ਉਹ ਦਿਖਾਈ ਦੇ ਰਹੀ ਸੀ, ਚੀਕ ਰਹੀ ਸੀ, ਪਰ ਫਿਰ ਵੀ ਜਵਾਲਾਮੁਖੀ ਨੇੜੇ ਡਿੱਗੀ ਮਹਿਲਾ ਨੂੰ ਕਿਉਂ ਨਹੀਂ ਬਚਾਇਆ ਜਾ ਸਕਿਆ

ਤਸਵੀਰ ਸਰੋਤ, FAMILY HANDOUT
- ਲੇਖਕ, ਫਲੋਰਾ ਡਰੂਰੀ ਅਤੇ ਰੇਚੇਲ ਹੇਗਨ
- ਰੋਲ, ਬੀਬੀਸੀ ਪੱਤਰਕਾਰ
ਇੰਡੋਨੇਸ਼ੀਆ ਦੇ ਮਾਊਂਟ ਰਿੰਜਾਨੀ ਜਵਾਲਾਮੁਖੀ ਵਿੱਚ ਡਿੱਗਣ ਨਾਲ ਇੱਕ ਨੌਜਵਾਨ ਬ੍ਰਾਜ਼ੀਲੀ ਮਹਿਲਾ ਦੀ ਮੌਤ ਹੋ ਗਈ ਹੈ। ਉਹ ਉੱਥੇ ਸੈਰ-ਸਪਾਟੇ ਲਈ ਗਏ ਸਨ।
ਇਲਾਕੇ ਵਿੱਚ ਹਾਈਕਿੰਗ ਕਰ ਰਹੇ ਜੂਲੀਆਨਾ ਮਾਰਿਨਜ਼, ਸ਼ਨੀਵਾਰ (21 ਜੂਨ) ਨੂੰ ਬ੍ਰਾਜ਼ੀਲ ਦੇ ਸਮੇਂ ਅਨੁਸਾਰ ਸਵੇਰੇ 6:30 ਵਜੇ ਲਾਪਤਾ ਹੋ ਗਏ। ਜੂਲੀਆਨਾ, ਜੋ ਰਿੰਜਾਨੀ ਪਹਾੜ 'ਤੇ ਹਾਈਕਿੰਗ ਕਰ ਰਹੇ ਸਨ, ਜਦੋਂ ਪਹਿਲੀ ਵਾਰ ਡਿੱਗੇ ਤਾਂ ਬਚ ਗਏ, ਹਾਲਾਂਕਿ ਬਚਾਅ ਕਰਮਚਾਰੀ ਫਿਰ ਵੀ ਉਨ੍ਹਾਂ ਨੂੰ ਬਚਾਉਣ ਵਿੱਚ ਨਾਕਾਮ ਰਹੇ।
ਮਾਊਂਟ ਰਿੰਜਾਨੀ ਸੇਂਚੁਰੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਉਹ ਮਦਦ ਲਈ ਪੁਕਾਰ ਰਹੇ ਸਨ ਤਾਂ ਉਨ੍ਹਾਂ ਨੇ ਜੂਲੀਆਨਾ ਦੀਆਂ ਚੀਕਾਂ ਸੁਣੀਆਂ ਸਨ। ਅਧਿਕਾਰੀਆਂ ਅਨੁਸਾਰ ਜਦੋਂ ਉਹ ਡਿੱਗੇ, ਤਾਂ ਉਹ ਸਦਮੇ ਵਿੱਚ ਸਨ ਪਰ ਉਸ ਵੇਲੇ ਉਹ ਸੁਰੱਖਿਅਤ ਸੀ।
ਇੰਡੋਨੇਸ਼ੀਆਈ ਅਧਿਕਾਰੀਆਂ ਨੇ ਕਿਹਾ ਕਿ ਜਿਸ ਥਾਂ ਉਹ ਚੱਟਾਨ ਤੋਂ ਡਿੱਗੇ, ਉੱਥੇ ਸੰਘਣੀ ਧੁੰਦ ਅਤੇ ਮਾੜੇ ਮੌਸਮ ਕਾਰਨ ਉਨ੍ਹਾਂ ਨੂੰ ਬਚਾਉਣਾ ਸੰਭਵ ਨਹੀਂ ਹੋ ਸਕਿਆ।
'ਡਿੱਗਣ ਤੋਂ ਬਾਅਦ ਵੀ ਉਹ ਜ਼ਿੰਦਾ ਸੀ'

ਤਸਵੀਰ ਸਰੋਤ, ULET IFANSASTI/GETTY IMAGES
ਉਨ੍ਹਾਂ ਨਾਲ ਟਰੈਕਿੰਗ ਕਰਨ ਗਏ ਲੋਕਾਂ ਦੁਆਰਾ ਲਏ ਗਏ ਵੀਡੀਓ ਬ੍ਰਾਜ਼ੀਲੀਅਨ ਮੀਡੀਆ ਵਿੱਚ ਪ੍ਰਕਾਸ਼ਿਤ ਹੋ ਰਹੇ ਹਨ। ਇੱਕ ਡਰੋਨ ਫੁਟੇਜ ਵਿੱਚ ਸਾਫ਼-ਸਾਫ਼ ਦਿਖਾਈ ਦੇ ਰਿਹਾ ਹੈ ਕਿ ਉਹ ਉਸ ਵੇਲੇ ਜ਼ਿੰਦਾ ਸਨ।
ਇਸ ਫੁਟੇਜ ਵਿੱਚ ਜੂਲੀਆਨਾ ਚੜ੍ਹਾਈ ਵਾਲੇ ਇਲਾਕੇ ਦੇ ਥੱਲੇ ਸਲੇਟੀ ਰੰਗ ਦੀ ਜ਼ਮੀਨ 'ਤੇ ਬੈਠੇ ਹਨ ਅਤੇ ਇੱਥੋਂ ਤੱਕ ਕਿ ਤੁਰਦੇ ਹੋਏ ਵੀ ਨਜ਼ਰ ਆਉਂਦੇ ਹਨ।
ਅਗਲੇ ਦਿਨ, ਬਚਾਅ ਟੀਮ 300 ਮੀਟਰ ਡੂੰਘੀ ਘਾਟੀ ਵਿੱਚ ਉਤਰ ਗਈ ਜਿੱਥੇ ਉਨ੍ਹਾਂ ਨੂੰ ਲੱਗਿਆ ਕਿ ਜੂਲੀਆਨਾ ਹੋ ਸਕਦੇ ਹਨ। ਉਨ੍ਹਾਂ ਨੇ ਉਨ੍ਹਾਂ ਨੂੰ ਆਵਾਜ਼ਾਂ ਮਾਰੀਆਂ, ਪਰ ਕੋਈ ਜਵਾਬ ਨਾ ਆਇਆ। ਇਸ ਕਰਕੇ ਉਹ ਉਨ੍ਹਾਂ ਨੂੰ ਲੱਭ ਨਾ ਸਕੇ।
ਰਿੰਜਾਨੀ ਸੇਂਚੁਰੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਐਤਵਾਰ ਸਵੇਰੇ (22 ਜੂਨ) ਨੂੰ ਜੂਲੀਆਨਾ ਉਸ ਥਾਂ 'ਤੇ ਨਹੀਂ ਸਨ। ਉਨ੍ਹਾਂ ਨੇ ਦੱਸਿਆ ਕਿ ਖੋਜ ਕਰਨ ਲਈ ਥਰਮਲ ਡਰੋਨ ਦੀ ਵਰਤੋਂ ਕੀਤੀ ਗਈ ਪਰ ਉੱਥੇ ਘਣੀ ਧੁੰਦ ਹੋਣ ਕਰਕੇ ਇਸ ਕੰਮ ਵਿੱਚ ਰੁਕਾਵਟ ਆਈ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸੋਮਵਾਰ (23 ਜੂਨ) ਨੂੰ ਬਚਾਅ ਟੀਮਾਂ ਜੂਲੀਆਨਾ ਨੂੰ ਦੁਬਾਰਾ ਲੱਭਣ ਦੇ ਯੋਗ ਹੋ ਗਈਆਂ ਅਤੇ ਉਨ੍ਹਾਂ ਨੂੰ ਪਹਿਲਾਂ ਨਾਲੋਂ ਵੀ ਡੂੰਘੀ ਖੱਡ ਵਿੱਚ ਲੱਭ ਲਿਆ। ਪਰ ਖਰਾਬ ਮੌਸਮ ਕਾਰਨ ਉਨ੍ਹਾਂ ਨੂੰ ਆਪਣੇ ਬਚਾਅ ਕਾਰਜਾਂ ਨੂੰ ਮੁਅੱਤਲ ਕਰਨਾ ਪਿਆ।
ਜੂਲੀਆਨਾ ਦੇ ਪਰਿਵਾਰਕ ਮੈਂਬਰਾਂ ਨੇ ਆਪਣੇ ਸੋਸ਼ਲ ਮੀਡੀਆ ਖਾਤਿਆਂ 'ਤੇ ਦਾਅਵਾ ਕੀਤਾ ਕਿ ਬਚਾਅ ਟੀਮ ਸਿਰਫ਼ 250 ਮੀਟਰ ਤੱਕ ਹੀ ਘਾਟੀ ਵਿੱਚ ਉਤਰੀ ਸੀ, ਹਾਲਾਂਕਿ ਜੂਲੀਆਨਾ ਤੱਕ ਪਹੁੰਚਣ ਲਈ ਉਨ੍ਹਾਂ ਨੂੰ 350 ਮੀਟਰ ਤੱਕ ਹੋਰ ਥੱਲੇ ਜਾਣਾ ਚਾਹੀਦਾ ਸੀ, ਪਰ ਉਹ ਵਾਪਸ ਮੁੜ ਗਏ।
ਪਰਿਵਾਰ ਨੇ ਇਹ ਵੀ ਕਿਹਾ ਕਿ ਸੇਂਚੁਰੀ ਅਜੇ ਵੀ ਸੈਲਾਨੀਆਂ ਲਈ ਖੁੱਲ੍ਹੀ ਹੋਈ ਹੈ ਅਤੇ ਲੋਕ ਓਹੀ ਰਾਹ ਵਰਤ ਰਹੇ ਹਨ।
ਜੂਲੀਆਨਾ ਦੇ ਇੱਕ ਪਰਿਵਾਰਕ ਮੈਂਬਰ ਨੇ ਕਿਹਾ, "ਜੂਲੀਆਨਾ ਨੂੰ ਮਦਦ ਦੀ ਲੋੜ ਹੈ। ਉਸਦੀ ਸਿਹਤ ਦਾ ਪਤਾ ਨਹੀਂ ਹੈ। ਉਹ ਤਿੰਨ ਦਿਨਾਂ ਤੋਂ ਪਾਣੀ ਅਤੇ ਭੋਜਨ ਤੋਂ ਬਿਨਾਂ ਹੈ। ਉਸ ਕੋਲ ਠੰਡ ਦਾ ਸਾਹਮਣਾ ਕਰਨ ਲਈ ਕੱਪੜੇ ਨਹੀਂ ਹਨ।"
'ਆਖ਼ਰਕਾਰ ਉਸਦੀ ਲਾਸ਼ ਮਿਲੀ'

ਜੂਲੀਆਨਾ ਦੇ ਪਰਿਵਾਰ ਨੇ ਮੰਗਲਵਾਰ (24 ਜੂਨ) ਨੂੰ ਸੋਸ਼ਲ ਮੀਡੀਆ 'ਤੇ ਖੁਲਾਸਾ ਕੀਤਾ ਕਿ ਉਨ੍ਹਾਂ ਲਈ ਬਚਾਅ ਕਾਰਜ ਦੁਬਾਰਾ ਸ਼ੁਰੂ ਹੋ ਗਿਆ ਹੈ।
ਜੂਲੀਆਨਾ ਨਾਲ ਚੜ੍ਹਾਈ ਕਰਨ ਵਾਲੀ ਟੀਮ ਦੇ ਦੋ ਮੈਂਬਰਾਂ ਨੇ ਬ੍ਰਾਜ਼ੀਲ ਦੇ ਨੈੱਟਵਰਕ ਗਲੋਬੋ ਨਾਲ ਗੱਲਬਾਤ ਵਿੱਚ ਦੱਸਿਆ ਕਿ ਇਹ ਚੜ੍ਹਾਈ ਬਹੁਤ ਹੀ ਔਖੀ ਸੀ।
ਇੱਕ ਹੋਰ ਵਿਅਕਤੀ ਨੇ ਦੱਸਿਆ ਕਿ ਜਦੋਂ ਹਾਦਸਾ ਵਾਪਰਿਆ, ਜੂਲੀਆਨਾ ਆਪਣੇ ਗਾਈਡ ਨਾਲ ਹੇਠਾਂ ਉਤਰ ਰਹੇ ਇੱਕ ਸਮੂਹ ਦੇ ਆਖਿਰ ਵਿੱਚ ਸੀ। ਉਨ੍ਹਾਂ ਕਿਹਾ, "ਸਵੇਰੇ-ਸਵੇਰੇ ਦੇ ਹਨ੍ਹੇਰੇ ਵਿੱਚ ਸਿਰਫ਼ ਇਕ ਲਾਲਟੇਣ ਦੇ ਨਾਲ ਉੱਥੇ ਰੁਕਣਾ ਬਹੁਤ ਔਖਾ ਸੀ, ਤੁਸੀਂ ਫਿਸਲ ਵੀ ਸਕਦੇ ਹੋ।"
ਪਰਿਵਾਰ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਵਿੱਚ ਦੱਸਿਆ ਕਿ ਇੱਕ ਜਟਿਲ ਬਚਾਅ ਓਪਰੇਸ਼ਨ ਤੋਂ ਬਾਅਦ, ਬਚਾਅ ਟੀਮ ਆਖ਼ਰਕਾਰ ਮੰਗਲਵਾਰ (24 ਜੂਨ) ਨੂੰ ਉਨ੍ਹਾਂ ਦੀ ਲਾਸ਼ ਤੱਕ ਪਹੁੰਚ ਗਈ।
ਜੂਲੀਆਨਾ ਦੇ ਪਰਿਵਾਰ ਨੇ ਕਿਹਾ, "ਸਾਨੂੰ ਉਸਦੇ ਦੇਹਾਂਤ ਦਾ ਐਲਾਨ ਕਰਦੇ ਹੋਏ ਬਹੁਤ ਦੁੱਖ ਹੋ ਰਿਹਾ ਹੈ। ਉਨ੍ਹਾਂ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਉਸਦੇ ਬਚਾਅ ਲਈ ਪ੍ਰਾਰਥਨਾ ਕੀਤੀ।"

ਤਸਵੀਰ ਸਰੋਤ, Getty Images
ਜੂਲੀਆਨਾ ਨੇ ਇੰਡੋਨੇਸ਼ੀਆ ਦੇ ਲੋਮਬੋਕ ਟਾਪੂ 'ਤੇ ਪਹੁੰਚਣ ਤੋਂ ਪਹਿਲਾਂ ਥਾਈਲੈਂਡ ਅਤੇ ਵਿਅਤਨਾਮ ਵਿੱਚ ਵੀ ਯਾਤਰਾ ਕੀਤੀ ਸੀ।
ਸਰਚ ਐਂਡ ਰੈਸਕਿਊ ਮੁਖੀ, ਮੁਹੰਮਦ ਸਿਆਫੀ ਨੇ ਇੱਕ ਬਿਆਨ ਵਿੱਚ ਦੱਸਿਆ ਕਿ ਇਸ ਰੈਸਕਿਊ ਓਪਰੇਸ਼ਨ ਵਿੱਚ ਕੁੱਲ 50 ਲੋਕਾਂ ਨੇ ਹਿੱਸਾ ਲਿਆ।
ਸਾਲ 2022 ਵਿੱਚ ਇੱਕ ਪੁਰਤਗਾਲੀ ਵਿਅਕਤੀ ਦੀ ਮਾਊਂਟ ਰਿੰਜਾਨੀ ਦੀ ਚੋਟੀ ਤੋਂ ਡਿੱਗਣ ਕਾਰਨ ਮੌਤ ਹੋ ਗਈ ਸੀ। ਇਸ ਸਾਲ ਮਈ ਵਿੱਚ ਵੀ ਇੱਕ ਮਲੇਸ਼ੀਆਈ ਪਹਾੜੀਏ ਦੀ ਜਵਾਲਾਮੁਖੀ ਨੇੜੇ ਇੱਕ ਪਹਾੜ ਚੜ੍ਹਦੇ ਹੋਏ ਮੌਤ ਹੋ ਗਈ ਸੀ।
ਮਾਊਂਟ ਰਿੰਜਾਨੀ ਇੰਡੋਨੇਸ਼ੀਆ ਦਾ ਦੂਜਾ ਸਭ ਤੋਂ ਉੱਚਾ ਜੁਆਲਾਮੁਖੀ ਹੈ, ਜਿਸ ਦੀ ਉਚਾਈ 3,700 ਮੀਟਰ ਤੋਂ ਵੱਧ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












