ਜਥੇਦਾਰ ਕੁਲਦੀਪ ਸਿੰਘ ਗੜਗੱਜ ਦੇ ਤੈਅ ਸਮੇਂ ਤੋਂ ਪਹਿਲਾਂ ਅਹੁਦਾ ਸੰਭਾਲਣ ਦਾ ਵਿਰੋਧ, ਕੌਣ ਕੀ ਕਹਿ ਰਿਹਾ

ਤਸਵੀਰ ਸਰੋਤ, SAD/BBC
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਨਵੇਂ ਲਾਏ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ 10 ਮਾਰਚ ਨੂੰ ਤੈਅ ਕੀਤੇ ਸਮੇਂ ਤੋਂ ਪਹਿਲਾਂ ਹੀ ਆਪਣਾ ਅਹੁਦਾ ਸੰਭਾਲ ਲਿਆ।
ਉਹਨਾਂ ਨੇ ਸੋਮਵਾਰ ਨੂੰ ਸਵੇਰੇ ਕਰੀਬ 3 ਵਜੇ ਜਥੇਦਾਰ ਵਜੋਂ ਸੇਵਾ ਸੰਭਾਲ ਲਈ ਹੈ। ਹਾਲਾਂਕਿ ਪੰਥਕ ਹਲਕਿਆਂ ਵਿੱਚ ਇਸ ਦਾ ਵਿਰੋਧ ਵੀ ਸ਼ੁਰੂ ਹੋ ਗਿਆ ਹੈ।
ਦੱਸ ਦੇਈਏ ਕਿ ਪਿਛਲੇ ਦਿਨੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਨ੍ਹਾਂ ਨੂੰ ਅਕਾਲ ਤਖ਼ਤ ਸਾਹਿਬ ਦਾ ਕਾਰਜਕਾਰੀ ਜਥੇਦਾਰ ਵੀ ਲਾਇਆ ਹੈ।
ਇਹ ਫੈਸਲਾ, ਅਕਾਲ ਤਖ਼ਤ ਸਾਹਿਬ ਦੇ ਜਥੇਦਾਰ (ਸਾਬਕਾ) ਗਿਆਨੀ ਰਘਬੀਰ ਸਿੰਘ ਅਤੇ ਕੇਸਗੜ੍ਹ ਸਾਹਿਬ ਦੇ ਜਥੇਦਾਰ (ਸਾਬਕਾ) ਗਿਆਨੀ ਸੁਲਤਾਨ ਸਿੰਘ ਨੂੰ ਹਟਾਏ ਜਾਣ ਤੋਂ ਬਾਅਦ ਲਿਆ ਗਿਆ ਸੀ।

ਐੱਸਜੀਪੀਸੀ ਦੀ ਅੰਤ੍ਰਿੰਗ ਕਮੇਟੀ ਵੱਲੋਂ 7 ਮਾਰਚ ਨੂੰ ਗਿਆਨੀ ਰਘਬੀਰ ਸਿੰਘ ਅਤੇ ਗਿਆਨੀ ਸੁਲਤਾਨ ਸਿੰਘ ਨੂੰ ਸੇਵਾ ਮੁਕਤ ਕਰ ਦਿੱਤਾ ਗਿਆ ਸੀ।
ਹੁਣ, ਸੇਵਾ ਸੰਭਾਲ ਸਮਾਗਮ ਛੇਤੀ ਕਰਨ ਬਾਰੇ ਐੱਸਜੀਪੀਸੀ ਨੇ ਕਿਹਾ ਹੈ ਕਿ ਇਹ ਫ਼ੈਸਲਾ ਟਕਰਾਅ ਤੋਂ ਬਚਣ ਲਈ ਲਿਆ ਗਿਆ ਹੈ ਅਤੇ ਮਰਿਆਦਾ ਦੀ ਪਾਲਣਾ ਕੀਤੀ ਗਈ ਹੈ।
ਤੈਅ ਸਮੇਂ ਤੋਂ ਪਹਿਲਾਂ ਹੋਈ ਦਸਤਾਰਬੰਦੀ ਬਾਰੇ ਕੌਣ ਕੀ ਕਹਿ ਰਿਹਾ

ਤਸਵੀਰ ਸਰੋਤ, Bimal Saini/BBC
ਤੈਅ ਸਮੇਂ ਤੋਂ ਪਹਿਲਾਂ ਹੀ ਗਿਆਨੀ ਕੁਲਦੀਪ ਸਿੰਘ ਨੂੰ ਸੇਵਾਵਾਂ ਦਿੱਤੇ ਜਾਣ ਦੇ ਫੈਸਲੇ 'ਤੇ ਹੁਣ ਸਵਾਲ ਵੀ ਚੁੱਕੇ ਜਾ ਰਹੇ ਹਨ।
ਬਾਗ਼ੀ ਅਕਾਲੀ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਦਾ ਕਹਿਣਾ ਹੈ ਕਿ ਰਾਤ ਦੇ ਹਨੇਰੇ ਵਿੱਚ ਇਸ ਤਰ੍ਹਾਂ ਦੀ ਤਾਜਪੋਸ਼ੀ ਤਾਂ ਅੱਜ ਤੱਕ ਹੋਈ ਨਹੀਂ ਤੇ ਨਾ ਹੀ ਹੋਣੀ ਚਾਹੀਦੀ ਹੈ ਬਲਕਿ ਅੱਜ ਤੱਕ ਜਿੰਨੀ ਵਾਰ ਵੀ ਜਥੇਦਾਰ ਸਾਹਿਬਾਨਾਂ ਦੀ ਤਾਜਪੋਸ਼ੀਆਂ ਹੋਈਆਂ ਹਨ ਉਨ੍ਹਾਂ ਵਿੱਚ ਪਹਿਲੀ ਦਸਤਾਰਬੰਦੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਵੱਲੋਂ ਹੁੰਦੀ ਹੈ।
ਫਿਰ ਤਖ਼ਤ ਸਾਹਿਬਾਨ ਦੇ ਜਥੇਦਾਰ ਸਾਹਿਬਾਨਾਂ ਵੱਲੋਂ ਹੁੰਦੀ ਹੈ, ਫਿਰ ਸ਼੍ਰੋਮਣੀ ਕਮੇਟੀ ਵੱਲੋਂ ਹੁੰਦੀ ਹੈ, ਉਸ ਤੋਂ ਹੋਰ ਸਿੱਖ ਸੰਸਥਾਵਾਂ ਤੇ ਟਕਸਾਲਾਂ ਵੱਲੋਂ ਹੁੰਦੀ ਹੈ।
ਉਨ੍ਹਾਂ ਨੇ ਅੱਗੇ ਕਿਹਾ, "ਪਰ ਅੱਜ ਤਾਂ ਇਨ੍ਹਾਂ ਵੱਲੋਂ ਕੋਈ ਵੀ ਨਹੀਂ ਸੀ। ਅੱਜ ਤਾਂ ਇੰਝ ਜਾਪਿਆ ਜਿਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੀਆਂ ਹੀ ਰਵਾਇਤਾਂ ਨੂੰ ਮੰਨਿਆ ਨਹੀਂ।"
"ਜੇ ਉਹ ਟਕਰਾਅ ਟਾਲਣਾ ਚਾਹੁੰਦੇ ਸੀ ਤਾਂ ਉਹ ਇਸ ਪਾਸੇ ਵੱਲ ਤੁਰਦੇ ਹੀ ਨਾ। ਪਹਿਲਾਂ ਆਮ ਸਹਿਮਤੀ ਬਣਾਉਂਦੇ, ਜਿਹੜੀਆਂ ਸੰਸਥਾਵਾਂ ਨੂੰ ਨਰਾਜ਼ਗੀ ਸੀ ਉਨ੍ਹਾਂ ਨਰਾਜ਼ਗੀ ਦੂਰ ਕਰਦੇ, ਉਨ੍ਹਾਂ ਦੀ ਸਹਿਮਤੀ ਬਣਾਉਂਦੇ। ਟਕਰਾਅ ਤਾਂ ਹੀ ਟਲਦੇ ਜੇ ਆਮ ਸਹਿਮਤੀ ਬਣਾਉਂਦੇ ਪਰ ਹੁਣ ਤਾਂ ਟਕਰਾਅ ਹੋਰ ਵਧਾ ਲਿਆ।"

ਉੱਧਰ ਐੱਸਜੀਪੀਸੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਚੋਣ ਮਰਿਆਦਾ ਦੇ ਉਲਟ ਹੋਈ ਹੈ।
ਉਨ੍ਹਾਂ ਦਾ ਕਹਿਣਾ ਹੈ, "ਜੇਕਰ ਤੁਸੀਂ ਉਨ੍ਹਾਂ ਨੂੰ ਇਕੱਲੇ ਹੀ ਭੇਜਣਾ ਸੀ, ਕੌਮ ਦੀ ਪ੍ਰਵਾਨਗੀ ਨਹੀਂ ਲੈਣੀ ਸੀ, ਜਥੇਬੰਦੀਆਂ ਨੂੰ ਨਹੀਂ ਬੁਲਾਉਣਾ ਸੀ ਤਾਂ ਤੁਹਾਨੂੰ ਉੱਥੇ ਬੋਰਡ ਲਗਾਉਣ ਤੇ ਚਿੱਠੀਆਂ ਕੱਢਣ ਦੀ ਕੀ ਲੋੜ ਸੀ ਕਿ ਸਾਰੀਆਂ ਜਥੇਬੰਦੀਆਂ ਪਹੁੰਚੋ।"
"ਉੱਥੇ ਤਾਜਪੋਸ਼ੀ ਸ਼ਬਦ ਕਿਉਂ ਲਿਖਿਆ, ਇਹ ਸੇਵਾ-ਸੰਭਾਲ ਹੁੰਦੀ ਹੈ, ਜਿੱਥੇ ਕਿਸੇ ਤਖ਼ਤ ਦੇ ਜਥੇਦਾਰ ਨੇ ਸੇਵਾ ਸੰਭਾਲਣੀ ਹੁੰਦੀ ਹੈ। ਤਾਜਪੋਸ਼ੀ ਤਾਂ ਰਾਜਿਆਂ-ਮਹਾਰਾਜਿਆਂ ਦੀ ਹੁੰਦੀ ਹੈ। ਪਹਿਲਾਂ ਤਾਂ ਉਨ੍ਹਾਂ ਨੇ ਗ਼ਲਤੀ ਕੀਤੀ।"
ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਨੂੰ ਕੀ ਲੋੜ ਸੀ ਤੜਕੇ ਪੌਣੇ ਤਿੰਨ ਵਜੇ ਉੱਥੇ ਪਹੁੰਚ ਕੇ, ਜਿੱਥੇ ਅਖੰਡ ਪਾਠ ਸਾਹਿਬ ਹੋ ਰਿਹਾ ਹੋਵੇ, ਉੱਥੇ ਮੱਥਾ ਟੇਕ ਕੇ ਤੇ ਉੱਥੋਂ ਹੁਕਮਨਾਮਾ ਚੱਲਦਾ ਲੈ ਕੇ ਤੇ ਫਿਰ ਉਸ ਉੱਤੇ ਦਸਤਾਰ ਦੇ ਦੇਣੀ।

ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਐੱਸਜੀਪੀਸੀ ਦਾ ਇਹ ਫ਼ੈਸਲਾ ਪ੍ਰਵਾਨ ਨਹੀਂ ਹੈ।
ਉਨ੍ਹਾਂ ਕਿਹਾ ਕਿ ਐੱਸਜੀਪੀਸੀ ਨੇ ਬਿਨਾਂ ਪੰਥ ਦੇ ਸੱਦੇ ਤੋਂ ਆਪ ਹੀ ਜਥੇਦਾਰ ਦੀ ਨਿਯੁਕਤੀ ਕੀਤੀ ਹੈ।
ਉਨ੍ਹਾਂ ਸਾਰੇ ਨਿਹੰਗ ਸਿੰਘਾਂ ਨੂੰ ਅਪੀਲ ਕੀਤੀ ਕਿ ਉਹ ਮਰਿਆਦਾ ਦੀ ਪਾਲਣਾ ਕਰਦੇ ਹੋਏ ਤਖਤ ਸ੍ਰੀ ਕੇਸਗੜ੍ਹ ਸਾਹਿਬ ਪਹੁੰਚਣ।
ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਇਸ ਬਾਰੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਗਿਆਨੀ ਕੁਲਦੀਪ ਸਿੰਘ ਦੀ ਦਸਤਾਰਬੰਦੀ ਵਿੱਚ ਮਰਿਆਦਾ ਦੀ ਪਾਲਣਾ ਨਹੀਂ ਹੋਈ।

ਤਸਵੀਰ ਸਰੋਤ, Gyani Harpeet Singh/FB
ਦੂਜੇ ਪਾਸੇ, ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਇਸ ਮਾਮਲੇ ਵਿੱਚ ਮੀਡੀਆ ਨੂੰ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਐੱਸਜੀਪੀਸੀ ਦਾ ਇਹ ਫੈਸਲਾ ਪੰਥ ਦੀ ਚੜ੍ਹਦੀ ਕਲਾ ਲਈ ਦੂਰ ਅੰਦੇਸ਼ੀ ਵਾਲਾ ਫੈਸਲਾ ਹੈ।
ਉਨ੍ਹਾਂ ਨੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਨੂੰ ਵਧਾਈ ਦਿੰਦਿਆਂ ਕਿਹਾ ਕਿ ਜਿਵੇਂ ਉਨ੍ਹਾਂ ਕੌਮ ਨੂੰ ਹਰ ਮਸਲੇ ਤੇ ਸਪੱਸ਼ਟਤਾ ਨਾਲ ਸੰਬੋਧਿਤ ਕਰਦਿਆਂ ਹਰ ਦੁਬਿਧਾ ਨੂੰ ਦੂਰ ਕੀਤਾ ਹੈ, ਉਸ ਨਾਲ ਪੰਥ ਵਿੱਚ ਬਖੇੜਾ ਖੜ੍ਹਾ ਕਰਨ ਦੀ ਸੋਚ ਰੱਖਣ ਵਾਲੀਆਂ ਤਾਕਤਾਂ ਨੂੰ ਵੀ ਜਵਾਬ ਮਿਲਿਆ ਹੈ।

ਤਸਵੀਰ ਸਰੋਤ, SGPC
ਉੱਧਰ ਅਕਾਲ ਤਖ਼ਤ ਨਤਮਸਤਕ ਹੋਣ ਪਹੁੰਚੇ ਕੇਸਗੜ੍ਹ ਦੇ ਨਵੇਂ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਕਿਹਾ, "ਜਿਸ ਨੂੰ ਤੁਸੀਂ ਹਨੇਰਾ ਕਹਿੰਦੇ ਹੋ, ਉਸ ਨੂੰ ਬਾਣੀ ਕਹਿੰਦੀ ਹੈ ʻਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁʼ ਉਸ ਵੇਲੇ ਪੰਜ ਸਿੰਘ ਵੀ ਸਨ ਅਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਵੀ ਸੀ। ਉੱਥੇ ਸੱਚੇ ਪਾਤਸ਼ਾਹ ਦੇ ਪ੍ਰਕਾਸ਼ ਦੀ ਹਾਜ਼ਰੀ ਵਿੱਚ ਪੰਥ ਦੇ ਵਾਲ਼ੀ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਇਸ ਨਿਮਾਣੇ ਸੇਵਕ ਨੂੰ ਸੇਵਾ ਦਾ ਬਲ਼ ਬਖ਼ਸ਼ਿਆ।"
ਵੱਖ-ਵੱਖ ਆਗੂਆਂ ਅਤੇ ਜਥੇਬੰਦੀਆਂ ਵੱਲੋਂ ਐੱਸਜੀਪੀਸੀ ਦਾ ਵਿਰੋਧ

ਤਸਵੀਰ ਸਰੋਤ, Getty Images
ਜਿਸ ਤਰ੍ਹਾਂ ਨਾਲ ਗਿਆਨੀ ਰਘਬੀਰ ਸਿੰਘ ਅਤੇ ਗਿਆਨੀ ਸੁਲਤਾਨ ਸਿੰਘ ਨੂੰ ਜਥੇਦਾਰ ਦੀਆਂ ਸੇਵਾਵਾਂ ਤੋਂ ਮੁਕਤ ਕੀਤਾ ਗਿਆ ਹੈ, ਇਸ ਬਾਰੇ ਵੱਖ-ਵੱਖ ਅਕਾਲੀ ਆਗੂ ਅਤੇ ਜਥੇਬੰਦੀਆਂ ਐੱਸਜੀਪੀਸੀ ਦਾ ਵਿਰੋਧ ਕਰ ਰਹੇ ਹਨ।
ਇਸੇ ਸਿਲਸਿਲੇ ਵਿੱਚ ਨਿਹੰਗ ਜਥੇਬੰਦੀਆਂ ਵੱਲੋਂ ਵੀ 10 ਮਾਰਚ ਨੂੰ ਸਵੇਰੇ 10 ਵਜੇ ਕੁਲਦੀਪ ਸਿੰਘ ਗੜਗੱਜ ਨੂੰ ਸੇਵਾ ਦਿੱਤੇ ਜਾਣ ਦਾ ਵਿਰੋਧ ਕੀਤੇ ਜਾਣ ਦਾ ਐਲਾਨ ਕੀਤਾ ਗਿਆ ਸੀ।
ਹਾਲ ਹੀ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਸਣੇ ਕੁਝ ਹੋਰ ਆਗੂਆਂ ਨੇ ਵੀ ਐਸਜੀਪੀਸੀ ਦੀ ਦੀ ਅੰਤ੍ਰਿੰਗ ਕਮੇਟੀ ਦੇ ਇਸ ਫੈਸਲੇ ਦਾ ਵਿਰੋਧ ਕੀਤਾ ਹੈ।
ਇਨ੍ਹਾਂ ਆਗੂਆਂ ਨੇ ਪ੍ਰੈੱਸ ਨੋਟ ਜਾਰੀ ਕਰਕੇ ਐੱਸਜੀਪੀਸੀ ਦੀ ਅੰਤ੍ਰਿੰਗ ਕਮੇਟੀ ਦੇ ਫ਼ੈਸਲੇ ਨਾਲ ਅਸਹਿਮਤੀ ਪ੍ਰਗਟ ਕਰਦੇ ਹੋਏ ਇਸ ਨੂੰ ਗਲਤ ਕਰਾਰ ਦਿੱਤਾ ਹੈ।
ਦਸਤਾਰਬੰਦੀ ਮਗਰੋਂ ਕੀ ਬੋਲੇ ਨਵੇਂ ਜਥੇਦਾਰ ਗਿਆਨੀ ਕੁਲਦੀਪ ਸਿੰਘ
ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਜਥੇਦਾਰ ਦੀਆਂ ਸੇਵਾਵਾਂ ਸੰਭਾਲਣ ਦੌਰਾਨ ਗਿਆਨੀ ਕੁਲਦੀਪ ਸਿੰਘ ਨੇ ਮੌਜੂਦਾ ਪੰਥਕ ਹਾਲਾਤਾਂ ਦੇ ਮੱਦੇਨਜ਼ਰ ਸਮੂਹ ਸਿੱਖ ਜਗਤ ਨੂੰ ਇੱਕ ਨਿਸ਼ਾਨ ਹੇਠ ਇੱਕਜੁੱਟ ਹੋਣ ਦੀ ਅਪੀਲ ਕੀਤੀ।
ਉਨ੍ਹਾਂ ਸ਼ੁਕਰਾਨਾ ਕੀਤਾ ਕਿ ਇਹ ਉਨ੍ਹਾਂ ਦੇ ਵੱਡੇ ਭਾਗ ਹਨ ਕਿ ਇੱਕ ਸਧਾਰਨ ਸਿੱਖ ਪਰਿਵਾਰ ਵਿੱਚ ਪੈਦਾ ਹੋ ਕੇ ਉਨ੍ਹਾਂ ਨੂੰ ਇੰਨੀ ਵੱਡੀ ਸੇਵਾ ਮਿਲੀ ਹੈ।
ਉਨ੍ਹਾਂ ਕਿਹਾ, 'ਧਾਰਮਿਕ ਤੇ ਸਿਆਸੀ ਤੌਰ 'ਤੇ ਯੋਗ ਅਗਵਾਈ ਦੀ ਘਾਟ ਕਾਰਨ ਮਿਲ ਬੈਠ ਕੇ ਮਸਲਿਆਂ ਨੂੰ ਸੁਲਝਾਉਣ ਦੀ ਥਾਂ ਤੇ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਦੀ ਹੋੜ ਚੱਲ ਰਹੀ ਹੈ । ਅਜਿਹੇ ਸਮੇਂ ਵਿੱਚ ਗੁਰੂ 'ਤੇ ਵਿਸ਼ਵਾਸ ਰੱਖ ਕੇ ਮਿਲ ਬੈਠਣ ਦੇ ਵਸੀਲੇ ਬਣਾਉਣ ਦੀ ਲੋੜ ਹੈ।'

ਤਸਵੀਰ ਸਰੋਤ, Bimal Saini/BBC
ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣਾ ਜੀਵਨ ਪਾਠੀ ਸਿੰਘ ਵਜੋਂ ਸ਼ੁਰੂ ਕਰਕੇ ਫਿਰ ਧਰਮ ਪ੍ਰਚਾਰ ਦੀ ਸੇਵਾ ਨੂੰ ਚੁਣਿਆ ਸੀ ਤੇ ਗੁਰੂ ਪੰਥ ਦੀ ਸੇਵਾ ਦੇ ਵਿੱਚ ਇੱਕ ਪ੍ਰਚਾਰਕ ਵਜੋਂ ਹੀ ਵਿਚਰਦੇ ਰਹਿਣਗੇ।
ਪੰਥ ਨੂੰ ਦਰਪੇਸ਼ ਧਾਰਮਿਕ, ਸਮਾਜਿਕ ਅਤੇ ਸਿਆਸੀ ਮਸਲਿਆਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ 'ਸਾਡੇ ਬਹੁਤੇ ਮਸਲੇ ਗੁਰੂ ਦਰ ਨਾਲੋਂ ਟੁੱਟਣ ਕਾਰਨ ਪੈਦਾ ਹੋਏ ਹਨ। ਇਹ ਫਿਕਰਮੰਦੀ ਦੀ ਗੱਲ ਹੈ ਕਿ ਅੱਜ ਧਾਰਮਿਕ ਤੌਰ 'ਤੇ ਸਿੱਖਾਂ ਵਿੱਚ ਬੇਇਤਫਾਕੀ ਵਾਲਾ ਮਾਹੌਲ ਹੈ।'
ਉਨ੍ਹਾਂ ਕਿਹਾ, 'ਧਾਰਮਿਕ ਤੇ ਸਿਆਸੀ ਤੌਰ 'ਤੇ ਯੋਗ ਅਗਵਾਈ ਦੀ ਘਾਟ ਕਾਰਨ ਮਿਲ ਬੈਠ ਕੇ ਮਸਲਿਆਂ ਨੂੰ ਸੁਲਝਾਉਣ ਦੀ ਥਾਂ ਤੇ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਦੀ ਹੋੜ ਚੱਲ ਰਹੀ ਹੈ । ਅਜਿਹੇ ਬਿਖਮ ਸਮੇਂ ਵਿੱਚ ਗੁਰੂ 'ਤੇ ਵਿਸ਼ਵਾਸ ਰੱਖ ਕੇ ਮਿਲ ਬੈਠਣ ਦੇ ਵਸੀਲੇ ਬਣਾਉਣ ਦੀ ਲੋੜ ਹੈ।'

ਤਸਵੀਰ ਸਰੋਤ, Bimal Saini/BBC
ਉਨ੍ਹਾਂ ਕਿਹਾ ਪੰਜਾਬ ਦੇ ਸਿਆਸਤਦਾਨਾਂ ਨੂੰ ਕਿਸੇ ਡੇਰੇ ਦੀਆਂ ਜਾਂ ਪਰਵਾਸੀਆਂ ਦੀਆਂ ਕੁਝ ਹਜ਼ਾਰ ਵੋਟਾਂ ਦੀ ਤਾਂ ਫਿਕਰ ਹੈ ਪਰ ਇੱਥੇ ਵੱਸਦੇ ਲੱਖਾਂ ਸਿੱਖਾਂ ਦੀਆਂ ਵੋਟ ਨੂੰ ਉਹ ਕਿਸੇ ਖਾਤੇ ਨਹੀਂ ਗਿਣਦੇ। ਇਸ ਦਾ ਵੱਡਾ ਕਾਰਨ ਇਹ ਹੈ ਕਿ ਅਸੀਂ ਬਹੁਤ ਹੀ ਬੁਰੀ ਤਰ੍ਹਾਂ ਵੰਡੇ ਹੋਏ ਹਾਂ।'
ਜਥੇਦਾਰ ਨੇ ਕਿਹਾ ਕਿ ਅਸੀਂ ਮੌਜੂਦਾ ਸਿੱਖ ਸਿਆਸਤਦਾਨਾਂ ਤੋਂ ਵੀ 20ਵੀਂ ਸਦੀ ਦੇ ਅਕਾਲੀ ਲਹਿਰ ਦੇ ਆਗੂਆਂ ਵਾਲੇ ਜੀਵਨ ਅਤੇ ਕਿਰਦਾਰ ਦੀ ਤਵੱਕੋ ਕਰਦੇ ਹਾਂ।
ਪਿਛਲੇ ਸਮੇਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦੇ ਸਬੰਧ ਵਿੱਚ 2 ਦਸੰਬਰ ਨੂੰ ਸਿੰਘ ਸਾਹਿਬਾਨ ਵੱਲੋਂ ਲਏ ਫੈਸਲੇ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ 'ਅਕਾਲ ਤਖ਼ਤ ਸਾਹਿਬ ਤੋਂ ਗੁਰਮਤਿ ਦੀ ਰੋਸ਼ਨੀ ਵਿੱਚ ਨਿਕਲੇ ਹੁਕਮਨਾਮਿਆਂ ਨਾਲ ਕੋਈ ਛੇੜਛਾੜ ਨਹੀਂ ਹੋ ਸਕਦੀ ਅਤੇ ਇਹੀ ਗੱਲ 2 ਦਸੰਬਰ ਨੂੰ ਜਾਰੀ ਹੋਏ ਹੁਕਮਨਾਮਿਆਂ 'ਤੇ ਇੰਨ ਬਿੰਨ ਲਾਗੂ ਹੁੰਦੀ ਹੈ। ਇਸ ਲਈ ਸਬੰਧਿਤ ਧਿਰਾਂ, ਇਸ ਬਾਰੇ ਇੱਕ-ਦੂਜੇ ਪ੍ਰਤੀ ਕੁੜੱਤਣ ਭਰੀ ਬਿਆਨਬਾਜੀ ਤੋਂ ਗ਼ੁਰੇਜ਼ ਕਰਨ।'
ਕੌਣ ਹਨ ਗਿਆਨੀ ਕੁਲਦੀਪ ਸਿੰਘ

ਤਸਵੀਰ ਸਰੋਤ, Ravinder Singh Robin/BBC
ਗਿਆਨੀ ਰਘਬੀਰ ਸਿੰਘ ਤੋਂ ਬਾਅਦ ਗਿਆਨੀ ਕੁਲਦੀਪ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਕਾਰਜਕਾਰੀ ਜਥੇਦਾਰ ਨਿਯੁਕਤ ਕੀਤਾ ਗਿਆ ਹੈ।
40 ਸਾਲਾ ਗਿਆਨੀ ਕੁਲਦੀਪ ਸਿੰਘ ਦਾ ਪੂਰਾ ਨਾਮ ਗਿਆਨੀ ਕੁਲਦੀਪ ਸਿੰਘ ਗੜਗੱਜ ਹੈ।
ਗੁਰਮਤਿ ਦਾ ਤਜ਼ਰਬਾ ਰੱਖਣ ਵਾਲੇ ਗਿਆਨੀ ਕੁਲਦੀਪ ਸਿੰਘ ਦੇ ਪਿਤਾ ਦਾ ਨਾਮ ਸਰਦਾਰ ਨਰਿੰਦਰ ਸਿੰਘ ਹੈ, ਜੋ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਜੱਬੋਵਾਲ ਦੇ ਰਹਿਣ ਵਾਲੇ ਹਨ।
ਗਿਆਨੀ ਕੁਲਦੀਪ ਸਿੰਘ ਲੰਬੇ ਸਮੇਂ ਤੋਂ ਸਿੱਖ ਕਥਾਵਾਚਕ ਵਜੋਂ ਸੇਵਾ ਨਿਭਾ ਰਹੇ ਹਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਵਿਆਖਿਆ ਕਰਦੇ ਰਹੇ ਹਨ।
ਉਹ ਸਿੱਖ ਇਤਿਹਾਸ ਦੇ ਸਰੋਤ ਗ੍ਰੰਥ – ਸ੍ਰੀ ਗੁਰ ਸੂਰਜ ਪ੍ਰਤਾਪ ਗ੍ਰੰਥ, ਪ੍ਰਾਚੀਨ ਪੰਥ ਪ੍ਰਕਾਸ਼ ਆਦਿ ਅਤੇ ਸਿੱਖ ਰਹਿਤ ਮਰਿਆਦਾ ਦੀ ਵੀ ਪੂਰੀ ਵਿਆਖਿਆ ਕਰਦੇ ਹਨ।
ਉਹ ਪਿਛਲੇ 3 ਸਾਲ ਤੋਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਦੀਵਾਨ ਹਾਲ 'ਚ ਵੀ ਕਥਾਵਾਚਕ ਵਜੋਂ ਸੇਵਾ ਨਿਭਾਉਂਦੇ ਰਹੇ ਹਨ।
ਉਨ੍ਹਾਂ ਨੇ ਇਤਿਹਾਸ ਵਿੱਚ ਐੱਮ ਏ ਦੀ ਡਿਗਰੀ ਪ੍ਰਾਪਤ ਕੀਤੀ ਹੋਈ ਹੈ।
ਉਹ ਪਿਛਲੇ 12 ਸਾਲਾਂ ਤੋਂ ਗਰੀਬ ਤੇ ਯਤੀਮ ਬੱਚਿਆਂ ਦੀ ਪੜ੍ਹਾਈ ਅਤੇ ਰਹਿਣ ਬਸੇਰੇ ਦੇ ਉਪਰਾਲੇ ਕਰਦੇ ਰਹੇ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ













