਦ "ਉਹ ਸਾਡੀ ਬਿੱਲੀ ਦੇ ਨਾਲ ਗੁਜ਼ਰ ਗਈ, ਜਿਸਨੂੰ ਉਹ ਪਿਆਰ ਕਰਦੀ ਹੈ।''
ਚੁੰਗ ਕਹਿੰਦੇ ਹਨ, "ਮੈਂ ਉਸਨੂੰ ਬਚਾਉਣਾ ਚਾਹੁੰਦਾ ਹਾਂ - ਭਾਵੇਂ ਉਹ ਜ਼ਿੰਦਾ ਹੋਵੇ ਜਾਂ ਨਾ।"

ਤਸਵੀਰ ਸਰੋਤ, Getty Images
ਹਾਂਗ ਕਾਂਗ ਸਰਕਾਰ ਦੇ ਅਨੁਸਾਰ, ਵਾਂਗ ਫੁਕ ਕੋਰਟ ਵਿੱਚ ਇਹ ਅੱਗ ਬੁੱਧਵਾਰ ਨੂੰ ਸਥਾਨਕ ਸਮੇਂ ਅਨੁਸਾਰ ਲਗਭਗ 2 ਵੱਜ ਕੇ 51 ਮਿੰਟ 'ਤੇ ਲੱਗੀ, ਜਿਸ ਤੋਂ ਬਾਅਦ ਦਮਕਲ ਵਿਭਾਗ ਨੂੰ ਸੂਚਨਾ ਭੇਜੀ ਗਈ ਸੀ।
ਮਾਰੇ ਗਏ ਲੋਕਾਂ ਵਿੱਚ ਇੱਕ ਫਾਇਰ ਫਾਈਟਰ ਹੋ ਵਾਈ-ਹੋ ਵੀ ਸ਼ਾਮਲ ਹਨ।
ਹਾਂਗ ਕਾਂਗ ਸਰਕਾਰ ਦੁਆਰਾ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ "ਫਾਇਰ ਡਿਪਾਰਟਮੈਂਟ ਦੇ ਡਾਇਰੈਕਟਰ ਐਂਡੀ ਯੇਂਗ ਨੇ ਹੋ ਵਾਈ-ਹੋ ਦੀ ਮੌਤ 'ਤੇ ਆਪਣੀ ਡੂੰਘੀ ਸੰਵੇਦਨਾ ਪ੍ਰਗਟ ਕੀਤੀ ਹੈ।"
ਫਾਇਰ ਸਰਵਿਸ ਦਾ ਕਹਿਣਾ ਹੈ ਕਿ ਘੱਟੋ-ਘੱਟ ਇੱਕ ਹੋਰ ਫਾਇਰ ਫਾਈਟਰ ਇਸ ਸਮੇਂ ਹਸਪਤਾਲ ਵਿੱਚ ਹਨ।
ਇਸ ਵੇਲੇ 800 ਫਾਇਰ ਫਾਈਟਰ ਘਟਨਾ ਵਾਲੇ ਸਥਾਨ 'ਤੇ ਤਾਇਨਾਤ ਹਨ।
ਘਟਨਾ ਵਾਲੀ ਥਾਂ ਕੀ ਹਨ ਹਾਲਾਤ

ਹਾਂਗ ਕਾਂਗ ਸਥਿਤ ਬੀਬੀਸੀ ਪੱਤਰਕਾਰ ਫੋਬੀ ਕਾਂਗ ਦਾ ਕਹਿਣਾ ਹੈ ਕਿ ਤਾਈ ਪੋ ਰੇਲਵੇ ਸਟੇਸ਼ਨ ਤੋਂ ਬਾਹਰ ਨਿਕਲਦੇ ਹੀ ਧੂੰਏਂ ਦੀ ਬਹੁਤ ਜ਼ਿਆਦਾ ਬਦਬੂ ਨੱਕ ਵਿੱਚ ਭਰ ਜਾਂਦੀ ਹੈ। ਸਟੇਸ਼ਨ ਘਟਨਾ ਸਥਾਨ ਤੋਂ ਸਿਰਫ਼ 500 ਮੀਟਰ ਦੀ ਦੂਰੀ 'ਤੇ ਹੈ।
ਘਟਨਾ ਸਥਾਨ 'ਤੇ ਜਾਂਦੇ ਸਮੇਂ, ਅਸੀਂ ਬਹੁਤ ਸਾਰੇ ਲੋਕਾਂ ਨੂੰ ਦੇਖਿਆ ਜੋ ਅੱਗ ਵਿੱਚ ਘਿਰੀਆਂ ਇਮਾਰਤਾਂ ਨੂੰ ਦੇਖ ਰਹੇ ਸਨ। ਦਰਜਨਾਂ ਫਾਇਰ ਟਰੱਕ ਖੜ੍ਹੇ ਸਨ ਅਤੇ ਇੱਕ ਤੋਂ ਬਾਅਦ ਇੱਕ ਹੋਰ ਅਜੇ ਵੀ ਆ ਰਹੇ ਸਨ। ਫਾਇਰਫਾਈਟਰਜ਼ ਇਨ੍ਹਾਂ ਟਰੱਕਾਂ 'ਚੋਂ ਆਕਸੀਜਨ ਟੈਂਕ ਇਕੱਠੇ ਕਰ ਰਹੇ ਸਨ।
ਤਾਈ ਪੋ ਜ਼ਿਲ੍ਹਾ ਕੌਂਸਲਰ ਮੁਈ ਸਿਉ-ਫੰਗ ਨੇ ਬੀਬੀਸੀ ਚੀਨੀ ਸੇਵਾ ਨੂੰ ਦੱਸਿਆ ਕਿ ਲਗਭਗ 95 ਫੀਸਦੀ ਲੋਕਾਂ ਨੂੰ ਸੁਰੱਖਿਅਤ ਕੱਢ ਲਿਆ ਗਿਆ ਹੈ ਅਤੇ ਨੇੜਲੇ ਤਿੰਨ ਰਿਹਾਇਸ਼ੀ ਬਲਾਕਾਂ ਨੂੰ ਖਾਲੀ ਕਰਵਾ ਲਿਆ ਗਿਆ ਹੈ।
ਲੋਕਾਂ ਨੂੰ ਕਮਿਊਨਿਟੀ ਸੈਂਟਰਾਂ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ।
ਸਾਬਕਾ ਜ਼ਿਲ੍ਹਾ ਕੌਂਸਲਰ ਹਰਮਨ ਟਿਉ ਕਵਾਨ ਹੋ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਨੇੜਲੀਆਂ ਇਮਾਰਤਾਂ ਨੂੰ ਖਾਲੀ ਕਰਵਾ ਲਿਆ ਗਿਆ ਹੈ। ਜ਼ਖਮੀਆਂ ਲਈ ਇੱਕ ਹੈਲਪਲਾਈਨ ਸੇਵਾ ਸ਼ੁਰੂ ਕੀਤੀ ਗਈ ਹੈ ਅਤੇ ਸਰਕਾਰ ਨੇ ਅਸਥਾਈ ਸ਼ੈਲਟਰ ਵੀ ਖੋਲ੍ਹੇ ਹਨ।

ਤਸਵੀਰ ਸਰੋਤ, Reuters
ਇਸ ਦੌਰਾਨ, ਹਾਂਗ ਕਾਂਗ ਦੇ ਆਵਾਜਾਈ ਵਿਭਾਗ ਦੇ ਅਨੁਸਾਰ, "ਕਈ ਸੜਕਾਂ ਬੰਦ ਕਰ ਦਿੱਤੀਆਂ ਗਈਆਂ ਹਨ ਅਤੇ 30 ਤੋਂ ਵੱਧ ਬੱਸ ਰੂਟਾਂ ਨੂੰ ਅੱਗ ਵਾਲੇ ਖੇਤਰ ਤੋਂ ਹਟਾ ਕੇ ਦੂਸਰੇ ਪਾਸੇ ਮੋੜ ਦਿੱਤਾ ਗਿਆ ਹੈ।"
ਵਿਭਾਗ ਨੇ ਇਹ ਵੀ ਕਿਹਾ ਕਿ ਉਹ ਅੱਗ ਜਾਰੀ ਰਹਿਣ ਦੌਰਾਨ ਰੀਅਲ ਟਾਈਮ ਦੀ ਆਵਾਜਾਈ ਸਥਿਤੀਆਂ 'ਤੇ ਨੇੜਿਓਂ ਨਜ਼ਰ ਰੱਖ ਰਹੇ ਹਨ।
ਵਾਂਗ ਫੁਕ ਕੋਰਟ ਦੇ ਇੱਕ ਨਿਵਾਸੀ ਹੈਰੀ ਚੇਓਂਗ ਨੇ ਖ਼ਬਰ ਏਜੰਸੀ ਰਾਇਟਰਜ਼ ਨੂੰ ਦੱਸਿਆ ਕਿ ਦੁਪਹਿਰ 2 ਵੱਜ ਕੇ 45 ਮਿੰਟ ਦੇ ਕਰੀਬ ਉਨ੍ਹਾਂ ਨੇ ਇੱਕ ਉੱਚੀ ਆਵਾਜ਼ ਸੁਣੀ ਅਤੇ ਨੇੜਲੇ ਬਲਾਕ ਵਿੱਚ ਅੱਗ ਦੀਆਂ ਲਪਟਾਂ ਭਿਆਨਕ ਸਨ।
ਉਨ੍ਹਾਂ ਕਿਹਾ, "ਮੈਂ ਤੁਰੰਤ ਵਾਪਸ ਚਲਾ ਗਿਆ ਅਤੇ ਆਪਣੀਆਂ ਚੀਜ਼ਾਂ ਇਕੱਠੀਆਂ ਕਰਨ ਲੱਗ ਪਿਆ। ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਕਿਵੇਂ ਮਹਿਸੂਸ ਕਰ ਰਿਹਾ ਹਾਂ।"
ਇਮਾਰਤਾਂ ਦੇ ਵਿਚਕਾਰ ਦੂਰੀ ਬਹੁਤ ਘੱਟ
ਹਾਂਗ ਕਾਂਗ ਦੀਆਂ ਹਾਊਸਿੰਗ ਸੁਸਾਇਟੀਆਂ ਆਮ ਤੌਰ 'ਤੇ ਆਪਣੇ ਛੋਟੇ ਅਤੇ ਜ਼ਿਆਦਾ ਭਰੇ ਫਲੈਟਾਂ ਲਈ ਜਾਣੀਆਂ ਜਾਂਦੀਆਂ ਹਨ, ਇਮਾਰਤਾਂ ਵਿਚਕਾਰ ਜਗ੍ਹਾ ਬਹੁਤ ਘੱਟ ਹੁੰਦੀ ਹੈ।
ਇਸੇ ਘੜਮੱਸ ਦੇ ਕਾਰਨ ਇਸ ਘਟਨਾ ਵਿੱਚ ਵੱਡੀ ਆਬਾਦੀ ਦੇ ਪ੍ਰਭਾਵਿਤ ਹੋਣ ਦਾ ਖ਼ਤਰਾ ਹੈ।
ਵਾਂਗ ਫੁਕ ਕੋਰਟ ਵਿਖੇ ਫਲੈਟਾਂ ਦਾ ਆਕਾਰ ਆਮ ਤੌਰ 'ਤੇ 400 ਤੋਂ 500 ਵਰਗ ਫੁੱਟ ਤੱਕ ਹੁੰਦਾ ਹੈ। ਇਹ ਕੰਪਲੈਕਸ ਸਮੁੰਦਰੀ ਕਿਨਾਰੇ ਅਤੇ ਇੱਕ ਮੁੱਖ ਹਾਈਵੇਅ ਦੇ ਨੇੜੇ ਸਥਿਤ ਹੈ, ਅਤੇ ਸਰਕਾਰੀ ਅੰਕੜਿਆਂ ਦੇ ਅਨੁਸਾਰ, ਉੱਥੇ ਲਗਭਗ 4,600 ਲੋਕ ਰਹਿੰਦੇ ਹਨ।
ਕਿਵੇਂ ਲੱਗੀ ਅੱਗ

ਤਸਵੀਰ ਸਰੋਤ, AFP via Getty Images
ਅੱਗ ਦੇ ਤੇਜ਼ੀ ਨਾਲ ਫੈਲਣ ਦਾ ਕਾਰਨ ਆਲੇ-ਦੁਆਲੇ ਚੱਲ ਰਿਹਾ ਮੁਰੰਮਤ ਦੇ ਕੰਮ ਨੂੰ ਮੰਨਿਆ ਜਾ ਰਿਹਾ ਹੈ। ਇਮਾਰਤਾਂ ਦੇ ਬਾਹਰ ਬਾਂਸ ਦਾ ਢਾਂਚਾ ਲਗਾਇਆ ਗਿਆ ਸੀ, ਜਿਸਦੀ ਵਰਤੋਂ ਮੁਰੰਮਤ ਲਈ ਕੀਤੀ ਜਾ ਰਹੀ ਸੀ।
ਇਸ ਮਾਮਲੇ ਦੇ ਸਬੰਧ ਵਿੱਚ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਸ ਵਿੱਚ ਦੋ ਨਿਰਮਾਣ ਕੰਪਨੀ ਦੇ ਡਾਇਰੈਕਟਰ ਅਤੇ ਇੱਕ ਇੰਜੀਨੀਅਰਿੰਗ ਸਲਾਹਕਾਰ ਹੈ।
ਅੱਗ ਲੱਗਣ ਦੇ ਕਾਰਨਾਂ ਬਾਰੇ ਅਜੇ ਵੀ ਪਤਾ ਨਹੀਂ ਲੱਗ ਸਕਿਆ, ਪਤਾ ਲਾਉਣ ਲਈ ਜਾਂਚ ਚੱਲ ਰਹੀ ਹੈ। ਮੁੱਢਲੀ ਪੜਤਾਲ ਤੋਂ ਪਤਾ ਲੱਗਦਾ ਹੈ ਕਿ ਮੁਰੰਮਤ ਦਾ ਕੰਮ ਚੱਲ ਰਿਹਾ ਸੀ, ਅਤੇ ਖਿੜਕੀਆਂ 'ਤੇ ਪੋਲੀਸਟਾਈਰੀਨ ਬੋਰਡ ਮਿਲੇ ਸਨ, ਜਿਸ ਕਾਰਨ ਅੱਗ ਤੇਜ਼ੀ ਨਾਲ ਫੈਲੀ ਹੋਵੇਗੀ ।
ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਮਾਰਤਾਂ ਦੇ ਬਲਾਕਾਂ ਦੇ ਵਿਚਕਾਰ ਬਾਂਸ ਦੇ ਢਾਂਚੇ ਲਗਾਏ ਗਏ ਸਨ, ਜਿਸ ਕਾਰਨ ਅੱਗ ਹੋਰ ਇਮਾਰਤਾਂ ਵਿੱਚ ਫੈਲੀ ਹੋ ਸਕਦੀ ਹੈ।
ਕਿੰਨੀ ਭਿਆਨਕ ਹੈ ਅੱਗ

ਤਸਵੀਰ ਸਰੋਤ, AFP via Getty Images
ਅੱਗ ਨੂੰ ਲੈਵਲ 5 ਦੀ ਕੈਟੇਗਿਰੀ ਵਿੱਚ ਰੱਖਿਆ ਗਿਆ ਹੈ, ਜੋ ਗੰਭੀਰਤਾ ਦੇ ਮਾਮਲੇ ਵਿੱਚ ਸ਼੍ਰੇਣੀ 1 ਤੋਂ 5 ਦੇ ਪੈਮਾਨੇ ਵਿੱਚ ਦੂਜਾ ਸਭ ਤੋਂ ਉੱਚਾ ਪੱਧਰ ਹੈ।
ਹਾਲਾਂਕਿ 17 ਸਾਲ ਪਹਿਲਾਂ ਹਾਂਗਕਾਂਗ ਵਿੱਚ ਗ੍ਰੇਡ 5 ਕੈਟੇਗਿਰੀ ਦੀ ਭਿਆਨਕ ਅੱਗ ਲੱਗੀ ਸੀ। ਇਸ ਘਟਨਾ ਵਿੱਚ ਉਦੋਂ ਚਾਰ ਲੋਕਾਂ ਦੀ ਜਾਨ ਗਈ ਸੀ।
ਚੀਨ ਦੇ ਸਰਕਾਰੀ ਟੀਵੀ ਚੈਨਲ ਦੇ ਮੁਤਾਬਕ, "ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਹਾਂਗਕਾਂਗ ਦੇ ਵਾਂਗ ਫੁਕ ਕੋਰਟ ਵਿੱਚ ਲੱਗੀ ਅੱਗ ਦੀ ਘਟਨਾ ਅਤੇ ਮੌਤਾਂ ਉੱਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।"
ਹਾਂਗਕਾਂਗ ਵਿੱਚ ਅਗਾਮੀ 7 ਦਸੰਬਰ ਨੂੰ ਵਿਧਾਨ ਪਰਿਸ਼ਦ ਦੀਆਂ ਚੋਣਾਂ ਹੋਣੀਆਂ ਹਨ। ਪਰ ਸਾਰੀਆਂ ਪਾਰਟੀਆਂ ਨੇ ਅੱਗ ਦੀ ਇਸ ਘਟਨਾ ਤੋਂ ਬਾਅਦ ਆਪਣੀ ਚੋਣ ਮੁਹਿੰਮ ਮੁਲਤਵੀ ਕਰ ਦਿੱਤੀ ਹੈ।
ਉਧਰ ਹਾਂਗਕਾਂਗ ਦੇ ਸਿੱਖਿਆ ਮਹਿਕਮੇ ਨੇ ਕਿਹਾ ਹੈ ਕਿ ਵਾਂਗ ਫੁਕ ਕੋਰਟ ਵਿੱਚ ਲੱਗੀ ਅੱਗ ਦੇ ਕਾਰਨ ਤਾਈ ਪੋ ਜ਼ਿਲ੍ਹੇ ਦੇ ਕਈ ਸਕੂਲ ਵੀਰਵਾਰ ਨੂੰ ਬੰਦ ਰਹਿਣਗੇ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












