ਤਾਲਿਬਾਨ ਦੇ ਰਾਜ 'ਚ ਇੱਕ ਮੁਸਲਿਮ ਮੁੰਡੇ ਅਤੇ ਇੱਕ ਯਹੂਦੀ ਕੁੜੀ ਦੀ ਪ੍ਰੇਮ ਕਹਾਣੀ ਕਿਵੇਂ ਚੜ੍ਹੀ ਪਰਵਾਨ, 'ਸਭ ਕੁਝ ਇੱਕ ਫਿਲਮ ਵਾਂਗ ਸੀ...'

ਤਸਵੀਰ ਸਰੋਤ, Sammi Cannold
- ਲੇਖਕ, ਅਹਿਮਨ ਖਵਾਜਾ
- ਰੋਲ, ਬੀਬੀਸੀ ਨਿਊਜ਼
ਅਗਸਤ 2021 ਵਿੱਚ ਜਦੋਂ ਅਫਗਾਨਿਸਤਾਨ ਵਿੱਚ ਸੱਤਾ ਤਾਲਿਬਾਨ ਦੇ ਹੱਥ ਆਈ, ਤਾਂ ਹਵਾਈ ਅੱਡੇ ਉਨ੍ਹਾਂ ਲੋਕਾਂ ਨਾਲ ਭਰ ਗਏ ਜੋ ਅਫਗਾਨਿਸਤਾਨ ਛੱਡਣ ਦੀ ਕੋਸ਼ਿਸ਼ ਕਰ ਰਹੇ ਸਨ।
ਇਸ ਦੌਰਾਨ, ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀ.ਸੀ. ਵਿੱਚ ਸਫ਼ੀ ਰਾਊਫ਼ ਨਾਮ ਦੇ ਇੱਕ ਸਾਬਕਾ ਨੇਵੀ ਮੈਡੀਕਲ ਅਫਸਰ ਨੇ ਅਫਗਾਨਿਸਤਾਨ ਵਿੱਚ ਫਸੇ ਆਪਣੇ ਦੋਸਤਾਂ ਨੂੰ ਬਚਾਉਣ ਲਈ ਇੱਕ ਮਿਸ਼ਨ ਸ਼ੁਰੂ ਕੀਤਾ।
ਉਨ੍ਹਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਇਸ ਮਿਸ਼ਨ ਦੌਰਾਨ ਉਨ੍ਹਾਂ ਨੂੰ ਆਪਣਾ ਪਿਆਰ ਵੀ ਮਿਲ ਜਾਵੇਗਾ। ਉਨ੍ਹਾਂ ਨੂੰ ਕੋਈ ਅੰਦਾਜ਼ਾ ਨਹੀਂ ਸੀ ਕਿ ਉਨ੍ਹਾਂ ਨੂੰ ਆਪਣੇ ਧਰਮ ਤੋਂ ਬਾਹਰ ਇੱਕ ਯਹੂਦੀ ਮਹਿਲਾ ਨਾਲ ਪਿਆਰ ਹੋ ਜਾਵੇਗਾ।
ਸਫ਼ੀ ਰਾਊਫ਼ ਉਨ੍ਹਾਂ ਦਿਨਾਂ ਨੂੰ ਯਾਦ ਕਰਦੇ ਹੋਏ ਕਹਿੰਦੇ ਹਨ, "ਮੈਂ ਝਿਜਕਦੇ ਹੋਏ ਪਹਿਲਾਂ ਇੱਕ ਵਿਅਕਤੀ ਦੀ ਮਦਦ ਕੀਤੀ, ਅਤੇ ਮੈਂ ਇਹ ਕਰ ਵੀ ਲਿਆ। ਫਿਰ ਮੈਂ ਦੂਜੇ ਦੀ ਮਦਦ ਕੀਤੀ, ਅਤੇ ਫਿਰ ਤੀਜੇ ਦੀ। ਅਚਾਨਕ, ਇਹ ਇੱਕ ਵੱਡਾ ਅਭਿਆਨ ਬਣ ਗਿਆ, ਜਿਸ ਵਿੱਚ ਸੈਂਕੜੇ ਲੋਕ ਅਫਗਾਨਿਸਤਾਨ ਤੋਂ ਅਤੇ ਸਾਡੇ ਵਿੱਚੋਂ ਦਰਜਨਾਂ ਅਮਰੀਕਾ ਤੋਂ ਕੰਮ ਕਰ ਰਹੇ ਸਨ।"

ਤਸਵੀਰ ਸਰੋਤ, Sammi Cannold
ਸਫ਼ੀ ਦਾ ਜਨਮ ਇੱਕ ਸ਼ਰਨਾਰਥੀ ਕੈਂਪ ਵਿੱਚ ਹੋਇਆ ਸੀ। ਉਹ ਕੁਝ ਸਾਲਾਂ ਬਾਅਦ ਅਮਰੀਕਾ ਆ ਗਏ ਸਨ। ਪਰ ਅਫਗਾਨਿਸਤਾਨ ਵਿੱਚ ਸੱਤਾ ਬਦਲਣ ਤੋਂ ਬਾਅਦ ਉਹ ਨਿਕਾਸੀ ਯਤਨਾਂ ਦਾ ਹਿੱਸਾ ਬਣ ਗਏ।
ਇਸ ਸਮੇਂ ਦੌਰਾਨ, ਉਹ ਨਿਊਯਾਰਕ ਦੀ ਥੀਏਟਰ ਨਿਰਦੇਸ਼ਕ ਸੈਮੀ ਕੈਨੋਲਡ ਨੂੰ ਮਿਲੇ, ਜੋ ਆਪਣੇ ਇੱਕ ਦੋਸਤ ਦੇ ਪਰਿਵਾਰ ਨੂੰ ਅਫਗਾਨਿਸਤਾਨ ਤੋਂ ਕੱਢਣ ਦੀ ਕੋਸ਼ਿਸ਼ ਕਰ ਰਹੇ ਸਨ।
ਸੈਮੀ ਕਹਿੰਦੇ ਹਨ, "ਮੇਰਾ ਕੋਈ ਸੰਪਰਕ ਨਹੀਂ ਸੀ। ਮੈਂ ਟੀਵੀ 'ਤੇ ਸਫ਼ੀ ਦੇ ਸਮੂਹ ਬਾਰੇ ਦੇਖਿਆ ਸੀ। ਮੈਂ ਮਦਦ ਲਈ ਉਨ੍ਹਾਂ ਨਾਲ ਸੰਪਰਕ ਕੀਤਾ। ਉਨ੍ਹਾਂ ਕਿਹਾ ਕਿ ਮੇਰੇ ਲਈ ਸਭ ਤੋਂ ਚੰਗਾ ਇਹੀ ਰਹੇਗਾ ਕਿ ਮੈਂ ਵਾਸ਼ਿੰਗਟਨ ਜਾਵਾਂ ਅਤੇ ਉਨ੍ਹਾਂ ਦੀ ਟੀਮ ਨਾਲ ਕੰਮ ਕਰਾਂ।"
ਫਿਰ ਸੈਮੀ ਨੇ ਆਪਣੇ ਬੈਗ ਪੈਕ ਕੀਤੇ, ਵਾਸ਼ਿੰਗਟਨ ਡੀ.ਸੀ. ਲਈ ਇੱਕ ਰੇਲਗੱਡੀ 'ਚ ਸਵਾਰ ਹੋਏ ਅਤੇ ਇੱਕ ਓਪਰੇਸ਼ਨ ਸੈਂਟਰ ਪਹੁੰਚੇ, ਜਿੱਥੇ ਸਿਰਫ਼ ਪੁਰਸ਼ ਹੀ ਸਨ।
ਉਹ ਹੱਸਦੇ ਹੋਏ ਦੱਸਦੇ ਹਨ, "ਮੈਂ ਜੈਜ਼ ਹੈਂਡਸ ਥੀਏਟਰ ਸਰਕਲ ਵਿੱਚ ਰਹਿੰਦੀ ਹਾਂ ਅਤੇ ਇਹ ਮੇਰੇ ਲਈ ਇੱਕ ਸੱਭਿਆਚਾਰਕ ਝਟਕਾ ਸੀ।"
ਸੈਮੀ ਅਫਗਾਨਿਸਤਾਨ ਬਾਰੇ ਕੁਝ ਨਹੀਂ ਜਾਣਦੇ ਸਨ, ਪਰ ਉਨ੍ਹਾਂ ਦਾ ਇਹ ਹੁਨਰ ਜਲਦੀ ਹੀ ਮਹੱਤਵਪੂਰਨ ਸਾਬਤ ਹੋਇਆ।
"ਮੈਂ ਸਪ੍ਰੈਡਸ਼ੀਟਾਂ ਅਤੇ ਕਮਿਊਨਿਕੇਸ਼ਨ ਵਿੱਚ ਮਾਹਿਰ ਸੀ। ਇਸ ਲਈ, ਮੈਂ ਓਪਰੇਸ਼ਨ ਦੇ ਕਮਿਊਨਿਕੇਸ਼ਨ ਦਾ ਕੰਮ ਸੰਭਾਲ ਲਿਆ।''
ਦੋਵਾਂ ਵਿਚਕਾਰ ਕਿਵੇਂ ਪਣਪਿਆ ਪਿਆਰ?

ਤਸਵੀਰ ਸਰੋਤ, Getty Images
ਆਪ੍ਰੇਸ਼ਨ ਸੈਂਟਰ ਵਿੱਚ ਹਫੜਾ-ਦਫੜੀ ਅਤੇ ਐਮਰਜੈਂਸੀ ਸਥਿਤੀ ਦੇ ਵਿਚਕਾਰ ਕੁਝ ਹੋਰ ਵੀ ਹੋ ਰਿਹਾ ਸੀ।
ਸੈਮੀ ਕਹਿੰਦੇ ਹਨ, "ਕੀ ਕੋਈ ਆਕਰਸ਼ਣ ਸੀ? ਮੈਨੂੰ ਲੱਗਦਾ ਹੈ ਕਿ ਜਵਾਬ ਹਾਂ ਹੈ।"
ਉਹ ਇਹ ਵੀ ਯਾਦ ਕਰਦੇ ਹਨ ਕਿ ਉਨ੍ਹਾਂ ਨੇ ਗੂਗਲ 'ਤੇ ਸਫ਼ੀ ਦੀ ਉਮਰ ਪਤਾ ਲਗਾਈ ਸੀ।
ਸੈਮੀ ਕਹਿੰਦੇ ਹਨ, "ਮੈਂ ਸਫ਼ੀ ਦਾ ਨਾਮ ਅਤੇ ਉਮਰ ਗੂਗਲ ਕੀਤੀ ਕਿਉਂਕਿ ਉਹ ਉਸ ਸਮੇਂ ਇੰਨੇ ਤਣਾਅ ਵਿੱਚ ਸਨ ਕਿ ਉਹ ਹੁਣ ਨਾਲੋਂ ਕਿਤੇ ਜ਼ਿਆਦਾ ਉਮਰ ਦੇ ਦਿਖਾਈ ਦੇ ਰਹੇ ਸਨ।''
ਉਨ੍ਹਾਂ ਦੀ ਪਹਿਲੀ ਲੰਬੀ ਸੈਰ ਸਵੇਰੇ 3 ਵਜੇ ਹੋਈ ਸੀ, ਜਦੋਂ ਤਾਲਿਬਾਨ ਦੀਆਂ ਚੌਕੀਆਂ ਤੋਂ ਲੋਕਾਂ ਦੇ ਨਿਕਲਣ ਦਾ ਇੰਤਜ਼ਾਰ ਕਰਦੇ ਹੋਏ ਉਨ੍ਹਾਂ ਦੀ ਰਾਤ ਬਹੁਤ ਤਣਾਅ 'ਚ ਲੰਘੀ ਸੀ। ਤੁਰਦੇ-ਤੁਰਦੇ ਉਹ ਵਾਸ਼ਿੰਗਟਨ ਸਮਾਰਕਾਂ ਤੋਂ ਲੰਘਦੇ ਹੋਏ ਲਿੰਕਨ ਮੈਮੋਰੀਅਲ ਪਹੁੰਚ ਗਏ ਸਨ।

ਤਸਵੀਰ ਸਰੋਤ, Safi Rauf
ਸੈਮੀ ਕਹਿੰਦੇ ਹਨ, "ਸਭ ਕੁਝ ਇੱਕ ਫਿਲਮ ਵਾਂਗ ਲੱਗ ਰਾਹ ਸੀ। ਮੈਂ ਸੋਚਿਆ: ਕੀ ਮੈਂ ਇਸ ਮੁੰਡੇ ਨਾਲ ਵਿਆਹ ਕਰਾਵਾਂਗੀ?"
ਉਨ੍ਹਾਂ ਦੀ ਪਹਿਲੀ 'ਕਿਸ' ਆਪ੍ਰੇਸ਼ਨ ਸੈਂਟਰ ਦੀ ਬਾਲਕੋਨੀ ਵਿੱਚ ਹੋਈ ਸੀ। ਉਸ ਵੇਲੇ ਘਬਰਾਏ ਹੋਏ ਸਫ਼ੀ ਸੈਮੀ ਨਾਲ ਕਾਰਾਂ ਬਾਰੇ ਗੱਲ ਕਰਨ ਲੱਗ ਪਏ ਸਨ। ਸੱਭਿਆਚਾਰਕ ਤੌਰ 'ਤੇ ਵੱਖ ਹੋਣ ਦੇ ਬਾਵਜੂਦ ਉਨ੍ਹਾਂ ਦਾ ਰਿਸ਼ਤਾ ਜਲਦ ਹੀ ਡੂੰਘਾ ਹੋ ਗਿਆ।
ਸਫੀ ਕਹਿੰਦੇ ਹਨ, "ਸੈਮੀ ਮੈਨੂੰ ਪੁੱਛਦੀ ਸੀ ਕਿ ਕੀ ਮੈਂ ਉਸ ਨੂੰ ਆਪਣੇ ਪਰਿਵਾਰ ਨਾਲ ਮਿਲਾਵਾਂਗਾ ਅਤੇ ਹਮੇਸ਼ਾ ਕਹਿੰਦੀ ਸੀ ਕਿ ਅਜਿਹਾ ਨਹੀਂ ਹੋ ਸਕਦਾ।''

ਤਸਵੀਰ ਸਰੋਤ, James Gourley / Getty Images
ਸਫ਼ੀ ਦੇ ਮੁਸਲਿਮ ਪਰਿਵਾਰ ਨੂੰ ਉਮੀਦ ਸੀ ਕਿ ਉਹ ਇੱਕ ਅਫਗਾਨ ਔਰਤ ਨਾਲ ਵਿਆਹ ਕਰਾਉਣਗੇ, ਜਦਕਿ ਸੈਮੀ ਯਹੂਦੀ ਹਨ।
ਫਿਰ ਵੀ, ਉਹ ਰਿਸ਼ਤੇ ਨੂੰ ਅੱਗੇ ਵਧਾਉਂਦੇ ਰਹੇ। ਉਨ੍ਹਾਂ ਦੇ ਰਿਸ਼ਤੇ ਦੀ ਪਹਿਲੀ ਪ੍ਰੀਖਿਆ ਉਦੋਂ ਆਈ ਜਦੋਂ ਸੈਮੀ ਨੇ ਸਫ਼ੀ ਨੂੰ ਆਪਣੀ ਦੁਨੀਆਂ ਨਾਲ ਜਾਣੂ ਕਰਵਾਇਆ: ਮਿਊਜ਼ਿਕਲ ਥੀਏਟਰ ਸਟੇਜ। ਸੈਮੀ ਉਨ੍ਹਾਂ ਨੂੰ ਮਿਊਜ਼ਿਕਲ "ਲੇ ਮਿਜ਼ਰੇਬਲਜ਼" ਦਿਖਾਉਣ ਲੈ ਗਈ ਸੀ।
ਸੈਮੀ ਦੱਸਦੇ ਹਨ, "ਸਫ਼ੀ ਤਾਂ ਜਿਵੇਂ ਪਾਗਲ ਹੋ ਗਏ ਸਨ। ਉਨ੍ਹਾਂ ਨੂੰ ਮਿਊਜ਼ਿਕਲ ਅਤੇ ਖਾਸ ਕਰਕੇ "ਲੇ ਮਿਜ਼ਰੇਬਲਜ਼" ਬਹੁਤ ਪਸੰਦ ਆਇਆ, ਜੋ ਕਿ ਮੇਰੇ ਲਈ ਕਿਸੇ ਸੁਪਨੇ ਦੇ ਸੱਚ ਹੋਣ ਵਾਂਗ ਸੀ।"
ਸਫ਼ੀ 'ਤੇ ਜਿਵੇਂ ਕੋਈ ਜਾਦੂ ਹੋ ਗਿਆ ਸੀ।
ਉਹ ਕਹਿੰਦੇ ਹਨ, "ਮੈਂ ਹੋਂਦ ਦੀ ਲੜਾਈ ਲੜਦੇ ਹੋਏ ਵੱਡਾ ਹੋਇਆ ਹਾਂ ਅਤੇ ਮੈਂ ਸ਼ੋਅ ਦੇ ਮੁੱਖ ਪਾਤਰ ਮਾਰੀਅਸ ਨਾਲ ਜੁੜਿਆ ਹੋਇਆ ਮਹਿਸੂਸ ਕੀਤਾ, ਜੋ ਇੱਕ ਬਾਗੀ ਹੈ ਪਰ ਇੱਕ ਪ੍ਰੇਮੀ ਵੀ ਹੈ।"
ਤਾਲਿਬਾਨ ਦੀ ਕੈਦ

ਤਸਵੀਰ ਸਰੋਤ, Sammi Cannold
ਦਸੰਬਰ 2021 ਵਿੱਚ, ਸਫ਼ੀ ਲੋਕਾਂ ਦੀ ਮਦਦ ਕਰਨ ਲਈ ਆਪਣੇ ਭਰਾ ਨਾਲ ਕਾਬੁਲ ਗਏ। ਉਨ੍ਹਾਂ ਨੂੰ ਅਫਗਾਨਿਸਤਾਨ ਨਾ ਜਾਣ ਦੀ ਸਲਾਹ ਦਿੱਤੀ ਗਈ ਸੀ, ਪਰ ਸਫ਼ੀ ਕਹਿੰਦੇ ਹਨ ਕਿ ਤਾਲਿਬਾਨ ਨੇ ਉਨ੍ਹਾਂ ਨੂੰ ਮਾਫ਼ੀ ਅਤੇ ਸੁਰੱਖਿਆ ਦਾ ਭਰੋਸਾ ਦਿੱਤਾ ਸੀ।
ਹਾਲਾਂਕਿ, ਅਫਗਾਨਿਸਤਾਨ ਵਿੱਚ ਉਨ੍ਹਾਂ ਦੇ ਆਖਰੀ ਦਿਨਾਂ ਦੌਰਾਨ ਤਾਲਿਬਾਨ ਖੁਫੀਆ ਏਜੰਸੀਆਂ ਨੇ ਸਫ਼ੀ, ਉਨ੍ਹਾਂ ਦੇ ਭਰਾ ਅਤੇ ਪੰਜ ਹੋਰ ਵਿਦੇਸ਼ੀ ਨਾਗਰਿਕਾਂ ਨੂੰ ਹਿਰਾਸਤ ਵਿੱਚ ਲੈ ਲਿਆ।
ਪਹਿਲੇ ਕੁਝ ਦਿਨ ਉਨ੍ਹਾਂ ਨੂੰ ਇੱਕ ਅੰਡਰਗਰਾਊਂਡ ਸੈੱਲ ਵਿੱਚ ਰੱਖਿਆ ਗਿਆ, ਜਿੱਥੇ ਬਹੁਤ ਠੰਡ ਸੀ।
ਸਫੀ ਕਹਿੰਦੇ ਹਨ, "ਕਮਰਾ ਛੇ ਫੁੱਟ ਬਾਇ ਛੇ ਫੁੱਟ ਦਾ ਸੀ। ਉੱਥੇ ਨਾ ਖਿੜਕੀਆਂ ਸਨ, ਨਾ ਬਿਸਤਰਾ।"

ਤਸਵੀਰ ਸਰੋਤ, Safi Rauf
ਇਸ ਦੌਰਾਨ ਨਿਊਯਾਰਕ ਵਿੱਚ ਸੈਮੀ ਘਬਰਾ ਰਹੇ ਸਨ। ਉਨ੍ਹਾਂ ਨੇ ਗੂਗਲ ਮੈਪਸ 'ਤੇ ਸਫੀ ਦੀ ਲੋਕੇਸ਼ਨ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ। ਸਫੀ ਦੀ ਲੋਕੇਸ਼ਨ ਤਾਲਿਬਾਨ ਦੇ ਕਿਸੇ ਖੁਫੀਆ ਹੈੱਡਕੁਆਰਟਰ ਵਰਗੀ ਲੱਗ ਰਹੀ ਸੀ।
ਉਹ ਕਹਿੰਦੇ ਹਨ, "ਮੈਨੂੰ ਕਾਬੁਲ ਦੇ ਟਿਕਾਣਿਆਂ ਬਾਰੇ ਬਹੁਤਾ ਨਹੀਂ ਪਤਾ ਸੀ, ਪਰ ਮੈਨੂੰ ਪਤਾ ਸੀ ਕਿ ਇਹ ਸਹੀ ਨਹੀਂ ਸੀ।"
ਕਈ ਹਫ਼ਤਿਆਂ ਤੱਕ ਸਫੀ ਦੀ ਕੋਈ ਖ਼ਬਰ ਨਹੀਂ ਸੀ, ਜਦੋਂ ਤੱਕ ਉਨ੍ਹਾਂ ਦੀ ਇੱਕ ਗਾਰਡ ਨਾਲ ਦੋਸਤੀ ਨਹੀਂ ਹੋ ਗਈ। ਗਾਰਡ ਨੂੰ ਪੈਸੇ ਦੀ ਲੋੜ ਸੀ, ਜਿਸ ਦਾ ਸਫੀ ਨੇ ਫਾਇਦਾ ਉਠਾਇਆ।
ਆਪਣੇ ਚਚੇਰੇ ਭਰਾ ਦੀ ਮਦਦ ਨਾਲ ਸਫੀ ਨੇ ਪੈਸੇ ਅਤੇ ਇੱਕ ਮੋਬਾਈਲ ਫੋਨ ਦਾ ਇੰਤਜ਼ਾਮ ਕਰ ਲਿਆ।
ਅੰਡਰਗਰਾਊਂਡ ਸੈੱਲ ਵਿੱਚ ਮੋਬਾਈਲ ਫੋਨ ਸਿਗਨਲ ਨਹੀਂ ਸਨ। ਸਿਗਨਲ ਲੱਭਣ ਲਈ ਆਪਣੇ ਭਰਾ ਦੇ ਮੋਢੇ 'ਤੇ ਚੜ੍ਹ ਕੇ ਸਫੀ ਨੇ ਸੈਮੀ ਨੂੰ ਸੁਨੇਹਾ ਭੇਜਿਆ, "ਹਾਇ, ਕਿਵੇਂ ਹੈਂ? ਮੈਂ ਤੈਨੂੰ ਪਿਆਰ ਕਰਦਾ ਹਾਂ।"
ਸੈਮੀ ਕਹਿੰਦੇ ਹਨ, "ਪਹਿਲਾ ਫੋਨ 17 ਦਿਨਾਂ ਬਾਅਦ ਆਇਆ। ਮੇਰੇ ਲਈ ਸਿਰਫ਼ ਇਹੀ ਜਾਣਨਾ ਕਾਫੀ ਸੀ ਕਿ ਉਹ ਜ਼ਿੰਦਾ ਹੈ। ਮੈਂ ਉਨ੍ਹਾਂ ਦੀ ਆਵਾਜ਼ ਸੁਣ ਕੇ ਬਹੁਤ ਖੁਸ਼ ਸੀ, ਪਰ ਨਾਲ ਹੀ ਮੈਂ ਉਨ੍ਹਾਂ ਦੀ ਹਾਲਤ ਬਾਰੇ ਸੋਚ ਕੇ ਡਰ ਗਈ ਸੀ।"

ਤਸਵੀਰ ਸਰੋਤ, Andy Henderson
ਕੈਦ ਵਿੱਚ, ਸਫੀ ਸਿਰਫ਼ "ਲੇ ਮਿਜ਼ਰੇਬਲਜ਼" ਦੇ ਸਹਾਰੇ ਰਹੇ।
ਉਹ ਕਹਿੰਦੇ ਹਨ, "ਪਹਿਲੇ 70 ਦਿਨਾਂ ਤੱਕ ਮੈਂ ਸੂਰਜ ਨਹੀਂ ਦੇਖਿਆ। ਅਸੀਂ ਸਾਰਾ ਸਮਾਂ ਤਹਿਖਾਨੇ ਵਿੱਚ ਹੀ ਰਹੇ। ਉੱਥੇ ਸੱਤ ਹੋਰ ਵਿਦੇਸ਼ੀ ਬੰਧਕ ਸਨ ਅਤੇ ਉਨ੍ਹਾਂ ਵਿੱਚੋਂ ਇੱਕ ਬਹੁਤ ਬਿਮਾਰ ਹੋ ਗਿਆ ਅਤੇ ਫਿਰ ਦੂਸਰਾ ਬਹੁਤ ਨਿਰਾਸ਼ ਹੋ ਗਿਆ।"
ਅਜਿਹੇ ਹਾਲਾਤਾਂ ਵਿੱਚ ਉਹ "ਲੇ ਮਿਜ਼ਰੇਬਲਜ਼" ਦੇ ਗੀਤ ਹੌਲੀ-ਹੌਲੀ ਗਾਉਂਦਾ ਸਨ। ਉਹ ਕਹਿੰਦੇ ਹਨ, "ਇਹ ਮੇਰਾ ਵਿਰੋਧ ਦਾ ਗੀਤ ਬਣ ਗਿਆ।"
ਇਸ ਦੌਰਾਨ, ਸੈਮੀ ਨਾਲ ਉਨ੍ਹਾਂ ਦੀ ਗੱਲਬਾਤ ਜਾਰੀ ਰਹੀ।
ਉਹ ਕਹਿੰਦੇ ਹਨ, "ਮੈਂ ਕੰਬਲ ਹੇਠੋਂ ਫੁਸਫੁਸਾ ਕੇ ਗੱਲ ਕਰਦਾ ਸੀ ਤਾਂ ਜੋ ਗਾਰਡ ਮੈਨੂੰ ਨਾ ਸੁਣ ਸਕਣ।"
"ਅਤੇ ਮੇਰਾ ਭਰਾ ਮੇਰੇ ਤੋਂ ਲਗਭਗ ਦੋ ਫੁੱਟ ਦੂਰ ਹੀ ਰਹਿੰਦਾ ਸੀ। ਇਸ ਲਈ ਸੈਮੀ ਨਾਲ ਰੋਮਾਂਟਿਕ ਗੱਲਬਾਤ ਸੰਭਵ ਨਹੀਂ ਸੀ।"
ਸੈਮੀ ਦੀ ਸਫੀ ਦੇ ਮਾਪਿਆਂ ਨਾਲ ਮੁਲਾਕਾਤ

ਤਸਵੀਰ ਸਰੋਤ, Sammi Cannold
ਤਾਲਿਬਾਨ ਨਾਲ ਗੱਲਬਾਤ ਲੰਮੀ ਖਿੱਚਦੀ ਗਈ। ਪਰ 70ਵੇਂ ਦਿਨ, ਸਫੀ ਦੀ ਰਿਹਾਈ 'ਤੇ ਸਹਿਮਤੀ ਬਣ ਗਈ।
ਸੈਮੀ ਕਹਿੰਦੇ ਹਨ ਕਿ ਇੱਕ ਸਮੇਂ ਤਾਲਿਬਾਨ ਨੇ ਧਮਕੀ ਦੇ ਦਿੱਤੀ ਸੀ ਜੇਕਰ ਅਮਰੀਕਾ ਨੇ ਕੁਝ ਨਹੀਂ ਕੀਤਾ ਤਾਂ ਉਹ ਉਨ੍ਹਾਂ ਨੂੰ ਮਾਰ ਦੇਣਗੇ।
"ਇਹ ਤੈਅ ਹੋਇਆ ਕਿ ਸਫੀ ਦੇ ਮਾਪੇ ਅਤੇ ਮੈਂ ਕਤਰ ਜਾਵਾਂਗੇ, ਜਿੱਥੇ ਪ੍ਰਕਿਰਿਆ ਨੂੰ ਤੇਜ਼ ਕਰਨ ਲਈ ਵਿਆਪਕ ਗੱਲਬਾਤ ਚੱਲ ਰਹੀ ਸੀ।"
ਸੈਮੀ ਕਤਰ ਗਏ, ਜਿੱਥੇ ਗੱਲਬਾਤ ਚੱਲ ਰਹੀ ਸੀ ਅਤੇ ਉੱਥੇ ਉਹ ਪਹਿਲੀ ਵਾਰ ਸਫੀ ਦੇ ਮਾਪਿਆਂ ਨੂੰ ਮਿਲੇ।
ਉਹ ਕਹਿੰਦੇ ਹਨ, "ਉਹ ਪਹਿਲਾਂ ਮੇਰੇ ਬਾਰੇ ਨਹੀਂ ਜਾਣਦੇ ਸਨ ਅਤੇ ਅਚਾਨਕ ਅਸੀਂ ਦੋ ਹਫ਼ਤਿਆਂ ਲਈ ਇਕੱਠੇ ਰਹਿ ਰਹੇ ਸੀ।"
ਉਹ ਅੱਗੇ ਕਹਿੰਦੇ ਹਨ, "ਕਿਉਂਕਿ ਸਫੀ ਦੇ ਮਾਪੇ ਅੰਗਰੇਜ਼ੀ ਚੰਗੀ ਤਰ੍ਹਾਂ ਨਹੀਂ ਬੋਲਦੇ ਸਨ, ਇਸ ਲਈ ਇਹ ਫੈਸਲਾ ਕੀਤਾ ਗਿਆ ਕਿ ਮੈਂ ਪਰਿਵਾਰ ਦੀ ਪ੍ਰਤੀਨਿਧੀ ਬਣਾਂ।"

ਤਸਵੀਰ ਸਰੋਤ, Sammi Cannold
ਰੂੜ੍ਹੀਵਾਦੀ ਅਫਗਾਨ ਮੁਸਲਮਾਨਾਂ ਲਈ ਆਪਣੇ ਪੁੱਤਰ ਦੀ ਸੀਕ੍ਰੇਟ ਯਹੂਦੀ ਪ੍ਰੇਮਿਕਾ ਦਾ ਪਤਾ ਲੱਗਣਾ ਇੱਕ ਸਦਮਾ ਸੀ। ਹਾਲਾਂਕਿ, ਇਸ ਔਖੀ ਘੜੀ ਨੇ ਉਨ੍ਹਾਂ ਨੂੰ ਇਸ ਨੂੰ ਸਵੀਕਾਰ ਕਰਨ ਲਈ ਮਜਬੂਰ ਕਰ ਦਿੱਤਾ।
ਸੈਮੀ ਕਹਿੰਦੇ ਹਨ, "ਮੈਂ ਸਫੀ ਦੇ ਮਾਪਿਆਂ ਨੂੰ ਇਸ ਗੱਲ ਦਾ ਸਿਹਰਾ ਦਿੰਦੀ ਹਾਂ। ਜਿਸ ਤਰੀਕੇ ਨਾਲ ਉਨ੍ਹਾਂ ਨੇ ਮੈਨੂੰ ਸਵੀਕਾਰ ਕੀਤਾ ਉਹ ਅਦਭੁਤ ਸੀ।"
105 ਦਿਨਾਂ ਬਾਅਦ, ਸਫੀ ਨੂੰ ਰਿਹਾਅ ਕਰ ਦਿੱਤਾ ਗਿਆ ਅਤੇ ਆਖਿਰਕਾਰ ਉਹ ਸੈਮੀ ਨੂੰ ਮਿਲੇ।
ਇਸ ਤਰ੍ਹਾਂ ਹੋਇਆ ਦੋਵਾਂ ਦਾ ਵਿਆਹ

ਤਸਵੀਰ ਸਰੋਤ, Sammi Cannold
ਅਮਰੀਕਾ ਵਿੱਚ ਦੁਬਾਰਾ ਮਿਲਣ ਤੋਂ ਬਾਅਦ ਉਹ ਇਕੱਠੇ ਰਹਿਣ ਲੱਗ ਪਏ।
ਉਨ੍ਹਾਂ ਨੇ ਜਲਦੀ ਹੀ ਵਿਆਹ ਕਰਵਾ ਲਿਆ। ਉਨ੍ਹਾਂ ਦਾ ਵਿਆਹ ਅਫਗਾਨ ਅਤੇ ਯਹੂਦੀ ਰਿਵਾਇਤਾਂ ਨੂੰ ਮਿਲਾ-ਜੁਲਾ ਕੇ ਹੋਇਆ।
ਮਹਿਮਾਨਾਂ ਨੇ ਅਫਗਾਨ ਪਹਿਰਾਵਾ ਪਹਿਨਿਆ, ਯਹੂਦੀ ਗੀਤ ਗਾਏ ਗਏ ਅਤੇ ਸਫੀ ਨੇ ਆਪਣੇ ਦੋਸਤਾਂ ਨਾਲ "ਫਿਡਲਰ ਔਨ ਦਿ ਰੂਫ" ਦਾ ਬੋਟਲ ਡਾਂਸ ਵੀ ਕੀਤਾ।

ਤਸਵੀਰ ਸਰੋਤ, Sammi Cannold
ਇੱਕ ਭਾਵੁਕ ਪਲ ਵਿੱਚ ਸੈਮੀ ਨੇ ਸਫੀ ਦੀ ਕੈਦ ਦੌਰਾਨ ਲਿਖੀ ਆਪਣੀ ਡਾਇਰੀ ਪੜ੍ਹੀ।''
ਤਾਲਿਬਾਨ ਦੀ ਕੈਦ ਵਿੱਚ ਸਫੀ ਦੇ 32ਵੇਂ ਦਿਨ ਸੈਮੀ ਨੇ ਆਪਣੀ ਡਾਇਰੀ ਵਿੱਚ ਲਿਖਿਆ ਸੀ, "ਮੇਰਾ ਸੁਪਨਾ ਹੈ ਕਿ ਇੱਕ ਦਿਨ ਮੈਂ ਤੁਹਾਡੇ ਨਾਲ ਕਿਤੇ ਵਰਾਂਡੇ 'ਚ ਬੈਠ ਕੇ ਇਹ ਡਾਇਰੀ ਪੜ੍ਹਾਂਗੀ। ਪਲੀਜ਼, ਪਲੀਜ਼, ਪਲੀਜ਼... ਵਾਪਸ ਆ ਜਾਓ।"
ਸੈਮੀ ਨੇ ਇਸਨੂੰ ਲਿਖਦੇ ਸਮੇਂ ਨਹੀਂ ਪੜ੍ਹਿਆ ਸੀ।
"ਇਹ ਬਹੁਤ ਦਰਦ ਭਰਿਆ ਸੀ, ਪਰ ਅਸੀਂ ਇਸ ਨੂੰ ਆਪਣੇ ਵਿਆਹ 'ਤੇ ਇਕੱਠੇ ਪੜ੍ਹਿਆ।"
ਇੱਥੋਂ ਤੱਕ ਕਿ ਉਨ੍ਹਾਂ ਦੀ ਮੰਗਣੀ ਦੀ ਅੰਗੂਠੀ ਦੇ ਪਿੱਛੇ ਵੀ ਇੱਕ ਕਹਾਣੀ ਹੈ। ਸਫੀ ਨੇ ਆਪਣੀ ਜੇਲ੍ਹ ਦੇ ਤਾਲੇ ਦਾ ਇੱਕ ਟੁਕੜਾ ਰਿੰਗ ਵਿੱਚ ਜੜਵਾਇਆ ਹੈ।
ਉਹ ਕਹਿੰਦੇ ਹਨ, "ਉਸ ਅਨੁਭਵ ਨੇ ਸਾਡੀ ਜ਼ਿੰਦਗੀ ਦੀ ਨੀਂਹ ਰੱਖੀ।"
ਪਿਆਰ ਦੇ ਸਬਕ

ਤਸਵੀਰ ਸਰੋਤ, Sammi Cannold
ਪਿੱਛੇ ਮੁੜ ਕੇ ਦੇਖਦਿਆਂ, ਸੈਮੀ ਨੂੰ ਲੱਗਦਾ ਹੈ ਕਿ ਇਸ ਅਨੁਭਵ ਨੇ ਉਨ੍ਹਾਂ ਦੇ ਰਿਸ਼ਤੇ ਨੂੰ ਨਵਾਂ ਰੂਪ ਦਿੱਤਾ।
ਉਹ ਕਹਿੰਦੇ ਹਨ, "ਮੈਂ ਜਿੰਨੇ ਵੀ ਜੋੜਿਆਂ ਨੂੰ ਜਾਣਦੀ ਹਾਂ ਅਸੀਂ ਉਨ੍ਹਾਂ ਨਾਲੋਂ ਘੱਟ ਲੜਦੇ ਹਾਂ। ਕਿਉਂ ਜਦੋਂ ਤੁਸੀਂ ਲਗਭਗ ਕਿਸੇ ਨੂੰ ਗੁਆ ਚੁੱਕੇ ਹੁੰਦੇ ਹੋ, ਤਾਂ ਛੋਟੀਆਂ-ਛੋਟੀਆਂ ਚੀਜ਼ਾਂ ਮਾਅਨੇ ਨਹੀਂ ਰੱਖਦੀਆਂ।"
ਸਫੀ ਬਹੁਤ ਸ਼ੁਕਰਗੁਜ਼ਾਰ ਮਹਿਸੂਸ ਕਰਦੇ ਹਨ।
ਉਹ ਕਹਿੰਦੇ ਹਨ, "ਜ਼ਿੰਦਗੀ ਹੁਣ ਸਾਡੇ ਸਾਹਮਣੇ ਜੋ ਵੀ ਚੁਣੌਤੀਆਂ ਪੇਸ਼ ਕਰੇਗੀ, ਉਹ ਕਦੇ ਵੀ ਓਨਾ ਮੁਸ਼ਕਿਲ ਨਹੀਂ ਹੋਵੇਗੀ ਜਿੰਨਾ ਝੱਲ ਚੁੱਕੇ ਹਾਂ। ਇੱਥੇ ਹੋਣਾ, ਟੁੱਟਿਆ ਹੋਇਆ ਨਾ ਹੋਣਾ ਅਤੇ ਪਿਆਰ ਵਿੱਚ ਹੋਣਾ - ਇਹ ਇੱਕ ਚਮਤਕਾਰ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












