'ਪਵਿੱਤਰ ਸ਼ਹਿਰ' ਕੀ ਹੁੰਦਾ ਹੈ, ਪੰਜਾਬ ਸਰਕਾਰ ਨੇ ਕਿਹੜੇ ਸ਼ਹਿਰਾਂ ਨੂੰ 'ਪਵਿੱਤਰ ਸ਼ਹਿਰ' ਦਾ ਦਰਜਾ ਦੇਣ ਦਾ ਮਤਾ ਪਾਸ ਕੀਤਾ ਹੈ

ਤਸਵੀਰ ਸਰੋਤ, Getty Images
- ਲੇਖਕ, ਸੁਮਨਦੀਪ ਕੌਰ
- ਰੋਲ, ਬੀਬੀਸੀ ਪੱਤਰਕਾਰ
ਸੋਮਵਾਰ ਨੂੰ ਗੁਰੂ ਤੇਗ ਬਹਾਦਰ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਵਿੱਚ ਅੰਮ੍ਰਿਤਸਰ ਸ਼ਹਿਰ ਦੇ ਅੰਦਰੂਨੀ ਹਿੱਸੇ (ਵਾਲਡ ਸਿਟੀ) ਸਣੇ ਦੋ ਸ਼ਹਿਰਾਂ ਤਲਵੰਡੀ ਸਾਬੋ ਅਤੇ ਅਨੰਦਪੁਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦਾ ਮਤਾ ਪਾਸ ਕੀਤਾ ਗਿਆ।
ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਚੰਡੀਗੜ੍ਹ ਤੋਂ ਬਾਹਰ ਹੋਇਆ ਸੀ।
ਅਨੰਦਪੁਰ ਸਾਹਿਬ ਦੀ ਟੈਂਟ ਸਿਟੀ ਨੂੰ ਬਿਲਕੁਲ ਪੰਜਾਬ ਵਿਧਾਨ ਸਭਾ ਵਾਂਗ ਦਿਖ ਦਿੱਤੀ ਅਤੇ ਉੱਥੇ ਸੈਸ਼ਨ ਰੱਖਿਆ ਗਿਆ।
ਇਸ ਸੈਸ਼ਨ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ੍ਰੀ ਦਰਬਾਰ ਸਾਹਿਬ ਦੇ ਗਲਿਆਰੇ, ਆਨੰਦਪੁਰ ਸਾਹਿਬ ਤੇ ਤਲਵੰਡੀ ਸਾਬੋ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਲਈ ਮਤਾ ਪੜ੍ਹਿਆ, ਜਿਸ ਨੂੰ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ।
ਇਸ ਦੇ ਜਵਾਬ ਵਿੱਚ ਮੁੱਖ ਮੰਤਰੀ ਮਾਨ ਨੇ ਕਿਹਾ, "ਗਲਿਆਰੇ ਨੂੰ ਲੋਕ ਪਹਿਲਾਂ ਆਪਣੀ ਸ਼ਰਧਾ ਭਾਵਨਾ ਨਾਲ ਪਵਿੱਤਰ ਮੰਨਦੇ ਹਨ ਪਰ ਇਸ ਬਾਰੇ ਕੋਈ ਅਧਿਕਾਰਤ ਐਲਾਨ ਨਹੀਂ ਹੋਇਆ ਸੀ। ਇਸ ਲਈ ਜੇਕਰ ਉੱਥੇ ਕਿਸੇ ਕਿਸਮ ਦੀ ਕੋਈ ਮਨਾਹੀ ਵਾਲੀ ਗਤੀਵਿਧੀ ਹੈ ਤਾਂ ਉਸ ਨੂੰ ਬਿਲਕੁਲ ਰੋਕਿਆ ਜਾ ਸਕੇਗਾ।"
ਹਾਲਾਂਕਿ, ਇਸ ਵਿਚਾਲੇ ਕਾਂਗਰਸੀ ਆਗੂ ਪ੍ਰਗਟ ਸਿੰਘ ਨੇ ਅੰਮ੍ਰਿਤਸਰ ਦੇ ਗਲਿਆਰੇ ਬਾਰੇ ਸਪੱਸ਼ਟੀਕਰਨ ਮੰਗਿਆ ਕਿ ਉਹ ਤਾਂ ਪਹਿਲਾਂ ਹੀ ਪਵਿੱਤਰ ਮੰਨਿਆ ਜਾਂਦਾ ਹੈ ਫਿਰ ਇਹ ਐਲਾਨ ਕਿਉਂ?
ਹਾਲਾਂਕਿ ਬਾਅਦ ਵਿੱਚ ਸਪੀਕਰ ਕੁਲਤਾਰ ਸਿੰਘ ਸੰਧਵਾ ਵੱਲੋਂ ਇਸ ਬਾਰੇ ਸਪਸ਼ਟੀਕਰਨ ਦਿੰਦਿਆਂ ਕਿਹਾ ਗਿਆ ਕਿ ਪੰਜਾਬ ਸਰਕਾਰ ਨੇ ਇੱਕ ਮਹੱਤਵਪੂਰਨ ਫੈਸਲੇ ਵਿੱਚ ਅੰਮ੍ਰਿਤਸਰ ਸ਼ਹਿਰ ਦੇ ਅੰਦਰੂਨੀ ਹਿੱਸੇ ਯਾਨੀ ਵਾਲਡ ਸਿਟੀ (ਨਾ ਕਿ ਸਿਰਫ ਗਲਿਆਰਾ), ਤਲਵੰਡੀ ਸਾਬੋ ਅਤੇ ਸ੍ਰੀ ਅਨੰਦਪੁਰ ਸਾਹਿਬ, ਜਿੱਥੇ ਤਖ਼ਤ ਸਾਹਿਬਾਨ ਸਥਾਪਤ ਹਨ, ਨੂੰ ਪਵਿੱਤਰ ਸ਼ਹਿਰਾਂ ਦਾ ਦਰਜਾ ਦੇਣ ਦਾ ਫੈਸਲਾ ਕੀਤਾ ਹੈ।
ਪੰਜਾਬ ਸਰਕਾਰ ਦੇ ਮਤੇ ਵਿੱਚ ਕੀ-ਕੀ ਸ਼ਾਮਲ ਹੈ
ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਵਿੱਚ ਪੇਸ਼ ਮਤੇ ਮੁਤਾਬਕ, "ਬਹੁਤ ਸਾਲਾਂ ਤੋਂ ਉੱਠ ਰਹੀ ਮੰਗ ਨੂੰ ਮੁੱਖ ਰੱਖਦਿਆਂ ਸਦਨ ਸਿਫ਼ਾਰਿਸ਼ ਕਰਦਾ ਹੈ ਕਿ ਸੂਬਾ ਸਰਕਾਰ ਤਿੰਨਾਂ ਤਖ਼ਤਾਂ ਦੇ ਸ਼ਹਿਰਾਂ ਨੂੰ ਪੰਜਾਬ ਦੇ ਅਧਿਕਾਰਤ ਪਵਿੱਤਰ ਸ਼ਹਿਰ ਵਜੋਂ ਐਲਾਨ ਕਰਕੇ ਮਾਸ, ਸ਼ਰਾਬ, ਤੰਬਾਕੂ ਅਤੇ ਹੋਰ ਨਸ਼ੀਲੇ ਪਦਾਰਥਾਂ ਦੀ ਵਿਕਰੀ ਅਤੇ ਵਰਤੋਂ 'ਤੇ ਪਾਬੰਦੀ ਲਗਾਏ। ਮੀਟ ਦੀਆਂ ਦੁਕਾਨਾਂ, ਸ਼ਰਾਬ ਦੇ ਠੇਕੇ, ਸਿਗਰਟ ਦੀਆਂ ਦੁਕਾਨਾਂ ਤੇ ਨਸ਼ੇ ਦੇ ਅੱਡੇ ਬੰਦ ਕਰਕੇ ਸੰਗਤਾਂ ਦੀ ਚਿਰੋਕਣੀ ਮੰਗ ਪੂਰੀ ਕੀਤੀ ਜਾਵੇ।"
"ਇਹ ਸ਼ਹਿਰ ਨਾ ਸਿਰਫ਼ ਧਾਰਮਿਕ ਕੇਂਦਰ ਹਨ ਬਲਕਿ ਸਾਡੀ ਸੱਭਿਆਚਾਰਕ ਵਿਰਾਸਤ ਦੇ ਪ੍ਰਤੀਕ ਵੀ ਹਨ। ਇਹ ਮੰਗ ਕਿਸੇ ਇੱਕ ਧਿਰ, ਵਰਗ ਜਾਂ ਧਰਮ ਦੀ ਨਹੀਂ ਹੈ ਸਗੋਂ ਆਪਣੀ ਵਿਰਾਸਤ ਨੂੰ ਸੰਭਾਲਣ ਅਤੇ ਵਿਸ਼ਵ ਪੱਧਰ 'ਤੇ ਪ੍ਰਚਾਰਿਤ ਕਰਨ ਹਿੱਤ ਇਹ ਕਦਮ ਚੁੱਕਣਾ ਜ਼ਰੂਰੀ ਹੈ।"
ਇਸ ਦੇ ਨਾਲ ਹੀ ਮਤੇ ਵਿੱਚ ਇਹ ਜ਼ਿਕਰ ਕੀਤਾ ਗਿਆ ਕਿ ਇਨ੍ਹਾਂ ਸ਼ਹਿਰਾਂ ਵਿੱਚ ਸਾਰੇ ਧਾਰਮਿਕ ਅਸਥਾਨਾਂ ਨਾਲ ਸਬੰਧਤ ਇੱਕ ਸਰਬ-ਧਰਮ ਕਮੇਟੀ ਬਣਾਈ ਜਾਵੇ, ਜਿਸ ਵਿੱਚ ਸਾਰੇ ਧਰਮਾਂ ਦੇ ਨੁਮਾਇੰਦੇ ਸ਼ਾਮਲ ਹੋਣ।
ਮਤੇ ਮੁਤਾਬਕ, ਪੰਜਾਬ ਸਰਕਾਰ ਇਨ੍ਹਾਂ ਪਵਿੱਤਰ ਸ਼ਹਿਰਾਂ ਦੇ ਵਿਕਾਸ, ਸਫਾਈ, ਸੁਰੱਖਿਆ ਅਤੇ ਧਾਰਮਿਕ ਸੈਰ-ਸਪਾਟੇ ਲਈ ਵਿਸ਼ੇਸ਼ ਉਪਰਾਲੇ ਕਰਨ ਲਈ ਲੋੜੀਂਦਾ ਬਜਟ ਜਾਰੀ ਕਰੇਗੀ ਅਤੇ ਕੇਂਦਰ ਸਰਕਾਰ ਤੋਂ ਵੀ ਫੰਡਾਂ ਦੀ ਮੰਗ ਕਰੇਗੀ।

ਪਵਿੱਤਰ ਸ਼ਹਿਰ ਕੀ ਹੁੰਦਾ ਹੈ?
ਪਵਿੱਤਰ ਸ਼ਹਿਰ ਹੁੰਦਾ ਕੀ ਹੈ ਅਤੇ ਇਸ ਨੂੰ ਐਲਾਨਣ ਦੀ ਲੋੜ ਕਿਉਂ ਪੈਂਦੀ ਹੈ, ਇਸ ਰਿਪੋਰਟ ਵਿੱਚ ਇਹ ਸਮਝਣ ਦੀ ਕੋਸ਼ਿਸ਼ ਕਰਦੇ ਹਾਂ।
ਸੀਨੀਅਰ ਪੱਤਰਕਾਰ ਜਸਪਾਲ ਸਿੱਧੂ ਕਹਿੰਦੇ ਹਨ ਪਵਿੱਤਰ ਸ਼ਹਿਰ ਤੋਂ ਭਾਵ ਹੈ ਇੱਕ ਤਰ੍ਹਾਂ ਨਾਲ ਧਰਮ ਪ੍ਰਤੀ ਆਪਣਾ ਸਤਿਕਾਰ ਪੇਸ਼ ਕਰਨਾ ਹੁੰਦਾ ਹੈ।
ਸੰਨੀ ਓਬਰਾਏ ਵਿਵੇਕ ਸਦਨ, ਸ੍ਰੀ ਅਨੰਦਪੁਰ ਸਾਹਿਬ (ਫਿਊਚੇਰਿਸਟਿਕ ਯੂਨੀਵਰਸਿਟੀ) ਦੇ ਵਾਈਸ ਚਾਂਸਲਰ ਡਾ. ਸਰਬਜਿੰਦਰ ਸਿੰਘ ਦਾ ਕਹਿਣਾ ਹੈ, "ਪਵਿੱਤਰ ਸ਼ਹਿਰ ਦਾ ਸਿਧਾਂਤ ਬਹੁਤ ਪੁਰਾਤਨ ਹੈ। ਸਭ ਤੋਂ ਪਹਿਲਾਂ ਵੈਟੀਕਨ ਸਿਟੀ ਨੂੰ ਪਵਿੱਤਰ ਸ਼ਹਿਰ ਐਲਾਨਿਆ ਗਿਆ ਸੀ। ਯੇਰੂਸ਼ੇਲਮ ਨੂੰ ਪਵਿੱਤਰ ਸ਼ਹਿਰ ਮੰਨਿਆ ਜਾਂਦਾ ਹੈ।"
ਉਨ੍ਹਾਂ ਮੁਤਾਬਕ ਪਵਿੱਤਰ ਸ਼ਹਿਰ ਇੱਕ ਅਜਿਹਾ ਸ਼ਹਿਰ ਹੁੰਦਾ ਹੈ ਜਿਸਦਾ ਕਿਸੇ ਖ਼ਾਸ ਧਰਮ ਲਈ ਬਹੁਤ ਜ਼ਿਆਦਾ ਧਾਰਮਿਕ ਮਹੱਤਵ ਹੁੰਦਾ ਹੈ, ਜੋ ਅਕਸਰ ਪੂਜਾ, ਤੀਰਥ ਯਾਤਰਾ ਅਤੇ ਧਾਰਮਿਕ ਅਗਵਾਈ ਦੇ ਕੇਂਦਰ ਵਜੋਂ ਕੰਮ ਕਰਦਾ ਹੈ।
ਅਜਿਹੇ ਵਿੱਚ ਪੰਜਾਬ ਦੇ ਇਹ ਤਿੰਨੇ ਸ਼ਹਿਰ ਸਿੱਖ ਧਰਮ ਲਈ ਖ਼ਾਸ ਅਹਿਮੀਅਤ ਰੱਖਦੇ ਹਨ। ਜਿੱਥੇ ਇਨ੍ਹਾਂ ਸ਼ਹਿਰਾਂ ਦਾ ਧਾਰਮਿਕ ਮਹੱਤਵ ਹੈ, ਉੱਥੇ ਹੀ ਇਹ ਸ਼ਹਿਰ ਅੰਮ੍ਰਿਤਸਰ, ਤਲਵੰਡੀ ਸਾਬੋ ਅਤੇ ਅਨੰਦਪੁਰ ਸਾਹਿਬ ਸਿੱਖਾਂ ਦੇ ਪੰਜ ਤਖ਼ਤਾਂ ਵਿੱਚੋਂ ਤਿੰਨ ਤਖ਼ਤ ਵੀ ਹਨ।
ਜਸਪਾਲ ਸਿੰਘ ਸਿੱਧੂ ਕਹਿੰਦੇ ਹਨ, "ਇਸ ਮੰਗ ਦੇ ਉੱਠਣ ਦਾ 1984 ਦਾ ਸਾਕਾ ਇੱਕ ਵੱਡਾ ਕਾਰਨ ਸੀ। ਮੈਨੂੰ ਲੱਗਦਾ ਹੈ ਇਸ ਵਿੱਚ ਕੋਈ ਵੀ ਵਿਵਾਦ ਨਹੀਂ ਹੋਵੇਗਾ। ਹਾਲਾਂਕਿ, ਅੰਮ੍ਰਿਤਸਰ ਪੂਰਨ ਸ਼ਹਿਰ ਨੂੰ ਪਵਿੱਤਰ ਸ਼ਹਿਰ ਐਲਾਨਦੇ ਤਾਂ ਵਿਵਾਦ ਹੋ ਸਕਦਾ ਸੀ।"
"ਉੱਧਰ ਦੂਜੇ ਪਾਸੇ 2027 ਦੀਆਂ ਚੋਣਾਂ ਵੀ ਨੇੜੇ ਹਨ ਤਾਂ ਅਜਿਹੇ ਵਿੱਚ ਉਨ੍ਹਾਂ ਦਾ ਅਜਿਹਾ ਕਰਨਾ ਇੱਕ ਸਿਆਸੀ ਉਦੇਸ਼ ਵੀ ਹੋ ਸਕਦਾ ਹੈ ਤਾਂ ਜੋ ਜਨਤਾ ਨੂੰ ਖੁਸ਼ ਕੀਤਾ ਜਾ ਸਕੇ। ਪਰ ਭਾਵਨਾਤਮਕ ਮੁੱਦਾ ਪੇਸ਼ ਕੀਤਾ ਹੈ।"

ਪਵਿੱਤਰ ਸ਼ਹਿਰ ਦੇ ਨਿਯਮ
ਪਵਿੱਤਰ ਸ਼ਹਿਰ ਦੇ ਐਲਾਨ ਦੌਰਾਨ ਇਲਾਕੇ ਵਿੱਚ ਹੱਦਾਂ ਤੈਅ ਕਰ ਦਿੱਤੀਆਂ ਜਾਂਦੀਆਂ ਹਨ, ਜਿੱਥੇ ਸਮਾਜਿਕ ਤੌਰ 'ਤੇ ਪਾਬੰਦੀਸ਼ੁਧਾ ਗਤੀਵਿਧੀਆਂ ਦੀ ਸਖ਼ਤੀ ਨਾਲ ਮਨਾਹੀ ਹੁੰਦੀ ਹੈ।
ਡਾ. ਸਰਬਜਿੰਦਰ ਸਿੰਘ ਕਹਿੰਦੇ ਹਨ ਕਿ ਜਦੋਂ ਕਿਸੇ ਸ਼ਹਿਰ ਨੂੰ ਪਵਿੱਤਰ ਸ਼ਹਿਰ ਐਲਾਨ ਦਿੱਤਾ ਜਾਂਦਾ ਹੈ ਤਾਂ ਉਸ ਦੇ ਆਪਣੇ ਨਿਯਮ ਤੈਅ ਕੀਤੇ ਜਾਂਦੇ ਹਨ, ਜੋ ਉਸ ਮਤੇ ਦੀ ਮਾਨਤਾ ਦੇ ਅਨੁਸਾਰ ਹੁੰਦੇ ਹਨ।
ਉਹ ਦੱਸਦੇ ਹਨ, "ਪਵਿੱਤਰ ਸ਼ਹਿਰ ਵਜੋਂ ਐਲਾਨੇ ਗਏ ਇਨ੍ਹਾਂ ਖੇਤਰਾਂ ਵਿੱਚ ਸ਼ਰਾਬ ਨਹੀਂ ਵਿਕੇਗੀ, ਸਿਗਰਟ, ਤੰਬਾਕੂ, ਮਾਸ ਅਤੇ ਹੋਰ ਪਾਬੰਦੀਸ਼ੁਦਾ ਚੀਜ਼ਾਂ ਦੀ ਸਖ਼ਤੀ ਨਾਲ ਮਨਾਹੀ ਹੋਵੇਗੀ। ਇਸੇ ਤਰ੍ਹਾਂ ਅਨੰਦਪੁਰ ਸਾਹਿਬ ਅਤੇ ਤਲਵੰਡੀ ਸਾਬੋ ਵਿੱਚ ਪਾਬੰਦੀਸ਼ੁਦਾ ਚੀਜ਼ਾਂ ਦੀ ਮਨਾਹੀ ਹੋਵੇਗੀ, ਜਦਕਿ ਅੰਮ੍ਰਿਤਸਰ ਦੇ ਗਲਿਆਰੇ ਵਾਲੇ ਖੇਤਰ ਵਿੱਚ ਹੀ ਇਸ ਦੀ ਪਾਲਣਾ ਕੀਤੀ ਜਾਵੇਗੀ ਨਾ ਕਿ ਪੂਰੇ ਸ਼ਹਿਰ ਵਿੱਚ।"
ਇਸੇ ਤਰ੍ਹਾਂ ਜਸਪਾਲ ਸਿੱਧੂ ਵੀ ਕਹਿੰਦੇ ਹਨ ਕਿ ਭਾਵਨਾਤਮਕ ਤੌਰ 'ਤੇ ਇਨ੍ਹਾਂ ਥਾਵਾਂ 'ਤੇ ਪਹਿਲਾਂ ਵੀ ਅਜਿਹੀਆਂ ਪਾਬੰਦੀਸ਼ੁਦਾ ਚੀਜ਼ਾਂ ਦੀ ਮਨਾਹੀ ਸੀ ਪਰ ਇਹ ਅਧਿਕਾਰਤ ਤੌਰ 'ਤੇ ਐਲਾਨ ਕੀਤਾ ਗਿਆ ਹੈ।

ਤਸਵੀਰ ਸਰੋਤ, Getty Images
ਅੰਮ੍ਰਿਤਸਰ ਗਲਿਆਰੇ ਦੀ ਮਹੱਤਤਾ
ਸਚਖੰਡ ਸ੍ਰੀ ਹਰਿਮੰਦਰ ਸਾਹਿਬ ਸਿੱਖ ਧਰਮ ਦਾ ਕੇਂਦਰੀ ਅਸਥਾਨ ਹੈ। ਪੰਜਾਂ ਤਖ਼ਤਾਂ ਵਿੱਚੋਂ ਇੱਕ ਸ੍ਰੀ ਅਕਾਲ ਤਖ਼ਤ, ਜਿਸ ਨੂੰ ਸਿੱਖਾਂ ਦਾ ਸੁਪਰੀਮ ਕੋਰਟ ਵੀ ਕਿਹਾ ਜਾਂਦਾ ਹੈ, ਇੱਥੇ ਹੀ ਸਥਿਤ ਹੈ।
ਪੰਜਾਬ ਸਰਕਾਰ ਦੀ ਵੈਬਸਾਈਟ ਮੁਤਾਬਕ, "ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਨੇ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ, ਬਾਬਾ ਬੁੱਢਾ ਜੀ ਅਤੇ ਹੋਰ ਪ੍ਰਮੁੱਖ ਸਿੱਖਾਂ ਨਾਲ ਸਲਾਹ ਕਰਨ ਉਪਰੰਤ ਸੁਲਤਾਨਵਿੰਡ, ਤੁੰਗ, ਗੁਮਟਾਲਾ ਅਤੇ ਗਿਲਵਾਲੀ ਪਿੰਡਾਂ ਦੇ ਵਿਚਕਾਰ ਨਵਾਂ ਨਗਰ ਵਸਾਉਣ ਦਾ ਫ਼ੈਸਲਾ ਕੀਤਾ। ਇਸ ਤਰ੍ਹਾਂ ਨਵਾਂ ਨਗਰ ਵਸਾਇਆ ਜਿਸ ਨੂੰ ਚੱਕ ਗੁਰੂ, ਗੁਰੂ ਕਾ ਚੱਕ, ਚੱਕ ਰਾਮਦਾਸ ਜਾਂ ਰਾਮਦਾਸਪੁਰਾ ਨਾਵਾਂ ਨਾਲ ਜਾਣਿਆ ਜਾਂਦਾ ਸੀ ਜੋ ਬਾਅਦ ਵਿਚ ਅੰਮ੍ਰਿਤਸਰ ਵਜੋਂ ਪ੍ਰਸਿੱਧ ਹੋਇਆ।"
"ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਪਵਿੱਤਰ ਸਰੋਵਰ ਦੇ ਵਿਚਕਾਰ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਸਥਾਪਨਾ ਕੀਤੀ ਜਿਸਦੀ ਨੀਂਹ 1645 ਬਿਕ੍ਰਮੀ (1588 ਈ.) ਨੂੰ ਰੱਖੀ ਗਈ। ਸ੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਦਾ ਕਾਰਜ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਨਿਗਰਾਨੀ ਹੇਠ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਭਾਈ ਸਾਲੋ ਜੀ ਅਤੇ ਹੋਰ ਮੁਖੀ ਸਿੱਖਾਂ ਦੁਆਰਾ ਕੀਤਾ ਗਿਆ।"
ਵੈੱਬਸਾਈਟ ਮੁਤਾਬਕ, "ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਚਾਰ ਦਰਵਾਜ਼ੇ ਬਣਵਾਏ ਜੋ ਸਮੁੱਚੀ ਮਾਨਵਤਾ ਨੂੰ ਬਰਾਬਰਤਾ ਦਾ ਸੰਦੇਸ਼ ਦ੍ਰਿੜ ਕਰਵਾਉਂਦੇ ਹਨ। ਇਸੇ ਹੀ ਅਸਥਾਨ 'ਤੇ ਸ੍ਰੀ (ਗੁਰੂ) ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਭਾਦੋਂ ਸੁਦੀ ਏਕਮ 1661 ਬਿਕ੍ਰਮੀ (1604 ਈ.) ਨੂੰ ਕੀਤਾ ਗਿਆ ਅਤੇ ਬਾਬਾ ਬੁੱਢਾ ਜੀ ਨੂੰ ਪਹਿਲੇ ਗ੍ਰੰਥੀ ਥਾਪਿਆ ਗਿਆ।"

ਤਸਵੀਰ ਸਰੋਤ, Getty Images
ਅਨੰਦਪੁਰ ਸਾਹਿਬ ਦਾ ਇਤਿਹਾਸ ਅਤੇ ਮਹੱਤਤਾ
ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚ ਵਸੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਅਨੰਦਪੁਰ ਸਾਹਿਬ ਨੂੰ ਖਾਲਸੇ ਦੀ ਜਨਮ ਭੂਮੀ ਵੀ ਕਿਹਾ ਜਾਂਦਾ ਹੈ। ਇਹ ਵੀ ਸਿੱਖਾਂ ਦੇ ਪੰਜਾਂ ਤਖ਼ਤਾਂ ਵਿੱਚ ਇੱਕ ਤਖ਼ਤ ਹੈ।
ਐੱਸਜੀਪੀਸੀ ਦੀ ਅਧਿਕਾਰਤ ਵੈਬਸਾਈਟ ਮੁਤਾਬਕ, ਮਾਖੋਵਾਲ ਦੀ ਧਰਤੀ ਨੂੰ ਖਰੀਦ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ʻ'ਚੱਕ ਨਾਨਕੀ' ਨਾਮ ਰੱਖਿਆ ਸੀ, ਜੋ ਬਾਅਦ ਵਿੱਚ 'ਅਨੰਦਪੁਰ ਸਾਹਿਬ' ਦੇ ਨਾਮ ਨਾਲ ਪ੍ਰਸਿੱਧ ਹੋਇਆ।"
"ਇੱਥੇ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਸੀਸ ਭੇਂਟ ਕਰ, ਪ੍ਰੇਮ ਦੀ ਖੇਡ ਖੇਡੀ ਅਤੇ ਫਿਰ ਆਪ ਪੰਜਾਂ ਪਿਆਰਿਆਂ ਤੋਂ ਖੰਡੇ ਬਾਟੇ ਦੀ ਪਾਹੁਲ ਪ੍ਰਾਪਤ ਕਰ ਕੇ ਖਾਲਸਾ ਸਾਜਿਆ।"

ਤਸਵੀਰ ਸਰੋਤ, Getty Images
ਤਲਵੰਡੀ ਸਾਬੋ ਦਾ ਇਤਿਹਾਸ ਅਤੇ ਮਹੱਤਤਾ
ਪੰਜਾਬ ਦੇ ਜ਼ਿਲ੍ਹਾ ਬਠਿੰਡਾ ਵਿੱਚ ਦਮਦਮਾ ਸਾਹਿਬ, ਤਲਵੰਡੀ ਸਾਬੋ ਸਿੱਖਾਂ ਦੇ ਦਸਵੇ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਸਬੰਧਤ ਧਾਰਮਿਕ ਅਸਥਾਨ ਹੈ।
ਇਹ ਸਿੱਖਾਂ ਦੇ ਪੰਜਾਂ ਤਖ਼ਤਾਂ ਵਿੱਚੋਂ ਇੱਕ ਤਖ਼ਤ ਵੀ ਹੈ। ਪੰਜਾਬ ਸਰਕਾਰ ਦੀ ਵੈੱਬਸਾਈਟ ਮੁਤਾਬਕ, "ਇਸ ਸਥਾਨ ਨੂੰ ਸਿੱਖਾਂ ਦੀ ਕਾਸ਼ੀ ਵੀ ਕਿਹਾ ਜਾਂਦਾ ਹੈ। ਸਿੱਖ ਦਾ ਪ੍ਰੇਮ ਦੇਖਕੇ ਗੁਰੂ ਗੋਬਿੰਦ ਸਿੰਘ ਜੀ ਨੇ ਇੱਥੇ ਕਰੀਬ ਸਾਢੇ ਨੌ ਮਹੀਨੇ ਨਿਵਾਸ ਕੀਤਾ। ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਕੌਰ ਜੀ ਭਾਈ ਮਨੀ ਸਿੰਘ ਜੀ ਨੂੰ ਨਾਲ ਲੈ ਕੇ ਇਸ ਥਾਂ ਦਿੱਲੀ ਤੋਂ ਦਰਸ਼ਨ ਕਰਨ ਲਈ ਇਸ ਸਥਾਨ ਉੱਤੇ ਆਏ।"
"ਦਸ਼ਮੇਸ਼ ਪਿਤਾ ਨੇ ਇਸੇ ਥਾਂ ਆਤਮਿਕ ਸ਼ਕਤੀ ਨਾਲ ਆਪਣੇ ਅਨੁਭਵ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਪੂਰਨ ਪਾਠ ਲਿਖਵਾਇਆ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












