ਭਾਈ ਜੈਤਾ ਦੀ ਯਾਦਗਾਰ 'ਚ ਲੱਗੀ ਤਸਵੀਰ 'ਤੇ ਕੀ ਵਿਵਾਦ ਉਪਜਿਆ ਜਿਸ 'ਚ ਸੀਐੱਮ ਤੇ ਜਥੇਦਾਰ ਆਹਮੋ-ਸਾਹਮਣੇ ਹੋਏ

ਭਗਵੰਤ ਮਾਨ

ਤਸਵੀਰ ਸਰੋਤ, Punjab Government

ਤਸਵੀਰ ਕੈਪਸ਼ਨ, ਭਾਈ ਜੀਵਨ ਸਿੰਘ (ਭਾਈ ਜੈਤਾ ਜੀ) ਮੈਮੋਰੀਅਲ ਸ੍ਰੀ ਅਨੰਦਪੁਰ ਸਾਹਿਬ 'ਚ ਬਣਾਇਆ ਗਿਆ ਹੈ
    • ਲੇਖਕ, ਰਾਹੁਲ ਕਾਲਾ
    • ਰੋਲ, ਬੀਬੀਸੀ ਪੱਤਰਕਾਰ

ਸ੍ਰੀ ਗੁਰੂ ਤੇਗ ਬਹਾਦਰ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਸ਼ਹੀਦੀ ਸਮਾਗਮ ਕਰਵਾਏ ਜਾ ਰਹੇ ਹਨ।

ਇਸ ਦੌਰਾਨ ਸ੍ਰੀ ਅਨੰਦਪੁਰ ਸਾਹਿਬ 'ਚ ਭਾਈ ਜੀਵਨ ਸਿੰਘ (ਭਾਈ ਜੈਤਾ ਜੀ) ਮੈਮੋਰੀਅਲ ਅੰਦਰ ਬਣਾਈਆਂ ਗਈਆਂ ਤਸਵੀਰਾਂ ਨੂੰ ਲੈ ਕੇ ਵਿਵਾਦ ਖੜ੍ਹੇ ਹੋਏ ਹਨ।

ਇਸ ਮਸਲੇ ਉੱਤੇ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਸੈਰ ਸਪਾਟਾ ਤੇ ਸੱਭਿਆਚਾਰਕ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਅਤੇ ਇਸੇ ਵਿਭਾਗ ਦੇ ਡਾਇਰੈਕਟਰ ਨੂੰ ਤਲਬ ਕੀਤਾ ਹੈ ਤੇ ਇੱਕ ਹਫ਼ਤੇ ਅੰਦਰ ਲਿਖਤੀ ਜਵਾਬ ਦੇਣ ਲਈ ਕਿਹਾ ਹੈ।

ਅਕਾਲ ਤਖ਼ਤ ਨੇ ਇਸ ਸਬੰਧੀ 18 ਨਵੰਬਰ ਨੂੰ ਹੁਕਮ ਜਾਰੀ ਕੀਤੇ ਸਨ ਜਿਨ੍ਹਾਂ ਵਿੱਚ ਕਿਹਾ ਗਿਆ ਕਿ ਯਾਦਗਾਰ 'ਚ ਬਣਾਈਆਂ ਗਈਆਂ ਤਸਵੀਰਾਂ ਵਿੱਚ ਸਿੱਖ ਸਿਧਾਂਤਾਂ, ਮਰਿਆਦਾ, ਰਵਾਇਤਾਂ ਤੇ ਸਿੱਖ ਭਾਵਨਾਵਾਂ ਦੇ ਖ਼ਿਲਾਫ਼ ਪੇਸ਼ਕਾਰੀ ਕੀਤੀ ਗਈ।

ਇਹ ਸ਼ਿਕਾਇਤ ਕੀਤੀ ਗਈ ਸੀ ਕਿ ਅੰਮ੍ਰਿਤ ਸੰਚਾਰ ਵਾਲੀ ਤਸਵੀਰ ਵੀ ਮਰਿਆਦਾ ਦੇ ਉਲਟ ਬਣਾਈ ਗਈ ਹੈ।

ਇਸ ਮਾਮਲੇ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਸ਼੍ਰੋਮਣੀ ਕਮੇਟੀ 'ਤੇ ਵੀ ਸਵਾਲ ਖੜ੍ਹੇ ਕੀਤੇ ਹਨ।

ਕੀ ਸਨ ਅਕਾਲ ਤਖ਼ਤ ਦੇ ਇਤਰਾਜ਼

ਅਕਾਲ ਤਖ਼ਤ
ਤਸਵੀਰ ਕੈਪਸ਼ਨ, ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਸੈਰ ਸਪਾਟਾ ਤੇ ਸੱਭਿਆਚਾਰਕ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਅਤੇ ਇਸੇ ਵਿਭਾਗ ਦੇ ਡਾਇਰੈਕਟਰ ਨੂੰ ਤਲਬ ਕੀਤਾ ਹੈ

ਪੰਜਾਬ ਸਰਕਾਰ ਨੇ 5 ਅਕਤੂਬਰ 2025 ਨੂੰ ਸ੍ਰੀ ਆਨੰਦਪੁਰ ਸਾਹਿਬ ਵਿੱਚ ਭਾਈ ਜੈਤਾ ਯਾਦਗਾਰ ਹਾਲ ਦਾ ਉਦਘਾਟਨ ਕੀਤਾ ਸੀ। ਇਹ ਯਾਦਗਾਰ ਸਿੱਖ ਇਤਿਹਾਸ ਅਤੇ ਵਿਰਸੇ ਨੂੰ ਸੰਭਾਲਣ ਲਈ ਬਣਾਈ ਗਈ ਹੈ। ਇਹ ਖ਼ਾਸ ਤੌਰ 'ਤੇ ਗੁਰੂ ਤੇਗ ਬਹਾਦਰ ਦੇ 350ਵੇਂ ਸ਼ਹੀਦੀ ਦਿਵਸ ਨੂੰ ਮਨਾਉਣ ਲਈ ਉਲੀਕੇ ਗਏ ਸਮਾਗਮਾਂ ਦਾ ਹਿੱਸਾ ਹੈ।

ਇਸ ਯਾਦਗਾਰੀ ਹਾਲ ਵਿੱਚ ਇੱਕ ਤਸਵੀਰ ਬਣਾਈ ਗਈ ਹੈ ਜਿਸ 'ਤੇ ਸ਼੍ਰੋਮਣੀ ਕਮੇਟੀ ਨੇ ਇਤਰਾਜ਼ ਜਤਾਇਆ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਸ਼ਿਕਾਇਤ ਕੀਤੀ ਹੈ।

ਸ਼੍ਰੋਮਣੀ ਕਮੇਟੀ ਦਾ ਇਤਰਾਜ਼ ਹੈ ਕਿ ਇਸ ਹਾਲ ਵਿੱਚ ਲਗਾਈਆਂ ਗਈਆਂ ਤਸਵੀਰਾਂ ਵਿੱਚੋਂ ਇੱਕ ਤਸਵੀਰ 'ਚ ਗੁਰੂ ਗੋਬਿੰਦ ਸਿੰਘ ਨੂੰ ਜੋੜੇ ਪਹਿਨ ਕੇ ਪੰਜ ਪਿਆਰੇ ਸਾਹਿਬਾਨ ਨੂੰ ਅੰਮ੍ਰਿਤਪਾਨ ਕਰਵਾਉਂਦੇ ਹੋਏ ਦਿਖਾਇਆ ਗਿਆ ਹੈ।

ਇਹ ਵੀ ਕਿਹਾ ਗਿਆ ਹੈ, "ਅੰਮ੍ਰਿਤ ਛਕ ਰਹੇ ਸਿੰਘਾਂ ਨੂੰ ਵੀ ਮਰਿਆਦਾ ਅਨੁਸਾਰ 'ਬੀਰ ਆਸਣ' ਵਿੱਚ ਨਹੀਂ ਦਿਖਾਇਆ ਗਿਆ, ਜੋ ਕਿ ਅੰਮ੍ਰਿਤ ਸੰਚਾਰ ਦੀ ਮਰਿਆਦਾ ਦੇ ਉਲਟ ਹੈ।"

"ਇਸ ਦੇ ਨਾਲ ਹੀ ਤਸਵੀਰ 'ਚ ਅੰਮ੍ਰਿਤ ਦੇ ਬਾਟੇ ਤੇ ਖੰਡੇ ਦੀ ਦਿਖ ਵੀ ਸਿੱਖੀ ਰਵਾਇਤ ਵਾਲੀ ਨਹੀਂ ਦਿਖਾਈ ਗਈ ਅਤੇ ਬਣਾਈਆਂ ਗਈਆਂ ਦੋ ਪਾਲਕੀਆਂ ਤੋਂ ਕੀ ਭਾਵ ਹੈ। ਤਸਵੀਰ ਵਿੱਚ ਬਣਾਇਆ ਗਿਆ ਨਿਸ਼ਾਨ ਸਾਹਿਬ ਵੀ ਸਿੱਖੀ ਰਵਾਇਤਾਂ ਅਨੁਸਾਰ ਨਹੀਂ ਹੈ।''

ਅਕਾਲ ਤਖ਼ਤ ਦੇ ਕੀ ਹੁਕਮ ਹਨ?

ਹਰਜੋਤ ਬੈਂਸ ਅਤੇ ਮੁੱਖ ਮੰਤਰੀ ਪੰਜਾਬ

ਤਸਵੀਰ ਸਰੋਤ, Punjab Government

ਤਸਵੀਰ ਕੈਪਸ਼ਨ, ਹਰਜੋਤ ਬੈਂਸ ਨੂੰ ਵੀ ਅਕਾਲ ਤਖ਼ਤ ਨੇ ਇੱਕ ਮਾਮਲੇ ਵਿੱਚ ਤਲਬ ਕੀਤਾ ਸੀ

ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਇਸ ਮਾਮਲੇ ਵਿੱਚ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਅਤੇ ਸੈਰ ਸਪਾਟਾ ਵਿਭਾਗ ਦੇ ਡਾਇਰੈਕਟਰ ਨੂੰ ਤਲਬ ਕੀਤਾ ਤੇ ਇੱਕ ਹਫ਼ਤੇ ਦੇ ਅੰਦਰ-ਅੰਦਰ ਲਿਖਤੀ ਸਪੱਸ਼ਟੀਕਰਨ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਦੇਣ ਲਈ ਕਿਹਾ ਹੈ।

ਦੋਵਾਂ ਤੋਂ ਇਸ ਬਾਰੇ ਵੀ ਪੁੱਛਿਆ ਗਿਆ ਹੈ ਕਿ ਮੈਮੋਰੀਅਲ ਨੂੰ ਅੰਤਿਮ ਰੂਪ ਦੇਣ ਵਿੱਚ ਕਿਸ-ਕਿਸ ਦੀ ਸ਼ਮੂਲੀਅਤ ਰਹੀ ਹੈ।

ਇਹ ਵੀ ਪੜ੍ਹੋ-

ਤਸਵੀਰਾਂ ਦੀ ਮਰਿਆਦਾ ਕਿੰਨਾ ਵੱਡਾ ਮੁੱਦਾ?

ਸਿੱਖ ਬੁੱਧੀਜੀਵੀ ਖੁਸ਼ਹਾਲ ਸਿੰਘ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਕਿਹਾ, "ਤਸਵੀਰਾਂ ਦੀ ਮਰਿਆਦਾ ਦਾ ਮਸਲਾ ਸਿਧਾਂਤਕ ਮੁੱਦਾ ਨਹੀਂ ਹੈ। ਸ਼੍ਰੋਮਣੀ ਕਮੇਟੀ ਜਦੋਂ ਬਣੀ ਤਾਂ ਉਸ ਨੇ ਕਿਸੇ ਵੀ ਗੁਰੂ ਸਾਹਿਬਾਨ ਦੀ ਫ਼ੋਟੋ ਨੂੰ ਮਾਨਤਾ ਨਹੀਂ ਦਿੱਤੀ ਸੀ।"

"ਸ਼੍ਰੋਮਣੀ ਕਮੇਟੀ ਨੇ ਪਹਿਲੀ ਵਾਰ ਸਾਲ 1966 ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਤਸਵੀਰ ਨੂੰ ਮਾਨਤਾ ਦਿੱਤੀ ਸੀ। ਫਿਰ 1969 ਵਿੱਚ ਗੁਰੂ ਨਾਨਕ ਦੇਵ ਜੀ ਦੇ 500 ਸਾਲਾ ਪ੍ਰਕਾਸ਼ ਪੁਰਬ 'ਤੇ ਸੋਭਾ ਸਿੰਘ ਵੱਲੋਂ ਬਣਾਈ ਗਈ ਪਹਿਲੀ ਪਾਤਸ਼ਾਹੀ ਦੀ ਤਸਵੀਰ ਨੂੰ ਮਾਨਤਾ ਦਿੱਤੀ ਸੀ ਅਤੇ ਇਹ ਫ਼ੈਸਲਾ ਵੀ ਸਿਧਾਂਤਕ ਨਹੀਂ ਸੀ, ਇਹ ਸਿਰਫ਼ ਭਾਵੁਕ ਹੋ ਕੇ ਲਿਆ ਗਿਆ ਸੀ।"

ਖ਼ੁਸ਼ਹਾਲ ਸਿੰਘ ਨੇ ਕਿਹਾ, ''ਸੈਰ ਸਪਾਟਾ ਵਿਭਾਗ ਦੇ ਸਮਾਗਮ 'ਚ ਤਸਵੀਰ ਦਾ ਮੁੱਦਾ ਇੰਨ੍ਹਾ ਗੰਭੀਰ ਨਹੀਂ ਹੈ। ਤਸਵੀਰਾਂ 'ਚ ਕੋਤਾਹੀ ਦਾ ਮੁੱਦਾ ਨਵਾਂ ਨਹੀਂ ਹੈ ਪਹਿਲਾਂ ਵੀ ਹੁੰਦਾ ਰਿਹਾ ਹੈ। ਅਕਾਲ ਤਖ਼ਤ ਸਾਹਿਬ ਫੋਟੋਆਂ ਦੇ ਵਿਵਾਦ 'ਤੇ ਫੈਸਲਾ ਕਰਨ ਲੱਗ ਪਿਆ ਤਾਂ ਅਸੀਂ ਜੋ ਗੁਰੂ ਸਾਹਿਬ ਦੀ ਸ਼ਤਾਬਦੀ ਮਨਾ ਰਹੇ ਹਾਂ, ਉਸ ਦਾ ਸੰਦੇਸ਼ ਦੇਣ ਤੋਂ ਹੀ ਖੁੰਝ ਜਾਵਾਂਗੇ।''

ਗੁਰਚਰਨ ਸਿੰਘ ਗਰੇਵਾਲ

'ਸਰਕਾਰ ਅਣਜਾਣ, ਮਰਿਆਦਾ ਦੀ ਉਲੰਘਣਾ ਹੋਵੇਗੀ ਹੀ'

ਸ਼੍ਰੋਮਣੀ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਦਾ ਕਹਿਣਾ ਹੈ ਕਿ ਅੰਮ੍ਰਿਤ ਸੰਚਾਰ ਅਤੇ ਤਸਵੀਰਾਂ ਦੀ ਮਰਿਆਦਾ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬਣਾਈ ਗਈ ਹੈ। ਜਿਹੜਾ ਇਸ ਦੇ ਉਲਟ ਜਾਂਦਾ ਹੈ ਉਸ ਨੂੰ ਤਲਬ ਕੀਤਾ ਜਾਣਾ ਚਾਹੀਦਾ ਹੈ।

ਉਨ੍ਹਾਂ ਕਿਹਾ, "ਮਰਿਆਦਾ ਦੀ ਉਲੰਘਣਾ ਇੱਕ ਵੱਡਾ ਮੁੱਦਾ ਹੈ। ਪੰਜਾਬ ਸਰਕਾਰ ਜਾਣਬੁੱਝ ਕੇ ਅਜਿਹਾ ਕਰ ਰਹੀ ਹੈ।"

ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਬੀਬੀਸੀ ਨੂੰ ਦੱਸਿਆ, ''ਜਿਹੜੀ ਸਰਕਾਰ ਹੀ ਅਣਜਾਣ ਹੋਵੇ ਤੇ ਜਦੋਂ ਉਹ ਧਾਰਮਿਕ ਸਮਾਗਮ ਕਰਵਾਏ ਤਾਂ ਫਿਰ ਇਸ ਤਰ੍ਹਾਂ ਮਰਿਆਦਾ ਦੀ ਉਲੰਘਣਾ ਹੋਣੀ ਹੀ ਹੈ।''

ਉਨ੍ਹਾਂ ਕਿਹਾ, ''ਧਾਰਮਿਕ ਸਮਾਗਮ ਸ਼੍ਰੋਮਣੀ ਕਮੇਟੀ ਦੇ ਅਧੀਨ ਹੋਣ ਵਾਲੇ ਕਾਰਜ ਹਨ, ਇਸ ਮਸਲੇ ਵਿੱਚ ਪੰਜਾਬ ਸਰਕਾਰ ਦਖਲ ਦੇ ਰਹੀ ਹੈ। ਸਰਕਾਰ ਲੋਕਾਂ ਨੂੰ ਗੁਮਰਾਹ ਕਰ ਰਹੀ ਹੈ। ਐਸਜੀਪੀਸੀ ਵੱਲੋਂ ਕਰਵਾਏ ਜਾਣ ਵਾਲੇ ਸ਼ਹੀਦੀ ਸਮਾਗਮਾਂ ਦੀਆਂ ਤਰੀਕਾਂ ਨੂੰ ਲੈ ਕੇ ਵੀ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਧਾਰਮਿਕ ਸਮਾਗਮ ਸ਼੍ਰੋਮਣੀ ਕਮੇਟੀ ਨਾਲ ਮਿਲ ਕੇ ਹੀ ਕਰੇ।''

ਗੁਰਚਰਨ ਸਿੰਘ ਗਰੇਵਾਲ ਨੇ ਕਿਹਾ, ''ਸਰਕਾਰੀ ਸਮਾਗਮ ਦੀਆਂ ਤਸਵੀਰਾਂ 'ਚ ਗੁਰੂ ਸਾਹਿਬ ਜੀ ਦੇ ਜੋੜਾ ਪਾਇਆ ਹੋਇਆ ਹੈ। ਕੀ ਅੰਮ੍ਰਿਤ ਸੰਚਾਰ ਦੌਰਾਨ ਗੁਰੂ ਸਾਹਿਬ ਜੋੜਾ ਪਹਿਣ ਕੇ ਗੁਰਦੁਆਰਾ ਸਾਹਿਬ ਜਾ ਸਕਦੇ?"

ਮਰਿਆਦਾ ਭੰਗ ਕਰਨ ਵਾਲੇ ਸਾਨੂੰ ਨਾ ਸਿਖਾਉਣ - ਸੀਐੱਮ ਭਗਵੰਤ ਮਾਨ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ

ਤਸਵੀਰ ਸਰੋਤ, Punjab Government

ਤਸਵੀਰ ਕੈਪਸ਼ਨ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ

ਤਲਬ ਕੀਤੇ ਜਾਣ ਦੇ ਫੈਸਲਿਆਂ 'ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

ਭਗਵੰਤ ਮਾਨ ਕਿਹਾ, ''ਮੇਰੇ ਕੋਲ ਜਾਣਕਾਰੀ ਹੈ ਕਿ ਮੈਨੂੰ ਵੀ ਅਕਾਲ ਤਖ਼ਤ ਦੇ ਸਕੱਤਰੇਤ 'ਚ ਬੁਲਾਉਣ ਦੀ ਤਿਆਰੀ ਹੋ ਰਹੀ ਹੈ।''

ਭਗਵੰਤ ਮਾਨ ਨੇ ਅੱਗੇ ਕਿਹਾ ਕਿ ਉਹ ਵੀ ਚਾਹੁੰਦੇ ਹਨ ਕਿ ਉਨ੍ਹਾਂ ਨੂੰ ਸੱਦਿਆ ਜਾਵੇ ਤਾਂ ਜੋ ਉਹ ਜਵਾਬ ਦੇ ਸਕਣ।

ਭਗਵੰਤ ਮਾਨ ਨੇ ਇਲਜ਼ਾਮ ਲਾਉਂਦਿਆਂ ਕਿਹਾ, ''ਹੁਣ ਉਹ ਬੰਦੇ ਮਰਿਆਦਾ ਬਾਰੇ ਦੱਸ ਰਹੇ ਹਨ ਜਿਨ੍ਹਾਂ ਦੀ ਆਪਣੀ ਨਿਯੁਕਤੀ ਵੇਲੇ ਮਰਿਆਦਾ ਭੰਗ ਹੋਈ ਸੀ।''

ਮੁੱਖ ਮੰਤਰੀ ਭਗਵੰਤ ਮਾਨ ਨੂੰ ਸੰਬੋਧਿਤ ਹੁੰਦਿਆਂ ਅਕਾਲ ਤਖ਼ਤ ਦੇ ਜਥੇਦਾਰ ਕੁਲਦੀਪ ਸਿੰਘ ਗੜਗਜ ਨੇ ਕਿਹਾ ਕਿ ਉਹ ਪੰਥ ਨੂੰ ਜਵਾਬਦੇਹ ਹਨ ਨਾ ਕਿ ਸਰਕਾਰ ਨੂੰ।

ਉਨ੍ਹਾਂ ਕਿਹਾ, "ਅਸੀਂ ਇਹ ਨਹੀਂ ਕਹਿੰਦੇ ਕਿ ਸਰਕਾਰਾਂ ਗੁਰਮਤ ਸਮਾਗਮਾਂ ਵਿੱਚ ਨਾ ਆਉਣ ਪਰ ਪੰਥ ਦੇ ਕੰਮਾਂ ਵਿੱਚ ਸਹਿਯੋਗ ਕਰਨ।"

ਪਹਿਲਾਂ ਵੀ ਹੋਇਆ ਸੀ ਵਿਵਾਦ

ਭਾਈ ਜੈਤਾ ਮੈਮੋਰੀਅਲ

ਤਸਵੀਰ ਸਰੋਤ, Punjab Government

24 ਜੁਲਾਈ ਨੂੰ ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਵੱਲੋਂ ਸ੍ਰੀਨਗਰ 'ਚ ਸ਼ਹੀਦੀ ਸਮਾਗਮ ਕਰਵਾਇਆ ਗਿਆ ਸੀ, ਇਹ ਵੀ ਵਿਵਾਦਾਂ 'ਚ ਰਿਹਾ ਸੀ। ਜਿਸ ਕਰਕੇ ਮੰਤਰੀ ਹਰੋਜਤ ਸਿੰਘ ਬੈਂਸ ਅਤੇ ਡਾਇਰੈਕਟਰ ਜਸਵੰਤ ਸਿੰਘ ਜਫ਼ਰ ਨੂੰ ਅਕਾਲ ਤਖ਼ਤ ਸਾਹਿਬ ਵਲੋਂ ਤਲਬ ਕੀਤਾ ਗਿਆ ਸੀ।

ਟੈਗੋਰ ਹਾਲ ਵਿੱਚ ਹੋਏ ਸਮਾਗਮ 'ਚ ਮੁੱਖ ਤੌਰ 'ਤੇ ਪੰਜਾਬੀ ਗਾਇਕ ਬੀਰ ਸਿੰਘ ਨੇ ਪੇਸ਼ਕਾਰੀ ਦਿੱਤੀ ਸੀ ਅਤੇ ਇਸ ਦੌਰਾਨ ਉਨ੍ਹਾਂ ਨੇ ਉੱਥੇ ਇੱਕ ਆਮ ਪੰਜਾਬੀ ਗੀਤ ਵੀ ਗਾਇਆ ਸੀ। ਜਿਸ 'ਤੇ ਕੁਝ ਲੋਕ ਨੱਚਦੇ ਦਿਖਾਈ ਦੇ ਰਹੇ ਸਨ। ਇਸ ਦੀ ਵੀਡੀਓ ਵਾਇਰਲ ਹੋਈ ਸੀ।

ਇਸ ਮੁੱਦੇ 'ਤੇ ਸ਼੍ਰੋਮਣੀ ਕਮੇਟੀ ਨੇ ਇਤਰਾਜ਼ ਜ਼ਾਹਿਰ ਕੀਤਾ ਸੀ ਕਿ ਸ਼ਹੀਦੀ ਸਮਾਗਮ 'ਚ ਸੱਭਿਆਚਾਰਕ ਪੇਸ਼ਕਾਰੀ ਕੀਤੀ ਗਈ ਜਿਸ ਕਰਕੇ ਬੀਰ ਸਿੰਘ ਨੇ ਮੁਆਫ਼ੀ ਮੰਗੀ ਤੇ ਮੰਤਰੀ ਹਰਜੋਤ ਬੈਂਸ ਧਾਰਮਿਕ ਸੇਵਾ ਭੁਗਤੇ ਸਨ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)