ਜਦੋਂ 12 ਸਾਲਾਂ ਕੁੜੀ ਵੱਲੋਂ ਬੋਤਲ 'ਚ ਪਾ ਕੇ ਸੁੱਟੇ ਸੁਨੇਹੇ ਦਾ ਜਵਾਬ 31 ਸਾਲਾਂ ਬਾਅਦ ਮਿਲਿਆ

ਤਸਵੀਰ ਸਰੋਤ, Alaina Beresford
- ਲੇਖਕ, ਕੈੱਨ ਬੈਂਕਸ
- ਰੋਲ, ਬੀਬੀਸੀ ਸਕੌਟਲੈਂਡ
ਸਕੂਲ ਵਿੱਚ ਪੜ੍ਹਦੀ ਇੱਕ ਸਕਾਟਲੈਂਡ ਦੀ ਵਿਦਿਆਰਥਣ ਉਦੋਂ 12 ਸਾਲਾਂ ਦੀ ਸੀ ਜਦੋਂ ਉਸਨੇ ਇੱਕ ਬੋਤਲ ਵਿੱਚ ਸੁਨੇਹਾ ਲਿਖ ਕੇ ਇਸ ਨੂੰ ਸਮੁੰਦਰ ਵਿੱਚ ਸੁੱਟਿਆ ਸੀ।
30 ਸਾਲਾਂ ਤੋਂ ਵੀ ਵੱਧ ਸਮੇਂ ਬਾਅਦ ਉਸ ਨੂੰ ਸੁਨੇਹੇ ਦਾ ਜਵਾਬ ਮਿਲਿਆ ਹੈ।
ਮੋਰੇ ਦੇ ਪੋਰਟਨੌਕੀ ਦੇ ਰਹਿਣ ਵਾਲੀ ਅਲੈਨਾ ਬੈਰੇਸਫੋਰਡ ਨੇ 1994 ਵਿੱਚ ਇਹ ਮੈਸੇਜ ਭੇਜਿਆ ਸੀ, ਇਹ ਇੱਕ ਸਕੂਲ ਪ੍ਰੋਜੈਕਟ ਦਾ ਹਿੱਸਾ ਸੀ।

ਤਸਵੀਰ ਸਰੋਤ, Alaina Beresford
ਇਹ ਬੋਤਲ ਨੌਰਥ ਸੀਅ ਤੱਕ ਪਹੁੰਚ ਗਈ ਸੀ ਜਿੱਥੇ ਨੌਰਵੇਅ ਦੇ ਇੱਕ ਟਾਪੂ ਉੱਤੇ ਸਫ਼ਾਈ ਕਰ ਰਹੀ ਵਲੰਟੀਅਰ ਨੂੰ ਇਹ ਮਿਲੀ।
ਉਸ ਵਲੰਟੀਅਰ ਨੇ ਇਸ ਦੇ ਜਵਾਬ ਵਿੱਚ ਪੋਸਟਕਾਰਡ ਭੇਜਿਆ।
ਅਲੈਨਾ ਨੇ ਬੀਬੀਸੀ ਸਕੌਟਲੈਂਡ ਨੂੰ ਦੱਸਿਆ ਕਿ ਉਸ ਨੂੰ ਯਕੀਨ ਨਹੀਂ ਆਇਆ ਕਿ ਉਨ੍ਹਾਂ ਦੀ ਭੇਜੀ ਚਿੱਠੀ ਹਾਲੇ ਵੀ ਇੰਨੀ ਬਿਹਤਰ ਹਾਲਤ ਵਿੱਚ ਸੀ, 3 ਦਹਾਕੇ ਬੀਤਣ ਤੋਂ ਬਾਅਦ ਵੀ।
ਉਸ ਵੱਲੋਂ ਇਹ ਚਿੱਠੀ ਮੌਰੇ ਕੱਪ ਨਾਮ ਦੀ ਡ੍ਰਿੰਕ ਦੀ ਬੋਤਲ ਵਿੱਚ ਪਾ ਕੇ ਸਮੁੰਦਰ ਵਿੱਚ ਸੁੱਟੀ ਗਈ ਸੀ।

ਤਸਵੀਰ ਸਰੋਤ, Aileen Stephen
ਇਸ ਵਿੱਚ ਲਿਖਿਆ ਸੀ, "ਪਿਆਰੇ ਫਾਈਂਡਰ(ਲੱਭਣਵਾਲੇ), ਮੇਰਾ ਨਾਮ ਅਲੈਨਾ ਸਟੀਫਨ ਹੈ। ਮੈਂ 12 ਸਾਲਾਂ ਦੀ ਹਾਂ, ਮੈਂ ਪੋਰਟਨੋਕੀ ਦੀ ਰਹਿਣ ਵਾਲੀ ਹਾਂ ਅਤੇ ਮੈਂ ਪਾਣੀ ਬਾਰੇ ਇੱਕ ਪ੍ਰਜੈਕਟ ਕਰ ਰਹੀ ਹਾਂ, ਇਸ ਲਈ ਮੈਂ ਬੋਤਲ ਵਿੱਚ ਭੇਜਣ ਦਾ ਫ਼ੈਸਲਾ ਲਿਆ।"
"ਮੇਰੀ ਅਧਿਆਪਕ ਦਾ ਪਤੀ ਬੋਤਲਾਂ ਲੈ ਕੇ ਗਿਆ ਅਤੇ ਸਮੁੰਦਰ ਦੇ ਵਿਚਕਾਰ ਇਸ ਨੂੰ ਸੁੱਟਿਆ।"
"ਜਦੋਂ ਤੁਹਾਨੂੰ ਇਹ ਮੈਸੇਜ ਮਿਲੇ, ਤੁਸੀਂ ਪਲੀਜ਼ ਆਪਣਾ ਨਾਮ, ਆਪਣੀਆਂ ਰੁਚੀਆਂ, ਤੁਹਾਨੂੰ ਇਹ ਸੁਨੇਹਾ ਕਿੱਥੇ ਮਿਲਿਆ, ਕਦੋਂ ਅਤੇ ਤੁਸੀਂ ਆਪਣੇ ਇਲਾਕੇ ਬਾਰੇ ਕੁਝ ਦੱਸ ਸਕੋ, ਅਲੈਨਾ ਸਟੀਫਨ, ਮੈਂ ਸਕੌਟਲੈਂਡ ਤੋਂ ਹਾਂ।"
ਹੁਣ 31 ਸਾਲਾਂ ਬਾਅਦ ਅਲੈਨਾ ਨੂੰ ਪੀਆ ਬ੍ਰੌਡਮੈਨ ਕੋਲੋਂ ਇੱਕ ਪੋਸਟਕਾਰਡ ਮਿਲਿਆ ਹੈ।

ਤਸਵੀਰ ਸਰੋਤ, Alaina Beresford
ਇਸ ਵਿੱਚ ਲਿਖਿਆ ਹੈ, "ਮੇਰਾ ਨਾਮ ਪੀਆ ਹੈ ਅਤੈ ਮੈਂ ਜਰਮਨੀ ਤੋਂ ਹਾਂ, ਮੈਨੂੰ ਤੁਹਾਡਾ ਮੈਸੇਜ ਨੌਰਵੇ ਵਿੱਚ ਵੇਗਾ ਨੇੜਲੇ ਇੱਕ ਟਾਪੂ ਤੋਂ ਮਿਲਿਆ ਹੈ।''
"ਮੈਂ ਇਸ ਬੀਚ ਉੱਤੇ ਸਫਾਈ ਵਲੰਟੀਅਰ ਵਜੋਂ ਚਾਰ ਮਹੀਨਿਆਂ ਲਈ ਹਾਂ, ਅੱਜ ਅਸੀਂ ਲਿਸਹੇਲੋਇਆ ਉੱਤੇ ਸਫਾਈ ਕੀਤੀ, ਪੋਸਟਕਾਰਡ ਦੇ ਅੱਗੇ ਤੁਸੀਂ ਸਾਡੀ ਕਿਸ਼ਤੀ ਨੀਮੋ ਵੇਖ ਸਕਦੇ ਹੋ, ਮੈਂ ਸੋਚ ਰਹੀ ਸੀ ਕਿ ਤੁਹਾਡੀ ਅਧਿਆਪਕ ਦੇ ਪਤੀ ਨੇ ਸਮੁੰਦਰ ਵਿੱਚ ਬੋਤਲ ਕਿੱਥੇ ਸੁੱਟੀ।"
ਉਸ ਨੇ ਕਿਹਾ, "ਮੈਂ 27 ਸਾਲਾਂ ਦੀ ਹਾਂ ਅਤੇ ਮੈਨੂੰ ਪਹਾੜ ਚੜ੍ਹਨਾ ਪਸੰਦ ਹੈ ਤੇ ਬੇੜੀ ਚਲਾਉਣਾ ਵੀ।"
ਅਲੈਨਾ ਹੁਣ 42 ਸਾਲਾਂ ਦੀ ਹੈ ਉਹ ਕਹਿੰਦੇ ਹਨ ਕਿ ਜਦੋਂ ਉਨ੍ਹਾਂ ਨੇ ਚਿੱਠੀ ਚੁੱਕੀ ਤਾਂ ਇਹ ਉਨ੍ਹਾਂ ਦੇ ਪਤੇ ਉੱਤੇ ਭੇਜੀ ਗਈ ਸੀ।
ਉਨ੍ਹਾਂ ਕਿਹਾ, "ਮੈਂ ਉਸੇ ਐਡਰੈੱਸ ਉੱਤੇ ਹਾਂ, ਮੈਂ ਪਹਿਲਾਂ ਬੱਕੀ ਰਹਿਣ ਚਲੀ ਗਈ ਸੀ ਅਤੇ ਪੌਰਟਨੌਕੀ ਵਿੱਚ ਦੂਜੇ ਘਰ ਗਈ ਪਰ ਆਪਣੇ ਮਾਪਿਆਂ ਕੋਲ ਵਾਪਸ ਆ ਗਈ।"

ਤਸਵੀਰ ਸਰੋਤ, Pia Bodtmann
ਉਹ ਕਹਿੰਦੇ ਹਨ, "ਮੈਂ ਇਸ ਉੱਤੇ ਯਕੀਨ ਨਾ ਕਰ ਸਕੀ, ਮੈਂ ਇਹ 12 ਸਾਲ ਦੀ ਉਮਰ ਵਿੱਚ ਭੇਜਿਆ ਸੀ ਕਰੀਬ 31 ਸਾਲ ਪਹਿਲਾਂ।"
ਅਲੈਨਾ ਨੇ ਪੀਆ ਨੂੰ ਸੋਸ਼ਲ ਮੀਡੀਆ ਉੱਤੇ ਲੱਭ ਲਿਆ ਅਤੇ ਉਸ ਕੋਲੋਂ ਆਪਣੀ ਚਿੱਠੀ ਦੀ ਇੱਕ ਤਸਵੀਰ ਮੰਗਵਾਈ।

ਤਸਵੀਰ ਸਰੋਤ, Alaina Beresford
ਉਨ੍ਹਾਂ ਕਿਹਾ, "ਮੈਂ ਇਸ ਚਿੱਠੀ ਨੂੰ ਵੇਖ ਕੇ ਕਾਫੀ ਹੈਰਾਨ ਸੀ, ਮੈਂ ਇਸ ਉੱਤੇ ਯਕੀਨ ਨਹੀਂ ਕਰ ਸਕੀ ਕਿ ਇਹ ਅੱਜ ਵੀ ਪੜ੍ਹੀ ਜਾ ਸਕਦੀ ਹੈ।"
"ਮੈਨੂੰ ਯਾਦ ਨਹੀਂ ਹੈ ਕਿ ਮੈਂ ਸੁਨੇਹਾ ਕਦੋਂ ਲਿਖਿਆ ਸੀ, ਪਰ ਮੈਨੂੰ ਯਾਦ ਸੀ ਕਿ ਇਹ ਮੋਰੇ ਕੱਪ ਜੀ ਬੋਤਲ ਸੀ ਅਤੇ ਮੇਰੀ ਅਧਿਆਪਕ ਦੇ ਪਤੀ ਨੇ ਇਸ ਨੂੰ ਸਮੁੰਦਰ ਵਿੱਚ ਸੁੱਟਿਆ ਸੀ ਜਦੋਂ ਉਹ ਮੱਛੀਆਂ ਫੜਨ ਦਾ ਕੰਮ ਕਰਦੇ ਸਨ।''
"ਮੇਰੇ ਮੈਸੇਜ ਦੇ ਮੁਤਾਬਕ ਮੈਂ ਇਸ ਨੂੰ ਪਾਣੀ ਬਾਰੇ ਇੱਕ ਪ੍ਰੋਜੈਕਟ ਵਜੋਂ ਕੀਤਾ ਸੀ, ਜਦੋਂ ਮੈਂ ਪ੍ਰਾਇਮਰੀ 7 ਜਮਾਤ ਵਿੱਚ ਸੀ।"
ਉਨ੍ਹਾਂ ਅੱਗੇ ਕਿਹਾ, "ਪੀਆ ਅਤੇ ਮੈਂ ਇੱਕ ਦੂਜੇ ਦੇ ਸੰਪਰਕ ਵਿੱਚ ਹਾਂ ਅਤੇ ਉਸੀਦ ਹੈ ਕਿ ਅਸੀਂ ਸੰਪਰਕ ਵਿੱਚ ਰਹਾਂਗੇ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












