ਖਾਣੇ ਤੋਂ ਬਾਅਦ ਗੈਸ ਪਾਸ ਕਰਨ ਲਈ ਕੀਤੀ ਜਾਂਦੀ 'ਫਾਰਟ ਵਾਕ' ਦਾ ਰੁਝਾਨ ਕਿਉਂ ਵੱਧ ਰਿਹਾ ਹੈ, ਕੀ ਇਹ ਬਿਮਾਰੀਆਂ ਤੋਂ ਬਚਾ ਸਕਦੀ ਹੈ

ਤਸਵੀਰ ਸਰੋਤ, Getty Images
- ਲੇਖਕ, ਸਾਰਾਹ ਬੈੱਲ
- ਰੋਲ, ਗਲੋਬਲ ਹੈਲਥ, ਬੀਬੀਸੀ ਵਰਲਡ ਸਰਵਿਸ
ਫਾਰਟ ਕਰਨਾ ਜਾਂ ਗੈਸ ਪਾਸ ਕਰਨਾ ਇੱਕ ਅਜਿਹੀ ਚੀਜ਼ ਹੈ ਜਿਸ ਨੂੰ ਸਾਡੇ ਵਿੱਚੋਂ ਜ਼ਿਆਦਾਤਰ ਲੋਕ ਕਦੇ ਨਹੀਂ ਮੰਨਦੇ ਕਿ ਅਸੀਂ ਅਜਿਹਾ ਕੀਤਾ ਹੈ।
ਪਰ 'ਫਾਰਟ ਵਾਕ', ਜਿਸ ਵਿੱਚ ਖਾਣ ਤੋਂ ਬਾਅਦ ਵਾਧੂ ਹਵਾ ਕੱਢਣ ਲਈ ਕਸਰਤ ਸ਼ਾਮਲ ਹੈ, ਸੋਸ਼ਲ ਮੀਡੀਆ 'ਤੇ ਇੱਕ ਰੁਝਾਨ ਬਣ ਗਿਆ ਹੈ। ਪਰ ਕੀ ਅਜਿਹਾ ਸਾਨੂੰ ਸਾਰਿਆਂ ਨੂੰ ਕਰਨਾ ਚਾਹੀਦਾ ਹੈ?
ਇਸਦੇ ਮੋਢੀਆਂ ਵਿੱਚੋਂ ਇੱਕ ਮੈਰੀਲਿਨ ਸਮਿਥ ਹਨ ਜੋ ਕਿ ਇੱਕ ਪੇਸ਼ੇਵਰ ਘਰੇਲੂ ਅਰਥ ਸ਼ਾਸਤਰੀ ਅਤੇ ਅਦਾਕਾਰਾ ਹਨ। ਉਨ੍ਹਾਂ ਦੀਆਂ ਆਪਣੇ ਪਤੀ ਨਾਲ ਸੈਰ ਕਰਦੇ ਹੋਏ ਬਹੁਤ ਸਾਰੀਆਂ ਰੀਲਾਂ ਨੂੰ ਇੰਸਟਾਗ੍ਰਾਮ ਅਤੇ ਟਿੱਕਟੋਕ 'ਤੇ ਲੱਖਾਂ ਵਿਊਜ਼ ਮਿਲੇ ਹਨ।
ਉਹ ਦੱਸਦੇ ਹਨ, "ਕਾਫੀ ਸਾਲ ਪਹਿਲਾਂ ਅਸੀਂ ਰਾਤ ਦੇ ਖਾਣੇ ਤੋਂ ਬਾਅਦ ਆਪਣੇ ਕੁੱਤੇ ਨੂੰ ਸੈਰ ਕਰਾਉਂਦੇ ਹੁੰਦੇ ਸੀ ਅਤੇ ਅਸੀਂ ਇਸਨੂੰ 'ਫਾਰਟ ਵਾਕ' ਕਹਿਣਾ ਸ਼ੁਰੂ ਕਰ ਦਿੱਤਾ ਸੀ - ਕਿਉਂਕਿ ਅਸੀਂ ਬਾਹਰ ਜਾਂਦੇ ਸੀ ਅਤੇ ਫਾਰਟ ਕਰਦੇ ਸੀ (ਗੈਸ ਪਾਸ) ਅਤੇ ਅਸੀਂ ਇਸ ਦਾ ਇਲਜ਼ਾਮ ਕੁੱਤੇ 'ਤੇ ਲਗਾਉਂਦੇ ਸੀ।"
'ਫਾਰਟ ਵਾਕ' ਤੁਹਾਡੇ ਲਈ ਕਿਵੇਂ ਚੰਗੀ ਹੈ?

ਤਸਵੀਰ ਸਰੋਤ, Mairlyn Smith
ਇਹ ਧਾਰਨਾ ਅਤੇ ਇਸ ਦਾ ਨਾਮ ਹਾਸੋਹੀਣਾ ਹੋ ਸਕਦਾ ਹੈ, ਪਰ "ਫਾਰਟ ਵਾਕ" ਦੇ ਵਾਕਈ ਸਿਹਤ ਪੱਖੋਂ ਕਈ ਲਾਭ ਹਨ - ਖਾਸ ਕਰਕੇ ਖਾਣਾ ਖਾਣ ਤੋਂ ਬਾਅਦ ਫਸੀ ਹੋਈ ਗੈਸ ਨੂੰ ਬਾਹਰ ਕੱਢਣ ਵਿੱਚ ਮਦਦ ਕਰਨ ਵਿੱਚ। ਜਦੋਂ ਤੁਸੀਂ ਭੋਜਨ, ਪਾਣੀ, ਜਾਂ ਲਾਰ ਨਿਗਲਦੇ ਹੋ ਤਾਂ ਤੁਸੀਂ ਕੁਝ ਹਵਾ ਵੀ ਨਿਗਲ ਜਾਂਦੇ ਹੋ ਜੋ ਪਾਚਨ ਪ੍ਰਣਾਲੀ ਵਿੱਚ ਇਕੱਠੀ ਹੁੰਦੀ ਰਹਿੰਦੀ ਹੈ। ਪਾਚਨ ਦੌਰਾਨ ਵੀ ਗੈਸ ਪੈਦਾ ਹੋ ਸਕਦੀ ਹੈ ਅਤੇ ਅਜਿਹੇ ਭੋਜਨ ਖਾਣ ਨਾਲ ਵੀ ਪੈਦਾ ਹੋ ਸਕਦੀ ਹੈ ਜੋ ਔਖੇ ਪਚਦੇ ਹਨ, ਕੁਝ ਦਵਾਈਆਂ, ਅਤੇ ਮਾਫਕ ਨਾ ਆਉਣ ਵਾਲੇ ਖਾਣੇ ਕਾਰਨ ਵੀ ਗੈਸ ਬਣ ਸਕਦੀ ਹੈ।
ਕੈਨੇਡਾ ਦੇ ਟੋਰਾਂਟੋ ਤੋਂ ਅੱਠ ਸਭ ਤੋਂ ਵੱਧ ਵਿਕਣ ਵਾਲੀਆਂ ਕੁੱਕਬੁੱਕਾਂ ਦੀ ਲੇਖਕਾ ਮੈਰੀਲਿਨ ਕਹਿੰਦੇ ਹਨ, "ਜਦੋਂ ਤੁਸੀਂ ਤੁਰਦੇ ਹੋ, ਤਾਂ ਤੁਸੀਂ ਅਸਲ ਵਿੱਚ ਆਪਣੇ ਗੈਸਟਰੋਇੰਟੇਸਟਾਈਨਲ ਟ੍ਰੈਕਟ ਦੀ ਮਾਲਸ਼ ਕਰ ਰਹੇ ਹੋ ਅਤੇ ਇਸ ਲਈ ਇਹ ਗੈਸ ਨੂੰ ਬਾਹਰ ਕੱਢਣ ਵਿੱਚ ਮਦਦ ਕਰਦਾ ਹੈ, ਅਤੇ ਇਹ ਤੁਹਾਡੇ ਲਈ ਵਾਕਈ ਚੰਗਾ ਹੈ।''
ਕਸਰਤ ਵੱਡੀ ਆਂਤ ਵਿੱਚ ਪਾਏ ਜਾਣ ਵਾਲੇ ਰੋਗਾਣੂਆਂ, ਸਾਡੀਆਂ ਅੰਤੜੀਆਂ ਵਿੱਚ ਰਹਿਣ ਵਾਲੇ ਛੋਟੇ ਜੀਵਾਂ ਦੀ ਗਿਣਤੀ - ਖਾਸ ਕਰਕੇ ਉਹ ਜੋ ਸ਼ਾਰਟ-ਚੇਨ ਫੈਟੀ ਐਸਿਡ ਪੈਦਾ ਕਰਦੇ ਹਨ - 'ਤੇ ਵੀ ਸਕਾਰਾਤਮਕ ਪ੍ਰਭਾਵ ਪਾਉਂਦੀ ਹੈ। ਇਹ ਅੰਤੜੀਆਂ ਦੀ ਸਿਹਤ ਲਈ ਲਾਭਦਾਇਕ ਹੁੰਦੇ ਹਨ।
ਗਟਸ ਯੂਕੇ, ਪਾਚਨ ਪ੍ਰਣਾਲੀ ਦੀਆਂ ਸਥਿਤੀਆਂ ਸਬੰਧੀ ਇੱਕ ਚੈਰਿਟੀ ਹੈ। ਇਸ ਚੈਰਿਟੀ ਦੇ ਜਾਣਕਾਰੀ ਪ੍ਰਬੰਧਕ ਜੂਲੀ ਥੌਮਸਨ ਦੱਸਦੇ ਹਨ ਕਿ "ਸੂਖਮ ਜੀਵਾਣੂ ਪੇਟ ਵਿੱਚ ਕੁਝ ਹੋਰ ਕੁਦਰਤੀ ਤੌਰ 'ਤੇ ਮਿਲਣ ਵਾਲੇ ਪਦਾਰਥਾਂ ਨੂੰ ਵੀ ਬਦਲਦੇ ਹਨ, ਜਿਨ੍ਹਾਂ ਨੂੰ ਬਾਇਲ ਐਸਿਡ ਕਿਹਾ ਜਾਂਦਾ ਹੈ। ਇਹ ਦੋਵੇਂ ਬਦਲਾਅ ਅੰਤੜੀਆਂ ਦੀ ਗਤੀਸ਼ੀਲਤਾ ਨੂੰ ਵਧਾਉਂਦੇ ਹਨ, ਜਿਸ ਨਾਲ ਕਬਜ਼ ਵਿੱਚ ਸੁਧਾਰ ਹੁੰਦਾ ਹੈ ਅਤੇ ਲੋਕਾਂ ਨੂੰ ਗੈਸ ਕੱਢਣ ਵਿੱਚ ਮਦਦ ਮਿਲਦੀ ਹੈ।"
ਇਹ ਪਹਿਲਾਂ ਤੋਂ ਹੀ ਪਤਾ ਹੈ ਕਿ ਤੁਰਨਾ ਦਿਲ ਦੀ ਸਿਹਤ ਲਈ ਚੰਗਾ ਹੁੰਦਾ ਹੈ, ਤੁਹਾਡਾ ਇਮਿਊਨ ਸਿਸਟਮ ਮਜ਼ਬੂਤ ਬਣਾਉਂਦਾ ਹੈ, ਤੁਹਾਡੇ ਬਲੱਡ ਸ਼ੂਗਰ ਦੇ ਪੱਧਰ ਨੂੰ ਸਥਿਰ ਕਰਕੇ ਅਤੇ ਉਸਨੂੰ ਬਹੁਤ ਜ਼ਿਆਦਾ ਵਧਣ ਤੋਂ ਰੋਕ ਕੇ ਟਾਈਪ 2 ਡਾਇਬਟੀਜ਼ ਦੇ ਜੋਖ਼ਮ ਨੂੰ ਘਟਾਉਣ ਵਿੱਚ ਵੀ ਮਦਦ ਕਰ ਸਕਦਾ ਹੈ।
ਮੈਰੀਲਿਨ ਦੱਸਦੇ ਹਨ, "ਜਦੋਂ ਤੁਸੀਂ ਖਾਣਾ ਖਾਣ ਤੋਂ ਬਾਅਦ ਬੈਠਦੇ ਨਹੀਂ ਅਤੇ ਘੁੰਮਦੇ ਹੋ ਤਾਂ ਤੁਹਾਡੀਆਂ ਮਾਸਪੇਸ਼ੀਆਂ ਖੂਨ ਵਿੱਚ ਗਲੂਕੋਜ਼ - ਜੋ ਭੋਜਨ ਤੋਂ ਬਾਅਦ ਪੈਦਾ ਹੁੰਦਾ ਹੈ - ਲਈ ਸਪੰਜ ਵਾਂਗ ਕੰਮ ਕਰਦੀਆਂ ਹਨ।
"ਹੁਣ, ਇਹ ਤੁਹਾਡੇ ਜੋਖ਼ਮ ਨੂੰ ਘਟਾਉਣ ਦਾ ਇੱਕੋ-ਇੱਕ ਤਰੀਕਾ ਨਹੀਂ ਹੈ, ਪਰ ਇਹ ਉਨ੍ਹਾਂ ਛੋਟੀਆਂ ਆਦਤਾਂ ਵਿੱਚੋਂ ਇੱਕ ਹੈ ਜੋ ਤੁਸੀਂ ਅਪਣਾ ਸਕਦੇ ਹੋ।"
'ਫਾਰਟ ਵਾਕ' ਅਤੇ ਫਾਈਬਰ

ਤਸਵੀਰ ਸਰੋਤ, Emma Bardwell
ਐਮਾ ਬਾਰਡਵੈਲ, ਇੱਕ ਯੂਕੇ-ਅਧਾਰਤ ਰਜਿਸਟਰਡ ਪੋਸ਼ਣ ਵਿਗਿਆਨੀ ਹਨ ਅਤੇ ਉਨ੍ਹਾਂ ਨੇ ਫਾਈਬਰ ਬਾਰੇ ਇੱਕ ਕਿਤਾਬ ਲਿਖੀ ਹੈ। ਉਹ ਕਹਿੰਦੇ ਹਨ ਕਿ "ਫਾਰਟ ਵਾਕ" ਲੋਕਾਂ ਨੂੰ ਵਧੇਰੇ ਫਾਈਬਰ ਖਾਣ ਦੇ ਆਪਣੇ ਟੀਚੇ ਨੂੰ ਆਸਾਨੀ ਨਾਲ ਪ੍ਰਾਪਤ ਕਰਨ ਵਿੱਚ ਮਦਦ ਕਰ ਸਕਦੀ ਹੈ।
ਉਹ ਕਹਿੰਦੇ ਹਨ, "ਅਸੀਂ ਜਾਣਦੇ ਹਾਂ ਕਿ ਦੁਨੀਆਂ ਭਰ ਵਿੱਚ ਸਾਡੇ ਵਿੱਚੋਂ ਲਗਭਗ 90% ਰੋਜ਼ਾਨਾ ਸਿਫ਼ਾਰਸ਼ ਕੀਤੇ ਜਾਂਦਾ 30 ਗ੍ਰਾਮ ਫਾਈਬਰ ਨਹੀਂ ਲੈਂਦੇ। ਪਰ ਮੈਨੂੰ ਲੱਗਦਾ ਹੈ ਕਿ ਲੋਕ ਇਸ ਲਈ ਅਜਿਹਾ ਕਰਦੇ ਹਨ ਕਿਉਂਕਿ ਇਸਦੇ ਬਹੁਤ ਸਾਰੇ ਮਾੜੇ ਪ੍ਰਭਾਵ ਹੋ ਸਕਦੇ ਹਨ, ਜਿਵੇਂ ਕਿ ਪੇਟ ਨੂੰ ਅਫਾਰਾ ਆਉਣਾ ਅਤੇ ਗੈਸ ਹੋਣਾ। ਇਸ ਲਈ ਇਹ 'ਫਾਰਟ ਵਾਕ' ਬਹੁਤ ਸਹਾਇਕ ਹੋ ਸਕਦੀ ਹੈ।"
ਇਹ ਮਹੱਤਵਪੂਰਨ ਹੈ ਕਿਉਂਕਿ ਫਾਈਬਰ ਦੇ ਸੇਵਨ ਦੇ ਬਹੁਤ ਸਾਰੇ ਸਿਹਤ ਲਾਭ ਹਨ।
ਐਮਾ ਕਹਿੰਦੇ ਹਨ, "ਇਹ ਕੋਲੈਸਟ੍ਰੋਲ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ। ਇਹ ਤੁਹਾਡੇ ਖੂਨ ਵਿੱਚ ਗਲੂਕੋਜ਼ ਦੇ ਪੱਧਰ ਨੂੰ ਪ੍ਰਬੰਧਿਤ ਕਰਨ ਵਿੱਚ ਮਦਦ ਕਰਦਾ ਹੈ। ਇਹ ਕਬਜ਼ ਨਾ ਹੋਣ ਦੇਣ ਵਿੱਚ ਮਦਦ ਕਰਦਾ ਹੈ। ਇਹ ਦਿਲ ਦੀ ਬਿਮਾਰੀ ਅਤੇ ਟਾਈਪ 2 ਡਾਇਬਟੀਜ਼, ਅਤੇ ਇੱਥੋਂ ਤੱਕ ਕਿ ਕੁਝ ਕੈਂਸਰਾਂ, ਖਾਸ ਕਰਕੇ ਕੋਲੋਰੈਕਟਲ ਕੈਂਸਰ ਵਰਗੀਆਂ ਚੀਜ਼ਾਂ ਨੂੰ ਰੋਕਣ ਵਿੱਚ ਵੀ ਮਦਦ ਕਰਦਾ ਹੈ।"
ਫਾਈਬਰ ਅੰਤੜੀਆਂ ਦੇ ਰੋਗਾਣੂਆਂ ਨੂੰ ਵੀ ਭੋਜਨ ਦਿੰਦਾ ਹੈ ਜੋ ਤੁਹਾਡੇ ਅੰਤੜੀਆਂ ਦੇ ਮਾਈਕ੍ਰੋਬਾਇਓਮ ਬਣਾਉਂਦੇ ਹਨ। ਐਮਾ ਦੱਸਦੇ ਹਨ, "ਹੁੰਦਾ ਇਹ ਹੈ ਕਿ ਉਹ ਇਸ ਫਾਈਬਰ ਨੂੰ ਖਾਂਦੇ ਹਨ, ਇਸਨੂੰ ਫਰਮੈਂਟ ਕਰਦੇ ਹਨ ਅਤੇ ਮੈਟਾਬੋਲਾਈਟਸ ਬਣਾਉਂਦੇ ਹਨ, ਜੋ ਫਿਰ ਸਰੀਰ ਵਿੱਚ ਜਾਂਦੇ ਹਨ ਅਤੇ ਬਹੁਤ ਸਾਰੇ ਫਾਇਦੇ ਦਿੰਦੇ ਹਨ, ਬੀ12 ਵਰਗੇ ਵਿਟਾਮਿਨ ਬਣਾਉਣ ਤੋਂ ਲੈ ਕੇ ਸੇਰੋਟੋਨਿਨ ਵਰਗੇ ਨਿਊਰੋਟ੍ਰਾਂਸਮੀਟਰ ਬਣਾਉਣ ਤੱਕ - ਇਸ ਲਈ ਇਹ ਮੂਡ ਵਰਗੀਆਂ ਚੀਜ਼ਾਂ ਵਿੱਚ ਵੀ ਮਦਦ ਕਰ ਸਕਦਾ ਹੈ।"
ਮਾਨਸਿਕ ਸਿਹਤ ਲਾਭ

ਤਸਵੀਰ ਸਰੋਤ, Getty Images
ਘਰੋਂ ਬਾਹਰ ਨਿਕਲਣਾ ਅਤੇ ਸੈਰ ਕਰਨਾ ਮਾਨਸਿਕ ਸਿਹਤ ਲਈ ਵੀ ਚੰਗਾ ਹੋ ਸਕਦਾ ਹੈ, ਕਿਉਂਕਿ ਕਸਰਤ ਐਂਡੋਰਫਿਨ ਅਤੇ ਸੇਰੋਟੋਨਿਨ ਵਰਗੇ ਮਹਿਸੂਸ ਕਰਨ ਵਾਲੇ ਰਸਾਇਣਾਂ ਨੂੰ ਛੱਡਦੀ ਹੈ। ਇਹ ਤੁਹਾਨੂੰ ਆਪਣੀਆਂ ਚਿੰਤਾਵਾਂ ਤੋਂ ਆਪਣੇ ਆਪ ਨੂੰ ਦੂਰ ਕਰਨ ਅਤੇ ਚੰਗੀ ਨੀਂਦ ਲੈਣ ਵਿੱਚ ਵੀ ਮਦਦ ਕਰ ਸਕਦਾ ਹੈ।
ਸੈਰ ਕਰਨਾ ਤੁਹਾਡੇ ਸਬੰਧਾਂ ਨੂੰ ਵੀ ਬਿਹਤਰ ਬਣਾਉਣ ਵਿੱਚ ਮਦਦ ਕਰ ਸਕਦਾ ਹੈ। ਮੈਰੀਲਿਨ ਕਹਿੰਦੇ ਹਨ ਕਿ ਜਦੋਂ ਉਹ ਦੋਵੇਂ ਆਪਣੇ ਕਰੀਅਰ ਅਤੇ ਪਰਿਵਾਰ ਵਿੱਚ ਰੁੱਝੇ ਹੋਏ ਸਨ, ਇਹ ਉਨ੍ਹਾਂ ਲਈ ਆਪਣੇ ਪਤੀ ਨਾਲ ਸਮਾਂ ਬਿਤਾਉਣ ਦਾ ਇੱਕ ਵਧੀਆ ਤਰੀਕਾ ਸੀ।
ਉਹ ਕਹਿੰਦੇ ਹਨ, "ਹੁਣ, ਜਦੋਂ ਮੇਰੇ ਪਤੀ ਘਰ ਨਹੀਂ ਹੁੰਦੇ ਤਾਂ ਮੈਂ ਕਿਸੇ ਦੋਸਤ ਜਾਂ ਗੁਆਂਢੀ ਨਾਲ ਜਾਂਦੀ ਹਾਂ, ਅਤੇ ਇਹ ਦੂਜਿਆਂ ਨਾਲ ਜੁੜਨ ਦਾ ਵੀ ਇੱਕ ਵਧੀਆ ਤਰੀਕਾ ਹੈ।"
ਮੈਰੀਲਿਨ ਨੇ ਕੋਵਿਡ ਮਹਾਂਮਾਰੀ ਦੌਰਾਨ ਲੋਕਾਂ ਨੂੰ ਖੁਸ਼ ਕਰਨ ਲਈ ਇੰਸਟਾਗ੍ਰਾਮ 'ਤੇ ਜੋੜਿਆਂ ਦੇ ਫਾਰਟ ਵਾਕ ਸਬੰਧੀ ਵੀਡੀਓ ਪੋਸਟ ਕਰਨੇ ਸ਼ੁਰੂ ਕੀਤੇ ਸਨ। ਫਿਰ ਸਾਲ 2023 ਵਿੱਚ ਉਹ ਬਰਫ਼ 'ਤੇ ਡਿੱਗ ਪਈ ਅਤੇ ਉਨ੍ਹਾਂ ਦੇ ਸੱਟ ਲੱਗ ਗਈ - ਜਿਸ ਮਗਰੋਂ ਇਸ ਤਰ੍ਹਾਂ ਦੀਆਂ ਰੀਲਾਂ ਰਿਕਾਰਡ ਕਰਨਾ ਉਨ੍ਹਾਂ ਦੀ ਰਿਕਵਰੀ ਦਾ ਹਿੱਸਾ ਬਣ ਗਿਆ।
ਉਹ ਕਹਿੰਦੇ ਹਨ, "ਮੈਂ ਹੁਣੇ ਆਪਣਾ ਫ਼ੋਨ ਚੁੱਕਿਆ ਅਤੇ ਇਸ ਬਾਰੇ ਗੱਲ ਕਰਨੀ ਸ਼ੁਰੂ ਕਰ ਦਿੱਤੀ, ਅਤੇ ਮੈਂ ਸੋਚਿਆ 'ਜੇ ਇਹੀ ਉਹ ਹੈ ਜਿਸ ਲਈ ਮੈਨੂੰ ਯਾਦ ਕੀਤਾ ਜਾਂਦਾ ਹੈ, ਤਾਂ ਇਹ ਬਹੁਤ ਮਜ਼ੇਦਾਰ ਹੋਵੇਗਾ'।"
'ਫਾਰਟ ਵਾਕ' ਕਿਵੇਂ ਕੀਤੀ ਜਾਵੇ?

ਉਂਝ ਤਾਂ ਤੁਹਾਨੂੰ ਹਰ ਵਾਰ ਕੁਝ ਖਾਣ ਤੋਂ ਬਾਅਦ ਤੁਰਨਾ-ਫਿਰਨਾ ਚਾਹੀਦਾ ਹੈ, ਪਰ ਇਸ ਦੇ ਲਈ ਸਭ ਤੋਂ ਵਧੀਆ ਸਮਾਂ ਹੈ ਤੁਹਾਡੇ ਮੁੱਖ ਖਾਣੇ ਤੋਂ ਬਾਅਦ, ਜੋ ਕਿ ਜ਼ਿਆਦਾਤਰ ਲੋਕਾਂ ਲਈ ਰਾਤ ਦਾ ਖਾਣਾ ਹੈ।
ਇਸ ਦੇ ਲਈ ਕੋਈ ਸਖ਼ਤ ਨਿਯਮ ਨਹੀਂ ਹਨ, ਪਰ ਐਮਾ ਸੁਝਾਅ ਦਿੰਦੇ ਹਨ ਕਿ ਤੁਹਾਡੇ ਭੋਜਨ ਨੂੰ ਪਚਣਾ ਸ਼ੁਰੂ ਹੋਣ ਦੇਣ ਲਈ ਲਗਭਗ 30 ਮਿੰਟ ਤੋਂ ਇੱਕ ਘੰਟੇ ਦਾ ਸਮਾਂ ਦੇਣਾ ਚਾਹੀਦਾ ਹੈ ਅਤੇ ਫਿਰ ਸੈਰ 'ਤੇ ਜਾਓ।
ਇਸ ਦੇ ਨਾਲ ਹੀ ਸੈਰ ਬਹੁਤ ਲੰਮੀ ਜਾਂ ਥਕਾਊ ਬਣਾਉਣ ਦੀ ਵੀ ਲੋੜ ਨਹੀਂ। ਉਹ ਕਹਿੰਦੇ ਹਨ, "10 ਮਿੰਟ ਤੁਰ ਲਓ, ਸਾਨੂੰ ਚੀਜ਼ਾਂ ਨੂੰ ਜ਼ਿਆਦਾ ਗੁੰਝਲਦਾਰ ਬਣਾਉਣ ਦੀ ਲੋੜ ਨਹੀਂ।''
ਤੁਹਾਨੂੰ ਸਿਰਫ਼ ਆਰਾਮਦਾਇਕ ਜੁੱਤੀਆਂ ਅਤੇ ਮੌਸਮ ਮੁਤਾਬਕ ਸਹੀ ਕੱਪੜੇ ਚਾਹੀਦੇ ਹਨ।
ਐਮਾ ਕਹਿੰਦੇ ਹਨ ਕਿ ਸੋਸ਼ਲ ਮੀਡੀਆ 'ਤੇ ਕਈ ਵਾਰ ਸਿਹਤ ਨੂੰ ਬਹੁਤ ਜ਼ਿਆਦਾ ਗੁੰਝਲਦਾਰ ਵਿਸ਼ਾ ਬਣਾ ਦਿੱਤਾ ਜਾਂਦਾ ਹੈ। ਇਸ ਨੂੰ ਅਮੀਰ ਅਤੇ ਮਹਿੰਗੇ ਲਾਈਫਸਟਾਈਲ ਨਾਲ ਜੋੜਿਆ ਜਾਂਦਾ ਹੈ।
ਉਹ ਕਹਿੰਦੇ ਹਨ, "ਖਾਣੇ ਤੋਂ ਬਾਅਦ ਸੈਰ ਕਰਨ ਵਰਗੀ ਸਧਾਰਨ ਅਤੇ ਸੌਖੀ ਚੀਜ਼ ਬਾਰੇ ਗੱਲ ਕਰਨਾ ਸੱਚਮੁੱਚ ਬਹੁਤ ਚੰਗਾ ਲੱਗਦਾ ਹੈ, ਕਿਉਂਕਿ ਇਹ ਜ਼ਿਆਦਾਤਰ ਲੋਕਾਂ ਲਈ ਬਹੁਤ ਆਸਾਨ ਹੈ। ਇਹ ਪੂਰੀ ਤਰ੍ਹਾਂ ਮੁਫਤ ਹੈ।"
ਮੈਰੀਲਿਨ ਕਹਿੰਦੇ ਹਨ ਕਿ ਉਨ੍ਹਾਂ ਦੇ ਰੁਟੀਨ ਵਿੱਚ "ਫਾਰਟ ਵਾਕ" ਨੂੰ ਸ਼ਾਮਲ ਕਰਨਾ ਇੱਕ "ਨਿੱਕੀ ਚੰਗੀ ਆਦਤ" ਹੈ ਜੋ ਇੱਕ ਸਿਹਤਮੰਦ ਜੀਵਨ ਵਿੱਚ ਵੱਡਾ ਯੋਗਦਾਨ ਪਾਉਂਦੀ ਹੈ।
ਉਹ ਕਹਿੰਦੇ ਹਨ, "ਇਹ ਛੋਟੇ ਸੁਝਾਅ ਤੁਹਾਨੂੰ ਟਰੈਕ 'ਤੇ ਰਹਿਣ ਅਤੇ ਆਪਣੇ ਆਪ ਵਿੱਚ ਸਭ ਤੋਂ ਵਧੀਆ ਮਹਿਸੂਸ ਕਰਨ ਵਿੱਚ ਮਦਦ ਕਰਨਗੇ।"
"ਮੈਂ ਇਸ ਗੱਲ ਤੋਂ ਬਹੁਤ ਖੁਸ਼ ਹਾਂ ਕਿ ਇਹ ਕਿੰਨਾ ਮਸ਼ਹੂਰ ਹੋ ਗਿਆ ਹੈ, ਕਿਉਂਕਿ ਮੇਰਾ ਇੱਕੋ-ਇੱਕ ਉਦੇਸ਼ ਸੀ ਕਿ ਲੋਕ ਸੋਫੇ ਤੋਂ ਉੱਠਣ ਅਤੇ ਥੋੜ੍ਹਾ ਤੁਰਨ-ਫਿਰਨ।''
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












