ਇੱਕ ਨਾਬਾਲਿਗ ਦੀ ਝੂਠੀ ਗਵਾਹੀ ਕਾਰਨ 3 ਨੌਜਵਾਨ 36 ਸਾਲ ਤੱਕ ਜੇਲ੍ਹ 'ਚ ਰਹੇ, ਕਿਵੇਂ ਸੱਚ ਸਾਹਮਣੇ ਆਇਆ

ਤਸਵੀਰ ਸਰੋਤ, Getty Images
ਰੌਨ ਬਿਸ਼ਪ ਜਾਣਦੇ ਸਨ ਕਿ ਉਹ ਝੂਝ ਬੋਲ ਰਹੇ ਹਨ।
ਉਹ ਸਿਰਫ਼ 14 ਸਾਲਾਂ ਦੇ ਸਨ, ਇੱਕ ਕਤਲ ਕੇਸ ਦੀ ਸੁਣਵਾਈ ਵਿੱਚ ਮੁੱਖ ਗਵਾਹ ਵਜੋਂ ਜੱਜ ਦੇ ਸਾਹਮਣੇ ਖੜ੍ਹੇ ਸੀ। ਇਹ ਕੇਸ ਤਿੰਨ ਕਿਸ਼ੋਰਾਂ ਨਾਲ ਸਬੰਧਤ ਸੀ ਜਿਨ੍ਹਾਂ ਉੱਤੇ ਉਨ੍ਹਾਂ ਦੇ ਸਭ ਤੋਂ ਪਿਆਰੇ ਦੋਸਤ ਡੇਵਿਟ ਡਕੇਟ ਨੂੰ ਨਵੰਬਰ 1983 ਵਿੱਚ ਮਾਰਨ ਦਾ ਦੋਸ਼ ਸੀ।
ਰੌਨ ਬਿਸ਼ਪ ਐਲਫ੍ਰੇਡ ਚੈਸਟਨਟ, ਐਂਡਰਿਊ ਸਟੀਵਰਟ ਅਤੇ ਰੈਨਸਮ ਵਾਟਕਿੰਸ ਦੇ ਖਿਲਾਫ ਗਵਾਹੀ ਦੇ ਰਿਹਾ ਸੀ। ਸਰਕਾਰੀ ਵਕੀਲ ਦਾ ਕੇਸ ਮਜ਼ਬੂਤ ਲੱਗ ਰਿਹਾ ਸੀ ਕਿਉਂਕਿ ਤਿੰਨ ਹੋਰ ਗਵਾਹਾਂ ਨੇ ਵੀ ਉਨ੍ਹਾਂ ਨੂੰ ਦੋਸ਼ੀ ਠਹਿਰਾਇਆ ਸੀ। ਬਿਸ਼ਪ ਡਰ ਰਹੇ ਸਨ ਕਿ ਜੇਕਰ ਉਨ੍ਹਾਂ ਨੇ ਗਵਾਹਾਂ ਦੇ ਦਾਅਵਿਆਂ ਦਾ ਖੰਡਨ ਕੀਤਾ ਤਾਂ ਉਸ ਨਾਲ ਕੀ ਹੋਵੇਗਾ।
ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, "ਜੇ ਮੈਂ ਸੱਚ ਦੱਸਦਾ ਤਾਂ ਮੈਂ ਉਨ੍ਹਾਂ ਸਾਰਿਆਂ ਦੇ ਵਿਰੁੱਧ ਹੁੰਦਾ। ਉਨ੍ਹਾਂ ਕੋਲ ਤਿੰਨ ਗਵਾਹ ਸਨ ਜੋ ਕਹਿ ਰਹੇ ਸਨ ਕਿ ਉਹ ਤਿੰਨੋਂ ਮੁੰਡੇ ਦੋਸ਼ੀ ਹਨ ਅਤੇ ਮੈਂ ਸੋਚਿਆ ਕਿ ਜਿਊਰੀ ਸੋਚੇਗੀ ਕਿ ਮੈਂ ਝੂਠ ਬੋਲ ਰਿਹਾ ਹਾਂ।"
ਉਸ ਦਿਨ ਬਾਲਟੀਮੋਰ ਦੀ ਅਦਾਲਤ ਵਿੱਚ ਬੋਲੇ ਗਏ ਝੂਠਾਂ ਨੇ ਤਿੰਨ ਅਫ਼ਰੀਕੀ ਮੂਲ ਦੇ ਕਿਸ਼ੋਰਾਂ ਨੂੰ ਉਮਰ ਕੈਦ ਦੀ ਸਜ਼ਾ ਦਿਵਾਉਣ ਵਿੱਚ ਮਦਦ ਕੀਤੀ।
ਉਨ੍ਹਾਂ ਦੀ ਸਜ਼ਾ ਨੂੰ ਅਮਰੀਕੀ ਇਤਿਹਾਸ ਵਿੱਚ ਨਿਆਂ ਦੀ ਸਭ ਤੋਂ ਵੱਡੀ ਗਲਤੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।
ਅਗਲੇ 30 ਸਾਲਾਂ ਤੱਕ ਬਿਸ਼ਪ ਨੇ ਆਪਣੇ ਮਨ ਵਿੱਚ ਪਛਤਾਵੇ ਦਾ ਬੋਝ ਝੱਲਿਆ ਕਿਉਂਕਿ ਉਨ੍ਹਾਂ ਨੂੰ ਪਤਾ ਸੀ ਕਿ ਉਸਦੇ ਬੋਲਾਂ ਨੇ ਤਿੰਨ ਬੇਗੁਨਾਹ ਮੁੰਡਿਆਂ ਨੂੰ ਜੇਲ੍ਹ ਭੇਜਿਆ ਸੀ।
ਇੱਕ ਸਕੂਲ ਵਿੱਚ ਕਤਲ

ਤਸਵੀਰ ਸਰੋਤ, Ron Bishop
ਬਾਲਟੀਮੋਰ ਵਿੱਚ ਵੱਡਿਆਂ ਹੁੰਦਿਆਂ ਬਿਸ਼ਪ ਮਹਿਸੂਸ ਕਰਦੇ ਸਨ ਕਿ ਸਕੂਲ ਹੀ ਸਭ ਤੋਂ ਸੁਰੱਖਿਅਤ ਜਗ੍ਹਾ ਹੈ ਜਿੱਥੇ ਉਹ ਰਹਿ ਸਕਦੇ ਸਨ। ਉਨ੍ਹਾਂ ਦੀ ਸੁਰੱਖਿਆ ਦੀ ਭਾਵਨਾ ਨਾਜ਼ੁਕ ਸੀ, ਉਨ੍ਹਾਂ ਦੇ ਵੱਡਾ ਭਰਾ ਕਤਲ ਹੋ ਗਿਆ ਸੀ ਅਤੇ ਕਾਤਲ ਕਦੇ ਨਹੀਂ ਫੜਿਆ ਗਿਆ।
ਸਕੂਲ ਵਿੱਚ ਉਹ ਆਪਣਾ ਜ਼ਿਆਦਾਤਰ ਸਮਾਂ ਦੋ ਪੱਕੇ ਦੋਸਤਾਂ ਨਾਲ ਬਿਤਾਉਂਦੇ ਸਨ ਜਿਨ੍ਹਾਂ ਵਿੱਚੋਂ ਇੱਕ ਡਕੇਟ ਸੀ।
ਬਿਸ਼ਪ ਯਾਦ ਕਰਦੇ ਹਨ, "ਉਹ ਇੱਕ ਸ਼ਾਂਤ, ਸਹਿਜ ਲੜਕਾ ਸੀ, ਅਸੀਂ ਇੱਕ-ਦੂਜੇ ਨੂੰ ਜਾਣਿਆ ਅਤੇ ਫਿਰ ਅਸੀਂ ਇੱਕ ਹੋਰ ਦੋਸਤ ਬਣਾ ਲਿਆ ਜੋ ਉਸੇ ਇਲਾਕੇ ਵਿੱਚ ਵੱਡਾ ਹੋਇਆ ਸੀ।"
ਹਾਰਲੇਮ ਪਾਰਕ ਇੱਕ ਵੱਡਾ ਅਤੇ ਬਹੁਤ ਔਖਾ ਸਕੂਲ ਸੀ। ਇਸ ਲਈ ਇਨ੍ਹਾਂ ਤਿੰਨਾਂ ਨੇ ਵੱਡੀ ਭੀੜ ਤੋਂ ਬਚਣ ਲਈ ਸ਼ਾਰਟਕੱਟ ਲੱਭਣੇ ਸ਼ੁਰੂ ਕਰ ਦਿੱਤੇ ਜਿੱਥੇ ਵਿਦਿਆਰਥੀਆਂ ਵਿਚਕਾਰ ਅਕਸਰ ਸਮੱਸਿਆਵਾਂ ਹੁੰਦੀਆਂ ਸਨ।
ਨਵੰਬਰ 1983 ਵਿੱਚ ਇੱਕ ਦਿਨ ਉਨ੍ਹਾਂ ਨੇ ਉਸੇ ਸ਼ਾਰਟਕੱਟ ਵਿੱਚੋਂ ਇੱਕ ਨੂੰ ਲਿਆ।

ਤਸਵੀਰ ਸਰੋਤ, Ron Bishop
ਬਿਸ਼ਪ ਨੇ ਕਿਹਾ, "ਅਸੀਂ ਗਲਿਆਰੇ ਵਿੱਚੋਂ ਲੰਘ ਰਹੇ ਸੀ, ਉਹੀ ਕਰ ਰਹੇ ਸੀ ਜੋ ਅਸੀਂ ਸਭ ਤੋਂ ਵਧੀਆ ਕਰਦੇ ਸੀ: ਕਹਾਣੀਆਂ ਸੁਣਾਉਣਾ, ਗੱਲਾਂ ਕਰਨਾ, ਅਤੇ ਮਜ਼ਾਕ ਕਰਨਾ। ਉਸੇ ਵੇਲੇ ਮੈਂ ਸੁਣਿਆ ਕਿਸੇ ਨੇ ਕਿਹਾ, 'ਓਏ, ਉਹ ਜੈਕੇਟ ਮੈਨੂੰ ਦੇ!'"
ਡਕੇਟ ਕੋਲ ਉਹ ਚੀਜ਼ ਸੀ ਜੋ ਉਸ ਸਮੇਂ ਬਾਲਟੀਮੋਰ ਖੇਤਰ ਵਿੱਚ ਲਗਭਗ ਹਰ ਕੋਈ ਚਾਹੁੰਦਾ ਸੀ, ਜਾਰਜਟਾਊਨ ਯੂਨੀਵਰਸਿਟੀ ਦੀ ਬਾਸਕਟਬਾਲ ਟੀਮ ਦੀ ਜੈਕੇਟ।
"ਜਦੋਂ ਮੈਂ ਪਿੱਛੇ ਮੁੜਿਆ, ਮੈਂ ਦੇਖਿਆ ਕਿ ਮੇਰੇ ਸਾਹਮਣੇ ਇੱਕ ਬੰਦੂਕ ਸੀ ਅਤੇ ਜਦੋਂ ਮੈਂ ਦੋ ਕਦਮ ਪਿੱਛੇ ਹਟਿਆ ਤਾਂ ਉਸ ਵਿਅਕਤੀ ਨੇ ਬੰਦੂਕ ਨੂੰ ਡਿਵਿਟ ਦੀ ਗਰਦਨ 'ਤੇ ਤਾਣ ਦਿੱਤਾ।"
ਬਿਸ਼ਪ ਅਤੇ ਉਨ੍ਹਾਂ ਦਾ ਦੋਸਤ ਭੱਜ ਪਏ। ਇਸ ਤੋਂ ਬਾਅਦ ਹਫੜਾ-ਦਫੜੀ ਮਚ ਗਈ।
"ਜਦੋਂ ਅਸੀਂ ਗਲਿਆਰਾ ਪਾਰ ਕਰਕੇ ਪੌੜੀਆਂ ਤੋਂ ਹੇਠਾਂ ਗਏ ਤਾਂ ਅਸੀਂ ਗੋਲੀ ਦੀ ਆਵਾਜ਼ ਸੁਣੀ।"
ਬਿਸ਼ਪ ਯਾਦ ਕਰਦੇ ਹਨ ਕਿ ਉਹ ਅਤੇ ਉਨ੍ਹਾਂ ਦਾ ਦੋਸਤ ਉਦੋਂ ਤੱਕ ਭੱਜਦੇ ਰਹੇ ਜਦੋਂ ਤੱਕ ਉਹ ਮੁੱਖ ਕੈਫੇਟੇਰੀਆ ਤੱਕ ਨਹੀਂ ਪਹੁੰਚ ਗਏ। ਜਲਦੀ ਹੀ ਡਿਵਿਟ ਆਪਣੀ ਗਰਦਨ ਫੜ੍ਹ ਕੇ ਅੰਦਰ ਆਇਆ ਅਤੇ ਫਰਸ਼ 'ਤੇ ਡਿੱਗ ਪਿਆ।
ਜਾਂਚ ਸ਼ੁਰੂ ਹੁੰਦੀ ਹੈ

ਤਸਵੀਰ ਸਰੋਤ, Getty Images
ਹਾਲੇ ਦੋਵੇਂ ਮੁੰਡੇ ਸਦਮੇ ਵਿੱਚ ਸਨ। ਉਹ ਘਰ ਚਲੇ ਗਏ, ਉਨ੍ਹਾਂ ਨੂੰ ਪਤਾ ਨਹੀਂ ਸੀ ਕਿ ਡੇਵਿਟ ਡਕੇਟ ਦੀ ਹਾਲਤ ਕਿੰਨੀ ਗੰਭੀਰ ਹੈ।
ਕੁਝ ਘੰਟਿਆਂ ਬਾਅਦ ਪੁਲਿਸ ਉਨ੍ਹਾਂ ਨੂੰ ਲੱਭਦੀ ਹੋਈ ਆਈ।
ਇਹ ਪਹਿਲੀ ਵਾਰ ਸੀ ਜਦ ਰੌਨ ਬਿਸ਼ਪ ਨੂੰ ਪੁਲਿਸ ਸਟੇਸ਼ਨ ਲਿਜਾਇਆ ਗਿਆ। ਉੱਥੇ ਉਸ ਦੀ ਮੁਲਾਕਾਤ ਡਿਟੈਕਟਿਵ ਡੌਨਲਡ ਕਿਨਕੇਡ ਨਾਲ ਹੋਈ।
ਰੌਨ ਬਿਸ਼ਪ ਕਹਿੰਦੇ ਹਨ, "ਉਹ ਇੱਕ ਸੱਚਮੁੱਚ ਚੰਗਾ ਬੰਦਾ ਲੱਗ ਰਿਹਾ ਸੀ। ਉਸਦਾ ਇੱਕ ਖਾਸ ਵੱਖਰਾ ਅੰਦਾਜ਼ ਸੀ, ਇੱਕ ਲੀਡਰਸ਼ਿਪ ਦੀ ਭਾਵਨਾ ਸੀ ਅਤੇ ਉਸਨੇ ਮੈਨੂੰ ਪੂਰੀ ਤਵੱਜੋ ਦਿੱਤੀ ਜਿਸ ਨੇ ਮੈਨੂੰ ਹੈਰਾਨ ਕਰ ਦਿੱਤਾ।"
ਬਿਸ਼ਪ ਨੇ ਸ਼ੱਕੀ ਬਾਰੇ ਵਿਸਥਾਰ ਨਾਲ ਦੱਸਦਿਆਂ ਕਿਹਾ, ''ਉਹ ਉਸ ਨਾਲੋਂ ਲੰਬਾ ਤੇ ਪਤਲਾ ਸੀ, ਸਾਂਵਲੇ ਰੰਗ ਦਾ ਸੀ ਅਤੇ ਉਸਦੀ ਪਤਲੀ ਮੁੱਛ ਸੀ। ਬਿਸ਼ਪ ਨੇ ਉਨ੍ਹਾਂ ਕੱਪੜਿਆਂ ਬਾਰੇ ਵੀ ਦੱਸਿਆ ਜੋ ਉਸ ਨੂੰ ਲੱਗਿਆ ਕਿ ਸ਼ੱਕੀ ਨੇ ਪਾਏ ਹੋਏ ਸਨ।
ਬਿਸ਼ਪ ਯਾਦ ਕਰਦੇ ਹਨ ਕਿ ਨੋਟਸ ਲੈਣ ਤੋਂ ਬਾਅਦ ਕਿਨਕੇਡ ਕਮਰੇ ਵਿੱਚੋਂ ਬਾਹਰ ਚਲੇ ਗਏ। ਜਦੋਂ ਉਹ ਵਾਪਸ ਆਏ ਤਾਂ ਉਨ੍ਹਾਂ ਨੇ ਬਹੁਤ ਹੀ ਦੁਖਦਾਈ ਖ਼ਬਰ ਦਿੱਤੀ ਕਿ ਡਿਵਿਟ ਬਚ ਨਹੀਂ ਸਕਿਆ ਸੀ।
ਉਹ ਕਹਿੰਦੇ ਹਨ, "ਮੈਨੂੰ ਵਿਸ਼ਵਾਸ ਹੀ ਨਹੀਂ ਸੀ ਆ ਰਿਹਾ ਕਿ ਇਹ ਸਭ ਕੀ ਹੋ ਰਿਹਾ ਹੈ। ਇਸ ਬਾਰੇ ਬਿਆਨ ਕਰਨ ਲਈ ਕੋਈ ਸ਼ਬਦ ਨਹੀਂ ਸਨ, ਮੈਨੂੰ ਇੰਝ ਲੱਗਾ ਜਿਵੇਂ ਮੈਂ ਕਿਸੇ ਹੋਰ ਦੁਨੀਆ ਵਿੱਚ ਹਾਂ। ਮੈਂ ਬਸ ਚਾਹੁੰਦਾ ਸੀ ਕਿ ਉਹ ਮੈਨੂੰ ਘਰ ਜਾਣ ਦੇਣ ਅਤੇ ਮੈਂ ਬਿਸਤਰੇ 'ਤੇ ਲੇਟ ਜਾਵਾਂ।"
ਇੱਕ ਤੋਂ ਤਿੰਨ ਸ਼ੱਕੀਆਂ ਤੱਕ ਜਾਂਚ
ਅਗਲੇ ਦਿਨਾਂ ਵਿੱਚ ਤੰਗ-ਪ੍ਰੇਸ਼ਾਨੀ ਵਧਦੀ ਗਈ।
ਬਿਸ਼ਪ ਕਹਿੰਦੇ ਹਨ ਕਿ ਇੱਕ ਸਮੇਂ 'ਤੇ ਡਿਟੈਕਟਿਵ ਇੰਨਾ ਗੁੱਸੇ ਹੋ ਗਿਆ ਕਿ ਉਸਨੇ ਆਪਣੀ ਬੰਦੂਕ ਨਾਲ ਡਰਾਉਣਾ ਸ਼ੁਰੂ ਕਰ ਦਿੱਤਾ।
ਆਖ਼ਰ ਰੌਨ ਬਿਸ਼ਪ ਟੁੱਟ ਗਿਆ। ਉਸ ਨੇ ਕਿਹਾ, "ਜੋ ਵੀ ਤੁਸੀਂ ਕਹੋਗੇ, ਮੈਂ ਉਹੀ ਬੋਲ ਦਿਆਂਗਾ।"
ਪੁੱਛਗਿੱਛ ਖ਼ਤਮ ਹੋਣ ਤੱਕ ਰੌਨ ਨੇ ਇੱਕ ਬਿਆਨ ਉੱਤੇ ਦਸਤਖ਼ਤ ਕਰ ਦਿੱਤੇ ਜਿਸ ਵਿੱਚ ਉਸ ਨੇ ਅਲਫਰੈਡ ਚੈਸਟਨਟ, ਐਂਡਰਿਊ ਸਟੀਵਰਟ ਤੇ ਰੈਨਸਮ ਵਾਟਕਿੰਸ ਦੀ ਆਪਣੇ ਦੋਸਤ ਦੇ ਕਾਤਲਾਂ ਵਜੋਂ ਪਛਾਣ ਕੀਤੀ।
ਉਸੇ ਕਾਗਜ਼ ਕਾਰਨ ਉਨ੍ਹਾਂ ਤਿੰਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਮੁਕੱਦਮਾ ਚਲਾਇਆ ਗਿਆ।
ਬਿਸ਼ਪ ਕਹਿੰਦੇ ਹਨ ਕਿ ਉਸਨੇ ਆਪਣੀ ਮਾਂ ਦੇ ਡਰ ਕਾਰਨ ਅਤੇ ਪੁਲਿਸ ਵੱਲੋਂ ਹੋਰ ਤੰਗ ਪਰੇਸ਼ਾਨ ਕਰਨ ਦੇ ਡਰੋਂ ਆਪਣੇ ਪਰਿਵਾਰ ਨੂੰ ਇਹ ਸਭ ਨਾ ਦੱਸਣ ਦਾ ਫੈਸਲਾ ਕੀਤਾ।

ਤਸਵੀਰ ਸਰੋਤ, Getty Images
ਮੁਕੱਦਮਾ
ਤਿੰਨੋਂ ਨੌਜਵਾਨਾਂ 'ਤੇ ਦੋਸ਼ ਲੱਗਣ ਤੋਂ ਬਾਅਦ ਬਾਲਟੀਮੋਰ ਦੇ ਸਰਕਾਰੀ ਵਕੀਲ ਦੇ ਦਫ਼ਤਰ ਨੇ ਚਾਰ ਗਵਾਹ ਪੇਸ਼ ਕੀਤੇ, ਜੋ ਸਾਰੇ ਨਾਬਾਲਗ ਸਨ, ਜਿਨ੍ਹਾਂ ਵਿੱਚ ਬਿਸ਼ਪ ਵੀ ਸ਼ਾਮਲ ਸਨ।
ਬਿਸ਼ਪ ਨੂੰ ਯਾਦ ਹੈ ਕਿ ਡਿਟੈਕਟਿਵ ਕਿਨਕੇਡ ਅਤੇ ਮੁੱਖ ਸਰਕਾਰੀ ਵਕੀਲ ਨਾਲ ਉਨ੍ਹਾਂ ਦੀ ਪਹਿਲੀ ਮੁਲਾਕਾਤ ਦੌਰਾਨ ਅਧਿਕਾਰੀਆਂ ਨੇ ਗਵਾਹਾਂ ਦੀਆਂ ਕਹਾਣੀਆਂ ਨੂੰ ਮੁੱਖ ਵੇਰਵਿਆਂ ਨਾਲ ਪੂਰੀ ਤਰ੍ਹਾਂ ਮਿਲਾਉਣ ਦੀ ਕੋਸ਼ਿਸ਼ ਕੀਤੀ।
ਜਦ ਰੌਨ ਦੀ ਵਾਰੀ ਆਈ ਤਾਂ ਉਹ ਬੁਰੀ ਤਰ੍ਹਾਂ ਘਬਰਾ ਗਏ ਕਾਫ਼ੀ ਮੁਸ਼ਕਲ ਪੇਸ਼ ਆਈ।
ਉਹ ਪਲ ਬਿਸ਼ਪ ਨੂੰ ਯਾਦ ਹਨ, ਕਹਿੰਦੇ ਹਨ ਕਿ, "ਮੈਂ ਆਪਣੇ ਵਿਚਾਰਾਂ ਨੂੰ ਇਕੱਠੇ ਨਹੀਂ ਕਰ ਸਕਿਆ। ਮੈਂ ਘਬਰਾਇਆ ਹੋਇਆ ਸੀ ਕਿਉਂਕਿ ਉਨ੍ਹਾਂ ਨੇ ਮੈਨੂੰ ਕੁਝ ਅਜਿਹਾ ਯਾਦ ਕਰਨ ਲਈ ਕਿਹਾ ਸੀ ਜੋ ਹੋਇਆ ਹੀ ਨਹੀਂ ਸੀ। ਉਨ੍ਹਾਂ ਨੇ ਮੈਨੂੰ ਝੂਠ ਬੋਲਣ ਲਈ ਕਿਹਾ ਸੀ।"
ਸਹੀ ਕੰਮ ਕਰਨ ਦੀ ਆਖਰੀ ਕੋਸ਼ਿਸ਼ ਵਿੱਚ ਬਿਸ਼ਪ ਨੇ ਆਪਣੇ ਉਸ ਦੋਸਤ ਨਾਲ ਗੱਲਬਾਤ ਕੀਤੀ ਸੀ ਜੋ ਡੇਵਿਟ ਡਕੇਟ ਨੂੰ ਗੋਲੀ ਲੱਗਣ ਵੇਲੇ ਉਸ ਨਾਲ ਮੌਜੂਦ ਸੀ। ਸਮਝੌਤਾ ਹੋਇਆ ਕਿ ਜਦੋਂ ਮੁਕੱਦਮਾ ਸ਼ੁਰੂ ਹੋਵੇਗਾ ਤਾਂ ਉਹ ਅਦਾਲਤ ਵਿੱਚ ਸਭ ਕੁੱਝ ਸੱਚ ਦੱਸ ਦੇਣਗੇ।

ਪਰ ਜਦੋਂ ਉਹ ਦਿਨ ਆਇਆ ਤਾਂ ਕੁਝ ਵੀ ਯੋਜਨਾ ਅਨੁਸਾਰ ਨਹੀਂ ਹੋਇਆ।
ਉਹ ਕਹਿੰਦੇ ਹਨ, "ਮੈਂ ਸਭ ਤੋਂ ਪਹਿਲਾਂ ਗਵਾਹੀ ਦੇਣੀ ਸੀ ਪਰ ਮੇਰੀ ਵਾਰੀ ਅਖ਼ੀਰ ਵਿੱਚ ਆਈ ਅਤੇ ਜਦ ਮੈਂ ਆਪਣੇ ਦੋਸਤ ਨੂੰ ਇਹ ਕਹਿੰਦੇ ਸੁਣਿਆ ਕਿ ਕਤਲ ਤਿੰਨ ਲੋਕਾਂ ਨੇ ਕੀਤਾ ਸੀ ਇੱਕ ਨੇ ਨਹੀਂ, ਤਾਂ ਮੇਰਾ ਹੌਸਲਾ ਟੁੱਟ ਗਿਆ।"
"14 ਸਾਲ ਦੀ ਉਮਰ ਵਿੱਚ ਮੈਂ ਸੋਚਿਆ ਕਿ ਜਿਊਰੀ ਮੈਨੂੰ ਝੂਠਾ ਸਮਝੇਗੀ, ਭਾਵੇਂ ਮੈਂ ਸੱਚ ਬੋਲ ਰਿਹਾ ਸੀ ਅਤੇ ਡਿਟੈਕਟਿਵ ਕਿਨਕੇਡ ਨੇ ਪਹਿਲਾਂ ਹੀ ਮੈਨੂੰ ਧਮਕੀ ਦਿੱਤੀ ਹੋਈ ਸੀ, ਕਿ ਜੇਕਰ ਮੈਂ ਉਨ੍ਹਾਂ ਤਿੰਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਮੇਰੇ 'ਤੇ ਕਾਤਲਾਂ ਦਾ ਸਾਥੀ ਹੋਣ ਦਾ ਇਲਜ਼ਾਮ ਲਗਾ ਦਿੱਤਾ ਜਾਵੇਗਾ।''
ਅਖੀਰ ਵਿੱਚ ਬਿਸ਼ਪ ਨੇ ਅਦਾਲਤ ਵਿੱਚ ਉਨ੍ਹਾਂ ਤਿੰਨਾਂ ਨੂੰ ਕਤਲ ਦੇ ਦੋਸ਼ੀਆਂ ਵਜੋਂ ਪਛਾਣ ਲਿਆ।
ਗਵਾਹੀਆਂ ਅਤੇ ਜਿਊਰੀ ਦੇ ਵਿਚਾਰ-ਵਟਾਂਦਰੇ ਤੋਂ ਬਾਅਦ ਉਨ੍ਹਾਂ ਨੂੰ ਡੇਵਿਟ ਡਕੇਟ ਦੇ ਕਤਲ ਦਾ ਦੋਸ਼ੀ ਠਹਿਰਾਇਆ ਗਿਆ ਅਤੇ ਉਮਰ ਕੈਦ ਦੀ ਸਜ਼ਾ ਸੁਣਾਈ ਗਈ।
ਝੂਠ ਦੀ ਸਜ਼ਾ ਦਾ ਬੋਝ

ਤਸਵੀਰ ਸਰੋਤ, Ron Bishop
ਬਿਸ਼ਪ ਕਹਿੰਦੇ ਹਨ, "ਮੈਨੂੰ ਇਸ ਬੋਝ ਦੇ ਨਾਲ ਜੀਣਾ ਪਿਆ, ਇਹ ਦੇਖ ਕੇ ਕਿ ਕਿਵੇਂ ਇਹ ਮੁੰਡੇ ਬਾਕੀ ਦੀ ਜ਼ਿੰਦਗੀ ਹੁਣ ਜੇਲ੍ਹ 'ਚ ਕੱਟਣਗੇ। ਉਨ੍ਹਾਂ ਨੂੰ ਮੈਰੀਲੈਂਡ ਸਟੇਟ ਜੇਲ੍ਹ ਭੇਜਿਆ ਜਾ ਰਿਹਾ ਸੀ,ਜੋ ਕਾਫ਼ੀ ਬਦਨਾਮ ਜੇਲ੍ਹ ਹੈ। ਜਿੱਥੇ ਉਨ੍ਹਾਂ ਨੂੰ ਕਾਤਲਾਂ ਨਾਲ ਸੈੱਲ ਸਾਂਝੇ ਕਰਨੇ ਪੈਂਦੇ ਸਨ ਅਤੇ ਉਹ ਸਿਰਫ਼ 16 ਅਤੇ 17 ਸਾਲ ਦੇ ਸਨ।"
ਮੁਕਦਮੇ ਨਾਲ ਤਕਲੀਫ਼ ਖ਼ਤਮ ਨਹੀਂ ਹੋਈ।
ਬਿਸ਼ਪ ਯਾਦ ਕਰਦੇ ਹਨ, "ਤੁਸੀਂ ਕਿਸੇ 'ਤੇ ਭਰੋਸਾ ਨਹੀਂ ਕਰਦੇ। ਤੁਹਾਨੂੰ ਪਤਾ ਹੈ ਉਹ ਨਿਰਦੋਸ਼ ਹਨ ਅਤੇ ਪਤਾ ਹੈ ਕਿ ਅਸਲ ਕਾਤਲ ਕਿਤੇ ਬਾਹਰ ਘੁੰਮ ਰਿਹਾ ਹੈ। ਤਾਂ ਹਰ ਵੇਲੇ ਡਰ ਲੱਗਿਆ ਰਹਿੰਦਾ ਸੀ ਕਿ ਕੀ ਕੋਈ ਮੇਰੇ ਪਿੱਛੇ ਆਵੇਗਾ? ਮੈਨੂੰ ਵੀ ਮਾਰ ਦੇਵੇਗਾ?"
ਇਸ ਭਾਰ ਦੇ ਬਾਵਜੂਦ ਬਿਸ਼ਪ ਨੇ ਆਪਣੀ ਸਕੂਲੀ ਪੜ੍ਹਾਈ ਪੂਰੀ ਕੀਤੀ ਅਤੇ ਮਨੋਵਿਗਿਆਨ ਦੀ ਪੜ੍ਹਾਈ ਕੀਤੀ। ਹਮੇਸ਼ਾ ਇੱਕ ਟੀਚਾ ਮਨ ਵਿੱਚ ਰੱਖਿਆ ਸੀ ਕਿ ਇੱਕ ਦਿਨ ਇਹ ਸੱਚ ਦੱਸਣਾ ਕਿ ਉਸਦੇ ਸਭ ਤੋਂ ਚੰਗੇ ਦੋਸਤ ਦੇ ਕਤਲ ਵਾਲੇ ਦਿਨ ਅਸਲ ਵਿੱਚ ਕੀ ਹੋਇਆ ਸੀ।
ਉਹ ਮੌਕਾ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਬਾਅਦ 2019 ਵਿੱਚ ਆਇਆ। ਅਲਫਰੈਡ ਚੈਸਟਨਟ ਅਤੇ ਉਨ੍ਹਾਂ ਦੀ ਕਾਨੂੰਨੀ ਟੀਮ ਦੀਆਂ ਅਣਥੱਕ ਕੋਸ਼ਿਸ਼ਾਂ ਸਦਕਾ ਕਈ ਗੜਬੜੀਆਂ ਸਾਹਮਣੇ ਆਉਣ ਤੋਂ ਬਾਅਦ ਬਾਲਟੀਮੋਰ ਦੇ ਸਰਕਾਰੀ ਵਕੀਲ ਦੇ ਦਫ਼ਤਰ ਨੇ ਨਵੀਂ ਜਾਂਚ ਸ਼ੁਰੂ ਕੀਤੀ।
ਬਿਸ਼ਪ ਨੂੰ ਬੁਲਾਇਆ ਗਿਆ ਅਤੇ ਉਨ੍ਹਾਂ ਦੀ ਪਹਿਲੀ ਪ੍ਰਤੀਕਿਰਿਆ ਘਬਰਾਹਟ ਵਾਲੀ ਸੀ।
ਉਹ ਕਹਿੰਦੇ ਹਨ, "ਮੈਨੂੰ ਇਹ ਸ਼ੱਕੀ ਲੱਗਿਆ। ਇਹ ਉਹੀ ਦਫ਼ਤਰ ਸੀ ਜਿਸ ਨੇ ਪਹਿਲਾਂ ਮੈਨੂੰ ਝੂਠ ਬੋਲਣ ਲਈ ਕਿਹਾ ਸੀ। ਉਹ ਸਾਰੇ ਪੁਰਾਣੇ ਡਰ ਫਿਰ ਜਾਗ ਪਏ, ਸੋਚਣ ਲੱਗਾ ਕੀ ਹੁਣ ਮੇਰੇ ਉੱਤੇ ਹੀ ਸਾਰਾ ਦੋਸ਼ ਪਾ ਦੇਣਗੇ? ਹੁਣ ਕਿਉਂ?"
ਫਿਰ ਵੀ ਉਸ ਨੇ ਦਫ਼ਤਰ ਜਾਣ ਦਾ ਫੈਸਲਾ ਕੀਤਾ।
"ਮੈਂ ਦਫ਼ਤਰ ਗਿਆ, ਇਸ ਗੱਲ ਨੂੰ ਮੰਨ ਕੇ ਕਿ ਇਸ ਵਾਰ ਮੈਂ ਸੱਚ ਦੱਸਾਂਗਾ, ਭਾਵੇਂ ਮੈਨੂੰ ਜੇਲ੍ਹ ਜਾਣਾ ਪਵੇ।"
ਸਰਕਾਰੀ ਵਕੀਲਾਂ ਲਈ, ਬਿਸ਼ਪ ਦੀ ਗਵਾਹੀ ਗੁੰਮ ਹੋਇਆ ਇੱਕ ਹਿੱਸਾ ਸੀ। ਬਿਸ਼ਪ ਦੇ ਬਿਆਨ ਨੇ ਉਨ੍ਹਾਂ ਨੂੰ ਬਾਕੀ ਤਿੰਨ ਗਵਾਹਾਂ ਦਾ ਪਤਾ ਲਗਾਉਣ ਵਿੱਚ ਮਦਦ ਕੀਤੀ, ਜਿਨ੍ਹਾਂ ਨੇ ਵੀ ਆਪਣੇ ਬਿਆਨ ਵਾਪਸ ਲੈ ਲਏ ਸਨ। ਜਾਂਚ ਤੋਂ ਪਤਾ ਲੱਗਾ ਕਿ ਪੁਲਿਸ ਨੇ ਨਾਬਾਲਗਾਂ 'ਤੇ ਝੂਠੀ ਗਵਾਹੀ ਦੇਣ ਲਈ ਦਬਾਅ ਪਾਇਆ ਅਤੇ ਉਨ੍ਹਾਂ ਨੂੰ ਸਿਖਲਾਈ ਦਿੱਤੀ ਸੀ।
ਇਹ ਵੀ ਪਤਾ ਲੱਗਾ ਕਿ ਤਿੰਨ ਕਾਤਲਾਂ ਵਾਲੀ ਥਿਊਰੀ ਕਾਰਨ ਦੂਜੀ ਸੰਭਾਵਨਾ ਦੀ ਜਾਂਚ ਹੀ ਨਹੀਂ ਕੀਤੀ ਗਈ। ਇੱਕ ਗਵਾਹ ਨੇ ਸ਼ੁਰੂ ਵਿੱਚ ਮਾਈਕਲ ਵਿਲਿਸ ਨਾਮ ਦੇ ਬੰਦੇ ਦੀ ਬਤੌਰ ਕਾਤਲ ਪਛਾਣ ਕੀਤੀ ਸੀ। ਜਿਸ ਨੂੰ ਸਕੂਲ ਦੇ ਕੋਲ ਦੇਖਿਆ ਗਿਆ ਸੀ ਤੇ ਬਾਅਦ ਵਿੱਚ ਜਾਰਜਟਾਊਨ ਜੈਕਟ ਪਹਿਨੇ ਦੇਖਿਆ ਗਿਆ ਸੀ।
ਮਾਈਕਲ ਵਿਲਿਸ 2002 ਵਿੱਚ ਇੱਕ ਗੋਲੀਬਾਰੀ ਦੌਰਾਨ ਮਾਰਿਆ ਗਿਆ ਸੀ। ਉਸਦੀ ਮੌਤ ਨਾਲ ਡੇਵਿਟ ਡਕੇਟ ਦਾ ਕਤਲ ਅਧਿਕਾਰਤ ਤੌਰ 'ਤੇ ਅਣਸੁਲਝਿਆ ਹੀ ਰਹਿ ਗਿਆ।
ਸਿਰਫ਼ ਚਾਰ ਹਫ਼ਤਿਆਂ ਵਿੱਚ ਬਾਲਟੀਮੋਰ ਦੇ ਸਰਕਾਰੀ ਵਕੀਲ ਦੇ ਦਫ਼ਤਰ ਵਿੱਚ ਕੇਸ ਦੀ ਇੰਚਾਰਜ ਯੂਨਿਟ ਨੇ ਪਾਇਆ ਕਿ ਚੈਸਟਨਟ, ਸਟੀਵਰਟ ਅਤੇ ਵਾਟਕਿੰਸ ਨੂੰ ਗਲਤ ਢੰਗ ਨਾਲ ਦੋਸ਼ੀ ਠਹਿਰਾਇਆ ਗਿਆ ਸੀ। 25 ਨਵੰਬਰ 2019 ਨੂੰ, ਉਨ੍ਹਾਂ ਦੀ ਗ੍ਰਿਫ਼ਤਾਰੀ ਤੋਂ 36 ਸਾਲ ਬਾਅਦ ਤਿੰਨੋਂ ਵਿਅਕਤੀਆਂ ਨੂੰ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ।
ਅਕਤੂਬਰ 2023 ਵਿੱਚ ਬਾਲਟੀਮੋਰ ਸ਼ਹਿਰ ਨੇ ਨਿਆਂ ਦੀ ਇਸ ਗੰਭੀਰ ਗਲਤੀ ਲਈ ਇਨ੍ਹਾਂ ਵਿਅਕਤੀਆਂ ਨਾਲ 48 ਮਿਲੀਅਨ ਡਾਲਰ ਦਾ ਮੁਆਵਜ਼ਾ ਦੇਣ ਦਾ ਸਮਝੌਤਾ ਕੀਤਾ।
ਰੌਨ ਲਈ ਉਨ੍ਹਾਂ ਦੀ ਰਿਹਾਈ ਨੇ ਥੋੜ੍ਹੀ ਜਿਹੀ ਰਾਹਤ ਤਾਂ ਦਿੱਤੀ ਪਰ ਸੁਕੂਨ ਨਹੀਂ ਮਿਲਿਆ। ਉਹ ਕਹਿੰਦੇ ਹਨ ਕਿ ਜੇ ਉਹ ਉਨ੍ਹਾਂ ਨਾਲ ਗੱਲ ਕਰ ਸਕਦੇ ਤਾਂ ਉਹ ਮਾਫੀ ਮੰਗਣਗੇ।
ਰੌਨ ਬਿਸ਼ਪ ਨੇ ਕਿਹਾ, "ਮੈਂ ਹਰ ਰੋਜ਼ ਉਨ੍ਹਾਂ ਬਾਰੇ ਸੋਚਦਾ ਹਾਂ, ਕਿ ਉਹ ਪਰਿਵਾਰ ਬਣਾਉਣ ਤੇ ਆਪਣੇ ਬੱਚਿਆਂ ਦੇ ਹੋਣ ਤੋਂ ਵਾਂਝੇ ਰਹਿ ਗਏ ਅਤੇ ਇਹ ਜਾਣ ਕੇ ਕਿ ਆਜ਼ਾਦ ਮਨੁੱਖਾਂ ਵਜੋਂ ਇੱਕ ਵਧੀਆ ਜ਼ਿੰਦਗੀ ਜੀਣ ਤੋਂ ਰੋਕਣ ਵਿੱਚ ਮੇਰੀ ਵੀ ਇੱਕ ਭੂਮਿਕਾ ਸੀ।"
(ਇਹ ਲੇਖ ਬੀਬੀਸੀ ਦੇ ਪੌਡਕਾਸਟ "Lives Less Ordinary" ਦੇ ਇੱਕ ਐਪੀਸੋਡ ਤੇ ਬੀਬੀਸੀ Mundo ਦੀ ਰਿਪੋਰਟਿੰਗ ਉੱਤੇ ਆਧਾਰਿਤ ਹੈ।)
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












