ਬੱਚੇ ਨੂੰ ਲੈ ਕੇ ਦੇਸ਼ 'ਚੋਂ ਭੱਜੀ ਕੁੜੀ ਕਿਵੇਂ ਬਾਡੀ ਬਿਲਡਿੰਗ ਦੀ ਚੈਂਪੀਅਨ ਬਣ ਗਈ

- ਲੇਖਕ, ਮਹਿਜੁਬਾ ਨੌਰੋਜ਼ੀ
- ਰੋਲ, ਬੀਬੀਸੀ ਪੱਤਰਕਾਰ
ਸਟੇਜ 'ਤੇ ਇੱਕ ਔਰਤ ਚਮਕਦੇ ਕ੍ਰਿਸਟਲਜ਼ ਨਾਲ ਜੜੀ ਬਿਕਨੀ ਵਿੱਚ ਦਮਕ ਰਹੀ ਹੈ।
ਉਸਦੀ ਸੁਨਹਿਰੀ, ਧੁੱਪ 'ਚ ਨਿਖਰੀ ਚਮੜੀ 'ਤੇ ਹਰ ਮਾਸਪੇਸ਼ੀ ਜਿੰਮ ਵਿੱਚ ਬਿਤਾਏ ਘੰਟਿਆਂ ਦੀ ਗਵਾਹੀ ਭਰਦੀ ਹੈ।
ਰੋਇਆ ਕਰੀਮੀ ਦਾ ਖ਼ੂਬਸੂਰਤੀ ਨਾਲ ਕੀਤਾ ਗਿਆ ਮੇਕਅੱਪ ਅਤੇ ਸੁਨਹਿਰੀ ਰੰਗ ਦੇ ਵਾਲ ਇਹ ਝਲਕ ਦਿੰਦੇ ਹਨ ਜਿਵੇਂ ਉਹ ਮਿਸ ਯੂਨੀਵਰਸ ਦੇ ਫਾਈਨਲ ਦਾ ਹਿੱਸਾ ਹੋਣ।
ਇਹ ਸੋਚਣਾ ਔਖਾ ਹੈ ਕਿ ਮਹਿਜ਼ 15 ਸਾਲ ਪਹਿਲਾਂ, ਉਹ ਅਫਗਾਨਿਸਤਾਨ ਵਿੱਚ ਇੱਕ ਕਿਸ਼ੋਰ ਮਾਂ ਸੀ, ਜਿਸਨੂੰ ਬਾਲ ਵਿਆਹ ਲਈ ਮਜਬੂਰ ਕੀਤਾ ਗਿਆ ਸੀ। ਪਰ ਉਹ ਬਚ ਗਈ ਅਤੇ ਉਸਨੇ ਆਪਣੀ ਜ਼ਿੰਦਗੀ ਦੀ ਕਹਾਣੀ ਦੁਬਾਰਾ ਲਿਖੀ।

ਤਸਵੀਰ ਸਰੋਤ, r0ya.ka/Insta
ਰੋਇਆ ਹੁਣ 30 ਸਾਲਾਂ ਦੀ ਹੋ ਗਈ ਹੈ, ਉਹ ਯੂਰਪ ਦੀਆਂ ਚੋਟੀ ਦੀਆਂ ਬਾਡੀ ਬਿਲਡਰਾਂ ਵਿੱਚੋਂ ਇੱਕ ਹੈ।
ਉਹ ਇਸ ਹਫ਼ਤੇ ਵਿਸ਼ਵ ਬਾਡੀ ਬਿਲਡਿੰਗ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਲਈ ਤਿਆਰ ਹੈ।
ਉਸਦਾ ਸਫ਼ਰ ਕਲਪਨਾ ਤੋਂ ਪਰ੍ਹੇ ਦਾ ਹੈ। ਉਸਨੇ ਦੋ ਸਾਲ ਪਹਿਲਾਂ ਇੱਕ ਪੇਸ਼ੇਵਰ ਖਿਡਾਰੀ ਵਜੋਂ ਬਾਡੀ ਬਿਲਡਿੰਗ ਨੂੰ ਚੁਣਿਆ ਸੀ।
ਪਰ ਜਦੋਂ ਉਹ ਆਪਣੀ ਮਾਂ ਅਤੇ ਛੋਟੇ ਪੁੱਤ ਨਾਲ ਅਫ਼ਗਾਨਿਸਤਾਨ ਤੋਂ ਭੱਜ ਕੇ ਆਈ ਸੀ ਅਤੇ ਨਾਰਵੇ ਵਿੱਚ ਸ਼ਰਨ ਲਈ ਸੀ ਉਸ ਸਮੇਂ ਇਸ ਸਭ ਦੀ ਕਲਪਨਾ ਕਰਨਾ ਔਖਾ ਸੀ।
ਉਸ ਨੇ ਨਾਰਵੇ ਵਿੱਚ ਇੱਕ ਨਵੀਂ ਜ਼ਿੰਦਗੀ ਸ਼ੁਰੂ ਕੀਤੀ, ਆਪਣੀ ਪੜ੍ਹਾਈ ਜਾਰੀ ਰੱਖੀ ਅਤੇ ਇੱਕ ਨਰਸ ਬਣ ਗਈ। ਉੱਥੇ ਹੀ ਉਸ ਦੀ ਮੁਲਾਕਾਤ ਆਪਣੇ ਦੂਜੇ ਪਤੀ ਨਾਲ ਹੋਈ, ਜੋ ਕਿ ਇੱਕ ਬਾਡੀ ਬਿਲਡਰ ਵੀ ਹੈ।
ਰੋਇਆ ਕਹਿੰਦੇ ਹਨ ਕਿ ਬਾਡੀ ਬਿਲਡਿੰਗ ਨੇ ਉਸਨੂੰ ਮਾਨਸਿਕ ਅਤੇ ਸਮਾਜਿਕ ਪਾਬੰਦੀਆਂ ਤੋਂ ਮੁਕਤ ਕਰ ਦਿੱਤਾ, ਉਹ ਪਾਬੰਦੀਆਂ ਜੋ ਉਸ ਉੱਤੇ ਸਾਲਾਂ ਤੋਂ ਥੋਪੀਆਂ ਗਈਆਂ ਸਨ।
ਉਨ੍ਹਾਂ ਨੇ ਬੀਬੀਸੀ ਨਿਊਜ਼ ਅਫਗਾਨ ਨੂੰ ਦੱਸਿਆ, "ਜਦੋਂ ਵੀ ਮੈਂ ਜਿੰਮ ਜਾਂਦੀ ਹਾਂ, ਮੈਨੂੰ ਯਾਦ ਆਉਂਦਾ ਹੈ ਕਿ ਅਫ਼ਗਾਨਿਸਤਾਨ ਵਿੱਚ ਇੱਕ ਸਮਾਂ ਸੀ ਜਦੋਂ ਮੈਨੂੰ ਖੁੱਲ੍ਹ ਕੇ ਕਸਰਤ ਕਰਨ ਦੀ ਇਜਾਜ਼ਤ ਨਹੀਂ ਸੀ।"
ਰੋਇਆ ਦੀ ਜੀਵਨ ਕਹਾਣੀ ਰਵਾਇਤਾਂ ਦੀਆਂ ਪਾਬੰਦੀਆਂ ਖ਼ਿਲਾਫ਼ ਲੜਨ ਅਤੇ ਆਪਣੀ ਪਛਾਣ ਨੂੰ ਮੁੜ ਸੁਰਜੀਤ ਕਰਨ ਬਾਰੇ ਹੈ।
ਉਸ ਦੀ ਕਹਾਣੀ ਉਸ ਦੇ ਦੇਸ਼ ਦੀਆਂ ਉਨ੍ਹਾਂ ਔਰਤਾਂ ਨੂੰ ਪ੍ਰੇਰਿਤ ਕਰਨ ਬਾਰੇ ਹੈ ਜੋ ਅਜੇ ਵੀ ਸਖ਼ਤ ਪਾਬੰਦੀਆਂ ਹੇਠ ਜ਼ਿੰਦਗੀ ਬਿਤਾ ਰਹੀਆਂ ਹਨ।
ਇਨ੍ਹਾਂ ਵਿੱਚੋਂ ਕੁਝ ਪਾਬੰਦੀਆਂ ਉਦੋਂ ਵੀ ਲਾਗੂ ਸਨ ਜਦੋਂ ਰੋਇਆ ਅਫਗਾਨਿਸਤਾਨ ਵਿੱਚ ਰਹਿੰਦੀ ਸੀ।
ਪਰ 2021 ਵਿੱਚ ਤਾਲਿਬਾਨ ਦੇ ਸੱਤਾ ਵਿੱਚ ਵਾਪਸ ਆਉਣ ਤੋਂ ਬਾਅਦ, ਸਥਿਤੀ ਹੋਰ ਵੀ ਵਿਗੜ ਗਈ।
ਹੁਣ ਅਫ਼ਗਾਨਿਸਤਾਨ ਵਿੱਚ ਔਰਤਾਂ ਨੂੰ 12 ਸਾਲ ਦੀ ਉਮਰ ਤੋਂ ਬਾਅਦ ਸਕੂਲ ਜਾਣ ਦੀ ਮਨਾਹੀ ਹੈ।
ਉਨ੍ਹਾਂ ਨੂੰ ਜ਼ਿਆਦਾਤਰ ਨੌਕਰੀਆਂ ਤੋਂ ਬਾਹਰ ਰੱਖਿਆ ਜਾਂਦਾ ਹੈ ਅਤੇ ਉਹ ਮਰਦਾਂ ਦੀ ਸਰਪ੍ਰਸਤੀ ਤੋਂ ਬਿਨ੍ਹਾਂ ਲੰਬੀ ਦੂਰੀ ਦੀ ਯਾਤਰਾ ਨਹੀਂ ਕਰ ਸਕਦੀਆਂ।
ਉਨ੍ਹਾਂ ਨੂੰ ਜਨਤਕ ਤੌਰ 'ਤੇ ਉੱਚੀ ਆਵਾਜ਼ ਵਿੱਚ ਬੋਲਣ ਦੀ ਇਜਾਜ਼ਤ ਨਹੀਂ ਹੈ।
ਰੋਇਆ ਕਹਿੰਦੇ ਹਨ, "ਮੈਂ ਖੁਸ਼ਕਿਸਮਤ ਹਾਂ ਕਿ ਮੈਂ ਉਸ ਮਾਹੌਲ ਤੋਂ ਬਚ ਨਿਕਲੀ, ਪਰ ਬਹੁਤ ਸਾਰੀਆਂ ਔਰਤਾਂ ਅਜੇ ਵੀ ਸਿੱਖਿਆ ਵਰਗੇ ਆਪਣੇ ਬੁਨਿਆਦੀ ਮਨੁੱਖੀ ਅਧਿਕਾਰਾਂ ਤੋਂ ਵਾਂਝੀਆਂ ਹਨ। ਇਹ ਬਹੁਤ ਦੁਖਦਾਈ ਅਤੇ ਦਿਲ ਦਹਿਲਾਉਣ ਵਾਲਾ ਹੈ।"
ਇੱਕ ਨਵੇਂ ਭਵਿੱਖ ਦੀ ਤਲਾਸ਼

ਤਾਲਿਬਾਨ ਦੇ ਸੱਤਾ ਵਿੱਚ ਵਾਪਸ ਆਉਣ ਤੋਂ ਕਈ ਸਾਲ ਪਹਿਲਾਂ, ਰੋਇਆ ਨੇ ਫ਼ੈਸਲਾ ਕਰ ਲਿਆ ਸੀ ਕਿ ਉਹ ਅਜਿਹੀ ਜ਼ਿੰਦਗੀ ਨਹੀਂ ਚਾਹੁੰਦੀ।
2011 ਵਿੱਚ ਅਫ਼ਗਾਨਿਸਤਾਨ ਛੱਡਣ ਅਤੇ ਆਪਣੇ ਪਹਿਲੇ ਪਤੀ ਨੂੰ ਪਿੱਛੇ ਛੱਡਣ ਦਾ ਉਸਦਾ ਫ਼ੈਸਲਾ ਬਹੁਤ ਜੋਖ਼ਮ ਭਰਿਆ ਸੀ।
ਖ਼ਾਸ ਕਰਕੇ ਇੱਕ ਰਵਾਇਤੀ ਅਫ਼ਗਾਨ ਸਮਾਜ ਵਿੱਚ ਰਹਿਣ ਵਾਲੀ ਔਰਤ ਲਈ।
ਹੁਣ ਉਹ ਉਸ ਸਮੇਂ ਦੀਆਂ ਗੱਲਾਂ ਨੂੰ ਯਾਦ ਨਹੀਂ ਕਰਨਾ ਚਾਹੁੰਦੀ ਅਤੇ ਨਾ ਹੀ ਉਸ ਨੂੰ ਇਸ ਬਾਰੇ ਗੱਲ ਕਰਨਾ ਪਸੰਦ ਹੈ।
ਨਾਰਵੇ ਪਹੁੰਚਣ 'ਤੇ ਉਨ੍ਹਾਂ ਨੂੰ ਇੱਕ ਬਿਲਕੁਲ ਵੱਖਰੇ ਵਾਤਾਵਰਣ ਦੇ ਅਨੁਕੂਲ ਹੋਣਾ ਪਿਆ, ਇੱਕ ਬੇਹੱਦ ਆਧੁਨਿਕ ਸਮਾਜ।
ਉਸਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਤੋਰਨ ਲਈ ਨੌਕਰੀ ਕਰਨੀ ਪਈ ਅਤੇ ਨਾਲ ਹੀ ਨਾਰਵੇ ਦੀ ਭਾਸ਼ਾ ਵੀ ਸਿੱਖਣੀ ਪਈ।
ਸ਼ੁਰੂਆਤੀ ਦਿਨ ਬਹੁਤ ਔਖੇ ਸਨ, ਪਰ ਹੌਲੀ-ਹੌਲੀ ਉਸਦੀ ਮਿਹਨਤ ਰੰਗ ਲਿਆਈ।
ਰੋਇਆ ਨੇ ਨਰਸਿੰਗ ਦੀ ਪੜ੍ਹਾਈ ਕੀਤੀ ਅਤੇ ਰਾਜਧਾਨੀ ਓਸਲੋ ਦੇ ਇੱਕ ਹਸਪਤਾਲ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ।
ਬਾਡੀ ਬਿਲਡਿੰਗ ਨਾਲ ਜ਼ਿੰਦਗੀ ਵਿੱਚ ਇੱਕ ਨਵਾਂ ਮੋੜ ਆਇਆ

ਜਿੰਮ ਜਾਣਾ ਅਤੇ ਬਾਡੀ ਬਿਲਡਿੰਗ ਕਰਨਾ ਉਸ ਦੀ ਜ਼ਿੰਦਗੀ ਦਾ ਅਗਲਾ ਮੋੜ ਸਾਬਤ ਹੋਇਆ।
ਇਹ ਸਿਰਫ਼ ਸਰੀਰਕ ਕਸਰਤ ਨਹੀਂ ਸੀ ਸਗੋਂ ਆਤਮ-ਵਿਸ਼ਵਾਸ ਅਤੇ ਮੁੜ ਆਪਣੀ ਪਛਾਣ ਪ੍ਰਾਪਤ ਕਰਨ ਦਾ ਸਾਧਨ ਬਣ ਗਈ।
ਉੱਥੇ ਹੀ ਉਸਦੀ ਮੁਲਾਕਾਤ ਇੱਕ ਹੋਰ ਅਫ਼ਗਾਨ, ਕਮਾਲ ਜਲਾਲੂਦੀਨ ਨਾਲ ਹੋਈ। ਉਹ ਲੰਬੇ ਸਮੇਂ ਤੋਂ ਬਾਡੀ ਬਿਲਡਿੰਗ ਨਾਲ ਜੁੜੇ ਹੋਏ ਸਨ ਅਤੇ ਹੁਣ ਰੋਇਆ ਦੇ ਸਭ ਤੋਂ ਵੱਡੇ ਸਮਰਥਕਾਂ ਵਿੱਚੋਂ ਇੱਕ ਹਨ।
ਰੋਇਆ ਕਹਿੰਦੀ ਹੈ, "ਕਮਲ ਨੂੰ ਮਿਲਣ ਤੋਂ ਪਹਿਲਾਂ, ਮੈਂ ਬਾਡੀ ਬਿਲਡਿੰਗ ਨੂੰ ਇੱਕ ਖੇਡ ਵਜੋਂ ਪਸੰਦ ਕਰਦੀ ਸੀ, ਪਰ ਪੇਸ਼ੇਵਰ ਤੌਰ 'ਤੇ ਨਹੀਂ।"
"ਉਸਦੇ ਸਮਰਥਨ ਨੇ ਮੈਨੂੰ ਉਸ ਰਸਤੇ 'ਤੇ ਚੱਲਣ ਦੀ ਹਿੰਮਤ ਦਿੱਤੀ ਜਿਸ ਨੂੰ ਅਕਸਰ ਔਰਤਾਂ ਲਈ ਵਰਜਿਤ ਮੰਨਿਆ ਜਾਂਦਾ ਸੀ। ਮੇਰਾ ਮੰਨਣਾ ਹੈ ਕਿ ਜੇਕਰ ਕੋਈ ਮਰਦ ਕਿਸੇ ਔਰਤ ਦਾ ਸਮਰਥਨ ਕਰਦਾ ਹੈ, ਤਾਂ ਵੱਡੀਆਂ ਚੀਜ਼ਾਂ ਸੰਭਵ ਹਨ।"

ਧਮਕੀਆਂ ਅਤੇ ਆਲੋਚਨਾ
ਤਕਰੀਬਨ 18 ਮਹੀਨੇ ਪਹਿਲਾਂ, ਰੋਇਆ ਨੇ ਨਰਸ ਦੀ ਨੌਕਰੀ ਛੱਡ ਦਿੱਤੀ ਅਤੇ ਪੇਸ਼ੇਵਰ ਤੌਰ 'ਤੇ ਬਾਡੀ ਬਿਲਡਿੰਗ ਅਪਣਾ ਲਈ।
ਇਹ ਇੱਕ ਜੋਖਮ ਭਰਿਆ ਫ਼ੈਸਲਾ ਸੀ। ਪਰ ਉਸ ਦੇ ਲਈ ਅਸਲ ਚੁਣੌਤੀ ਨੌਕਰੀ ਬਦਲਣਾ ਨਹੀਂ ਸੀ, ਸਗੋਂ ਉਨ੍ਹਾਂ ਆਜ਼ਾਦੀਆਂ ਨੂੰ ਅਪਣਾਉਣਾ ਸੀ ਜਿਨ੍ਹਾਂ ਤੋਂ ਉਹ ਅਫ਼ਗਾਨਿਸਤਾਨ ਵਿੱਚ ਵਾਂਝੀ ਰਹਿ ਗਈ ਸੀ।
ਰੋਇਆ ਕਹਿੰਦੀ ਹੈ, "ਸਾਡੀ ਸਭ ਤੋਂ ਵੱਡੀ ਚੁਣੌਤੀ ਉਨ੍ਹਾਂ ਸੀਮਾਵਾਂ ਅਤੇ ਨਿਯਮਾਂ ਨੂੰ ਤੋੜਨਾ ਸੀ ਜੋ ਦੂਜਿਆਂ ਨੇ ਸਾਡੇ ਲਈ ਰਵਾਇਤਾਂ, ਸੱਭਿਆਚਾਰ, ਧਰਮ, ਜਾਂ ਕਿਸੇ ਵੀ ਚੀਜ਼ ਦੇ ਨਾਮ 'ਤੇ ਨਿਰਧਾਰਤ ਕੀਤੇ ਸਨ।"
"ਪਰ ਜੇ ਤੁਸੀਂ ਕੁਝ ਨਵਾਂ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਪਹਿਲਾਂ ਉਨ੍ਹਾਂ ਸੀਮਾਵਾਂ ਨੂੰ ਤੋੜਨਾ ਪਵੇਗਾ।"
ਪਰ ਰੋਇਆ ਨੂੰ ਇਸ ਸਫ਼ਰ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਸਟੇਜ 'ਤੇ ਉਸ ਦੀ ਬਿਕਨੀ ਪਹਿਨੀ ਦਿੱਖ, ਉਸ ਦੇ ਖੁੱਲ੍ਹੇ ਵਾਲ ਅਤੇ ਉਸ ਦਾ ਮੇਕਅੱਪ ਅਫ਼ਗਾਨ ਸਮਾਜ ਦੇ ਮਿਆਰਾਂ ਅਤੇ ਮੌਜੂਦਾ ਸਰਕਾਰੀ ਪਾਬੰਦੀਆਂ ਦੇ ਪੂਰੀ ਤਰ੍ਹਾਂ ਉਲਟ ਹੈ।
ਇਸ ਲਈ ਇਹ ਹੈਰਾਨੀ ਵਾਲੀ ਗੱਲ ਨਹੀਂ ਹੈ ਕਿ ਉਸ ਨੂੰ ਸੋਸ਼ਲ ਮੀਡੀਆ 'ਤੇ ਆਲੋਚਨਾ, ਦੁਰ-ਵਿਵਹਾਰ ਅਤੇ ਇੱਥੋਂ ਤੱਕ ਕਿ ਮੌਤ ਦੀਆਂ ਧਮਕੀਆਂ ਦਾ ਸਾਹਮਣਾ ਕਰਨਾ ਪਿਆ।
ਪਰ ਉਹ ਇਨ੍ਹਾਂ ਆਲੋਚਨਾਵਾਂ ਨੂੰ ਰੱਦ ਕਰਦੀ ਹੈ।
ਉਹ ਕਹਿੰਦੀ ਹੈ, "ਲੋਕ ਸਿਰਫ਼ ਮੇਰਾ ਬਾਹਰੀ ਰੂਪ ਦੇਖਦੇ ਹਨ, ਮੇਰਾ ਬਿਕਨੀ ਲੁੱਕ। ਉਹ ਮੇਰੇ ਸਾਲਾਂ ਦੇ ਦਰਦ, ਸਖ਼ਤ ਮਿਹਨਤ ਅਤੇ ਸਬਰ ਨੂੰ ਨਹੀਂ ਦੇਖਦੇ। ਇਹ ਸਫ਼ਲਤਾਵਾਂ ਆਸਾਨੀ ਨਾਲ ਨਹੀਂ ਮਿਲੀਆਂ।"
ਫਿਰ ਵੀ, ਰੋਇਆ ਦਾ ਸੋਸ਼ਲ ਮੀਡੀਆ ਪ੍ਰਤੀ ਕੋਈ ਨਕਾਰਾਤਮਕ ਰਵੱਈਆ ਨਹੀਂ ਹੈ। ਇਹ ਉਸ ਲਈ ਅਫ਼ਗਾਨਿਸਤਾਨ ਦੀਆਂ ਔਰਤਾਂ ਤੱਕ ਪਹੁੰਚਣ ਦਾ ਇੱਕ ਤਰੀਕਾ ਹੈ, ਜਿੱਥੇ ਉਹ ਸਰੀਰਕ ਸਿਹਤ, ਆਤਮ-ਵਿਸ਼ਵਾਸ ਅਤੇ ਸਵੈ-ਸੁਧਾਰ ਦੀ ਮਹੱਤਤਾ ਬਾਰੇ ਚਰਚਾ ਕਰਦੀ ਹੈ।
ਇਤਿਹਾਸ ਰਚਣ ਦੀ ਤਿਆਰੀ

ਹੁਣ ਰੋਇਆ ਵਿਸ਼ਵ ਬਾਡੀ ਬਿਲਡਿੰਗ ਚੈਂਪੀਅਨਸ਼ਿਪ ਦੀ ਤਿਆਰੀ ਕਰ ਰਹੀ ਹੈ, ਜੋ ਇਸ ਹਫ਼ਤੇ ਬਾਰਸੀਲੋਨਾ ਵਿੱਚ ਸ਼ੁਰੂ ਹੋ ਰਹੀ ਹੈ।
ਉਹ ਇਸ ਸਾਲ ਆਪਣੀਆਂ ਪਹਿਲੀਆਂ ਸਫ਼ਲਤਾਵਾਂ ਦੀ ਇਬਾਰਤ ਲਿਖਣਾ ਚਾਹੁੰਦੀ ਹੈ।
ਅਪ੍ਰੈਲ ਵਿੱਚ, ਉਸਨੇ ਸਟੋਪੇਰੀਏਟ ਓਪਨ ਬਾਡੀ ਬਿਲਡਿੰਗ ਮੁਕਾਬਲੇ ਵਿੱਚ ਵੈਲਨੈਸ ਕੈਟੇਗਰੀ ਵਿੱਚ ਸੋਨ ਤਗਮਾ ਜਿੱਤਿਆ, ਜੋ ਮਾਸਪੇਸ਼ੀਆਂ ਨਾਲੋਂ ਕੁਦਰਤੀ ਤੰਦਰੁਸਤੀ, ਇੱਕ ਸਿਹਤਮੰਦ ਦਿੱਖ ਅਤੇ ਸਧਾਰਨ ਸੁੰਦਰਤਾ ਨੂੰ ਤਰਜੀਹ ਦਿੰਦਾ ਹੈ।
ਥੋੜ੍ਹੀ ਦੇਰ ਬਾਅਦ, ਉਸ ਨੇ ਨਾਰਵੇ ਕਲਾਸਿਕ 2025 ਖ਼ਿਤਾਬ ਜਿੱਤਿਆ, ਇੱਕ ਮੁਕਾਬਲਾ ਜੋ ਸਕੈਂਡੇਨੇਵੀਆ ਭਰ ਦੇ ਐਥਲੀਟਾਂ ਨੂੰ ਇਕੱਠਾ ਕਰਦਾ ਹੈ।
ਫਿਰ ਉਸ ਨੇ ਯੂਰਪੀਅਨ ਚੈਂਪੀਅਨਸ਼ਿਪਾਂ ਵਿੱਚ ਹਿੱਸਾ ਲਿਆ ਅਤੇ ਉੱਥੋਂ ਵਿਸ਼ਵ ਚੈਂਪੀਅਨਸ਼ਿਪ ਲਈ ਕੁਆਲੀਫਾਈ ਕੀਤਾ।
ਰੋਇਆ ਕਹਿੰਦੀ ਹੈ, "ਮੈਂ ਬਹੁਤ ਖੁਸ਼ ਹਾਂ ਅਤੇ ਮਾਣ ਮਹਿਸੂਸ ਕਰ ਰਹੀ ਹਾਂ। ਅਜਿਹਾ ਲੱਗਦਾ ਹੈ ਕਿ ਮੇਰਾ ਸਤਿਕਾਰ ਵਧ ਗਿਆ ਹੈ। ਇਹ ਸਾਲ ਬਹੁਤ ਮੁਸ਼ਕਲ ਰਿਹਾ ਹੈ, ਪਰ ਮੈਂ ਕਦਮ-ਦਰ-ਕਦਮ ਅੱਗੇ ਵਧਦੀ ਰਹੀ ਅਤੇ ਸੋਨੇ ਦੇ ਤਗ਼ਮੇ ਜਿੱਤੇ।"
ਉਸਦਾ ਪਤੀ ਅਤੇ ਪੁੱਤ ਬਾਡੀ ਬਿਲਡਿੰਗ ਮੁਕਾਬਲਿਆਂ ਵਿੱਚ ਦਰਸ਼ਕਾਂ ਦੇ ਵਿਚਕਾਰ ਬੈਠੇ ਹਮੇਸ਼ਾ ਉਸਨੂੰ ਉਤਸ਼ਾਹਿਤ ਕਰਦੇ ਹਨ।
ਰੋਇਆ ਦੇ ਪਤੀ, ਕਮਲ ਕਹਿੰਦੇ ਹਨ, "ਰੋਇਆ ਨੂੰ ਸਟੇਜ 'ਤੇ ਦੇਖਣਾ ਸਾਡੇ ਇਕੱਠੇ ਬੁਣੇ ਗਏ ਸੁਪਨੇ ਦੀ ਪੂਰਤੀ ਸੀ।"
ਪਰ ਰੋਇਆ ਲਈ ਇਹ ਮੁਕਾਬਲਾ ਸਿਰਫ਼ ਉਸਦੇ ਲਈ ਨਹੀਂ ਹੈ।
ਉਹ ਕਹਿੰਦੀ ਹੈ, "ਮੈਂ ਮਾਨਸਿਕ ਤੌਰ 'ਤੇ ਬਹੁਤ ਮਜ਼ਬੂਤ ਮਹਿਸੂਸ ਕਰ ਰਹੀ ਹਾਂ ਅਤੇ ਆਪਣੀ ਸਾਰੀ ਤਾਕਤ ਲਗਾਉਣ ਲਈ ਤਿਆਰ ਹਾਂ ਤਾਂ ਜੋ ਮੈਂ ਅਫ਼ਗਾਨ ਕੁੜੀਆਂ ਅਤੇ ਔਰਤਾਂ ਦੇ ਨਾਮ 'ਤੇ ਇਤਿਹਾਸ ਰਚ ਸਕਾਂ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












