ਜੇਕਰ ਤੁਹਾਡੇ ਘਰ ਇਹ ਪੌਦੇ ਹੋਣ ਤਾਂ ਕੀ ਸੱਪ ਸੱਚਮੁੱਚ ਨਹੀਂ ਆਉਣਗੇ? ਸਨੇਕ ਪਲਾਂਟ ਬਾਰੇ ਵਿਗਿਆਨ ਦਾ ਕੀ ਕਹਿਣਾ ਹੈ

ਸੱਪ ਤੇ ਪੌਦਿਆਂ ਦੀ ਤਸਵੀਰ

ਤਸਵੀਰ ਸਰੋਤ, Getty Images/BBC

ਤਸਵੀਰ ਕੈਪਸ਼ਨ, ਕੀ ਸੱਪ ਉਨ੍ਹਾਂ ਥਾਵਾਂ 'ਤੇ ਆਉਂਦੇ ਹਨ ਜਿੱਥੇ ਤੇਲਾ ਈਸ਼ਵਰੀ ਅਤੇ ਪਡਗਾ ਵਰਗੇ ਪੌਦੇ ਲੱਗੇ ਹੁੰਦੇ ਹਨ
    • ਲੇਖਕ, ਸ਼੍ਰੀਨਿਵਾਸ ਲੱਕੋਜੂ
    • ਰੋਲ, ਬੀਬੀਸੀ ਪੱਤਰਕਾਰ

'ਜੇਕਰ ਤੁਹਾਡੇ ਕੋਲ ਇਹ ਪੌਦਾ ਹੈ ਤਾਂ ਸੱਪ ਤੁਹਾਡੇ ਘਰ ਦੇ ਨੇੜੇ ਨਹੀਂ ਆਉਣਗੇ', 'ਉਹ ਪੌਦਾ ਜੋ ਤੁਹਾਡੇ ਖੇਤਾਂ ਵਿੱਚੋਂ ਸੱਪਾਂ ਨੂੰ ਭਜਾਉਂਦਾ ਹਨ।'

ਅਜਿਹੇ ਸਿਰਲੇਖਾਂ ਅਤੇ ਥੰਬਨੇਲਾਂ ਵਾਲੀਆਂ ਬਹੁਤ ਸਾਰੀਆਂ ਪੋਸਟਾਂ ਸਾਨੂੰ ਸੋਸ਼ਲ ਮੀਡੀਆ 'ਤੇ ਦੇਖਣ ਨੂੰ ਮਿਲਦੀਆਂ ਹਨ ਅਤੇ ਨਾਲ ਹੀ ਅਸੀਂ ਆਪਣੀ ਜ਼ਿੰਦਗੀ ਵਿੱਚ ਸਮੇਂ-ਸਮੇਂ 'ਤੇ ਇਨ੍ਹਾਂ ਪੌਦਿਆਂ ਬਾਰੇ ਸੁਣਦੇ ਵੀ ਰਹਿੰਦੇ ਹਾਂ।

ਇਸੇ ਸੰਦਰਭ ਵਿੱਚ ਪੌਦਿਆਂ ਦੇ ਨਾਮ ਜਿਵੇਂ ਕਿ ਚਿੱਟੀ ਈਸ਼ਵਰੀ (ਕ੍ਰੋਟਾਲਾਰੀਆ) ਅਤੇ ਪੜਗਾ ਦੱਸੇ ਜਾਂਦੇ ਹਨ। ਕੀ ਸੱਚਮੁੱਚ ਸੱਪ ਅਜਿਹੀਆਂ ਥਾਵਾਂ 'ਤੇ ਨਹੀਂ ਆਉਂਦੇ ਜਿੱਥੇ ਇਹ ਬੂਟੇ ਲੱਗੇ ਹੁੰਦੇ ਹਨ?

ਇਹ ਵੀ ਕਿਹਾ ਜਾਂਦਾ ਹੈ ਕਿ ਸੱਪ ਉਨ੍ਹਾਂ ਥਾਵਾਂ 'ਤੇ ਆਉਂਦੇ ਹਨ ਜਿੱਥੇ ਮੋਗਲੀ ਅਤੇ ਸੰਪੇਂਗਾ ਵਰਗੇ ਪੌਦੇ ਪਾਏ ਜਾਂਦੇ ਹਨ।

(ਪੌਦਿਆਂ ਦੇ ਇਹ ਨਾਮ ਵੱਖ-ਵੱਖ ਇਲਾਕਿਆਂ ਵਿੱਚ ਅਲਗ ਹੋ ਸਕਦੇ ਹਨ।)

ਕੀ ਸੱਪ ਉਨ੍ਹਾਂ ਥਾਵਾਂ 'ਤੇ ਆਉਂਦੇ ਹਨ ਜਿੱਥੇ ਤੇਲਾ ਈਸ਼ਵਰੀ ਅਤੇ ਪੜਗਾਵਰਗੇ ਪੌਦੇ ਲੱਗੇ ਹੁੰਦੇ ਹਨ? ਦੂਜੇ ਸ਼ਬਦਾਂ ਵਿੱਚ ਕਿਹਾ ਜਾਵੇ ਤਾਂ ਕੀ ਪੌਦੇ ਸੱਪਾਂ ਨੂੰ ਆਉਣ-ਜਾਣ ਲਈ ਨਿਰਦੇਸ਼ ਦਿੰਦੇ ਹਨ?

ਇਨ੍ਹਾਂ ਗੱਲਾਂ ਵਿੱਚ ਕਿੰਨੀ ਸੱਚਾਈ ਹੈ? ਕੀ ਇਨ੍ਹਾਂ ਦਾ ਕੋਈ ਵਿਗਿਆਨਕ ਸਬੂਤ ਹੈ? ਜੀਵ ਵਿਗਿਆਨੀ ਅਤੇ ਬਨਸਪਤੀ ਵਿਗਿਆਨੀ ਮਾਹਿਰ ਕੀ ਕਹਿੰਦੇ ਹਨ?

ਸੱਪ ਅਤੇ ਪੌਦੇ - ਵਿਸ਼ਵਾਸ ਤੇ ਤੱਥ

ਆਂਧਰਾ ਯੂਨੀਵਰਸਿਟੀ ਦੇ ਬਨਸਪਤੀ ਵਿਭਾਗ ਵਿੱਚ ਵੱਖ-ਵੱਖ ਕਿਸਮਾਂ ਦੇ ਪੌਦਿਆਂ 'ਤੇ ਖੋਜ ਕਰਨ ਵਾਲੇ ਪਲਾਂਟ ਟੈਕਸੋਨੋਮਿਸਟ ਡਾ. ਜੇ ਪ੍ਰਕਾਸ਼ ਰਾਓ ਨੇ ਬੀਬੀਸੀ ਨੂੰ ਦੱਸਿਆ ਕਿ ਲੋਕ ਮੰਨਦੇ ਹਨ ਕਿ ਕੁਝ ਖਾਸ ਪੌਦੇ ਸੱਪਾਂ ਨੂੰ ਦੂਰ ਭਜਾ ਸਕਦੇ ਹਨ ਪਰ ਇਸ ਦਾ ਕੋਈ ਵਿਗਿਆਨਕ ਸਬੂਤ ਨਹੀਂ ਹੈ।

ਪ੍ਰਕਾਸ਼ ਰਾਓ ਨੇ ਕਿਹਾ, "ਜਦੋਂ ਅਸੀਂ ਵਿਦਿਆਰਥੀਆਂ ਨਾਲ ਜਾਂ ਖੋਜ ਲਈ ਪੂਰਬੀ ਅਤੇ ਪੱਛਮੀ ਘਾਟਾਂ ਵਿੱਚ ਗਏ ਤਾਂ ਅਸੀਂ ਉੱਥੇ ਕੁਝ ਕਿਸਮਾਂ ਦੇ ਪੌਦੇ ਦੇਖੇ। ਉੱਥੋਂ ਦੇ ਸਥਾਨਕ ਲੋਕ ਮੰਨਦੇ ਹਨ ਕਿ ਇਹ ਬੂਟੇ ਸੱਪਾਂ ਤੋਂ ਬਚਾਅ ਕਰਦੇ ਹਨ। ਮੈਦਾਨੀ ਇਲਾਕਿਆਂ ਵਿੱਚ ਵੀ ਲੋਕ ਅਜਿਹੇ ਪੌਦੇ ਆਪਣੇ ਘਰਾਂ ਵਿੱਚ ਲਗਾਉਂਦੇ ਹਨ। ਕੁਝ ਕਿਸਮ ਦੇ ਪੌਦੇ ਤਾਂ ਸੱਪਾਂ ਨੂੰ ਰੋਕਣ ਵਾਲੇ ਪੌਦਿਆਂ ਵਜੋਂ ਆਨਲਾਈਨ ਵੀ ਵੇਚੇ ਜਾਂਦੇ ਹਨ।"

ਪ੍ਰਕਾਸ਼ ਰਾਓ ਦੱਸਦੇ ਹਨ, "ਹਾਲਾਂਕਿ ਇਹ ਵਿਗਿਆਨਕ ਤੌਰ 'ਤੇ ਸਾਬਤ ਨਹੀਂ ਹੋਇਆ ਹੈ ਕਿ ਇਹ ਪੌਦੇ ਸੱਪਾਂ ਤੋਂ ਬਚਾਉਂਦੇ ਹਨ ਜਾਂ ਉਨ੍ਹਾਂ ਨੂੰ ਦੂਰ ਰੱਖਦੇ ਹਨ। ਇਸ ਸਬੰਧ ਵਿੱਚ ਉਨ੍ਹਾਂ 'ਤੇ ਬਹੁਤੀ ਖੋਜ ਨਹੀਂ ਹੋਈ ਹੈ।"

ਫਿਰ ਵੀ ਇਹ ਵਿਆਪਕ ਤੌਰ 'ਤੇ ਮੰਨਿਆ ਜਾਂਦਾ ਹੈ ਕਿ ਸੱਪ ਕੁਝ ਪੌਦਿਆਂ ਦੀਆਂ ਵਿਲੱਖਣ ਵਿਸ਼ੇਸ਼ਤਾਵਾਂ ਕਾਰਨ ਉਨ੍ਹਾਂ ਤੋਂ ਡਰਦੇ ਹਨ ਅਤੇ ਉਨ੍ਹਾਂ ਦੇ ਨੇੜੇ ਨਹੀਂ ਆਉਂਦੇ। ਪ੍ਰਕਾਸ਼ ਰਾਓ ਨੇ ਬੀਬੀਸੀ ਨੂੰ ਦੱਸਿਆ ਕਿ ਇਸ ਨੂੰ ਸਿਰਫ਼ ਲੋਕਾਂ ਦਾ ਵਿਸ਼ਵਾਸ ਹੀ ਸਮਝਿਆ ਜਾਣਾ ਚਾਹੀਦਾ ਹੈ।

ਇਹ ਵੀ ਪੜ੍ਹੋ
ਸਨੇਕ ਪਲਾਂਟ ਵਿੱਚੋਂ ਇੱਕ ਕ੍ਰੋਟਾਲਾਰੀਆ ਵਰਰੂਕੋਸਾ ਦੀ ਤਸਵੀਰ
ਤਸਵੀਰ ਕੈਪਸ਼ਨ, ਸੱਪ ਕੁਝ ਪੌਦਿਆਂ ਦੀਆਂ ਵਿਲੱਖਣ ਵਿਸ਼ੇਸ਼ਤਾਵਾਂ ਕਾਰਨ ਉਨ੍ਹਾਂ ਤੋਂ ਡਰਦੇ ਹਨ ਅਤੇ ਉਨ੍ਹਾਂ ਦੇ ਨੇੜੇ ਨਹੀਂ ਆਉਂਦੇ

ਸੱਪ ਭਜਾਉਣ ਵਾਲੇ ਦੱਸ ਕੇ ਵੇਚੇ ਜਾਂਦੇ ਪੌਦੇ

ਕ੍ਰੋਟਾਲਾਰੀਆ ਵਰਰੂਕੋਸਾ

ਇਹ ਇੱਕ ਜੰਗਲੀ ਪੌਦਾ ਹੈ। ਬਹੁਤੇ ਲੋਕ ਮੰਨਦੇ ਹਨ ਕਿ ਇਹ ਪੌਦਾ ਸੱਪਾਂ ਨੂੰ ਰੋਕਣ-ਭਜਾਉਣ ਵਿੱਚ ਫਾਇਦੇਮੰਦ ਹੈ। ਇਸੇ ਜੀਨਸ ਵਿੱਚ ਇੱਕ ਹੋਰ ਕਿਸਮ ਹੈ ਕਾਲੀ ਈਸ਼ਵਰੀ (ਬਲੈਕ ਕ੍ਰੋਟਾਲਾਰੀਆ)। ਇਸ ਨੂੰ ਵੀ ਸੱਪਾਂ ਨੂੰ ਦੂਰ ਰੱਖਣ ਵਾਲਾ ਦੱਸਿਆ ਜਾਂਦਾ ਹੈ। ਹਾਲ ਹੀ ਵਿੱਚ ਚਿੱਟੀ ਕ੍ਰੋਟਾਲਾਰੀਆ ਪੌਦੇ ਬਾਰੇ ਬਹੁਤ ਸਾਰੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਦੇਖੀਆਂ ਗਈਆਂ ਹਨ।

ਹਾਲਾਂਕਿ ਇਹ ਵਿਗਿਆਨਕ ਤੌਰ 'ਤੇ ਸਾਬਤ ਨਹੀਂ ਹੋਇਆ ਹੈ ਕਿ ਸੱਪ ਚਿੱਟੀ ਕ੍ਰੋਟਾਲਾਰੀਆ ਅਤੇ ਕਾਲੀ ਕ੍ਰੋਟਾਲਾਰੀਆ ਪੌਦਿਆਂ ਤੋਂ ਦੂਰ ਰਹਿੰਦੇ ਹਨ। ਇਸ ਪੌਦੇ ਵਿੱਚ ਮੌਜੂਦ ਐਲਕਾਲੋਇਡਜ਼ ਦੀ ਇੱਕ ਤੇਜ਼ ਗੰਧ ਹੁੰਦੀ ਹੈ।

ਸਨੇਕ ਪਲਾਂਟ (ਪੌਲੀਗੋਨਮ ਪਰਸੀਕਾਰੀਆ ਜਾਂ ਪਰਸੀਕਾਰੀਆ ਮੈਕੁਲੋਸਾ) ਦੀ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੁਝ ਨਰਸਰੀਆਂ ਇਸ ਪੌਦੇ ਨੂੰ "ਸੱਪ ਭਜਾਉਣ ਵਾਲੇ ਪੌਦੇ ਯਾਨੀ ਸਨੇਕ ਪਲਾਂਟ ਕਹਿ ਕੇ ਵੀ ਵੇਚਦੇ ਹਨ

ਸਨੇਕ ਪਲਾਂਟ (ਪੌਲੀਗੋਨਮ ਪਰਸੀਕਾਰੀਆ ਜਾਂ ਪਰਸੀਕਾਰੀਆ ਮੈਕੁਲੋਸਾ)

ਇਸ ਪੌਦੇ ਦੇ ਪੱਤੇ ਉੱਤੇ ਇੱਕ 'ਵੀ' (V) ਆਕਾਰ ਦਾ ਨਿਸ਼ਾਨ ਦਿਖਾਈ ਦਿੰਦਾ ਹੈ। ਇਹ ਗੂੜ੍ਹੇ ਰੰਗ ਵਿੱਚ ਹੁੰਦਾ ਹੈ। ਕਈ ਵਾਰ ਇਹ 'ਵੀ' ਆਕਾਰ ਸੱਪ ਦੀ ਫਨ ਵਰਗਾ ਲੱਗਦਾ ਹੈ। ਇਸ ਕਾਰਨ ਲੋਕ ਇਸ ਨੂੰ ਸੱਪ ਦੀ ਫਨ ਦਾ ਨਿਸ਼ਾਨ ਕਹਿੰਦੇ ਹਨ।

ਇਹ ਮੰਨਿਆ ਜਾਂਦਾ ਹੈ ਕਿ ਜਦੋਂ ਸੱਪ ਇਸ ਆਕਾਰ ਨੂੰ ਦੇਖਦੇ ਹਨ ਤਾਂ ਉਹ ਦੂਰ ਚਲੇ ਜਾਂਦੇ ਹਨ। ਇਹ ਵਿਸ਼ਵਾਸ ਇੰਨਾ ਫੈਲ ਚੁੱਕਿਆ ਹੈ ਕਿ ਕੁਝ ਨਰਸਰੀਆਂ ਇਸ ਪੌਦੇ ਨੂੰ "ਸੱਪ ਭਜਾਉਣ ਵਾਲੇ ਪੌਦੇ ਯਾਨੀ ਸਨੇਕ ਪਲਾਂਟ " ਕਹਿ ਕੇ ਵੀ ਵੇਚਦੇ ਹਨ।

ਸਨੇਕ ਪਲਾਂਟ (ਸੈਨਸੇਵੀਰੀਆ)

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕਿਹਾ ਜਾਂਦਾ ਹੈ ਕਿ ਜੇਕਰ ਸੱਪ ਇਸ ਵੱਲ ਆਉਂਦੇ ਹਨ ਤਾਂ ਉਨ੍ਹਾਂ ਦਾ ਸਰੀਰ ਕੱਟਿਆ ਜਾ ਸਕਦਾ ਹੈ

ਸਨੇਕ ਪਲਾਂਟ (ਸੈਨਸੇਵੀਰੀਆ)

ਇਹ ਸਨੇਕ ਪਲਾਂਟ ਪੂਰੀ ਦੁਨੀਆ ਵਿੱਚ ਮਸ਼ਹੂਰ ਹੈ। ਇਸ ਦੇ ਪੱਤੇ ਲੰਬੇ ਵਧਦੇ ਹਨ ਅਤੇ ਚਾਕੂ ਵਾਂਗ ਤਿੱਖੇ ਹੁੰਦੇ ਹਨ। ਕਿਹਾ ਜਾਂਦਾ ਹੈ ਕਿ ਜੇਕਰ ਸੱਪ ਇਸ ਵੱਲ ਆਉਂਦੇ ਹਨ ਤਾਂ ਉਨ੍ਹਾਂ ਦਾ ਸਰੀਰ ਕੱਟਿਆ ਜਾ ਸਕਦਾ ਹੈ। ਇਸੇ ਕਾਰਨ ਇਹ ਮੰਨਿਆ ਜਾਂਦਾ ਹੈ ਕਿ ਜਿੱਥੇ ਇਹ ਪੌਦੇ ਹੁੰਦੇ ਹਨ, ਉੱਥੇ ਸੱਪ ਨਹੀਂ ਆਉਂਦੇ।

ਹਾਲਾਂਕਿ ਇਸ ਵਿਸ਼ਵਾਸ ਦਾ ਵੀ ਕੋਈ ਵਿਗਿਆਨਕ ਸਬੂਤ ਨਹੀਂ ਹੈ। ਇਹ ਗੱਲ ਸਿਰਫ਼ ਨਾਂ ਦੇ ਆਧਾਰ 'ਤੇ ਬਣੀ ਮਨੋਵਿਗਿਆਨਕ ਧਾਰਨਾ ਕਹੀ ਜਾ ਸਕਦੀ ਹੈ। ਯਾਨੀ ਇਹ ਇੱਕ ਮਾਨਸਿਕ ਭਰਮ ਜਾਂ ਲੋਕ ਕਹਾਣੀ ਵਾਲਾ ਪ੍ਰਚਾਰ ਹੈ।

ਡਾ ਜੇ ਪ੍ਰਕਾਸ਼ ਰਾਓ
ਤਸਵੀਰ ਕੈਪਸ਼ਨ, ਡਾ ਜੇ ਪ੍ਰਕਾਸ਼ ਰਾਓ ਕਹਿੰਦੇ ਹਨ ਕਿ ਇਸ ਗੱਲ ਦਾ ਕੋਈ ਵਿਗਿਆਨਕ ਸਬੂਤ ਨਹੀਂ ਹੈ ਕਿ ਇਹ ਪੌਦੇ ਅਸਲ ਵਿੱਚ ਸੱਪਾਂ ਨੂੰ ਦੂਰ ਰੱਖਦੇ ਹਨ

ਪਿਟੋਸਪੋਰਮ ਟੈਟ੍ਰਾਸਪਰੰਮ

ਇਹ ਇੱਕ ਤੇਜ਼ ਗੰਧ ਵਾਲਾ ਪੌਦਾ ਹੈ, ਜਿਸ ਨੂੰ ਪੂਰਬੀ ਘਾਟਾਂ ਦੇ ਕੁਝ ਕਬਾਇਲੀ ਲੋਕ ਉਗਾਉਂਦੇ ਹਨ। ਸਥਾਨਕ ਲੋਕ ਦੱਸਦੇ ਹਨ ਕਿ ਜਦੋਂ ਇਸ ਪੌਦੇ ਨੂੰ ਕੱਟਿਆ ਜਾਂਦਾ ਹੈ ਤਾਂ ਇਸ ਵਿੱਚੋਂ ਨਿਕਲਣ ਵਾਲੀ ਤਿੱਖੀ ਗੰਧ ਕੁਝ ਛੋਟੇ ਜੰਗਲੀ ਜਾਨਵਰਾਂ ਅਤੇ ਕੀੜਿਆਂ ਨੂੰ ਦੂਰ ਰੱਖਦੀ ਹੈ।

ਕਬਾਇਲੀ ਲੋਕਾਂ ਦਾ ਤਜਰਬਾ ਹੈ ਕਿ ਉਨ੍ਹਾਂ ਨੇ ਕਦੇ ਵੀ ਉਨ੍ਹਾਂ ਥਾਵਾਂ 'ਤੇ ਸੱਪਾਂ ਨੂੰ ਆਉਂਦੇ ਨਹੀਂ ਦੇਖਿਆ ਜਿੱਥੇ ਇਹ ਪੌਦੇ ਮੌਜੂਦ ਹੁੰਦੇ ਹਨ। ਇਸ ਗੱਲ 'ਤੇ ਕੋਈ ਅਧਿਐਨ ਨਹੀਂ ਹੋਇਆ ਹੈ ਕਿ ਇਸ ਗੰਧ ਦਾ ਸੱਪਾਂ 'ਤੇ ਕੋਈ ਅਸਰ ਹੁੰਦਾ ਹੈ ਜਾਂ ਨਹੀਂ।

ਡਾ. ਜੇ ਪ੍ਰਕਾਸ਼ ਰਾਓ ਨੇ ਕਿਹਾ, "ਹਾਲਾਂਕਿ ਇਸ ਗੱਲ ਦਾ ਕੋਈ ਵਿਗਿਆਨਕ ਸਬੂਤ ਨਹੀਂ ਹੈ ਕਿ ਇਹ ਪੌਦੇ ਅਸਲ ਵਿੱਚ ਸੱਪਾਂ ਨੂੰ ਦੂਰ ਰੱਖਦੇ ਹਨ। ਦੂਜੇ ਸ਼ਬਦਾਂ ਵਿੱਚ, ਇਹ ਵਿਸ਼ਵਾਸ ਕਿ ਜੇਕਰ ਪੌਦਾ ਮੌਜੂਦ ਹੈ ਤਾਂ ਸੱਪ ਨਹੀਂ ਆਉਣਗੇ' ਇੱਕ ਮਿੱਥ ਹੈ, ਇੱਕ ਬੇਬੁਨਿਆਦ ਧਾਰਨਾ ਹੈ।"

ਸੱਪ

ਬੀਬੀਸੀ ਨੇ ਆਂਧਰਾ ਯੂਨੀਵਰਸਿਟੀ ਦੇ ਜੀਵ ਵਿਗਿਆਨ ਦੀ ਪ੍ਰੋਫੈਸਰ ਸੀ ਮੰਜੂਲਤਾ ਨੂੰ ਪੁੱਛਿਆ ਕਿ ਕੀ ਸੱਪ ਪੌਦਿਆਂ ਤੋਂ ਡਰਦੇ ਹਨ?

ਉਨ੍ਹਾਂ ਨੇ ਦੱਸਿਆ, "ਸੱਪਾਂ ਦੀ ਨਿਗਾਹ ਬਹੁਤ ਤੇਜ਼ ਨਹੀਂ ਹੁੰਦੀ। ਹਾਲਾਂਕਿ ਉਹ ਗੰਧ ਰਾਹੀਂ ਬਹੁਤ ਤੇਜ਼ੀ ਨਾਲ ਪ੍ਰਤੀਕਿਰਿਆ ਕਰਦੇ ਹਨ। ਕੁਝ ਖਾਸ ਪੌਦਿਆਂ ਤੋਂ ਪੈਦਾ ਹੋਣ ਵਾਲੀਆਂ ਕੌੜੀਆਂ ਗੰਧਾਂ ਜਿਵੇਂ ਕਿ ਅਲਕੋਲਾਇਡਜ਼, ਤਿੱਖੇ ਰਸਾਇਣ ਅਤੇ ਸੰਤਰੇ ਤੇ ਨਿੰਬੂ ਦੇ ਛਿਲਕਿਆਂ ਦੀਆਂ ਗੰਧਾਂ ਸੱਪਾਂ ਨੂੰ ਤੰਗ ਕਰਦੀਆਂ ਹਨ। ਇਨ੍ਹਾਂ ਗੰਧਾਂ ਨੂੰ ਖਾਸ ਤੌਰ 'ਤੇ ਪਛਾਣਨ ਲਈ ਸੱਪਾਂ ਦੇ ਉੱਪਰਲੇ ਜਬਾੜ੍ਹੇ ਦੇ ਪਿਛਲੇ ਪਾਸੇ ਇੱਕ ਜੈਕਬਸਨ ਨਾਂਅ ਦਾ ਅੰਗ ਹੁੰਦਾ ਹੈ। ਇਹ ਅੰਗ ਗੰਧਾਂ ਦੀ ਪਛਾਣ ਕਰਨ ਲਈ ਇੱਕ ਸੈਂਸਰ ਵਾਂਗ ਕੰਮ ਕਰਦਾ ਹੈ।"

ਪ੍ਰੋਫੈਸਰ ਸੀ ਮੰਜੂਲਤਾ ਕਹਿੰਦੇ ਹਨ, "ਸੱਪ ਆਪਣੀ ਜੀਭ ਬਾਹਰ ਕੱਢਦੇ ਹਨ ਅਤੇ ਫਿਰ ਅੰਦਰ ਕਰਦੇ ਹਨ, ਇਹ ਸੁੰਘਣ ਲਈ ਨਹੀਂ ਬਲਕਿ ਗੰਧ ਵਿੱਚ ਮੌਜੂਦ ਰਸਾਇਣਾਂ ਨੂੰ ਇਕੱਠਾ ਕਰਨ ਲਈ ਹੁੰਦਾ ਹੈ। ਜੇਕਰ ਕੋਈ ਪੌਦਾ ਬਹੁਤ ਜ਼ਿਆਦਾ ਕੌੜੀ, ਤਿੱਖੀ ਜਾਂ ਤੇਜ਼ ਗੰਧ ਛੱਡਦਾ ਹੈ ਤਾਂ ਸੱਪ ਉੱਥੇ ਜਾਣਾ ਪਸੰਦ ਨਹੀਂ ਕਰ ਸਕਦੇ।"

ਪ੍ਰੋਫੈਸਰ ਮੰਜੂਲਤਾ ਨੇ ਇਹ ਵੀ ਕਿਹਾ ਕਿ ਕੁਝ ਖਾਸ ਕਿਸਮ ਦੇ ਪੌਦਿਆਂ ਦੁਆਰਾ ਛੱਡੀਆਂ ਜਾਂਦੀਆਂ ਗੰਧਾਂ ਕਾਰਨ ਬਹੁਤ ਸਾਰੇ ਕੀੜੇ-ਮਕੌੜੇ ਵੀ ਇਨ੍ਹਾਂ ਖੇਤਰਾਂ ਦੇ ਨੇੜੇ ਨਹੀਂ ਜਾਂਦੇ।

ਸਨੇਕ ਪਲਾਂਟ
ਤਸਵੀਰ ਕੈਪਸ਼ਨ, ਮਾਹਿਰ ਦੱਸਦੇ ਹਨ ਕਿ ਜਿਹੜੇ ਲੋਕ ਇਹ ਬੂਟੇ ਲਾਉਂਦੇ ਹਨ ਉਨ੍ਹਾਂ ਨੂੰ ਇਹ ਘਰ ਦੇ ਅੰਦਰ ਜਾਂ ਬੱਚਿਆਂ ਦੇ ਨੇੜੇ ਨਹੀਂ ਰੱਖਣੇ ਚਾਹੀਦੇ

ਕੀ ਇਹ ਪੌਦੇ ਮਨੁੱਖਾਂ ਲਈ ਖ਼ਤਰਨਾਕ ਨਹੀਂ ਹਨ?

ਜੇ ਤੇਲਾ ਈਸ਼ਵਰੀ ਵਰਗੇ ਪੌਦਿਆਂ ਵਿੱਚੋਂ ਆਉਣ ਵਾਲੀ ਤਿੱਖੀ ਗੰਧ ਸੱਪਾਂ ਨੂੰ ਦੂਰ ਰੱਖ ਸਕਦੀ ਹੈ ਤਾਂ ਕੀ ਉਹੀ ਬਦਬੂ ਇਨਸਾਨਾਂ ਲਈ ਖ਼ਤਰਨਾਕ ਨਹੀਂ?

ਇਸ ਸਵਾਲ ਦਾ ਜਵਾਬ ਦਿੰਦਿਆਂ ਜਾਨਵਰ ਅਤੇ ਪੌਦਾ ਵਿਗਿਆਨ ਦੇ ਮਾਹਿਰ ਕਹਿੰਦੇ ਹਨ, "ਜੇ ਇਹ ਤਿੱਖੀ ਗੰਧ ਬਹੁਤ ਜ਼ਿਆਦਾ ਸਾਹ ਰਾਹੀਂ ਅੰਦਰ ਚਲੀ ਜਾਵੇ ਤਾਂ ਸਿਰਦਰਦ, ਮਤਲੀ, ਉਲਟੀ ਵਰਗੇ ਲੱਛਣ ਉੱਭਰ ਸਕਦੇ ਹਨ।''

ਇਸ ਲਈ ਉਹ ਮਾਹਿਰ ਦੱਸਦੇ ਹਨ ਕਿ ਜਿਹੜੇ ਲੋਕ ਇਹ ਬੂਟੇ ਲਾਉਂਦੇ ਹਨ, ਉਨ੍ਹਾਂ ਨੂੰ ਇਹ ਘਰ ਦੇ ਅੰਦਰ ਜਾਂ ਬੱਚਿਆਂ ਦੇ ਨੇੜੇ ਨਹੀਂ ਰੱਖਣੇ ਚਾਹੀਦੇ।

ਮਾਹਿਰ ਅੱਗੇ ਕਹਿੰਦੇ ਹਨ, "ਜੇ ਚਿੱਟੀ ਈਸ਼ਵਰੀ ਵਰਗੇ ਬੂਟਿਆਂ ਤੋਂ ਨਿਕਲਣ ਵਾਲੀ ਤਿੱਖੀ ਗੰਧ ਸੱਪਾਂ ਨੂੰ ਦੂਰ ਰੱਖਦੀ ਹੈ ਤਾਂ ਉਹੀ ਗੰਧ ਇਨਸਾਨਾਂ ਲਈ ਹਾਨੀਕਾਰਕ ਵੀ ਹੋ ਸਕਦੀ ਹੈ। ਜੇ ਕੋਈ ਵਿਅਕਤੀ ਇਸ ਦੀ ਗੰਧ ਬਹੁਤ ਜ਼ਿਆਦਾ ਸੂੰਘ ਲਵੇ ਤਾਂ ਉਸ ਨੂੰ ਸਿਰਦਰਦ, ਮਤਲੀ, ਦਸਤ, ਪੇਟ ਦਰਦ ਜਾਂ ਉਲਟੀ ਹੋ ਸਕਦੀ ਹੈ। ਇਸ ਲਈ ਜਿਹੜੇ ਲੋਕ ਇਹ ਬੂਟੇ ਉਗਾਉਂਦੇ ਹਨ, ਉਨ੍ਹਾਂ ਨੂੰ ਇਹ ਘਰ ਦੇ ਅੰਦਰ ਜਾਂ ਬੱਚਿਆਂ ਵਾਲੀਆਂ ਥਾਵਾਂ 'ਤੇ ਨਹੀਂ ਰੱਖਣਾ ਚਾਹੀਦਾ।"

ਸੱਪ ਦੀ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 'ਸੱਪ ਪੌਦਿਆਂ ਦੀ ਗੰਧ ਨਾਲੋਂ ਉਨ੍ਹਾਂ ਥਾਵਾਂ ਵੱਲ ਜ਼ਿਆਦਾ ਆਕਰਸ਼ਿਤ ਹੁੰਦੇ ਹਨ ਜਿੱਥੇ ਉਨ੍ਹਾਂ ਦਾ ਭੋਜਨ ਹੁੰਦਾ'

ਸੱਪ ਕਿੱਥੋਂ ਆਉਂਦੇ ਹਨ?

ਪ੍ਰੋਫੈਸਰ ਸੀ. ਮੰਜੂਲਤਾ ਨੇ ਕਿਹਾ, "ਲੋਕ ਕਹਿੰਦੇ ਹਨ ਕਿ ਸੱਪ ਉਨ੍ਹਾਂ ਥਾਵਾਂ 'ਤੇ ਆਉਂਦੇ ਹਨ ਜਿੱਥੇ ਮੋਗਲੀ ਅਤੇ ਸੰਪੇਂਗਾ (ਚੰਪਕ/ਮੈਗਨੋਲੀਆ ਚੰਪਾਕਾ) ਦੇ ਪੌਦੇ ਉੱਗਦੇ ਹਨ। ਪਰ ਉਹ ਫੁੱਲਾਂ ਕਰਕੇ ਨਹੀਂ ਆਉਂਦੇ। ਉਹ ਥਾਵਾਂ ਸਿਰਫ਼ ਉਨ੍ਹਾਂ ਦੇ ਕੁਝ ਸਮੇਂ ਲਈ ਰਹਿਣ ਲਈ ਢੁਕਵੀਆਂ ਹੁੰਦੀਆਂ ਹਨ। ਇਸੇ ਲਈ ਸੱਪ ਉੱਥੇ ਪਾਏ ਜਾਂਦੇ ਹਨ। ਇਹ ਸਿਰਫ਼ ਮੋਗਲੀ ਅਤੇ ਸੰਪੇਂਗਾ ਦੇ ਪੌਦਿਆਂ ਨੇੜੇ ਹੀ ਨਹੀਂ ਜਿੱਥੇ ਵੀ ਅਜਿਹੇ ਹਾਲਾਤ ਹੁੰਦੇ ਹਨ ਸੱਪਾਂ ਦੇ ਆਉਣ ਦੀ ਸੰਭਾਵਨਾ ਹੁੰਦੀ ਹੈ।"

ਉਨ੍ਹਾਂ ਨੇ ਦੱਸਿਆ, "ਮੋਗਲੀ ਅਤੇ ਸੰਪੇਂਗਾ ਦੇ ਪੌਦਿਆਂ ਵਾਲੇ ਖੇਤਰਾਂ ਵਿੱਚ ਆਮ ਤੌਰ 'ਤੇ ਸੰਘਣੀਆਂ ਝਾੜੀਆਂ, ਚੰਗੀ ਛਾਂ, ਨਮ ਮਿੱਟੀ ਅਤੇ ਬਹੁਤ ਸਾਰੇ ਛੋਟੇ ਕੀੜੇ-ਮਕੌੜੇ ਹੁੰਦੇ ਹਨ। ਅਜਿਹੀਆਂ ਥਾਵਾਂ 'ਤੇ ਜ਼ਿਆਦਾਤਰ ਹਨੇਰਾ ਹੁੰਦਾ ਹੈ ਜੋ ਸੱਪਾਂ ਵਾਸਤੇ ਲੁਕਣ ਲਈ ਸੁਵਿਧਾਜਨਕ ਥਾਵਾਂ ਹਨ।"

ਪ੍ਰੋਫੈਸਰ ਮੰਜੂਲਤਾ ਨੇ ਅੱਗੇ ਕਿਹਾ, "ਅਸਲ ਵਿੱਚ ਸੱਪ, ਪੌਦਿਆਂ ਦੀ ਗੰਧ ਨਾਲੋਂ ਉਨ੍ਹਾਂ ਥਾਵਾਂ ਵੱਲ ਜ਼ਿਆਦਾ ਆਕਰਸ਼ਿਤ ਹੁੰਦੇ ਹਨ ਜਿੱਥੇ ਉਨ੍ਹਾਂ ਦਾ ਭੋਜਨ ਚੂਹੇ ਅਤੇ ਕਿਰਲੀਆਂ ਮਿਲਦੀਆਂ ਹਨ। ਉਹ ਉਨ੍ਹਾਂ ਥਾਵਾਂ ਨੂੰ ਵੀ ਤਰਜੀਹ ਦਿੰਦੇ ਹਨ ਜੋ ਉਨ੍ਹਾਂ ਲਈ ਸੁਰੱਖਿਅਤ ਲੱਗਦੀਆਂ ਹਨ।"

ਕਿਸਾਨ ਸਨੇਕ ਪਲਾਂਟ ਨੂੰ ਦਿਖਾਉਂਦਾ ਹੋਇਆ
ਤਸਵੀਰ ਕੈਪਸ਼ਨ, ਇੱਕ ਕਿਸਾਨ ਸਨੇਕ ਪਲਾਂਟ ਨੂੰ ਦਿਖਾਉਂਦਾ ਹੋਇਆ

ਸੱਪਾਂ ਨੂੰ ਦੂਰ ਰੱਖਣ ਲਈ ਕੀ ਕਰੀਏ?

ਪ੍ਰੋਫੈਸਰ ਮੰਜੂਲਤਾ ਨੇ ਸਮਝਾਇਆ ਕਿ ਸੱਪਾਂ ਦੇ ਘਰਾਂ ਅਤੇ ਰਿਹਾਇਸ਼ੀ ਇਲਾਕਿਆਂ ਵਿੱਚ ਦਾਖਲ ਹੋਣ ਦੇ ਕਈ ਕਾਰਨ ਹਨ।

ਉਨ੍ਹਾਂ ਨੇ ਕਿਹਾ, "ਸੱਪ ਆਮ ਤੌਰ 'ਤੇ ਉਨ੍ਹਾਂ ਥਾਵਾਂ 'ਤੇ ਆਉਂਦੇ ਹਨ ਜਿੱਥੇ ਭੋਜਨ ਮਿਲਦਾ ਹੈ ਜਾਂ ਜਿੱਥੇ ਭੋਜਨ ਮੌਜੂਦ ਹੋਣ ਦੀ ਸੰਭਾਵਨਾ ਹੁੰਦੀ ਹੈ। ਜੇਕਰ ਉੱਥੇ ਚੂਹੇ, ਚਿੜੀਆਂ ਦੇ ਆਲ੍ਹਣੇ, ਪਾਣੀ ਦੀ ਲੀਕੇਜ, ਕੂੜਾ ਜਾਂ ਲੱਕੜਾਂ ਦੇ ਢੇਰ ਹੋਣ ਤਾਂ ਸੱਪਾਂ ਦੇ ਆਉਣ ਦੀ ਸੰਭਾਵਨਾ ਹੁੰਦੀ ਹੈ। ਚੂਹੇ ਅਤੇ ਕਿਰਲੀਆਂ ਸੱਪਾਂ ਦਾ ਮੁੱਖ ਭੋਜਨ ਹਨ ਅਤੇ ਨਮ ਵਾਲੇ ਖੇਤਰ ਵੀ ਉਨ੍ਹਾਂ ਲਈ ਅਨੁਕੂਲ ਹੁੰਦੇ ਹਨ,"

ਉਨ੍ਹਾਂ ਅੱਗੇ ਕਿਹਾ, "ਸੱਪ ਅਕਸਰ ਅਮਰੂਦ, ਅੰਬ, ਜਾਮਣ ਅਤੇ ਤਾੜ ਦੇ ਦਰੱਖਤਾਂ ਦੇ ਨੇੜੇ ਦੇਖੇ ਜਾਂਦੇ ਹਨ। ਪਰ ਉਹ ਫ਼ਲਾਂ ਕਰਕੇ ਨਹੀਂ ਆਉਂਦੇ। ਡਿੱਗੇ ਹੋਏ ਫ਼ਲ ਚੂਹਿਆਂ ਨੂੰ ਆਕਰਸ਼ਿਤ ਕਰਦੇ ਹਨ ਅਤੇ ਸੱਪ ਉਨ੍ਹਾਂ ਚੂਹਿਆਂ ਦੀ ਭਾਲ ਵਿੱਚ ਆਉਂਦੇ ਹਨ।"

ਪ੍ਰੋਫੈਸਰ ਮੰਜੂਲਤਾ ਨੇ ਅੱਗੇ ਦੱਸਿਆ, "ਕੂੜੇ ਅਤੇ ਗੰਦਗੀ ਵਾਲੀਆਂ ਥਾਵਾਂ 'ਤੇ ਚੂਹੇ ਅਤੇ ਕੀੜੇ ਜ਼ਿਆਦਾ ਹੁੰਦੇ ਹਨ। ਅਜਿਹੇ ਹਾਲਾਤ ਸੱਪਾਂ ਦੇ ਆਉਣ ਦੀਆਂ ਸੰਭਾਵਨਾਵਾਂ ਨੂੰ ਵਧਾਉਂਦੇ ਹਨ ਭਾਵੇਂ ਪੌਦੇ ਵੀ ਕਿਉਂ ਨਾ ਲਗਾਏ ਹੋਣ। ਹਾਲਾਂਕਿ ਘਰ ਅਤੇ ਆਲੇ-ਦੁਆਲੇ ਸਫ਼ਾਈ ਨਾ ਹੋਣ 'ਤੇ ਸੱਪਾਂ ਦੇ ਆਉਣ ਦੀ ਸੰਭਾਵਨਾ ਨੂੰ ਰੱਦ ਨਹੀਂ ਕੀਤਾ ਜਾ ਸਕਦਾ।"

ਉਨ੍ਹਾਂ ਸਿੱਟਾ ਕੱਢਿਆ ਕਿ ਪੌਦਿਆਂ ਦੀ ਗੰਧ ਨਾਲੋਂ ਜ਼ਿਆਦਾ ਆਲੇ-ਦੁਆਲੇ ਦਾ ਵਾਤਾਵਰਣ ਹੀ ਸੱਪਾਂ ਨੂੰ ਆਕਰਸ਼ਿਤ ਜਾਂ ਦੂਰ ਕਰਦਾ ਹੈ। ਇਸ ਲਈ ਜੇਕਰ ਪੌਦਿਆਂ ਦੇ ਆਲੇ-ਦੁਆਲੇ ਦਾ ਖੇਤਰ ਸਾਫ਼-ਸੁਥਰਾ ਰੱਖਿਆ ਜਾਵੇ ਤਾਂ ਸੱਪਾਂ ਦੇ ਆਉਣ ਦੀ ਸੰਭਾਵਨਾ ਬਹੁਤ ਘੱਟ ਜਾਂਦੀ ਹੈ।"

ਸੱਪ ਦੀ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪੌਦਿਆਂ ਦੀ ਗੰਧ ਨਾਲੋਂ ਜ਼ਿਆਦਾ ਆਲੇ-ਦੁਆਲੇ ਦਾ ਵਾਤਾਵਰਣ ਹੀ ਸੱਪਾਂ ਨੂੰ ਆਕਰਸ਼ਿਤ ਜਾਂ ਦੂਰ ਕਰਦਾ ਹੈ

ਕੀ ਪੌਦਿਆਂ ਤੇ ਸੱਪਾਂ ਦਾ ਆਪਸ 'ਚ ਕੋਈ ਸੰਬੰਧ ਹੈ?

ਡਾ. ਜੇ ਪ੍ਰਕਾਸ਼ ਰਾਓ ਨੇ ਬੀਬੀਸੀ ਨੂੰ ਦੱਸਿਆ, "ਕੋਈ ਖਾਸ ਪੌਦਾ ਅਜਿਹਾ ਨਹੀਂ ਹੈ ਜੋ ਸੱਪਾਂ ਨੂੰ ਸਿੱਧੇ ਤੌਰ 'ਤੇ ਆਕਰਸ਼ਿਤ ਕਰਦਾ ਹੋਵੇ। ਇਸੇ ਤਰ੍ਹਾਂ ਇਸ ਗੱਲ ਦਾ ਵੀ ਕੋਈ ਵਿਗਿਆਨਕ ਸਬੂਤ ਨਹੀਂ ਹੈ ਕਿ ਸੱਪ ਕਿਸੇ ਖਾਸ ਪੌਦੇ ਦੀ ਮੌਜੂਦਗੀ ਕਾਰਨ ਕਿਸੇ ਜਗ੍ਹਾ 'ਤੇ ਨਹੀਂ ਆਉਣਗੇ।"

ਹਾਂ, ਕੁਝ ਪੌਦਿਆਂ ਦੇ ਆਲੇ-ਦੁਆਲੇ ਦਾ ਮਾਹੌਲ ਸੱਪਾਂ ਨੂੰ ਆਕਰਸ਼ਿਤ ਕਰ ਸਕਦਾ ਹੈ ਅਤੇ ਕੁਝ ਪੌਦਿਆਂ ਦੀਆਂ ਖਾਸੀਅਤਾਂ ਜਿਵੇਂ ਤਿੱਖੀ ਬਦਬੂ ਸੱਪਾਂ ਤੇ ਕੀੜੇ-ਮਕੌੜਿਆਂ ਨੂੰ ਦੂਰ ਵੀ ਰੱਖ ਸਕਦੀਆਂ ਹਨ।

ਡਾ ਜੇ ਪ੍ਰਕਾਸ਼ ਰਾਓ ਨੇ ਬੀਬੀਸੀ ਨਾਲ ਗੱਲਬਾਤ ਦੌਰਾਨ ਕਿਹਾ, ''ਕਿਸੇ ਖਾਸ ਸੱਪ ਅਤੇ ਕਿਸੇ ਖਾਸ ਪੌਦੇ ਵਿਚਕਾਰ ਕੋਈ ਵਿਗਿਆਨਕ ਸਬੂਤ ਵਾਲਾ ਸਿੱਧਾ ਸਬੰਧ ਨਹੀਂ ਹੈ।''