ਇਥੋਪੀਆ 'ਚ ਫਟਿਆ ਜਵਾਲਾਮੁਖੀ ਤੇ ਅਸਰ ਭਾਰਤ ਵਿੱਚ ਹੋਇਆ, ਜਾਣੋ ਕੀ-ਕੀ ਹੋਵੇਗਾ ਪ੍ਰਭਾਵਿਤ

ਤਸਵੀਰ ਸਰੋਤ, Getty Images
ਇਥੋਪੀਆ ਦੇ ਅਫ਼ਾਰ ਖੇਤਰ ਵਿੱਚ ਸਥਿਤ ਹਾਇਲੀ ਗੁੱਬੀ ਜਵਾਲਾਮੁਖੀ ਐਤਵਾਰ ਸਵੇਰੇ ਫਟ ਗਿਆ। ਸਥਾਨਕ ਮੀਡੀਆ ਅਨੁਸਾਰ ਜਵਾਲਾਮੁਖੀ ਕਰਕੇ ਨੇੜਲੇ ਪਿੰਡਾਂ 'ਤੇ ਧੂੜ ਦੀ ਪਰਤ ਜੰਮ ਗਈ।
ਸਮਿਥਸੋਨੀਅਨ ਸੰਸਥਾਨ ਦੇ ਗਲੋਬਲ ਵੋਲਕੈਨਿਜ਼ਮ ਪ੍ਰੋਗਰਾਮ ਦੇ ਅਨੁਸਾਰ ਪਿਛਲੇ 12,000 ਸਾਲਾਂ ਵਿੱਚ ਹਾਇਲੀ ਗੁੱਬੀ ਜਵਾਲਾਮੁਖੀ ਦੇ ਵਿਸਫੋਟ ਦਾ ਇਹ ਪਹਿਲਾ ਮਾਮਲਾ ਹੈ।
ਸੈਟੇਲਾਈਟ ਤਸਵੀਰਾਂ ਵਿੱਚ ਸੁਆਹ ਦਾ ਬੱਦਲ ਲਾਲ ਸਾਗਰ ਦੇ ਉੱਪਰ ਤੈਰਦਾ ਹੋਇਆ ਦਿਖਾਈ ਦਿੱਤਾ।
ਸਥਾਨਕ ਮੀਡੀਆ ਨੇ ਇੱਕ ਅਧਿਕਾਰੀ ਦੇ ਹਵਾਲੇ ਨਾਲ ਦੱਸਿਆ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ ਪਰ ਚੇਤਾਵਨੀ ਦਿੱਤੀ ਹੈ ਕਿ ਸੁਆਹ ਸਥਾਨਕ ਪਸ਼ੂ ਪਾਲਕਾਂ ਦੀ ਰੋਜ਼ੀ-ਰੋਟੀ ਨੂੰ ਪ੍ਰਭਾਵਿਤ ਕਰ ਸਕਦੀ ਹੈ।
ਉੱਤਰ-ਪੂਰਬੀ ਇਥੋਪੀਆ ਵਿੱਚ ਇਹ ਜਵਾਲਾਮੁਖੀ ਲਗਭਗ 12 ਹਜ਼ਾਰ ਸਾਲਾਂ ਵਿੱਚ ਪਹਿਲੀ ਵਾਰ ਫਟਿਆ ਹੈ। ਇਸ ਨਾਲ ਸੰਘਣਾ ਧੂੰਆਂ 14 ਕਿਲੋਮੀਟਰ ਦੀ ਉਚਾਈ ਤੱਕ ਆਸਮਾਨ ਵਿੱਚ ਉੱਠਦਾ ਦਿਖਾਈ ਦਿੱਤਾ।
ਟੂਲੂਜ਼ ਵਾਲਕੇਨਿਕ ਐਸ਼ ਐਡਵਾਇਜ਼ਰੀ ਸੈਂਟਰ ਦੇ ਅਨੁਸਾਰ ਜਵਾਲਾਮੁਖੀ ਤੋਂ ਨਿਕਲਿਆ ਗੁਬਾਰ ਯਮਨ, ਓਮਾਨ, ਭਾਰਤ ਅਤੇ ਉੱਤਰੀ ਪਾਕਿਸਤਾਨ ਤੱਕ ਵਹਿ ਕੇ ਪਹੁੰਚਿਆ।
ਜਾਨੀ ਨੁਕਸਾਨ ਜਾਂ ਬੇਘਰ ਹੋਏ ਲੋਕਾਂ ਦੀ ਗਿਣਤੀ ਬਾਰੇ ਹਾਲੇ ਤੱਕ ਕੋਈ ਜਾਣਕਾਰੀ ਉਪਲਬਧ ਨਹੀਂ ਹੈ।

ਤਸਵੀਰ ਸਰੋਤ, Getty Images
ਭਾਰਤ 'ਚ ਅਸਰ
ਇੰਡੀਆ ਮੈਟ ਸਕਾਈ ਵੈਦਰ ਨੇ ਸੋਮਵਾਰ ਸ਼ਾਮ ਨੂੰ ਐਕਸ 'ਤੇ ਲਿਖਿਆ, "ਸੁਆਹ ਦਾ ਬੱਦਲ ਉੱਤਰੀ ਭਾਰਤ ਵੱਲ ਵਧ ਸਕਦਾ ਹੈ। ਹਾਇਲੀ ਗੁੱਬੀ ਜਵਾਲਾਮੁਖੀ ਖੇਤਰ ਤੋਂ ਗੁਜਰਾਤ ਤੱਕ ਇੱਕ ਵੱਡਾ ਸੁਆਹ ਦਾ ਬੱਦਲ ਦਿਖਾਈ ਦੇ ਰਿਹਾ ਹੈ। ਜਵਾਲਾਮੁਖੀ ਦਾ ਵਿਸਫੋਟ ਤਾਂ ਰੁੱਕ ਗਿਆ ਹੈ, ਪਰ ਇਹ ਸੁਆਹ ਦਾ ਬੱਦਲ ਵਾਯੂ-ਮੰਡਲ ਵਿੱਚ ਉੱਠ ਗਿਆ ਹੈ। ਇਹ 100-120 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਉੱਤਰੀ ਭਾਰਤ ਵੱਲ ਵਧ ਰਿਹਾ ਹੈ।"
"ਇਹ ਬੱਦਲ ਆਸਮਾਨ ਵਿੱਚ 15,000-25,000 ਫੁੱਟ ਤੋਂ ਲੈ ਕੇ 45,000 ਫੁੱਟ ਤੱਕ ਉਚਾਈ ਵਿੱਚ ਫੈਲਿਆ ਹੋਇਆ ਹੈ ਅਤੇ ਇਸ ਵਿੱਚ ਮੁੱਖ ਤੌਰ 'ਤੇ ਜਵਾਲਾਮੁਖੀ ਦੀ ਸੁਆਹ, ਸਲਫ਼ਰ ਡਾਈਆਕਸਾਈਡ ਅਤੇ ਕੁਝ ਛੋਟੇ ਕੱਚ/ਚੱਟਾਨ ਦੇ ਕਣ ਸ਼ਾਮਲ ਹਨ। ਇਸ ਨਾਲ ਆਕਾਸ਼ ਵਿੱਚ ਆਮ ਨਾਲੋਂ ਵੱਧ ਹਨੇਰਾ ਦਿਖਾਈ ਦੇ ਸਕਦਾ ਹੈ ਅਤੇ ਹਵਾਈ ਆਵਾਜਾਈ ਪ੍ਰਭਾਵਿਤ ਹੋ ਸਕਦੀ ਹੈ। ਇਸ ਨਾਲ ਉਡਾਣਾਂ ਵਿੱਚ ਦੇਰੀ ਅਤੇ ਯਾਤਰਾ ਲੰਬੀ ਹੋ ਸਕਦੀ ਹੈ।"
ਇੰਡੀਆ ਮੈਟ ਸਕਾਈ ਵੈਦਰ ਨੇ ਲਿਖਿਆ ਸੀ, "ਇਹ ਸੁਆਹ ਦਾ ਬੱਦਲ ਰਾਤ 10 ਵਜੇ ਤੱਕ ਗੁਜਰਾਤ (ਪੱਛਮੀ ਹਿੱਸਾ) ਵਿੱਚ ਦਾਖਲ ਹੋਣ ਵਾਲਾ ਹੈ ਅਤੇ ਰਾਜਸਥਾਨ, ਉੱਤਰ-ਪੱਛਮੀ ਮਹਾਰਾਸ਼ਟਰ, ਦਿੱਲੀ, ਹਰਿਆਣਾ ਅਤੇ ਪੰਜਾਬ ਵੱਲ ਵਧੇਗਾ। ਬਾਅਦ ਵਿੱਚ ਇਹ ਹਿਮਾਲਿਆ ਅਤੇ ਹੋਰ ਖੇਤਰਾਂ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ। ਆਸਮਾਨ ਆਮ ਨਾਲੋਂ ਵੱਧ ਧੁੰਦਲਾ ਦਿਖੇਗਾ। ਇਸ ਨਾਲ ਦਿੱਲੀ ਦੀ ਹਵਾ ਹੋਰ ਖਰਾਬ ਹੋ ਸਕਦੀ ਹੈ।"
ਅੰਗਰੇਜ਼ੀ ਅਖ਼ਬਾਰ ਹਿੰਦੁਸਤਾਨ ਟਾਈਮਜ਼ ਨੇ ਆਪਣੀ ਵੈੱਬਸਾਈਟ 'ਤੇ ਇੱਕ ਰਿਪੋਰਟ ਵਿੱਚ ਲਿਖਿਆ ਹੈ, "ਸੁਆਹ ਦੇ ਬੱਦਲ ਦੇ ਲਾਲ ਸਾਗਰ ਪਾਰ ਕਰਕੇ ਮੱਧ ਪੂਰਬ ਅਤੇ ਮੱਧ ਏਸ਼ੀਆ ਵੱਲ ਵਧਣ ਤੋਂ ਬਾਅਦ ਏਅਰਲਾਈਨਜ਼ ਨੇ ਦੁਪਹਿਰ ਤੋਂ ਬਾਅਦ ਹੀ ਉਡਾਣਾਂ ਰੱਦ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਨ। ਇੰਡੀਗੋ ਨੂੰ 6 ਉਡਾਣਾਂ ਰੱਦ ਕਰਨੀਆਂ ਪਈਆਂ।"
"ਇਨ੍ਹਾਂ ਵਿੱਚੋਂ ਇੱਕ ਉਡਾਣ ਮੁੰਬਈ ਤੋਂ ਸੀ ਜਦੋਂ ਕਿ ਹੋਰ ਰੱਦ ਕੀਤੀਆਂ ਉਡਾਣਾਂ ਦੱਖਣੀ ਭਾਰਤ ਤੋਂ ਆ ਰਹੀਆਂ ਸਨ। ਮੁੰਬਈ ਹਵਾਈ ਅੱਡੇ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਉਡਾਣਾਂ ਪਾਕਿਸਤਾਨ ਦੇ ਹਵਾਈ ਖੇਤਰ ਤੋਂ ਮੁੜ ਰੂਟ ਨਿਰਧਾਰਤ ਕਰ ਰਹੀਆਂ ਹਨ। ਪਾਕਿਸਤਾਨ ਦਾ ਹਵਾਈ ਖੇਤਰ ਭਾਰਤੀ ਏਅਰਲਾਈਨਜ਼ ਲਈ ਬੰਦ ਹੈ ਇਸ ਲਈ ਭਾਰਤੀ ਏਅਰਲਾਈਨਜ਼ 'ਤੇ ਇਸ ਦਾ ਅਸਰ ਪੈਣ ਦੀ ਸੰਭਾਵਨਾ ਹੈ।"
ਏਅਰ ਇੰਡੀਆ ਨੇ ਵੀ ਯਾਤਰੀਆਂ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਇੱਕ ਬਿਆਨ ਜਾਰੀ ਕੀਤਾ ਹੈ। ਬਿਆਨ ਵਿੱਚ ਕਿਹਾ ਗਿਆ, "ਇਥੋਪੀਆ ਵਿੱਚ ਜਵਾਲਾਮੁਖੀ ਵਿਸਫੋਟ ਤੋਂ ਬਾਅਦ ਕੁਝ ਭੂਗੋਲਿਕ ਖੇਤਰਾਂ ਵਿੱਚ ਸੁਆਹ ਦੇ ਬੱਦਲ ਦੇਖੇ ਗਏ ਹਨ। ਅਸੀਂ ਸਥਿਤੀ 'ਤੇ ਬਾਰੀਕੀ ਨਾਲ ਨਜ਼ਰ ਰੱਖ ਰਹੇ ਹਾਂ ਅਤੇ ਆਪਣੇ ਆਪ੍ਰੇਸ਼ਨਲ ਕਰੂ ਦੇ ਸੰਪਰਕ ਵਿੱਚ ਹਾਂ। ਇਸ ਸਮੇਂ ਏਅਰ ਇੰਡੀਆ ਦੀਆਂ ਉਡਾਣਾਂ 'ਤੇ ਕੋਈ ਵੱਡਾ ਪ੍ਰਭਾਵ ਨਹੀਂ ਪਿਆ ਹੈ।"
ਏਅਰ ਇੰਡੀਆ ਨੇ ਕਿਹਾ, "ਸਾਰੇ ਜ਼ਰੂਰੀ ਕਦਮ ਚੁੱਕੇ ਜਾਣਗੇ ਤਾਂ ਜੋ ਸਾਡੇ ਯਾਤਰੀਆਂ, ਕਰੂ ਅਤੇ ਜਹਾਜ਼ਾਂ ਦੀ ਸੁਰੱਖਿਆ ਯਕੀਨੀ ਹੋ ਸਕੇ। ਇਹੀ ਸਾਡੀ ਪਹਿਲੀ ਤਰਜੀਹ ਬਣੀ ਰਹੇਗੀ। ਸਾਡੀਆਂ ਗਰਾਊਂਡ ਟੀਮਾਂ ਸਾਡੇ ਨੈਟਵਰਕ ਵਿੱਚ ਯਾਤਰੀਆਂ ਨੂੰ ਸਹਿਯੋਗ ਦਿੰਦੀਆਂ ਰਹਿਣਗੀਆਂ ਅਤੇ ਉਨ੍ਹਾਂ ਨੂੰ ਉਨ੍ਹਾਂ ਦੀਆਂ ਉਡਾਣਾਂ ਬਾਰੇ ਲਗਾਤਾਰ ਜਾਣਕਾਰੀ ਦਿੰਦੀਆਂ ਰਹਿਣਗੀਆਂ।"

ਉਡਾਣਾਂ 'ਤੇ ਅਸਰ
ਸਮਾਚਾਰ ਏਜੰਸੀ ਪੀਟੀਆਈ ਅਨੁਸਾਰ, ਹਵਾਬਾਜ਼ੀ ਰੈਗੂਲੇਟਰ ਡੀਜੀਸੀਏ ਨੇ ਸੋਮਵਾਰ ਨੂੰ ਏਅਰਲਾਈਨਜ਼ ਅਤੇ ਹਵਾਈ ਅੱਡਿਆਂ ਨੂੰ ਇੱਕ ਨਿਰਦੇਸ਼ ਜਾਰੀ ਕੀਤਾ ਹੈ ਤਾਂ ਜੋ ਇਥੋਪੀਆ ਵਿੱਚ ਜਵਾਲਾਮੁਖੀ ਫਟਣ ਤੋਂ ਪੈਦਾ ਹੋਣ ਵਾਲੀਆਂ ਸੰਭਾਵਿਤ ਮੁਸ਼ਕਿਲਾਂ ਨਾਲ ਨਜਿੱਠਿਆ ਜਾ ਸਕੇ।
ਪੀਟੀਆਈ ਅਨੁਸਾਰ, ਆਕਾਸ਼ਾ ਏਅਰ, ਇੰਡੀਗੋ ਅਤੇ ਕੇਐਲਐਮ ਵਰਗੀਆਂ ਏਅਰਲਾਈਨਜ਼ ਨੇ ਸੋਮਵਾਰ ਨੂੰ ਸੁਆਹ ਦੇ ਬੱਦਲਾਂ ਕਾਰਨ ਕੁਝ ਉਡਾਣਾਂ ਰੱਦ ਕੀਤੀਆਂ ਹਨ।
ਭਾਰਤੀ ਮੌਸਮ ਵਿਭਾਗ ਦੇ ਡਾਇਰੈਕਟਰ ਜਨਰਲ ਐਮ ਮੋਹਪਾਤਰਾ ਨੇ ਸੋਮਵਾਰ ਨੂੰ ਹਿੰਦੁਸਤਾਨ ਟਾਈਮਜ਼ ਨੂੰ ਕਿਹਾ, "ਅਗਲੇ ਕੁਝ ਘੰਟਿਆਂ ਵਿੱਚ ਇਸ ਦਾ ਅਸਰ ਗੁਜਰਾਤ ਅਤੇ ਦਿੱਲੀ-ਐਨਸੀਆਰ ਦੇ ਹੋਰ ਹਿੱਸਿਆਂ ਵਿੱਚ ਦਿਖਾਈ ਦੇਣ ਲੱਗੇਗਾ। ਇਹ ਪਹਿਲਾਂ ਹੀ ਗੁਜਰਾਤ ਦੇ ਨੇੜੇ ਪਹੁੰਚ ਗਿਆ ਹੈ ਅਤੇ ਅਸੀਂ ਅਗਲੇ ਕੁਝ ਘੰਟਿਆਂ ਵਿੱਚ ਇਸ ਦੇ ਪ੍ਰਭਾਵ ਨੂੰ ਦਿੱਲੀ-ਐਨਸੀਆਰ ਅਤੇ ਉੱਤਰੀ ਭਾਰਤ ਦੇ ਇਲਾਕਿਆਂ ਵਿੱਚ ਦੇਖਾਂਗੇ। ਇਸ ਦਾ ਮੁੱਖ ਅਸਰ ਉਡਾਣਾਂ 'ਤੇ ਪਵੇਗਾ।"
ਮੋਹਪਾਤਰਾ ਨੇ ਕਿਹਾ, "ਸਤ੍ਹਾ ਦੇ ਨੇੜੇ ਇਸ ਦਾ ਕੋਈ ਖਾਸ ਅਸਰ ਨਹੀਂ ਦਿਖੇਗਾ। ਆਸਮਾਨ ਵਿੱਚ ਇਹ ਧੁੰਦਲਾ ਅਤੇ ਬੱਦਲ ਵਰਗਾ ਦਿਖਾਈ ਦੇਵੇਗਾ ਅਤੇ ਇਸ ਦਾ ਅਸਰ ਕੁਝ ਘੰਟਿਆਂ ਲਈ ਰਹੇਗਾ ਕਿਉਂਕਿ ਇਹ ਹੌਲੀ-ਹੌਲੀ ਪੂਰਬ ਵੱਲ ਵਧ ਰਿਹਾ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












