ਅਮਰੀਕਾ ਵਿੱਚ ਦਹਾਕਿਆਂ ਪਹਿਲਾਂ ਗੋਦ ਲਏ ਲੋਕਾਂ ਨੂੰ ਹੁਣ ਦੇਸ਼ ਨਿਕਾਲੇ ਦਾ ਡਰ ਕਿਉਂ ਸਤਾ ਰਿਹਾ ਹੈ

- ਲੇਖਕ, ਜਾਰਜ ਰਾਈਟ
- ਰੋਲ, ਬੀਬੀਸੀ ਨਿਊਜ਼
ਸ਼ਰਲੀ ਚੁੰਗ ਸਿਰਫ਼ ਇੱਕ ਸਾਲ ਦੀ ਸੀ ਜਦੋਂ ਉਨ੍ਹਾਂ ਨੂੰ 1966 ਵਿੱਚ ਇੱਕ ਅਮਰੀਕੀ ਪਰਿਵਾਰ ਨੇ ਗੋਦ ਲਿਆ ਸੀ।
ਦੱਖਣੀ ਕੋਰੀਆ ਵਿੱਚ ਜਨਮੀ ਸ਼ਰਲੀ ਦੇ ਜਨਮਦਾਤਾ ਪਿਤਾ ਅਮਰੀਕੀ ਫੌਜ ਦੇ ਮੈਂਬਰ ਸਨ ਅਤੇ ਉਹ ਸ਼ਰਲੀ ਦੇ ਜਨਮ ਤੋਂ ਤੁਰੰਤ ਬਾਅਦ ਘਰ ਵਾਪਸ ਆ ਗਏ। ਹਾਲਾਤ ਨਾਲ ਨਜਿੱਠਣ ਵਿੱਚ ਅਸਮਰੱਥ ਉਨ੍ਹਾਂ ਦੀ ਮਾਂ ਨੇ ਉਨ੍ਹਾਂ ਨੂੰ ਦੱਖਣੀ ਕੋਰੀਆ ਦੀ ਰਾਜਧਾਨੀ ਸਿਓਲ ਵਿੱਚ ਇੱਕ ਅਨਾਥ ਆਸ਼ਰਮ ਵਿੱਚ ਸੌਂਪ ਦਿੱਤਾ।
ਹੁਣ 61 ਸਾਲਾਂ ਦੇ ਸ਼ਰਲੀ ਦਾ ਕਹਿਣਾ ਹੈ, "ਉਸਨੇ (ਮਾਂ) ਸਾਨੂੰ ਛੱਡ ਦਿੱਤਾ, ਮੈਂ ਇਹੀ ਸਹੀ ਢੰਗ ਨਾਲ ਕਹਿ ਸਕਦੀ ਹਾਂ।"
ਲਗਭਗ ਇੱਕ ਸਾਲ ਬਾਅਦ, ਸ਼ਰਲੀ ਨੂੰ ਇੱਕ ਅਮਰੀਕੀ ਜੋੜੇ ਨੇ ਗੋਦ ਲਿਆ ਅਤੇ ਉਨ੍ਹਾਂ ਨੂੰ ਟੈਕਸਾਸ ਵਾਪਸ ਲੈ ਗਏ।
ਸ਼ਰਲੀ ਬਹੁਤ ਸਾਰੇ ਨੌਜਵਾਨ ਅਮਰੀਕੀਆਂ ਵਾਂਗ ਜ਼ਿੰਦਗੀ ਜੀਉਂਦੇ ਹੋਏ ਵੱਡੀ ਹੋਏ ਹਨ। ਉਹ ਸਕੂਲ ਗਈ, ਆਪਣਾ ਡਰਾਈਵਿੰਗ ਲਾਇਸੈਂਸ ਲਿਆ ਅਤੇ ਬਾਰਟੈਂਡਰ ਵਜੋਂ ਕੰਮ ਕੀਤਾ।
ਸ਼ਰਲੀ ਦੱਸਦੇ ਹਨ, "ਮੈਂ 80 ਦੇ ਦਹਾਕੇ ਦੇ ਬਹੁਤ ਸਾਰੇ ਕਿਸ਼ੋਰ ਅਮਰੀਕੀਆਂ ਵਾਂਗ ਘੁੰਮਦੀ ਰਹੀ, ਸਾਹ ਲੈਂਦੀ ਰਹੀ ਅਤੇ ਮੁਸੀਬਤ ਵਿੱਚ ਫਸੀ। ਮੈਂ 80 ਦੇ ਦਹਾਕੇ ਦੀ ਬੱਚੀ ਹਾਂ।"
ਸ਼ਰਲੀ ਦੇ ਬੱਚੇ ਹੋਏ, ਉਨ੍ਹਾਂ ਦਾ ਵਿਆਹ ਹੋਇਆ ਅਤੇ ਉਹ ਪਿਆਨੋ ਅਧਿਆਪਕ ਬਣ ਗਈ। ਜ਼ਿੰਦਗੀ ਦਹਾਕਿਆਂ ਤੱਕ ਚਲਦੀ ਰਹੀ, ਉਨ੍ਹਾਂ ਦੀ ਅਮਰੀਕੀ ਪਛਾਣ 'ਤੇ ਸ਼ੱਕ ਕਰਨ ਦਾ ਕੋਈ ਕਾਰਨ ਹੀ ਨਹੀਂ ਸੀ।
ਪਰ ਫਿਰ 2012 ਵਿੱਚ ਉਨ੍ਹਾਂ ਦੀ ਦੁਨੀਆ ਉਸ ਵੇਲੇ ਖੇਰੂੰ-ਖੇਰੂੰ ਹੋ ਗਈ ਜਦੋਂ ਉਨ੍ਹਾਂ ਨੇ ਆਪਣਾ ਸੋਸ਼ਲ ਕਾਰਡ ਕਾਰਡ ਗੁਆ ਦਿੱਤਾ ਅਤੇ ਉਸ ਨੂੰ ਬਦਲਣ ਦੀ ਲੋੜ ਸੀ।
ਪਰ ਜਦੋਂ ਉਹ ਆਪਣੇ ਸਥਾਨਕ ਸੋਸ਼ਲ ਸਿਕਿਓਰਿਟੀ ਦਫ਼ਤਰ ਗਈ, ਤਾਂ ਸ਼ਰਲੀ ਨੂੰ ਦੱਸਿਆ ਗਿਆ ਕਿ ਉਨ੍ਹਾਂ ਨੂੰ ਦੇਸ਼ ਵਿੱਚ ਆਪਣੀ ਸਥਿਤੀ (ਸਟੇਟਸ) ਸਾਬਤ ਕਰਨ ਦੀ ਲੋੜ ਹੈ। ਆਖ਼ਰਕਾਰ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੇ ਕੋਲ ਅਮਰੀਕੀ ਨਾਗਰਿਕਤਾ ਨਹੀਂ ਹੈ।
ਉਹ ਦੱਸਦੇ ਹਨ, "ਇਹ ਪਤਾ ਲੱਗਣ ਤੋਂ ਬਾਅਦ ਮੈਂ ਥੋੜ੍ਹਾ ਮਾਨਸਿਕ ਤੌਰ 'ਤੇ ਟੁੱਟ ਗਈ ਕਿ ਮੈਂ ਨਾਗਰਿਕ ਨਹੀਂ ਹਾਂ।"

ਤਸਵੀਰ ਸਰੋਤ, Shirley Chung
ਦਰਜਨਾਂ ਗੋਦ ਲਏ ਲੋਕਾਂ ਨੂੰ ਭੇਜਿਆ ਉਨ੍ਹਾਂ ਦੇ ਜਨਮ ਦੇਸ਼
ਸ਼ਰਲੀ ਇਕੱਲੇ ਨਹੀਂ ਹਨ। ਕਿੰਨੇ ਹੀ ਅਮਰੀਕੀ ਗੋਦ ਲਏ ਲੋਕਾਂ ਕੋਲ ਨਾਗਰਿਕਤਾ ਨਹੀਂ ਹੈ, ਇਸ ਦਾ ਅੰਦਾਜ਼ਾ 18,000 ਤੋਂ 75,000 ਤੱਕ ਹੈ। ਕੁਝ ਅੰਤਰ-ਦੇਸ਼ੀ ਗੋਦ ਲਏ ਲੋਕਾਂ ਨੂੰ ਇਹ ਵੀ ਨਹੀਂ ਪਤਾ ਹੋਵੇਗਾ ਕਿ ਉਨ੍ਹਾਂ ਕੋਲ ਅਮਰੀਕੀ ਨਾਗਰਿਕਤਾ ਨਹੀਂ ਹੈ।
ਅਡਾਪਟੀ ਰਾਈਟਸ ਲਾਅ ਸੈਂਟਰ ਦੇ ਅਨੁਸਾਰ, ਹਾਲ ਹੀ ਦੇ ਸਾਲਾਂ ਵਿੱਚ ਦਰਜਨਾਂ ਗੋਦ ਲਏ ਗਏ ਲੋਕਾਂ ਨੂੰ ਉਨ੍ਹਾਂ ਦੇ ਜਨਮ ਦੇ ਦੇਸ਼ਾਂ ਵਿੱਚ ਭੇਜ ਦਿੱਤਾ ਗਿਆ ਹੈ। ਦੱਖਣੀ ਕੋਰੀਆ ਵਿੱਚ ਪੈਦਾ ਹੋਏ ਅਤੇ ਇੱਕ ਅਮਰੀਕੀ ਪਰਿਵਾਰ ਦੁਆਰਾ ਬੱਚੇ ਵਜੋਂ ਗੋਦ ਲਏ ਗਏ ਇੱਕ ਆਦਮੀ ਨੂੰ ਸਿਰਫ ਇੱਕ ਅਪਰਾਧਿਕ ਰਿਕਾਰਡ ਕਾਰਨ ਉਨ੍ਹਾਂ ਦੇ ਜਨਮ ਦੇਸ਼ ਵਿੱਚ ਭੇਜ ਦਿੱਤਾ ਗਿਆ ਅਤੇ ਉਨ੍ਹਾਂ ਨੇ 2017 ਵਿੱਚ ਆਪਣੀ ਜਾਨ ਲੈ ਲਈ।
ਇੰਨੇ ਸਾਰੇ ਅਮਰੀਕੀ ਗੋਦ ਲਏ ਗਏ ਲੋਕਾਂ ਕੋਲ ਨਾਗਰਿਕਤਾ ਨਾ ਹੋਣ ਦੇ ਕਾਰਨ ਵੱਖ-ਵੱਖ ਹਨ।
ਸ਼ਰਲੀ ਆਪਣੇ ਮਾਪਿਆਂ ਨੂੰ ਅਮਰੀਕਾ ਆਉਣ 'ਤੇ ਸਹੀ ਕਾਗਜ਼ਾਤ ਨੂੰ ਅੰਤਿਮ ਰੂਪ ਦੇਣ ਵਿੱਚ ਅਸਫ਼ਲ ਰਹਿਣ ਲਈ ਦੋਸ਼ੀ ਠਹਿਰਾਉਂਦੇ ਹਨ। ਉਹ ਸਕੂਲ ਪ੍ਰਣਾਲੀ ਅਤੇ ਸਰਕਾਰ ਨੂੰ ਇਹ ਵੀ ਦੋਸ਼ੀ ਠਹਿਰਾਉਂਦੀ ਹੈ ਕਿ ਉਸ ਕੋਲ ਨਾਗਰਿਕਤਾ ਨਹੀਂ ਸੀ।
"ਮੈਂ ਆਪਣੀ ਜ਼ਿੰਦਗੀ ਦੇ ਸਾਰੇ ਬਾਲਗਾਂ ਨੂੰ ਦੋਸ਼ੀ ਠਹਿਰਾਉਂਦੀ ਹਾਂ ਜਿਨ੍ਹਾਂ ਨੇ ਸ਼ਾਬਦਿਕ ਤੌਰ 'ਤੇ ਹੀ ਸਭ ਛੱਡ ਦਿੱਤਾ ਅਤੇ ਕਿਹਾ 'ਉਹ ਹੁਣ ਅਮਰੀਕਾ ਵਿੱਚ ਹੀ ਹਨ, ਠੀਕ ਹੋਣ ਵਾਲੇ ਹਨ।'"
"ਠੀਕ ਹੈ, ਕੀ ਮੈਂ ਠੀਕ ਹੋਣ ਵਾਲੀ ਹਾਂ?"

ਤਸਵੀਰ ਸਰੋਤ, Photo supplied
'ਹਮੇਸ਼ਾ ਸਮਝਦੀ ਰਹੀ ਕਿ ਮੈਂ ਇੱਕ ਅਮਰੀਕੀ ਨਾਗਰਿਕ ਹਾਂ'
ਇੱਕ ਹੋਰ ਔਰਤ ਨੇ ਅਧਿਕਾਰੀਆਂ ਦਾ ਧਿਆਨ ਖਿੱਚਣ ਦੇ ਡਰੋਂ ਆਪਣਾ ਨਾਮ ਗੁਪਤ ਰੱਖਣ ਦੀ ਬੇਨਤੀ ਕੀਤੀ ਸੀ। ਉਨ੍ਹਾਂ ਨੂੰ 1973 ਵਿੱਚ ਈਰਾਨ ਦੇ ਇੱਕ ਅਮਰੀਕੀ ਜੋੜੇ ਨੇ ਗੋਦ ਲਿਆ ਸੀ ਜਦੋਂ ਉਹ ਦੋ ਸਾਲ ਦੀ ਸੀ।
ਅਮਰੀਕਾ ਦੇ ਮੱਧ-ਪੱਛਮੀ ਹਿੱਸੇ ਵਿੱਚ ਵੱਡੀ ਹੋਈ, ਉਨ੍ਹਾਂ ਨੂੰ ਕੁਝ ਨਸਲਵਾਦ ਦਾ ਸਾਹਮਣਾ ਵੀ ਕਰਨਾ ਪਿਆ ਪਰ ਆਮ ਤੌਰ 'ਤੇ ਉਨ੍ਹਾਂ ਦਾ ਪਾਲਣ-ਪੋਸ਼ਣ ਖੁਸ਼ਹਾਲ ਰਿਹਾ।
ਉਹ ਆਖਦੇ ਹਨ, "ਮੈਂ ਆਪਣੀ ਜ਼ਿੰਦਗੀ ਵਿੱਚ ਸੈਟਲ ਹੋ ਗਈ, ਹਮੇਸ਼ਾ ਸਮਝਦੀ ਰਹੀ ਕਿ ਮੈਂ ਇੱਕ ਅਮਰੀਕੀ ਨਾਗਰਿਕ ਹਾਂ। ਮੈਨੂੰ ਇਹੀ ਦੱਸਿਆ ਗਿਆ ਸੀ। ਮੈਂ ਅੱਜ ਵੀ ਇਸ ਗੱਲ 'ਤੇ ਵਿਸ਼ਵਾਸ ਕਰਦੀ ਹਾਂ।"
ਪਰ ਇਹ ਉਦੋਂ ਬਦਲ ਗਿਆ ਜਦੋਂ ਉਨ੍ਹਾਂ ਨੇ 38 ਸਾਲ ਦੀ ਉਮਰ ਵਿੱਚ ਪਾਸਪੋਰਟ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਅਤੇ ਪਤਾ ਲੱਗਾ ਕਿ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਨਾਗਰਿਕਤਾ ਦੇ ਉਨ੍ਹਾਂ ਦੇ ਦਾਅਵੇ ਦਾ ਸਮਰਥਨ ਕਰਨ ਵਾਲੇ ਮਹੱਤਵਪੂਰਨ ਦਸਤਾਵੇਜ਼ ਗੁਆ ਦਿੱਤੇ ਹਨ।
ਇਸ ਨਾਲ ਪਛਾਣ ਦੇ ਆਲੇ-ਦੁਆਲੇ ਦੀਆਂ ਉਨ੍ਹਾਂ ਦੀ ਭਾਵਨਾਵਾਂ ਨੂੰ ਹੋਰ ਵੀ ਗੁੰਝਲਦਾਰ ਬਣਾ ਦਿੱਤਾ ਹੈ।
ਉਹ ਦੱਸਦੇ ਹਨ, "ਮੈਂ ਨਿੱਜੀ ਤੌਰ 'ਤੇ ਆਪਣੇ ਆਪ ਨੂੰ ਇੱਕ ਪਰਵਾਸੀ ਵਜੋਂ ਸ਼੍ਰੇਣੀਬੱਧ ਨਹੀਂ ਕਰਦੀ। ਮੈਂ ਇੱਥੇ ਇੱਕ ਪਰਵਾਸੀ ਵਜੋਂ ਨਹੀਂ ਆਈ ਜਿਸ ਦਾ ਦੂਜੀ ਭਾਸ਼ਾ, ਇੱਕ ਵੱਖਰੇ ਸੱਭਿਆਚਾਰ, ਪਰਿਵਾਰਕ ਮੈਂਬਰਾਂ, ਉਸ ਦੇਸ਼ ਨਾਲ ਸਬੰਧ ਸਨ ਜਿੱਥੇ ਮੈਂ ਪੈਦਾ ਹੋਈ ਸੀ... ਮੇਰਾ ਸੱਭਿਆਚਾਰ ਮਿਟਾ ਦਿੱਤਾ ਗਿਆ ਸੀ।"
"ਤੁਹਾਨੂੰ ਦੱਸਿਆ ਜਾਂਦਾ ਹੈ ਕਿ ਇੱਕ ਅਮਰੀਕੀ ਹੋਣ ਦੇ ਨਾਤੇ ਤੁਹਾਡੇ ਕੋਲ ਇਹ ਅਧਿਕਾਰ ਹਨ, ਜਿਵੇਂ ਵੋਟ ਪਾਉਣਾ ਅਤੇ ਲੋਕਤੰਤਰ ਵਿੱਚ ਹਿੱਸਾ ਲੈਣਾ, ਕੰਮ ਕਰਨਾ, ਸਕੂਲ ਜਾਣਾ, ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਨਾ, ਆਜ਼ਾਦੀਆਂ ਹਾਸਲ ਕਰਨਾ। ਇਹ ਸਭ ਕੁਝ ਅਮਰੀਕੀਆਂ ਕੋਲ ਹੈ।"
"ਅਤੇ ਫਿਰ ਅਚਾਨਕ ਉਨ੍ਹਾਂ ਨੇ ਸਾਨੂੰ ਪਰਵਾਸੀਆਂ ਦੀ ਸ਼੍ਰੇਣੀ ਵਿੱਚ ਧੱਕਣਾ ਸ਼ੁਰੂ ਕਰ ਦਿੱਤਾ, ਸਿਰਫ਼ ਇਸ ਲਈ ਕਿਉਂਕਿ ਉਨ੍ਹਾਂ ਨੇ ਸਾਨੂੰ ਕਾਨੂੰਨ ਤੋਂ ਵੱਖ ਕਰ ਦਿੱਤਾ ਸੀ। ਸਾਨੂੰ ਸਾਰਿਆਂ ਨੂੰ ਬਰਾਬਰ ਨਾਗਰਿਕਤਾ ਦੇ ਅਧਿਕਾਰ ਹੋਣੇ ਚਾਹੀਦੇ ਸਨ ਕਿਉਂਕਿ ਇਹ ਗੋਦ ਲੈਣ ਦੀਆਂ ਨੀਤੀਆਂ ਰਾਹੀਂ ਵਾਅਦਾ ਕੀਤਾ ਗਿਆ ਸੀ।"
ਦਹਾਕਿਆਂ ਤੋਂ ਅਦਾਲਤਾਂ ਅਤੇ ਸਰਕਾਰੀ ਏਜੰਸੀਆਂ ਦੁਆਰਾ ਪ੍ਰਵਾਨਿਤ ਅੰਤਰ-ਦੇਸ਼ੀ ਗੋਦ ਲੈਣ ਨਾਲ ਆਪਣੇ-ਆਪ ਅਮਰੀਕੀ ਨਾਗਰਿਕਤਾ ਦੀ ਗਰੰਟੀ ਨਹੀਂ ਮਿਲਦੀ ਸੀ। ਗੋਦ ਲੈਣ ਵਾਲੇ ਮਾਪੇ ਕਈ ਵਾਰ ਆਪਣੇ ਬੱਚਿਆਂ ਲਈ ਕਾਨੂੰਨੀ ਦਰਜਾ ਜਾਂ ਕੁਦਰਤੀ ਨਾਗਰਿਕਤਾ ਦਿਵਾਉਣ ਵਿੱਚ ਅਸਫ਼ਲ ਰਹਿੰਦੇ ਹਨ।

2000 ਦੇ ਬਾਲ ਨਾਗਰਿਕਤਾ ਕਾਨੂੰਨ ਨੇ ਇਸ ਨੂੰ ਸੁਧਾਰਨ ਵਿੱਚ ਕੁਝ ਤਰੱਕੀ ਕੀਤੀ, ਅੰਤਰਰਾਸ਼ਟਰੀ ਗੋਦ ਲੈਣ ਵਾਲਿਆਂ ਨੂੰ ਸਵੈਚਲਿਤ ਨਾਗਰਿਕਤਾ ਦਿੱਤੀ ਹੈ।
ਪਰ ਕਾਨੂੰਨ ਸਿਰਫ ਭਵਿੱਖ ਵਿੱਚ ਗੋਦ ਲੈਣ ਵਾਲਿਆਂ ਜਾਂ ਫਰਵਰੀ 1983 ਤੋਂ ਬਾਅਦ ਪੈਦਾ ਹੋਏ ਲੋਕਾਂ ਨੂੰ ਹੀ ਇਸ ਵਿੱਚ ਸ਼ਾਮਲ ਕਰਦਾ ਸੀ। ਜੋ ਉਸ ਤੋਂ ਪਹਿਲਾਂ ਆਏ ਸਨ ਉਨ੍ਹਾਂ ਨੂੰ ਨਾਗਰਿਕਤਾ ਨਹੀਂ ਦਿੱਤੀ ਗਈ, ਜਿਸ ਨਾਲ ਹਜ਼ਾਰਾਂ ਲੋਕ ਅੜਿੱਕੇ ਵਿੱਚ ਪੈ ਗਏ।
ਵਕੀਲ ਕਾਂਗਰਸ 'ਤੇ ਉਮਰ ਦੀ ਕਟੌਤੀ ਨੂੰ ਹਟਾਉਣ ਲਈ ਜ਼ੋਰ ਪਾ ਰਹੇ ਹਨ ਪਰ ਇਹ ਬਿੱਲ ਸਦਨ ਤੋਂ ਅੱਗੇ ਨਹੀਂ ਵਧ ਸਕੇ ਹਨ।
ਕੁਝ, ਜਿਵੇਂ ਕਿ ਡੈਬੀ ਨੇ ਆਪਣੇ 'ਤੇ ਨਿਰਭਰਾਂ ਲਈ ਨਾਗਰਿਕਤਾ ਹਾਸਲ ਲਈ ਕੋਸ਼ਿਸ਼ ਵਿੱਚ ਦਹਾਕੇ ਬਿਤਾਏ ਹਨ।
ਦਰਅਸਲ ਉਨ੍ਹਾਂ ਦੇ ਦੋ ਗੋਦ ਲਏ ਬੱਚਿਆਂ ਦੀਆਂ ਵਿਸ਼ੇਸ਼ ਜ਼ਰੂਰਤਾਂ ਹਨ ਅਤੇ ਉਨ੍ਹਾਂ ਨੇ ਬੇਨਤੀ ਕੀਤੀ ਕਿ ਉਨ੍ਹਾਂ ਦਾ ਪੂਰਾ ਨਾਮ ਨਾ ਵਰਤਿਆ ਜਾਵੇ।
ਉਨ੍ਹਾਂ ਨੇ 1990 ਦੇ ਦਹਾਕੇ ਵਿੱਚ 'ਸ਼ੇਮ ਆਫ਼ ਏ ਨੇਸ਼ਨ, 1989 ਦੀ ਰੋਮਾਨੀਅਨ ਕ੍ਰਾਂਤੀ ਤੋਂ ਬਾਅਦ ਅਨਾਥ ਆਸ਼ਰਮ ਵਿੱਚ ਬੱਚਿਆਂ ਦੀ ਅਣਦੇਖੀ ਬਾਰੇ ਇੱਕ ਦਸਤਾਵੇਜ਼ੀ ਫਿਲਮ ਦੇਖਣ ਤੋਂ ਬਾਅਦ ਰੋਮਾਨੀਆ ਦੇ ਇੱਕ ਅਨਾਥ ਆਸ਼ਰਮ ਤੋਂ ਦੋ ਬੱਚਿਆਂ ਨੂੰ ਗੋਦ ਲਿਆ ਸੀ।
ਇਸ ਦਸਤਾਵੇਜ਼ੀ ਦੇ ਪ੍ਰਸਾਰਣ 'ਤੇ ਦੁਨੀਆ ਨੂੰ ਝਟਕੇ ਲੱਗੇ।
ਉਨ੍ਹਾਂ ਨੇ ਦੱਸਿਆ ਕਿ ਨਾਗਰਿਕਤਾ ਦੀ ਸਭ ਤੋਂ ਤਾਜ਼ਾ ਅਸਵੀਕਾਰ ਕਰਨ ਦਾ ਮਾਮਲਾ ਮਈ ਵਿੱਚ ਆਇਆ ਸੀ ਅਤੇ ਇਸ ਤੋਂ ਬਾਅਦ ਇੱਕ ਨੋਟਿਸ ਜਾਰੀ ਕੀਤਾ ਗਿਆ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਜੇਕਰ 30 ਦਿਨਾਂ ਵਿੱਚ ਫ਼ੈਸਲੇ ਖ਼ਿਲਾਫ਼ ਅਪੀਲ ਨਹੀਂ ਕੀਤੀ ਗਈ, ਤਾਂ ਉਨ੍ਹਾਂ ਨੂੰ ਆਪਣੀ ਧੀ ਨੂੰ ਹੋਮਲੈਂਡ ਸਿਕਿਓਰਿਟੀ ਦੇ ਹਵਾਲੇ ਕਰਨਾ ਪਵੇਗਾ।
ਉਹ ਆਖਦੇ ਹਨ, "ਅਸੀਂ ਖੁਸ਼ਕਿਸਮਤ ਹੋਵਾਂਗੇ ਜੇਕਰ ਉਨ੍ਹਾਂ ਨੂੰ ਚੁੱਕ ਕੇ ਕਿਸੇ ਹੋਰ ਦੇਸ਼ ਨਾ ਭੇਜ ਦਿੱਤਾ ਜਾਵੇ ਜੋ ਉਨ੍ਹਾਂ ਦਾ ਮੂਲ ਦੇਸ਼ ਵੀ ਨਹੀਂ ਹੈ।"

ਤਸਵੀਰ ਸਰੋਤ, AFP via Getty Images
ਟਰੰਪ ਦੀ ਵ੍ਹਾਈਟ ਹਾਊਸ ਵਿੱਚ ਵਾਪਸੀ ਮਗਰੋਂ ਡਰੇ ਪਰਿਵਾਰ
"ਫੈਡਰਲ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਸਾਰੇ ਪਰਦੇਸੀ ਲੋਕਾਂ ਨੂੰ ਤੁਰੰਤ ਹਟਾਉਣ" ਦੀ ਸਹੁੰ ਦੇ ਨਾਲ, ਵ੍ਹਾਈਟ ਹਾਊਸ ਵਿੱਚ ਰਾਸ਼ਟਰਪਤੀ ਡੌਨਲਡ ਟਰੰਪ ਦੀ ਵਾਪਸੀ ਤੋਂ ਬਾਅਦ ਗੋਦ ਲਏ ਗਏ ਲੋਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਇਹ ਡਰ ਹੋਰ ਵੀ ਵੱਧ ਗਿਆ ਹੈ
ਪਿਛਲੇ ਮਹੀਨੇ ਟਰੰਪ ਪ੍ਰਸ਼ਾਸਨ ਨੇ ਕਿਹਾ ਸੀ ਕਿ "250 ਦਿਨਾਂ ਤੋਂ ਵੀ ਘੱਟ ਸਮੇਂ ਵਿੱਚ 20 ਲੱਖ ਗ਼ੈਰ-ਕਾਨੂੰਨੀ ਪਰਵਾਸੀ ਸੰਯੁਕਤ ਰਾਜ ਅਮਰੀਕਾ ਛੱਡ ਗਏ ਹਨ, ਜਿਸ ਵਿੱਚ ਅੰਦਾਜ਼ਨ 16 ਲੱਖ ਲੋਕ ਸ਼ਾਮਲ ਹਨ ਜਿਨ੍ਹਾਂ ਨੇ ਸਵੈ-ਇੱਛਾ ਨਾਲ ਸਵੈ-ਦੇਸ਼ ਨਿਕਾਲੇ ਅਤੇ 4,00,000 ਤੋਂ ਵੱਧ ਦੇਸ਼ ਨਿਕਾਲੇ" ਹਨ।
ਜਦੋਂ ਕਿ ਕਈ ਅਮਰੀਕੀ ਗ਼ੈਰ-ਕਾਨੂੰਨੀ ਪਰਵਾਸੀਆਂ ਦੇ ਦੇਸ਼ ਨਿਕਾਲੇ ਦਾ ਸਮਰਥਨ ਕਰਦੇ ਹਨ, ਕੁਝ ਘਟਨਾਵਾਂ 'ਤੇ ਹੰਗਾਮਾ ਵੀ ਹੋਇਆ ਹੈ।
ਇੱਕ ਮਾਮਲੇ ਵਿੱਚ 238 ਵੈਨੇਜ਼ੁਏਲਾ ਵਾਸੀਆਂ ਨੂੰ ਅਮਰੀਕਾ ਦੁਆਰਾ ਅਲ ਸੈਲਵਾਡੋਰ ਵਿੱਚ ਇੱਕ ਵੱਧ ਤੋਂ ਵੱਧ ਸੁਰੱਖਿਆ ਵਾਲੀ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਸੀ। ਉਨ੍ਹਾਂ 'ਤੇ ਟ੍ਰੇਨ ਡੀ ਅਰਾਗੁਆ ਗੈਂਗ ਦੇ ਮੈਂਬਰ ਹੋਣ ਦਾ ਇਲਜ਼ਾਮ ਲਗਾਇਆ ਗਿਆ ਸੀ ਹਾਲਾਂਕਿ ਉਨ੍ਹਾਂ ਵਿੱਚੋਂ ਜ਼ਿਆਦਾਤਰ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਸੀ।
ਪਿਛਲੇ ਮਹੀਨੇ, ਅਮਰੀਕੀ ਅਧਿਕਾਰੀਆਂ ਨੇ 475 ਲੋਕਾਂ ਨੂੰ ਹਿਰਾਸਤ ਵਿੱਚ ਲਿਆ, ਜਿਨ੍ਹਾਂ ਵਿੱਚੋਂ 300 ਤੋਂ ਵੱਧ ਦੱਖਣੀ ਕੋਰੀਆਈ ਨਾਗਰਿਕ ਸਨ। ਇਨ੍ਹਾਂ ਬਾਰੇ ਉਨ੍ਹਾਂ ਨੇ ਕਿਹਾ ਸੀ ਕਿ ਉਹ ਹੁੰਡਈ ਦੀ ਬੈਟਰੀ ਦੀ ਫੈਕਟਰੀ ਵਿੱਚ ਗ਼ੈਰ-ਕਾਨੂੰਨੀ ਤੌਰ 'ਤੇ ਕੰਮ ਕਰ ਰਹੇ ਸਨ।
ਹੁੰਡਈ ਬੈਟਰੀ ਦੀ ਫੈਕਟਰੀ ਜਾਰਜੀਆ ਵਿੱਚ ਸਭ ਤੋਂ ਵੱਡੇ ਵਿਦੇਸ਼ੀ ਨਿਵੇਸ਼ ਪ੍ਰੋਜੈਕਟਾਂ ਵਿੱਚੋਂ ਇੱਕ ਹੈ।
ਮਜ਼ਦੂਰਾਂ ਨੂੰ ਹੱਥਕੜੀਆਂ ਅਤੇ ਜ਼ੰਜੀਰਾਂ ਵਿੱਚ ਬੰਨ੍ਹ ਕੇ ਹਿਰਾਸਤ ਵਿੱਚ ਲਿਆ ਗਿਆ, ਜਿਸ ਨਾਲ ਉਨ੍ਹਾਂ ਦੇ ਦੇਸ਼ ਵਿੱਚ ਰੋਸ ਫੈਲ੍ਹ ਗਿਆ।
ਗੋਦ ਲੈਣ ਵਾਲੇ ਅਧਿਕਾਰ ਸਮੂਹਾਂ ਦਾ ਕਹਿਣਾ ਹੈ ਕਿ ਟਰੰਪ ਦੀ ਵਾਪਸੀ ਤੋਂ ਬਾਅਦ ਉਨ੍ਹਾਂ ਕੋਲ ਮਦਦ ਲਈ ਬੇਨਤੀਆਂ ਦਾ ਹੜ੍ਹ ਆ ਗਿਆ ਹੈ ਅਤੇ ਕੁਝ ਗੋਦ ਲੈਣ ਵਾਲੇ ਲੁਕ ਗਏ ਹਨ।

ਤਸਵੀਰ ਸਰੋਤ, Reuters
ਇੱਕ ਵਕੀਲ ਅਤੇ ਅਡਾਪਟੀ ਰਾਈਟਸ ਲਾਅ ਸੈਂਟਰ ਦੇ ਸੰਸਥਾਪਕ ਗ੍ਰੇਗ ਲੂਸ ਨੇ ਕਿਹਾ, "ਜਦੋਂ ਚੋਣ ਨਤੀਜੇ ਆਏ ਤਾਂ ਮਦਦ ਲਈ ਬੇਨਤੀਆਂ ਦਾ ਹੜ੍ਹ ਆਉਣਾ ਸ਼ੁਰੂ ਹੋ ਗਿਆ।"
ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਕੋਲ ਮਦਦ ਲਈ 275 ਤੋਂ ਵੱਧ ਬੇਨਤੀਆਂ ਆਈਆਂ ਹਨ।
1970 ਦੇ ਦਹਾਕੇ ਵਿੱਚ ਈਰਾਨ ਤੋਂ ਗੋਦ ਲਈ ਗਈ ਇੱਕ ਔਰਤ ਨੇ ਕਿਹਾ ਕਿ ਉਨ੍ਹਾਂ ਨੇ ਕੁਝ ਖ਼ਾਸ ਖੇਤਰਾਂ ਤੋਂ ਬਚਣਾ ਸ਼ੁਰੂ ਕਰ ਦਿੱਤਾ ਹੈ, ਜਿਵੇਂ ਕਿ ਉਨ੍ਹਾਂ ਦੀ ਸਥਾਨਕ ਈਰਾਨੀ ਸੁਪਰਮਾਰਕੀਟ ਅਤੇ ਹੁਣ ਉਹ ਆਪਣੇ ਦੋਸਤਾਂ ਨਾਲ ਐਪ ਸਾਂਝੀ ਕਰਦੀ ਹੈ ਤਾਂ ਜੋ ਜੇ ਕਿਤੇ ਹੋ 'ਫਸ ਜਾਂਦੇ ਹਨ' ਤਾਂ ਉਨ੍ਹਾਂ ਨੂੰ ਪਤਾ ਲੱਗ ਸਕੇ।
ਉਨ੍ਹਾਂ ਨੇ ਕਿਹਾ, "ਅਖ਼ੀਰ ਉਨ੍ਹਾਂ ਨੂੰ ਤੁਹਾਡੇ ਪਿਛੋਕੜ ਦੀ ਪਰਵਾਹ ਨਹੀਂ ਹੈ। ਉਨ੍ਹਾਂ ਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਹੈ ਕਿ ਤੁਸੀਂ ਕਾਨੂੰਨੀ ਤੌਰ 'ਤੇ ਇੱਥੇ ਹੋ ਅਤੇ ਇਹ ਸਿਰਫ਼ ਇੱਕ ਕਾਗਜ਼ੀ ਗ਼ਲਤੀ ਹੈ। ਮੈਂ ਹਮੇਸ਼ਾ ਲੋਕਾਂ ਨੂੰ ਦੱਸਦੀ ਹਾਂ ਕਿ ਇਸ ਕਾਗਜ਼ ਦੇ ਇੱਕ ਟੁਕੜੇ ਨੇ ਅਸਲ ਵਿੱਚ ਮੇਰੀ ਜ਼ਿੰਦਗੀ ਬਰਬਾਦ ਕਰ ਦਿੱਤੀ ਹੈ।"
"ਜਿੱਥੋਂ ਤੱਕ ਮੇਰਾ ਸਵਾਲ ਹੈ, ਮੈਂ ਹੁਣ ਸਟੇਟਹੀਣ (ਕਿਸੇ ਵੀ ਦੇਸ਼ ਨਾਲ ਨਾ ਜੁੜੀ ਹੋਈ। ਮਹਿਸੂਸ ਕਰ ਰਹੀ ਹਾਂ।"
ਹੋਮਲੈਂਡ ਸਿਕਿਓਰਿਟੀ ਵਿਭਾਗ ਨੇ ਟਿੱਪਣੀ ਲਈ ਬੇਨਤੀ ਦਾ ਜਵਾਬ ਨਹੀਂ ਦਿੱਤਾ।

ਤਸਵੀਰ ਸਰੋਤ, Shirley Chung
'ਕਿਰਪਾ ਕਰਕੇ ਕੁਝ ਹਮਦਰਦੀ ਰੱਖੋ'
ਦਹਾਕਿਆਂ ਅਮਰੀਕਾ ਵਿੱਚ ਗੋਦ ਲਏ ਗਏ ਬੱਚਿਆਂ ਲਈ ਕੰਮ ਕਰਨ ਵਾਲੀ ਇੱਕ ਸਿਵਲ ਅਤੇ ਮਨੁੱਖੀ ਅਧਿਕਾਰ ਵਕੀਲ ਐਮਿਲੀ ਹੋਵੇ ਦਾ ਮੰਨਣਾ ਹੈ ਕਿ ਇਹ ਸਿਰਫ ਰਾਜਨੀਤਿਕ ਇੱਛਾ ਸ਼ਕਤੀ ਦਾ ਮਾਮਲਾ ਹੈ ਜੋ ਰਾਜਨੀਤਿਕ ਸਪੈਕਟ੍ਰਮ ਦੇ ਲੋਕਾਂ ਨੂੰ ਇਕਜੁੱਟ ਕਰਨਾ ਚਾਹੀਦਾ ਹੈ।
ਉਹ ਕਹਿੰਦੇ ਹਨ, "ਇਸ ਦਾ ਇੱਕ ਸਿੱਧਾ ਹੱਲ ਹੋਣਾ ਚਾਹੀਦਾ ਹੈ। ਗੋਦ ਲਏ ਗਏ ਬੱਚੇ ਉਨ੍ਹਾਂ ਦੇ ਜੈਵਿਕ ਭੈਣ-ਭਰਾਵਾਂ ਦੇ ਬਰਾਬਰ ਹੋਣੇ ਚਾਹੀਦੇ ਹਨ ਜੋ ਜਨਮ ਸਮੇਂ ਅਮਰੀਕੀ ਨਾਗਰਿਕ ਸਨ।"
"ਬਿਨੈਕਾਰਾਂ ਦੇ ਦੋ, ਤਿੰਨ, ਜਾਂ ਚਾਰ ਅਮਰੀਕੀ ਨਾਗਰਿਕ ਮਾਪੇ ਹਨ ਅਤੇ ਹੁਣ ਉਨ੍ਹਾਂ ਦੀ ਉਮਰ 40, 50 ਅਤੇ 60 ਦੇ ਦਹਾਕੇ ਵਿੱਚ ਹੈ। ਅਸੀਂ ਉਨ੍ਹਾਂ ਬੱਚਿਆਂ ਅਤੇ ਛੋਟੇ ਬੱਚਿਆਂ ਬਾਰੇ ਗੱਲ ਕਰ ਰਹੇ ਹਾਂ ਜਿਨ੍ਹਾਂ ਨੂੰ ਬਿਨਾਂ ਕਿਸੇ ਗ਼ਲਤੀ ਦੇ ਵਿਦੇਸ਼ ਭੇਜ ਦਿੱਤਾ ਗਿਆ ਸੀ ਅਤੇ ਅਮਰੀਕੀ ਨੀਤੀ ਦੇ ਤਹਿਤ ਕਾਨੂੰਨੀ ਤੌਰ 'ਤੇ ਸਵੀਕਾਰ ਕੀਤਾ ਗਿਆ ਸੀ।"
"ਇਹ ਉਹ ਲੋਕ ਹਨ ਜਿਨ੍ਹਾਂ ਨਾਲ ਸ਼ਾਬਦਿਕ ਤੌਰ 'ਤੇ ਵਾਅਦਾ ਕੀਤਾ ਗਿਆ ਸੀ ਕਿ ਉਹ ਦੋ ਸਾਲ ਦੀ ਉਮਰ ਵਿੱਚ ਅਮਰੀਕੀ ਬਣਨਗੇ।"
ਸ਼ਰਲੀ ਚਾਹੁੰਦੇ ਹਨ ਕਿ ਉਹ ਅਮਰੀਕੀ ਰਾਸ਼ਟਰਪਤੀ ਨੂੰ ਇੱਕ ਕਮਰੇ ਵਿੱਚ ਲੈ ਕੇ ਜਾਣ ਸਕਣ ਤਾਂ ਜੋ ਉਹ ਅਤੇ ਉਨ੍ਹਾਂ ਦੇ ਵਰਗੇ ਹੋਰ ਲੋਕ ਉਨ੍ਹਾਂ ਨੂੰ ਆਪਣੀਆਂ ਕਹਾਣੀਆਂ ਸਮਝਾ ਸਕਣ।
ਉਹ ਕਹਿੰਦੇ ਹਨ, "ਮੈਂ ਉਨ੍ਹਾਂ ਨੂੰ ਬੇਨਤੀ ਕਰਾਂਗੀ ਕਿ ਕਿਰਪਾ ਕਰਕੇ ਕੁਝ ਹਮਦਰਦੀ ਰੱਖੋ। ਅਸੀਂ ਗ਼ੈਰ-ਕਾਨੂੰਨੀ ਪਰਵਾਸੀ ਨਹੀਂ ਹਾਂ।"
"ਸਾਨੂੰ ਛੋਟੇ-ਛੋਟੇ ਬੱਚਿਆਂ ਵਾਂਗ ਜਹਾਜ਼ਾਂ 'ਤੇ ਚੜ੍ਹਾਇਆ ਗਿਆ ਸੀ। ਕਿਰਪਾ ਕਰਕੇ ਸਾਡੀ ਕਹਾਣੀ ਸੁਣੋ ਅਤੇ ਕਿਰਪਾ ਕਰਕੇ ਉਸ ਵਾਅਦੇ ਦੀ ਪਾਲਣਾ ਕਰੋ ਜੋ ਅਮਰੀਕਾ ਨੇ ਉਨ੍ਹਾਂ ਜਹਾਜ਼ਾਂ 'ਤੇ ਚੜ੍ਹਨ ਵਾਲੇ ਹਰੇਕ ਬੱਚੇ ਨੂੰ ਦਿੱਤਾ ਸੀ, ਅਮਰੀਕੀ ਨਾਗਰਿਕਤਾ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












