ਗੁਰੂ ਤੇਗ਼ ਬਹਾਦਰ ਨਾਲ ਜੁੜੀਆਂ 5 ਅਹਿਮ ਥਾਵਾਂ

ਗੁਰਦੁਆਰਾ ਸੀਸ ਗੰਜ ਸਾਹਿਬ
ਤਸਵੀਰ ਕੈਪਸ਼ਨ, ਆਨੰਦਪੁਰ ਵਿੱਚ ਜਿਸ ਥਾਂ ਉੱਤੇ ਗੁਰੂ ਤੇਗ਼ ਬਹਾਦਰ ਦੇ ਸੀਸ ਦਾ ਸਸਕਾਰ ਕੀਤਾ ਗਿਆ ਉੱਥੇ ਗੁਰਦੁਆਰਾ ਸੀਸ ਗੰਜ ਹੈ
    • ਲੇਖਕ, ਨਵਜੋਤ ਕੌਰ
    • ਰੋਲ, ਬੀਬੀਸੀ ਪੱਤਰਕਾਰ

ਇਸ ਸਾਲ ਪੂਰੇ ਦੇਸ਼ ਵਿੱਚ ਸਿੱਖਾਂ ਦੇ ਨੌਵੇਂ ਗੁਰੂ, ਗੁਰੂ ਤੇਗ ਬਹਾਦਰ ਦਾ 350ਵਾਂ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ।

ਕੇਂਦਰ ਸਰਕਾਰ, ਪੰਜਾਬ ਸਰਕਾਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਦਿੱਲੀ ਅਤੇ ਆਨੰਦਪੁਰ ਸਾਹਿਬ ਵਿੱਚ ਵੱਖ-ਵੱਖ ਸ਼ਹੀਦੀ ਸਮਾਗਮ ਕਰਵਾਏ ਜਾ ਰਹੇ ਹਨ।

ਸਿੱਖ ਇਤਿਹਾਸ ਮੁਤਾਬਕ, ਗੁਰੂ ਤੇਗ ਬਹਾਦਰ ਨੇ ਕਸ਼ਮੀਰ ਦੇ ਪੰਡਤਾਂ ਦੇ ਮਨੁੱਖੀ ਅਧਿਕਾਰਾਂ ਲਈ 'ਸ਼ਹਾਦਤ' ਦਿੱਤੀ ਜਿਨ੍ਹਾਂ ਨੂੰ ਮੁਗਲ ਬਾਦਸ਼ਾਹ ਔਰੰਗਜ਼ੇਬ ਦੀ ਹਕੂਮਤ ਵੱਲੋਂ ਜਬਰੀ ਇਸਲਾਮ ਕਬੂਲਣ ਲਈ ਮਜਬੂਰ ਕੀਤਾ ਜਾ ਰਿਹਾ ਸੀ।

ਕੌਣ ਸਨ ਗੁਰੂ ਤੇਗ ਬਹਾਦਰ?

ਵੀਡੀਓ ਕੈਪਸ਼ਨ, ਗੁਰੂ ਤੇਗ ਬਹਾਦੁਰ ਜੀ ਦੀ ਸ਼ਹਾਦਤ ਦਾ ਬਿਰਤਾਂਤ ਤੇ ਇਸ ਨਾਲ ਜੁੜੀਆਂ 5 ਅਹਿਮ ਥਾਵਾਂ

ਗੁਰੂ ਤੇਗ ਬਹਾਦਰ ਸਿੱਖਾਂ ਦੇ ਨੌਵੇਂ ਗੁਰੂ ਸਨ। ਉਨ੍ਹਾਂ ਦਾ ਜਨਮ 1621 ਈ. ਨੂੰ ਸਿੱਖਾਂ ਦੇ ਛੇਵੇਂ ਗੁਰੂ, ਗੁਰੂ ਹਰਗੋਬਿੰਦ ਸਾਹਿਬ ਦੇ ਘਰ, ਗੁਰੂ ਕੇ ਮਹਿਲ ਅੰਮ੍ਰਿਤਸਰ ਵਿੱਚ ਹੋਇਆ ਸੀ। ਉਨ੍ਹਾਂ ਦੀ ਮਾਤਾ ਦਾ ਨਾਮ ਨਾਨਕੀ ਸੀ।

ਗੁਰੂ ਤੇਗ ਬਹਾਦਰ ਦਾ ਪਹਿਲਾ ਨਾਮ ਤਿਆਗ ਮੱਲ ਸੀ। ਪਰ ਜਦੋਂ ਉਨ੍ਹਾਂ ਨੇ ਮੁਗ਼ਲਾਂ ਦੇ ਨਾਲ ਕਰਤਾਰਪੁਰ ਦੀ ਜੰਗ ਵਿੱਚ ਪਿਤਾ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਾਹਮਣੇ ਤੇਗ (ਕਿਰਪਾਨ) ਦੇ ਜੌਹਰ ਦਿਖਾਏ ਤਾਂ ਉਸ ਤੋਂ ਬਾਅਦ ਉਨ੍ਹਾਂ ਨੂੰ ਤਿਆਗ ਮਲ ਦੀ ਬਜਾਇ ਤੇਗ ਬਹਾਦਰ ਵਜੋਂ ਜਾਣਿਆ ਜਾਣ ਲੱਗਿਆ।

ਗੁਰੂ ਤੇਗ ਬਹਾਦਰ ਦਾ ਵਿਆਹ, ਜਲੰਧਰ ਨੇੜਲੇ ਕਰਤਾਰਪੁਰ ਵਾਸੀ ਭਾਈ ਲਾਲ ਚੰਦ ਤੇ ਮਾਤਾ ਬਿਸ਼ਨ ਕੌਰ ਦੀ ਧੀ ਬੀਬੀ ਗੁਜਰੀ ਜੀ ਦੇ ਨਾਲ 1632 ਈਸਵੀ ਨੂੰ ਹੋਇਆ ਸੀ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪੁਸਤਕ 'ਸਿੱਖ ਇਤਿਹਾਸ' ਮੁਤਾਬਕ, ''ਸਿੱਖਾਂ ਦੇ ਅੱਠਵੇਂ ਗੁਰੂ, ਗੁਰੂ ਹਰਿਕ੍ਰਿਸ਼ਨ ਦੇ ਜੋਤੀ ਜੋਤਿ ਸਮਾਉਣ ਤੋਂ ਬਾਅਦ 1665 ਈਸਵੀ ਨੂੰ ਗੁਰੂ ਤੇਗ ਬਹਾਦਰ ਸਾਹਿਬ ਅੰਮ੍ਰਿਤਸਰ ਨੇੜੇ ਕਸਬਾ ਬਕਾਲਾ ਵਿਖੇ ਗੁਰਤਾਗੱਦੀ 'ਤੇ ਬਿਰਾਜਮਾਨ ਹੋਏ ਅਤੇ ਸਿੱਖਾਂ ਦੇ ਨੌਵੇਂ ਗੁਰੂ ਬਣੇ।''

ਗੁਰੂ ਤੇਗ ਬਹਾਦਰ ਅਤੇ ਮਾਤਾ ਗੁਜਰੀ ਦੀ ਕੁੱਖੋਂ 1666 ਈਸਵੀ ਨੂੰ ਗੋਬਿੰਦ ਰਾਏ ਦਾ ਜਨਮ ਹੋਇਆ ਜੋ ਬਾਅਦ ਵਿੱਚ ਸਿੱਖਾਂ ਦੇ ਦਸਵੇਂ ਗੁਰੂ ਬਣੇ।

ਦਿੱਲੀ ਤੋਂ ਇਲਾਵਾ ਪੰਜਾਬ ਦੇ ਆਨੰਦਪੁਰ ਸਾਹਿਬ ਵਿੱਚ ਵੀ ਕਈ ਅਜਿਹੀਆਂ ਥਾਵਾਂ ਹਨ ਜੋ ਗੁਰੂ ਤੇਗ ਬਹਾਦਰ ਦੀ ਸ਼ਹੀਦੀ ਨਾਲ ਸੰਬੰਧਿਤ ਹਨ।

ਗੁਰੂ ਤੇਗ ਬਹਾਦਰ ਜੀ ਦੇ 350ਸਾਲਾ ਸ਼ਹੀਦੀ ਦਿਹਾੜੇ ਮੌਕੇ ਇਸ ਰਿਪੋਰਟ ਵਿੱਚ ਅਸੀਂ ਤੁਹਾਨੂੰ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦੇ ਪੂਰੇ ਬਿਰਤਾਂਤ ਨੂੰ ਉਨ੍ਹਾਂ ਥਾਵਾਂ ਦੇ ਇਤਿਹਾਸ ਨਾਲ ਜੋੜ ਕੇ ਦੱਸਾਂਗੇ ਜੋ ਉਨ੍ਹਾਂ ਦੀ ਸ਼ਹਾਦਤ ਨਾਲ ਸਬੰਧਤ ਹਨ।

ਗੁਰਦੁਆਰਾ ਥੜ੍ਹਾ ਸਾਹਿਬ

ਗੁਰਦੁਆਰਾ ਥੜ੍ਹਾ ਸਾਹਿਬ
ਤਸਵੀਰ ਕੈਪਸ਼ਨ, ਗੁਰਦੁਆਰਾ ਥੜ੍ਹਾ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਕੁਝ ਹੀ ਦੂਰੀ ਉੱਤੇ ਸਥਿਤ ਗੁਰਦੁਆਰਾ ਗੁਰੂ ਕੇ ਮਹਿਲ ਦੇ ਅੰਦਰ ਬਣਿਆ ਹੋਇਆ ਹੈ

ਅਨੰਦਪੁਰ ਸਾਹਿਬ ਵਿੱਚ ਸਥਿਤ ਹੈ ਗੁਰਦੁਆਰਾ ਥੜ੍ਹਾ ਸਾਹਿਬ। ਗੁਰਦੁਆਰਾ ਥੜ੍ਹਾ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਕੁਝ ਹੀ ਦੂਰੀ ਉੱਤੇ ਸਥਿਤ ਗੁਰਦੁਆਰਾ ਗੁਰੂ ਕੇ ਮਹਿਲ ਦੇ ਅੰਦਰ ਬਣਿਆ ਹੋਇਆ ਹੈ।

ਗੁਰਦੁਆਰਾ ਗੁਰੂ ਕੇ ਮਹਿਲ ਉਹ ਥਾਂ ਹੈ ਜਿੱਥੇ ਗੁਰੂ ਤੇਗ ਬਹਾਦਰ ਆਪਣੇ ਪਰਿਵਾਰ ਅਤੇ ਪੁੱਤ ਗੋਬਿੰਦ ਰਾਏ ਨਾਲ ਰਹਿੰਦੇ ਸਨ।

ਇੱਥੇ ਹੀ ਗੁਰੂ ਗੋਬਿੰਦ ਸਿੰਘ ਦੇ ਤਿੰਨ ਛੋਟੇ ਪੁੱਤਾਂ ਸਾਹਿਬਜ਼ਾਦਾ ਜੁਝਾਰ ਸਿੰਘ, ਸਾਹਿਬਜ਼ਾਦਾ ਜ਼ੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫਤਿਹ ਸਿੰਘ ਦਾ ਜਨਮ ਹੋਇਆ ਸੀ।

ਇਸੇ ਗੁਰਦੁਆਰਾ ਸਾਹਿਬ ਦੇ ਅੰਦਰ ਮੌਜੂਦ ਹੈ ਗੁਰਦੁਆਰਾ ਥੜਾ ਸਾਹਿਬ। ਉਹ ਥਾਂ ਜਿੱਥੇ ਗੁਰੂ ਤੇਗ ਬਹਾਦਰ ਜੀ ਥੜੇ ਉੱਤੇ ਬੈਠ ਕੇ ਸੰਗਤਾਂ ਨੂੰ ਮਿਲਦੇ ਸਨ।

ਇਸੇ ਸਥਾਨ ਉੱਤੇ 25 ਮਈ, 1675 ਨੂੰ ਜਦੋਂ ਗੁਰੂ ਤੇਗ ਬਹਾਦਰ ਆਨੰਦਪੁਰ ਸਾਹਿਬ ਵਿਖੇ ਇੱਕ ਸੰਗਤ 'ਚ ਬੈਠੇ ਸਨ ਤਾਂ ਕਸ਼ਮੀਰ ਤੋਂ ਕੁਝ ਲੋਕਾਂ ਦਾ ਇੱਕ ਜੱਥਾ ਉਨ੍ਹਾਂ ਨੂੰ ਮਿਲਣ ਲਈ ਆਇਆ। ਉਸ ਜੱਥੇ ਦੀ ਅਗਵਾਈ ਪੰਡਿਤ ਕਿਰਪਾ ਰਾਮ ਕਰ ਰਹੇ ਸਨ।

ਥੜ੍ਹਾ ਸਾਹਿਬ ਦੇ ਸਥਾਨ ਉੱਤੇ ਹੀ ਉਨ੍ਹਾਂ ਨੇ ਹੱਥ ਜੋੜ ਕੇ ਗੁਰੂ ਤੇਗ਼ ਬਹਾਦਰ ਨੂੰ ਕਿਹਾ ਕਿ ਹਜ਼ਾਰਾਂ ਸਾਲਾਂ ਤੋਂ ਚਲਦੇ ਆ ਰਹੇ, ਉਨ੍ਹਾਂ ਦੇ ਪੁਰਖਿਆਂ ਦਾ ਧਰਮ ਹੁਣ ਖ਼ਤਰੇ 'ਚ ਹੈ।

ਔਰੰਗਜ਼ੇਬ ਦੀ ਨੁਮਾਇੰਦਗੀ ਕਰ ਰਹੇ ਕਸ਼ਮੀਰ ਦੇ ਗਵਰਨਰ ਇਫ਼ਤੇਖ਼ਾਰ ਖ਼ਾਨ ਨੇ ਹੁਕਮ ਦਿੱਤਾ ਹੈ ਕਿ ਉਹ ਇਸਲਾਮ ਧਰਮ ਕਬੂਲ ਕਰ ਲੈਣ ਨਹੀਂ ਤਾਂ ਉਨ੍ਹਾਂ ਨੂੰ ਮਾਰ ਦਿੱਤਾ ਜਾਵੇਗਾ।

ਪ੍ਰੋਫ਼ੈਸਰ ਰਵਿੰਦਰ ਸਿੰਘ

ਗੁਰੂ ਤੇਗ਼ ਬਹਾਦਰ ਨੇ ਕਿਰਪਾ ਰਾਮ ਦੀ ਗੁਹਾਰ ਦਾ ਜਵਾਬ ਤੁਰੰਤ ਨਾ ਦਿੱਤਾ ਪਰ ਉਨ੍ਹਾਂ ਦੀ ਦੁਰਦਸ਼ਾ ਸੁਣ ਕੇ ਉਨ੍ਹਾਂ ਦਾ ਦਿਲ ਪਸੀਜ ਜ਼ਰੂਰ ਗਿਆ ਸੀ।

ਹਰੀ ਰਾਮ ਗੁਪਤ ਗੁਰੂ ਤੇਗ ਬਹਾਦਰ ਦੀ ਜੀਵਨੀ ਬਾਰੇ ਲਿਖਦੇ ਹਨ, "ਗੁਰੂ ਜੀ ਨੇ ਕਸ਼ਮੀਰ ਤੋਂ ਆਏ ਬ੍ਰਾਹਮਣਾਂ ਨੂੰ ਕਿਹਾ ਕਿ ਉਹ ਬਾਦਸ਼ਾਹ ਦੇ ਨੁਮਾਇੰਦਿਆਂ ਨੂੰ ਕਹਿਣ ਕਿ ਜੇਕਰ ਗੁਰੂ ਤੇਗ ਬਹਾਦਰ ਇਸਲਾਮ ਕਬੂਲ ਕਰ ਲੈਣਗੇ ਤਾਂ ਉਹ ਵੀ ਆਪਣਾ ਧਰਮ ਬਦਲ ਲੈਣਗੇ।"

ਗੁਰੂ ਤੇਗ ਬਹਾਦਰ ਖਾਲਸਾ ਕਾਲਜ ਆਨੰਦਪੁਰ ਸਾਹਿਬ ਵਿੱਚ ਇਤਿਹਾਸ ਦੇ ਅਸਿਸਟੈਂਟ ਪ੍ਰੋਫੈਸਰ ਰਵਿੰਦਰ ਸਿੰਘ ਕਹਿੰਦੇ ਹਨ, "ਗੁਰਦੁਆਰਾ ਗੁਰੂ ਕੇ ਮਹਿਲ ਵਿੱਚ ਬਣਿਆ ਇਹ ਥੜ੍ਹਾ ਉਹ ਥੜ੍ਹਾ ਹੀ ਹੈ ਜਿੱਥੋਂ ਗੁਰੂ ਤੇਗ ਬਹਾਦਰ ਜੀ ਨੇ ਕਸ਼ਮੀਰੀ ਪੰਡਤਾਂ ਨੂੰ ਉਨ੍ਹਾਂ ਦਾ ਧਰਮ ਬਚਾਉਣ ਦਾ ਬਚਨ ਦਿੱਤਾ ਤੇ ਬਾਲ ਗੋਬਿੰਦ ਰਾਏ ਨੂੰ ਅਗਲਾ ਗੁਰੂ ਐਲਾਨ ਦਿੱਤਾ।"

"ਇੱਥੋਂ ਹੀ ਗੁਰੂ ਤੇਗ ਬਹਾਦਰ ਦਿੱਲੀ ਵੱਲ ਨੂੰ ਚੱਲ ਪਏ। ਇਸੇ ਥਾਂ ਉੱਤੇ ਹੁਣ ਗੁਰਦੁਆਰਾ ਥੜਾ ਸਾਹਿਬ ਬਣਿਆ ਹੋਇਆ ਹੈ।"

ਔਰੰਗਜ਼ੇਬ ਨੇ ਹੁਕਮ ਦਿੱਤਾ ਕਿ ਗੁਰੂ ਜੀ ਨੂੰ ਦਿੱਲੀ ਵਿਖੇ ਉਨ੍ਹਾਂ ਅੱਗੇ ਪੇਸ਼ ਕੀਤਾ ਜਾਵੇ ਅਤੇ ਨਾਲ ਹੀ ਉਨ੍ਹਾਂ ਨੂੰ ਇਸਲਾਮ ਕਬੂਲ ਕਰਨ ਲਈ ਮਜਬੂਰ ਕੀਤਾ ਜਾਵੇ।

ਜੇਕਰ ਉਹ ਅਜਿਹਾ ਨਾ ਕਰਨ ਤਾਂ ਉਨ੍ਹਾਂ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਵੇਗਾ।

11 ਜੁਲਾਈ, 1675 ਨੂੰ ਗੁਰੂ ਤੇਗ਼ ਬਹਾਦਰ ਆਪਣੇ ਪੰਜ ਪੈਰੋਕਾਰਾਂ ਭਾਈ ਮਤੀ ਦਾਸ, ਉਨ੍ਹਾਂ ਦੇ ਛੋਟੇ ਭਰਾ ਸਤੀ ਦਾਸ, ਭਾਈ ਦਿਆਲਾ, ਭਾਈ ਜੈਤਾ ਅਤੇ ਭਾਈ ਉਦੈ ਨਾਲ ਦਿੱਲੀ ਵੱਲ ਨੂੰ ਰਵਾਨਾ ਹੋਏ।

ਥੋੜੀ ਦੂਰ ਤੱਕ ਜਾਣ ਤੋਂ ਬਾਅਦ ਉਨ੍ਹਾਂ ਨੇ ਅੱਗੇ ਦੀ ਥੋਹ-ਖ਼ਬਰ ਲੈਣ ਲਈ ਭਾਈ ਉਦੈ ਅਤੇ ਭਾਈ ਜੈਤਾ ਜੀ ਨੂੰ ਦਿੱਲੀ ਲਈ ਰਵਾਨਾ ਕੀਤਾ।

ਗੁਰਦੁਆਰਾ ਸੀਸ ਗੰਜ ਸਾਹਿਬ ਤੇ ਰਕਾਬ ਗੰਜ ਸਾਹਿਬ (ਦਿੱਲੀ)

ਗੁਰਦੁਆਰਾ ਸੀਸ ਗੰਜ ਸਾਹਿਬ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 1 ਨਵੰਬਰ ਸੰਨ 1675 ਨੂੰ ਦਿੱਲੀ ਦੇ ਚਾਂਦਨੀ ਚੌਂਕ ਵਿਖੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕਰ ਦਿੱਤਾ, ਉਸ ਥਾਂ 'ਤੇ ਬਾਅਦ 'ਚ ਗੁਰਦੁਆਰਾ ਸੀਸ ਗੰਜ ਸਾਹਿਬ ਬਣਾਇਆ ਗਿਆ

ਪ੍ਰੋਫ਼ੈਸਰ ਰਵਿੰਦਰ ਸਿੰਘ ਦੱਸਦੇ ਹਨ ਕਿ ਗੁਰੂ ਤੇਗ ਬਹਾਦਰ ਹਾਲੇ ਆਨੰਦਪੁਰ ਸਾਹਿਬ ਤੋਂ ਨਿਕਲ ਕੇ ਰੋਪੜ ਨੇੜੇ ਮਲਕਪੁਰ ਰੰਗੜਾਂ ਨਾਮੀ ਪਿੰਡ ਵਿੱਚ ਪਹੁੰਚੇ ਸਨ ਜਦੋਂ ਮੁਗਲ ਹਕੂਮਤ ਦੇ ਸਿਪਾਹੀਆਂ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ।

ਉਹ ਦੱਸਦੇ ਹਨ ਕਿ ਗ੍ਰਿਫ਼ਤਾਰੀ ਮਗਰੋਂ ਗੁਰੂ ਤੇਗ਼ ਬਹਾਦਰ ਨੂੰ ਸਰਹਿੰਦ ਹਵਾਲਾਤ ਭੇਜ ਦਿੱਤਾ ਗਿਆ ਜਿੱਥੇ ਉਨ੍ਹਾਂ ਨੂੰ ਤਕਰੀਬਨ ਤਿੰਨ ਮਹੀਨੇ ਕੈਦ ਵਿੱਚ ਰੱਖਿਆ ਗਿਆ।

ਉਸ ਤੋਂ ਬਾਅਦ ਉਨ੍ਹਾਂ ਸਾਰਿਆਂ ਨੂੰ ਦਿੱਲੀ ਦੇ ਚਾਂਦਨੀ ਚੌਂਕ ਥਾਣੇ 'ਚ ਭੇਜ ਦਿੱਤਾ ਗਿਆ।

ਇੰਨ੍ਹਾਂ ਚਾਰ ਮਹੀਨਿਆਂ ਦੀ ਕੈਦ ਦੌਰਾਨ ਗੁਰੂ ਤੇਗ਼ ਬਹਾਦਰ ਅਤੇ ਉਨ੍ਹਾਂ ਦੇ ਤਿੰਨੇ ਸਾਥੀਆਂ ਨੂੰ ਬਹੁਤ ਸਾਰੇ ਤਸੀਹੇ ਦਿੱਤੇ ਗਏ।

ਦਿੱਲੀ ਦੇ ਚਾਂਦਨੀ ਚੌਕ ਵਿਖੇ ਪਹਿਲਾਂ ਉਨ੍ਹਾਂ ਦੇ ਸਾਥੀ ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ।

ਇਸ ਮਗਰੋਂ 11 ਨਵੰਬਰ ਸੰਨ 1675 ਨੂੰ ਦਿੱਲੀ ਦੇ ਚਾਂਦਨੀ ਚੌਂਕ ਵਿਖੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੋਈ ਸੀ, ਉਸ ਥਾਂ 'ਤੇ ਬਾਅਦ 'ਚ ਗੁਰਦੁਆਰਾ ਸੀਸ ਗੰਜ ਸਾਹਿਬ ਬਣਾਇਆ ਗਿਆ।

ਗੁਰੂ ਤੇਗ਼ ਬਹਾਦਰ ਦੇ ਪੈਰੋਕਾਰ ਭਾਈ ਜੈਤਾ ਦਾਸ ਨੇ ਉਨ੍ਹਾਂ ਦੇ ਕੱਟੇ ਹੋਏ ਸੀਸ ਨੂੰ ਲੈ ਕੇ ਦਿੱਲੀ ਤੋਂ 340 ਕਿਲੋਮੀਟਰ ਦੂਰ ਆਨੰਦਪੁਰ ਸਾਹਿਬ ਲਈ ਰਵਾਨਾ ਹੋ ਗਏ।

ਇੱਕ ਹੋਰ ਵਿਅਕਤੀ ਲੱਖੀ ਸ਼ਾਹ ਨੇ ਕੋਤਵਾਲੀ ਤੋਂ 8 ਕਿਲੋਮੀਟਰ ਦੂਰ ਰਕਾਬ ਗੰਜ ਵਿਖੇ ਗੁਰੂ ਤੇਗ਼ ਬਹਾਦਰ ਦੀ ਮ੍ਰਿਤਕ ਦੇਹ ਦਾ ਸਸਕਾਰ ਕੀਤਾ।

ਉਨ੍ਹਾਂ ਦੀ ਯਾਦ 'ਚ ਇੱਥੇ ਗੁਰਦੁਆਰਾ ਰਕਾਬ ਗੰਜ ਸਾਹਿਬ ਬਣਾਇਆ ਗਿਆ ਹੈ।

ਗੁਰਦੁਆਰਾ ਬਿਬਾਨਗੜ੍ਹ ਸਾਹਿਬ, ਕੀਰਤਪੁਰ ਸਾਹਿਬ

ਬਿਬਾਨਗੜ੍ਹ ਬਣਿਆ ਹੋਇਆ ਹੈ
ਤਸਵੀਰ ਕੈਪਸ਼ਨ, ਭਾਈ ਜੈਤਾ ਨੇ ਬਾਲ ਗੁਰੂ ਗੋਬਿੰਦ ਰਾਏ ਨੂੰ ਗੁਰੂ ਸਾਹਿਬ ਦਾ ਸੀਸ ਸੌਂਪਿਆ ਉਸ ਥਾਂ ਹੁਣ ਗੁਰਦੁਆਰਾ ਬਿਬਾਨਗੜ੍ਹ ਬਣਿਆ ਹੋਇਆ ਹੈ

ਪ੍ਰੋਫ਼ੈਸਰ ਰਵਿੰਦਰ ਦੱਸਦੇ ਹਨ, "ਗੁਰੂ ਤੇਗ ਬਹਾਦਰ ਜੀ ਦੇ ਧੜ ਦਾ ਸਸਕਾਰ ਤਾਂ ਹੋ ਗਿਆ ਸੀ ਪਰ ਸੀਸ ਨੂੰ ਸੰਭਾਲ ਕੇ ਆਨੰਦਪੁਰ ਸਾਹਿਬ ਪਹੁੰਚਾਉਣ ਦੀ ਜ਼ਿੰਮੇਵਾਰੀ ਭਾਈ ਜੈਤਾ ਨੇ ਲਈ। ਭਾਈ ਜੈਤਾ ਦਿੱਲੀ ਤੋਂ ਸੀਸ ਨੂੰ ਲੁਕੋ ਕੇ ਵੱਖ-ਵੱਖ ਥਾਵਾਂ ਤੋਂ ਹੁੰਦੇ ਹੋਏ ਕੀਰਤਪੁਰ ਸਾਹਿਬ ਪਹੁੰਚੇ।

ਪ੍ਰੋ. ਰਵਿੰਦਰ ਕਹਿੰਦੇ ਹਨ, "ਜਦੋਂ ਭਾਈ ਜੈਤਾ ਕੀਰਤਪੁਰ ਸਾਹਿਬ ਪਹੁੰਚ ਗਏ ਤਾਂ ਬਾਲ ਗੁਰੂ ਗੋਬਿੰਦ ਰਾਏ, ਮਾਤਾ ਗੁਜਰੀ ਅਤੇ ਮਾਤਾ ਨਾਨਕੀ ਨਾਲ ਆਪ ਚੱਲ ਕੇ ਕੀਰਤਪੁਰ ਸਾਹਿਬ ਗਏ। ਉੱਥੇ ਭਾਈ ਜੈਤਾ ਨੇ ਬਾਲ ਗੁਰੂ ਗੋਬਿੰਦ ਰਾਏ ਨੂੰ ਗੁਰੂ ਸਾਹਿਬ ਦਾ ਸੀਸ ਸੌਂਪਿਆ। ਬਾਲ ਗੁਰੂ ਗੋਬਿੰਦ ਰਾਏ ਨੇ ਭਾਈ ਜੈਤਾ ਨੂੰ ਸੀਨੇ ਨਾਲ ਲਾਇਆ ਅਤੇ "ਰੰਘਰੇਟਾ ਗੁਰੂ ਕਾ ਬੇਟਾ' ਕਹਿ ਕੇ ਨਿਵਾਜਿਆ।

ਇਸੇ ਥਾਂ ਉੱਤੇ ਹੁਣ ਗੁਰਦੁਆਰਾ ਬਿਬਾਨਗੜ੍ਹ ਸਾਹਿਬ ਬਣਿਆ ਹੋਇਆ ਹੈ।

ਗੁਰਦੁਆਰਾ ਸੀਸ ਗੰਜ ਸਾਹਿਬ (ਆਨੰਦਪੁਰ ਸਾਹਿਬ)

ਗੁਰਦੁਆਰਾ ਸੀਸ ਗੰਜ ਸਾਹਿਬ (ਆਨੰਦਪੁਰ ਸਾਹਿਬ)
ਤਸਵੀਰ ਕੈਪਸ਼ਨ, ਗੁਰੂ ਗੋਬਿੰਦ ਸਿੰਘ ਨੇ ਆਪਣੇ ਘਰ ਦੇ ਸਾਹਮਣੇ ਹੀ ਗੁਰੂ ਤੇਗ ਬਹਾਦਰ ਜੀ ਦੇ ਸੀਸ ਦਾ ਸਸਕਾਰ ਕੀਤਾ ਸੀ

ਪ੍ਰੋ. ਰਵਿੰਦਰ ਮੁਤਾਬਕ ਬਾਲ ਗੁਰੂ ਗੋਬਿੰਦ ਰਾਏ, ਆਪਣੇ ਪਿਤਾ ਦਾ ਸੀਸ ਲੈ ਕੇ ਮਾਤਾ ਗੁਜਰੀ ਅਤੇ ਬਾਕੀ ਸੰਗਤਾਂ ਨਾਲ ਕੀਰਤਪੁਰ ਤੋਂ ਚਲ ਕੇ ਆਨੰਦਪੁਰ ਸਾਹਿਬ ਆਪਣੇ ਘਰ ਪਹੁੰਚੇ।

ਗੁਰੂ ਗੋਬਿੰਦ ਸਿੰਘ ਨੇ ਆਪਣੇ ਘਰ ਦੇ ਸਾਹਮਣੇ ਹੀ ਗੁਰੂ ਤੇਗ ਬਹਾਦਰ ਜੀ ਦੇ ਸੀਸ ਦਾ ਸਸਕਾਰ ਕੀਤਾ ਸੀ। ਜਿੱਥੇ ਹੁਣ ਗੁਰਦੁਆਰਾ ਸੀਸ ਗੰਜ ਸਾਹਿਬ ਬਣਿਆ ਹੋਇਆ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)