ਅਕਾਲ ਤਖ਼ਤ ਦੇ ਜਥੇਦਾਰ ਨੂੰ ਹਟਾਉਣ ਤੇ ਨਵਾਂ ਕਾਰਜਕਾਰੀ ਜਥੇਦਾਰ ਲਾਏ ਜਾਣ ਉੱਤੇ ਗਿਆਨੀ ਹਰਪ੍ਰੀਤ ਸਿੰਘ ਸਣੇ ਕੌਣ ਕੀ ਕਹਿ ਰਿਹਾ

ਤਸਵੀਰ ਸਰੋਤ, Ravinder Singh Robin/BBC
- ਲੇਖਕ, ਰਵਿੰਦਰ ਸਿੰਘ ਰੌਬਿਨ
- ਰੋਲ, ਬੀਬੀਸੀ ਸਹਿਯੋਗੀ
ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਜਥੇਦਾਰ ਦੇ ਅਹੁਦੇ ਤੋਂ ਸੇਵਾ ਮੁਕਤ ਕਰ ਦਿੱਤਾ ਗਿਆ ਹੈ। ਇਹ ਫੈਸਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਵੱਲੋਂ ਲਿਆ ਗਿਆ ਹੈ।
ਹਰਿਮੰਦਰ ਸਾਹਿਬ ਦੇ ਹੈਡ ਗ੍ਰੰਥੀ ਵਜੋਂ ਗਿਆਨੀ ਰਘਬੀਰ ਸਿੰਘ ਦੀਆਂ ਸੇਵਾਵਾਂ ਜਾਰੀ ਰਹਿਣਗੀਆਂ।
ਦੱਸ ਦੇਈਏ ਕਿ ਗਿਆਨੀ ਰਘਬੀਰ ਸਿੰਘ ਪਹਿਲਾਂ ਤੋਂ ਹੀ ਸ੍ਰੀ ਹਰਿਮੰਦਰ ਸਾਹਿਬ ਦੇ ਹੈਡ ਗ੍ਰੰਥੀ ਦੇ ਤੌਰ 'ਤੇ ਸੇਵਾਵਾਂ ਨਿਭਾ ਰਹੇ ਸਨ, ਅਤੇ ਇਸ ਦੇ ਨਾਲ ਹੀ ਉਨ੍ਹਾਂ ਨੂੰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਅਹੁਦਾ ਵੀ ਸੌਂਪ ਦਿੱਤਾ ਗਿਆ ਸੀ।
ਜਾਣਕਾਰੀ ਮੁਤਾਬਕ, ਗਿਆਨੀ ਰਘਬੀਰ ਸਿੰਘ ਨੂੰ ਸੇਵਾਮੁਕਤ ਕਰਨ ਤੋਂ ਬਾਅਦ ਗਿਆਨੀ ਕੁਲਦੀਪ ਸਿੰਘ ਨੂੰ ਅਕਾਲ ਤਖ਼ਤ ਸਾਹਿਬ ਦਾ ਕਾਰਜਕਾਰੀ ਜਥੇਦਾਰ ਨਿਯੁਕਤ ਕੀਤਾ ਗਿਆ ਹੈ।
ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਦੀ ਜ਼ਿੰਮੇਵਾਰੀ ਬਾਬਾ ਟੇਕ ਸਿੰਘ ਨੂੰ ਸੌਂਪੀ ਗਈ ਹੈ।
ਐੱਸਜੀਪੀਸੀ ਦੇ ਜਨਰਲ ਸਕੱਤਰ ਸ਼ੇਰ ਸਿੰਘ ਮੰਡ ਨੇ ਜਥੇਦਾਰ ਬਦਲੇ ਜਾਣ ਦੇ ਫ਼ੈਸਲੇ ਬਾਰੇ ਕਿਹਾ ਕਿ ਇਹ ਫ਼ੈਸਲਾ ਭਾਰੀ ਬਹੁਮਤ ਨਾਲ ਲਿਆ ਗਿਆ ਹੈ।

ਕੌਣ ਹਨ ਗਿਆਨੀ ਕੁਲਦੀਪ ਸਿੰਘ
ਗਿਆਨੀ ਰਘਬੀਰ ਸਿੰਘ ਤੋਂ ਬਾਅਦ ਗਿਆਨੀ ਕੁਲਦੀਪ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਕਾਰਜਕਾਰੀ ਜਥੇਦਾਰ ਨਿਯੁਕਤ ਕੀਤਾ ਗਿਆ ਹੈ।
40 ਸਾਲਾ ਗਿਆਨੀ ਕੁਲਦੀਪ ਸਿੰਘ ਦਾ ਪੂਰਾ ਨਾਮ ਗਿਆਨੀ ਕੁਲਦੀਪ ਸਿੰਘ ਗੜਗੱਜ ਹੈ।
ਗੁਰਮਤਿ ਦਾ ਤਜ਼ਰਬਾ ਰੱਖਣ ਵਾਲੇ ਗਿਆਨੀ ਕੁਲਦੀਪ ਸਿੰਘ ਦੇ ਪਿਤਾ ਦਾ ਨਾਮ ਸਰਦਾਰ ਨਰਿੰਦਰ ਸਿੰਘ ਹੈ, ਜੋ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਜੱਬੋਵਾਲ ਦੇ ਰਹਿਣ ਵਾਲੇ ਹਨ।
ਗਿਆਨੀ ਕੁਲਦੀਪ ਸਿੰਘ ਲੰਬੇ ਸਮੇਂ ਤੋਂ ਸਿੱਖ ਕਥਾਵਾਚਕ ਵਜੋਂ ਸੇਵਾ ਨਿਭਾ ਰਹੇ ਹਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਵਿਆਖਿਆ ਕਰਦੇ ਰਹੇ ਹਨ।

ਤਸਵੀਰ ਸਰੋਤ, Ravinder Singh Robin/BBC
ਉਹ ਸਿੱਖ ਇਤਿਹਾਸ ਦੇ ਸਰੋਤ ਗ੍ਰੰਥ – ਸ੍ਰੀ ਗੁਰ ਸੂਰਜ ਪ੍ਰਤਾਪ ਗ੍ਰੰਥ, ਪ੍ਰਾਚੀਨ ਪੰਥ ਪ੍ਰਕਾਸ਼ ਆਦਿ ਅਤੇ ਸਿੱਖ ਰਹਿਤ ਮਰਿਆਦਾ ਦੀ ਵੀ ਪੂਰੀ ਵਿਆਖਿਆ ਕਰਦੇ ਹਨ।
ਉਹ ਪਿਛਲੇ 3 ਸਾਲ ਤੋਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਦੀਵਾਨ ਹਾਲ 'ਚ ਵੀ ਕਥਾਵਾਚਕ ਵਜੋਂ ਸੇਵਾ ਨਿਭਾਉਂਦੇ ਰਹੇ ਹਨ।
ਉਨ੍ਹਾਂ ਨੇ ਇਤਿਹਾਸ ਵਿੱਚ ਐੱਮ ਏ ਦੀ ਡਿਗਰੀ ਪ੍ਰਾਪਤ ਕੀਤੀ ਹੋਈ ਹੈ।
ਉਹ ਪਿਛਲੇ 12 ਸਾਲਾਂ ਤੋਂ ਗਰੀਬ ਤੇ ਯਤੀਮ ਬੱਚਿਆਂ ਦੀ ਪੜ੍ਹਾਈ ਅਤੇ ਰਹਿਣ ਬਸੇਰੇ ਦੇ ਉਪਰਾਲੇ ਕਰਦੇ ਰਹੇ ਹਨ।
ਕੀ ਆਇਆ ਪ੍ਰਤੀਕਰਮ

ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਜਥੇਦਾਰ ਨੂੰ ਬਦਲੇ ਜਾਣ 'ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ, "ਪੰਥਕ ਸੰਸਥਾਵਾਂ ਅਤੇ ਸਾਰਿਆਂ ਲਈ ਅੱਜ ਕਲਾ ਦਿਨ ਹੈ। ਦੋ ਤਖਤਾਂ ਦੇ ਜਥੇਦਾਰ ਅੱਜ ਤਬਦੀਲ ਕਰ ਦਿੱਤੇ ਗਏ, ਕਾਰਨ 2 ਦਸੰਬਰ ਨੂੰ ਜਾਰੀ ਕੀਤਾ ਹੁਕਮਨਾਮਾ।"
"ਮੇਰੀ ਕਿਰਦਾਰਕੁਸ਼ੀ ਕਰਨ ਪਿੱਛੇ ਵੀ ਮੁੱਖ ਕਾਰਨ 2 ਦਸੰਬਰ ਵਾਲਾ ਹੁਕਮਨਾਮਾ ਸੀ।"
"ਸਿੱਖ ਇਤਿਹਾਸ 'ਚ ਇੱਕ ਘਟਨਾ ਦਾ ਉਲੇਖ ਮਿਲਦਾ ਹੈ ਜਦੋਂ ਗੁਰੂ ਗੋਬਿੰਦ ਸਿੰਘ ਨੂੰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਖ਼ਬਰ ਮਿਲੀ ਸੀ ਤਾਂ ਉਨ੍ਹਾਂ ਨੇ ਇੱਕ ਸ਼ਬਦ ਕਿਹਾ ਸੀ ਮੂੰਹੋਂ ਕਿ ਅੱਜ ਮੁਗ਼ਲ ਰਾਜ ਦੀ ਜੜ੍ਹ ਪੁੱਟੀ ਗਈ ਹੈ।"
"ਅੱਜ ਸੰਸਥਾਵਾਂ ਦਾ ਦੁਰਉਪਯੋਗ ਕਰਨ ਵਾਲੇ ਪਰਿਵਾਰ ਦੀ ਜੜ੍ਹ ਪੁੱਟੀ ਗਈ। ਬਹੁਤ ਮੰਦਭਾਗਾ ਫ਼ੈਸਲਾ ਸੁਣਨ ਨੂੰ ਮਿਲਿਆ ਹੈ।"

ਤਸਵੀਰ ਸਰੋਤ, Paramjit Singh Sarna/FB
ਸ਼੍ਰੋਮਣੀ ਅਕਾਲੀ ਦਲ ਦੇ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਪਿਛਲੇ ਕੁਝ ਮਹੀਨਿਆਂ ਤੋਂ ਗਿਆਨੀ ਹਰਪ੍ਰੀਤ ਸਿੰਘ ਅਤੇ ਉਨ੍ਹਾਂ ਦੇ ਪ੍ਰਭਾਵ ਹੇਠ ਕੰਮ ਕਰਨ ਵਾਲੇ ਜਥੇਦਾਰ ਮਰਿਆਦਾ ਦਾ ਘਾਣ ਕੀਤਾ ਹੈ।
ਉਨ੍ਹਾਂ ਕਿਹਾ ਕਿ ਨਵੇਂ ਜਥੇਦਾਰਾਂ ਦੀ ਨਿਯੁਕਤੀ ਸੁਆਗਤ ਯੋਗ ਹੈ ।
ਸਰਨਾ ਨੇ ਕਿਹਾ,"ਮੇਰੀ ਸੇਵਾ ਸੰਭਾਲ ਰਹੇ ਸਿੰਘ ਸਾਹਿਬਾਨਾਂ ਨੂੰ ਬੇਨਤੀ ਹੈ ਕਿ ਉਹ ਪੰਥ ਦੀਆਂ ਪਰੰਪਰਾਵਾਂ ਤੇ ਪਹਿਰੇ ਦਿੰਦੇ ਹੋਏ ਜਿੱਥੇ ਕੌਮ ਨੂੰ ਜ਼ਰੂਰੀ ਹੀ ਸਿਧਾਂਤਕ ਅਗਵਾਈ ਦੇਣ ਉਸਦੇ ਨਾਲ ਹੀ ਧਰਮ ਪ੍ਰਚਾਰ ਦੀ ਲਹਿਰ ਨੂੰ ਵੀ ਪ੍ਰਚੰਡ ਕਰਨ।"
'ਇਹ ਪਾਵਰ ਦੀ ਗ਼ਲਤ ਵਰਤੋਂ ਹੈ'

ਬੀਬੀਸੀ ਪੱਤਰਕਾਰ ਅਵਤਾਰ ਸਿੰਘ ਨੇ ਇਸ ਬਾਰੇ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ''ਇਹ ਤਾਂ ਪਾਵਰ ਦੀ ਗਲਤ ਵਰਤੋਂ ਹੈ।''
ਉਨ੍ਹਾਂ ਕਿਹਾ, ''ਇਹ ਆਪਣੀ ਪਾਵਰ ਦਿਖਾ ਰਹੇ ਹਨ। ਇਨ੍ਹਾਂ ਨੂੰ ਲੱਗਦਾ ਹੈ ਕਿ ਸਾਡਾ ਬਹੁਮਤ ਹੈ ਤੇ ਅਸੀਂ ਆਪਣੀ ਮਰਜ਼ੀ ਕਰਾਂਗੇ।''
''ਹੋਰ ਧਰਮਾਂ 'ਚ ਜਿਹੜੇ ਮੁਖੀ ਬਣਦੇ ਹਨ, ਉਨ੍ਹਾਂ ਦੀ ਚੋਣ ਦੇ ਤਰੀਕੇ ਹੋਰ ਹਨ। ਚੋਣਾਂ ਨਾਲ ਸਬੰਧਿਤ ਬੋਰਡ ਬਣਦਾ ਹੈ ਤੇ ਉਸੇ ਮੁਤਾਬਕ ਕੰਮ ਹੁੰਦਾ ਹੈ। ਜਿਵੇਂ ਇਹ ਕਰ ਰਹੇ ਹਨ, ਉਸ ਤਰ੍ਹਾਂ ਤਾਂ ਕੋਈ ਨਹੀਂ ਕਰਦਾ।''
ਉਹ ਕਹਿੰਦੇ ਹਨ ਕਿ ''ਜੇ ਅਕਾਲ ਤਖ਼ਤ ਬਚਾਉਣਾ ਹੈ ਤਾਂ ਉਸ ਦੀ ਨਿਯੁਕਤੀ ਸਬੰਧੀ ਅਥਾਰਿਟੀ ਐੱਸਜੀਪੀਸੀ ਨਾ ਹੋਵੇ।''
ਬੀਬੀਸੀ ਪੱਤਰਕਾਰ ਗੁਰਜੋਤ ਸਿੰਘ ਨੇ ਬਠਿੰਡਾ ਰਹਿੰਦੇ ਲੇਖਕ ਹਰਵਿੰਦਰ ਸਿੰਘ ਨਾਲ ਗੱਲਬਾਤ ਕੀਤੀ। ਉਹ ਦੱਸਦੇ ਹਨ ਕਿ ਕੁਝ ਹੀ ਦਿਨਾਂ ਵਿੱਚ ਤਿੰਨ ਜਥੇਦਾਰਾਂ ਨੂੰ ਫ਼ਾਰਗ ਕੀਤੇ ਜਾਣ ਨਾਲ ਲੋਕਾਂ ਵਿੱਚ ਬਾਦਲ ਪਰਿਵਾਰ ਪ੍ਰਤੀ ਨਾਰਾਜ਼ਗੀ ਹੋਰ ਵਧੇਗੀ।
ਉਹ ਕਹਿੰਦੇ ਹਨ ਕਿ ਅਜਿਹੇ ਫ਼ੈਸਲਿਆਂ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਵੱਕਾਰ ਨੂੰ ਵੀ ਢਾਹ ਲੱਗੇਗੀ।
ਗਿਆਨੀ ਰਘੁਬੀਰ ਸਿੰਘ ਦਾ ਪਿੰਡ ਦੇ ਗੁਰਦੁਆਰੇ ਤੋਂ ਅਕਾਲ ਤਖ਼ਤ ਤੱਕ ਦਾ ਸਫ਼ਰ

ਤਸਵੀਰ ਸਰੋਤ, Ravinder Singh Robin/BBC
- ਰਘਬੀਰ ਸਿੰਘ ਦਾ ਜਨਮ ਪਿੰਡ ਸੁਲਤਾਨ ਵਿੰਡ, ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਵਿੱਚ ਹੋਇਆ।
- ਰਘਬੀਰ ਸਿੰਘ ਆਪਣੀ ਧਾਰਮਿਕ ਰੁਚੀ ਬਾਰੇ ਦੱਸਦਿਆਂ ਕਹਿੰਦੇ ਹਨ, "ਮੈਂ ਪਿੰਡ ਦੇ ਗੁਰਦੁਆਰੇ ਤੋਂ ਹੀ ਪਾਠ ਸੁਣਨਾ ਸ਼ੁਰੂ ਕੀਤਾ ਤੇ ਉਥੋਂ ਹੀ ਕਰਨਾ ਸਿੱਖਿਆ।"
- ਉਨ੍ਹਾਂ ਨੇ 1989 ਵਿੱਚ ਸ਼੍ਰੀ ਹਰਮਿੰਦਰ ਸਾਹਿਬ ਵਿੱਚ ਗ੍ਰੰਥੀ ਵਜੋਂ ਸੇਵਾਵਾਂ ਨਿਭਾਉਣੀਆਂ ਸ਼ੁਰੂ ਕੀਤੀਆਂ।
- 1995 ਵਿੱਚ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਪਿਆਰਿਆਂ ਵਿੱਚ ਸ਼ਾਮਲ ਹੋਏ। ਉਨ੍ਹਾਂ ਪੰਜ ਪਿਆਰਿਆਂ ਵਜੋਂ 2014 ਤੱਕ ਸੇਵਾਵਾਂ ਨਿਭਾਈਆਂ।
- ਉਸ ਤੋਂ ਬਾਅਦ ਲਗਾਤਾਰ ਹੁਣ ਤੱਕ ਦਰਬਾਰ ਸਾਹਿਬ ਵਿਖੇ ਗ੍ਰੰਥੀ ਦੀ ਸੇਵਾ ਨਿਭਾਈ।
- 2017 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਕਾਰਜਕਾਰੀ ਜਥੇਦਾਰ ਵਜੋਂ ਸੇਵਾਵਾਂ ਨਿਭਾਉਣੀਆਂ ਸ਼ੁਰੂ ਕੀਤੀਆਂ।
- ਪੰਜਾਬ ਤੋਂ ਹੋਣ ਵਾਲੇ ਪਰਵਾਸ ਬਾਰੇ ਗੱਲ ਕਰਦਿਆਂ ਰਘਬੀਰ ਸਿੰਘ ਨੇ ਕਿਹਾ, "ਸਰਕਾਰਾਂ ਨੂੰ ਸੁਹਿਰਦ ਹੋਣਾ ਚਾਹੀਦਾ ਹੈ ਅਤੇ ਬੱਚਿਆਂ ਲਈ ਇਥੇ ਹੀ ਰੋਜ਼ਗਾਰ ਦੇ ਵਸੀਲੇ ਬਣਾਉਣੇ ਚਾਹੀਦੇ ਹਨ, ਸਿੱਖਿਆ ਦੇ ਚੰਗੇ ਪ੍ਰਬੰਧ ਹੋਣੇ ਚਾਹੀਦੇ ਹਨ ਤਾਂ ਜੋ ਬੱਚੇ ਇਥੇ ਵੱਡੇ ਅਹੁਦਿਆਂ ਨੂੰ ਹਾਸਿਲ ਕਰਨ ਕਾਬਲ ਬਣਨ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












