ਹਾਲੀਵੁੱਡ ਦੀ ਫ਼ਿਲਮ ਵਰਗਾ ਸਭ ਤੋਂ ਵੱਡਾ ਪੋਕਰ ਸਕੈਂਡਲ, ਮਾਫ਼ੀਆ ਨੇ ਮਸ਼ਹੂਰ ਹਸਤੀਆਂ, ਜੁਆਰੀਆਂ ਤੇ ਖਿਡਾਰੀਆਂ ਨੂੰ ਕਿਵੇਂ ਲੁੱਟਿਆ

- ਲੇਖਕ, ਨਾਰਦੀਨ ਸਾਦ
- ਰੋਲ, ਬੀਬੀਸੀ ਪੱਤਰਕਾਰ
ਮਸ਼ਹੂਰ ਹਸਤੀਆਂ,ਪੇਸ਼ੇਵਰ ਖਿਡਾਰੀ ਅਤੇ ਅਮੀਰ ਜੁਆਰੀ 'ਟੈਕਸਸ ਹੋਲਡ ਐਮ' ਦੀ ਖੇਡ ਵਿੱਚ ਵੱਡੀ ਜਿੱਤ ਦੀ ਉਮੀਦ ਨਾਲ ਮੇਜ਼ 'ਤੇ ਬੈਠੇ ਸਨ।
ਪਰ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਇਹ ਤਕਰੀਬਨ ਅਸੰਭਵ ਹੀ ਸੀ। ਕੁਝ ਲੋਕਾਂ ਨੂੰ ਕਥਿਤ ਤੌਰ ਉੱਤੇ ਮਾਫੀਆ ਵੱਲੋਂ ਇਸ ਵਿਸਤ੍ਰਿਤ ਪੋਕਰ ਜੂਏਬਾਜ਼ੀ ਯੋਜਨਾ ਸਕੀਮ ਦੇ ਜ਼ਰੀਏ ਨਿਸ਼ਾਨਾ ਬਣਾਇਆ ਗਿਆ।
ਜਿਸ ਵਿੱਚ ਐਕਸ-ਰੇ ਕਾਰਡ ਟੇਬਲਜ਼, ਲੁਕੇ ਹੋਏ ਕੈਮਰੇ, ਚਿੱਪ ਟ੍ਰੇਆਂ ਵਿੱਚ ਲੱਗੀ ਹੋਈ ਵਿਸ਼ੇਸ਼ ਤਕਨੀਕ, ਐਨਕਾਂ ਵਿੱਚ ਲੈਂਜ਼ ਲਗਾਏ ਹੋਏ ਸਨ ਤਾਂ ਜੋ ਉਨ੍ਹਾਂ ਦੇ ਹੱਥਾਂ ਵਿਚਲੇ ਸਮਾਨ ਬਾਰੇ ਜਾਣਕਾਰੀ ਮਿਲ ਸਕੇ।
ਇਹ ਪੂਰਾ ਮਾਮਲਾ ਹਾਲੀਵੁੱਡ ਫ਼ਿਲਮ ਓਸ਼ਨਜ਼ ਇਲੈਵਨ ਦੀ ਕਹਾਣੀ ਵਰਗਾ ਲੱਗਦਾ ਹੈ, ਪਰ ਅਮਰੀਕੀ ਸਰਕਾਰੀ ਵਕੀਲਾਂ ਦਾ ਕਹਿਣਾ ਹੈ ਕਿ ਇਨ੍ਹਾਂ ਪੀੜਤਾਂ ਨਾਲ ਘੱਟੋ-ਘੱਟ 70 ਲੱਖ ਡਾਲਰ ਦੀ ਧੋਖਾਧੜੀ ਹੋਈ, ਜਿੱਥੇ ਸਿਰਫ ਇੱਕ ਵਿਅਕਤੀ ਨੇ ਹੀ 18 ਲੱਖ ਡਾਲਰ ਹਾਰੇ ਸਨ।
ਕਿਵੇਂ ਚਲਾਈ ਗਈ ਸਕੀਮ

ਤਸਵੀਰ ਸਰੋਤ, US Department of Justice
ਅਮਰੀਕੀ ਅਧਿਕਾਰੀਆਂ ਦੇ ਮੁਤਾਬਕ, ਇਹ ਧੋਖਾਧੜੀ ਵਾਲੀ ਪੋਕਰ ਸਕੀਮ ਇੰਨੀ ਸੋਚੀ-ਸਮਝੀ ਤੇ ਚਾਲਾਕੀ ਨਾਲ ਚਲਾਈ ਗਈ ਸੀ ਕਿ ਆਮ ਲੋਕਾਂ ਲਈ ਇਸਦਾ ਪਤਾ ਲਗਾਉਣਾ ਔਖਾ ਸੀ।
ਇਸ ਸਾਰੀ ਗਤੀਵਿਧੀ ਦਾ ਪਰਦਾਫਾਸ਼ ਇੱਕ ਵੱਡੀ ਸਰਕਾਰੀ ਜਾਂਚ (ਫੈਡਰਲ ਇਨਵੈਸਟੀਗੇਸ਼ਨ) ਦੌਰਾਨ ਹੋਇਆ, ਜਿਸ ਤੋਂ ਬਾਅਦ 30 ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ।
ਗ੍ਰਿਫਤਾਰ ਹੋਏ ਲੋਕਾਂ ਵਿੱਚ ਮਸ਼ਹੂਰ ਮਾਫੀਆ ਗਿਰੋਹ ਲਾ ਕੋਸਟਰਾ ਨੋਸਟਰਾਅ ਦੇ ਮੈਂਬਰ, ਪੋਰਟਲੈਂਡ ਟ੍ਰੇਲ ਬਲੇਜ਼ਰਜ਼ ਦੇ ਬਾਸਕਟਬਾਲ ਕੋਚ ਚੌਂਸੀ ਬਿਲਪਸ ਅਤੇ ਪੁਰਾਣੇ ਐੱਨਬੀਏ ਖਿਡਾਰੀ ਡੇਮਨ ਜੋਨਸ ਵੀ ਸ਼ਾਮਲ ਸਨ।
ਐੱਫਬੀਆਈ ਡਾਇਰੈਕਟਰ ਕਾਸ਼ ਪਟੇਲ ਨੇ ਇਸ ਨੂੰ ਹੈਰਾਨ ਕਰ ਦੇਣ ਵਾਲੀ ਧੋਖਾਧੜੀ ਕਿਹਾ, ਜਿਸ 'ਚ ਨਿਊਯਾਰਕ, ਮਿਆਮੀ, ਲਾਸ ਵੇਗਾਸ ਤੇ ਹੋਰ ਅਮਰੀਕੀ ਸ਼ਹਿਰਾਂ ਦੇ ਅਮੀਰ ਲੋਕਾਂ ਨੂੰ ਚਾਲਾਕੀ ਨਾਲ ਲੁੱਟਿਆ ਗਿਆ ਸੀ।
ਐੱਨਬੀਏ ਖਿਡਾਰੀਆਂ ਉੱਤੇ ਇਲਜ਼ਾਮ
ਇਸ ਸਕੀਮ ਵਿੱਚ ਗ੍ਰਿਫਤਾਰੀਆਂ ਦਾ ਐਲਾਨ ਵੀਰਵਾਰ ਨੂੰ ਇੱਕ ਕਥਿਤ ਬਾਸਕਟਬਾਲ ਸੱਟੇਬਾਜ਼ੀ ਦੀ ਸਾਜ਼ਿਸ਼ ਦੇ ਨਾਲ ਕੀਤਾ ਗਿਆ, ਜਿਸ ਵਿੱਚ ਐੱਨਬੀਏ ਖਿਡਾਰੀਆਂ 'ਤੇ ਇਲਜ਼ਾਮ ਲੱਗੇ ਨੇ ਕਿ ਉਹ ਜ਼ਖਮੀ ਹੋਣ ਦਾ ਨਾਟਕ ਕਰਕੇ ਬੈਟਿੰਗ ਰੇਟਾਂ 'ਚ ਹੇਰਾਫੇਰੀ ਕਰਦੇ ਸਨ।
ਸਰਕਾਰੀ ਵਕੀਲਾਂ ਦਾ ਕਹਿਣਾ ਹੈ ਕਿ ਇਹ ਗੁਪਤ ਪੋਕਰ ਧੋਖਾਧੜੀ 2019 ਤੋਂ ਹੀ ਚੱਲ ਰਹੀ ਸੀ ਅਤੇ ਇਸ ਦੇ ਪਿੱਛੇ ਅਮਰੀਕਾ ਦੇ ਮਸ਼ਹੂਰ ਮਾਫੀਆ ਗਿਰੋਹ ਸਨ।
ਇਸ ਪੂਰੇ ਜਾਲ ਨੂੰ ਖ਼ਾਸ ਤੌਰ 'ਤੇ ਬੋਨਾਨੋ, ਗੈਂਬੀਨੋ, ਲੁਕੇਸੇ ਅਤੇ ਜੇਨੋਵੇਸ ਗੈਂਗਾਂ ਵੱਲੋਂ ਚਲਾਇਆ ਜਾ ਰਿਹਾ ਸੀ, ਜੋ ਪਹਿਲਾਂ ਤੋਂ ਹੀ ਗੈਰ-ਕਾਨੂੰਨੀ ਕਾਰੋਬਾਰਾਂ ਅਤੇ ਹਿੰਸਕ ਗਤੀਵਿਧੀਆਂ ਲਈ ਜਾਣੇ ਜਾਂਦੇ ਹਨ।

ਇਸ ਧੋਖਾਧੜੀ ਵਿੱਚ ਕੁਝ ਪੁਰਾਣੇ ਪੇਸ਼ੇਵਰ ਖਿਡਾਰੀਆਂ ਨੂੰ ਵੀ ਸ਼ਾਮਲ ਕੀਤਾ ਗਿਆ ਸੀ, ਜਿਨ੍ਹਾਂ ਨੂੰ ਉਨ੍ਹਾਂ ਨੇ "ਫੇਸ ਕਾਰਡ" ਕਿਹਾ ਸੀ।
ਇਹ ਮਸ਼ਹੂਰ ਖਿਡਾਰੀ ਸਕੀਮ ਦਾ ਹਿੱਸਾ ਬਣੇ ਤਾਂ ਜੋ ਆਪਣੇ ਚਿਹਰੇ ਅਤੇ ਸ਼ੋਹਰਤ ਨਾਲ ਹੋਰ ਲੋਕਾਂ ਨੂੰ ਇਸ ਖੇਡ ਵੱਲ ਖਿੱਚ ਸਕਣ।
ਜਦੋਂ ਕਿਸੇ ਅਮੀਰ ਵਿਅਕਤੀ ਨੂੰ ਮਸ਼ਹੂਰ ਸਿਤਾਰੇ ਜਿਵੇਂ ਬਿਲਪਸ ਜਾਂ ਜੋਨਸ ਨਾਲ ਖੇਡਣ ਦਾ ਮੌਕਾ ਮਿਲਦਾ ਸੀ, ਤਾਂ ਉਹ ਉਤਸ਼ਾਹ ਨਾਲ ਗੈਰ-ਕਾਨੂੰਨੀ ਪੋਕਰ ਖੇਡਾਂ ਵਿੱਚ ਸ਼ਾਮਲ ਹੋ ਜਾਂਦੇ ਸੀ। ਪਰ ਹਕੀਕਤ ਵਿੱਚ, ਉਹ ਇੱਕ ਸ਼ਿਕਾਰ ਹੁੰਦਾ ਸੀ, ਜਿਸ ਤੋਂ ਲੱਖਾਂ ਡਾਲਰ ਹਥਿਆਏ ਜਾਂਦੇ ਸਨ।
ਸਭ ਕੁਝ ਠੱਗੀ ਦਾ ਹਿੱਸਾ ਸੀ

ਤਸਵੀਰ ਸਰੋਤ, US Department of Justice
ਪਰ ਇਸ ਲਾਲਚ ਵਿੱਚ ਆਏ ਖਿਡਾਰੀ, ਜਿਨ੍ਹਾਂ ਨੂੰ ਸਕੀਮ ਵਿੱਚ 'ਫ਼ਿਸ਼' ਕਿਹਾ ਜਾਂਦਾ ਸੀ, ਉਨ੍ਹਾਂ ਨੂੰ ਇਹ ਨਹੀਂ ਪਤਾ ਹੁੰਦਾ ਸੀ ਕਿ ਉਨ੍ਹਾਂ ਦੇ ਆਲੇ-ਦੁਆਲੇ ਹਰ ਵਿਅਕਤੀ, ਖਿਡਾਰੀ ਤੋਂ ਲੈ ਕੇ ਡੀਲਰ ਤੱਕ ਇਹ ਸਭ ਇਸ ਠੱਗੀ ਦਾ ਹਿੱਸਾ ਸਨ।
ਇੱਥੋਂ ਤੱਕ ਕਿ ਕਾਰਡਾਂ ਨੂੰ ਸ਼ਫ਼ਲ ਕਰਨ ਅਤੇ ਚਿਪਾਂ ਦੀ ਗਿਣਤੀ ਕਰਨ ਲਈ ਵਰਤੀ ਜਾ ਰਹੀ ਤਕਨੀਕ ਵਿੱਚ ਵੀ ਹੇਰਾਫੇਰੀ ਕੀਤੀ ਜਾ ਰਹੀ ਸੀ।
ਇਸ ਧੋਖਾਧੜੀ ਵਿੱਚ ਹਰ ਥਾਂ ਤਕਨੀਕੀ ਜਾਲ ਫੈਲਿਆ ਹੋਇਆ ਸੀ। ਜਾਂਚ ਕਰ ਰਹੇ ਅਧਿਕਾਰੀਆਂ ਮੁਤਾਬਕ, ਖੇਡ ਦੇ ਟੇਬਲਾਂ ਤੋਂ ਲੈ ਕੇ ਚਿੱਪ ਟਰੇਅ ਤੱਕ ਸਭ ਕੁਝ ਹਾਈ-ਟੈਕ ਸੀ।
ਐਕਸ-ਰੇ ਟੇਬਲ ਕਿਸੇ ਵੀ ਉਲਟੇ ਪਏ ਕਾਰਡ ਨੂੰ ਪੜ੍ਹ ਸਕਦੇ ਸਨ।
ਚਿੱਪ ਟਰੇਅ ਅੰਦਰ ਲੁਕੇ ਐਨਾਲਾਈਜ਼ਰ ਕਾਰਡਾਂ ਦੀ ਜਾਣਕਾਰੀ ਦਿੰਦੇ ਸਨ ਤੇ ਕਾਰਡ ਸ਼ਫਲ ਕਰਨ ਵਾਲੀ ਮਸ਼ੀਨ ਵੀ ਧਾਂਦਲੀ ਵਾਲੀ (ਰਿਗਡ) ਸੀ, ਜਿਸ ਨਾਲ ਪਤਾ ਲੱਗ ਜਾਂਦਾ ਸੀ ਕਿ ਕਿਸ ਖਿਡਾਰੀ ਕੋਲ ਸਭ ਤੋਂ ਵਧੀਆ ਕਾਰਡ ਹੋਣਗੇ।
ਇਸ ਤੋਂ ਇਲਾਵਾ ਕਾਰਡਾਂ 'ਤੇ ਖ਼ਾਸ ਨਿਸ਼ਾਨ ਲਗਾਏ ਜਾਂਦੇ ਸਨ, ਜਿਨ੍ਹਾਂ ਨੂੰ ਖ਼ਾਸ ਐਨਕਾਂ ਜਾਂ ਕਾਂਟੈਕਟ ਲੈਂਜ਼ ਪਹਿਨੇ ਲੋਕ ਸੌਖਿਆਂ ਪੜ੍ਹ ਸਕਦੇ ਸਨ।
ਇਸਦੇ ਨਾਲ ਹੀ ਟੇਬਲਾਂ ਅਤੇ ਲਾਈਟਾਂ ਵਿੱਚ ਛੁਪਾਏ ਗਏ ਗੁਪਤ ਕੈਮਰੇ ਵੀ ਇਸ ਧੋਖਾਧੜੀ ਦਾ ਹਿੱਸਾ ਸਨ।
ਇਹ ਕੈਮਰੇ ਖੇਡ ਦੀ ਸਾਰੀ ਜਾਣਕਾਰੀ ਉਨ੍ਹਾਂ ਲੋਕਾਂ ਤੱਕ ਪਹੁੰਚਾਉਂਦੇ ਸਨ ਜੋ ਬਾਹਰ ਬੈਠ ਕੇ ਇਸ ਪੂਰੇ ਜਾਲ ਨੂੰ ਚਲਾ ਰਹੇ ਸਨ।
ਖੇਡ ਦਾ ਨਤੀਜਾ ਪਹਿਲਾਂ ਹੀ ਨਿਰਧਾਰਤ ਹੁੰਦਾ ਸੀ

ਤਸਵੀਰ ਸਰੋਤ, Getty Images
ਵਕੀਲਾਂ ਦਾ ਕਹਿਣਾ ਹੈ ਕਿ ਇਸ ਤੋਂ ਇਲਾਵਾ ਖੇਡ ਨੂੰ ਕੰਟਰੋਲ ਕਰਨ ਅਤੇ ਆਪਸ ਵਿੱਚ ਸੰਕੇਤਾਂ ਰਾਹੀਂ ਗੱਲਬਾਤ ਕਰਨ ਦਾ ਇੱਕ ਬਹੁਤ ਹੀ ਸੁਧਰੇ ਹੋਏ ਤਰੀਕੇ ਨਾਲ ਤਿਆਰ ਕੀਤਾ ਗਿਆ ਸਿਸਟਮ ਵੀ ਸੀ ਜਿਸ ਨਾਲ ਖੇਡ ਦੇ ਨਤੀਜੇ ਪਹਿਲਾਂ ਹੀ ਨਿਰਧਾਰਤ ਕਰ ਦਿੱਤੇ ਜਾਂਦੇ ਸਨ।
ਵਕੀਲਾਂ ਦੇ ਮੁਤਾਬਕ ਖੇਡ ਤੋਂ ਮਿਲਣ ਵਾਲੀ ਜਾਣਕਾਰੀ ਪਹਿਲਾਂ ਇੱਕ ਬਾਹਰ ਬੈਠੇ ਸਾਜ਼ਿਸ਼ਘੜਤਾ ਨੂੰ ਭੇਜੀ ਜਾਂਦੀ ਸੀ। ਜਿਸਨੂੰ ਉਹ ਓਪਰੇਟਰ ਕਹਿੰਦੇ ਸਨ।
ਫਿਰ ਓਪਰੇਟਰ ਇਹ ਜਾਣਕਾਰੀ ਟੇਬਲ 'ਤੇ ਬੈਠੇ ਹੋਰ ਖਿਡਾਰੀ ਨੂੰ ਭੇਜਦਾ ਸੀ, ਜੋ ਸਕੀਮ ਦਾ ਹਿੱਸਾ ਹੁੰਦਾ ਸੀ। ਵਕੀਲ ਉਸ ਖਿਡਾਰੀ ਨੂੰ ਕਵਾਰਟਰਬੈਕ ਜਾਂ ਡਰਾਈਵਰ ਕਹਿੰਦੇ ਸਨ।
ਫਿਰ ਖੇਡ ਦੀ ਸਾਰੀ ਜਾਣਕਾਰੀ ਬਾਹਰ ਬੈਠੇ ਓਪਰੇਟਰ ਨੂੰ ਭੇਜੀ ਜਾਂਦੀ। ਜੋ ਅੰਦਰ ਬੈਠੇ ਕਵਾਰਟਰਬੈਕ ਜਾਂ ਡਰਾਈਵਰ ਨੂੰ ਸੰਕੇਤ ਕਰਦਾ ਸੀ, ਜੋ ਹੋਰ ਖਿਡਾਰੀਆਂ ਨੂੰ ਹੱਥਾਂ ਦੇ ਇਸ਼ਾਰਿਆਂ ਨਾਲ ਜਾਣਕਾਰੀ ਦੇ ਕੇ ਖੇਡ ਨੂੰ ਆਪਣੇ ਹੱਕ 'ਚ ਮੋੜ ਲੈਂਦੇ ਸਨ।
ਅਧਿਕਾਰੀਆਂ ਦਾ ਅੰਦਾਜ਼ਾ ਹੈ ਕਿ ਹਰ ਖੇਡ ਵਿੱਚ ਇੱਕ ਸ਼ਿਕਾਰ ਨੂੰ ਹਜ਼ਾਰਾਂ ਡਾਲਰ ਤੱਕ ਦਾ ਨੁਕਸਾਨ ਹੁੰਦਾ ਸੀ।
ਵਕੀਲਾਂ ਦੇ ਮੁਤਾਬਕ ਕ੍ਰਿਪਟੋਕਰੰਸੀ, ਨਕਦ ਐਕਸਚੇਂਜ ਅਤੇ ਜਾਅਲੀ ਕੰਪਨੀਆਂ ਰਾਹੀਂ ਕਮਾਏ ਗ਼ੈਰ-ਕਾਨੂੰਨੀ ਪੈਸੇ ਨੂੰ ਇੱਕ ਨੰਬਰ ਦੀ ਰਕਮ ਵਿੱਚ ਬਦਲਿਆ ਜਾਂਦਾ ਸੀ।
ਲਾਭ ਦਾ ਕੁਝ ਹਿੱਸਾ ਉਨ੍ਹਾਂ ਲੋਕਾਂ ਨੂੰ ਦਿੱਤਾ ਜਾਂਦਾ ਸੀ, ਜੋ ਇਸ ਸਕੀਮ ਵਿੱਚ ਸਹਾਇਤਾ ਕਰ ਰਹੇ ਸਨ ਤੇ ਕੁਝ ਪੈਸਾ ਮਾਫੀਆ ਦੇ ਗ਼ੈਰਕਾਨੂੰਨੀ ਕਾਰੋਬਾਰਾਂ ਨੂੰ ਚਲਾਉਣ ਲਈ ਵਰਤਿਆ ਗਿਆ।
ਐੱਫ਼ਬੀਆਈ ਦੇ ਸਹਾਇਕ ਡਾਇਰੈਕਟਰ ਕ੍ਰਿਸਟੋਫਰ ਰਾਈਆ ਨੇ ਕਿਹਾ, "ਇਸ ਧੋਖਾਧੜੀ ਨੇ ਸਾਰੇ ਦੇਸ਼ 'ਚ ਹਲਚਲ ਮਚਾ ਦਿੱਤੀ, ਜਿਸ ਵਿੱਚ ਕੁਝ ਲੋਕਾਂ ਦੀ ਸ਼ੋਹਰਤ ਅਤੇ ਹੋਰਾਂ ਦੇ ਪੈਸਿਆਂ ਦਾ ਫਾਇਦਾ ਚੁੱਕਦਿਆਂ ਇਟਾਲੀਅਨ ਮਾਫੀਆ ਦੀਆਂ ਗੈਰਕਾਨੂੰਨੀ ਗਤੀਵਿਧੀਆਂ ਨੂੰ ਫੰਡ ਕੀਤਾ ਗਿਆ।"
ਬਿਲਪਸ ਨੂੰ ਫੇਸ ਕਾਰਡ ਹੋਣ ਦੇ ਇਲਜ਼ਾਮ 'ਚ ਪੋਰਟਲੈਂਡ ਤੋਂ ਗ੍ਰਿਫਤਾਰ ਕੀਤਾ ਗਿਆ ਤੇ ਐਨਬੀਏ ਨੇ ਉਨ੍ਹਾਂ ਨੂੰ ਅਸਥਾਈ ਤੌਰ 'ਤੇ ਸਸਪੈਂਡ ਕਰ ਦਿੱਤਾ।
ਜੋਨਸ ਨੂੰ ਪੋਕਰ ਤੇ ਐੱਨਬੀਏ ਦੋਵੇਂ ਮਾਮਲਿਆਂ 'ਚ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ 'ਤੇ ਵਾਇਰ ਫ੍ਰੌਡ ਤੇ ਮਨੀ ਲਾਂਡਰਿੰਗ ਦੇ ਇਲਜ਼ਾਮ ਲੱਗੇ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












