ਬੱਚਿਆਂ ਦੇ ਕਤਲ ਦੇ ਦੋਸ਼ ਵਿੱਚ ਮਾਂ ਨੂੰ ਉਮਰ ਕੈਦ, ਆਖਿਰ ਕਿਉਂ ਮਾਂ ਨੇ ਹੀ ਆਪਣੇ ਬੱਚਿਆਂ ਦਾ ਕਤਲ ਕੀਤਾ

ਹਾਕਯੁੰਗ ਲੀ

ਤਸਵੀਰ ਸਰੋਤ, TVNZ

ਤਸਵੀਰ ਕੈਪਸ਼ਨ, ਹਾਕਯੁੰਗ ਲੀ ਨੇ ਆਪਣੇ ਪਤੀ ਦੀ ਕੈਂਸਰ ਨਾਲ ਮੌਤ ਤੋਂ ਬਾਅਦ ਆਪਣੇ ਦੋ ਬੱਚਿਆਂ ਨੂੰ ਮਾਰ ਦਿੱਤਾ ਅਤੇ ਉਨ੍ਹਾਂ ਦੀਆਂ ਲਾਸ਼ਾਂ ਸੂਟਕੇਸਾਂ ਵਿੱਚ ਲੁਕਾ ਦਿੱਤੀਆਂ
    • ਲੇਖਕ, ਕੈਲੀ ਐਨਜੀ
    • ਰੋਲ, ਬੀਬੀਸੀ ਨਿਊਜ਼

ਨਿਊਜ਼ੀਲੈਂਡ ਦੀ ਇੱਕ ਮਾਂ ਜਿਸ ਨੇ ਆਪਣੇ ਦੋ ਬੱਚਿਆਂ ਨੂੰ ਮਾਰ ਦਿੱਤਾ ਅਤੇ ਉਨ੍ਹਾਂ ਦੀਆਂ ਲਾਸ਼ਾਂ ਸੂਟਕੇਸ ਵਿੱਚ ਲੁਕਾ ਦਿੱਤੀਆਂ ਸਨ, ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ।

ਹਾਕਯੁੰਗ ਲੀ ਨੂੰ ਸਤੰਬਰ ਵਿੱਚ ਅੱਠ ਸਾਲਾ ਯੂਨਾ ਜੋ ਅਤੇ ਛੇ ਸਾਲਾ ਮਿਨੂ ਜੋ ਦੇ ਹੈਰਾਨ ਕਰਨ ਵਾਲੇ ਕਤਲਾਂ ਦੇ ਮਾਮਲੇ ਵਿੱਚ ਦੋਸ਼ੀ ਪਾਇਆ ਗਿਆ ਸੀ ਅਤੇ ਉਨ੍ਹਾਂ ਨੂੰ ਪੈਰੋਲ ਲੈਣ ਦੇ ਕਾਬਿਲ ਹੋਣ ਲਈ ਘੱਟੋ-ਘੱਟ 17 ਸਾਲ ਜੇਲ੍ਹ ਵਿੱਚ ਬਿਤਾਉਣੇ ਪੈਣਗੇ।

45 ਸਾਲਾ ਲੀ ਨੇ ਦਲੀਲ ਦਿੱਤੀ ਕਿ 2018 ਵਿੱਚ ਹੋਏ ਕਤਲਾਂ ਦੇ ਸਮੇਂ ਉਸ ਦੀ ਮਾਨਸਿਕ ਸਥਿਤੀ ਠੀਕ ਨਹੀਂ ਸੀ, ਇਹ ਵਾਰਦਾਤ ਉਸ ਦੇ ਪਤੀ ਦੀ ਮੌਤ ਤੋਂ ਥੋੜ੍ਹੀ ਦੇਰ ਬਾਅਦ ਹੋਈ ਸੀ। ਹਾਈ ਕੋਰਟ ਦੇ ਜੱਜ ਜੈਫਰੀ ਵੇਨਿੰਗ ਨੇ ਕਿਹਾ ਕਿ ਲੀ ਦੀ ਮਾਨਸਿਕ ਸਿਹਤ ਨੇ ਇਸ ਮਾਮਲੇ ਵਿੱਚ ਭੂਮਿਕਾ ਨਿਭਾਈ, ਪਰ ਉਸ ਦੇ ਕੰਮ ਸੋਚੇ-ਸਮਝੇ ਸਨ।

ਬੱਚਿਆਂ ਦੇ ਅਵਸ਼ੇਸ਼ 2022 ਵਿੱਚ ਇੱਕ ਜੋੜੇ ਨੂੰ ਲੱਭੇ ਸਨ ਜਿਨ੍ਹਾਂ ਨੇ ਆਕਲੈਂਡ ਵਿੱਚ ਇੱਕ ਖਾਲ੍ਹੀ ਪਏ ਸਟੋਰੇਜ ਯੂਨਿਟ ਦੀ ਸਮੱਗਰੀ ਦੀ ਨਿਲਾਮੀ ਜਿੱਤੀ ਸੀ।

ਦੋ ਹਫ਼ਤਿਆਂ ਤੋਂ ਵੱਧ ਸਮੇਂ ਤੱਕ ਚੱਲੇ ਟ੍ਰਾਇਲ ਦੌਰਾਨ ਹਾਕਯੁੰਗ ਲੀ ਦੇ ਬਚਾਅ ਪੱਖ ਦੇ ਵਕੀਲਾਂ ਨੇ ਅਦਾਲਤ ਨੂੰ ਦੱਸਿਆ ਕਿ ਜੋ ਦੀ ਮੌਤ ਤੋਂ ਬਾਅਦ ਉਸ ਦੀ ਮਾਨਸਿਕ ਸਿਹਤ ਵਿਗੜ ਗਈ ਸੀ ਅਤੇ ਉਸ ਨੂੰ ਲੱਗਣ ਲੱਗਾ ਕਿ ਜੇਕਰ ਬਾਕੀ ਪਰਿਵਾਰ ਵੀ ਇਕੱਠੇ ਮਰ ਜਾਵੇ ਤਾਂ ਬਿਹਤਰ ਹੋਵੇਗਾ।

ਉਸ ਦੇ ਵਕੀਲਾਂ ਨੇ ਦੱਸਿਆ ਕਿ ਲੀ ਨੇ ਜੂਸ ਵਿੱਚ ਐਂਟੀ ਡਿਪ੍ਰੈਸੈਂਟ ਨੌਰਟ੍ਰਿਪਟਾਈਲਾਈਨ ਮਿਲਾ ਕੇ ਖ਼ੁਦ ਨੂੰ ਅਤੇ ਆਪਣੇ ਬੱਚਿਆਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ, ਪਰ ਡੋਜ਼ ਗ਼ਲਤ ਹੋ ਗਈ ਸੀ ਅਤੇ ਜਦੋਂ ਉਹ ਜਾਗੀ ਤਾਂ ਉਸ ਨੇ ਦੇਖਿਆ ਕਿ ਬੱਚੇ ਮਰ ਗਏ ਸਨ।

ਉਧਰ ਸਰਕਾਰੀ ਵਕੀਲਾਂ ਨੇ ਦਲੀਲ ਦਿੱਤੀ ਕਿ ਲੀ ਵੱਲੋਂ ਕੀਤਾ ਇਹ ਕਾਰਾ "ਇਕੱਲੇ ਪਾਲਣ-ਪੋਸ਼ਣ ਦੇ ਬੋਝ ਤੋਂ ਆਪਣੇ ਆਪ ਨੂੰ ਮੁਕਤ ਕਰਨ ਦੇ ਮਤਲਬ ਨਾਲ ਕੀਤਾ ਗਿਆ ਸੀ।"

ਕਤਲਾਂ ਤੋਂ ਬਾਅਦ ਲੀ ਨੇ ਆਪਣਾ ਨਾਮ ਬਦਲ ਲਿਆ ਅਤੇ ਨਿਊਜ਼ੀਲੈਂਡ ਛੱਡ ਦਿੱਤਾ।

ਉਸ ਨੂੰ ਸਤੰਬਰ 2022 ਵਿੱਚ ਦੱਖਣੀ ਕੋਰੀਆ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਸੇ ਸਾਲ ਦੇ ਅਖ਼ੀਰ ਵਿੱਚ ਉਸ ਨੂੰ ਵਾਪਸ ਨਿਊਜ਼ੀਲੈਂਡ ਭੇਜ ਦਿੱਤਾ ਗਿਆ ਸੀ।

ਇੱਥੇ ਜ਼ਿਕਰਯੋਗ ਹੈ ਕਿ ਦੱਖਣੀ ਕੋਰੀਆ ਵਿੱਚ ਹੀ ਲੀ ਦਾ ਜਨਮ ਹੋਇਆ ਸੀ।

ਇਹ ਵੀ ਪੜ੍ਹੋ-

ਬੁੱਧਵਾਰ ਨੂੰ ਅਦਾਲਤ ਨੇ ਸੁਣਿਆ ਕਿ ਇਨ੍ਹਾਂ ਕਤਲਾਂ ਨੇ ਲੀ ਅਤੇ ਉਸ ਦੇ ਪਤੀ ਇਆਨ ਦੇ ਪਰਿਵਾਰਾਂ ਨੂੰ ਕਿੰਨਾ ਦੁੱਖ ਪਹੁੰਚਾਇਆ ਹੈ।

ਵਕੀਲਾਂ ਦੁਆਰਾ ਪੜ੍ਹੇ ਗਏ ਇੱਕ ਭਾਵੁਕ ਬਿਆਨ ਵਿੱਚ, ਲੀ ਦੀ ਮਾਂ, ਚੂਨ ਜਾ ਲੀ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੀ ਧੀ ਨੂੰ ਕੌਂਸਲਰ ਕੋਲ ਨਾ ਲੈ ਕੇ ਜਾਣ ਦਾ ਅਫ਼ਸੋਸ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਨਵੰਬਰ 2017 ਵਿੱਚ ਕੈਂਸਰ ਨਾਲ ਜੋ ਦੀ ਮੌਤ ਤੋਂ ਬਾਅਦ ਲੀ ਵਿੱਚ "ਜਿਉਣ ਦੀ ਕੋਈ ਇੱਛਾ ਨਹੀਂ" ਬਚੀ ਸੀ।

ਨਿਊਜ਼ੀਲੈਂਡ ਮੀਡੀਆ ਰਿਪੋਰਟਾਂ ਦੇ ਅਨੁਸਾਰ, ਚੂਨ ਜਾ ਲੀ ਨੇ ਲਿਖਿਆ, "ਜੇ ਉਹ ਮਰਨਾ ਚਾਹੁੰਦੀ ਸੀ, ਤਾਂ ਉਹ ਇਕੱਲੀ ਕਿਉਂ ਨਹੀਂ ਮਰ ਗਈ? ਉਹ ਮਾਸੂਮ ਬੱਚਿਆਂ ਨੂੰ ਆਪਣੇ ਨਾਲ ਕਿਉਂ ਲੈ ਗਈ?"

ਜੋ ਦੇ ਭਰਾ, ਜਿੰਮੀ ਨੇ ਕਿਹਾ ਕਿ ਉਨ੍ਹਾਂ ਨੇ "ਕਦੇ ਨਹੀਂ ਸੋਚਿਆ ਸੀ ਕਿ ਸਾਡੇ ਪਰਿਵਾਰ 'ਤੇ ਅਜਿਹਾ ਦੁਖਾਂਤ ਵੀ ਆਵੇਗਾ।"

ਉਨ੍ਹਾਂ ਨੇ ਕਿਹਾ ਕਿ ਉਸਦੀ ਆਪਣੀ ਮਾਂ ਭਾਵ ਯੂਨਾ ਅਤੇ ਮੀਨੂ ਦੀ ਦਾਦੀ ਨੂੰ ਅਜੇ ਤੱਕ ਵੀ ਨਹੀਂ ਪਤਾ ਕਿ ਉਹ ਮਰ ਗਈਆਂ ਹਨ।

ਨਿਊਜ਼ੀਲੈਂਡ

ਜਿੰਮੀ ਜੋ ਨੇ ਕਿਹਾ, "ਇਹ ਮੇਰੇ ਮ੍ਰਿਤਕ ਭਰਾ ਦੀ ਇੱਛਾ ਸੀ ਕਿ ਮੈਂ ਉਨ੍ਹਾਂ ਦੀ ਰੱਖਿਆ ਕਰਾਂ। ਇਹ ਮੇਰੇ ਲਈ ਇੱਕ ਤਾਂਉਮਰ ਦੀ ਸਜ਼ਾ ਹੈ, ਜਿਸ ਤੋਂ ਮੈਨੂੰ ਕਦੇ ਵੀ ਪੈਰੋਲ ਨਹੀਂ ਮਿਲ ਸਕਦੀ।"

ਸਥਾਨਕ ਪ੍ਰਸਾਰਕ ਆਰਐੱਨਜ਼ੈੱਡ ਨੇ ਰਿਪੋਰਟ ਦਿੱਤੀ ਕਿ ਸਜ਼ਾ ਸੁਣਾਉਣ ਤੋਂ ਪਹਿਲਾਂ ਕੀਤੇ ਗਏ ਇੱਕ ਮਨੋਵਿਗਿਆਨਕ ਮੁਲਾਂਕਣ ਤੋਂ ਪਤਾ ਲੱਗ ਕਿ ਲੀ ਕਤਲਾਂ ਵੇਲੇ ਸ਼ਾਇਦ "ਅਟਿਪੀਕਲ (ਅਸਾਧਾਰਨ) ਡਿਪਰੈਸ਼ਨ" ਅਤੇ ਲੰਬੇ ਸਮੇਂ ਤੱਕ ਸੋਗ ਪ੍ਰਤੀਕ੍ਰਿਆ ਨਾਲ ਜੂਝ ਰਹੀ ਸੀ।

ਜਸਟਿਸ ਵੇਨਿੰਗ ਨੇ ਹੁਕਮ ਦਿੱਤਾ ਕਿ ਲੀ ਦੀ ਮਾਨਸਿਕ ਸਥਿਤੀ ਨੂੰ ਦੇਖਦੇ ਹੋਏ ਜੇਲ੍ਹ ਵਿੱਚ ਉਨ੍ਹਾਂ ਨਾਲ "ਵਿਸ਼ੇਸ਼ ਮਰੀਜ਼" ਵਾਲਾ ਵਤੀਰਾ ਕੀਤਾ ਜਾਵੇ।

ਜੱਜ ਨੇ ਕਿਹਾ, "ਜਦੋਂ (ਤੁਹਾਡਾ ਪਤੀ) ਬਹੁਤ ਬਿਮਾਰ ਹੋ ਗਏ ਤਾਂ ਤੁਸੀਂ ਇਸ ਦਾ ਸਾਹਮਣਾ ਨਹੀਂ ਕਰ ਸਕੇ ਅਤੇ ਸ਼ਾਇਦ ਤੁਸੀਂ ਬਰਦਾਸ਼ਤ ਨਹੀਂ ਕਰ ਸਕੇ ਕਿ ਤੁਹਾਡੇ ਆਲੇ-ਦੁਆਲੇ ਬੱਚੇ ਹੋਣ, ਜੋ ਤੁਹਾਡੀ ਪੁਰਾਣੀ ਖੁਸ਼ਹਾਲ ਜ਼ਿੰਦਗੀ ਬਾਰੇ ਲਗਾਤਾਰ ਯਾਦ ਦਿਵਾਉਂਦੇ ਰਹਿਣ, ਜਿਸ ਨੂੰ ਤੁਹਾਡੇ ਕੋਲੋਂ ਬੇਰਹਿਮੀ ਨਾਲ ਖੋਹ ਲਈ ਗਈ।"

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)