ਕੀ ਸਰਜਰੀ ਵੇਲੇ ਸੰਗੀਤ ਸੁਣਨਾ ਤਣਾਅ ਨੂੰ ਘਟਾ ਸਕਦਾ ਹੈ, ਕੀ ਇਸ ਦਾ ਅਸਰ ਮਰੀਜ਼ ਦੀ ਰਿਕਵਰੀ ਉੱਤੇ ਵੀ ਹੁੰਦਾ ਹੈ?

- ਲੇਖਕ, ਸੌਤਿਕ ਬਿਸਵਾਸ
- ਰੋਲ, ਬੀਬੀਸੀ ਪੱਤਰਕਾਰ
ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਇੱਕ ਓਪਰੇਸ਼ਨ ਥੀਏਟਰ ਦੀਆਂ ਚਮਕਦਾਰ ਲਾਈਟਾਂ ਹੇਠ, ਇੱਕ ਔਰਤ ਬੇਹੋਸ਼ ਪਈ ਹੈ ਅਤੇ ਸਰਜਨ ਉਸ ਦੇ ਪਿੱਤੇ ਦੀ ਥੈਲੀ ਨੂੰ ਹਟਾਉਣ ਦੀ ਤਿਆਰੀ ਕਰ ਰਹੇ ਹਨ।
ਉਸ ਨੂੰ ਜਨਰਲ ਅਨੈਸਥੀਸੀਆ ਦਿੱਤਾ ਗਿਆ ਹੈ। ਬੇਹੋਸ਼, ਬੇਸੁੱਧ ਅਤੇ ਦਵਾਈਆਂ ਦੇ ਮਿਸ਼ਰਣ ਕਰਕੇ ਸਥਿਰ ਜੋ ਡੂੰਘੀ ਨੀਂਦ ਲਿਆਉਂਦੀਆਂ ਹਨ, ਯਾਦਦਾਸ਼ਤ ਨੂੰ ਰੋਕਦੀਆਂ ਹਨ, ਦਰਦ ਨੂੰ ਰੋਕਦੀਆਂ ਹਨ ਅਤੇ ਅਸਥਾਈ ਤੌਰ 'ਤੇ ਮਾਸਪੇਸ਼ੀਆਂ ਨੂੰ ਅਧਰੰਗ ਕਰਦੀਆਂ ਹਨ।
ਫਿਰ ਵੀ, ਮਾਨੀਟਰਾਂ ਦੀ ਗੂੰਜ ਅਤੇ ਸਰਜੀਕਲ ਟੀਮ ਲਗਾਤਾਰ ਕੰਮ ਵਿਚਾਲੇ ਉਨ੍ਹਾਂ ਦੇ ਕੰਨਾਂ 'ਤੇ ਲੱਗੇ ਹੈੱਡਫੋਨਾਂ ਰਾਹੀਂ ਮਧੁਰ ਬੰਸਰੀ ਦੀ ਧੁਨ ਵਜ ਰਹੀ ਹੈ।
ਭਾਵੇਂ ਦਵਾਈਆਂ ਨੇ ਉਨ੍ਹਾਂ ਦੇ ਦਿਮਾਗ਼ ਦੇ ਜ਼ਿਆਦਾਤਰ ਹਿੱਸੇ ਨੂੰ ਸ਼ਾਂਤ ਕਰ ਦਿੱਤਾ ਹੈ ਪਰ ਉਨ੍ਹਾਂ ਦੇ ਸੁਣਨ ਦੇ ਰਸਤੇ ਥੋੜ੍ਹੇ ਜਿਹੇ ਸਰਗਰਮ ਰਹਿੰਦੇ ਹਨ। ਜਦੋਂ ਉਹ ਜਾਗਦੀ ਹੈ, ਤਾਂ ਉਹ ਜਲਦੀ ਅਤੇ ਸਪੱਸ਼ਟ ਤੌਰ 'ਤੇ ਹੋਸ਼ ਵਿੱਚ ਆ ਜਾਂਦੀ ਹੈ ਕਿਉਂਕਿ ਉਨ੍ਹਾਂ ਨੂੰ ਉਨ੍ਹਾਂ ਮਰੀਜ਼ਾਂ ਦੀ ਤੁਲਨਾ ਵਿੱਚ ਜਿਨ੍ਹਾਂ ਨੇ ਕੋਈ ਸੰਗੀਤ ਨਹੀਂ ਸੁਣਿਆ ਸੀ, ਪ੍ਰੋਪੋਫੋਲ ਅਤੇ ਓਪੀਔਡ ਦਰਦ ਨਿਵਾਰਕ ਵਰਗੀਆਂ ਬੇਹੋਸ਼ ਕਰਨ ਵਾਲੀਆਂ ਦਵਾਈਆਂ ਦੀਆਂ ਘੱਟ ਲੋੜ ਸੀ।
ਘੱਟੋ ਘੱਟ, ਦਿੱਲੀ ਦੇ ਮੌਲਾਨਾ ਆਜ਼ਾਦ ਮੈਡੀਕਲ ਕਾਲਜ ਅਤੇ ਲੋਕ ਨਾਇਕ ਹਸਪਤਾਲ ਤੋਂ ਇੱਕ ਨਵਾਂ ਪੀਅਰ-ਸਮੀਖਿਆ ਕੀਤਾ ਗਿਆ ਅਧਿਐਨ ਇਹੀ ਸੁਝਾਅ ਦਿੰਦਾ ਹੈ।
ਮਿਊਜ਼ਿਕ ਐਂਡ ਮੈਡੀਸਨ ਜਰਨਲ ਵਿੱਚ ਪ੍ਰਕਾਸ਼ਿਤ ਇਹ ਖੋਜ, ਅੱਜ ਤੱਕ ਦਾ ਸਭ ਤੋਂ ਮਜ਼ਬੂਤ ਸਬੂਤ ਦਿੰਦੀ ਹੈ ਕਿ ਜਨਰਲ ਅਨੈਸਥੀਸੀਆ ਦੌਰਾਨ ਵਜਾਇਆ ਜਾਣ ਵਾਲਾ ਸੰਗੀਤ ਦਵਾਈ ਦੀ ਜ਼ਰੂਰਤ ਨੂੰ ਥੋੜ੍ਹਾ ਪਰ ਮਹੱਤਵਪੂਰਨ ਤੌਰ 'ਤੇ ਘਟਾ ਸਕਦਾ ਹੈ ਅਤੇ ਰਿਕਵਰੀ ਵਿੱਚ ਸੁਧਾਰ ਕਰ ਸਕਦਾ ਹੈ।
ਇਹ ਅਧਿਐਨ ਲੈਪਰੋਸਕੋਪਿਕ ਕੋਲੇਸਿਸਟੈਕਟੋਮੀ, ਪਿੱਤੇ ਦੀ ਥੈਲੀ ਨੂੰ ਹਟਾਉਣ ਲਈ ਇੱਕ ਮਿਆਰੀ ਕੀਹੋਲ ਆਪ੍ਰੇਸ਼ਨ, ਕਰਵਾਉਣ ਵਾਲੇ ਮਰੀਜ਼ਾਂ 'ਤੇ ਕੇਂਦ੍ਰਿਤ ਹੈ। ਇਹ ਪ੍ਰਕਿਰਿਆ ਛੋਟੀ ਹੁੰਦੀ ਹੈ, ਆਮ ਤੌਰ 'ਤੇ ਇੱਕ ਘੰਟੇ ਤੋਂ ਵੀ ਘੱਟ ਅਤੇ ਇਸ ਲਈ ਖਾਸ ਤੌਰ 'ਤੇ ਤੇਜ਼ ਅਤੇ ਕੇਂਦ੍ਰਿਤ ਰਿਕਵਰੀ ਦੀ ਲੋੜ ਹੁੰਦੀ ਹੈ।
ਇਹ ਸਮਝਣ ਲਈ ਕਿ ਖੋਜਕਾਰਾਂ ਨੇ ਸੰਗੀਤ ਦਾ ਸਹਾਰਾ ਕਿਉਂ ਲਿਆ, ਇਹ ਅਨੈਸਥੀਸੀਆ ਆਧੁਨਿਕ ਅਭਿਆਸ ਨੂੰ ਸਮਝਣ ਵਿੱਚ ਮਦਦ ਕਰਦਾ ਹੈ।
ਅਧਿਐਨ ਕਰਨ ਵਾਲੇ, ਅਨੈਸਥੀਸੀਆ ਦੇ ਇੱਕ ਸੀਨੀਅਰ ਮਾਹਰ ਅਤੇ ਸਰਟੀਫਾਈਡ ਮਿਊਜ਼ਿਕ ਥੈਰੇਪਿਸਟ ਡਾ. ਫਰਾਹ ਹੁਸੈਨ ਕਹਿੰਦੇ ਹਨ, "ਸਾਡਾ ਟੀਚਾ ਸਰਜਰੀ ਤੋਂ ਬਾਅਦ ਡਿਸਚਾਰਜ (ਹਸਪਤਾਲ ਤੋਂ ਛੁੱਟੀ) ਨੂੰ ਤੇਜ਼ ਕਰਨਾ ਹੈ। ਮਰੀਜ਼ਾਂ ਨੂੰ ਕਲੀਅਰ ਹੈਡੇਡ (ਕੇਂਦ੍ਰਿਤ) , ਅਲਰਟ ਅਤੇ ਓਰੀਐਂਟਿਡ ਤੇ ਆਦਰਸ਼ਕ ਤੌਰ 'ਤੇ ਦਰਦ-ਮੁਕਤ ਜਾਗਣ ਦੀ ਲੋੜ ਹੈ। ਦਰਦ ਨੂੰ ਬਿਹਤਰ ਢੰਗ ਨਾਲ ਨਜਿੱਠਣ ਨਾਲ ਤਣਾਅ ਪ੍ਰਤੀਕ੍ਰਿਆ ਘੱਟ ਜਾਂਦੀ ਹੈ।"
ਇਸ ਨੂੰ ਹਾਸਲ ਕਰਨ ਲਈ ਪੰਜ ਜਾਂ ਛੇ ਦਵਾਈਆਂ ਦੇ ਧਿਆਨ ਨਾਲ ਸੰਤੁਲਿਤ ਮਿਸ਼ਰਣ ਦੀ ਲੋੜ ਹੁੰਦੀ ਹੈ ਜੋ ਮਰੀਜ਼ ਨੂੰ ਸੌਣ, ਦਰਦ ਨੂੰ ਰੋਕਣ, ਸਰਜਰੀ ਦੀ ਯਾਦਦਾਸ਼ਤ ਨੂੰ ਰੋਕਣ ਅਤੇ ਮਾਸਪੇਸ਼ੀਆਂ ਨੂੰ ਆਰਾਮ ਦੇਣ ਲਈ ਇਕੱਠੇ ਕੰਮ ਕਰਦੀਆਂ ਹਨ।
ਲੈਪਰੋਸਕੋਪਿਕ ਪਿੱਤੇ ਦੀ ਥੈਲੀ ਨੂੰ ਹਟਾਉਣ ਵਰਗੀਆਂ ਪ੍ਰਕਿਰਿਆਵਾਂ ਵਿੱਚ, ਅਨੈਸਥੀਸੀਓਲੋਜਿਸਟ ਹੁਣ ਅਕਸਰ ਇਸ ਦਵਾਈ ਨੂੰ ਰੀਜਨਲ "ਬਲਾਕ" ਵੀ ਦਿੰਦੇ ਹਨ,– ਇਹ ਅਲਟ੍ਰਾਸਾਊਂਡ-ਗਾਈਡਡ ਟੀਕੇ ਜੋ ਪੇਟ ਦੀ ਦੀਵਾਰ ਵਿੱਚ ਨਸਾਂ ਨੂੰ ਸੁੰਨ ਕਰ ਦਿੰਦੇ ਹਨ।

ਤਸਵੀਰ ਸਰੋਤ, Getty Images
ਸਰੀਰ ਬੇਹੋਸ਼ੀ ਵਿੱਚ ਤਣਾਅ ਪ੍ਰਤੀ ਪ੍ਰਤਿਕਿਰਿਆ ਕਰਦਾ ਹੈ
ਮੌਲਾਨਾ ਆਜ਼ਾਦ ਮੈਡੀਕਲ ਕਾਲਜ ਦੀ ਪ੍ਰਾਇਮਰੀ ਇਨਵੈਸਟੀਗੇਟਰ ਅਤੇ ਸਾਬਕਾ ਸੀਨੀਅਰ ਰੈਜ਼ੀਡੈਂਟ ਡਾ. ਤਨਵੀ ਗੋਇਲ ਦਾ ਕਹਿਣਾ ਹੈ, "ਜਨਰਲ ਅਨੈਸਥੀਸੀਆ ਅਤੇ ਬਲਾਕ ਆਮ ਗੱਲ ਹੈ। ਅਸੀਂ ਦਹਾਕਿਆਂ ਤੋਂ ਇਹ ਕਰ ਰਹੇ ਹਾਂ।"
ਪਰ ਸਰੀਰ ਸਰਜਰੀ ਨੂੰ ਆਸਾਨੀ ਨਾਲ ਨਹੀਂ ਲੈਂਦਾ। ਅਨੈਸਥੀਸੀਆ ਦੇ ਅਧੀਨ ਵੀ, ਇਹ ਪ੍ਰਤੀਕਿਰਿਆ ਕਰਦਾ ਹੈ, ਦਿਲ ਦੀ ਧੜਕਣ ਵਧ ਜਾਂਦੀ ਹੈ, ਹਾਰਮੋਨ ਵਧ ਜਾਂਦੇ ਹਨ, ਬਲੱਡ ਪ੍ਰੈਸ਼ਰ ਵਧ ਜਾਂਦਾ ਹੈ।
ਇਨ੍ਹਾਂ ਬਦਲਾਵਾਂ ਨੂੰ ਘੱਟ ਕਰਨਾ ਅਤੇ ਮੈਨੇਜ ਕਰਨਾ ਆਧੁਨਿਕ ਸਰਜੀਕਲ ਕੇਅਰ ਦੇ ਮੁੱਖ ਟੀਚਿਆਂ ਵਿੱਚੋਂ ਇੱਕ ਹੈ।
ਡਾ. ਹੁਸੈਨ ਦੱਸਦੇ ਹਨ ਕਿ ਤਣਾਅ ਪ੍ਰਤੀਕਿਰਿਆ (ਸਟ੍ਰੈਸ ਰਿਸਪੌਂਸ) ਰਿਕਵਰੀ ਨੂੰ ਹੌਲੀ ਕਰ ਸਕਦੀ ਹੈ ਅਤੇ ਸੋਜਸ਼ ਨੂੰ ਹੋਰ ਖ਼ਰਾਬ ਕਰ ਸਕਦੀ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਸਾਵਧਾਨੀ ਨਾਲ ਪ੍ਰਬੰਧਨ ਇੰਨਾ ਮਹੱਤਵਪੂਰਨ ਕਿਉਂ ਹੈ।
ਪਹਿਲੇ ਕੱਟ ਤੋਂ ਪਹਿਲਾਂ ਹੀ ਤਣਾਅ ਸ਼ੁਰੂ ਹੋ ਜਾਂਦਾ ਹੈ, ਜਿਸ ਵਿੱਚ ਇੰਟਿਊਬੇਸ਼ਨ ਦੇ ਨਾਲ ਸਾਹ ਦੀ ਨਲੀ ਵਿੱਚ ਟਿਊਬ ਪਾਈ ਜਾਂਦੀ ਹੈ। ਅਜਿਹਾ ਕਰਨ ਲਈ, ਅਨੈਸਥੀਸੀਓਲੋਜਿਸਟ ਜੀਭ ਅਤੇ ਗਲੇ ਦੇ ਬੇਸ 'ਤੇ ਨਰਮ ਟਿਸ਼ੂ ਨੂੰ ਚੁੱਕਣ ਲਈ ਇੱਕ ਲੈਰੀਂਜੋਸਕੋਪ ਦੀ ਵਰਤੋਂ ਕਰਦਾ ਹੈ, ਜੋ ਵੋਕਲ ਕੋਰਡਜ਼ ਨੂੰ ਸਾਫ਼ ਦੇਖਦਾ ਹੈ ਅਤੇ ਟਿਊਬ ਨੂੰ ਟ੍ਰੈਕੀਆ ਵਿੱਚ ਗਾਈਡ ਕਰਦਾ ਹੈ।
ਇਹ ਜਨਰਲ ਅਨੈਸਥੀਸੀਆ ਵਿੱਚ ਇੱਕ ਰੁਟੀਨ ਕਦਮ ਹੈ ਜੋ ਏਅਰਵੇਅ ਨੂੰ ਖੁੱਲ੍ਹਾ ਰੱਖਦਾ ਹੈ ਅਤੇ ਬੇਹੋਸ਼ ਹੋਣ ਵੇਲੇ ਮਰੀਜ਼ ਦੇ ਸਾਹ ਲੈਣ ਨੂੰ ਕੰਟ੍ਰੋਲ ਕਰਦਾ ਹੈ।
ਮੌਲਾਨਾ ਆਜ਼ਾਦ ਮੈਡੀਕਲ ਕਾਲਜ ਵਿੱਚ ਅਨੈਸਥੀਸੀਆ ਅਤੇ ਇੰਟੈਂਸਿਵ ਕੇਅਰ ਦੀ ਡਾਇਰੈਕਟਰ-ਪ੍ਰੋਫੈਸਰ ਅਤੇ ਅਧਿਐਨ ਦੀ ਸੁਪਰਵਾਈਜ਼ਰ, ਡਾ. ਸੋਨੀਆ ਵਾਧਵਨ ਕਹਿੰਦੀ ਹੈ, "ਜਨਰਲ ਅਨੈਸਥੀਸੀਆ ਦੌਰਾਨ ਲੈਰੀਂਗੋਸਕੋਪੀ ਅਤੇ ਇਨਟਿਊਬੇਸ਼ਨ ਨੂੰ ਸਭ ਤੋਂ ਵੱਧ ਤਣਾਅਪੂਰਨ ਪ੍ਰਤੀਕਿਰਿਆਵਾਂ ਮੰਨਿਆ ਜਾਂਦਾ ਹੈ।"
"ਹਾਲਾਂਕਿ ਮਰੀਜ਼ ਬੇਹੋਸ਼ ਹੁੰਦਾ ਹੈ ਅਤੇ ਉਸ ਨੂੰ ਕਿਸੇ ਵੀ ਚੀਜ਼ ਬਾਰੇ ਯਾਦ ਨਹੀਂ ਹੁੰਦਾ, ਪਰ ਉਸਦਾ ਸਰੀਰ ਅਜੇ ਵੀ, ਦਿਲ ਦੀ ਧੜਕਣ, ਬਲੱਡ ਪ੍ਰੈਸ਼ਰ ਅਤੇ ਤਣਾਅ ਦੇ ਹਾਰਮੋਨਾਂ ਵਿੱਚ ਤਬਦੀਲੀਆਂ ਨਾਲ ਤਣਾਅ ਪ੍ਰਤੀ ਪ੍ਰਤੀਕਿਰਿਆ ਕਰਦਾ ਹੈ।"
ਯਕੀਨਨ, ਦਵਾਈਆਂ ਬਦਲ ਗਈਆਂ ਹਨ। ਪੁਰਾਣੇ ਈਥਰ ਮਾਸਕ ਗਾਇਬ ਹੋ ਗਏ ਹਨ। ਉਨ੍ਹਾਂ ਦੀ ਥਾਂ ਇੰਟਰਵੀਨ ਏਜੰਟ ਆ ਗਏ ਹਨ।
ਪਰ ਇਸ ਦੀ ਤੇਜ਼ ਕਾਰਵਾਈ ਅਤੇ ਆਸਾਨ ਰਿਕਵਰੀ ਲਈ ਇਸ ਨੂੰ ਅਜੇ ਵੀ ਓਪਰੇਟਿੰਗ ਥੀਏਟਰ ਵਿੱਚ ਬਹੁਤ ਜ਼ਿਆਦਾ ਮਾਨਤਾ ਦਿੱਤੀ ਜਾਂਦੀ ਹੈ। ਡਾ. ਗੋਇਲ ਕਹਿੰਦੇ ਹਨ, "ਪ੍ਰੋਪੋਫੋਲ ਲਗਭਗ 12 ਸਕਿੰਟਾਂ ਵਿੱਚ ਕੰਮ ਕਰਦਾ ਹੈ। ਅਸੀਂ ਇਸ ਨੂੰ ਲੈਪਰੋਸਕੋਪਿਕ ਕੋਲੇਸਿਸਟੈਕਟੋਮੀ ਵਰਗੀਆਂ ਛੋਟੀਆਂ ਸਰਜਰੀਆਂ ਲਈ ਤਰਜੀਹ ਦਿੰਦੇ ਹਾਂ ਕਿਉਂਕਿ ਇਹ ਸਾਹ ਰਾਹੀਂ ਅੰਦਰ ਜਾਣ ਵਾਲੀਆਂ ਗੈਸਾਂ ਕਾਰਨ ਹੋਣ ਵਾਲੇ 'ਹੈਂਗਓਵਰ' ਨੂੰ ਰੋਕਦਾ ਹੈ।"

ਖੋਜਕਾਰਾਂ ਦੀ ਟੀਮ ਇਹ ਦੇਖਣਾ ਚਾਹੁੰਦੀ ਸੀ ਕਿ ਕੀ ਸੰਗੀਤ ਮਰੀਜ਼ਾਂ ਦੀ ਪ੍ਰੋਪੋਫੋਲ ਅਤੇ ਫੈਂਟਾਨਿਲ (ਇੱਕ ਓਪੀਔਡ ਦਰਦ ਨਿਵਾਰਕ) ਦੀ ਜ਼ਰੂਰਤ ਨੂੰ ਘਟਾ ਸਕਦਾ ਹੈ। ਘੱਟ ਦਵਾਈਆਂ ਦਾ ਅਰਥ ਹੈ ਤੇਜ਼ੀ ਨਾਲ ਜਾਗਣਾ, ਵਾਇਟਲ ਸਾਈਨ ਜ਼ਿਆਦਾ ਸਥਿਰ ਅਤੇ ਮਾੜੇ ਪ੍ਰਭਾਵਾਂ ਦਾ ਘੱਟ ਹੋਣਾ।
ਇਸ ਲਈ ਉਨ੍ਹਾਂ ਨੇ ਇੱਕ ਅਧਿਐਨ ਤਿਆਰ ਕੀਤਾ। ਅੱਠ ਮਰੀਜ਼ਾਂ ਵਾਲੇ ਇੱਕ ਪਾਇਲਟ ਅਧਿਐਨ ਵਿੱਚ ਲਗਭਗ 20 ਤੋਂ 45 ਸਾਲ ਦੀ ਉਮਰ ਦੇ 56 ਬਾਲਗਾਂ 'ਤੇ 11 ਮਹੀਨਿਆਂ ਦਾ ਟ੍ਰਾਇਲ ਕੀਤਾ, ਜਿਨ੍ਹਾਂ ਨੂੰ ਦੋ ਗਰੁੱਪਾਂ ਵਿੱਚ ਵੰਡਿਆ ਗਿਆ ਸੀ।
ਸਾਰਿਆਂ ਨੂੰ ਇੱਕੋ ਜਿਹੀਆਂ ਪੰਜ-ਦਵਾਈਆਂ ਦਾ ਡੋਜ਼ ਦਿੱਤਾ ਗਿਆ, ਇੱਕ ਦਵਾਈ ਜੋ ਘਬਰਾਹਟ ਅਤੇ ਉਲਟੀਆਂ ਨੂੰ ਰੋਕਦੀ ਹੈ, ਇੱਕ ਸੈਡੇਟਿਵ, ਫੈਂਟਾਨਿਲ, ਪ੍ਰੋਪੋਫੋਲ ਅਤੇ ਇੱਕ ਮਸਲ ਰਿਲੈਕਸੈਂਟ। ਦੋਵੇਂ ਗਰੁੱਪਾਂ ਨੇ ਨੌਇਜ਼ ਕੈਂਸਲਿੰਗ (ਸ਼ੋਰ-ਰੱਦ ਕਰਨ ਵਾਲੇ) ਹੈੱਡਫੋਨ ਪਹਿਨੇ ਸਨ ਪਰ ਸਿਰਫ਼ ਇੱਕ ਨੇ ਸੰਗੀਤ ਸੁਣਿਆ।
ਡਾ. ਹੁਸੈਨ ਕਹਿੰਦੇ ਹਨ, "ਅਸੀਂ ਮਰੀਜ਼ਾਂ ਨੂੰ ਦੋ ਸ਼ਾਂਤ ਕਰਨ ਵਾਲੇ ਸਾਜ਼ਾਂ ਵਿੱਚੋਂ ਇੱਕ ਚੁਣਨ ਲਈ ਕਿਹਾ, ਇੱਕ ਮਧਮ ਬੰਸਰੀ ਜਾਂ ਪਿਆਨੋ। ਅਚੇਤ ਮਨ ਦੇ ਕੁਝ ਖੇਤਰ ਅਜੇ ਵੀ ਕਿਰਿਆਸ਼ੀਲ ਰਹਿੰਦੇ ਹਨ। ਬੇਸ਼ੱਕ ਸੰਗੀਤ ਨੂੰ ਸਪੱਸ਼ਟ ਤੌਰ 'ਤੇ ਯਾਦ ਨਾ ਹੋਵੇ, ਪਰ ਅੰਦਰੂਨੀ ਜਾਗਰੂਕਤਾ ਦੇ ਲਾਭਦਾਇਕ ਪ੍ਰਭਾਵ ਹੋ ਸਕਦੇ ਹਨ।"
ਨਤੀਜੇ ਹੈਰਾਨ ਕਰ ਦੇਣ ਵਾਲੇ ਸਨ।
ਸੰਗੀਤ ਸੁਣਨ ਵਾਲੇ ਮਰੀਜ਼ਾਂ ਨੂੰ ਪ੍ਰੋਪੋਫੋਲ ਅਤੇ ਫੈਂਟਾਨਿਲ ਦੀਆਂ ਘੱਟ ਖੁਰਾਕਾਂ ਦੀ ਲੋੜ ਹੁੰਦੀ ਸੀ।
ਉਨ੍ਹਾਂ ਨੇ ਸਰਜਰੀ ਦੌਰਾਨ ਆਸਾਨੀ ਨਾਲ ਰਿਕਵਰੀ, ਘੱਟ ਕੋਰਟੀਸੋਲ ਜਾਂ ਸਟ੍ਰੈਸ-ਹਾਰਮੋਨ ਦੇ ਪੱਧਰ ਅਤੇ ਬਲੱਡ ਪ੍ਰੈਸ਼ਰ ਦੇ ਬਿਹਤਰ ਕੰਟ੍ਰੋਲ ਦਾ ਅਨੁਭਵ ਕੀਤਾ। ਖੋਜਕਾਰ ਲਿਖਦੇ ਹਨ, "ਕਿਉਂਕਿ ਅਨੈਸਥੀਸੀਆ ਦੇ ਦੌਰਾਨ ਵੀ ਸੁਣਨ ਸ਼ਕਤੀ ਬਰਕਰਾਰ ਰਹਿੰਦੀ ਹੈ, ਇਸ ਲਈ ਸੰਗੀਤ ਅਜੇ ਵੀ ਦਿਮਾਗ਼ ਦੀ ਅੰਦਰੂਨੀ ਸਥਿਤੀ ਨੂੰ ਬਦਲ ਸਕਦਾ ਹੈ।"
ਸਪੱਸ਼ਟ ਤੌਰ 'ਤੇ, ਸੰਗੀਤ ਅੰਦਰੂਨੀ ਤੂਫਾਨ ਨੂੰ ਸ਼ਾਂਤ ਕਰਦਾ ਜਾਪਦਾ ਸੀ। ਡਾ. ਵਾਧਵਨ ਕਹਿੰਦੇ ਹਨ, "ਜਦੋਂ ਤੁਸੀਂ ਬੇਹੋਸ਼ ਹੁੰਦੇ ਹੋ ਤਾਂ ਵੀ ਸੁਣਨ ਦਾ ਰਸਤਾ ਕਿਰਿਆਸ਼ੀਲ ਰਹਿੰਦਾ ਹੈ। ਤੁਹਾਨੂੰ ਸੰਗੀਤ ਯਾਦ ਨਹੀਂ ਹੋ ਸਕਦਾ, ਪਰ ਦਿਮਾਗ਼ ਇਸਨੂੰ ਰਜਿਸਟਰ ਕਰ ਲੈਂਦਾ ਹੈ।"

ਇਹ ਵਿਚਾਰ ਕਿ ਜਦੋਂ ਤੁਸੀਂ ਬੇਹੋਸ਼ ਹੁੰਦੇ ਹੋ ਤਾਂ ਤੁਹਾਡਾ ਮਨ ਕੰਮ ਨਹੀਂ ਕਰਦਾ, ਵਿਗਿਆਨੀਆਂ ਨੂੰ ਲੰਬੇ ਸਮੇਂ ਤੋਂ ਹੈਰਾਨ ਕਰਦਾ ਆ ਰਿਹਾ ਹੈ।
"ਇੰਟਰਾਓਪਰੇਟਿਵ ਜਾਗਰੂਕਤਾ" ਦੇ ਬਹੁਤ ਘੱਟ ਮਾਮਲਿਆਂ ਵਿੱਚ ਮਰੀਜ਼ਾਂ ਨੂੰ ਓਪਰੇਟਿੰਗ ਰੂਮ ਵਿੱਚ ਗੱਲਬਾਤ ਦੇ ਕੁਝ ਹਿੱਸਿਆਂ ਨੂੰ ਯਾਦ ਆਉਂਦੇ ਹਨ।
ਜੇ ਦਿਮਾਗ਼ ਸਰਜਰੀ ਦੌਰਾਨ ਤਣਾਅਪੂਰਨ ਅਨੁਭਵਾਂ ਨੂੰ ਕੈਦ ਕਰ ਸਕਦਾ ਹੈ ਅਤੇ ਯਾਦ ਰੱਖ ਸਕਦਾ ਹੈ, ਭਾਵੇਂ ਮਰੀਜ਼ ਬੇਹੋਸ਼ ਹੋਵੇ ਤਾਂ ਇਹ ਬਿਨਾਂ ਹੋਸ਼ ਵਿੱਚ ਯਾਦ ਕੀਤੇ ਵੀ ਸੰਗੀਤ ਵਰਗੇ ਪੌਜ਼ੀਟਿਵ ਜਾਂ ਸਕੂਨ ਦੇਣ ਵਾਲੇ ਤਜਰਬਿਆਂ ਨੂੰ ਰਜਿਸਟਰ ਕਰ ਸਕਦਾ ਹੈ।
ਡਾ. ਹੁਸੈਨ ਕਹਿੰਦੇ ਹਨ, "ਅਸੀਂ ਹੁਣੇ ਹੀ ਇਹ ਖੋਜਣਾ ਸ਼ੁਰੂ ਕਰ ਰਹੇ ਹਾਂ ਕਿ ਅਚੇਤ ਮਨ ਸੰਗੀਤ ਵਰਗੀਆਂ ਗ਼ੈਰ-ਦਵਾਈਆਂ (ਨੌਨ-ਫਰਮਾਲੌਜੀਕਲ) ਦੀ ਦਖ਼ਲਅੰਦਾਜ਼ੀ ਪ੍ਰਤੀ ਕਿਵੇਂ ਪ੍ਰਤੀਕਿਰਿਆ ਕਰਦਾ ਹੈ। ਇਹ ਓਪਰੇਟਿੰਗ ਰੂਮ ਨੂੰ ਮਨੁੱਖੀ ਬਣਾਉਣ ਦਾ ਇੱਕ ਤਰੀਕਾ ਹੈ।"
ਮਿਊਜ਼ਿਕ ਥੈਰੇਪੀ ਦਵਾਈ ਲਈ ਨਵੀਂ ਨਹੀਂ ਹੈ, ਇਸਦੀ ਵਰਤੋਂ ਲੰਬੇ ਸਮੇਂ ਤੋਂ ਮਨੋਵਿਗਿਆਨ, ਸਟ੍ਰੋਕ ਰਿਹੈਬਲੀਟੇਸ਼ਨ ਅਤੇ ਪੌਲੀਏਟਿਵ ਕੇਅਰ ਵਿੱਚ ਕੀਤੀ ਜਾ ਰਹੀ ਹੈ। ਪਰ ਅਨੈਸਥੀਸੀਆ ਦੀ ਬਹੁਤ ਜ਼ਿਆਦਾ ਤਕਨੀਕੀ, ਮਸ਼ੀਨ ਨਾਲ ਚੱਲਣ ਵਾਲੀ ਦੁਨੀਆ ਵਿੱਚ ਇਸ ਦੀ ਐਂਟਰੀ ਇੱਕ ਸ਼ਾਂਤ ਬਦਲਾਅ ਨੂੰ ਦਿਖਾਉਂਦੀ ਹੈ।
ਜੇਕਰ ਅਜਿਹੇ ਉਪਾਅ ਡਰੱਗ ਦੀ ਵਰਤੋਂ ਨੂੰ ਘੱਟ ਕਰ ਸਕਦੇ ਹਨ ਅਤੇ ਰਿਕਵਰੀ ਨੂੰ ਤੇਜ਼ ਕਰ ਸਕਦੇ ਹਨ, ਬੇਸ਼ੱਕ ਥੋੜ੍ਹਾ ਜਿਹਾ ਹੀ, ਤਾਂ ਹਸਪਤਾਲਾਂ ਦੇ ਸਰਜੀਕਲ ਵੈਲਬੀਇੰਗ ਦੇ ਬਾਰੇ ਸੋਚਣ ਦੇ ਤਰੀਕੇ ਨੂੰ ਬਦਲਿਆ ਜਾ ਸਕਦਾ ਹੈ।
ਜਿਵੇਂ ਹੀ ਰਿਸਰਚ ਟੀਮ ਮਿਊਜ਼ਿਕ ਨਾਲ ਬੇਹੋਸ਼ ਕਰਨ ਦੀ ਦਵਾਈ 'ਤੇ ਆਪਣਾ ਅਗਲਾ ਅਧਿਐਨ ਤਿਆਰ ਕਰ ਰਹੀ ਹੈ, ਜੋ ਪਹਿਲਾਂ ਦੇ ਨਤੀਜਿਆਂ 'ਤੇ ਆਧਾਰਿਤ ਡੇਟਾ ਵਿੱਚ ਪਹਿਲਾਂ ਹੀ ਸਾਫ ਨਜ਼ਰ ਆ ਨਜ਼ਰ ਆ ਰਹੀ ਹੈ।
ਜਦੋਂ ਸਰੀਰ ਸ਼ਾਂਤ ਹੋਵੇ ਅਤੇ ਮਨ ਸੁੱਤਾ ਪਿਆ ਹੋਵੇ ਤਾਂ ਵੀ ਅਜਿਹਾ ਲੱਗਦਾ ਹੈ ਕਿ ਕੁਝ ਮਧਮ ਸੁਰ ਹੀਲਿੰਗ ਸ਼ੁਰੂ ਕਰਨ ਵਿੱਚ ਮਦਦਗਾਰ ਹੋ ਸਕਦੇ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












