ਹਿਟਲਰ ਦੇ ਡੀਐੱਨਏ ਦੀ ਜਾਂਚ 'ਚ ਦਿਲਚਸਪ ਗੱਲਾਂ ਆਈਆਂ ਸਾਹਮਣੇ, ਪਰ ਕੀ ਮੌਤ ਦੇ 80 ਸਾਲਾਂ ਬਾਅਦ ਇਹ ਜਾਂਚ ਹੋਣੀ ਚਾਹੀਦੀ ਸੀ?

ਤਸਵੀਰ ਸਰੋਤ, Getty Images
- ਲੇਖਕ, ਟਿਫਨੀ ਵਰਥਾਈਮਰ
- ਰੋਲ, ਬੀਬੀਸੀ ਨਿਊਜ਼
ਅਡੌਲਫ ਹਿਟਲਰ ਦੇ ਖੂਨ ਦੇ ਡੀਐੱਨਏ ਵਿਸ਼ਲੇਸ਼ਣ ਨੇ ਤਾਨਾਸ਼ਾਹ ਦੇ ਵੰਸ਼ ਅਤੇ ਸੰਭਾਵਿਤ ਸਿਹਤ ਸਥਿਤੀਆਂ ਬਾਰੇ ਕਈ ਅਸਾਧਾਰਨ ਖੋਜਾਂ ਦਾ ਖੁਲਾਸਾ ਕੀਤਾ ਹੈ।
ਅੰਤਰਰਾਸ਼ਟਰੀ ਮਾਹਰਾਂ ਦੀ ਇੱਕ ਟੀਮ ਦੁਆਰਾ ਕੀਤੀ ਗਈ ਵਿਗਿਆਨਕ ਜਾਂਚ, ਜਿਸ ਵਿੱਚ ਬਹੁਤ ਮਿਹਨਤ ਲੱਗੀ, ਇਸ ਅਫ਼ਵਾਹ ਨੂੰ ਖਾਰਜ ਕਰਨ ਦੇ ਯੋਗ ਹੋ ਗਈ ਹੈ ਕਿ ਕੀ ਹਿਟਲਰ ਯਹੂਦੀ ਵੰਸ਼ ਨਾਲ ਸਬੰਧਿਤ ਸੀ (ਜੋ ਕਿ ਉਹ ਨਹੀਂ ਸੀ) ਅਤੇ ਉਸ ਨੂੰ ਇੱਕ ਜੈਨੇਟਿਕ ਵਿਕਾਰ ਸੀ ਜੋ ਜਿਨਸੀ ਅੰਗਾਂ ਦੇ ਵਿਕਾਸ ਨੂੰ ਪ੍ਰਭਾਵਤ ਕਰਦਾ ਹੈ।
ਇਹ ਸਭ ਉਸ ਪੁਰਾਣੇ ਕੱਪੜੇ ਤੋਂ ਪਤਾ ਲੱਗ ਸਕਿਆ ਹੈ ਜਿਸ 'ਤੇ ਖੂਨ ਲੱਗਿਆ ਹੋਇਆ ਹੈ (ਕਿਹਾ ਜਾਂਦਾ ਹੈ ਕਿ ਉਹ ਹਿਟਲਰ ਦਾ ਖੂਨ ਹੈ)।
ਹਾਲਾਂਕਿ ਕਲਿੱਕਬੇਟ ਸੁਰਖ਼ੀਆਂ ਇਸ ਗੱਲ 'ਤੇ ਕੇਂਦ੍ਰਿਤ ਰਹੀਆਂ ਹਨ ਕਿ ਨਾਜ਼ੀ ਤਾਨਾਸ਼ਾਹ ਦਾ ਜਣਨ ਅੰਗ ਬਹੁਤ ਛੋਟਾ ਸੀ ਅਤੇ ਸਿਰਫ਼ ਇੱਕ ਅੰਡਕੋਸ਼ ਸੀ, ਪਰ ਉਸ ਦੇ ਡੀਐੱਨਏ ਤੋਂ ਸਾਹਮਣੇ ਆਈਆਂ ਖੋਜਾਂ ਵਧੇਰੇ ਗੰਭੀਰ ਹਨ, ਜਿਨ੍ਹਾਂ ਵਿੱਚ ਔਟਿਜ਼ਮ, ਸ਼ਾਈਜ਼ੋਫਰੀਨੀਆ ਅਤੇ ਬਾਈਪੋਲਰ ਡਿਸਆਰਡਰ ਦੀ ਪ੍ਰਵਿਰਤੀ ਲਈ "ਬਹੁਤ ਉੱਚ" ਸਕੋਰ, ਚੋਟੀ ਦੇ 1% ਵਿੱਚ ਨਜ਼ਰ ਆਏ।
ਤਾਂ ਕੀ ਇਸਦਾ ਮਤਲਬ ਹੈ ਕਿ ਉਸ ਨੂੰ ਇਹ ਨਿਊਰੋਲਾਜਿਕਲ ਸਮੱਸਿਆਵਾਂ ਸਨ? ਬਿਲਕੁਲ ਨਹੀਂ, ਮਾਹਰ ਕਹਿੰਦੇ ਹਨ, ਇਹ ਕੋਈ ਨਿਦਾਨ (ਡਾਇਗਨੋਸਿਸ) ਨਹੀਂ ਹੈ।
ਪਰ ਫਿਰ ਵੀ ਇਹ ਖੋਜ ਕਿੰਨੀ ਨੈਤਿਕ ਸੀ ਇਸ ਬਾਰੇ ਚਿੰਤਾਵਾਂ ਉਠਾਈਆਂ ਗਈਆਂ ਹਨ, ਜਿਸ ਨਾਲ ਇਹ ਸਵਾਲ ਉੱਠਿਆ ਹੈ, ਕੀ ਇਹ ਖੋਜ ਕਰਨੀ ਵੀ ਚਾਹੀਦੀ ਸੀ ਜਾਂ ਨਹੀਂ?
ਸ਼ਨੀਵਾਰ ਨੂੰ ਚੈਨਲ 4 'ਤੇ ਖੋਜ ਸਬੰਧੀ ਦਸਤਾਵੇਜ਼ੀ, ਹਿਟਲਰ'ਜ਼ ਡੀਐੱਨਏ: ਬਲੂਪ੍ਰਿੰਟ ਆਫ਼ ਏ ਡਿਕਟੇਟਰ ਦੇ ਪਹਿਲੇ ਕੁਝ ਮਿੰਟਾਂ ਵਿੱਚ ਪ੍ਰੋਫੈਸਰ ਟੂਰੀ ਕਿੰਗ ਕਹਿੰਦੇ ਹਨ, "ਮੈਂ ਇਸ ਬਾਰੇ ਬਹੁਤ ਦੁਖੀ ਸੀ।"
ਜੈਨੇਟਿਕਸ ਮਾਹਰ ਨੇ ਬੀਬੀਸੀ ਨੂੰ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਕਈ ਸਾਲ ਪਹਿਲਾਂ ਇਸ ਪ੍ਰੋਜੈਕਟ ਵਿੱਚ ਹਿੱਸਾ ਲੈਣ ਲਈ ਪਹਿਲੀ ਵਾਰ ਸੰਪਰਕ ਕੀਤਾ ਗਿਆ ਸੀ, ਤਾਂ ਉਹ ਐਡੋਲਫ ਹਿਟਲਰ ਵਰਗੇ ਕਿਸੇ ਵਿਅਕਤੀ ਦੇ ਡੀਐੱਨਏ ਦਾ ਅਧਿਐਨ ਕਰਨ ਦੇ ਸੰਭਾਵੀ ਪ੍ਰਭਾਵਾਂ ਤੋਂ ਬਹੁਤ ਜਾਣੂ ਸੀ।
ਉਨ੍ਹਾਂ ਕਿਹਾ, "ਮੈਨੂੰ ਚੀਜ਼ਾਂ ਨੂੰ ਸਨਸਨੀਖੇਜ਼ ਬਣਾਉਣ ਵਿੱਚ ਦਿਲਚਸਪੀ ਨਹੀਂ ਹੈ।"
ਉਹ ਕਹਿੰਦੇ ਹਨ ਪਰ ਸੰਭਾਵਨਾ ਸੀ ਕਦੇ ਨਾ ਕਦੇ ਕੋਈ ਨਾ ਕੋਈ ਤਾਂ ਅਜਿਹਾ ਕਰੇਗਾ ਹੀ ਅਤੇ ਘੱਟੋ-ਘੱਟ ਉਨ੍ਹਾਂ ਦੀ ਨਿਗਰਾਨੀ ਹੇਠ ਉਹ ਇਹ ਯਕੀਨੀ ਬਣਾ ਸਕਦੇ ਸਨ ਕਿ ਖੋਜ ਅਕਾਦਮਿਕ ਸਖ਼ਤੀ ਨਾਲ ਅਤੇ ਸਾਰੀਆਂ "ਸਾਵਧਾਨੀਆਂ ਅਤੇ ਸੁਰੱਖਿਆ ਦੀਆਂ ਸੀਮਾਵਾਂ" ਅੰਦਰ ਕੀਤੀ ਜਾਵੇ।

ਤਸਵੀਰ ਸਰੋਤ, Gettysburg Museum of History
ਕਿੱਥੋਂ ਲਿਆ ਸੀ ਨਮੂਨਾ
ਪ੍ਰੋਫੈਸਰ ਕਿੰਗ ਹਾਈ-ਪ੍ਰੋਫਾਈਲ ਅਤੇ ਸੰਵੇਦਨਸ਼ੀਲ ਪ੍ਰੋਜੈਕਟਾਂ ਤੋਂ ਅਣਜਾਣ ਨਹੀਂ ਹਨ। ਉਨ੍ਹਾਂ ਨੇ 2012 ਵਿੱਚ ਲੈਸਟਰ ਵਿੱਚ ਇੱਕ ਕਾਰ ਪਾਰਕ ਦੇ ਹੇਠਾਂ ਦੱਬੇ ਹੋਏ ਰਿਚਰਡ III ਦੇ ਪਿੰਜਰ ਦੀ ਪਛਾਣ ਸਥਾਪਤ ਕਰਨ ਲਈ ਜੈਨੇਟਿਕ ਜਾਂਚ ਦੀ ਅਗਵਾਈ ਕੀਤੀ ਸੀ।
ਹਿਟਲਰ ਦੇ ਮਾਮਲੇ ਵਿੱਚ ਕੱਪੜੇ ਦਾ ਖੂਨ ਨਾਲ ਲੱਥਪੱਥ ਨਮੂਨਾ, ਜੋ ਹੁਣ 80 ਸਾਲ ਪੁਰਾਣਾ ਹੈ, ਹਿਟਲਰ ਦੇ ਭੂਮੀਗਤ ਬੰਕਰ ਵਿੱਚ ਸੋਫੇ ਤੋਂ ਕੱਟ ਕੇ ਲਿਆ ਗਿਆ ਸੀ, ਜਿੱਥੇ ਉਸ ਨੇ ਦੂਜੇ ਵਿਸ਼ਵ ਯੁੱਧ ਦੇ ਅੰਤ ਵਿੱਚ ਖੁਦਕੁਸ਼ੀ ਕਰ ਲਈ ਸੀ।
ਬੰਕਰ ਦਾ ਨਿਰੀਖਣ ਕਰਦੇ ਸਮੇਂ, ਅਮਰੀਕੀ ਫੌਜ ਦੇ ਕਰਨਲ ਰੋਸਵੈਲ ਪੀ ਰੋਜ਼ੇਨਗ੍ਰੇਨ ਨੂੰ ਇੱਕ ਵਿਲੱਖਣ ਯੁੱਧ ਟਰਾਫੀ ਪ੍ਰਾਪਤ ਕਰਨ ਦਾ ਮੌਕਾ ਮਿਲਿਆ ਅਤੇ ਉਨ੍ਹਾਂ ਨੇ ਕਪੜੇ ਨੂੰ ਜੇਬ ਵਿੱਚ ਪਾ ਲਿਆ। ਇਹ ਹੁਣ ਫਰੇਮ ਕੀਤਾ ਹੋਇਆ ਹੈ ਅਤੇ ਅਮਰੀਕਾ ਦੇ ਗੈਟਿਸਬਰਗ ਮਿਊਜ਼ੀਅਮ ਆਫ਼ ਹਿਸਟਰੀ ਵਿੱਚ ਪ੍ਰਦਰਸ਼ਿਤ ਕੀਤਾ ਗਿਆ ਹੈ।
ਵਿਗਿਆਨੀਆਂ ਨੂੰ ਵਿਸ਼ਵਾਸ ਹੈ ਕਿ ਇਹ ਅਸਲ ਵਿੱਚ ਹਿਟਲਰ ਦਾ ਖੂਨ ਹੈ, ਕਿਉਂਕਿ ਇੱਕ ਦਹਾਕਾ ਪਹਿਲਾਂ ਇਕੱਠੇ ਕੀਤੇ ਗਏ ਇੱਕ ਮਰਦ ਰਿਸ਼ਤੇਦਾਰ ਦੇ ਡੀਐੱਨਏ ਨਮੂਨੇ ਨਾਲ ਵਾਈ-ਕ੍ਰੋਮੋਸੋਮ ਪੂਰੀ ਤਰ੍ਹਾਂ ਮੇਲ ਖਾ ਗਿਆ ਸੀ।
ਨਤੀਜੇ, ਜੋ ਹੁਣ ਪੀਅਰ ਸਮੀਖਿਆ ਅਧੀਨ ਹਨ, ਸੱਚਮੁੱਚ ਦਿਲਚਸਪ ਹਨ।

ਤਸਵੀਰ ਸਰੋਤ, Tom Barnes/Channel 4
ਹਿਟਲਰ ਯਹੂਦੀ ਵੰਸ਼ ਨਾਲ ਸਬੰਧਤ ਨਹੀਂ ਸੀ
ਇਹ ਪਹਿਲੀ ਵਾਰ ਹੈ ਜਦੋਂ ਹਿਟਲਰ ਦੇ ਡੀਐੱਨਏ ਦੀ ਪਛਾਣ ਕੀਤੀ ਗਈ ਹੈ ਅਤੇ ਇਨ੍ਹਾਂ ਚਾਰ ਸਾਲਾਂ ਦੇ ਦੌਰਾਨ ਵਿਗਿਆਨੀ ਦੁਨੀਆ ਦੇ ਸਭ ਤੋਂ ਭਿਆਨਕ ਜ਼ਾਲਮਾਂ ਵਿੱਚੋਂ ਇੱਕ ਦੀ ਜੈਨੇਟਿਕ ਬਣਤਰ ਨੂੰ ਦੇਖਣ ਲਈ ਇਸਨੂੰ ਕ੍ਰਮਬੱਧ ਕਰਨ ਦੇ ਯੋਗ ਹੋ ਗਏ ਹਨ।
ਮਾਹਰਾਂ ਦਾ ਕਹਿਣਾ ਹੈ ਕਿ ਇਹ ਯਕੀਨੀ ਹੈ ਕਿ ਹਿਟਲਰ ਯਹੂਦੀ ਵੰਸ਼ ਨਾਲ ਸਬੰਧਤ ਨਹੀਂ ਸੀ - ਇੱਕ ਅਫ਼ਵਾਹ ਜੋ 1920 ਦੇ ਦਹਾਕੇ ਤੋਂ ਫੈਲ੍ਹ ਰਹੀ ਸੀ।
ਇੱਕ ਹੋਰ ਮੁੱਖ ਖੋਜ ਇਹ ਹੈ ਕਿ ਉਸਨੂੰ ਕਾਲਮੈਨ ਸਿੰਡਰੋਮ ਸੀ, ਇੱਕ ਜੈਨੇਟਿਕ ਵਿਕਾਰ ਜੋ ਹੋਰ ਚੀਜ਼ਾਂ ਦੇ ਨਾਲ, ਜਵਾਨੀ ਅਤੇ ਜਿਨਸੀ ਅੰਗਾਂ ਦੇ ਵਿਕਾਸ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ। ਖਾਸ ਤੌਰ 'ਤੇ, ਇਹ ਇੱਕ ਮਾਈਕ੍ਰੋਪੈਨਿਸ (ਜਣਨ ਅੰਗ ਦਾ ਛੋਟਾ ਹੋਣਾ ਅਤੇ ਅੰਡਕੋਸ਼ ਸਬੰਧੀ ਦਿੱਕਤ) ਜੋ ਕਿ ਬ੍ਰਿਟਿਸ਼ ਯੁੱਧ ਸਮੇਂ ਹਿਟਲਰ ਬਾਰੇ ਇੱਕ ਹੋਰ ਅਫ਼ਵਾਹ ਸੀ।
ਇਤਿਹਾਸਕਾਰ ਅਤੇ ਪੋਟਸਡੈਮ ਯੂਨੀਵਰਸਿਟੀ ਦੇ ਪ੍ਰੋਫੈਸਰ ਡਾ. ਐਲੇਕਸ ਕੇ, ਜੋ ਕਿ ਦਸਤਾਵੇਜ਼ੀ ਵਿੱਚ ਵੀ ਨਜ਼ਰ ਆਉਂਦੇ ਹਨ, ਨੇ ਕਿਹਾ ਕਿ ਕਾਲਮੈਨ ਸਿੰਡਰੋਮ ਕਾਮਵਾਸਨਾ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ, ਜੋ ਕਿ ਖਾਸ ਤੌਰ 'ਤੇ ਦਿਲਚਸਪ ਹੈ।
ਉਹ ਦੱਸਦੇ ਹਨ, "ਇਹ ਸਾਨੂੰ ਉਸਦੀ ਨਿੱਜੀ ਜ਼ਿੰਦਗੀ ਬਾਰੇ ਬਹੁਤ ਕੁਝ ਦੱਸਦਾ ਹੈ ਜਾਂ ਹੋਰ ਸਪਸ਼ਟ ਕਹੀਏ ਕਿ ਉਸ ਦੀ ਕੋਈ ਨਿੱਜੀ ਜ਼ਿੰਦਗੀ ਹੀ ਨਹੀਂ ਸੀ।"
ਇਤਿਹਾਸਕਾਰਾਂ ਨੇ ਲੰਬੇ ਸਮੇਂ ਤੋਂ ਇਸ ਗੱਲ 'ਤੇ ਬਹਿਸ ਕੀਤੀ ਹੈ ਕਿ ਹਿਟਲਰ ਸਿਆਸਤ ਪ੍ਰਤੀ ਇੰਨਾ ਸਮਰਪਿਤ ਕਿਉਂ ਸੀ ਕਿ "ਕਿਸੇ ਵੀ ਕਿਸਮ ਦੀ ਨਿੱਜੀ ਜ਼ਿੰਦਗੀ ਲਗਭਗ ਸੀ ਹੀ ਨਹੀਂ" ਅਤੇ ਇਹ ਇਸਦੀ ਵਿਆਖਿਆ ਕਰਨ ਵਿੱਚ ਮਦਦ ਕਰ ਸਕਦਾ ਹੈ।

ਹਿਟਲਰ ਦੀ ਮਾਨਸਿਕ ਸਿਹਤ ਬਾਰੇ ਕੀ ਕਹਿੰਦੇ ਹਨ ਨਤੀਜੇ
ਮਾਹਰਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀਆਂ ਖੋਜਾਂ ਦਿਲਚਸਪ ਅਤੇ ਉਪਯੋਗੀ ਹੁੰਦੀਆਂ ਹਨ। ਜਿਵੇਂ ਕਿ ਪ੍ਰੋਫੈਸਰ ਕਿੰਗ ਕਹਿੰਦੇ ਹਨ, ਇਹ "ਇਤਿਹਾਸ ਅਤੇ ਜੈਨੇਟਿਕਸ ਦਾ ਵਿਆਹ" ਕਰਾਉਣ ਵਰਗਾ ਹੈ।
ਹੋਰ ਵੀ ਜ਼ਿਆਦਾ ਜਟਿਲ ਅਤੇ ਵਿਵਾਦ ਭਰੇ ਉਹ ਨਤੀਜੇ ਹਨ ਜੋ ਇਹ ਸੰਕੇਤ ਦਿੰਦੇ ਹਨ ਕਿ ਹਿਟਲਰ ਨੂੰ ਇੱਕ ਜਾਂ ਇੱਕ ਤੋਂ ਵੱਧ ਨਿਊਰੋਡਾਈਵਰਸ ਜਾਂ ਮਾਨਸਿਕ ਸਿਹਤ ਸਮੱਸਿਆਵਾਂ ਹੋ ਸਕਦੀਆਂ ਸਨ।
ਉਸ ਦੇ ਜੀਨੋਮ ਨੂੰ ਦੇਖਦੇ ਹੋਏ ਅਤੇ ਉਸਦੀ ਤੁਲਨਾ ਪਾਲੀਜੈਨਿਕ ਸਕੋਰਾਂ ਨਾਲ ਕਰਦੇ ਹੋਏ, ਖੋਜ ਕਰਨ ਵਾਲਿਆਂ ਨੇ ਪਾਇਆ ਕਿ ਹਿਟਲਰ ਵਿੱਚ ਆਟੀਜ਼ਮ, ਏਡੀਐੱਚਡੀ, ਸਕਿਜੋਫ੍ਰੇਨੀਆ ਅਤੇ ਬਾਈਪੋਲਰ ਡਿਸਆਰਡਰ ਦੇ ਬਹੁਤ ਸੰਕੇਤ ਸਨ।
ਇੱਥੇ ਹੀ ਵਿਗਿਆਨ ਜਟਿਲ ਹੋ ਜਾਂਦਾ ਹੈ।
ਪਾਲੀਜੈਨਿਕ ਸਕੋਰਿੰਗ ਕਿਸੇ ਵਿਅਕਤੀ ਦੇ ਡੀਐੱਨਏ ਨੂੰ ਫਰੋਲਦੀ ਹੈ ਅਤੇ ਇਹ ਹਿਸਾਬ ਕਰਦੀ ਹੈ ਕਿ ਉਹ ਕਿਸ ਹੱਦ ਤੱਕ ਕਿਸੇ ਬਿਮਾਰੀ ਦੇ ਵਿਕਾਸ ਲਈ ਸੰਭਾਵਨਾ ਰੱਖਦੇ ਹਨ।
ਇਹ ਦਿਲ ਦੀ ਬਿਮਾਰੀ ਅਤੇ ਆਮ ਕੈਂਸਰ ਵਰਗੀਆਂ ਸਥਿਤੀਆਂ ਦੀ ਪ੍ਰਵਿਰਤੀ ਦਾ ਪਤਾ ਲਗਾਉਣ ਵਿੱਚ ਲਾਭਦਾਇਕ ਹੋ ਸਕਦੀ ਹੈ। ਪਰ ਇਹ ਉਨ੍ਹਾਂ ਦੇ ਡੀਐੱਨਏ ਦੀ ਤੁਲਨਾ ਵੱਡੇ ਆਬਾਦੀ ਦੇ ਨਮੂਨੇ ਨਾਲ ਕਰਦੀ ਹੈ ਅਤੇ ਇਸ ਲਈ ਜਦੋਂ ਗੱਲ ਕਿਸੇ ਇੱਕ ਵਿਅਕਤੀ ਦੀ ਹੋਵੇ, ਤਾਂ ਇਹ ਨਤੀਜੇ ਕਾਫ਼ੀ ਘੱਟ ਯਕੀਨੀ ਹੋ ਸਕਦੇ ਹਨ।
ਡਾਕਿਊਮੈਂਟਰੀ ਦੌਰਾਨ, ਜਿਸਨੂੰ ਬੀਬੀਸੀ ਨੇ ਵੇਖਿਆ ਹੈ, ਮਾਹਰ ਇਹ ਗੱਲ ਬੜੀ ਸਪਸ਼ਟਤਾ ਨਾਲ ਦੱਸਦੇ ਹਨ ਕਿ ਡੀਐੱਨਏ ਵਿਸ਼ਲੇਸ਼ਣ ਕੋਈ ਨਿਦਾਨ ਨਹੀਂ ਹੈ, ਇਹ ਸਿਰਫ਼ ਪ੍ਰਵਿਰਤੀ ਦਾ ਸੰਕੇਤ ਹੈ। ਇਸ ਦਾ ਇਹ ਅਰਥ ਨਹੀਂ ਕਿ ਹਿਟਲਰ ਨੂੰ ਇਨ੍ਹਾਂ ਵਿੱਚੋਂ ਕੋਈ ਬਿਮਾਰੀ ਸੀ।

ਤਸਵੀਰ ਸਰੋਤ, Getty Images
ਪਰ ਕੁਝ ਜੈਨੇਟਿਕ ਵਿਗਿਆਨੀਆਂ ਨੇ ਚਿੰਤਾ ਜ਼ਾਹਿਰ ਕੀਤੀ ਹੈ ਕਿ ਇਹ ਨਤੀਜੇ ਬਹੁਤ ਜ਼ਿਆਦਾ ਸਰਲੀਕਰਨ ਵਾਲੇ ਹਨ।
ਕਿੰਗਜ਼ ਕਾਲਜ ਲੰਡਨ ਵਿੱਚ ਫੋਰੈਂਸਿਕ ਜੈਨੇਟਿਕਸ ਦੇ ਪ੍ਰੋਫੈਸਰ ਡੇਨਿਸ ਸਿੰਡਰਕੌਂਬ ਕੋਰਟ ਨੂੰ ਲੱਗਦਾ ਹੈ ਕਿ ਉਹ "ਆਪਣੀਆਂ ਧਾਰਨਾਵਾਂ ਵਿੱਚ ਬਹੁਤ ਅੱਗੇ ਵਧ ਗਏ ਹਨ"।
2018 ਵਿੱਚ ਉਸੇ ਖੂਨ ਦੇ ਨਮੂਨੇ ਦੀ ਜਾਂਚ ਕਰਨ ਵਾਲੇ ਪ੍ਰੋਫੈਸਰ ਕੋਰਟ ਨੇ ਬੀਬੀਸੀ ਨੂੰ ਦੱਸਿਆ, "ਚਰਿੱਤਰ ਜਾਂ ਵਿਵਹਾਰ ਦੇ ਮਾਮਲੇ ਵਿੱਚ ਮੈਨੂੰ ਲੱਗਦਾ ਹੈ ਕਿ ਇਹ ਬਹੁਤ ਬੇਕਾਰ ਹੈ।"
ਉਨ੍ਹਾਂ ਨੇ ਕਿਹਾ ਕਿ "ਅਪੂਰਣ ਪ੍ਰਵੇਸ਼" ਕਾਰਨ, ਉਹ ਨਤੀਜਿਆਂ ਦੇ ਆਧਾਰ 'ਤੇ ਕਿਸੇ ਵਿਅਕਤੀ ਵਿੱਚ ਕਿਸੇ ਖ਼ਾਸ ਸਥਿਤੀ ਬਾਰੇ ਕੋਈ ਧਾਰਨਾਵਾਂ ਨਹੀਂ ਬਣਾਉਣਾ ਚਾਹੁੰਦੀ।
ਸਿੱਧੇ ਸ਼ਬਦਾਂ ਵਿੱਚ ਸਾਥੀ ਜੈਨੇਟਿਕਸਿਸਟ ਡਾ. ਸੁੰਧਿਆ ਰਮਨ ਕਹਿੰਦੀ ਹੈ, "ਸਿਰਫ਼ ਇਸ ਲਈ ਕਿ ਕੁਝ ਤੁਹਾਡੇ ਡੀਐੱਨਏ ਵਿੱਚ ਏਨਕੋਡ ਕੀਤਾ ਗਿਆ ਹੈ, ਇਸਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਇਸ ਨੂੰ ਜ਼ਾਹਿਰ ਕਰੋਗੇ।"
ਕੈਮਬ੍ਰਿਜ ਯੂਨੀਵਰਸਿਟੀ ਦੇ ਔਟਿਜ਼ਮ ਰਿਸਰਚ ਸੈਂਟਰ ਦੇ ਡਾਇਰੈਕਟਰ, ਪ੍ਰੋਫੈਸਰ ਸਾਈਮਨ ਬੈਰਨ-ਕੋਹੇਨ, ਦਸਤਾਵੇਜ਼ੀ ਵਿੱਚ ਇਸ ਨੁਕਤੇ ਨੂੰ ਦੁਹਰਾਉਂਦੇ ਹਨ, "ਜੀਵ ਵਿਗਿਆਨ ਤੋਂ ਵਿਵਹਾਰ ਵੱਲ ਜਾਣਾ ਇੱਕ ਵੱਡੀ ਛਾਲ ਹੈ।"
"ਅਜਿਹੇ ਜੈਨੇਟਿਕ ਨਤੀਜਿਆਂ ਨੂੰ ਦੇਖਣ 'ਤੇ ਕਲੰਕ ਲੱਗਣ ਦਾ ਜੋਖ਼ਮ ਰਹਿੰਦਾ ਹੈ। ਲੋਕ ਸੋਚ ਸਕਦੇ ਹਨ, 'ਕੀ ਮੇਰੇ ਨਿਦਾਨ ਦਾ ਸਬੰਧ ਕਿਸੇ ਅਜਿਹੇ ਵਿਅਕਤੀ ਨਾਲ ਹੈ, ਜਿਸਨੇ ਅਜਿਹੇ ਭਿਆਨਕ ਕੰਮ ਕੀਤੇ ਹਨ?'"
ਉਹ ਆਖਦੇ ਹਨ, "ਖ਼ਤਰਾ ਜੈਨੇਟਿਕਸ ਦੇ ਕਾਰਨ ਕਟੌਤੀਵਾਦ (ਰਿਡਕਸ਼ਨਿਜ਼ਮ) ਹੈ।" ਜਦਕਿ ਵਿਚਾਰ ਕਰਨ ਲਈ ਬਹੁਤ ਸਾਰੇ ਹੋਰ ਕਾਰਕ ਵੀ ਹਨ।

ਬ੍ਰਿਟੇਨ ਦੀ ਨੈਸ਼ਨਲ ਔਟਿਸਟਿਕ ਸੋਸਾਇਟੀ ਨੇ ਤੁਰੰਤ ਜਵਾਬ ਦਿੰਦੇ ਹੋਏ ਖੋਜਾਂ ਨੂੰ "ਘਟੀਆ ਹਥਕੰਡਾ" ਕਿਹਾ।
ਖੋਜ ਦੇ ਸਹਾਇਕ ਨਿਰਦੇਸ਼ਕ ਟਿਮ ਨਿਕੋਲਸ ਨੇ ਕਿਹਾ, "ਘਟੀਆ ਵਿਗਿਆਨ ਤੋਂ ਵੀ ਭੈੜਾ, ਅਸੀਂ (ਦਸਤਾਵੇਜ਼ੀ ਵਿੱਚ) ਔਟਿਸਟਿਕ ਲੋਕਾਂ ਦੀਆਂ ਭਾਵਨਾਵਾਂ ਦੀ ਪੂਰੀ ਤਰ੍ਹਾਂ ਅਣਦੇਖੀ ਤੋਂ ਹੈਰਾਨ ਹਾਂ। ਔਟਿਸਟਿਕ ਲੋਕ ਬਿਹਤਰ ਦੇ ਹੱਕਦਾਰ ਹਨ।"
ਬੀਬੀਸੀ ਨੇ ਚੈਨਲ 4 ਅਤੇ ਦਸਤਾਵੇਜ਼ੀ ਬਣਾਉਣ ਵਾਲੀ ਪ੍ਰੋਡਕਸ਼ਨ ਕੰਪਨੀ ਬਲਿੰਕ ਫਿਲਮਜ਼ ਦੇ ਸਾਹਮਣੇ ਚਿੰਤਾਵਾਂ ਰੱਖੀਆਂ।
ਇੱਕ ਬਿਆਨ ਵਿੱਚ ਇਸਨੇ ਸਮਝਾਇਆ ਕਿ ਪ੍ਰੋਫੈਸਰ ਬੈਰਨ-ਕੋਹੇਨ ਵਰਗੇ ਮਾਹਰ "ਇਹ ਸਮਝਾਉਂਦੇ ਹਨ ਕਿ ਇੱਕ ਵਿਅਕਤੀ ਦਾ ਵਿਵਹਾਰ ਕਈ ਕਾਰਕਾਂ ਦਾ ਨਤੀਜਾ ਹੁੰਦਾ ਹੈ, ਨਾ ਸਿਰਫ਼ ਉਨ੍ਹਾਂ ਦੇ ਜੈਨੇਟਿਕਸ, ਸਗੋਂ ਸਭ ਤੋਂ ਮਹੱਤਵਪੂਰਨ, ਉਨ੍ਹਾਂ ਦੇ ਵਾਤਾਵਰਣ, ਬਚਪਨ ਅਤੇ ਜੀਵਨ ਦੇ ਤਜ਼ਰਬਿਆਂ, ਉਨ੍ਹਾਂ ਦਾ ਪਾਲਣ-ਪੋਸ਼ਣ ਕਿਵੇਂ ਹੋਇਆ, ਸਿੱਖਿਆ ਅਤੇ ਸਰੋਤਾਂ ਤੱਕ ਉਨ੍ਹਾਂ ਦੀ ਪਹੁੰਚ, ਅਤੇ ਉਨ੍ਹਾਂ ਦੇ ਆਲੇ ਦੁਆਲੇ ਦੇ ਸੱਭਿਆਚਾਰਕ ਕਾਰਕ।"
"ਪ੍ਰੋਗਰਾਮ ਇਸ ਗੱਲ 'ਤੇ ਜ਼ੋਰ ਦਿੰਦਾ ਹੈ ਕਿ ਫਿਲਮਾਂ ਵਿੱਚ ਦਿਖਾਈਆਂ ਗਈਆਂ ਜੈਨੇਟਿਕ ਸੂਝਾਂ ਹਿਟਲਰ 'ਤੇ ਰੌਸ਼ਨੀ ਪਾਉਂਦੀਆਂ ਹਨ, ਪਰ ਉਹ ਸਾਨੂੰ ਇਹ ਨਹੀਂ ਦੱਸਦੀਆਂ ਕਿ ਉਹ ਕਿਸੇ ਖ਼ਾਸ ਤਰੀਕੇ ਨਾਲ ਵਿਵਹਾਰ ਕਰਨ ਲਈ ਜੈਵਿਕ ਤੌਰ 'ਤੇ ਪਹਿਲਾਂ ਤੋਂ ਤੈਅ ਕੀਤਾ ਗਿਆ ਸੀ।"

ਤਸਵੀਰ ਸਰੋਤ, Stephanie Bonnas
ਦਸਤਾਵੇਜ਼ੀ ਦੇ ਸਿਰਲੇਖ 'ਤੇ ਵੀ ਲੋਕਾਂ ਦੇ ਰੌਂਗਟੇ ਖੜ੍ਹੇ ਹੋ ਗਏ ਸਨ, ਖਾਸ ਕਰਕੇ ਇਸਦੇ ਦੂਜੇ ਭਾਗ: ਬਲੂਪ੍ਰਿੰਟ ਆਫ਼ ਏ ਡਿਕਟੇਟਰ 'ਤੇ।
ਪ੍ਰੋਫੈਸਰ ਕਿੰਗ ਨੇ ਕਿਹਾ ਕਿ ਇਹ ਉਹ ਨਾਮ ਨਹੀਂ ਸੀ ਜੋ ਉਸ ਨੇ ਚੁਣਿਆ ਅਤੇ ਇਤਿਹਾਸਕਾਰ ਪ੍ਰੋਫੈਸਰ ਥਾਮਸ ਵੇਬਰ, ਜੋ ਪ੍ਰੋਗਰਾਮ ਵਿੱਚ ਸ਼ਾਮਲ ਹਨ, ਨੇ ਬੀਬੀਸੀ ਨੂੰ ਦੱਸਿਆ ਕਿ ਉਹ ਸਿਰਲੇਖ ਤੋਂ ਹੈਰਾਨ ਸਨ, ਕਿਉਂਕਿ ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਸੀ ਕਿ ਕੋਈ "ਡਿਕਟੇਟਰ ਜੀਨ" ਨਹੀਂ ਹੁੰਦਾ ਹੈ।
ਪ੍ਰੋਫੈਸਰ, ਜਿਨ੍ਹਾਂ ਨੇ ਬੀਬੀਸੀ ਨਾਲ ਗੱਲ ਕਰਨ ਤੋਂ ਪਹਿਲਾਂ ਦਸਤਾਵੇਜ਼ੀ ਨਹੀਂ ਦੇਖੀ ਸੀ, ਨੇ ਕਿਹਾ ਕਿ ਉਨ੍ਹਾਂ ਨੂੰ ਡੀਐੱਨਏ ਵਿਸ਼ਲੇਸ਼ਣ ਦਿਲਚਸਪ ਅਤੇ ਚਿੰਤਾਜਨਕ ਦੋਵੇਂ ਲੱਗਿਆ।
"ਇਹ ਬਹੁਤ ਦਿਲਚਸਪ ਸੀ, ਕਿਉਂਕਿ ਇਸਨੇ ਹਿਟਲਰ ਬਾਰੇ ਮੇਰੇ ਬਹੁਤ ਸਾਰੇ ਸ਼ੱਕਾਂ ਦੀ ਪੁਸ਼ਟੀ ਕੀਤੀ... ਪਰ ਮੈਂ ਇਸ ਬਾਰੇ ਚਿੰਤਤ ਸੀ ਕਿ ਕੀ ਲੋਕ ਜੈਨੇਟਿਕਸ ਵਿੱਚ ਬਹੁਤ ਜ਼ਿਆਦਾ ਪੜ੍ਹਨਗੇ, ਜਿਵੇਂ ਕਿ 'ਮਾੜੇ ਜੀਨ' ਲੱਭਣ ਦੀ ਕੋਸ਼ਿਸ਼ ਕਰਨਾ।"
ਉਹ ਇਸ ਬਾਰੇ ਵੀ ਚਿੰਤਤ ਸਨ ਕਿ ਇਸਨੂੰ, ਖ਼ਾਸ ਤੌਰ 'ਤੇ ਔਟਿਜ਼ਮ ਅਤੇ ਪ੍ਰੋਗਰਾਮ ਵਿੱਚ ਦੱਸੇ ਗਏ ਹੋਰ ਸਿੰਡਰੋਮ ਵਾਲੇ ਲੋਕਾਂ ਵੱਲੋਂ ਕਿਵੇਂ ਲਿਆ ਜਾਵੇ।
ਜਦੋਂ ਤੁਸੀਂ ਆਮ ਲੋਕਾਂ ਲਈ ਗੁੰਝਲਦਾਰ ਵਿਗਿਆਨ 'ਤੇ ਇੱਕ ਸਟੀਕ ਪ੍ਰੋਗਰਾਮ ਬਣਾਉਣ ਦੀ ਕੋਸ਼ਿਸ਼ ਕਰਦੇ ਹੋ ਤਾਂ ਬਹੁਤ ਸਾਰੀਆਂ ਮੁਸ਼ਕਲਾਂ ਅਤੇ ਨੁਕਸਾਨ ਹੁੰਦੇ ਹਨ।
ਪ੍ਰੋਫੈਸਰ ਕਿੰਗ ਨੇ ਕਿਹਾ, "ਇਹ ਟੈਲੀਵਿਜ਼ਨ ਹੈ। ਇਹ ਕਈ ਵਾਰ ਸਰਲ ਬਣਾਇਆ ਜਾਂਦਾ ਹੈ।"
ਪ੍ਰੋਫੈਸਰ ਕਿੰਗ ਕੋਲ ਇੱਕ ਵਿਗਿਆਨੀ ਵਜੋਂ ਆਪਣੀਆਂ ਜ਼ਿੰਮੇਵਾਰੀਆਂ ਨੂੰ ਮੀਡੀਆ ਹਕੀਕਤਾਂ ਨਾਲ ਸੰਤੁਲਿਤ ਕਰਨ ਦਾ ਕਾਫ਼ੀ ਤਜਰਬਾ ਹੈ।
ਉਹ ਕਹਿੰਦੇ ਹਨ, "ਉਹ (ਦਸਤਾਵੇਜ਼ੀ ਨਿਰਮਾਤਾ) ਇੱਕ ਵੱਖਰਾ ਤਰੀਕਾ ਅਪਣਾ ਸਕਦੇ ਸਨ ਅਤੇ ਬਹੁਤ ਸਨਸਨੀਖੇਜ਼ ਹੋ ਸਕਦੇ ਸਨ, ਪਰ ਉਨ੍ਹਾਂ ਨੇ ਅਜਿਹਾ ਨਹੀਂ ਕੀਤਾ। ਉਨ੍ਹਾਂ ਨੇ ਕੁਝ ਸੂਖ਼ਮਤਾਵਾਂ ਨੂੰ ਹਾਸਲ ਕਰਨ ਦੀ ਕੋਸ਼ਿਸ਼ ਕੀਤੀ... ਅਤੇ ਅਸੀਂ ਸੁਰੱਖਿਆ ਉਪਾਅ ਰੱਖੇ ਹਨ।"

ਤਸਵੀਰ ਸਰੋਤ, Alamy
ਪ੍ਰੋਜੈਕਟ ਦੀ ਨੈਤਿਕਤਾ
ਚੈਨਲ 4 ਨੇ ਸ਼ੋਅ ਦੇ ਨਾਮ ਦਾ ਬਚਾਅ ਇਹ ਕਹਿ ਕੇ ਕੀਤਾ ਕਿ "ਡੀਐੱਨਏ ਨੂੰ ਬੋਲਚਾਲ ਵਿੱਚ 'ਜੀਵਨ ਦਾ ਬਲੂਪ੍ਰਿੰਟ' ਕਿਹਾ ਜਾਂਦਾ ਹੈ।" ਇਸ ਤੋਂ ਇਲਾਵਾ, ਇਸਦਾ ਆਦੇਸ਼ "ਵਿਸ਼ਾਲ ਦਰਸ਼ਕਾਂ ਤੱਕ ਪਹੁੰਚਣ ਵਾਲੇ ਪ੍ਰੋਗਰਾਮ ਬਣਾਉਣਾ ਹੈ ਅਤੇ ਇਸ ਪ੍ਰੋਗਰਾਮ ਦਾ ਉਦੇਸ਼ ਗੁੰਝਲਦਾਰ ਵਿਗਿਆਨਕ ਵਿਚਾਰਾਂ ਅਤੇ ਇਤਿਹਾਸਕ ਖੋਜ ਨੂੰ ਸਾਰੇ ਦਰਸ਼ਕਾਂ ਲਈ ਪਹੁੰਚਯੋਗ ਬਣਾਉਣਾ ਹੈ।"
ਇਸ ਪ੍ਰੋਜੈਕਟ ਦੀ ਨੈਤਿਕਤਾ ਬਾਰੇ ਬਹੁਤ ਸਾਰੇ ਸਵਾਲ ਹਨ।
ਜੇਕਰ ਹਿਟਲਰ ਦੀ ਜਾਂ ਉਸਦੇ ਕਿਸੇ ਸਿੱਧੇ ਵੰਸ਼ਜ ਦੀ ਇਜਾਜ਼ਤ ਨਹੀਂ ਲਈ ਜਾ ਸਕਦੀ ਸੀ, ਤਾਂ ਕੀ ਉਸ ਦੇ ਡੀਐੱਨਏ ਦੀ ਜਾਂਚ ਹੋਣੀ ਚਾਹੀਦੀ ਸੀ?
ਇਹ ਇਸ ਤੱਥ ਨਾਲ ਕਿਵੇਂ ਸੰਬੰਧਿਤ ਹੈ ਕਿ ਉਹ ਇਤਿਹਾਸ ਦੇ ਸਭ ਤੋਂ ਭੈੜੇ ਅੱਤਿਆਚਾਰਾਂ ਵਿੱਚੋਂ ਇੱਕ ਲਈ ਜ਼ਿੰਮੇਵਾਰ ਸੀ? ਕੀ ਇਹ ਉਸ ਦੇ ਨਿੱਜਤਾ ਦੇ ਅਧਿਕਾਰ ਦੀ ਉਲੰਘਣਾ ਕਰਦਾ ਹੈ?
ਪ੍ਰੋਫੈਸਰ ਕਿੰਗ ਦਲੀਲ ਦਿੰਦੇ ਹਨ, "ਇਹ ਹਿਟਲਰ ਹੈ। ਉਹ ਕੋਈ ਰਹੱਸਮਈ ਸ਼ਖਸੀਅਤ ਨਹੀਂ ਹੈ ਜਿਸ 'ਤੇ ਕੋਈ ਵੀ ਡੀਐੱਨਏ ਖੋਜ ਨਹੀਂ ਕਰ ਸਕਦਾ। ਇਹ ਫ਼ੈਸਲਾ ਕੌਣ ਲੈਂਦਾ ਹੈ?"
ਇਤਿਹਾਸਕਾਰ ਸੁਭੱਦਰਾ ਦਾਸ ਸਹਿਮਤ ਹਨ, "ਇਹੀ ਵਿਗਿਆਨੀ ਕਰਦੇ ਹਨ। ਸੈਂਕੜੇ ਅਜਿਹੇ ਲੋਕ ਮਰ ਚੁੱਕੇ ਹਨ ਅਤੇ ਉਨ੍ਹਾਂ ਦੇ ਡੀਐੱਨਏ ਦਾ ਨਮੂਨਾ ਲਿਆ ਗਿਆ ਹੈ। ਇਹ ਵਿਗਿਆਨ ਅਤੇ ਪੁਰਾਤੱਤਵ ਵਿਗਿਆਨ ਵਿੱਚ ਇੱਕ ਆਮ ਅਭਿਆਸ ਹੈ। ਅਸੀਂ ਇਸਦੀ ਵਿਆਖਿਆ ਕਿਵੇਂ ਕਰਦੇ ਹਾਂ ਇਹੀ ਸਮੱਸਿਆ ਪੈਦਾ ਕਰਦਾ ਹੈ।"
ਇਸ ਬਾਰੇ ਕਿ ਕੀ ਹਿਟਲਰ ਦੇ ਡੀਐੱਨਏ ਨੂੰ ਛੂਹਿਆ ਜਾਣਾ ਚਾਹੀਦਾ ਸੀ, "ਹਿਟਲਰ ਨੂੰ ਮਰੇ ਹੋਏ 80 ਸਾਲ ਹੋ ਗਏ ਹਨ। ਉਸਦਾ ਕੋਈ ਸਿੱਧਾ ਵੰਸ਼ਜ ਨਹੀਂ ਹੈ ਅਤੇ ਨਾ ਹੀ ਉਸ ਦੀ ਕੋਈ ਸੰਤਾਨ ਹੈ। ਉਹ ਅਣਗਿਣਤ ਦੁੱਖਾਂ ਲਈ ਜ਼ਿੰਮੇਵਾਰ ਸੀ, ਸਾਨੂੰ ਇਸਨੂੰ ਉਸਦੇ ਡੀਐੱਨਏ ਦਾ ਵਿਸ਼ਲੇਸ਼ਣ ਕਰਨ ਦੀ ਨੈਤਿਕ ਦੁਬਿਧਾ ਦੇ ਨਾਲ ਇਸ ਗੱਲ ਨਾਲ ਤੋਲਣਾ ਪਵੇਗਾ।"
ਦਿਲਚਸਪ ਗੱਲ ਇਹ ਹੈ ਕਿ ਕਈ ਯੂਰਪੀਅਨ ਪ੍ਰਯੋਗਸ਼ਾਲਾਵਾਂ ਨੇ ਇਸ ਪ੍ਰੋਜੈਕਟ ਦਾ ਹਿੱਸਾ ਬਣਨ ਤੋਂ ਇਨਕਾਰ ਕਰ ਦਿੱਤਾ ਅਤੇ ਅਮਰੀਕਾ ਵਿੱਚ ਸਿਰਫ਼ ਇੱਕ ਪ੍ਰਯੋਗਸ਼ਾਲਾ ਨੇ ਟੈਸਟ ਕੀਤੇ।

ਤਸਵੀਰ ਸਰੋਤ, General Photographic Agency/Hulton Archive/Getty Images
ਕੀ ਡੀਐੱਨਏ ਦੀ ਖੋਜ ਕੀਤੀ ਜਾਣੀ ਚਾਹੀਦੀ ਸੀ
ਦਸਤਾਵੇਜ਼ੀ ਨਿਰਮਾਤਾਵਾਂ ਨੇ ਬੀਬੀਸੀ ਨੂੰ ਦੱਸਿਆ ਕਿ ਖੋਜ "ਅਕਾਦਮਿਕ ਕੰਮ ਲਈ ਮਿਆਰੀ ਨੈਤਿਕ ਸਮੀਖਿਆ ਪ੍ਰਕਿਰਿਆ ਵਿੱਚੋਂ ਲੰਘੀ," ਜਿਸ ਵਿੱਚ ਦੋ ਦੇਸ਼ਾਂ ਵਿੱਚ ਕੀਤੀਆਂ ਗਈਆਂ ਸਮੀਖਿਆਵਾਂ ਸ਼ਾਮਲ ਸਨ।
ਤਾਂ, ਕੀ ਇਹ ਖੋਜ ਬਿਲਕੁਲ ਕੀਤੀ ਜਾਣੀ ਚਾਹੀਦੀ ਸੀ? ਬੀਬੀਸੀ ਨੇ ਕਈ ਜੈਨੇਟਿਕ ਵਿਗਿਆਨੀਆਂ ਅਤੇ ਇਤਿਹਾਸਕਾਰਾਂ ਨਾਲ ਗੱਲ ਕੀਤੀ ਅਤੇ ਜਵਾਬ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਤੁਸੀਂ ਕਿਸ ਨੂੰ ਪੁੱਛਦੇ ਹੋ।
ਦਸਤਾਵੇਜ਼ੀ ਵਿੱਚ ਸ਼ਾਮਲ ਲੋਕ ਕੁਦਰਤੀ ਤੌਰ 'ਤੇ 'ਹਾਂ' ਕਹਿੰਦੇ ਹਨ। ਇਹ ਹਿਟਲਰ ਦਾ ਇੱਕ ਬਿਹਤਰ ਅਕਸ ਘੜਨ ਵਿੱਚ ਮਦਦ ਕਰਦੀ ਹੈ, ਇੱਕ ਅਜਿਹਾ ਆਦਮੀ ਜੋ ਅੱਜ ਵੀ ਓਨਾ ਹੀ ਦਿਲਚਸਪ ਅਤੇ ਭਿਆਨਕ ਹੈ।
ਪ੍ਰੋਫੈਸਰ ਵੇਬਰ ਦਾ ਮੰਨਣਾ ਹੈ, "ਸਾਨੂੰ ਅਤੀਤ ਦੇ ਕੱਟੜਵਾਦ ਨੂੰ ਸਮਝਣ ਲਈ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ।"
ਡਾ. ਕੇਅ ਕਹਿੰਦੇ ਹਨ, "ਸੱਚ ਕਹਾਂ ਤਾਂ, ਇਹ ਵਿਸ਼ਾ ਪਹਿਲਾਂ ਹੀ ਮੌਜੂਦ ਸੀ... ਅਸੀਂ ਅਚਾਨਕ ਲੋਕਾਂ ਦੇ ਮਨਾਂ ਵਿੱਚ ਇਹ ਵਿਚਾਰ ਨਹੀਂ ਪਾਇਆ। ਲੋਕ ਦਹਾਕਿਆਂ ਤੋਂ ਅੰਦਾਜ਼ਾ ਲਗਾ ਰਹੇ ਹਨ ਕਿ ਕੀ ਹਿਟਲਰ ਨੂੰ ਕੁਝ ਵਿਕਾਰ ਸਨ।"
ਹਾਲਾਂਕਿ, ਸਾਰੇ ਇਤਿਹਾਸਕਾਰ ਸਹਿਮਤ ਨਹੀਂ ਹਨ।
ਯੂਟਰੇਕਟ ਯੂਨੀਵਰਸਿਟੀ ਵਿੱਚ ਅੰਤਰਰਾਸ਼ਟਰੀ ਇਤਿਹਾਸ ਦੀ ਸਹਾਇਕ ਪ੍ਰੋਫੈਸਰ ਇਵਾ ਵੁਕਸਿਕ ਕਹਿੰਦੀ ਹੈ, "ਮੈਨੂੰ ਲੱਗਦਾ ਹੈ ਕਿ ਇਹ ਹਿਟਲਰ ਦੀਆਂ ਕਾਰਵਾਈਆਂ ਦੇ ਪਿੱਛੇ ਪ੍ਰੇਰਨਾਵਾਂ ਨੂੰ ਸਮਝਾਉਣ ਦਾ ਇੱਕ ਬਹੁਤ ਹੀ ਸ਼ੱਕੀ ਤਰੀਕਾ ਹੈ।"
ਡਾ. ਵੁਕਸਿਕ, ਜਿਨ੍ਹਾਂ ਦੀ ਖੋਜ ਸਮੂਹਿਕ ਹਿੰਸਾ ਦੇ ਸੰਚਾਲਨ 'ਤੇ ਕੇਂਦ੍ਰਿਤ ਹੈ, ਨੇ ਬੀਬੀਸੀ ਨੂੰ ਦੱਸਿਆ ਕਿ ਉਹ ਸਮਝ ਸਕਦੀ ਹੈ ਕਿ ਲੋਕ ਕਿਉਂ ਦਿਲਚਸਪੀ ਰੱਖਦੇ ਹਨ, ਪਰ "ਸਾਰੇ ਜਵਾਬ ਜੋ ਅਸੀਂ ਲੱਭ ਰਹੇ ਹਾਂ ਉਹ ਡੀਐੱਨਏ ਟੈਸਟਿੰਗ ਰਾਹੀਂ ਨਹੀਂ ਮਿਲਣਗੇ।"

ਤਸਵੀਰ ਸਰੋਤ, Getty Images
ਐਮਸਟਰਡਮ ਦੇ ਐੱਨਆਈਓਡੀ ਇੰਸਟੀਚਿਊਟ ਦੀ ਇਤਿਹਾਸਕਾਰ ਐਨੀ ਵੈਨ ਮੌਰਿਕ ਕਹਿੰਦੀ ਹੈ ਕਿ ਹਾਲਾਂਕਿ, ਇਹ ਖੋਜ ਦਿਲਚਸਪ ਹੈ, ਪਰ ਇਸ ਨਾਲ ਇਤਿਹਾਸ ਦੇ ਅਸਲ ਸਬਕਾਂ ਦਾ ਧੁੰਦਲਾ ਹੋਣ ਦਾ ਖ਼ਤਰਾ ਹੈ।
ਉਹ ਸਬਕ ਇਹ ਹੈ ਕਿ "ਕੁਝ ਖ਼ਾਸ ਹਾਲਤਾਂ ਵਿੱਚ ਆਮ ਲੋਕ ਭਿਆਨਕ ਹਿੰਸਾ ਕਰ ਸਕਦੇ ਹਨ, ਭੜਕਾ ਸਕਦੇ ਹਨ ਜਾਂ ਸਵੀਕਾਰ ਕਰ ਸਕਦੇ ਹਨ।"
ਉਹ ਕਹਿੰਦੀ ਹੈ ਕਿ ਹਿਟਲਰ ਦੇ (ਸੰਭਾਵੀ ਤੌਰ 'ਤੇ) ਛੋਟੇ ਲਿੰਗ 'ਤੇ ਧਿਆਨ ਕੇਂਦਰਿਤ ਕਰਨਾ ਸਾਨੂੰ ਇਹ ਨਹੀਂ ਦੱਸਦਾ ਕਿ ਸਮੂਹਿਕ ਹਿੰਸਾ ਅਤੇ ਨਸਲਕੁਸ਼ੀ ਕਿਵੇਂ ਕੰਮ ਕਰਦੀ ਹੈ ਅਤੇ ਉਹ ਕਿਉਂ ਵਾਪਰਦੇ ਹਨ।
ਪ੍ਰੋਫੈਸਰ ਵੇਬਰ ਕਹਿੰਦੇ ਹਨ ਕਿ ਇਨ੍ਹਾਂ ਦੀ ਵਰਤੋਂ "ਬਹੁਤ ਸਾਵਧਾਨੀ ਅਤੇ ਸੰਜਮ ਨਾਲ" ਕੀਤੀ ਜਾਣੀ ਚਾਹੀਦੀ ਹੈ, ਪਰ ਉਹ ਉਮੀਦ ਕਰਦੇ ਹਨ ਕਿ ਇਹ ਕਿਸੇ ਨਾ ਕਿਸੇ ਤਰੀਕੇ ਨਾਲ ਮਦਦਗਾਰ ਹੋਣਗੇ।
"ਖੋਜ ਦੇ ਨਤੀਜਿਆਂ ਬਾਰੇ ਇਹ ਚੰਗੀ ਗੱਲ ਹੈ, ਇਹ ਪੰਜ, 150, 500 ਸਾਲਾਂ ਵਿੱਚ ਹੋ ਸਕਦੇ ਹਨ। ਇਹ ਖੋਜ ਆਉਣ ਵਾਲੀਆਂ ਪੀੜ੍ਹੀਆਂ ਲਈ ਹੈ ਅਤੇ ਮੈਨੂੰ ਵਿਸ਼ਵਾਸ ਹੈ ਕਿ ਬੁੱਧੀਮਾਨ ਲੋਕ ਭਵਿੱਖ ਵਿੱਚ ਇਸਦੀ ਵਰਤੋਂ ਕਰਨਗੇ।"
ਪਰ ਸਾਡੇ ਸਾਰਿਆਂ ਦੀ ਜ਼ਿੰਮੇਵਾਰੀ ਹੈ ਕਿ ਅਸੀਂ ਇਨ੍ਹਾਂ ਨਤੀਜਿਆਂ ਦੀ ਵਰਤੋਂ ਕਿਵੇਂ ਕਰੀਏ।
ਡਾ. ਕੇਅ ਕਹਿੰਦੇ ਹਨ ਕਿ ਸਾਰਿਆਂ ਨੂੰ "ਵਿਗਿਆਨ ਦੀ ਪਾਲਣਾ" ਕਰਨੀ ਚਾਹੀਦੀ ਹੈ ਅਤੇ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਅਸੀਂ ਕੀ ਜਾਣਦੇ ਹਾਂ ਅਤੇ ਕੀ ਨਹੀਂ।
ਇਸ ਵਿੱਚ ਮੀਡੀਆ ਅਤੇ ਉਸ ਦੇ ਰਿਪੋਰਟਿੰਗ ਤਰੀਕੇ ਸ਼ਾਮਲ ਹਨ।
"ਇਸ ਦਸਤਾਵੇਜ਼ੀ ਨੂੰ ਦੇਖਣ ਵਾਲੇ ਹਰ ਵਿਅਕਤੀ ਦੀ ਜ਼ਿੰਮੇਵਾਰੀ ਹੈ ਕਿ ਉਹ ਇਸ ਬਾਰੇ ਸਹੀ ਢੰਗ ਨਾਲ ਲਿਖੇ, ਤਾਂ ਜੋ ਇਹ ਯਕੀਨੀ ਬਣ ਸਕੇ ਕਿ ਇਹ ਕਲੰਕ ਨੂੰ ਉਤਸ਼ਾਹਤ ਨਾ ਕਰੇ।"
"ਇਸ ਤਰ੍ਹਾਂ ਦੀ ਦਸਤਾਵੇਜ਼ੀ ਕਿਸੇ ਖਲਾਅ ਵਿੱਚ ਨਹੀਂ ਵਾਪਰਦੀ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












