ਸੱਦਾਮ ਹੁਸੈਨ ਨੂੰ ਜਦੋਂ ਫ਼ਾਂਸੀ ਦਿੱਤੀ ਗਈ ਤਾਂ ਕੀ ਸਨ ਉਨ੍ਹਾਂ ਦੇ ਬੋਲ, ਆਖਰੀ ਪਲਾਂ ਦੀ ਪੂਰੀ ਕਹਾਣੀ

ਤਸਵੀਰ ਸਰੋਤ, Getty Images
- ਲੇਖਕ, ਸਨਾ ਆਸਿਫ਼ ਡਾਰ
- ਰੋਲ, ਬੀਬੀਸੀ ਉਰਦੂ, ਇਸਲਾਮਾਬਾਦ
“30 ਦਸੰਬਰ 2006 ਨੂੰ ਸੱਦਾਮ ਹੁਸੈਨ ਨੂੰ ਤੜਕਸਾਰ ਤਿੰਨ ਵਜੇ ਉਠਾ ਕੇ ਦੱਸਿਆ ਗਿਆ ਸੀ ਕਿ ਉਨ੍ਹਾਂ ਨੂੰ ਕੁਝ ਦੇਰ ’ਚ ਹੀ ਫਾਂਸੀ ਦੇ ਦਿੱਤੀ ਜਾਵੇਗੀ। ਸੱਦਾਮ ਕੁਝ ਨਿਰਾਸ਼ ਹੋਏ। ਉਨ੍ਹਾਂ ਨੇ ਚੁੱਪ-ਚਾਪ ਜਾ ਕੇ ਇਸ਼ਨਾਨ ਕੀਤਾ ਅਤੇ ਫਿਰ ਫਾਂਸੀ ਦੇ ਲਈ ਖ਼ੁਦ ਤਿਆਰ ਵੀ ਹੋਏ।”
ਇਰਾਕ ਦੇ ਸਾਬਕਾ ਰਾਸ਼ਟਰਪਤੀ ਸੱਦਾਮ ਹੁਸੈਨ ਦੀ ਸੁਰੱਖਿਆ ’ਚ ਤੈਨਾਤ 12 ਅਮਰੀਕੀ ਸੁਰੱਖਿਆ ਮੁਲਾਜ਼ਮਾਂ ’ਚੋਂ ਇੱਕ ਵਿਲ ਬਾਰਡਨਵਰਪਰ ਨੇ ਆਪਣੀ ਕਿਤਾਬ ‘ਦਿ ਪ੍ਰਿਜ਼ਨ ਇਨ ਹਿਜ਼ ਪੈਲੇਸ’ ’ਚ ਸੱਦਾਮ ਹੁਸੈਨ ਦੀ ਜ਼ਿੰਦਗੀ ਦੇ ਆਖ਼ਰੀ ਦਿਨ ਬਾਰੇ ਲਿਖਿਆ ਹੈ।
ਵਿਲ ਬਾਰਡਨਵਰਪਰ ਦੇ ਅਨੁਸਾਰ ਆਪਣੇ ਆਖ਼ਰੀ ਦਿਨਾਂ ’ਚ ਇਰਾਕ ਦੇ ਸਾਬਕਾ ਤਾਨਾਸ਼ਾਹ ਸੱਦਾਮ ਹੁਸੈਨ ਨੂੰ ਉਮੀਦ ਸੀ ਕਿ ਉਨ੍ਹਾਂ ਨੂੰ ਫਾਂਸੀ ਨਹੀਂ ਦਿੱਤੀ ਜਾਵੇਗੀ।
ਦੋ ਦਹਾਕਿਆਂ ਤੋਂ ਵੀ ਵੱਧ ਸਮੇਂ ਤੱਕ ਇਰਾਕ ’ਤੇ ਸ਼ਾਸਨ ਕਰਨ ਤੋਂ ਬਾਅਦ ਸਾਲ 2003 ’ਚ ਸੱਦਾਮ ਹੁਸੈਨ ਦੀ ਸੱਤਾ ਦਾ ਅੰਤ ਹੋਇਆ ਸੀ।

ਤਸਵੀਰ ਸਰੋਤ, Getty Images
ਸੱਦਾਮ ਹੁਸੈਨ ਨੂੰ ਕਿਉਂ ਦਿੱਤੀ ਗਈ ਸੀ ਫਾਂਸੀ ?
ਇਰਾਕ ਦੇ ਸਾਬਕਾ ਰਾਸ਼ਟਰਪਤੀ ਸੱਦਾਮ ਹੁਸੈਨ ਨੂੰ ਸਾਲ 1982 ’ਚ ਦੁਜੈਲ ਸ਼ਹਿਰ ’ਚ ਆਪਣੇ 148 ਵਿਰੋਧੀਆਂ ਦੇ ਕਤਲ ਦੇ ਇਲਜ਼ਾਮ ’ਚ ਇਰਾਕ ਦੀ ਇੱਕ ਅਦਾਲਤ ਨੇ ਨਵੰਬਰ 2006 ’ਚ ਮੌਤ ਦੀ ਸਜ਼ਾ ਸੁਣਾਈ ਸੀ।
ਅਦਾਲਤੀ ਦਸਤਾਵੇਜ਼ਾਂ ਅਨੁਸਾਰ ਮਾਰੇ ਗਏ ਸਾਰੇ ਲੋਕ ਸ਼ਿਆ ਭਾਈਚਾਰੇ ਦੇ ਸਨ ਅਤੇ ਉਨ੍ਹਾਂ ਨੂੰ ਸੱਦਾਮ ਹੁਸੈਨ ’ਤੇ ਇੱਕ ਨਾਕਾਮ ਜਾਨਲੇਵਾ ਹਮਲੇ ਤੋਂ ਬਾਅਦ ਮਾਰਿਆ ਗਿਆ ਸੀ।
ਸੱਦਾਮ ਹੁਸੈਨ ਨੂੰ ਸਜ਼ਾ-ਏ-ਮੌਤ ਦਿੱਤੇ ਜਾਣ ਦੇ ਸਮੇਂ ਅਤੇ ਸਥਾਨ ਨੂੰ ਹਰ ਕਿਸੇ ਤੋਂ ਗੁਪਤ ਰੱਖਿਆ ਗਿਆ ਸੀ।
ਸੱਦਾਮ ਨੂੰ ਇਰਾਕ ਦੀ ਰਾਜਧਾਨੀ ਬਗ਼ਦਾਦ ਦੇ ਨਜ਼ਦੀਕ ਇੱਕ ਇਲਾਕੇ ‘ਖ਼ਾਦਮੀਆ’ ’ਚ ਇੱਕ ਇਰਾਕੀ ਕੰਪਾਊਂਡ ’ਚ ਕੰਕਰੀਟ ਨਾਲ ਬਣੇ ਚੈਂਬਰ ’ਚ ਫਾਂਸੀ ਦਿੱਤੀ ਗਈ ਸੀ। ਅਮਰੀਕੀ ਇਸ ਕੰਪਾਊਂਡ ਨੂੰ ‘ਕੈਂਪ ਜਸਟਿਸ’ ਕਹਿੰਦੇ ਸਨ।

ਤਸਵੀਰ ਸਰੋਤ, Getty Images
ਇਸ ਮੌਕੇ ਇਰਾਕੀਆਂ ਦਾ ਇੱਕ ਛੋਟਾ ਸਮੂਹ ਵੀ ਉੱਥੇ ਮੌਜੂਦ ਸੀ।
ਉਸ ਸਮੂਹ ਦੇ ਲੋਕਾਂ ਦੇ ਅਨੁਸਾਰ ਜਦੋਂ ਜੱਜ ਹੁਸੈਨ ਨੂੰ ਫਾਂਸੀ ਦਿੱਤੇ ਜਾਣ ਤੋਂ ਕੁਝ ਸਮਾਂ ਪਹਿਲਾਂ ਸਜ਼ਾ ਪੜ੍ਹ ਕੇ ਸੁਣਾ ਰਹੇ ਸਨ ਤਾਂ ਉਸ ਸਮੇਂ ਸੱਦਾਮ ਨੇ ਆਪਣੇ ਹੱਥ ’ਚ ਕੁਰਾਨ ਫੜੀ ਹੋਈ ਸੀ।
ਸੱਦਾਮ ਨੇ ਕੁਰਾਨ ਦੀ ਇਹ ਕਾਪੀ ਬਾਅਦ ’ਚ ਆਪਣੇ ਇੱਕ ਦੋਸਤ ਨੂੰ ਦੇਣ ਲਈ ਕਿਹਾ ਸੀ।
ਫਾਂਸੀ ਦੇ ਸਮੇਂ ਕੈਦੀਆਂ ਦੇ ਕੱਪੜੇ ਪਾਉਣ ਦੀ ਥਾਂ ’ਤੇ 69 ਸਾਲਾ ਸੱਦਾਮ ਹੁਸੈਨ ਨੇ ਚਿੱਟੇ ਰੰਗ ਦੀ ਕਮੀਜ਼ ਅਤੇ ਗੂੜੇ ਰੰਗ ਦਾ ਕੋਟ ਪਾਇਆ ਹੋਇਆ ਸੀ।
ਇਰਾਕ ਦੇ ਸਰਕਾਰੀ ਟੀਵੀ ’ਤੇ ਪ੍ਰਸਾਰਿਤ ਹੋਈ ਫੁਟੇਜ ’ਚ ਵਿਖਾਇਆ ਗਿਆ ਸੀ ਕਿ ਨਕਾਬਪੋਸ਼ ਵਿਅਕਤੀਆਂ ਦੇ ਇੱਕ ਸਮੂਹ ਨੇ ਸੱਦਾਮ ਹੁਸੈਨ ਨੂੰ ਫਾਂਸੀ ਦੇ ਤਖ਼ਤੇ ’ਤੇ ਚੜਾਇਆ, ਪਰ ਫਾਂਸੀ ਲਗਾਉਣ ਦੇ ਪਲਾਂ ਨੂੰ ਟੀਵੀ ’ਤੇ ਪ੍ਰਸਾਰਿਤ ਨਹੀਂ ਕੀਤਾ ਗਿਆ ਸੀ।

… ਜੱਦੋਂ ਜਲਾਦ ਨੂੰ ਰੋਕਿਆ ਗਿਆ
ਫਾਂਸੀ ਦੇ ਤਖ਼ਤੇ ’ਤੇ ਪਹੁੰਚਣ ਤੋਂ ਬਾਅਦ ਸੱਦਾਮ ਹੁਸੈਨ ਦੇ ਸਿਰ ਅਤੇ ਗਲੇ ’ਚ ਕਾਲੇ ਰੰਗ ਦਾ ਕੱਪੜਾ ਪਾਇਆ ਗਿਆ ਸੀ (ਇਹ ਕੱਪੜਾ ਆਮ ਤੌਰ ’ਤੇ ਫਾਂਸੀ ਦਿੱਤੇ ਜਾਣ ਤੋਂ ਪਹਿਲਾਂ ਸਾਰੇ ਮੁਲਜ਼ਮਾਂ ਦੇ ਮੂੰਹ ’ਤੇ ਪਾਇਆ ਜਾਂਦਾ ਹੈ) ਅਤੇ ਇਸ ਤੋਂ ਬਾਅਦ ਫਾਂਸੀ ਦਿੱਤੀ ਗਈ ਸੀ।
ਪਰ ਜਦੋਂ ਜਲਾਦ ਸੱਦਾਮ ਹੁਸੈਨ ਦੇ ਸਿਰ ਨੂੰ ਢੱਕਣ ਲਈ ਅੱਗੇ ਵਧਿਆ ਤਾਂ ਸੱਦਾਮ ਨੇ ਉਸ ਨੂੰ ਅਜਿਹਾ ਕਰਨ ਤੋਂ ਮਨਾ ਕੀਤਾ, ਕਿਉਂਕਿ ਉਹ ਇਸ ਤੋਂ ਬਿਨਾਂ ਹੀ ਮਰਨਾ ਚਾਹੁੰਦੇ ਸਨ।
ਸੱਦਾਮ ਨੂੰ ਫਾਂਸੀ ਦਿੱਤੇ ਜਾਣ ਤੋਂ ਬਾਅਦ ਇੱਕ ਲੀਕ ਹੋਏ ਵੀਡੀਓ ’ਚ ਵੇਖਿਆ ਜਾ ਸਕਦਾ ਹੈ ਕਿ ਜਦੋਂ ਸੱਦਾਮ ਦੇ ਗਲੇ ’ਚ ਫਾਹਾ ਪਾਇਆ ਗਿਆ ਸੀ ਤਾਂ ਉਹ ਮੁਸਕਰਾਉਂਦੇ ਹੋਏ ਨਜ਼ਰ ਆ ਰਹੇ ਸਨ ਅਤੇ ਜ਼ੋਰ ਨਾਲ ਬੋਲੇ “ ਕੀ ਤੁਸੀਂ ਇਸ ਨੂੰ ਬਹਾਦਰੀ ਸਮਝਦੇ ਹੋ…”
ਜਿਸ ਤੋਂ ਬਾਅਦ ਉੱਥੇ ਮੌਜੂਦ ਲੋਕਾਂ ’ਚੋਂ ਇੱਕ ਨੇ ਜਵਾਬ ਦਿੱਤਾ, “ ਜਹਨੁਮ ’ਚ ਜਾਓ…” , ਜਿਸ ’ਤੇ ਸੱਦਾਮ, ਜੋ ਕਿ ਆਪਣੇ ਦੁਸ਼ਮਣਾਂ ’ਤੇ ਆਪਣੇ ਮੁਲਕ ਨੂੰ ਤਬਾਹ ਕਰਨ ਦਾ ਇਲਜ਼ਾਮ ਲਗਾਉਂਦੇ ਸਨ, ਨੇ ਜਵਾਬ ਦਿੱਤਾ, “ਕੀ ਉਹ ਜਹਨੁਮ ਇਰਾਕ ਹੈ?”
ਬੀਬੀਸੀ ਵਰਲਡ ਦੇ ਪੱਤਰਕਾਰ ਜੌਨ ਸਿੰਪਸਨ ਦੇ ਅਨੁਸਾਰ ਸੱਦਾਮ ਦੀ ਫਾਂਸੀ ਦੀ ਜੋ ਵੀਡੀਓ ਸਾਹਮਣੇ ਆਈ ਹੈ, ਉਸ ’ਚ “ਉਹ ਬਹੁਤ ਹੀ ਸ਼ਾਂਤ ਵਿਖਾਈ ਦਿੱਤੇ ਅਤੇ ਉਨ੍ਹਾਂ ਨੇ ਮੁਆਫ਼ੀ ਦੇ ਲਈ ਭੀਖ ਵੀ ਨਹੀਂ ਮੰਗੀ।”
ਉਸ ਵੀਡੀਓ ’ਚ ਸੱਦਾਮ ਨੂੰ ਕੁਰਾਨ ਦੀ ਆਇਤ ਪੜ੍ਹਦੇ ਹੋਏ ਫਾਂਸੀ ਦੇ ਤਖ਼ਤੇ ’ਤੇ ਚੜ੍ਹਦੇ ਹੋਏ ਵੇਖਿਆ ਗਿਆ ਹੈ।

ਤਸਵੀਰ ਸਰੋਤ, Getty Images
ਉਸ ਸਮੇਂ ਇਰਾਕ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਮਵ ਵਾਫ਼ਿਕ ਅਲ ਰਿਬਾਈ ਵੀ ਫਾਂਸੀ ਵਾਲੀ ਥਾਂ ’ਤੇ ਮੌਜੂਦ ਸਨ। ਉਨ੍ਹਾਂ ਨੇ ਬਾਅਦ ’ਚ ਬੀਬੀਸੀ ਨੂੰ ਦੱਸਿਆ ਕਿ ਸੱਦਾਮ ਚੁੱਪ-ਚਾਪ ਫਾਂਸੀ ਦੇ ਤਖ਼ਤੇ ਤੱਕ ਗਏ ਸਨ।
“ਅਸੀਂ ਉਨ੍ਹਾਂ ਨੂੰ ਫਾਂਸੀ ਦੇ ਤਖ਼ਤੇ ਵੱਲ ਲੈ ਕੇ ਗਏ। ਉਹ ਕੁਝ ਨਾਅਰੇ ਲਗਾ ਰਹੇ ਸਨ। ਉਹ ਬਹੁਤ ਜ਼ਿਆਦਾ ਟੁੱਟ ਚੁੱਕੇ ਸਨ।”
ਮਵ ਵਾਫ਼ਿਕ ਅਲ ਰਿਬਾਈ ਉਹੀ ਵਿਅਕਤੀ ਹਨ, ਜਿੰਨ੍ਹਾਂ ਦੀ ਸਾਲ 2013 ’ਚ ਇੱਕ ਤਸਵੀਰ ਸਾਹਮਣੇ ਆਈ ਸੀ, ਜਿਸ ’ਚ ਵੇਖਿਆ ਗਿਆ ਸੀ ਕਿ ਉਨ੍ਹਾਂ ਦੇ ਘਰ ’ਚ ਸੱਦਾਮ ਹੁਸੈਨ ਦੀ ਇੱਕ ਕਾਂਸੇ ਦੀ ਮੂਰਤੀ ਪਈ ਹੋਈ ਸੀ ਅਤੇ ਉਸ ਮੂਰਤੀ ਦੇ ਗਲੇ ’ਚ ਉਹੀ ਰੱਸੀ ਪਈ ਹੋਈ ਸੀ, ਜਿਸ ਨਾਲ ਕਿ ਸੱਦਾਮ ਹੁਸੈਨ ਨੂੰ ਫਾਂਸੀ ਦਿੱਤੀ ਗਈ ਸੀ।
ਉਸ ਤਸਵੀਰ ਦੇ ਜਨਤਕ ਹੋਣ ਤੋਂ ਬਾਅਦ ਵੱਖ-ਵੱਖ ਦੇਸ਼ਾਂ ਦੇ ਲੋਕਾਂ ਨੇ ਉਸ ਰੱਸੀ ਨੂੰ ਹਾਸਲ ਕਰਨ ਲਈ ਬੋਲੀ ਵੀ ਲਗਾਈ ਸੀ ਪਰ ਰਿਬਾਈ ਦਾ ਕਹਿਣਾ ਸੀ ਕਿ ਉਹ ਸੱਦਾਮ ਦੀ ਮੂਰਤੀ ਅਤੇ ਉਸ ਰੱਸੀ ਨੂੰ ਅਜਾਇਬਘਰ ’ਚ ਰੱਖਣ ਦਾ ਇਰਾਦਾ ਰੱਖਦੇ ਹਨ।

ਤਸਵੀਰ ਸਰੋਤ, Getty Images
ਇਹ ਮੁਕੱਦਮਾ ਇੱਕ ਮਜ਼ਾਕ ਹੈ…
ਸੱਦਾਮ ਹੁਸੈਨ ਦੀ ਫਾਂਸੀ ਤੋਂ ਬਾਅਦ ਉਨ੍ਹਾਂ ਦੀ ਮ੍ਰਿਤਕ ਦੇਹ ਦੀਆਂ ਫੋਟੋਆਂ ਵੀ ਇਰਾਕੀ ਟੀਵੀ ’ਤੇ ਪ੍ਰਸਾਰਿਤ ਕੀਤੀਆਂ ਗਈਆਂ ਸਨ, ਜਿਸ ’ਚ ਉਨ੍ਹਾਂ ਨੇ ਕਫ਼ਨ ਦੀ ਥਾਂ ’ਤੇ ਆਪਣਾ ਕੋਟ ਹੀ ਪਾਇਆ ਹੋਇਆ ਸੀ ਅਤੇ ਮ੍ਰਿਤਕ ਦੇਹ ਨੂੰ ਇੱਕ ਚਿੱਟੇ ਰੰਗ ਦੀ ਚਾਦਰ ’ਚ ਲਪੇਟਿਆ ਗਿਆ ਸੀ।
ਜਦੋਂ ਸੱਦਾਮ ਹੁਸੈਨ ਨੂੰ ਫਾਂਸੀ ਦਿੱਤੀ ਗਈ ਅਤੇ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਬਾਹਰ ਲਿਆਂਦਾ ਗਿਆ ਤਾਂ ਬਾਹਰ ਮੌਜੂਦ ਭੀੜ੍ਹ ’ਚ ਸ਼ਾਮਲ ਲੋਕਾਂ ਨੇ ਉਨ੍ਹਾਂ ’ਤੇ ਥੁੱਕਣਾ ਸ਼ੁਰੂ ਕੀਤਾ ਅਤੇ ਉਨ੍ਹਾਂ ਨੂੰ ਗਾਲ੍ਹਾਂ ਵੀ ਕੱਢੀਆਂ।
ਵਿਲ ਬਾਰਡਰਵਰਪਰ ਆਪਣੀ ਕਿਤਾਬ ’ਚ ਲਿਖਦੇ ਹਨ ਕਿ ਸੱਦਾਮ ਹੁਸੈਨ ਦੀ ਸੁਰੱਖਿਆ ’ਚ ਤੈਨਾਤ 12 ਸੁਰੱਖਿਆ ਕਰਮਚਾਰੀਆਂ ’ਚੋਂ ਇੱਕ ਨੇ ਕੋਸ਼ਿਸ਼ ਕੀਤੀ ਸੀ ਕਿ ਉਹ ਭੀੜ ਨੂੰ ਅਜਿਹਾ ਕਰਨ ਤੋਂ ਰੋਕੇ ਪਰ ਉਨ੍ਹਾਂ ਦੇ ਸਾਥੀਆਂ ਨੇ ਉਸ ਨੂੰ ਵਾਪਸ ਪਿੱਛੇ ਖਿੱਚ ਲਿਆ ਸੀ।
ਉਨ੍ਹਾਂ 12 ਸੁਰੱਖਿਆ ਮੁਲਾਜ਼ਮਾਂ ’ਚੋਂ ਇੱਕ ਐਡਮ ਰੋਥਰਸਨ ਨੇ ਬਾਰਡਨਵਰਪਰ ਨੇ ਇਹ ਦੱਸਿਆ ਸੀ, “ਜਦੋਂ ਸੱਦਾਮ ਹੁਸੈਨ ਨੂੰ ਫਾਂਸੀ ਦਿੱਤੀ ਗਈ ਤਾਂ ਸਾਨੂੰ ਲੱਗਿਆ ਕਿ ਅਸੀਂ ਉਨ੍ਹਾਂ ਨਾਲ ਧੋਖਾ ਕੀਤਾ ਹੈ। ਅਸੀਂ ਆਪਣੇ ਆਪ ਨੂੰ ਹੀ ਕਾਤਲ ਮੰਨਦੇ ਸੀ।"
"ਸਾਨੂੰ ਇੰਝ ਮਹਿਸੂਸ ਹੋਇਆ ਕਿ ਜਿਵੇਂ ਅਸੀਂ ਇੱਕ ਅਜਿਹੇ ਵਿਅਕਤੀ ਨੂੰ ਕਤਲ ਕਰ ਦਿੱਤਾ ਹੈ ਜੋ ਕਿ ਸਾਡੇ ਬਹੁਤ ਹੀ ਨਜ਼ਦੀਕ ਸੀ।”
13 ਦਸੰਬਰ, 2003 ਨੂੰ ਇਰਾਕ ਦੇ ਸਾਬਕਾ ਰਾਸ਼ਟਰਪਤੀ ਸੱਦਾਮ ਹੁਸੈਨ ਨੂੰ ਹਿਰਾਸਤ ’ਚ ਲੈਣ ਤੋਂ ਬਾਅਦ ਉਨ੍ਹਾਂ ’ਤੇ 3 ਸਾਲ ਤੱਕ ਮੁਕੱਦਮਾ ਚੱਲਿਆ ਸੀ ਅਤੇ ਫਿਰ 5 ਨਵੰਬਰ 2006 ਨੂੰ ਅਦਾਲਤ ਨੇ ਉਨ੍ਹਾਂ ਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ ਸੀ।
ਸੱਦਾਮ ਹੁਸੈਨ ਦੇ ਖ਼ਿਲਾਫ਼ ਮੁੱਕਦਮੇ ਦਾ ਫ਼ੈਸਲਾ ਸੁਣਾਏ ਜਾਣ ਤੋਂ ਪਹਿਲਾਂ ਅਮਰੀਕਾ ਦੇ ਇੱਕ ਸਾਬਕਾ ਅਟਾਰਨੀ ਜਨਰਲ ਰਿਮਸੇ ਕਲਾਰਕ ਨੂੰ ਅਦਾਲਤ ਦੇ ਕਮਰੇ ’ਚੋਂ ਬਾਹਰ ਜਾਣ ਦਾ ਹੁਕਮ ਦਿੱਤਾ ਗਿਆ ਸੀ, ਕਿਉਂਕਿ ਉਨ੍ਹਾਂ ਨੇ ਜੱਜ ਨੂੰ ਇੱਕ ਪਰਚੀ ਦਿੱਤੀ ਸੀ, ਜਿਸ ’ਚ ਲਿਖਿਆ ਹੋਇਆ ਸੀ, “ਇਹ ਮੁਕੱਦਮਾ ਇੱਕ ਮਜ਼ਾਕ ਹੈ।”
ਨੋਟ : ਸੱਦਾਮ ਹੁਸੈਨ ਦੀ ਫਾਂਸੀ ਨਾਲ ਸਬੰਧਤ ਇਹ ਰਿਪੋਰਟ ਬੀਬੀਸੀ ਦੀਆਂ ਸਾਲ 2006 ’ਚ ਪ੍ਰਕਾਸ਼ਿਤ ਰਿਪੋਰਟਾਂ ਦੀ ਮਦਦ ਨਾਲ ਤਿਆਰ ਕੀਤੀ ਗਈ ਹੈ।












