ਹਿਟਲਰ, ਮੁਸੋਲਿਨੀ ਤੇ ਸਟਾਲਿਨ ਸਮੇਤ ਦੁਨੀਆਂ ਦੇ ਤਾਨਾਸ਼ਾਹਾਂ ਦੀ ਸਨਕ, ਅਜੀਬੋ-ਗਰੀਬ ਖਾਣੇ ਤੇ ਅੰਧਵਿਸ਼ਵਾਸ਼ ਕੀ ਸਨ

ਕ੍ਰਮ ਵਿੱਚ ਹਿਟਲਰ, ਮੁਸੋਲਿਨੀ ਅਤੇ ਸਟਾਲਿਨ ਦੀਆਂ ਤਸਵੀਰਾਂ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਹਿਟਲਰ, ਮੁਸੋਲਿਨੀ ਅਤੇ ਸਟਾਲਿਨ
    • ਲੇਖਕ, ਰੇਹਾਨ ਫਜ਼ਲ
    • ਰੋਲ, ਬੀਬੀਸੀ ਸਹਿਯੋਗੀ

ਤਾਨਾਸ਼ਾਹਾਂ ਬਾਰੇ ਕਿਹਾ ਜਾਂਦਾ ਹੈ ਕਿ ਉਨ੍ਹਾਂ ਨੂੰ ਆਪਣੇ ਹੀ ਲੋਕਾਂ ਤੋਂ ਡਰ ਲੱਗਦਾ ਸੀ।

ਉਨ੍ਹਾਂ ਬਾਰੇ ਇੱਕ ਹੋਰ ਗੱਲ ਸੱਚ ਹੈ ਕਿ ਹਰ ਤਾਨਾਸ਼ਾਹ ਦੀ ਇੱਕ ਐਕਸਪਾਇਰੀ ਡੇਟ ਹੁੰਦੀ ਹੈ। ਇੱਕ ਸਮੇਂ ਤੋਂ ਬਾਅਦ ਉਸ ਦਾ ਪਤਨ ਨਿਸ਼ਚਿਤ ਹੁੰਦਾ ਹੈ।

ਦੁਨੀਆਂ ਵਿੱਚ ਚੀਨ ਦੇ ਮਾਓ, ਪਾਕਿਸਤਾਨ ਦੇ ਜ਼ਿਆ ਉਲ ਹਕ, ਇਰਾਕ ਦੇ ਸੱਦਾਮ ਹੁਸੈਨ, ਲੀਬੀਆ ਦੇ ਕਰਨਲ ਗੱਦਾਫ਼ੀ, ਯੁਗਾਂਡਾ ਦੇ ਈਦੀ ਅਮੀਨ ਵਰਗੇ ਅਨੇਕ ਤਾਨਾਸ਼ਾਹ ਹੋਏ ਹਨ।

ਹਾਲ ਹੀ ਵਿੱਚ ਕਈ ਦੇਸ਼ਾਂ ਵਿੱਚ ਭਾਰਤ ਦੇ ਰਾਜਦੂਤ ਰਹੇ ਰਾਜੀਵ ਡੋਗਰਾ ਦੀ ਇੱਕ ਕਿਤਾਬ ਆਈ ਹੈ, ʻਆਟੋਕ੍ਰੇਟਸ, ਕੈਰਿਜ਼ਮਾ, ਪਾਵਰ ਐਂਡ ਦੇਅਰ ਲਾਈਫਜ਼।ʼ

ਇਸ ਕਿਤਾਬ ਵਿੱਚ ਉਨ੍ਹਾਂ ਨੇ ਦੁਨੀਆਂ ਦੇ ਤਾਨਾਸ਼ਾਹਾਂ ਦੀ ਮਾਨਸਿਕਤਾ, ਕੰਮ ਕਰਨ ਦੇ ਢੰਗ ਅਤੇ ਜੀਵਨ ʼਤੇ ਬਾਰੀਕ ਨਜ਼ਰ ਪਾਈ ਹੈ।

ਡੋਗਰਾ ਦੱਸਦੇ ਹਨ ਕਿ ਜਦੋਂ ਉਨ੍ਹਾਂ ਦੀ ਰੋਮਾਨੀਆ ਵਿੱਚ ਭਾਰਤ ਦੇ ਰਾਜਦੂਤ ਵਜੋਂ ਤੈਨਾਤੀ ਹੋਈ ਤਾਂ ਉਨ੍ਹਾਂ ਨੇ ਦੇਖਿਆ ਕਿ ਚਾਉਸੇਸਕੁ ਦੀ ਮੌਤ ਦੇ ਇੱਕ ਦਹਾਕੇ ਬਾਅਦ ਵੀ ਲੋਕ ਆਪਣੇ ਪਰਛਾਵੇਂ ਤੱਕ ਤੋਂ ਡਰਦੇ ਸਨ।

ਰਾਜੀਵ ਡੋਗਰਾ ਲਿਖਦੇ ਹਨ, "ਲੋਕ ਹੁਣ ਵੀ ਮੁੜ-ਮੁੜ ਕੇ ਦੇਖਦੇ ਸਨ ਕਿ ਕਿਤੇ ਉਨ੍ਹਾਂ ਦਾ ਪਿੱਛਾ ਤਾਂ ਨਹੀਂ ਕੀਤਾ ਜਾ ਰਿਹਾ।"

"ਪਾਰਕ ਵਿੱਚ ਘੁੰਮਦੇ ਹੋਏ ਉਨ੍ਹਾਂ ਦੀ ਨਜ਼ਰ ਹਮੇਸ਼ਾ ਇਸ ਗੱਲ ʼਤੇ ਰਹਿੰਦੀ ਸੀ ਕਿ ਬੈਂਚ ʼਤੇ ਬੈਠਾ ਕੋਈ ਸ਼ਖ਼ਸ ਆਪਣੇ ਚਿਹਰੇ ਦੇ ਸਾਹਮਣੇ ਅਖ਼ਬਾਰ ਰੱਖ ਕੇ ਉਨ੍ਹਾਂ ਦੀਆਂ ਗਤੀਵਿਧੀਆਂ ʼਤੇ ਨਜ਼ਰ ਤਾਂ ਨਹੀਂ ਰੱਖ ਰਿਹਾ ਹੈ।"

"ਜੇਕਰ ਕੋਈ ਅਖ਼ਬਾਰ ਪੜ੍ਹ ਵੀ ਰਿਹਾ ਹੈ ਤਾਂ ਉਹ ਇਹ ਦੇਖਦੇ ਸਨ ਕਿ ਉਸ ਵਿੱਚ ਕੋਈ ਛੇਦ ਤਾਂ ਨਹੀਂ ਹੈ, ਜਿਸ ਨਾਲ ਉਨ੍ਹਾਂ ʼਤੇ ਨਿਗਰਾਨੀ ਰੱਖੀ ਜਾ ਰਹੀ ਹੈ।"

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਤਾਨਾਸ਼ਹਾਂ ਨੂੰ ਵਿਰੋਧ ਬਰਦਾਸ਼ਤ ਨਹੀਂ

ਡੋਗਰਾ ਲਿਖਦੇ ਹਨ ਕਿ ਰੋਮਾਨੀਆ ਦੇ ਮਸ਼ਹੂਰ ਫਿਲਮ ਅਤੇ ਥਿਏਟਰ ਅਦਾਕਾਰ ਇਔਨ ਕਾਰਾਮਿਤਰੋ ਨੇ ਤਾਨਾਸ਼ਾਹੀ ਦੇ ਦੌਰ ਬਾਰੇ ਇਸ ਤਰ੍ਹਾਂ ਦੱਸਿਆ ਕਿ, "ਸਾਡੇ ʼਤੇ ਹਰ ਸਮੇਂ ਨਜ਼ਰ ਰੱਖ ਜਾਂਦੀ ਸੀ। ਸਾਡੇ ਇੱਕ-ਇੱਕ ਕੰਮ ʼਤੇ ਸਰਕਾਰ ਦਾ ਕੰਟ੍ਰੋਲ ਹੁੰਦਾ ਸੀ।"

"ਪ੍ਰਸ਼ਾਸਨ ਤੈਅ ਕਰਦਾ ਸੀ ਕਿ ਅਸੀਂ ਕਿਸ ਨਾਲ ਮਿਲੀਏ ਅਤੇ ਕਿਸ ਨਾਲ ਨਾ ਮਿਲੀਏ, ਅਸੀਂ ਕਿਸ ਨਾਲ ਗੱਲ ਕਰੀਏ ਅਤੇ ਕਿੰਨੀ ਦੇਰ ਤੱਕ ਕਰੀਏ, ਤੁਸੀਂ ਕੀ ਖਾਓ ਅਤੇ ਕਿੰਨਾ ਖਾਓ ਤੇ ਇੱਥੇ ਤੱਕ ਕਿ ਤੁਸੀਂ ਕੀ ਖਰੀਦਣਾ ਤੇ ਕੀ ਨਹੀਂ ਖਰੀਦਣਾ। ਪ੍ਰਸ਼ਾਸ਼ਨ ਤੈਅ ਕਰਦਾ ਸੀ ਕਿ ਤੁਹਾਡੇ ਲਈ ਕੀ ਚੰਗਾ ਹੈ।"

ਬਚਪਨ ਤੋਂ ਪੈਂਦੇ ਹਨ ਤਾਨਾਸ਼ਾਹੀ ਦੇ ਬੀਜ

ਰੋਮਾਨੀਆ ਦੇ ਸਾਬਕਾ ਰਾਸ਼ਟਰਪਤੀ ਨਿਕੋਲੇ ਕਿਯੁਸੇਸਕੁ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਰੋਮਾਨੀਆ ਦੇ ਸਾਬਕਾ ਰਾਸ਼ਟਰਪਤੀ ਨਿਕੋਲੇ ਕਿਯੁਸੇਸਕੁ

ਕਿਹਾ ਜਾਂਦਾ ਹੈ ਕਿ ਇੱਕ ਤਾਨਾਸ਼ਾਹ ਦੀਆਂ ਕਰੂਰਤਾ ਲਈ ਉਸ ਦਾ ਬਚਪਨ ਜਾਂ ਸ਼ੁਰੂਆਤੀ ਜੀਵਨ ਜ਼ਿੰਮੇਦਾਰ ਹੁੰਦਾ ਹੈ।

ਲੇਵਿਨ ਅਰੇੱਡੀ ਅਤੇ ਐਡਮ ਜੇਮਸ ਆਪਣੇ ਲੇਖ ʻ13 ਫੈਕਟਸ ਅਬਾਊਟ ਬੇਨਿਟੋ ਮੁਸੋਲਿਮੀʼ ਵਿੱਚ ਲਿਖਦੇ ਹਨ, "ਮੁਸੋਲਿਨੀ ਇੱਕ ਮੁਸ਼ਕਲ ਬਾਲਕ ਸੀ। ਉਨ੍ਹਾਂ ਨੂੰ ਸੁਧਾਰਨ ਲਈ ਉਨ੍ਹਾਂ ਦੇ ਮਾਤਾ-ਪਿਤਾ ਨੇ ਉਨ੍ਹਾਂ ਦਾ ਇੱਕ ਸਖ਼ਤ ਕੈਥਲਿਕ ਬੋਰਡਿੰਗ ਸਕੂਲ ਵਿੱਚ ਦਾਖ਼ਲਾ ਕਰਵਾਇਆ।"

"ਉੱਥੇ ਵੀ ਸਕੂਲ ਦਾ ਸਟਾਫ ਉਨ੍ਹਾਂ ਨੂੰ ਅਨੁਸ਼ਾਸਿਤ ਨਹੀਂ ਕਰ ਸਕਿਆ।"

ਉਨ੍ਹਾਂ ਨੇ ਲਿਖਿਆ, "10 ਸਾਲਾ ਦੀ ਉਮਰ ਵਿੱਚ ਉਨ੍ਹਾਂ ਨੂੰ ਇੱਕ ਵਿਦਿਆਰਥੀ ʼਤੇ ਪੈਨ ਨਾਈਫ ਨਾਲ ਹਮਲਾ ਕਰਨ ਦੇ ਇਲਜ਼ਾਮ ਵਿੱਚ ਕੱਢ ਦਿੱਤਾ ਗਿਆ ਸੀ।"

"20 ਸਾਲ ਦੀ ਉਮਰ ਤੱਕ ਆਉਂਦੇ-ਆਉਂਦੇ ਉਨ੍ਹਾਂ ਨੇ ਹੋਰ ਕਈ ਲੋਕਾਂ ʼਤੇ ਵੀ ਚਾਕੂ ਨਾਲ ਹਮਲਾ ਕੀਤਾ। ਉਸ ਵਿੱਚ ਉਨ੍ਹਾਂ ਦੀ ਇੱਕ ਗਰਲਫਰੈਂਡ ਵੀ ਸੀ।"

ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ

ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ

ਸਟਾਲਿਨ ਵੀ ਆਪਣੀ ਜਵਾਨੀ ਵਿੱਚ ਵਿਦਰੋਹੀ ਸੁਭਾਅ ਦੇ ਸਨ। ਉਨ੍ਹਾਂ ਨੇ ਕਈ ਦੁਕਾਨਾਂ ਵਿੱਚ ਮਸ਼ਾਲਾਂ ਸੁੱਟ ਕੇ ਅੱਗ ਲਗਾਈ ਸੀ।

ਪਾਰਟੀ ਲਈ ਧੰਨ ਇਕੱਠਾ ਕਰਨ ਲਈ ਉਨ੍ਹਾਂ ਨੇ ਲੋਕਾਂ ਨੂੰ ਅਗਵਾ ਤੱਕ ਕੀਤਾ ਸੀ। ਉਨ੍ਹਾਂ ਨੇ ਬਾਅਦ ਵਿੱਚ ਆਪਣਾ ਨਾਮ ਸਟਾਲਿਨ ਰੱਖਿਆ ਸੀ, ਜਿਸ ਦਾ ਅਰਥ ਹੁੰਦਾ ਹੈ, ʻਲੋਹੇ ਦਾ ਬਣਿਆ ਹੋਇਆ।ʼ

ਪਰ ਉਸ ਦੇ ਠੀਕ ਉਲਟ ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਦਾ ਬਚਪਨ ਸ਼ਾਨੋ-ਸ਼ੌਕਤ ਅਤੇ ਵਿਲਾਸਤਾ ਵਿੱਚ ਬੀਤਿਆ। ਬਚਪਨ ਵਿੱਚ ਅਰਦਲੀਆਂ ਦੀ ਪੂਰੀ ਟੀਮ ਉਨ੍ਹਾਂ ਦੀ ਟੀਮ ਦੇਖਭਾਲ ਕਰਦੀ ਸੀ।

ਉਨ੍ਹਾਂ ਕੋਲ ਯੂਰਪ ਦੀ ਕਿਸੇ ਵੀ ਖਿਡੌਣੇ ਦੀ ਦੁਕਾਨ ਤੋਂ ਕਿਤੇ ਜ਼ਿਆਦਾ ਖਿਡੌਣੇ ਸਨ। ਉਨ੍ਹਾਂ ਦੇ ਘਰ ਬਗ਼ੀਚੇ ਵਿੱਚ ਉਨ੍ਹਾਂ ਦੇ ਮਨੋਰੰਜਨ ਲਈ ਬਾਂਦਰਾਂ ਅਤੇ ਭਾਲੂਆਂ ਨੂੰ ਪਿੰਜਰੇ ਵਿੱਚ ਰੱਖਿਆ ਜਾਂਦਾ ਸੀ।

ਇੰਨੇ ਲਾਡ-ਪਿਆਰ ਦੇ ਬਾਵਜੂਦ ਕਿਮ ਹੁਣ ਵੀ ਆਪਣੇ-ਆਪ ਨੂੰ ਦੂਜੇ ਤਾਨਾਸ਼ਾਹਾਂ ਤੋਂ ਅਸੁਰੱਖਿਅਤ ਮਹਿਸੂਸ ਕਰਦੇ ਹਨ।

ਇਹ ਵੀ ਪੜ੍ਹੋ-

ਸੱਤਾ ਵਿੱਚ ਕਾਇਮ ਰਹਿਣ ਦੇ ਗੁਰ

ਇਟਲੀ ਦੇ ਸਾਬਕਾ ਤਾਨਾਸ਼ਾਹ ਬੇਨੀਟੋ ਮੁਸੋਲਿਨੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇਟਲੀ ਦੇ ਸਾਬਕਾ ਤਾਨਾਸ਼ਾਹ ਬੇਨੀਟੋ ਮੁਸੋਲਿਨੀ

ਜਦੋਂ ਤਾਨਾਸ਼ਾਹ ਦੇ ਹੱਥ ਵਿੱਚ ਸੱਤਾ ਆਉਂਦੀ ਹੈ ਤਾਂ ਉਸ ਦੀ ਪਹਿਲ ਹੁੰਦੀ ਹੈ ਕਿ ਉਸ ਨੂੰ ਹਰ ਹਾਲਤ ਵਿੱਚ ਬਚਾ ਕੇ ਰੱਖਿਆ ਜਾਵੇ।

ਰਾਜੀਵ ਡੋਗਰਾ ਲਿਖਦੇ ਹਨ, "ਸੱਤਾ ਨੂੰ ਆਪਣੇ ਕੋਲ ਰੱਖਣ ਲਈ ਇਹ ਜ਼ਰੂਰੀ ਹੈ ਕਿ ਤਾਨਾਸ਼ਾਹ ਦੇ ਵਿਹਾਰ ਬਾਰੇ ਪਹਿਲਾ ਅੰਦਾਜ਼ਾ ਨਾ ਲਗਾਇਆ ਜਾ ਸਕੇ। ਸੱਤਾ ਵਿੱਚ ਰਹਿਣ ਲਈ ਮੀਡੀਆ ʼਤੇ ਉਸ ਦਾ ਪੂਰਾ ਕੰਟ੍ਰੋਲ ਹੋਵੇ।"

"ਉਹ ਸਰਬਵਿਆਪੀ ਹੋਵੇ ਅਤੇ ਈਸ਼ਵਰ ਵਾਂਗ ਤੁਹਾਨੂੰ ਹਰ ਥਾਂ ਤੋਂ ਦੇਖ ਸਕੇ ਅਤੇ ਜੇਕਰ ਕੋਈ ਉਸ ਦੇ ਖ਼ਿਲਾਫ਼ ਖੜ੍ਹਾ ਹੋਣ ਦੀ ਕੋਸ਼ਿਸ਼ ਕਰੀਏ ਤਾਂ ਉਸ ਨੂੰ ਤੁਰੰਤ ਦਬਾ ਦਿੱਤਾ ਜਾਵੇ।"

ਦੁਨੀਆਂ ਦੇ ਲਗਭਗ ਸਾਰੇ ਤਾਨਾਸ਼ਾਹ ਪ੍ਰੋਪੈਗੰਡਾ ਦੇ ਵੀ ਮਾਸਟਰ ਹੁੰਦੇ ਹਨ।

ਸਿਯੁ ਪ੍ਰੋਦੋ ਨਿਊ ਸਟੇਟਸਮੈਨ ਦੇ 20 ਸਤੰਬਰ, 2019 ਦੇ ਅੰਕ ਵਿੱਚ ʻਦਿ ਗ੍ਰੇਟ ਪਰਫਾਰਮਰਸ, ਹਾਈ ਇਮੇਜ ਐਂਡ ਥਿਏਟਰ ਗਿਵ ਡਿਕੇਟੇਟਰਸ ਦੇਅਰ ਪਾਵਰʼ ਲੇਖ ਲਿਖਦੀ ਹੈ, "ਮੁਸੋਲਿਮੀ ਨੂੰ ਪਤਾ ਸੀ ਕਿ ਉਨ੍ਹਾਂ ਦੀ ਫਲਾਇੰਗ ਸਿੱਖਣ ਦੀ ਤਸਵੀਰ ਉਨ੍ਹਾਂ ʼਤੇ ਲਿਖੇ ਕਈ ਸੰਪਾਦਕੀ ਲੇਖਾਂ ਤੋਂ ਵੱਧ ਅਸਰ ਪਾਵੇਗੀ।"

ਸੰਨ 1925 ਵਿੱਚ ਆਪਣੇ ਪਹਿਲੇ ਰੇਡੀਓ ਪ੍ਰਸਾਰਣ ਤੋਂ ਬਾਅਦ ਉਨ੍ਹਾਂ ਨੇ ਸਕੂਲਾਂ ਵਿੱਚ ਚਾਰ ਹਜ਼ਾਰ ਰੇਡੀਓ ਸੈੱਟ ਮੁਫ਼ਤ ਵਿੱਚ ਵੰਡੇ ਸਨ। ਕੁੱਲ ਅੱਠ ਲੱਖ ਰੇਡੀਓ ਸੈੱਟ ਵੰਡੇ ਗਏ ਸਨ ਅਤੇ ਚੁਰਾਹੇ ʼਤੇ ਉਨ੍ਹਾਂ ਨੂੰ ਸੁਣਨ ਲਈ ਲਾਊਡਸਪੀਕਰ ਲਗਾਏ ਗਏ ਸਨ।

ਸਿਯੁ ਪ੍ਰੋਦੋ ਲਿਖਦੀ ਹੈ, "ਉਨ੍ਹਾਂ ਦੀ ਤਸਵੀਰ ਸਾਬਣਾਂ ਤੱਕ ʼਤੇ ਹੁੰਦੀ ਸੀ, ਤਾਂ ਜੋ ਲੋਕ ਆਪਣੇ ਬਾਥਰੂਮ ਵਿੱਚ ਵੀ ਉਨ੍ਹਾਂ ਨੂੰ ਹੀ ਦੇਖਣ। ਉਨ੍ਹਾਂ ਦੇ ਦਫ਼ਤਰ ਦੀਆਂ ਬੱਤੀਆਂ ਰਾਤ ਨੂੰ ਵੀ ਬਾਲ ਕੇ ਰੱਖੀਆਂ ਜਾਂਦੀਆਂ ਸਨ ਤਾਂ ਜੋ ਦੇਸ਼ ਨੂੰ ਲੱਗੇ ਕਿ ਉਹ ਦੇਰ ਤੱਕ ਕੰਮ ਕਰ ਰਹੇ ਹਨ।"

ਖਾਣ ਦੇ ਅਜੀਬੋਗਰੀਬ ਸ਼ੌਕ

ਕੰਬੋਡੀਆ ਦੇ ਸਾਬਕਾ ਪ੍ਰਧਾਨ ਮੰਤਰੀ ਪੋਲ ਪੋਟ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੰਬੋਡੀਆ ਦੇ ਸਾਬਕਾ ਪ੍ਰਧਾਨ ਮੰਤਰੀ ਪੋਲ ਪੋਟ

ਹਿਟਲਰ ਵਰਗਾ ਤਾਨਾਸ਼ਾਹ ਪੂਰੀ ਤਰ੍ਹਾਂ ਨਾਲ ਸ਼ਾਕਾਹਾਰੀ ਸੀ, ਇਹ ਗੱਲ ਘੱਟ ਹੀ ਲੋਕ ਜਾਣਦੇ ਹਨ। ਆਪਣੇ ਜੀਵਨ ਦੇ ਆਖ਼ਰੀ ਦਿਨਾਂ ਵਿੱਚ ਹਿਟਲਰ ਦਾ ਖਾਣਾ ਸਿਰਫ਼ ਸੂਪ ਅਤੇ ਆਲੂ ਹੁੰਦੇ ਸਨ।

ਕਿਮ ਜੋਂਗ ਇਲ ਸ਼ਾਰਕ ਫਿਨ ਅਤੇ ਕੁੱਤੇ ਦੇ ਮਾਸ ਦਾ ਸੂਪ ਪੀਣ ਦੇ ਸ਼ੌਕੀਨ ਸਨ।

ਡੇਮਿਕ ਬਾਰਬਰਾ ʻਡੇਲੀ ਬੀਸਟʼ ਦੇ 14 ਜੁਲਾਈ, 2017 ਦੇ ਅੰਕ ਵਿੱਚ ਆਪਣੇ ਲੇਖ ʻਦਿ ਵੇ ਟੂ ਅੰਡਰਸਟੈਂਡ ਕਿਮ ਜੋਂਗ ਇਲ ਵਾਜ਼ ਥਰੂ ਹਿਜ਼ ਸਟਮਕʼ ਵਿੱਚ ਲਿਖਦੀ ਹੈ, "ਕਿਮ ਦੀ ਇੱਕ ਸਨਕ ਹੋਰ ਸੀ। ਉਨ੍ਹਾਂ ਕੋਲ ਔਰਤਾਂ ਦੀ ਇੱਕ ਟੀਮ ਸੀ।"

"ਇਹ ਟੀਮ ਇਹ ਤੈਅ ਕਰਦੀ ਸੀ ਕਿ ਉਨ੍ਹਾਂ ਦੇ ਭੋਜਨ ਦੇ ਚੌਲ ਦਾ ਇੱਕ-ਇੱਕ ਦਾਨਾ ਆਕਾਰ, ਰੂਪ ਅਤੇ ਰੰਗ ਵਿੱਚ ਇੱਕੋ ਜਿਹਾ ਹੋਵੇ। ਉਨ੍ਹਾਂ ਦੀ ਪਸੰਦੀਦਾ ਡ੍ਰਿੰਕ ਕੋਨਿਅਕ ਸੀ ਅਤੇ ਉਹ ਹੇਨੇਸੀ ਕੋਨਿਅਕ ਦੇ ਸਭ ਤੋਂ ਵੱਡੇ ਖਰੀਦਾਰ ਸਨ।"

ਪੋਲ ਪੋਟ ਕੋਬਰਾ ਦਾ ਦਿਲ ਖਾਣਾ ਪਸੰਦ ਕਰਦੇ ਸਨ।

ਡੋਗਰਾ ਨੂੰ ਪੋਲ ਪੋਟ ਦੇ ਰਸੋਈਏ ਨੇ ਦੱਸਿਆ, "ਮੈਂ ਪੋਲ ਪੋਟ ਲਈ ਕੋਬਰਾ ਬਣਾਇਆ। ਪਹਿਲਾਂ ਮੈਂ ਕੋਬਰਾ ਨੂੰ ਮਾਰ ਕੇ ਉਸ ਦਾ ਸਿਰ ਕੱਟਿਆ ਅਤੇ ਉਸਨੂੰ ਰੁੱਖ਼ ਦੇ ਲਟਕਾ ਦਿੱਤਾ ਤਾਂ ਜੋ ਉਸ ਦਾ ਜ਼ਹਿਰ ਨਿਕਲ ਜਾਵੇ।"

"ਫਿਰ ਮੈਂ ਕੋਬਰਾ ਦੇ ਖ਼ੂਨ ਨੂੰ ਇੱਕ ਕੱਪ ਵਿੱਚ ਜਮਾ ਕੀਤਾ ਅਤੇ ਉਸ ਨੂੰ ਵਾਈਟ ਵਾਈਨ ਦੇ ਨਾਲ ਪਰੋਸਿਆ। ਉਸ ਤੋਂ ਬਾਅਦ ਮੈਂ ਕੋਬਰਾ ਦਾ ਕੀਮਾ ਬਣਾਇਆ। ਫਿਰ ਮੈਂ ਉਸ ਨੂੰ ਲੇਮਨ ਗ੍ਰਾਸ ਅਤੇ ਅਦਰਕ ਦੇ ਨਾਲ ਇੱਕ ਘੰਟੇ ਤੱਕ ਪਾਣੀ ਵਿੱਚ ਉਬਾਲਿਆ ਅਤੇ ਪੋਲ ਪੋਟ ਨੂੰ ਪਰੋਸਿਆ।"

ਮੁਸੋਲਿਨੀ ਦਾ ਮਨਪਸੰਦ ਖਾਣਾ ਸੀ ਕੱਚੇ ਲਸਣ ਅਤੇ ਜੈਤੂਨ ਦੇ ਤੇਲ ਨਾਲ ਬਣਿਆ ਸਲਾਦ। ਉਨ੍ਹਾਂ ਦਾ ਮੰਨਣਾ ਸੀ ਕਿ ਉਹ ਉਨ੍ਹਾਂ ਲਈ ਚੰਗਾ ਹੈ।

ਡੋਗਰਾ ਲਿਖਦੇ ਹਨ, "ਇਸ ਕਾਰਨ ਉਨ੍ਹਾਂ ਦੇ ਮੂੰਹੋਂ ਹਮੇਸ਼ਾ ਲਸਣ ਦੀ ਬਦਬੂ ਆਉਂਦੀ ਸੀ, ਇਸ ਲਈ ਭੋਜਨ ਤੋਂ ਬਾਅਦ ਉਨ੍ਹਾਂ ਦੀ ਪਤਨੀ ਦੂਜੇ ਕਮਰੇ ਵਿੱਚ ਚਲੀ ਜਾਂਦੀ ਸੀ।"

ਫੂਡ ਟੇਸਟਰ ਚੈੱਕ ਕਰਦਾ ਸੀ ਹਿਟਲਰ ਦਾ ਖਾਣਾ

ਹਿਟਲਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਹਿਟਲਰ ਦਾ ਭੋਜਨ ਖਾਣ ਤੋਂ ਪਹਿਲਾਂ ਫੂਡ ਟੇਸਟਰ ਖਾਂਦੀ ਸੀ

ਯੁਗਾਂਡਾ ਦੇ ਰਾਸ਼ਟਰਪਤੀ ਈਜੀ ਅਮੀਨ ਦੇ ਜੀਵਨਕਾਲ ਵਿੱਚ ਹੀ ਇਸੇ ਤਰ੍ਹਾਂ ਦੀਆਂ ਅਫ਼ਵਾਹਾਂ ਸਨ ਕਿ ਉਹ ਆਪਣੇ ਵਿਰੋਧੀਆਂ ਨੂੰ ਮਰਵਾ ਕੇ ਉਨ੍ਹਾਂ ਦਾ ਮਾਸ ਖਾ ਜਾਂਦੇ ਸਨ।

ਅਨੀਤਾ ਸ਼ਓਰਵਿਕਜ਼ ਆਪਣੇ ਲੇਖ ʻਡਿਕਟੇਟਰਸ ਵਿਦ ਸਟ੍ਰੈਂਜ ਇਟਿੰਗ ਹੈਬਿਟਸʼ ਵਿੱਚ ਲਿਖਦੀ ਹੈ, "ਇੱਕ ਵਾਰ ਜਦੋਂ ਉਨ੍ਹਾਂ ਕੋਲੋਂ ਪੁੱਛਿਆ ਗਿਆ ਕਿ ਕੀ ਉਹ ਇਨਸਾਨਾਂ ਦਾ ਮਾਸ ਖਾਂਦੇ ਹਨ ਤਾਂ ਉਨ੍ਹਾਂ ਦਾ ਜਵਾਬ ਸੀ, ਮੈਂ ਮਨੁੱਖੀ ਮਾਸ ਪਸੰਦ ਨਹੀਂ ਕਰਦਾ, ਕਿਉਂਕਿ ਉਹ ਬਹੁਤ ਨਮਕੀਨ ਹੁੰਦਾ ਹੈ।"

ਈਦੀ ਅਮੀਨ ਇੱਕ ਦਿਨ ਵਿੱਚ 40 ਸੰਤਰੇ ਖਾ ਜਾਂਦੇ ਸਨ, ਕਿਉਂਕਿ ਉਨ੍ਹਾਂ ਦਾ ਮੰਨਣਾ ਸੀ ਕਿ ਉਹ ਕਾਮ ਉਤੇਜਨਾ ਵਾਲੀਆਂ ਦਵਾਈਆਂ ਵਾਂਗ ਕੰਮ ਕਰਦਾ ਹੈ।"

ਹਿਟਲਰ ਦਾ ਭੋਜਨ ਖਾਣ ਤੋਂ ਪਹਿਲਾਂ ਫੂਡ ਟੇਸਟਰ ਖਾਂਦੀ ਸੀ।

ਉਨ੍ਹਾਂ ਦੀ ਇੱਕ ਫੂਡ ਟੇਸਟਰ ਮਾਰਗੋਟ ਵੋਏਲਫ਼ ਨੇ ʻਦਿ ਡੇਨਵਰ ਪੋਸਟʼ ਦੇ 27 ਅਪ੍ਰੈਲ, 2023 ਦੇ ਅੰਕ ਵਿੱਚ ਲਿਖਿਆ ਸੀ, "ਹਿਟਲਰ ਦਾ ਖਾਣਾ ਸਵਾਦਲਾ ਹੁੰਦਾ ਸੀ। ਭੋਜਨ ਲਈ ਬਿਹਤਰੀਨ ਸਬਜ਼ੀਆਂ ਇਸਤੇਮਾਲ ਹੁੰਦੀਆਂ ਸੀ। ਉਨ੍ਹਾਂ ਨੂੰ ਹਮੇਸ਼ਾ ਪਾਸਤਾ ਜਾਂ ਚੌਲਾਂ ਦੇ ਨਾਲ ਪਰੋਸਿਆ ਜਾਂਦਾ ਸੀ, ਪਰ ਹਮੇਸ਼ਾ ਜ਼ਹਿਰ ਦਿੱਤੇ ਜਾਣ ਦਾ ਡਰ ਲੱਗਿਆ ਰਹਿੰਦਾ ਸੀ ਇਸ ਲਈ ਅਸੀਂ ਕਦੇ ਖਾਣ ਦਾ ਮਜ਼ਾ ਨਹੀਂ ਲੈ ਸਕੇ ਸੀ। ਹਰ ਰੋਜ਼ ਲੱਗਦਾ ਸੀ ਕਿ ਇਹ ਸਾਡੇ ਜੀਵਨ ਦਾ ਆਖ਼ਰੀ ਦਿਨ ਹੋਣ ਵਾਲਾ ਹੈ।"

ਮਾਓ ਨੇ ਕਦੇ ਦੰਦਾਂ ਵਿੱਚ ਬਰੱਸ਼ ਨਹੀਂ ਕੀਤਾ

ਮਾਓ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਾਓ ਨੇ ਡਾਕਟਰ ਨੂੰ ਕਿਹਾ ਸੀ ਕਿ ਸ਼ੇਰ ਕਦੇ ਆਪਣੇ ਦੰਦਾਂ ਦੀ ਸਫਾਈ ਨਹੀਂ ਕਰਦਾ ਤਾਂ ਵੀ ਉਨ੍ਹਾਂ ਦੇ ਦੰਦ ਇੰਨੇ ਨੁਕੀਲੇ ਕਿਉਂ ਹੁੰਦੇ ਹਨ?

ਦੁਨੀਆਂ ਭਰ ਤਾਨਾਸ਼ਾਹ ਆਪਣੀ ਅਜੀਬੋਗਰੀ ਹਰਕਤਾਂ ਅਤੇ ਆਦਤਾਂ ਲਈ ਵੀ ਮਸ਼ਹੂਰ ਰਹੇ ਹਨ। ਚੀਨ ਦੇ ਮਾਓ ਜੇ ਤੁੰਗ ਨੇ ਜੀਵਨ ਭਰ ਆਪਣੇ ਦੰਦਾਂ ʼਤੇ ਬਰੱਸ਼ ਨਹੀਂ ਕੀਤਾ।

ਮਾਓ ਦੇ ਡਾਕਟਰ ਜ਼ੀਸੁਈ ਲੀ ਆਪਣੀ ਕਿਤਾਬ ʻਪ੍ਰਾਈਵੇਟ ਲਾਈਫ ਆਫ ਚੇਅਰਮੈਨ ਮਾਓʼ ਵਿੱਚ ਲਿਖਦੇ ਹਨ, "ਮਾਓ ਬਰੱਸ਼ ਕਰਨ ਦੀ ਬਜਾਇ ਗਰੀਨ ਟੀ ਦਾ ਕੁੱਲਾ ਕਰਦੇ ਸਨ। ਉਨ੍ਹਾਂ ਦੇ ਜੀਵਨ ਦਾ ਅੰਤ ਆਉਂਦੇ-ਆਉਂਦੇ ਉਨ੍ਹਾਂ ਦੇ ਸਾਰੇ ਦੰਦ ਹਰੇ ਹੋ ਗਏ ਸਨ ਅਤੇ ਉਨ੍ਹਾਂ ਦੇ ਮਸੂੜਿਆਂ ਵਿੱਚ ਮਵਾਦ ਭਰ ਗਿਆ ਸੀ।"

ਇੱਕ ਵਾਰ ਜਦੋਂ ਉਨ੍ਹਾਂ ਦੇ ਡਾਕਟਰ ਨੇ ਉਨ੍ਹਾਂ ਦੇ ਦੰਦ ਬਰੱਸ਼ ਕਰਨ ਦੀ ਸਲਾਹ ਦਿੱਤੀ ਤਾਂ ਉਨ੍ਹਾਂ ਦਾ ਜਵਾਬ ਸੀ, "ਸ਼ੇਰ ਕਦੇ ਆਪਣੇ ਦੰਦਾਂ ਦੀ ਸਫਾਈ ਨਹੀਂ ਕਰਦਾ ਤਾਂ ਵੀ ਉਨ੍ਹਾਂ ਦੇ ਦੰਦ ਇੰਨੇ ਨੁਕੀਲੇ ਕਿਉਂ ਹੁੰਦੇ ਹਨ?"

ਬਰਮਾ ਦੇ ਸਾਬਕਾ ਤਾਨਾਸ਼ਾਹ ਨੇ ਵਿਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਬਰਮਾ ਦੇ ਸਾਬਕਾ ਤਾਨਾਸ਼ਾਹ ਨੇ ਵਿਨ

ਜਨਰਲ ਨੇ ਵਿਨ ਨੇ ਸਾਲ ਬਰਮਾ ʼਤੇ 1988 ਯਾਨਿ 26 ਸਾਲਾਂ ਤੱਕ ਰਾਜ ਕੀਤਾ। ਜੁਆ, ਗੋਲਫ਼ ਅਤੇ ਔਰਤਾਂ ਦੇ ਸ਼ੌਕੀਨ ਜਨਰਲ ਵਿਨ ਨੂੰ ਬਹੁਤ ਜਲਦੀ ਗੁੱਸਾ ਅਉਂਦਾ ਸੀ।

ਰਾਜੀਵ ਡੋਗਰਾ ਲਿਖਦੇ ਹਨ, "ਇੱਕ ਵਾਰ ਉਨ੍ਹਾਂ ਨੂੰ ਕਿਸੇ ਜਯੋਤਿਸ਼ੀ ਨੇ ਦੱਸ ਦਿੱਤਾ ਸੀ ਕਿ 9 ਦਾ ਅੰਕ ਉਨ੍ਹਾਂ ਲਈ ਬਹੁਤ ਸ਼ੁਭ ਹੈ।"

"ਨਤੀਜਾ ਇਹ ਹੋਇਆ ਕਿ ਉਨ੍ਹਾਂ ਨੇ ਆਪਣੇ ਦੇਸ਼ ਵਿੱਚ ਚੱਲ ਰਹੇ ਸਾਰੇ 100 ਕਿਆਤ ਦੇ ਨੋਟ ਵਾਪਸ ਲੈਣ ਦੇ ਆਦੇਸ਼ ਦਿੱਤੇ ਅਤੇ ਉਸ ਦੀ ਥਾਂ 90 ਕਿਆਤ ਦੇ ਨੋਟ ਚਲਵਾਏ।"

"ਨਤੀਜਾ ਇਹ ਹੋਇਆ ਕਿ ਬਰਮਾ ਦਾ ਅਰਥਾਚਾਰਾ ਚੌਪਟ ਹੋ ਗਿਆ ਅਤੇ ਲੋਕਾਂ ਨੂੰ ਆਪਣੀ ਜੀਵਨ ਭਰ ਦੀ ਕਮਾਈ ਤੋਂ ਹੱਥ ਧੋਣਾ ਪਿਆ।"

ਅਲਬਾਨੀਆ ਦੇ ਤਾਨਾਸ਼ਾਹ ਦਾ ਬੌਡੀ ਡਬਲ

ਅਲਬਾਨੀਆ ਦੇ ਸਾਬਕਾ ਤਾਨਾਸ਼ਾਹ ਏਨਵਰ ਹੋਕਸ਼ਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਲਬਾਨੀਆ ਦੇ ਸਾਬਕਾ ਤਾਨਾਸ਼ਾਹ ਏਨਵਰ ਹੋਕਸ਼ਾ

ਅਲਬਾਨੀਆ ਦੇ ਏਨਵਰ ਹੌਕਸ਼ਾ ਸੰਨ 1974 ਤੋਂ ਲੈ ਕੇ 1985 ਤੱਕ ਸੱਤਾ ਵਿੱਚ ਰਹੇ।

ਉਨ੍ਹਾਂ ਨੂੰ ਹਮੇਸ਼ਾ ਇਸ ਗੱਲ ਦਾ ਡਰ ਲੱਗਿਆ ਰਹਿੰਦਾ ਸੀ ਕਿ ਉਨ੍ਹਾਂ ਦੇ ਦੇਸ਼ ʼਤੇ ਹਮਲਾ ਹੋਣ ਵਾਲਾ ਹੈ। ਇਸ ਤੋਂ ਬਚਣ ਲਈ ਉਨ੍ਹਾਂ ਨੇ ਪੂਰੇ ਦੇਸ਼ ਵਿੱਚ 75 ਹਜ਼ਾਰ ਬੰਕਰਾਂ ਦਾ ਨਿਰਮਾਣ ਕਰਵਾਇਆ।

ਉਨ੍ਹਾਂ ਨੇ ਬੈਂਕ ਦੇ ਨੋਟਾਂ ʼਤੇ ਆਪਣਾ ਚਿਹਰਾ ਛਪਵਾਉਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੂੰ ਡਰ ਸੀ ਕਿ ਉਸ ਦੇ ਸਹਾਰੇ ਉਨ੍ਹਾਂ ਦੇ ਉੱਤੇ ਜਾਦੂ ਨਾ ਕਰਵਾ ਦਿੱਤਾ ਜਾਵੇ।

ਬਲੈਂਡੀ ਫੇਵਜ਼ਿਊ ਆਪਣੀ ਕਿਤਾਬ, "ਏਨਵਰ ਹੌਕਸ਼ਾ, ਦਿ ਆਇਰਨ ਫ਼ਿਸਟ ਆਫ ਅਲਬਾਨੀਆʼ ਵਿੱਚ ਲਿਖਦੇ ਹਨ, "ਉਨ੍ਹਾਂ ਨੂੰ ਆਪਣੇ ਕਤਲ ਦਾ ਇੰਨਾ ਡਰ ਸੀ ਕਿ ਉਨ੍ਹਾਂ ਨੇ ਆਪਣੇ ਲਈ ਇੱਕ ਬੌਡੀ ਡਬਲ ਲੱਭਿਆ।"

"ਉਨ੍ਹਾਂ ਨਾਲ ਮਿਲਦੇ-ਜੁਲਦੇ ਇੱਕ ਸ਼ਖ਼ਸ ਨੂੰ ਇੱਕ ਪਿੰਡ ਵਿੱਚੋਂ ਚੁੱਕਿਆ ਗਿਆ ਅਤੇ ਕਈ ਵਾਰ ਪਲਾਸਟਿਕ ਸਰਜਰੀ ਤੋਂ ਬਾਅਦ ਉਸ ਨੂੰ ਉਨ੍ਹਾਂ ਵਾਂਗ ਬਣਾ ਦਿੱਤਾ ਗਿਆ।"

"ਉਨ੍ਹਾਂ ਬੌਡੀ ਡਬਲ ਨੂੰ ਉਨ੍ਹਾਂ ਵਾਂਗ ਤੁਰਨਾ-ਫਿਰਨਾ ਸਿਖਾਇਆ ਗਿਆ। ਉਸ ਨੇ ਕਈ ਫੈਕਟਰੀਆਂ ਦੇ ਉਦਘਾਟਨ ਕੀਤੇ ਅਤੇ ਭਾਸ਼ਣ ਵੀ ਦਿੱਤੇ।"

ਤੁਰਮੇਨਿਸਤਾਨ ਅਤੇ ਹੇਤੀ ਦੇ ਤਾਨਾਸ਼ਾਹਾਂ ਦੀ ਸਨਕ

ਹੈਤੀ ਦਾ ਤਾਨਾਸ਼ਾਹ ਫਰੈਂਕੋਇਸ ਡੁਵਾਲੀਏ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਹੈਤੀ ਦਾ ਤਾਨਾਸ਼ਾਹ ਫਰੈਂਕੋਇਸ ਡੁਵਾਲੀਏ

ਇਸੇ ਤਰ੍ਹਾਂ ਤੁਰਮੇਨਿਸਤਾਨ ਦੇ ਤਾਨਾਸ਼ਾਹ ਸਪਰਮੁਰਾਤ ਨਿਆਜ਼ੋਵ ਨੇ ਆਪਣੇ ਗਰੀਬ ਦੇਸ਼ ਦੀ ਰਾਜਧਾਨੀ ਵਿੱਚ ਆਪਣੀ 50 ਫੁੱਟ ਉੱਚੀ ਗੋਲਡ-ਪਲੇਟੇਡ ਮੂਰਤੀ ਬਣਵਾਈ।

ਉਨ੍ਹਾਂ ਨੇ ਇੱਕ ਕਿਤਾਬ ਵੀ ਲਿਖੀ ʻਰੂਹਨਾਮਾʼ। ਉਨ੍ਹਾਂ ਨੇ ਆਦੇਸ਼ ਦਿੱਤਾ ਕਿ ਉਸੇ ਵਿਅਕਤੀ ਨੂੰ ਡ੍ਰਾਈਵਿੰਗ ਲਾਈਸੈਂਸ ਦਿੱਤਾ ਜਾਵੇਗਾ ਜਿਸ ਨੂੰ ਉਹ ਕਿਤਾਬ ਪੂਰੀ ਯਾਦ ਹੋਵੇਗੀ।

ਉਨ੍ਹਾਂ ਨੇ ਜਨਤਕ ਸਮਾਗਮਾਂ ਅਤੇ ਟੈਲੀਵਿਜ਼ਨ ʼਤੇ ਸੰਗੀਤ ਵਜਾਉਣ ʼਤੇ ਰੋਕ ਲਗਾ ਦਿੱਤੀ ਸੀ।

ਹੇਤੀ ਦੇ ਤਾਨਾਸ਼ਾਹ ਫਰਾਂਸੁਆ ਡੁਵਾਲੀਏ ਇੰਨੇ ਅੰਧਵਿਸ਼ਵਾਸ਼ੀ ਸਨ ਕਿ ਉਨ੍ਹਾਂ ਆਪਣੇ ਦੇਸ਼ ਵਿੱਚ ਸਾਰੇ ਕਾਲੇ ਕੁੱਤੇ ਮਾਰ ਦੇਣ ਦਾ ਆਦੇਸ਼ ਦੇ ਦਿੱਤਾ ਸੀ।

ਈਦੀ ਅਮੀਨ ਅਤੇ ਏਨਵਰ ਹੌਕਸ਼ਾ ਦੀ ਕਰੂਰਤਾ

ਯੂਗਾਂਡਾ ਦੇ ਨੇਤਾ ਈਦੀ ਅਮੀਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਯੂਗਾਂਡਾ ਦੇ ਨੇਤਾ ਈਦੀ ਅਮੀਨ ਨੂੰ ਦੁਨੀਆ ਦੇ ਜ਼ਾਲਮ ਤਾਨਾਸ਼ਾਹਾਂ ਵਿੱਚ ਗਿਣਿਆ ਜਾਂਦਾ ਹੈ

ਰਾਜੀਵ ਡੋਗਰਾ ਲਿਖਦੇ ਹਨ, "70 ਦੇ ਦਹਾਕੇ ਯੁਗਾਂਡਾ ਦੇ ਕਰੂਰ ਆਗੂ ਈਦੀ ਅਮੀਨ ਦਾ ਦਾਅਵਾ ਸੀ ਕਿ ਉਹ ਆਪਣੇ ਸਿਆਸੀ ਵਿਰੋਧੀਆ ਦੇ ਸਿਰ ਕੱਟ ਕੇ ਆਪਣੇ ਫਰੀਜ਼ਰ ਵਿੱਚ ਰੱਖਦੇ ਸਨ।"

"ਅੱਠ ਸਾਲ ਦੇ ਆਪਣੇ ਸ਼ਾਸਨਕਾਲ ਦੌਰਾਨ ਉਨ੍ਹਾਂ ਨੇ 80 ਹਜ਼ਾਰ ਲੋਕਾਂ ਨੂੰ ਮਰਵਾਇਆ। ਮਾਰੇ ਜਾਣ ਵਾਲੇ ਲੋਕਾਂ ਵਿੱਚ ਬੈਂਕਰ, ਬੁੱਧੀਜੀਵੀ, ਪੱਤਰਕਾਰ, ਕੈਬਨਿਟ ਮੰਤਰੀ ਅਤੇ ਇੱਕ ਸਾਬਕਾ ਪ੍ਰਧਾਨ ਮੰਤਰੀ ਸ਼ਾਮਲ ਸੀ।"

ਇਸੇ ਤਰ੍ਹਾਂ ਅਲਬਾਨੀਆ ਦੇ ਡਿਕਟੇਟਰ ਏਨਵਰ ਨੇ ਵੀ ਆਪਣੇ ਵਿਰੋਧੀਆਂ ਨੂੰ ਨਹੀਂ ਬਖ਼ਸ਼ਿਆ।

ਬਲੈਂਡੀ ਫ਼ੇਵਜ਼ਿਊ ਲਿਖਦੇ ਹਨ, "ਉਨ੍ਹਾਂ ਨੇ ਇਸ ਹੱਦ ਤੱਕ ਬੁੱਧੀਜੀਵੀਆਂ ਦੇ ਕਤਲ ਕਰਵਾਏ ਕਿ ਉਨ੍ਹਾਂ ਦੀ ਮੌਤ ਤੱਕ ਪੋਲਿਟ ਬਿਉਰੋ ਵਿੱਚ ਕੋਈ ਵੀ ਅਜਿਹਾ ਸ਼ਖ਼ਸ ਨਹੀਂ ਬਚਿਆ ਸੀ ਜੋ ਹਾਈ ਸਕੂਲ ਤੋਂ ਜ਼ਿਆਦਾ ਪੜਿਆ ਹੋਵੇ।"

ਅਲਬਾਨੀਆ ਵਿੱਚ ਨਾਗਰਿਕਾਂ ʼਤੇ ਸਰਕਾਰ ਦੇ ਕੰਟ੍ਰੋਲ ਦਾ ਆਲਮ ਇਹ ਸੀ ਉਹ ਆਪਣੇ ਬੱਚਿਆਂ ਦੇ ਨਾਮ ਆਪਣੀ ਪਸੰਦ ਨਾਲ ਨਹੀਂ ਰੱਖ ਸਕਦੇ ਸਨ।

ਸੱਦਾਮ ਹੁਸੈਨ 1979 ਵਿੱਚ ਇਰਾਕ ਦੇ ਰਾਸ਼ਟਰਪਤੀ ਬਣੇ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੱਦਾਮ ਹੁਸੈਨ 1979 ਵਿੱਚ ਇਰਾਕ ਦੇ ਰਾਸ਼ਟਰਪਤੀ ਬਣੇ

ਸੱਦਾਮ ਹੁਸੈਨ ਦਾ ਫਾਇਰਿੰਗ ਸੁਕਵਾਇਡ

ਇਸੇ ਤਰ੍ਹਾਂ ਸੰਨ 1979 ਵਿੱਚ ਸੱਤਾ ਵਿੱਚ ਆਉਣ ਦੇ ਸੱਤ ਦਿਨ ਬਾਅਦ ਇਰਾਕ ਦੇ ਰਾਸ਼ਟਰਪਤੀ ਸੱਦਾਮ ਹੁਸੈਨ ਨੇ 22 ਜੁਲਾਈ ਨੂੰ ਬਾਥ ਸੋਸ਼ਲਿਸਟ ਪਾਰਟੀ ਦੇ ਆਗੂਆਂ ਦੀ ਇੱਕ ਬੈਠਕ ਬੁਲਾਈ ਸੀ।

ਉਨ੍ਹਾਂ ਦੇ ਨਿਰਦੇਸ਼ ʼਤੇ ਇਸ ਬੈਠਕ ਨੂੰ ਬਕਾਇਦਾ ਵੀਡੀਓ ਟੇਪ ਕੀਤਾ ਗਿਆ ਸੀ। ਉੱਥੇ ਹੀ ਸੱਦਾਮ ਹੁਸੈਨ ਨੇ ਐਲਾਨ ਕੀਤਾ ਕਿ ਉਹ ਮੌਜੂਦ 66 ਪਾਰਟੀ ਆਗੂਆਂ ਨੂੰ ਦੇਸ਼ਦ੍ਰੋਹੀ ਪਾਇਆ ਗਿਆ ਹੈ।

ਕੌਨ ਕਫ਼ਲਿਨ ਆਪਣੀ ਕਿਤਾਬ ʻਸੱਦਾਮ ਦਿ ਸੀਕਰੇਟ ਲਾਈਫʼ ਵਿੱਚ ਲਿਖਦੇ ਹਨ, "ਜਿਵੇਂ ਹੀ ਆਗੂ ਦਾ ਨਾਮ ਪੁਕਾਰਿਆ ਜਾਂਦਾ, ਗਾਰਡ ਉਸ ਦੀ ਸੀਟ ਦੇ ਪਿੱਛਿਓਂ ਆ ਕੇ ਉਸ ਨੂੰ ਚੁੱਕ ਕੇ ਹਾਲ ਦੇ ਬਾਹਰ ਲੈ ਜਾਂਦੇ। ਅੰਤ ਵਿੱਚ ਜੋ ਲੋਕ ਬਚੇ ਰਹਿ ਗਏ, ਡਰ ਨਾਲ ਥਰ-ਥਰ ਕੰਬ ਰਹੇ ਸੀ।"

"ਉਨ੍ਹਾਂ ਨੇ ਖੜ੍ਹੇ ਹੋ ਕੇ ਸੱਦਾਮ ਹੁਸੈਨ ਦੇ ਪ੍ਰਤੀ ਆਪਣੀ ਨਿਸ਼ਠਾ ਦਾ ਇਜ਼ਹਾਰ ਕੀਤਾ। 22 ਲੋਕਾਂ ਨੂੰ ਫਾਇਰਿੰਗ ਸੁਕਵਾਇਡ ਦੇ ਸਾਹਮਣੇ ਖੜ੍ਹਾ ਕਰ ਕੇ ਗੋਲੀ ਮਾਰ ਦਿੱਤੀ ਗਈ। ਹੁਣ ਪੂਰਾ ਦੇਸ਼ ਸੱਦਾਮ ਹੁਸੈਨ ਦਾ ਸੀ। ਉਹ ਪੂਰੇ ਦੇਸ਼ ਵਿੱਚ ਆਪਣਾ ਖ਼ੌਫ਼ ਫੈਲਾਉਣ ਵਿੱਚ ਕਾਮਯਾਬ ਹੋ ਗਏ ਸਨ।"

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)