ਲੱਖਾਂ ਰੁਪਏ ਦੀ ਧੋਖਾਧੜੀ ਲਈ ਜ਼ਿੰਮੇਵਾਰ ਹਨ ਇਹ 5 ਔਨਲਾਈਨ ਸਕੈਮਜ਼, ਇਨ੍ਹਾਂ ਤੋਂ ਬਚਣ ਦੇ ਕੀ ਤਰੀਕੇ ਹਨ

ਡਿਜੀਟਲ ਸਕੈਮ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਡਿਜੀਟਲ ਸਕੈਮਜ਼ ਤੋਂ ਬਚਣ ਦਾ ਸਭ ਤੋਂ ਵੱਧ ਕਾਰਗਾਰ ਤਰੀਕਾ ਹੈ ਇਨ੍ਹਾਂ ਬਾਰੇ ਸੁੱਚੇਤ ਅਤੇ ਜਾਗਰੂਕ ਰਹਿਣਾ
    • ਲੇਖਕ, ਡਿੰਕਲ ਪੋਪਲੀ
    • ਰੋਲ, ਬੀਬੀਸੀ ਪੱਤਰਕਾਰ

ਫ਼ੋਨ ਅਤੇ ਇੰਟਰਨੈੱਟ ਤੱਕ ਸੌਖੀ ਪਹੁੰਚ ਕਰਕੇ ਹਰ ਸਹੂਲਤ ਔਨਲਾਈਨ ਹੋ ਗਈ ਹੈ।

ਹੁਣ ਜਿੱਥੇ ਖਾਣਾ ਔਨਲਾਈਨ ਆ ਰਿਹਾ ਹੈ, ਬੈਕਿੰਗ ਤੇ ਪੈਸਿਆਂ ਦਾ ਲੈਣ-ਦੇਣ ਵੀ ਫ਼ੋਨ ਰਾਹੀਂ ਹੀ ਹੋ ਰਿਹਾ ਹੈ ਤਾਂ ਚੋਰੀ-ਡਕੈਤੀ ਦੇ ਮਾਮਲੇ ਔਫਲਾਈਨ ਕਿਵੇਂ ਰਹਿ ਸਕਦੇ ਹਨ।

ਆਏ ਦਿਨ ਅਖਬਾਰਾਂ 'ਚ ਤੁਸੀਂ ਡਿਜੀਟਲ ਸਕੈਮਜ਼ ਅਤੇ ਕ੍ਰਾਈਮ ਬਾਰੇ ਪੜ੍ਹਦੇ ਹੋਵੋਗੇ। ਪਰ ਸਭ ਤੋਂ ਵੱਡਾ ਪਰੇਸ਼ਾਨੀ ਦਾ ਸਬੱਬ ਇਹ ਕਿ ਅਜਿਹੇ ਸਕੈਮਜ਼ ਦੇ ਤੌਰ ਤਰੀਕੇ ਹਰ ਦਿਨ ਬਦਲ ਜਾਂਦੇ ਹਨ।

ਭਾਵ ਕਦੇ ਇਹ ਸਕੈਮ ਨੌਕਰੀ, ਲਾਟਰੀ, ਗ੍ਰਿਫ਼ਤਾਰੀ ਅਤੇ ਹੋਰ ਝਾਂਸੇ ਦੇ ਕੇ ਕੀਤੇ ਜਾਂਦੇ ਹਨ ਅਤੇ ਕਦੇ ਤੁਹਾਡੀ ਸੋਸ਼ਲ ਮੀਡੀਆ ਅਕਾਊਂਟਸ ਤੋਂ ਤੁਹਾਡੀ ਨਿੱਜੀ ਜਾਣਕਾਰੀ ਇਕੱਠੀ ਕਰਕੇ ਤੁਹਾਨੂੰ ਇਸ ਦਾ ਸ਼ਿਕਾਰ ਬਣਾਇਆ ਜਾਂਦਾ ਹੈ।

ਇਹਨਾਂ ਤੋਂ ਬਚਣ ਦਾ ਸਭ ਤੋਂ ਵੱਧ ਕਾਰਗਾਰ ਤਰੀਕਾ ਹੈ ਡਿਜੀਟਲ ਸਕੈਮਜ਼ ਬਾਰੇ ਸੁਚੇਤ ਅਤੇ ਜਾਗਰੂਕ ਰਹਿਣਾ। ਆਓ ਜਾਣਦੇ ਹਾਂ ਕੁਝ ਬੇਹੱਦ ਆਮ ਅਤੇ ਟਰੇਂਡਿੰਗ ਔਨਲਾਈਨ ਸਕੈਮਜ਼ ਬਾਰੇ ਅਤੇ ਕੁਝ ਹੈਕਸ ਬਾਰੇ ਜੋ ਤੁਹਾਨੂੰ ਬਹੁਤ ਸਾਰੇ ਇਸ ਹੀ ਤਰ੍ਹਾਂ ਦੇ ਡਿਜੀਟਲ ਅਪਰਾਧਾਂ ਤੋਂ ਸੁਰੱਖਿਅਤ ਰੱਖ ਸਕਦੇ ਹਨ।

ਨੌਕਰੀਆਂ ਦਾ ਝਾਂਸਾ ਦੇਣ ਵਾਲੀਆਂ ਠੱਗੀਆਂ

ਡਿਜੀਟਲ ਸਕੈਮ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕਦੇ ਵੀ ਅਣਅਧਿਕਾਰਤ ਲਿੰਕ ਤੋਂ ਆਈ ਨੌਕਰੀ ਦੀ ਪੇਸ਼ਕੇਸ਼ ਨੂੰ ਨਾ ਖੋਲ੍ਹੋ, ਤੇ ਨਾ ਹੀ ਉਸ ਲਈ ਅਪਲਾਈ ਕਰੋ

'ਘਰ ਬੈਠੇ ਕਮਾਓ 5-10 ਹਜ਼ਾਰ ਪ੍ਰਤੀ ਦਿਨ, ਕੋਈ ਡਿਗਰੀ ਦੀ ਵੀ ਜ਼ਰੂਰਤ ਨਹੀਂ।'

'ਸਿਰਫ਼ ਘਰ ਬੈਠੇ ਪੈਨ ਪੈਕ ਕਰੋ ਜਾਂ ਔਨਲਾਈਨ ਰਿਵਿਊਜ਼ ਦਿਓ ਤੇ ਸੈਲਰੀ ਹਰ ਹਫ਼ਤੇ ਤੁਹਾਡੇ ਖ਼ਾਤੇ 'ਚ ਆ ਜਾਵੇਗੀ'

ਤੁਸੀਂ ਵੀ ਸ਼ਾਇਦ ਇਹ ਐਡ ਦੇਖੀ ਹੋਣੀ ਹੈ ਸ਼ਾਇਦ ਫੇਸਬੁੱਕ 'ਤੇ ਜਾਂ ਫ਼ਿਰ ਐੱਸਐੱਮਐੱਸ ਰਾਹੀਂ ਤੁਹਾਡੇ ਫੋਨ 'ਤੇ ਆਈ ਹੋਵੇਗੀ।

ਮਾਰਕਿਟ 'ਚ ਇਸ ਤਰ੍ਹਾਂ ਦੇ ਬਹੁਤ ਸਾਰੇ ਜੌਬ ਸਕੈਮਜ਼ ਐਕਟਿਵ ਹਨ ਅਤੇ ਅਜਿਹੇ ਇਸ਼ਤਿਹਾਰ ਵੀ ਉਨ੍ਹਾਂ ਦਾ ਹੀ ਇੱਕ ਜਾਲ ਹਨ।

ਇਸ ਤੋਂ ਇਲਾਵਾ ਇੰਟਰਵਿਊ ਲਈ ਕਿਸੇ ਅਣਜਾਣ ਈ-ਮੇਲ ਅਡਰੈਸ ਤੋਂ ਆਇਆ ਕੋਈ ਮੇਲ, ਨੌਕਰੀ ਲਈ ਸ਼ੋਰਟਲਿਸਟ ਹੋ ਜਾਣ ਬਾਰੇ ਕੋਈ ਐੱਸਐੱਮਐੱਸ- ਇਹ ਸਭ ਸਕੈਮਰਜ਼ ਵੱਲੋਂ ਵਿਛਾਏ ਗਏ ਜਾਲ਼ ਹੋ ਸਕਦੇ ਹਨ।

ਡਿਜੀਟਲ ਸਕੈਮ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜੇਕਰ ਕੋਈ ਸਕੈਮ ਹੋ ਜਾਵੇ ਤਾ ਤੁਰੰਤ ਸਾਈਬਰ ਕ੍ਰਾਈਮ ਦੀ ਅਧਿਕਾਰਤ ਵੈੱਬਸਾਈਟ ਜਾਂ 1930 'ਤੇ ਸ਼ਿਕਾਇਤ ਦਰਜ ਕਰਵਾਓ

ਆਓ ਜਾਣਦੇ ਹੈ ਕਿ ਇਹਨਾਂ ਸਕੈਮਜ਼ ਤੋਂ ਕਿਵੇਂ ਬਚਿਆ ਜਾਵੇ:

  • ਜੇਕਰ ਤੁਸੀਂ ਔਨਲਾਈਨ ਨੌਕਰੀ ਦੀ ਭਾਲ ਕਰ ਰਹੇ ਹੋ ਤਾਂ ਹਮੇਸ਼ਾ ਨੋਟ ਕਰਕੇ ਰੱਖੋ ਕਿ ਤੁਸੀਂ ਕਿੱਥੇ-ਕਿੱਥੇ ਅਪਲਾਈ ਕੀਤਾ ਹੈ। ਅਨਜਾਣ ਕੰਪਨੀ ਤੋਂ ਨੌਕਰੀ ਬਾਰੇ ਆਈ ਈ-ਮੇਲ ਸਕੈਮ ਹੋ ਸਕਦਾ ਹੈ।
  • ਕਦੇ ਵੀ ਅਣਅਧਿਕਾਰਤ ਲਿੰਕ ਤੋਂ ਆਈ ਨੌਕਰੀ ਦੀ ਪੇਸ਼ਕੇਸ਼ ਨੂੰ ਨਾ ਖੋਲ੍ਹੋ, ਤੇ ਨਾ ਹੀ ਉਸ ਦੇ ਲਈ ਅਪਲਾਈ ਕਰੋ।
  • ਜੇਕਰ ਇਸ਼ਤਿਹਾਰ ਯਕੀਨਯੋਗ ਲੱਗੇ ਤਾਂ ਵੀ ਆਪਣੀ ਪੁਸ਼ਟੀ ਲਈ ਉਸ ਬਾਰੇ ਥੋੜ੍ਹੀ ਰਿਸਰਚ ਕਰੋ।
  • ਕਿਸੇ ਵੀ ਨੌਕਰੀ ਲਈ ਪੈਸੇ ਦੇਣ ਤੋਂ ਬਚੋ, ਜੇਕਰ ਪੈਸੇ ਦੀ ਮੰਗ ਕੀਤੀ ਜਾ ਰਹੀ ਹੋਵੇ ਤਾਂ ਚਾਂਸ ਹਨ ਕਿ ਉਹ ਸਕੈਮ ਹੀ ਹੋਵੇ।
  • ਜਿਸ ਈ-ਮੇਲ ਐਡਰੈੱਸ ਤੋਂ ਤੁਹਾਨੂੰ ਨੌਕਰੀ ਦੀ ਪੇਸ਼ਕੇਸ਼ ਆਈ ਹੋਵੇ, ਉਸ ਈ-ਮੇਲ ਅਡਰੈਸ ਦੀ ਜਾਂਚ ਕਰੋ, ਦੇਖੋ ਕਿ ਉਸ ਵਿਚ ਕੋਈ ਸਪੈਲਿੰਗ ਮਿਸਟੇਕ ਨਾ ਹੋਵੇ।
  • ਫਿਰ ਵੀ ਜੇਕਰ ਕੋਈ ਸਕੈਮ ਜੋ ਜਾਵੇ ਤਾ ਤੁਰੰਤ ਸਾਈਬਰ ਕ੍ਰਾਈਮ ਦੀ ਅਧਿਕਾਰਤ ਵੈੱਬਸਾਈਟ ਜਾਂ 1930 'ਤੇ ਸ਼ਿਕਾਇਤ ਦਰਜ ਕਰਵਾਓ।

ਕਾਲ ਮਰਜ ਸਕੈਮ

ਡਿਜੀਟਲ ਸਕੈਮ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕਦੇ ਵੀ ਅਨਜਾਣ ਨੰਬਰਾਂ ਤੋਂ ਆਈਆਂ ਕਾਲਜ਼ ਨੂੰ ਮਰਜ ਨਾਲ ਕਰੋ

ਅੱਜ ਕੱਲ ਸਕੈਮਰਜ਼ ਇੰਨੇ ਅਡਵਾਂਸ ਹੋ ਚੁੱਕੇ ਹਨ ਕਿ ਬੱਸ ਇੱਕ ਕਾਲ ਮਰਜ ਕਰਨ ਨਾਲ ਵੀ ਤੁਹਾਡਾ ਬੈਂਕ ਅਕਾਊਂਟ ਖਾਲ੍ਹੀ ਹੋ ਸਕਦਾ ਹੈ।

ਇਸ ਨੂੰ ਕਾਲ ਮਰਜਿੰਗ ਸਕੈਮ ਕਹਿੰਦੇ ਹਨ।

ਇਹ ਠੱਗੀ ਕੁਝ ਇਸ ਤਰ੍ਹਾਂ ਹੁੰਦੀ ਹੈ ਕਿ ਤੁਹਾਨੂੰ ਇੱਕ ਅਨਜਾਣ ਨੰਬਰ ਤੋਂ ਫ਼ੋਨ ਆਵੇਗਾ। ਫ਼ੋਨ ਕਰਨ ਵਾਲਾ ਵਿਅਕਤੀ ਤੁਹਾਨੂੰ ਦੱਸੇਗਾ ਕੀ ਉਨ੍ਹਾਂ ਨੇ ਤੁਹਾਡਾ ਨੰਬਰ ਕਿਸੇ ਸਾਂਝੇ ਦੋਸਤ ਜਾਂ ਰਿਸ਼ਤੇਦਾਰ ਤੋਂ ਲਿਆ ਹੈ ਅਤੇ ਉਹ ਤੁਹਾਡੇ ਨਾਲ ਕੰਮ ਦੇ ਸਿਲਸਲੇ 'ਚ ਕੁਝ ਗੱਲ ਕਰਨਾ ਚਾਹੁੰਦੇ ਹਨ।

ਅਜਿਹਾ ਵੀ ਹੋ ਸਕਦਾ ਹੈ ਕਿ ਉਹ ਤੁਹਾਨੂੰ ਇੱਕ ਬਹੁਤ ਹੀ ਆਕਰਸ਼ਿਤ ਡੀਲ ਦਾ ਝਾਂਸਾ ਦੇਣ।

ਇੰਨੇ 'ਚ ਹੀ ਤੁਹਾਨੂੰ ਇੱਕ ਦੂਜਾ ਕਾਲ ਵੀ ਆਵੇਗਾ ਅਤੇ ਸਕੈਮਰ ਤੁਹਾਨੂੰ ਆਖੇਗਾ ਕਿ ਤੁਹਾਡਾ ਰਿਸ਼ਤੇਦਾਰ ਜਿਸ ਕੋਲੋਂ ਉਸ ਨੇ ਤੁਹਾਡਾ ਨੰਬਰ ਲਿਆ ਹੈ ਉਹ ਤੁਹਾਨੂੰ ਫੋਨ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਕਿਸੇ ਹੋਰ ਨੰਬਰ ਤੋਂ, ਤੁਸੀਂ ਉਨ੍ਹਾਂ ਦਾ ਫ਼ੋਨ ਚੁੱਕ ਕੇ ਕਾਲ ਮਰਜ ਕਰ ਲਾਓ।

ਅਤੇ ਜੇ ਤੁਸੀਂ ਕਾਲ ਮਰਜ ਕਰ ਲਈ ਤਾਂ ਤੁਹਾਡਾ ਬੈਂਕ ਅਕਾਉਂਟ ਖਾਲ੍ਹੀ ਹੋ ਜਾਵੇਗਾ।

ਦਰਅਸਲ ਜਦੋਂ ਤੁਸੀਂ ਕਾਲ ਨੂੰ ਮਰਜ ਕਰਦੇ ਹੋ, ਤਾਂ ਤੁਸੀਂ ਅਸਲ ਵਿੱਚ ਕਿਸੇ ਰਿਸ਼ਤੇਦਾਰ ਜਾਂ ਦੋਸਤ ਨਾਲ ਨਹੀਂ ਕਨੈਕਟ ਹੋ ਰਹੇ ਹੁੰਦੇ। ਸਗੋਂ, ਤੁਸੀਂ ਤੁਹਾਡੇ ਹੀ ਬੈਂਕ ਤੋਂ ਆਈ ਇੱਕ ਆਟੋਮੇਟਿਡ ਕਾਲ ਨਾਲ ਕੰਨੇਕਟਟਿਡ ਹੁੰਦੇ ਹੋ ਜੋ ਕਿ ਇੱਕ ਓਟੀਪੀ ਵਜੋਂ ਕੰਮ ਕਰਦੀ ਹੈ ਅਤੇ ਤੁਹਾਡੇ ਅਕਾਊਂਟ 'ਚੋ ਪੈਸੇ ਕਟ ਜਾਂਦੇ ਹਨ।

ਡਿਜੀਟਲ ਸਕੈਮ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜੇ ਤੁਹਾਨੂੰ ਬਿਨਾਂ ਓਟੀਪੀ ਦੀ ਦਰਖ਼ਾਸਤ ਕੀਤੇ ਓਟੀਪੀ ਆਵੇ ਤਾਂ ਉਸ ਦੀ ਬੈਂਕ 'ਚ ਸ਼ਿਕਾਇਤ ਦਰਜ ਕਰਵਾਓ

ਆਓ ਜਾਣਦੇ ਹਾਂ ਇਸ ਤੋਂ ਆਪਣਾ ਬਚਾਅ ਕਿਵੇਂ ਕੀਤਾ ਜਾਵੇ:

  • ਧਿਆਨ ਰੱਖੋ ਕਦੇ ਵੀ ਅਨਜਾਣ ਨੰਬਰਾਂ ਤੋਂ ਆਈਆਂ ਕਾਲਜ਼ ਨੂੰ ਮਰਜ ਨਾ ਕਰੋ।
  • ਜੇਕਰ ਕੋਈ ਦੋਸਤ ਜਾਂ ਰਿਸ਼ਤੇਦਾਰ ਦੀ ਸਾਂਝ ਦਾ ਹਵਾਲਾ ਦੇਵੇ, ਤਾਂ ਪਹਿਲਾਂ ਪੁਸ਼ਟੀ ਕਰੋ।
  • ਜੇ ਤੁਹਾਨੂੰ ਬਿਨਾਂ ਓਟੀਪੀ ਦੀ ਦਰਖ਼ਾਸਤ ਕੀਤੇ ਓਟੀਪੀ ਆਵੇ ਤਾਂ ਉਸ ਦੀ ਬੈਂਕ 'ਚ ਸ਼ਿਕਾਇਤ ਦਰਜ ਕਰਵਾਓ।

ਫੈਕ ਵੈੱਬਸਾਈਟਜ਼ ਰਾਹੀਂ ਹੁੰਦੇ ਸਕੈਮ ਤੋਂ ਇਸ ਤਰ੍ਹਾਂ ਬਚੋ

ਡਿਜੀਟਲ ਸਕੈਮ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਵੈੱਬਸਾਈਟ ਅਗਰ ਕੋਈ ਚੀਜ਼ ਉਮੀਦ ਨਾਲੋਂ ਕਿਤੇ ਸਸਤੀ ਵੇਚਣ ਦੀ ਜਾਂ ਮੁਫ਼ਤ ਦੇਣ ਦੀ ਕੋਸ਼ਿਸ਼ ਕਰ ਰਹੀ ਹੋਵੇ ਤਾਂ ਅਜਿਹੇ ਆਫ਼ਰਜ਼ ਤੋਂ ਵੀ ਦੂਰ ਰਹੋ

ਕੁਝ ਮਹੀਨੇ ਪਹਿਲੇ ਜਦੋਂ ਕੋਲਕਾਤਾ ਦੇ ਇੱਕ ਵਿਅਕਤੀ ਨੂੰ ਬੈਂਕ ਨਾਲ ਕੋਈ ਕੰਮ ਪਿਆ ਤਾ ਉਨ੍ਹਾਂ ਨੇ ਇੰਟਰਨੈੱਟ 'ਤੇ ਜਾ ਕੇ ਉਸ ਬੈਂਕ ਦਾ ਕਸਟਮਰ ਕੇਅਰ ਨੰਬਰ ਲੱਭਿਆ।

ਵੈੱਬਸਾਈਟ 'ਤੇ ਜਿਹੜਾ ਉਨ੍ਹਾਂ ਨੂੰ ਨੰਬਰ ਲੱਭਿਆ ਉਨ੍ਹਾਂ ਨੇ ਉਸ 'ਤੇ ਫੋਨ ਕੀਤਾ ਅਤੇ ਗੁਆ ਲਏ 1 ਲੱਖ 18 ਹਜ਼ਾਰ ਰੁਪਏ।

ਅਜਿਹਾ ਇਸ ਕਰਕੇ ਹੋਇਆ ਕਿਉਂਕਿ ਜਿਸ ਵੈਬਸਾਈਟ ਤੋਂ ਉਨ੍ਹਾਂ ਨੇ ਬੈਂਕ ਦੀ ਅਧਿਕਾਰਤ ਵੈਬਸਾਈਟ ਸਮਝ ਕੇ ਨੰਬਰ ਲਿਆ ਸੀ ਉਹ ਫੈਕ ਸੀ।

ਆਏ ਦਿਨ ਅਸੀਂ ਬਹੁਤ ਸਾਰੀ ਵੈੱਬਸਾਈਟਸ ਅਤੇ ਐੱਪਸ ਵਿਜ਼ਿਟ ਕਰਦੇ ਹਾਂ ਜਾਂ ਡਾਊਨਲੋਡ ਕਰਦੇ ਹਾਂ ਜੋ ਕਿ ਫੇਕ ਹੋ ਸਕਦੇ ਹਨ, ਆਓ ਜਾਣਦੇ ਹਾਂ ਇਸ ਤੋਂ ਬਚਣ ਦੇ ਤਰੀਕੇ

  • ਜਦੋਂ ਵੀ ਕਿਸੇ ਵੈਬਸਾਈਟ 'ਤੇ ਜਾਓ ਤਾਂ ਉਸ ਦੇ ਐਡਰੈੱਸ ਬਾਰ ਵੱਲ ਧਿਆਨ ਦਿਓ, ਜੇਕਰ ਵੈੱਬਸਾਈਟ ਐਡਰੈੱਸ 'ਚ 'Https' ਨਹੀਂ ਹੈ ਤਾਂ ਉੱਥੇ ਕਿਸੇ ਤਰ੍ਹਾਂ ਦੀ ਵੀ ਲੈਣ-ਦੇਣ ਨਾ ਕਰੋ
  • ਵੈੱਬਸਾਈਟ ਐਡਰੈੱਸ 'ਤੇ ਡੋਮੇਨ ਨੇਮ ਭਾਵ ਕੰਪਨੀ ਦਾ ਨਾਂ ਚੈੱਕ ਕਰੋ।
  • ਵੈੱਬਸਾਈਟ ’ਤੇ ਛਪੀ ਜਾਣਕਾਰੀ 'ਚ ਸਪੈਲਿੰਗ, ਮਾਤਰਾ ਆਦਿ ਸਬੰਧਤ ਜੇਕਰ ਆਮ ਨਾਲੋਂ ਜ਼ਿਆਦਾ ਗਲਤੀਆਂ ਹੋਣ ’ਤੇ ਸਾਵਧਾਨੀ ਵਰਤੋਂ।
  • ਜੇਕਰ ਕਿਸੇ ਕੰਪਨੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਸਿਰਫ਼ ਫੋਨ ਨੰਬਰ ਨਹੀਂ, ਈ-ਮੇਲ ਐਡਰੈੱਸ, ਲਾਈਵ ਚੈਟ, ਉਨ੍ਹਾਂ ਦਾ ਸਥਾਈ ਐਡਰੈੱਸ ਵੀ ਦੇਖੋ।
  • ਵੈੱਬਸਾਈਟ ਅਗਰ ਕੋਈ ਚੀਜ਼ ਉਮੀਦ ਨਾਲੋਂ ਕੀਤੇ ਸਸਤੀ ਵੇਚਣ ਦੀ ਜਾਂ ਮੁਫ਼ਤ ਦੇਣ ਦੀ ਕੋਸ਼ਿਸ਼ ਕਰ ਰਹੀ ਹੋਵੇ ਤਾਂ ਅਜਿਹੇ ਆਫ਼ਰਜ਼ ਤੋਂ ਵੀ ਦੂਰ ਰਹੋ।
  • ਇਸ ਦੇ ਬਾਵਜੂਦ ਵੀ ਅਗਰ ਕੋਈ ਫਰੌਡ ਹੋ ਜਾਵੇ ਤਾਂ ਸਾਈਬਰ ਕ੍ਰਾਈਮ ਦੀ ਅਧਿਕਾਰਤ ਵੈੱਬਸਾਈਟ ਜਾਂ 1930 ਦੇ ਆਪਣੀ ਸ਼ਿਕਾਇਤ ਵੀ ਦਰਜ ਕਰਵਾ ਸਕਦੇ ਹੋ।

"ਉਧਾਰ ਚੁਕਾਉਣ ਵਾਲੇ ਸਕੈਮ" ਤੋਂ ਇਸ ਤਰ੍ਹਾਂ ਕਰੋ ਬਚਾਅ

ਡਿਜੀਟਲ ਸਕੈਮ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਬੈਂਕ ਦੇ ਮੈਸੇਜਾਂ ਦੀ ਖਾਸ ਪਛਾਣ ਹੁੰਦੀ ਹੈ, ਉਹ ਕਿਸੇ ਨੰਬਰ ਤੋਂ ਨਹੀਂ ਬਲਕਿ ਬੈਂਕ ਦੇ ਨਾਮ ਤੋਂ ਆਉਂਦੇ ਹਨ

ਇੱਕ ਅਜਿਹਾ ਵੀ ਸਕੈਮ ਬੇਹੱਦ ਆਮ ਹੈ, ਜਿਸ ਵਿੱਚ ਸਕੈਮਰ ਤੁਹਾਨੂੰ ਫ਼ੋਨ ਕਰਕੇ ਕਹਿੰਦੇ ਹਨ ਕਿ ਉਨ੍ਹਾਂ ਨੇ ਤੁਹਾਡੇ ਜਾਂ ਤੁਹਾਡੇ ਪਿਤਾ ਦੇ ਪੈਸੇ ਮੋੜਨੇ ਹਨ।

ਇਹ ਸਕੈਮ ਕਿਵੇਂ ਹੁੰਦਾ ਹੈ ਇਹ ਮੈਂ ਤੁਹਾਨੂੰ ਆਪਣੇ ਨਿੱਜੀ ਅਨੁਭਵ ਰਾਹੀਂ ਸਮਝਾਉਂਦੀ ਹਾਂ।

ਇੱਕ ਸ਼ਾਮ ਮੈਨੂੰ ਕਾਲ ਆਈ 'ਤੇ ਸਾਹਮਣੇ ਵਾਲੇ ਸ਼ਖਸ ਨੇ ਕਿਹਾ ਕਿ ਉਨ੍ਹਾਂ ਨੇ ਮੇਰੇ ਪਾਪਾ ਦੇ ਪੈਸੇ ਦੇਣੇ ਹਨ ਅਤੇ ਉਹ ਇਹ ਪੈਸੇ ਮੇਰੇ ਅਕਾਊਂਟ 'ਚ ਪਾ ਰਹੇ ਹਨ।

ਕਿਉਂਕਿ ਮੈਨੂੰ ਅਜਿਹੀ ਸਕੈਮ ਕਾਲ ਪਹਿਲਾਂ ਵੀ ਆਈ ਹੈ, ਇਸ ਲਈ ਮੈਂ ਉਨ੍ਹਾਂ ਨੂੰ ਬਿਨ੍ਹਾਂ ਹੈਰਾਨ ਹੋਏ ਪੈਸੇ ਪਾਉਣ ਨੂੰ ਕਹਿ ਦਿੱਤਾ।

ਜਿਸ ਦੇ ਬਾਅਦ ਮੈਨੂੰ ਪਹਿਲਾਂ ਇਹ 20 ਹਜ਼ਾਰ ਦਾ ਮੈਸਜ ਆਇਆ ਅਤੇ ਉਸ ਦੇ ਬਾਅਦ ਉਨ੍ਹਾਂ ਨੇ ਕਿਹਾ ਮੈਂ 5 ਹਜ਼ਾਰ ਹੋ ਪਾ ਰਿਹਾ ਹੈ, ਪਰ ਮੈਸਜ ਆਇਆ 50,000 ਦਾ।

ਇਸਦੇ ਬਾਅਦ ਉਨ੍ਹਾਂ ਨੇ ਮੈਨੂੰ 45,000 ਮੋੜਨ ਲਈ ਕਿਹਾ।

ਇੱਥੇ ਹੀ ਪਤਾ ਲਗ ਗਿਆ ਕਿ ਸਕੈਮ ਹੈ, ਕਿਉਂਕਿ ਮੇਰੇ ਖਾਤੇ ਵਿੱਚ ਤਾਂ ਇੱਕ ਰੁਪਿਆ ਵੀ ਨਹੀਂ ਆਇਆ।

ਦਰਅਸਲ ਇਹ ਮੈਸੇਜ ਮੈਨੂੰ ਉਸੇ ਨੰਬਰ ਤੋਂ ਹੀ ਆਇਆ ਜਿੱਥੋਂ ਮੈਨੂੰ ਕਾਲ ਆਈ ਸੀ। ਪਰ ਬੈਂਕ ਦਾ ਮੈਸਜ ਹਮੇਸ਼ਾ ਤੁਹਾਨੂੰ ਅਧਿਕਾਰਤ ਅਕਾਊਂਟ ਤੋਂ ਹੀ ਆਉਂਦਾ ਹੈ।

  • ਬੈਂਕ ਦੇ ਮੈਸੇਜਾਂ ਦੀ ਖਾਸ ਪਛਾਣ ਹੁੰਦੀ ਹੈ, ਉਹ ਕਿਸੇ ਨੰਬਰ ਤੋਂ ਨਹੀਂ ਬਲਕਿ ਬੈਂਕ ਦੇ ਨਾਮ ਤੋਂ ਆਉਂਦੇ ਹਨ।
  • ਅਕਾਊਂਟ ਨੰਬਰ ਦੇ ਅਖ਼ੀਰਲੇ ਚਾਰ digits ਹਮੇਸ਼ਾ ਸਾਫ ਸਾਫ ਲਿਖੇ ਹੁੰਦੇ ਹਨ ਅਤੇ ਬਾਕੀ ਨੰਬਰਾਂ ਨੂੰ ਲੁਕਾਇਆ ਹੁੰਦਾ ਹੈ।
  • ਅਜਿਹੇ ਕਿਸੇ ਵੀ ਮੈਸਜ 'ਤੇ ਯਕੀਨ ਕਰਨ ਤੋਂ ਪਹਿਲੇ ਆਪਣੇ ਬੈਂਕ ਬੈਲੰਸ ਦੀ ਪੁਸ਼ਟੀ ਕਰੋ।
  • ਹੜਬੜਾਹਟ ਵਿੱਚ ਕੋਈ ਵੀ ਪੈਸਾ ਟਰਾਂਸਫਰ ਨਾ ਕਰੋ, ਜੇ ਕੋਈ ਵੀ ਸ਼ੱਕ ਮਹਿਸੂਸ ਹੋਵੇ ਤਾਂ ਪਹਿਲਾਂ ਆਪਣੇ ਬੈਂਕ ਨਾਲ ਗੱਲ ਕਰੋ।

ਨਿੱਜੀ ਤਸਵੀਰ ਔਨਲਾਈਨ ਲੀਕ ਹੋ ਜਾਵੇ ਤਾਂ ਕੀ ਕਰਨਾ ਚਾਹੀਦਾ ਹੈ?

ਡਿਜੀਟਲ ਸਕੈਮ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਨਿੱਜੀ ਤਸਵੀਰ ਔਨਲਾਈਨ ਲੀਕ ਹੋ ਜਾਵੇ ਜਾਂ ਫਿਰ ਕੋਈ ਅਜਿਹਾ ਕਰਨ ਦੀ ਧਮਕੀ ਦੇਵੇ ਤਾਂ ਸਭ ਤੋਂ ਪਹਿਲਾ ਸਟੈਪ ਹੈ ਸਬੂਤ ਸਣੇ ਸ਼ਕਾਇਤ ਦਰਜ ਕਰਵਾਉਣਾ

ਇੰਟਰਨੈੱਟ ਦੀ ਬਦੌਲਤ ਨਿੱਜੀ ਤਸਵੀਰਾਂ ਔਨਲਾਈਨ ਲੀਕ ਹੋਣ ਵਰਗੀਆਂ ਘਟਨਾਵਾਂ ਆਏ ਦਿਨ ਵਾਪਰ ਹੀ ਰਹੀਆਂ ਸਨ, ਪਰ ਏਆਈ ਅਤੇ ਡੀਪਫੇਕ ਵਰਗੀਆਂ ਟੈਕਨੋਲੋਜੀ ਦੇ ਆਉਣ ਨਾਲ ਇਹ ਖਤਰਾ ਕਈ ਗੁਣਾ ਵੱਧ ਗਿਆ ਹੈ।

ਜੇਕਰ ਤੁਹਾਡੀ ਨਿੱਜੀ ਤਸਵੀਰ ਔਨਲਾਈਨ ਲੀਕ ਹੋ ਜਾਵੇ ਜਾਂ ਫਿਰ ਕੋਈ ਅਜਿਹਾ ਕਰਨ ਦੀ ਧਮਕੀ ਦੇਵੇ ਤਾਂ ਕੀ ਕਰਨਾ ਚਾਹੀਦਾ ਹੈ?

  • ਜੇ ਕਿਸੇ ਦੇ ਨਾਲ ਇਸ ਤਰ੍ਹਾਂ ਹੁੰਦਾ ਹੈ ਤਾਂ ਸਭ ਤੋਂ ਪਹਿਲਾ ਸਟੈਪ ਹੈ ਸਬੂਤ ਸਣੇ ਸ਼ਕਾਇਤ ਦਰਜ ਕਰਵਾਉਣਾ।
  • ਇਹ ਸ਼ਿਕਾਇਤ ਤੁਸੀਂ ਕੁਝ ਹੀ ਮਿੰਟਾ 'ਚ ਆਪਣੇ ਫ਼ੋਨ ਰਾਹੀਂ ਘਰ ਬੈਠੇ ਹੋਏ ਵੀ ਦਰਜ ਕਰ ਸਕਦੇ ਹੋ।
  • ਤੁਸੀਂ ਇਹ ਸ਼ਿਕਾਇਤ ਸਾਈਬਰ ਕ੍ਰਾਈਮ ਦੀ ਅਧਿਕਾਰਤ ਵੈਬਸਾਈਟ ’ਤੇ ਜਾ ਕੇ ਦਰਜ ਕਰ ਸਕਦੇ ਹੋ।
  • ਧਿਆਨ ਰਹੇ ਤੁਸੀਂ ਆਪਣੀ ਕੰਪਲੈਂਟ ਨੂੰ ਵੁਮਨ ਐਂਡ ਚਾਈਲਡ ਰਿਲੇਟਿਡ ਕਰਾਈਮ ਦੇ ਇਸ ਸੈਕਸ਼ਨ ਹੇਠ ਰਜਿਸਟਰ ਕਰੋ।
  • ਇਹ ਸ਼ਿਕਾਇਤ ਬਿਨਾਂ ਆਪਣੀ ਪਛਾਣ ਦੱਸੇ ਵੀ ਦਰਜ ਕਰਵਾਈ ਜਾ ਸਕਦੀ ਹੈ।
  • ਪਰ ਸ਼ਿਕਾਇਤ ਦਰਜ ਕਰਦੇ ਸਮੇਂ ਆਪਣੀ ਲੋਕੇਸ਼ਨ ਬਾਰੇ ਦੱਸਣਾ ਜ਼ਰੂਰੀ ਹੈ ਤਾਕਿ ਇਹ ਕੇਸ ਸਥਾਨਕ ਬ੍ਰਾਂਚ ਨੂੰ ਸੌਂਪਿਆ ਜਾ ਸਕੇ।
  • ਸਬੂਤ ਵਜੋਂ ਤੁਸੀਂ ਜਿੱਥੇ ਵੀ ਤੁਹਾਡੀ ਇਹ ਤਸਵੀਰ ਜਾਂ ਵੀਡੀਓ ਪ੍ਰਕਾਸ਼ਿਤ ਹੋਈ ਹੋਵੇ ਉਸ ਦਾ ਸਕ੍ਰੀਨਸ਼ੋਟ ਜਾਂ ਲਿੰਕ ਸਬਮਿਟ ਕਰੋ।
  • ਇਸ ਤੋਂ ਬਾਅਦ ਘਟਨਾ ਦਾ ਛੋਟਾ ਜਿਹਾ ਵਰਵਾ ਲਿਖੋ ਅਤੇ ਸਸਪੇਕਟ ਯਾਨੀ ਜਿਸ 'ਤੇ ਤੁਹਾਨੂੰ ਸ਼ੱਕ ਹੋਵੇ ਉਸ ਦੀ ਡਿਟੈਲਸ ਭਰੋ ਅਤੇ ਆਪਣੀ ਸ਼ਿਕਾਇਤ ਦਰਜ ਕਰਵਾ ਦਿਓ।
  • ਜੇਕਰ ਕੋਈ ਅਜਿਹਾ ਕਰਨ ਦੀ ਧਮਕੀ ਦੇ ਰਿਹਾ ਹੋਵੇ ਤਾਂ ਉਨ੍ਹਾਂ ਵਲੋਂ ਆਇਆ ਮੈਸੇਜ ਅਤੇ ਕਾਲ ਰਿਕਾਰਡਿੰਗ ਵੀ ਸਬੂਤ ਵਜੋਂ ਪੇਸ਼ ਕੀਤੀ ਜਾ ਸਕਦੀ ਹੈ।
  • ਸੂਚਨਾ ਤਕਨਾਲੋਜੀ ਐਕਟ, ਭਾਰਤੀ ਨਿਆਂ ਸੰਹਿਤਾ, ਪੋਕਸੋ ਐਕਟ, ਔਰਤਾਂ ਦੀ ਅਸ਼ਲੀਲ ਪ੍ਰਤੀਨਿਧਤਾ ਐਕਟ ਵਰਗੇ ਕਈ ਐਕਟ ਤੇ ਧਾਰਾਵਾਂ ਤਹਿਤ ਇਸ ਜੁਰਮ ਨੂੰ ਕਵਰ ਕੀਤਾ ਜਾਂਦਾ ਹੈ।
  • ਇਸ ਜੁਰਮ ਲਈ ਦਹਾਕਿਆਂ ਲੰਬੀ ਕੈਦ ਅਤੇ ਲੱਖਾਂ ਰੁਪਏ ਦਾ ਜੁਰਮਾਨਾ ਹੋ ਸਕਦਾ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)