ਅਮਰੀਕਾ 'ਚ ਪਿਛਲੇ 20 ਦਿਨਾਂ ਤੋਂ ਲਾਪਤਾ ਪੰਜਾਬੀ ਨੌਜਵਾਨ ਦੀ ਮਿਲੀ ਲਾਸ਼, ਪੁਲਿਸ ਨੇ ਕੀ ਦੱਸਿਆ

ਅਮਰੀਕਾ 'ਚ ਪਿਛਲੇ 20 ਦਿਨਾਂ ਤੋਂ ਲਾਪਤਾ ਹੋਏ ਪੰਜਾਬੀ ਨੌਜਵਾਨ ਮੁੰਡੇ ਦੀ ਲਾਸ਼ ਨਦੀ 'ਚੋਂ ਮਿਲਣ ਦੀ ਜਾਣਕਾਰੀ ਸਾਹਮਣੇ ਆਈ ਹੈ। ਅਮਰੀਕਾ ਦੀ ਲਿਨ ਕਾਉਂਟੀ ਸ਼ੈਰਿਫ ਆਫ਼ਿਸ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ, ਲਾਸ਼ ਓਰੀਗਨ ਸੂਬੇ ਦੇ ਮਿੱਲ ਸਿਟੀ ਪਿੰਡ ਦੀ ਸੈਂਟੀਅਮ ਨਦੀ ਵਿੱਚੋਂ ਮਿਲੀ ਹੈ।
ਇਹ ਖ਼ਬਰ ਮਿਲਣ ਤੋਂ ਬਾਅਦ ਸੰਗਰੂਰ ਦੇ ਮੂਣਕ ਇਲਾਕੇ ਦੇ ਪਿੰਡ ਮੰਡਵੀ ਵਿੱਚ ਮਾਤਮ ਦਾ ਮਾਹੌਲ ਹੈ।
ਕਰਨਦੀਪ ਪਿਛਲੇ 20 ਦਿਨਾਂ ਤੋਂ ਲਾਪਤਾ ਸਨ ਅਤੇ ਉਨ੍ਹਾਂ ਪੁਲਿਸ ਉਨ੍ਹਾਂ ਦੀ ਭਾਲ਼ ਕਰ ਰਹੀ ਸੀ।
ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਆਪਣੇ ਮੁੰਡੇ ਨਾਲ ਆਖਰੀ ਵਾਰ 8 ਅਕਤੂਬਰ ਨੂੰ ਗੱਲ ਹੋਈ ਸੀ ਅਤੇ ਫਿਰ ਉਸ ਨਾਲ ਕੋਈ ਸੰਪਰਕ ਨਹੀਂ ਹੋ ਸਕਿਆ। ਉਸ ਤੋਂ ਬਾਅਦ ਫ਼ੋਨ ਬੰਦ ਆ ਰਿਹਾ ਸੀ।
ਮਛੇਰੇ ਨੂੰ ਮਿਲੀ ਮੁੰਡੇ ਦੀ ਲਾਸ਼

ਤਸਵੀਰ ਸਰੋਤ, Getty Images
ਲਿਨ ਕਾਉਂਟੀ ਸ਼ੈਰਿਫ ਆਫ਼ਿਸ ਵੱਲੋਂ ਜਾਰੀ ਜਾਣਕਾਰੀ ਮੁਤਾਬਕ, 18 ਸਾਲਾ ਕਰਨਦੀਪ ਸਿੰਘ ਇਸ ਮਹੀਨੇ ਦੇ ਸ਼ੁਰੂ ਵਿੱਚ ਮਿੱਲ ਸਿਟੀ ਬ੍ਰਿਜ ਨੇੜੇ ਉੱਤਰੀ ਸੈਂਟੀਅਮ ਨਦੀ ਵਿੱਚ ਲਾਪਤਾ ਹੋ ਗਏ ਸਨ।
ਪੁਲਿਸ ਦਾ ਕਹਿਣਾ ਹੈ ਕਿ 24 ਅਕਤੂਬਰ, 2025 ਨੂੰ ਦੁਪਹਿਰ 2:00 ਵਜੇ ਤੋਂ ਬਾਅਦ ਲਿਨ ਕਾਉਂਟੀ ਸ਼ੈਰਿਫ਼ ਦੇ ਦਫ਼ਤਰ ਨੂੰ ਮਿੱਲ ਸਿਟੀ ਵਿੱਚ ਉੱਤਰੀ ਸੈਂਟੀਅਮ ਨਦੀ ਦੇ ਕੰਢੇ ਤੋਂ ਇੱਕ ਮਛੇਰੇ ਦਾ ਫ਼ੋਨ ਆਇਆ। ਮਛੇਰੇ ਨੇ ਦੱਸਿਆ ਕਿ ਉਨ੍ਹਾਂ ਦੀ ਲਾਈਨ ਪਾਣੀ ਵਿੱਚ ਕਿਸੇ ਚੀਜ਼ ਨਾਲ ਟਕਰਾ ਗਈ ਸੀ ਅਤੇ ਜਦੋਂ ਉਨ੍ਹਾਂ ਨੇ ਇਸ ਨੂੰ ਖਿੱਚਿਆ, ਤਾਂ ਉਨ੍ਹਾਂ ਨੂੰ ਲੱਗਿਆ ਕਿ ਉਹ ਇੱਕ ਲਾਸ਼ ਹੈ।
ਇਸ ਸੂਚਨਾ ਤੋਂ ਤੁਰੰਤ ਬਾਅਦ ਇੱਕ ਮਿੱਲ ਸਿਟੀ ਡਿਪਟੀ ਮਿੰਟਾਂ ਵਿੱਚ ਮੌਕੇ 'ਤੇ ਪਹੁੰਚੇ ਅਤੇ ਸੂਚਨਾ ਦੀ ਪੁਸ਼ਟੀ ਕੀਤੀ। ਲਿਨ ਕਾਉਂਟੀ ਸ਼ੈਰਿਫ਼ ਦੇ ਦਫ਼ਤਰ ਦੀ ਡਾਈਵ ਟੀਮ ਅਤੇ ਖੋਜ ਤੇ ਬਚਾਅ ਟੀਮ ਦੇ ਮੈਂਬਰਾਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਨਦੀ ਵਿੱਚੋਂ ਲਾਸ਼ ਬਾਹਰ ਕੱਢ ਲਈ।
ਇਸ ਮਗਰੋਂ ਅੱਗੇ ਦੀ ਜਾਂਚ ਕੀਤੀ ਗਈ ਤੇ ਇਸ ਹਫ਼ਤੇ ਓਰੇਗਨ ਸਟੇਟ ਮੈਡੀਕਲ ਐਗਜ਼ਾਮੀਨਰ ਦੇ ਦਫ਼ਤਰ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਕਰਨਦੀਪ ਸਿੰਘ ਵਜੋਂ ਹੋਈ ਹੈ।
ਮੈਡੀਕਲ ਐਗਜ਼ਾਮੀਨਰ ਦੇ ਦਫ਼ਤਰ ਨੇ ਇਹ ਜਾਣਕਾਰੀ ਵੀ ਦਿੱਤੀ ਹੈ ਕਿ ਇਹ ਮੌਤ ਦੁਰਘਟਨਾ ਵਜੋਂ ਡੁੱਬਣ ਕਾਰਨ ਹੋਈ ਸੀ। ਪੁਲਿਸ ਦਾ ਕਹਿਣਾ ਹੈ ਕਿ ਕਰਨਦੀਪ ਦੇ ਸਥਾਨਕ ਜਾਣਕਾਰਾਂ ਅਤੇ ਦੋਸਤਾਂ ਨੂੰ ਵੀ ਸਾਰੀ ਅਪਡੇਟ ਦਿੱਤੀ ਜਾ ਰਹੀ ਹੈ ਪਰ ਉਨ੍ਹਾਂ ਦੇ ਪਰਿਵਾਰ ਦਾ ਕੋਈ ਮੈਂਬਰ ਅਮਰੀਕਾ ਵਿੱਚ ਨਹੀਂ ਰਹਿੰਦਾ, ਇਸ ਲਈ ਡਿਪਟੀਆਂ ਨੇ ਭਾਰਤ ਦੇ ਕੌਂਸਲੇਟ ਦੀ ਮਦਦ ਨਾਲ ਭਾਰਤ 'ਚ ਉਨ੍ਹਾਂ ਦੇ ਪਰਿਵਾਰ ਨੂੰ ਸੂਚਿਤ ਕੀਤਾ।
ਇਸ ਦੇ ਨਾਲ ਹੀ ਲਿਨ ਕਾਉਂਟੀ ਸ਼ੈਰਿਫ ਦਫ਼ਤਰ ਨੇ ਇਸ ਮੁਸ਼ਕਲ ਸਮੇਂ ਦੌਰਾਨ ਕਰਨਵੀਰ ਸਿੰਘ ਦੇ ਪਰਿਵਾਰ ਅਤੇ ਦੋਸਤਾਂ ਨਾਲ ਆਪਣੀ ਡੂੰਘੀ ਹਮਦਰਦੀ ਪ੍ਰਗਟ ਕੀਤੀ ਹੈ।

ਦੋਸਤਾਂ ਨੇ ਦੱਸਿਆ, ਨਦੀ 'ਚ ਮਾਰੀ ਛਾਲ - ਪੁਲਿਸ
ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀਆਂ ਨੂੰ ਪਤਾ ਲੱਗਾ ਕਿ ਕਰਨਦੀਪ ਨੂੰ ਆਖਰੀ ਵਾਰ 7 ਅਕਤੂਬਰ ਨੂੰ ਰਾਤ 10:00 ਵਜੇ ਦੇ ਕਰੀਬ ਉੱਤਰੀ ਸੈਂਟੀਅਮ ਨਦੀ ਦੇ ਨੇੜੇ ਕਈ ਦੋਸਤਾਂ ਨਾਲ ਘੁੰਮਦੇ ਦੇਖਿਆ ਗਿਆ ਸੀ।
ਉਨ੍ਹਾਂ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਆਪਣੇ ਦੋਸਤਾਂ ਨੂੰ ਕਿਹਾ ਸੀ ਕਿ ਉਹ ਨਦੀ ਦੇ ਪਾਣੀ 'ਚ ਉਤਰ ਰਹੇ ਹਨ।
ਪੁਲਿਸ ਦਾ ਕਹਿਣਾ ਹੈ ਕਿ ਜਾਣਕਾਰੀ ਮੁਤਾਬਕ, ਕਰਨਦੀਪ ਸਿੰਘ ਨੂੰ ਤੈਰਨਾ ਨਹੀਂ ਆਉਂਦਾ ਸੀ।
ਦੋਸਤਾਂ ਨੇ ਦੱਸਿਆ ਕਿ ਪਹਿਲਾਂ ਉਹ ਨਦੀ ਦੇ ਘੱਟ ਪਾਣੀ ਵਾਲੇ ਸਥਾਨ ਵਿੱਚ ਸਨ। ਉਨ੍ਹਾਂ ਦੇ ਦੋਸਤਾਂ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਕਰਨਦੀਪ ਨੇ ਨਦੀ 'ਚ ਇੱਕ ਅਜਿਹੇ ਖੇਤਰ ਵਿੱਚ ਛਾਲ ਮਾਰ ਦਿੱਤੀ ਜਿੱਥੇ ਪਾਣੀ ਪਹਿਲਾਂ ਵਾਲੀ ਥਾਂ ਦੇ ਮੁਕਾਬਲੇ ਜ਼ਿਆਦਾ ਡੂੰਘਾ ਸੀ।
ਪੁਲਿਸ ਮੁਤਾਬਕ, ਉਨ੍ਹਾਂ ਦੇ ਦੋ ਦੋਸਤ ਵੀ ਨਦੀ 'ਚ ਉੱਤਰ ਗਏ ਅਤੇ ਕਰਨਦੀਪ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਅਸਫਲ ਰਹੇ।
ਪੁਲਿਸ ਕੋਲ ਰਿਪੋਰਟ ਦਰਜ ਕਰਾਉਣ 'ਚ ਹੋਈ ਦੇਰੀ
ਅਗਲੀ ਸਵੇਰ, 8 ਅਕਤੂਬਰ ਨੂੰ ਉਨ੍ਹਾਂ ਦੇ ਦੋਸਤਾਂ ਨੇ ਘਟਨਾ ਦੀ ਰਿਪੋਰਟ ਇੱਕ ਤੀਜੇ ਵਿਅਕਤੀ ਨੂੰ ਦਿੱਤੀ ਅਤੇ ਅੰਤ ਵਿੱਚ ਇਸ ਦੀ ਰਿਪੋਰਟ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ ਗਈ। ਦੇਰੀ ਦਾ ਇੱਕ ਕਾਰਨ ਭਾਸ਼ਾ ਸੀ ਜਿਸ ਵਿੱਚ ਦਿੱਕਤ ਆਉਂਦੀ ਸੀ।
ਪੁਲਿਸ ਦਾ ਕਹਿਣਾ ਹੈ ਕਿ 9 ਅਕਤੂਬਰ ਦੀ ਸਵੇਰ ਤੋਂ ਕਰਨਦੀਪ ਦੀ ਭਾਲ਼ ਸ਼ੁਰੂ ਹੋ ਗਈ ਸੀ।
ਇਸ ਦੌਰਾਨ ਵਾਟਰ ਰੈਸਕਿਊ ਟੀਮ ਦੇ ਗੋਤਾਖੋਰਾਂ ਨੇ ਨਦੀ 'ਚ ਭਾਲ਼ ਸ਼ੁਰੂ ਕੀਤੀ, ਪਾਣੀ ਦੇ ਹੇਠਾਂ ਕੈਮਰੇ ਨਾਲ ਉਸ ਇਲਾਕੇ ਦੀ ਖੋਜ ਕੀਤੀ ਗਈ ਅਤੇ ਗੋਤਾਖੋਰਾਂ ਨੇ ਗੋਤੇ ਲਗਾ ਕੇ ਉਸ ਥਾਂ ਵੀ ਖੋਜ ਕੀਤੀ ਜਿੱਥੇ ਕੈਮਰੇ ਨਹੀਂ ਪਹੁੰਚ ਸਕਦੇ ਸਨ। ਉਨ੍ਹਾਂ ਨੇ ਵੱਡੇ ਪੱਥਰਾਂ ਦੇ ਹੇਠਾਂ ਅਤੇ ਆਲੇ-ਦੁਆਲੇ ਵੀ ਖੋਜ ਕੀਤੀ, ਜਿੱਥੇ ਲਾਸ਼ ਫਸ ਸਕਦੀ ਸੀ।
ਪਰ ਇਸ ਦੌਰਾਨ ਪੁਲਿਸ ਨੂੰ ਕੋਈ ਕਾਮਯਾਬੀ ਨਹੀਂ ਮਿਲੀ ਸੀ।
20 ਦਿਨਾਂ ਤੋਂ ਲਾਪਤਾ ਸਨ ਕਰਨਦੀਪ

ਬੀਬੀਸੀ ਪੰਜਾਬੀ ਦੇ ਸਹਿਯੋਗੀ ਚਰਨਜੀਵ ਕੌਸ਼ਲ ਨਾਲ ਗੱਲ ਕਰਦਿਆਂ ਕਰਨਦੀਪ ਦੇ ਪਿਤਾ ਚਰਨਜੀਤ ਸਿੰਘ ਕਹਿੰਦੇ ਹਨ, ''ਮੁੰਡੇ ਹੀ ਦੱਸ ਰਹੇ ਨੇ ਕਿ ਨਹਾਉਣ ਗਿਆ ਸੀ ਤੇ ਉਸ ਨੇ ਨਦੀ 'ਚ ਛਾਲ ਮਾਰ ਦਿੱਤੀ। ਉਹ ਛਾਲ ਨਹੀਂ ਮਾਰ ਸਕਦਾ, ਇੰਨਾ ਤਾਂ ਆਪਣੇ ਮੁੰਡੇ ਦਾ ਪਤਾ ਹੀ ਹੁੰਦਾ ਹੈ। ਉਹ ਤਾਂ ਕੋਈ ਉਨ੍ਹਾਂ ਦੀ ਚਾਲ ਹੈ, ਉਹ ਹੁਣ ਸਹੀ ਦੱਸ ਨਹੀਂ ਰਹੇ।''
ਉਨ੍ਹਾਂ ਦੱਸਿਆ ਕਿ ਜਦੋਂ 8 ਅਕਤੂਬਰ ਤੋਂ ਬਾਅਦ ਕਰਨਦੀਪ ਦਾ ''ਕੋਈ ਫੋਨ ਨਹੀਂ ਆਇਆ ਤਾਂ ਫਿਰ ਅਮਰੀਕਾ 'ਚ ਉਸ ਦੇ ਗੁੰਮਸ਼ੁਦਾ ਹੋਣ ਦੀ ਰਿਪੋਰਟ ਦਰਜ ਕਰਵਾਈ ਗਈ ਸੀ। ਭਾਲ਼ ਚੱਲ ਰਹੀ ਸੀ। ਹੁਣ ਸਾਡੇ ਕੋਲ ਫੋਨ ਆਇਆ ਕਿ ਡੈੱਡ ਬਾਡੀ ਮਿਲੀ ਹੈ।''
ਲਾਸ਼ ਦੀ ਪਛਾਣ ਬਾਰੇ ਉਨ੍ਹਾਂ ਕਿਹਾ ਕਿ ਅਜੇ ਕਹਿ ਨਹੀਂ ਸਕਦੇ ਬਾਕੀ ''ਮੋਬਾਈਲ ਤੇ ਬਟੂਆ ਕਹਿ ਰਹੇ ਨੇ ਵੀ ਉਸ ਦਾ ਹੈ।''
ਉਹ ਕਹਿੰਦੇ ਹਨ ਕਿ ''ਅਸੀਂ ਸਰਕਾਰ ਤੋਂ ਮਦਦ ਮੰਗ ਰਹੇ ਹਾਂ ਕਿ ਸਾਡੇ ਮੁੰਡੇ ਨੂੰ ਸਾਡੇ ਕੋਲ ਲੈ ਆਉਣ ਤਾਂ ਜੋ ਰੀਤੀ-ਰਿਵਾਜ ਨਾਲ ਰਸਮਾਂ ਪੂਰੀਆਂ ਕਰ ਸਕੀਏ।''
ਕਰਨਦੀਪ ਦੇ ਪਿਤਾ ਚਰਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਢਾਈ ਸਾਲ ਪਹਿਲਾਂ ਢਾਈ ਏਕੜ ਜਮੀਨ ਵੇਚ ਕੇ 55 ਲੱਖ ਰੁਪਏ ਲਗਾ ਕੇ ਪੁੱਤ ਨੂੰ ਅਮਰੀਕਾ ਭੇਜਿਆ ਸੀ।
ਚਰਨਜੀਤ ਸਿੰਘ ਨੇ ਕਿਹਾ ਕਿ ਅਮਰੀਕਾ ਦੀ ਪੁਲਿਸ ਜਾਂਚ ਕਰ ਰਹੀ ਹੈ ਅਤੇ ਉਨ੍ਹਾਂ ਤੋਂ ਹੀ ਪੂਰੇ ਮਾਮਲੇ ਦਾ ਪਤਾ ਲੱਗੇਗਾ।
'ਨਾ ਹੁਣ ਜ਼ਮੀਨ ਰਹੀ, ਨਾ ਸਾਡਾ ਬੱਚਾ ਰਿਹਾ'

ਕਰਨਦੀਪ ਦੇ ਚਾਚਾ ਨੇ ਬੀਬੀਸੀ ਪੰਜਾਬੀ ਨਾਲ ਗੱਲ ਕਰਦਿਆਂ ਕਿਹਾ ਕਿ ''ਉਹ ਆਪ ਅਜਿਹਾ ਕੁਝ ਨਹੀਂ ਕਰ ਸਕਦਾ। ਉਸ ਨੂੰ ਪਤਾ ਸੀ ਕਿ ਪਿੱਛੇ ਪਰਿਵਾਰ ਦੇ ਹਾਲਾਤ ਕੀ ਹਨ। ਰੋਜ਼ ਆਪਣੀ ਮਾਂ ਨੂੰ ਫੋਨ ਕਰਦਾ ਸੀ। 9 ਅਕਤੂਬਰ ਤੋਂ ਫੋਨ ਆਉਣੇ ਬੰਦ ਹੋ ਗਏ।''
ਉਨ੍ਹਾਂ ਕਿਹਾ, ''55 ਕੁ ਲੱਖ ਲਗਾ ਕੇ ਭੇਜਿਆ ਸੀ। ਢਾਈ ਕਿੱਲੇ ਜ਼ਮੀਨ ਸੀ, ਉਹ ਵੇਚ ਕੇ ਬਾਹਰ ਭੇਜਿਆ। ਨਾ ਹੁਣ ਜ਼ਮੀਨ ਰਹੀ, ਨਾ ਸਾਡਾ ਬੱਚਾ ਰਿਹਾ। ਪਰਿਵਾਰ ਬਹੁਤ ਸਦਮੇ 'ਚ ਹੈ।''
ਉਨ੍ਹਾਂ ਦੱਸਿਆ ਕਿ ਕਰਨਦੀਪ ਦਾ ਇੱਕ ਛੋਟਾ ਭਰਾ ਹੈ ਅਤੇ ਉਸ ਦੇ ਪਿਤਾ ਡਰਾਈਵਰੀ ਕਰਦੇ ਹਨ। ਉਸ ਨੇ ਵੀ ਅਜੇ ਢਾਈ ਸਾਲਾਂ 'ਚ ਉੱਥੇ ਜਾ ਕੇ ਕੁਝ ਨਹੀਂ ਕਮਾਇਆ ਸੀ।
ਉਨ੍ਹਾਂ ਦੇ ਗਵਾਂਢੀ ਕਰਨੈਲ ਸਿੰਘ ਮੁਤਾਬਕ, ਹੁਣ ਪਰਿਵਾਰ ਕੋਲ ਜਮੀਨ ਵੀ ਨਹੀਂ ਅਤੇ ਪਰਿਵਾਰ ਨੇ ਸਰਕਾਰਾਂ ਕੋਲ ਮਦਦ ਦੀ ਲਈ ਗੁਹਾਰ ਲਗਾਈ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












