ਇਰਾਕ ਤੋਂ ਪਰਤੀ ਪੰਜਾਬਣ ਦੀ ਦਾਸਤਾਨ, 'ਕੰਪਨੀ ਨੇ ਮੈਨੂੰ ਵੇਚ ਦਿੱਤਾ ਤੇ ਮੈਨੂੰ ਇਸ ਬਾਰੇ ਕਈ ਮਹੀਨੇ ਬਾਅਦ ਪਤਾ ਲੱਗਿਆ, ਉਹ ਡੰਡੇ ਨਾਲ ਮੈਨੂੰ ਕੁੱਟਦੇ ਸਨ'

ਤਸਵੀਰ ਸਰੋਤ, Getty Images
- ਲੇਖਕ, ਸਰਬਜੀਤ ਸਿੰਘ
- ਰੋਲ, ਬੀਬੀਸੀ ਪੱਤਰਕਾਰ
- ਲੇਖਕ, ਨਵਜੋਤ ਕੌਰ
- ਰੋਲ, ਬੀਬੀਸੀ ਸਹਿਯੋਗੀ
"ਇਰਾਕ ਦੀ ਕੰਪਨੀ ਨੇ ਮੈਨੂੰ ਕਿਸੇ ਕੋਲ ਵੇਚ ਦਿੱਤਾ ਹੈ, ਇਹ ਗੱਲ ਮੈਨੂੰ ਕਈ ਮਹੀਨਿਆਂ ਬਾਅਦ ਪਤਾ ਲੱਗੀ, ਮੇਰਾ ਪਾਸਪੋਰਟ ਖੋਹ ਲਿਆ ਗਿਆ ਸੀ ਤੇ ਮੇਰਾ ਏਜੰਟ ਹੀ ਮੈਨੂੰ ਡੰਡੇ ਨਾਲ ਕੁੱਟਦਾ ਸੀ।"
ਦਰਦ ਦੀ ਇਹ ਦਾਸਤਾਨ ਪੰਜਾਬ ਤੋਂ ਖਾੜੀ ਮੁਲਕ ਇਰਾਕ ਵਿੱਚ ਰੁਜ਼ਗਾਰ ਦੀ ਭਾਲ ਵਿੱਚ ਗਈ 29 ਸਾਲਾ ਪੰਜਾਬੀ ਨੌਜਵਾਨ ਕੁੜੀ ਨੇ ਸੁਣਾਈ ਹੈ। ਜਿਸ ਨੂੰ ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ ਦੀ ਮਦਦ ਨਾਲ 28 ਸਤੰਬਰ 2025 ਨੂੰ ਇਰਾਕ ਤੋਂ ਵਾਪਸ ਪੰਜਾਬ ਲਿਆਂਦਾ ਗਿਆ ਹੈ।
ਬੀਬੀਸੀ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ ਨਾਲ ਗੱਲ ਕਰਦਿਆਂ ਪੀੜਤਾ ਨੇ ਕਿਹਾ ਕਿ ਉਹ ਮੋਗਾ ਨੇੜੇ ਇੱਕ ਪਿੰਡ ਦੇ ਰਹਿਣ ਵਾਲੇ ਹਨ ਅਤੇ ਉਨ੍ਹਾਂ ਦੀ ਇੱਕ ਧੀ ਵੀ ਹੈ।
ਉਹ ਘਰ ਦੇ ਹਾਲਾਤ ਸੁਧਾਰਨ ਲਈ ਲੁਧਿਆਣਾ ਨੇੜੇ ਜਗਰਾਓਂ ਦੇ ਇੱਕ ਟਰੈਵਲ ਏਜੰਟ ਦੇ ਝਾਂਸੇ ਵਿੱਚ ਆ ਕੇ 2024 ਵਿੱਚ ਇਰਾਕ ਗਏ ਸਨ।
ਪੀੜਤਾ ਅਨੁਸਾਰ ਉਹ ਲੁਧਿਆਣਾ ਦੇ ਇੱਕ ਬਿਊਟੀ ਪਾਰਲਰ ਵਿੱਚ ਕੁਝ ਕੁੜੀਆਂ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਜਗਰਾਓਂ ਦੇ ਟ੍ਰੈਵਲ ਏਜੰਟ ਅਤੇ ਉਨ੍ਹਾਂ ਦੀ ਪਤਨੀ ਨੂੰ ਮਿਲੇ ਸਨ।
ਟ੍ਰੈਵਲ ਏਜੰਟ ਨੇ ਉਨ੍ਹਾਂ ਨੂੰ ਇਰਾਕ ਵਿੱਚ ਸਿਲਾਈ ਦਾ ਕੰਮ ਦਿਵਾਉਣ ਦਾ ਵਾਅਦਾ ਕਰਕੇ ਇਰਾਕ ਭੇਜਿਆ ਸੀ।
ਏਜੰਟ ਉੱਤੇ ਲਾਏ ਕੁੱਟਮਾਰ ਕਰਨ ਦੇ ਇਲਜ਼ਾਮ

ਪੀੜਤਾ ਦੱਸਦੇ ਹਨ ਕਿ ਉਹ 8 ਜਨਵਰੀ 2024 ਨੂੰ ਅੰਮ੍ਰਿਤਸਰ ਤੋਂ ਇਰਾਕ ਲਈ ਰਵਾਨਾ ਹੋਏ ਸਨ। ਪਰ ਪਹਿਲਾਂ ਉਨ੍ਹਾਂ ਨੂੰ ਦੁਬਈ ਲੈ ਕੇ ਗਏ ਅਤੇ ਫਿਰ ਉਥੋਂ ਇਰਾਕ ਭੇਜਿਆ ਗਿਆ।
ਜਦੋਂ ਉਹ ਇਰਾਕ ਪਹੁੰਚੇ ਤਾਂ ਉਨ੍ਹਾਂ ਨੂੰ ਇੱਕ ਕੰਪਨੀ ਦਾ ਡਰਾਈਵਰ ਗੱਡੀ ਵਿੱਚ ਏਅਰਪੋਰਟ ਤੋਂ ਲੈਣ ਆਇਆ। ਜਦੋਂ ਉਹ ਕੰਪਨੀ ਪਹੁੰਚੇ ਤਾਂ ਉੱਥੇ ਮੌਜੂਦ ਹੋਰ ਕੁੜੀਆਂ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਇੱਥੇ ਫਸੀਆਂ ਹੋਈਆਂ ਹਨ।
ਪੀੜਤਾ ਮੁਤਾਬਕ ਕੁੜੀਆਂ ਦੀ ਗੱਲ ਸੁਣ ਕੇ ਉਹ ਡਰ ਗਈ ਸੀ ਪਰ ਜਦੋਂ ਏਜੰਟ ਨੇ ਉਨ੍ਹਾਂ ਨੂੰ ਸਿਲਾਈ ਦੇ ਕੰਮ ਦੀ ਥਾਂ ਕਿਸੇ ਵਿਅਕਤੀ ਦੇ ਘਰ ਘਰੇਲੂ ਕੰਮ ਕਰਨ ਵਾਸਤੇ ਮਜਬੂਰ ਕੀਤਾ ਤਾਂ ਉਨ੍ਹਾਂ ਨੂੰ ਸਪੱਸ਼ਟ ਹੋ ਗਿਆ ਕਿ ਉਨ੍ਹਾਂ ਨਾਲ ਧੋਖਾ ਹੋਇਆ ਹੈ।
ਉਨ੍ਹਾਂ ਅਨੁਸਾਰ, "ਮੈਨੂੰ ਕਿਸੇ ਵਿਅਕਤੀ ਦੇ ਘਰ ਕੰਮ ਕਰਨ ਲਈ ਮਜਬੂਰ ਕੀਤਾ ਗਿਆ ਪਰ ਮੈਂ ਕਿਤੇ ਵੀ ਜਾਣ ਲਈ ਹਾਂ ਨਾ ਕੀਤੀ ਅਤੇ ਤਿੰਨ ਮਹੀਨੇ ਕੰਪਨੀ ਵਿੱਚ ਹੀ ਕੱਢ ਦਿੱਤੇ। ਫੇਰ ਏਜੰਟ ਨੇ ਮੈਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ ਅਤੇ ਕਿਹਾ ਕਿ ਜਾਂ ਤਾਂ 3 ਲੱਖ ਰੁਪਏ ਦਿਓ ਨਹੀਂ ਤੇਰੀ ਮ੍ਰਿਤਕ ਦੇਹ ਹੀ ਭਾਰਤ ਜਾਵੇਗੀ।"
ਉਹ ਦੱਸਦੇ ਹਨ ਕਿ ਹਰ ਰੋਜ਼ ਕੋਈ ਨਾ ਕੋਈ ਵਿਅਕਤੀ ਘਰ ਦੇ ਕੰਮ ਕਰਵਾਉਣ ਲਈ ਮਜ਼ਦੂਰ ਲੱਭਣ ਕੰਪਨੀ ਆਉਂਦਾ ਸੀ ਤੇ ਇਸੇ ਦੌਰਾਨ ਉਨ੍ਹਾਂ ਨੂੰ ਪਤਾ ਲੱਗਿਆ ਕਿ ਕੰਪਨੀ ਨੇ ਉਨ੍ਹਾਂ ਨੂੰ ਦੋ ਸਾਲ ਲਈ ਕਿਸੇ ਵਿਅਕਤੀ ਨੂੰ ਵੇਚ ਦਿੱਤਾ ਹੈ ਤੇ ਫਿਰ ਮਜਬੂਰਨ ਉਨ੍ਹਾਂ ਨੂੰ ਕਿਸੇ ਦੇ ਘਰ ਕੰਮ ਕਰਨਾ ਪਿਆ।
ਪੀੜਤ ਮਹਿਲਾ ਮੁਤਾਬਕ ਪਾਸਪੋਰਟ ਕੋਲ ਨਾ ਹੋਣ ਕਰਕੇ ਉਹ ਵਾਪਸ ਪੰਜਾਬ ਨਹੀਂ ਆ ਸਕਦੇ ਸਨ ਇਸ ਲਈ ਉਨ੍ਹਾਂ ਨੇ ਮਜਬੂਰੀ ਵਿੱਚ ਕੰਮ ਕਰਨ ਲਈ ਹਾਂ ਕਰ ਦਿੱਤੀ। 10 ਮਹੀਨੇ ਕਿਸੇ ਵਿਅਕਤੀ ਦੇ ਘਰ ਕੰਮ ਕੀਤਾ ਪਰ ਫੇਰ ਘਰ ਦੇ ਮਾਲਕ ਨੇ ਦੁਰਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ। ਵਿਰੋਧ ਕਰਨ ਉੱਤੇ ਕੁੱਟਮਾਰ ਕੀਤੀ ਜਾਂਦੀ, ਡੰਡੇ ਨਾਲ ਕੁੱਟਿਆ ਜਾਂਦਾ।
ਕੰਪਨੀ ਅਤੇ ਪੁਲਿਸ ਨੂੰ ਕੀਤੀ ਸ਼ਿਕਾਇਤ
ਪੀੜਤਾ ਮੁਤਾਬਕ, "ਇਰਾਕ ਦੇ ਇਸ ਘਰ ਵਿੱਚ ਹਰ ਰੋਜ਼ ਮੇਰੇ ਨਾਲ ਤਸ਼ੱਦਦ ਹੁੰਦਾ ਸੀ। ਪਰ ਕਿਸੇ ਨੂੰ ਵੀ ਮੈਂ ਆਪਣਾ ਦਰਦ ਨਹੀਂ ਦੱਸ ਸਕਦ ਸੀ, ਪਰ ਜਦੋਂ ਕਦੇ ਦਾਅ ਲੱਗਦਾ ਤਾਂ ਫੋਨ ਵਿੱਚ ਕੁੱਟਮਾਰ ਦੀ ਵੀਡੀਓ ਜ਼ਰੂਰ ਬਣਾ ਲੈਂਦੀ ਸੀ।"
"ਮੈਂ ਕੰਪਨੀ ਦੇ ਅਧਿਕਾਰੀਆਂ ਕੋਲ ਵੀ ਸ਼ਿਕਾਇਤ ਕੀਤੀ ਅਤੇ ਉੱਥੇ ਲੋਕਲ ਪੁਲਿਸ ਨੂੰ ਵੀ ਸ਼ਿਕਾਇਤ ਕੀਤੀ। ਪਰ ਜਦੋਂ ਵੀ ਪੁਲਿਸ ਕੰਪਨੀ ਵਿੱਚ ਪੜਤਾਲ ਲਈ ਆਉਂਦੀ ਤਾਂ ਕੁੜੀਆਂ ਨੂੰ ਚੋਰੀ ਕੰਪਨੀ ਤੋਂ ਬਾਹਰ ਕੱਢ ਦਿੱਤਾ ਜਾਂਦਾ ਸੀ।"
ਉਹ ਦੱਸਦੇ ਹਨ, "ਮੇਰੇ ਵਾਰ-ਵਾਰ ਕਹਿਣ ਅਤੇ ਵਿਰੋਧ ਕਰਨ ਉੱਤੇ ਮੈਨੂੰ ਵਾਪਸ ਕੰਪਨੀ ਵਿੱਚ ਲਿਆਂਦਾ ਗਿਆ ਪਰ ਕੰਪਨੀ ਵਿੱਚ ਮੇਰਾ ਏਜੰਟ ਹੀ ਮੇਰੇ ਨਾਲ ਕੁੱਟਮਾਰ ਕਰਦਾ।"
ਕੰਪਨੀ ਅਤੇ ਏਜੰਟ ਬਾਰੇ ਕੀ ਪਤਾ ਲੱਗਿਆ?

ਤਸਵੀਰ ਸਰੋਤ, Getty Images
ਪੀੜਤ ਨੇ ਬੀਬੀਸੀ ਨੂੰ ਦੱਸਿਆ ਕਿ ਕੰਪਨੀ ਇਰਾਕ ਦੇ ਲੋਕਲ ਵਿਅਕਤੀ ਦੀ ਹੈ, ਪਰ ਉਨ੍ਹਾਂ ਦੀ ਜਾਣ ਪਛਾਣ ਜਗਰਾਓਂ ਦੇ ਏਜੰਟ ਨਾਲ ਬਹੁਤ ਚੰਗੀ ਹੈ।
ਕੰਪਨੀ ਇੱਕ ਘਰ ਦੇ ਅੰਦਰ ਚੱਲਦੀ ਹੈ। ਜਿੱਥੇ ਭਾਰਤ, ਨੇਪਾਲ, ਇੰਡੋਨੇਸ਼ੀਆ, ਅਫ਼ਰੀਕਾ ਵਰਗੇ ਮੁਲਕਾਂ ਤੋਂ ਕੁੜੀਆਂ ਅਤੇ ਔਰਤਾਂ ਨੂੰ ਲਿਆ ਕੇ ਰੱਖਿਆ ਜਾਂਦਾ ਹੈ।
ਜਗਰਾਓਂ ਦਾ ਏਜੰਟ ਵੀ ਇਸ ਸਮੇਂ ਇਰਾਕ ਵਿੱਚ ਹੀ ਹੈ। ਜੇਕਰ ਕੋਈ ਕੁੜੀ ਉਨ੍ਹਾਂ ਦਾ ਵਿਰੋਧ ਕਰਦੀ ਹੈ ਤਾਂ ਉਸਨੂੰ ਕੁੱਟਿਆ ਜਾਂਦਾ ਹੈ।
ਉਹ ਦੱਸਦੇ ਹਨ, "ਮੈਨੂੰ ਵੀ ਕਈ ਕਈ ਦਿਨ ਕਮਰੇ ਵਿੱਚ ਬੰਦ ਰੱਖਿਆ ਜਾਂਦਾ ਸੀ, ਘਰੇ ਗੱਲ ਨਹੀਂ ਕਰਨ ਦਿੱਤੀ ਜਾਂਦੀ ਸੀ, ਸਿਰਫ਼ ਇੱਕ ਸਮੇਂ ਕੁਝ ਖਾਣ ਨੂੰ ਦਿੱਤਾ ਜਾਂਦਾ ਸੀ।"
ਪੀੜਤਾ ਮੁਤਾਬਕ ਇਰਾਕ ਦੇ ਇਸ ਘਰ ਵਿੱਚ ਹਰ ਰੋਜ਼ ਉਨ੍ਹਾਂ ਉੱਤੇ ਤਸ਼ੱਦਦ ਹੁੰਦਾ ਸੀ। ਪਰ ਕਿਸੇ ਨੂੰ ਵੀ ਆਪਣਾ ਦਰਦ ਨਹੀਂ ਦੱਸ ਸਕਦੀ ਸੀ।
ਪੀੜਤਾ ਦੱਸਦੇ ਹਨ ਕਿ ਰੋਜ਼ ਹੁੰਦੀ ਕੁੱਟਮਾਰ ਤੋਂ ਬਾਅਦ ਉਹ ਇਰਾਕ ਵਿੱਚ ਹੀ ਕਈ ਮਹੀਨਿਆਂ ਤੱਕ ਡਿਪਰੈਸ਼ਨ ਵਿੱਚ ਰਹੇ। ਪਰ ਫਿਰ ਹੌਲੀ-ਹੌਲੀ ਪੰਜਾਬ ਆਉਣ ਲਈ ਉਪਰਾਲੇ ਸ਼ੁਰੂ ਕੀਤੇ।
ਉਨ੍ਹਾਂ ਨੇ ਇਰਾਕ ਵਿੱਚ ਆਪਣੀ ਇੱਕ ਦੋਸਤ ਰਾਹੀਂ ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ ਨਾਲ ਸੰਪਰਕ ਕੀਤਾ। ਬਲਬੀਰ ਸਿੰਘ ਸੀਚੇਵਾਲ ਨਾਲ ਸੰਪਰਕ ਕਰਨ ਤੋਂ ਬਾਅਦ 28 ਸਤੰਬਰ 2025 ਨੂੰ ਉਨ੍ਹਾਂ ਨੂੰ ਸੁਰੱਖਿਅਤ ਤਰੀਕੇ ਨਾਲ ਪੰਜਾਬ ਵਾਪਸ ਲਿਆਂਦਾ ਗਿਆ।
ਪੰਜਾਬ ਵਾਪਸ ਆਉਣ ਤੋਂ ਬਾਅਦ ਵੀ ਉਹ ਇੱਕ ਮਹੀਨੇ ਤੱਕ ਸਦਮੇ ਵਿੱਚ ਰਹੇ। ਉਹ ਕਹਿੰਦੇ ਕਿ ਅਜੇ ਵੀ ਉਨ੍ਹਾਂ ਦੀ ਤਰ੍ਹਾਂ 20 ਤੋਂ 25 ਕੁੜੀਆਂ ਇਰਾਕ ਵਿੱਚ ਫਸੀਆਂ ਹੋਈਆਂ ਹਨ।
ਇਸ ਸੰਬੰਧੀ ਬੀਬੀਸੀ ਨੇ ਇਰਾਕ ਦੀ ਰਾਜਧਾਨੀ ਬਗ਼ਦਾਦ ਸਥਿਤ ਭਾਰਤੀ ਦੂਤਾਵਾਸ ਨਾਲ ਈਮੇਲ ਰਾਹੀਂ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਹੈ, ਫਿਲਹਾਲ ਜਵਾਬ ਦਾ ਇੰਤਜ਼ਾਰ ਹੈ।
'ਪੰਜਾਬ ਦੀਆਂ ਕੁੜੀਆਂ ਦੀ ਹੋ ਰਹੀ ਤਸਕਰੀ'

ਪੀੜਤ ਕੁੜੀਆਂ ਨੂੰ ਵਾਪਸ ਪੰਜਾਬ ਲਿਆਉਣ ਵਿੱਚ ਮਦਦ ਕਰਨ ਵਾਲੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਭਾਵੇਂ ਘਰ ਦੇ ਵਿੱਚ ਕਿੰਨੀ ਵੀ ਗਰੀਬੀ ਹੋਵੇ ਪਰ ਆਪਣੀਆਂ ਧੀਆਂ ਨੂੰ ਟ੍ਰੈਵਲ ਏਜੰਟਾਂ ਦੇ ਹਵਾਲੇ ਨਾ ਕਰੋ।
ਸੀਚੇਵਾਲ ਨੇ ਬੀਬੀਸੀ ਨਾਲ ਗੱਲ ਕਰਦਿਆਂ ਕਿਹਾ, "ਝੂਠੇ ਲਾਰੇ ਲਾ ਕੇ ਪੰਜਾਬ ਤੋਂ ਹਰ ਸਾਲ ਹਜ਼ਾਰਾਂ ਕੁੜੀਆਂ ਅਤੇ ਔਰਤਾਂ ਨੂੰ ਖਾੜੀ ਮੁਲਕਾਂ ਵਿੱਚ ਰੁਜ਼ਗਾਰ ਲਈ ਭੇਜਿਆ ਜਾਂਦਾ ਹੈ ਪਰ ਇਹ ਰੁਜ਼ਗਾਰ ਨਹੀਂ, ਮਨੁੱਖੀ ਤਸਕਰੀ ਹੈ। ਜਿਸ ਦੇ ਵਿੱਚ ਪੰਜਾਬ ਦੇ ਹੀ ਨਹੀਂ ਅੰਤਰ-ਰਾਸ਼ਟਰੀ ਪੱਧਰ ਦੇ ਧੋਖੇਬਾਜ਼ ਟ੍ਰੈਵਲ ਏਜੰਟ ਸ਼ਾਮਲ ਹਨ। ਇਸ ਕਰਕੇ ਇਨ੍ਹਾਂ ਟ੍ਰੈਵਲ ਏਜੰਟਾਂ ਦੇ ਝਾਂਸੇ ਵਿੱਚ ਕੁੜੀਆਂ ਵੀ ਨਾ ਆਉਣ ਅਤੇ ਮਾਪੇ ਵੀ ਇਨ੍ਹਾਂ ਦੀ ਗੱਲ ਨਾ ਸੁਣਨ।"
ਐੱਮਪੀ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ, "ਅਸੀਂ ਪਹਿਲਾਂ ਵੀ ਸੰਸਦ ਵਿੱਚ ਇਸ ਤਰ੍ਹਾਂ ਦੀ ਮਨੁੱਖੀ ਤਸਕਰੀ ਵਿਰੁੱਧ ਆਵਾਜ਼ ਉਠਾਉਂਦੇ ਰਹੇ ਹਾਂ ਤੇ ਹੁਣ ਵੀ ਕੇਂਦਰ ਸਰਕਾਰ ਨੂੰ ਅਪੀਲ ਕਰਾਂਗੇ ਕਿ ਉਹ ਖਾੜੀ ਮੁਲਕਾਂ ਵਿੱਚ ਹੋ ਰਹੀ ਭਾਰਤੀਆਂ ਨੂੰ ਤਸਕਰੀ ਨੂੰ ਰੋਕਣ ਲਈ ਸਖ਼ਤ ਕਦਮ ਚੁੱਕਣ।"
ਏਜੰਟ ਕਿਸ ਤਰੀਕੇ ਨਾਲ ਕਰਦੇ ਹਨ ਗੁੰਮਰਾਹ

ਪੀੜਤਾ ਮੁਤਾਬਕ ਉਨ੍ਹਾਂ ਨੂੰ ਏਜੰਟ ਨੇ ਘੱਟ ਪੈਸਿਆਂ ਵਿੱਚ ਵਿਦੇਸ਼ ਭੇਜਣ ਅਤੇ ਪੱਕਾ ਕੰਮ ਮਿਲਣ ਦੇ ਸੁਫਨੇ ਦਿਖਾਏ ਸਨ। ਸਿਰਫ਼ ਉਹ ਹੀ ਨਹੀਂ ਹੋਰ ਵੀ ਕਈ ਕੁੜੀਆਂ ਕੋਲੋਂ ਇਸ ਏਜੰਟ ਨੇ ਪੈਸੇ ਲਏ ਸਨ।
"ਗਰੀਬ ਪਰਿਵਾਰਾਂ ਦੀਆਂ ਕੁੜੀਆਂ ਨੂੰ ਵਿਦੇਸ਼ਾਂ ਵਿੱਚ 'ਚੰਗੀ ਨੌਕਰੀ' ਦੇ ਸੁਪਨੇ ਦਿਖਾ ਕੇ ਇਰਾਕ ਭੇਜਿਆ ਜਾਂਦਾ ਹੈ ਤੇ ਉੱਥੇ ਉਨ੍ਹਾਂ ਨੂੰ ਵੇਚ ਦਿੱਤਾ ਜਾਂਦਾ ਹੈ।"
ਖਾੜੀ ਦੇਸ਼ਾਂ ਵਿੱਚ ਪੰਜਾਬੀ ਔਰਤਾਂ ਨੂੰ ਏਜੰਟਾਂ ਵੱਲੋਂ ਗੁੰਮਰਾਹ ਕਰਨਾ ਅਤੇ ਫਿਰ ਉੱਥੇ ਪਹੁੰਚਣ ਉੱਤੇ ਉਨ੍ਹਾਂ ਦਾ ਸ਼ੋਸ਼ਣ ਕਰਨ ਦੀ ਪਹਿਲੀ ਘਟਨਾ ਨਹੀਂ ਹੈ।"
ਅਜਿਹੇ ਮਾਮਲਿਆਂ ਨਾਲ ਕਾਨੂੰਨੀ ਤੌਰ ਉੱਤੇ ਨਜਿੱਠਣ ਵਾਲੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਵਕੀਲ ਗੁਰਭੇਜ ਸਿੰਘ ਮੁਤਾਬਕ, "ਬੇਰੁਜ਼ਗਾਰੀ ਅਤੇ ਗ਼ੁਰਬਤ ਕਾਰਨ ਔਰਤਾਂ ਵੱਡੇ ਪੱਧਰ ਉੱਤੇ ਏਜੰਟ ਦੇ ਝਾਂਸੇ ਵਿੱਚ ਆ ਕੇ ਖਾੜੀ ਦੇਸ਼ਾਂ ਵਿੱਚ ਜਾਂਦੀਆਂ ਹਨ।"
"ਅਕਸਰ ਏਜੰਟ ਔਰਤਾਂ ਨੂੰ ਵਿਦੇਸ਼ ਭੇਜਣ ਦੇ ਨਾਮ ਉੱਤੇ ਏਜੰਟ ਇਨ੍ਹਾਂ ਔਰਤਾਂ ਤੋਂ 50 ਹਜ਼ਾਰ ਤੋਂ 70 ਹਜ਼ਾਰ ਰੁਪਏ ਲੈਂਦੇ ਹਨ। ਏਜੰਟ ਇਨ੍ਹਾਂ ਔਰਤਾਂ ਨੂੰ ਵਰਕ ਵੀਜ਼ੇ ਦੀ ਥਾਂ ਟੂਰਿਸਟ ਵੀਜ਼ੇ ਉੱਤੇ ਵਿਦੇਸ਼ ਭੇਜਦੇ ਹਨ। ਪਰ ਉੱਥੇ ਪਹੁੰਚਣ ਤੇ ਪਤਾ ਲੱਗਦਾ ਹੈ ਕਿ ਉਹ ਫੱਸ ਗਈਆਂ ਹਨ।"
ਅਜਿਹੇ ਮਾਮਲਿਆਂ ਦੀ ਜਾਂਚ ਲਈ ਬਣੀ ਐੱਸਆਈਟੀ
ਸਾਲ 2023 ਵਿੱਚ ਪੰਜਾਬ ਪੁਲਿਸ ਨੇ ਮਨੁੱਖੀ ਤਸਕਰੀ ਦੇ ਕੇਸਾਂ ਦੀ ਜਾਂਚ ਲਈ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਐੱਸਆਈਟੀ) ਦਾ ਗਠਨ ਕੀਤਾ ਸੀ। ਇਹ ਐੱਸਆਈਟੀ ਪੱਛਮੀ ਏਸ਼ੀਆ ਦੇ ਦੇਸ਼ਾਂ ਵਿੱਚ ਰੁਜ਼ਗਾਰ ਦੀ ਤਲਾਸ਼ ਵਿੱਚ ਗ਼ੈਰ-ਕਾਨੂੰਨੀ ਤਰੀਕੇ ਨਾਲ ਭੇਜੀਆਂ ਗਈਆਂ ਔਰਤਾਂ ਦੇ ਕੇਸਾਂ ਨੂੰ ਮੁੱਖ ਰੱਖਦੇ ਹੋਏ ਬਣਾਈ ਗਈ ਸੀ।
ਉਸ ਵੇਲੇ ਹੋਏ ਹੁਕਮਾਂ ਮੁਤਾਬਕ ਅਜਿਹੀਆਂ ਸਾਰੀਆਂ ਸ਼ਿਕਾਇਤਾਂ 'ਤੇ ਬਿਨਾਂ ਕਿਸੇ ਦੇਰੀ ਦੇ ਤੁਰੰਤ ਐੱਫਆਈਆਰ ਦਰਜ ਕੀਤੀ ਜਾਵੇਗੀ।
ਪਰ ਇਰਾਕ ਤੋਂ ਵਾਪਸ ਪੰਜਾਬ ਪਰਤੀ ਮੋਗਾ ਦੀ ਇਸ ਪੀੜਤ ਕੁੜੀ ਦੇ ਕੇਸ ਵਿੱਚ ਫਿਲਹਾਲ ਤੱਕ ਕੋਈ ਪੁਲਿਸ ਕਾਰਵਾਈ ਨਹੀਂ ਕੀਤੀ ਗਈ ਹੈ। ਹਾਲਾਂਕਿ ਪੀੜਤਾ ਨੇ ਬੀਬੀਸੀ ਨੂੰ ਦੱਸਿਆ ਕਿ ਉਹ ਮਾਨਸਿਕ ਤੌਰ ਉੱਤੇ ਤੰਦਰੁਸਤ ਹੋਣ ਮਗਰੋਂ ਤੁਰੰਤ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਉਣਗੇ।
ਸੰਸਦ ਵਿੱਚ ਕਈ ਵਾਰ ਗੂੰਜਿਆ ਮਨੁੱਖੀ ਤਸਕਰੀ ਦਾ ਮੁੱਦਾ

ਤਸਵੀਰ ਸਰੋਤ, Getty Images
ਖਾੜੀ ਮੁਲਕਾਂ ਵਿੱਚ ਹੋ ਰਹੀ ਪੰਜਾਬੀ ਔਰਤਾਂ ਜਾਂ ਨੌਜਵਾਨਾਂ ਦੀ ਤਸਕਰੀ ਬਾਰੇ ਕਈ ਸਾਲਾਂ ਤੋਂ ਵੱਖ-ਵੱਖ ਸਮਾਜਿਕ ਜਾਂ ਰਾਜਨੀਤਕ ਕਾਰਕੁੰਨ ਸਵਾਲ ਉਠਾਉਂਦੇ ਰਹਿੰਦੇ ਹਨ।
28 ਨਵੰਬਰ 2024 ਨੂੰ ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ ਨੇ ਰਾਜ ਸਭਾ ਵਿੱਚ ਖਾੜੀ ਮੁਲਕਾਂ ਵਿੱਚ ਹੋ ਰਹੀ ਪੰਜਾਬੀਆਂ ਦੀ ਤਸਕਰੀ ਸੰਬੰਧੀ ਸਵਾਲ ਕੀਤਾ ਸੀ।
ਜਿਸ ਦੇ ਜਵਾਬ ਵਿੱਚ ਵਿਦੇਸ਼ ਮਾਮਲਿਆਂ ਦੇ ਮੰਤਰਾਲੇ ਵਿੱਚ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਨੇ ਕਿਹਾ ਕਿ ਮੰਤਰਾਲੇ ਨੂੰ ਦੇਸ਼ ਵਿੱਚ ਕੁਝ ਗ਼ੈਰ-ਕਾਨੂੰਨੀ ਏਜੰਟਾਂ/ਏਜੰਸੀਆਂ ਵੱਲੋਂ ਕੀਤੀ ਜਾ ਰਹੀ ਧੋਖਾਧੜੀ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਹੈ, ਜਿਸ ਵਿੱਚ ਪੰਜਾਬ ਵੀ ਸ਼ਾਮਲ ਹੈ।
"ਮੰਤਰਾਲੇ ਦੇ ਧਿਆਨ ਵਿੱਚ ਇਹ ਗੱਲ ਵੀ ਆਈ ਹੈ ਕਿ ਪੰਜਾਬ ਦੇ ਕਈ ਟ੍ਰੈਵਲ ਏਜੰਟ, ਜਿਨ੍ਹਾਂ ਨੂੰ ਇਮੀਗ੍ਰੇਸ਼ਨ ਐਕਟ 1983 ਦੇ ਤਹਿਤ ਵਿਦੇਸ਼ੀ ਨਿਯੋਗ ਲਈ ਭਰਤੀ ਕਰਨ ਦੀ ਇਜਾਜ਼ਤ ਨਹੀਂ ਹੈ, ਉਹ ਵੀ ਇਹ ਕੰਮ ਗ਼ੈਰ-ਕਾਨੂੰਨੀ ਤਰੀਕੇ ਨਾਲ ਕਰ ਰਹੇ ਹਨ।"
"ਮੰਤਰਾਲਾ ਈਮਾਈਗ੍ਰੇਟ ਪੋਰਟਲ, ਸੋਸ਼ਲ ਮੀਡੀਆ ਹੈਂਡਲਾਂ ਅਤੇ ਹੋਰ ਪ੍ਰਚਾਰ ਮਾਧਿਅਮਾਂ ਰਾਹੀਂ ਧੋਖੇਬਾਜ਼ ਏਜੰਟਾਂ ਦੇ ਖ਼ਤਰੇ ਅਤੇ ਉਨ੍ਹਾਂ ਤੋਂ ਬਚਾਅ ਦੇ ਤਰੀਕਿਆਂ ਬਾਰੇ ਚੇਤਾਵਨੀਆਂ ਜਾਰੀ ਕਰਦਾ ਹੈ। ਅਕਤੂਬਰ 2024 ਤੱਕ ਦੇਸ਼ ਭਰ ਵਿੱਚ, ਜਿਸ ਵਿੱਚ ਪੰਜਾਬ ਵੀ ਸ਼ਾਮਲ ਹੈ, ਕੁੱਲ 3,094 ਗੈਰਕਾਨੂੰਨੀ ਏਜੰਟਾਂ ਨੂੰ ਈਮਾਈਗ੍ਰੇਟ ਪੋਰਟਲ 'ਤੇ ਨੋਟਿਫਾਈ ਕੀਤਾ ਗਿਆ ਹੈ।"
24 ਜੁਲਾਈ 2025 ਨੂੰ ਤਮਿਲਨਾਡੂ ਤੋਂ ਸੰਸਦ ਮੈਂਬਰ ਐੱਮ ਮੁਹੰਮਦ ਅਬਦੁੱਲ੍ਹਾ ਨੇ ਵੀ ਮਨੁੱਖੀ ਤਸਕਰੀ ਨੂੰ ਲੈ ਕੇ ਰਾਜਸਭਾ ਵਿੱਚ ਸਵਾਲ ਪੁੱਛਿਆ ਗਿਆ।
ਉਨ੍ਹਾਂ ਦਾ ਸਵਾਲ ਸੀ ਕਿ ਖਾੜੀ ਦੇਸ਼ਾਂ ਵਿੱਚ, ਖ਼ਾਸ ਕਰਕੇ ਨਿਰਮਾਣ ਅਤੇ ਘਰੇਲੂ ਕੰਮਕਾਜ ਦੇ ਖੇਤਰਾਂ ਵਿੱਚ, ਜਿੱਥੇ ਭਾਰਤੀ ਮਜ਼ਦੂਰਾਂ ਨੂੰ ਅਪਮਾਨਜਨਕ ਹਾਲਾਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਉਨ੍ਹਾਂ ਦੇ ਸ਼ੋਸ਼ਣ ਨੂੰ ਰੋਕਣ ਲਈ ਕੇਂਦਰ ਸਰਕਾਰ ਵੱਲੋਂ ਕੀ ਉਪਾਅ ਕੀਤੇ ਜਾ ਰਹੇ ਹਨ?
ਜਿਸ ਦੇ ਜਵਾਬ ਵਿੱਚ ਵਿਦੇਸ਼ ਮਾਮਲਿਆਂ ਦੇ ਮੰਤਰਾਲੇ ਦੇ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਨੇ ਕਿਹਾ ਕਿ ਭਾਰਤ ਸਰਕਾਰ ਵਿਦੇਸ਼ਾਂ ਵਿੱਚ ਭਾਰਤੀ ਮਜ਼ਦੂਰਾਂ ਦੀ ਸੁਰੱਖਿਆ, ਰੱਖਿਆ ਅਤੇ ਭਲਾਈ ਨੂੰ ਸਭ ਤੋਂ ਵੱਧ ਤਰਜੀਹ ਦਿੰਦੀ ਹੈ, ਜਿਸ ਵਿੱਚ ਗਲਫ਼ (ਖਾੜੀ) ਦੇਸ਼ਾਂ ਵਿੱਚ ਉਸਾਰੀ ਦਾ ਕੰਮ ਅਤੇ ਘਰੇਲੂ ਕੰਮ ਵਿੱਚ ਰੁਜ਼ਗਾਰਸ਼ੁਦਾ ਮਜ਼ਦੂਰ ਵੀ ਸ਼ਾਮਲ ਹਨ।
ਗਲਫ਼ ਦੇਸ਼ਾਂ ਵਿੱਚ ਸਥਿਤ ਭਾਰਤੀ ਮਿਸ਼ਨਾਂ ਕੋਲ ਪੀੜਤ ਭਾਰਤੀ ਮਹਿਲਾਵਾਂ ਦੀ ਮਦਦ ਲਈ ਰਹਿਣ-ਖਾਣ ਦੀ ਵਿਵਸਥਾ, ਮੈਡੀਕਲ ਸਹਾਇਤਾ ਅਤੇ ਉਨ੍ਹਾਂ ਦੀ ਭਾਰਤ ਵਾਪਸੀ ਦੇ ਪ੍ਰਬੰਧ ਵਰਗੀਆਂ ਸਹੂਲਤਾਂ ਉਪਲਬਧ ਹਨ।
ਇਸ ਤੋਂ ਇਲਾਵਾ, ਔਰਤ ਮੁਲਾਜ਼ਮਾਂ ਨੂੰ ਸ਼ੋਸ਼ਣ ਅਤੇ ਦੁਰਵਿਵਹਾਰ ਤੋਂ ਬਚਾਉਣ ਲਈ, ਸਰਕਾਰ ਨੇ ਸਿਰਫ਼ ਸਰਕਾਰੀ ਭਰਤੀ ਏਜੰਸੀਆਂ (ਆਰਏਐੱਸ) ਨੂੰ ਈਸੀਆਰ ਸ਼੍ਰੇਣੀ ਦੇ ਪਾਸਪੋਰਟ ਵਾਲੀਆਂ ਔਰਤ ਕਰਮਚਾਰੀਆਂ ਦੀ ਭਰਤੀ ਕਰਨ ਦਾ ਅਧਿਕਾਰ ਦਿੱਤਾ ਹੈ।
ਇਸ ਤੋਂ ਇਲਾਵਾ, ਸ਼ੋਸ਼ਣ ਤੋਂ ਸੁਰੱਖਿਆ ਲਈ ਘੱਟੋ-ਘੱਟ 30 ਸਾਲ ਦੀ ਉਮਰ ਸੀਮਾ ਨਿਰਧਾਰਤ ਕੀਤੀ ਗਈ ਹੈ, ਜੋ ਕਿ ਈਸੀਆਰ ਸ਼੍ਰੇਣੀ ਦੀਆਂ ਔਰਤ ਕਰਮਚਾਰੀਆਂ 'ਤੇ ਲਾਗੂ ਹੁੰਦੀ ਹੈ ਜੋ ਰੁਜ਼ਗਾਰ ਲਈ ਵਿਦੇਸ਼ ਜਾਂਦੀਆਂ ਹਨ।
'ਕੁੜੀਆਂ ਨੂੰ ਅਰਬ ਮੁਲਕਾਂ ਵਿੱਚ ਨਾ ਭੇਜੋ'
ਬੀਬੀਸੀ ਨਾਲ ਗੱਲ ਕਰਦਿਆਂ ਪੀੜਤਾ ਨੇ ਕਿਹਾ, "ਘਰਾਂ ਦੇ ਹਾਲਾਤ ਸੁਧਾਰਨ ਲਈ ਹਰ ਕੋਈ ਕੋਸ਼ਿਸ਼ ਕਰਦਾ ਹੈ ਕਿ ਉਹ ਚੰਗੀ ਨੌਕਰੀ ਕਰੇ ਪਰ ਜਦੋਂ ਕੋਈ ਹੋਰ ਰਾਹ ਨਹੀਂ ਲੱਭਦਾ ਤਾਂ ਵਿਦੇਸ਼ ਦਾ ਸਹਾਰਾ ਲੈਣਾ ਪੈਂਦਾ ਹੈ ਪਰ ਹੁਣ ਮੈਂ ਸਭ ਨੂੰ ਅਪੀਲ ਕਰਦੀ ਹਾਂ ਕਿ ਕੋਈ ਵੀ ਆਪਣੇ ਬੱਚਿਆਂ ਨੂੰ ਵਿਦੇਸ਼ ਦੀ ਧਰਤੀ ਉੱਤੇ ਨਾ ਭੇਜੇ ਖਾਸ ਕਰਕੇ ਕੁੜੀਆਂ ਨੂੰ।"
"ਏਜੰਟ ਕੁੜੀਆਂ ਨਾਲ ਬਹੁਤ ਧੋਖਾ ਕਰਦੇ ਹਨ ਅਤੇ ਉੱਥੇ ਕੋਈ ਵੀ ਉਨ੍ਹਾਂ ਦੀ ਸਾਰ ਲੈਣ ਵਾਲਾ ਨਹੀਂ ਹੁੰਦਾ।"
ਇਸੇ ਤਰ੍ਹਾਂ ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ ਨੇ ਵੀ ਅਪੀਲ ਕੀਤੀ ਕਿ ਹਰ ਸਾਲ ਵਿਦੇਸ਼ਾਂ ਚ ਫਸੇ ਪੰਜਾਬੀਆਂ ਨੂੰ ਭਾਰਤ ਜ਼ਰੂਰ ਲਿਆਂਦਾ ਜਾ ਰਿਹਾ ਹੈ ਪਰ ਇਹ ਰੁਝਾਨ ਘੱਟ ਨਹੀਂ ਰਿਹਾ।
ਇਸ ਲਈ ਜ਼ਰੂਰੀ ਹੈ ਕਿ ਪੰਜਾਬ ਦੇ ਨੌਜਵਾਨ, ਉਨ੍ਹਾਂ ਦੇ ਮਾਪੇ ਧੋਖੇਬਾਜ਼ ਟ੍ਰੈਵੈੱਲ ਏਜੰਟਾਂ ਤੋਂ ਬਚਣ। ਉਨ੍ਹਾਂ ਇਹ ਵੀ ਕਿਹਾ ਕਿ ਇਸ ਮਾਮਲੇ ਵਿੱਚ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਦੋਸ਼ੀਆਂ ਖਿਲ਼ਾਫ ਸਖਤ ਕਾਰਵਾਈ ਕੀਤੀ ਜਾਵੇ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












