'ਅਸੀਂ ਇੱਕ ਦੂਜੇ ਦਾ ਹੱਥ ਫੜ ਕੇ ਬੈਠੇ ਸੀ, ਫਿਰ ਅਚਾਨਕ ਹਨੇਰਾ ਹੋ ਗਿਆ': ਜਹਾਜ਼ ਹਾਦਸੇ 'ਚ ਬਚੀ ਇਕਲੌਤੀ ਕੁੜੀ ਦੀ ਕਹਾਣੀ

ਐਨੇਟ ਹਰਫਕੇਂਸ

ਤਸਵੀਰ ਸਰੋਤ, Annette Herfkens

ਤਸਵੀਰ ਕੈਪਸ਼ਨ, ਐਨੇਟ ਹਰਫਕੇਂਜ਼ 1992 ਵਿੱਚ ਵੀਅਤਨਾਮ ਵਿੱਚ ਇੱਕ ਜਹਾਜ਼ ਹਾਦਸੇ ਵਿੱਚ ਬਚਣ ਵਾਲੀ ਇਕਲੌਤੀ ਯਾਤਰੀ ਸੀ
    • ਲੇਖਕ, ਐਡਗਰ ਮੈਡੀਕੋਟ ਅਤੇ ਆਸੀਆ ਫੌਕਸ
    • ਰੋਲ, ਬੀਬੀਸੀ ਪੱਤਰਕਾਰ

ਨੀਦਰਲੈਂਡ ਤੋਂ ਐਨੇਟ ਹਰਫਕੇਂਸ ਆਪਣੀ ਮੰਗੇਤਰ ਨਾਲ ਵੀਅਤਨਾਮ ਦੇ ਇੱਕ ਰੋਮਾਂਟਿਕ ਬੀਚ ਰਿਜ਼ੋਰਟ ਵਿੱਚ ਯਾਤਰਾ ਕਰ ਰਹੀ ਸੀ।

ਇਹ 1992 ਦੀ ਗੱਲ ਹੈ। ਉਹ ਮੈਡ੍ਰਿਡ ਵਿੱਚ ਵਿੱਤੀ ਖੇਤਰ ਵਿੱਚ ਕੰਮ ਕਰਦੀ ਸੀ ਅਤੇ ਉਸਦੇ ਯੂਨੀਵਰਸਿਟੀ ਦੇ ਸਹਿਪਾਠੀ ਵਿਲੀਅਮ ਨਾਲ ਚੰਗੇ ਸਬੰਧ ਸਨ, ਚਾਹੇ ਉਹ ਦੂਰ ਰਹਿੰਦਾ ਸੀ, ਉਸ ਨੂੰ ਉਹ ਪਾਸਜੇ ਕਹਿ ਕੇ ਬੁਲਾਉਂਦੀ ਸੀ।

ਜਿਵੇਂ ਹੀ ਉਨ੍ਹਾਂ ਦਾ ਛੋਟਾ ਜਹਾਜ਼ ਨਹਾ ਤਾਂਗ ਹਵਾਈ ਅੱਡੇ ਦੇ ਨੇੜੇ ਆਇਆ, ਐਨੇਟ ਅਤੇ ਵਿਲੀਅਮ ਨੇ ਦੇਖਿਆ ਕਿ ਇਹ ਅਚਾਨਕ ਹੇਠਾਂ ਵੱਲ ਜਾ ਰਿਹਾ ਸੀ।

ਐਨੇਟ ਨੇ ਬੀਬੀਸੀ ਦੇ 'ਲਾਈਵ ਲੈੱਸ ਆਰਡੀਨਰੀ' ਪੋਡਕਾਸਟ ਨੂੰ ਦੱਸਿਆ, "ਮੈਂ ਇੰਜਣ ਦੇ ਦੁਬਾਰਾ ਸ਼ੁਰੂ ਹੋਣ ਦੀ ਆਵਾਜ਼ ਸੁਣੀ। ਜਹਾਜ਼ ਫਿਰ ਤੋਂ ਚੱਲਣ ਲੱਗ ਪਿਆ, ਲੋਕ ਚੀਕ ਰਹੇ ਸਨ। ਵਿਲੀਅਮ ਮੇਰੇ ਵੱਲ ਦੇਖ ਰਿਹਾ ਸੀ ਅਤੇ ਮੈਂ ਉਸ ਵੱਲ ਦੇਖ ਰਹੀ ਸੀ। ਅਸੀਂ ਇੱਕ ਦੂਜੇ ਦੇ ਹੱਥ ਫੜੇ ਹੋਏ ਸੀ ਅਤੇ ਫਿਰ ਅਚਾਨਕ ਹਨੇਰਾ ਹੋ ਗਿਆ।"

ਇਸ ਸਥਿਤੀ ਦੇ ਭਿਆਨਕ ਨਤੀਜੇ ਨਿਕਲੇ। ਐਨੇਟ ਨੂੰ ਛੱਡ ਕੇ ਸਾਰੇ ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਮਾਰੇ ਗਏ।

ਉਹ ਅੱਠ ਦਿਨਾਂ ਤੱਕ ਜੰਗਲ ਵਿੱਚ ਬੇਸਹਾਰਾ ਪਈ ਰਹੀ। ਉਹ ਤੁਰਨ ਤੋਂ ਅਸਮਰੱਥ ਸੀ। ਗੰਭੀਰ ਸੱਟਾਂ ਕਾਰਨ ਉਸਨੂੰ ਬਹੁਤ ਦਰਦ ਹੋ ਰਿਹਾ ਸੀ। ਉਹ ਡੀਹਾਈਡਰੇਸ਼ਨ ਅਤੇ ਆਪਣੇ ਪਿਆਰ ਨੂੰ ਗੁਆਉਣ ਦੇ ਦਰਦ ਤੋਂ ਪੀੜਤ ਸੀ।

ਉਸਦੇ ਮੁਤਾਬਕ, ਇਸ ਸਮੇਂ ਦੌਰਾਨ ਉਸਨੇ ਜੋ ਦੇਖਿਆ, ਉਸਨੇ ਉਸਨੂੰ ਸਭ ਤੋਂ ਹਨੇਰੇ ਪਲਾਂ ਵਿੱਚ ਸੁੰਦਰਤਾ ਲੱਭਣ ਦੀ ਕਲਾ ਸਿਖਾਈ।

ਐਨੇਟ ਕਹਿੰਦੀ ਹੈ ਕਿ ਉਸਨੇ ਵਿਲੀਅਮ ਨਾਲ ਡੇਟਿੰਗ ਸਿਰਫ਼ ਇਸ ਲਈ ਸ਼ੁਰੂ ਕੀਤੀ ਕਿਉਂਕਿ ਉਸਨੇ ਉਸਨੂੰ ਇੱਕ ਚੁਣੌਤੀ ਦਿੱਤੀ ਸੀ।

"ਵਿਲੀਅਮ ਨੇ ਮੈਨੂੰ ਕਿਹਾ ਸੀ, 'ਮੈਂ ਇੱਕ ਗੱਲ ਜਾਣਦਾ ਹਾਂ ਜੋ ਤੇਰੇ ਵਿੱਚ ਕਰਨ ਦੀ ਹਿੰਮਤ ਨਹੀਂ ਹੈ। ਅਤੇ ਉਹ ਹੈ ਉਸਨੂੰ ਚੁੰਮਣ ਦੀ ਹਿੰਮਤ'।"

"ਉਸ ਸਮੇਂ ਤੱਕ ਅਸੀਂ ਬਹੁਤ ਚੰਗੇ ਦੋਸਤ ਬਣ ਚੁੱਕੇ ਸੀ ਅਤੇ ਅਸੀਂ ਵਿਦਿਆਰਥੀਆਂ ਲਈ ਰਾਖਵੀਂ ਜਗ੍ਹਾ 'ਤੇ ਰਹਿੰਦੇ ਸੀ।"

ਐਨੇਟ ਮੁਤਾਬਕ ਡੇਟਿੰਗ ਤੋਂ ਤੁਰੰਤ ਬਾਅਦ, ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਉਨ੍ਹਾਂ ਦੋਵਾਂ ਵਿਚਕਾਰ ਸੱਚਾ ਪਿਆਰ ਹੈ।

"ਅਸੀਂ ਦੋਵੇਂ ਵਿਦੇਸ਼ ਜਾਣ ਦੀ ਯੋਜਨਾ ਬਣਾ ਰਹੇ ਸੀ, ਇਸ ਲਈ ਅਸੀਂ ਆਪਣੇ ਰਿਸ਼ਤੇ ਨੂੰ ਲੰਬੇ ਸਮੇਂ ਤੱਕ ਜਾਰੀ ਰੱਖਣ ਅਤੇ ਇੱਕ ਦੂਜੇ ਨੂੰ ਜਿੰਨੀ ਵਾਰ ਹੋ ਸਕੇ ਮਿਲਣ ਦਾ ਫੈਸਲਾ ਕੀਤਾ।"

ਐਨੇਟ ਅਤੇ ਉਨ੍ਹਾਂ ਦਾ ਮੰਗੇਤਰ

ਤਸਵੀਰ ਸਰੋਤ, Annette Herfkens

ਤਸਵੀਰ ਕੈਪਸ਼ਨ, ਐਨੇਟ ਅਤੇ ਵਿਲੇਮ ਯੂਨੀਵਰਸਿਟੀ ਵਿੱਚ ਪੜ੍ਹਦੇ ਸਮੇਂ ਮਿਲੇ ਸਨ ਅਤੇ ਦੋਵਾਂ ਨੇ ਵਿਆਹ ਕਰਵਾਉਣ ਦਾ ਫ਼ੈਸਲਾ ਲਿਆ ਸੀ

1992 ਤੱਕ, ਵਿਲੀਅਮ ਵੀਅਤਨਾਮ ਵਿੱਚ ਕੰਮ ਕਰ ਰਿਹਾ ਸੀ ਅਤੇ ਦੋਵਾਂ ਨੇ ਉੱਥੇ ਇਕੱਠੇ ਛੁੱਟੀਆਂ ਮਨਾਉਣ ਦਾ ਫ਼ੈਸਲਾ ਕੀਤਾ।

ਐਨੇਟ ਅੱਗੇ ਕਹਿੰਦੀ ਹੈ, "ਅਸੀਂ ਕਈ ਸਾਲਾਂ ਤੋਂ ਇਕੱਠੇ ਸੀ। ਉਸਨੇ ਮੈਨੂੰ ਪ੍ਰਪੋਜ਼ ਕੀਤਾ ਅਤੇ ਅਸੀਂ ਗੱਲਬਾਤ ਕਰ ਰਹੇ ਸੀ ਕਿ ਅਸੀਂ ਕਿੱਥੇ ਅਤੇ ਕਿਵੇਂ ਵਿਆਹ ਕਰਾਂਗੇ।"

"ਜਦੋਂ ਮੈਂ ਵੀਅਤਨਾਮ ਪਹੁੰਚੀ, ਮੈਂ ਦੇਖਣਾ ਚਾਹੁੰਦੀ ਸੀ ਕਿ ਉੱਥੇ ਉਨ੍ਹਾਂ ਦੀ ਜ਼ਿੰਦਗੀ ਕਿਹੋ ਜਿਹੀ ਸੀ, ਉਨ੍ਹਾਂ ਦਾ ਦਫ਼ਤਰ ਕਿਹੋ ਜਿਹਾ ਸੀ। ਉਨ੍ਹਾਂ ਨੇ ਸਵੇਰੇ 7 ਵਜੇ ਜਾਣ ਦੀ ਯੋਜਨਾ ਬਣਾਈ, ਇੱਕ ਚੰਗੇ ਡੱਚ ਨਾਗਰਿਕ ਵਾਂਗ।"

"ਮੈਂ ਉੱਠਣ ਤੋਂ ਥੋੜ੍ਹਾ ਝਿਜਕ ਰਹੀ ਸੀ ਕਿਉਂਕਿ ਮੈਂ ਹੋਰ ਸੌਣਾ ਚਾਹੁੰਦੀ ਸੀ। ਜਦੋਂ ਮੈਂ ਜਹਾਜ਼ ਦੇਖਿਆ, ਮੈਂ ਕਿਹਾ ਕਿ ਮੈਂ ਇਸ 'ਤੇ ਨਹੀਂ ਜਾ ਰਹੀ।"

"ਇਹ ਇੱਕ ਬਹੁਤ ਛੋਟਾ ਜਹਾਜ਼ ਸੀ, ਸੋਵੀਅਤ-ਨਿਰਮਿਤ ਯਾਕ-40 ਅਤੇ ਮੈਨੂੰ ਹਮੇਸ਼ਾ ਕਲੋਸਟ੍ਰੋਫੋਬੀਆ ਰਿਹਾ ਹੈ।"

ਵਿਲੀਅਮ ਨੇ ਐਨੇਟ ਨੂੰ ਕਿਹਾ, "ਮੈਨੂੰ ਪਤਾ ਸੀ ਕਿ ਤੁਸੀਂ ਇਹ ਕਹੋਗੇ, ਪਰ ਕ੍ਰਿਪਾ ਕਰਕੇ ਇਹ ਯਾਤਰਾ ਮੇਰੇ ਲਈ ਕਰੋ।"

"ਜੰਗਲ ਬਹੁਤ ਸੰਘਣਾ ਹੋਣ ਕਰਕੇ ਕਾਰ ਰਾਹੀਂ ਜਾਣਾ ਸੰਭਵ ਨਹੀਂ ਸੀ ਅਤੇ ਉਹ ਮੈਨੂੰ ਕਹਿੰਦੇ ਰਹੇ ਕਿ ਤੁਸੀਂ ਇਸ ਯਾਤਰਾ ਦਾ ਆਨੰਦ ਮਾਣੋਗੇ।"

ਐਨੇਟ ਕਹਿੰਦੀ ਹੈ ਕਿ ਉਹ ਵਿਲੀਅਮ ਦੀਆਂ ਗੱਲਾਂ ਤੋਂ ਕਾਇਲ ਹੋ ਗਈ ਕਿਉਂਕਿ ਸਫ਼ਰ ਸਿਰਫ਼ 55 ਮਿੰਟ ਦਾ ਸੀ।

"ਮੇਰਾ ਦਿਲ ਧੜਕ ਰਿਹਾ ਸੀ। ਅਸੀਂ ਦੂਜੀ ਲਾਈਨ ਵਿੱਚ ਬੈਠੇ ਸੀ।"

ਐਨੇਟ ਮੁਤਾਬਕ, ਫਿਰ ਅਚਾਨਕ ਲੋਕ ਚੀਕਣ ਲੱਗੇ, ਵਿਲੀਅਮ ਨੇ ਉਨ੍ਹਾਂ ਵੱਲ ਦੇਖਿਆ ਅਤੇ ਕਿਹਾ, "ਮੈਨੂੰ ਲੱਗਦਾ ਹੈ ਕਿ ਕੁਝ ਗ਼ਲਤ ਹੈ।"

"ਮੈਂ ਗੁੱਸੇ ਨਾਲ ਜਵਾਬ ਦਿੱਤਾ ਕਿ ਇਹ ਸਿਰਫ਼ ਇੱਕ ਝਟਕਾ ਸੀ ਅਤੇ ਛੋਟੇ ਜਹਾਜ਼ ਵਿੱਚ ਅਜਿਹਾ ਮਹਿਸੂਸ ਹੋਣਾ ਆਮ ਗੱਲ ਹੈ। ਚਿੰਤਾ ਨਾ ਕਰੋ, ਸਭ ਠੀਕ ਹੋ ਜਾਵੇਗਾ।"

ਐਨੇਟ ਕਹਿੰਦੀ ਹੈ, "ਫਿਰ ਅਜਿਹਾ ਮਹਿਸੂਸ ਹੋਇਆ ਜਿਵੇਂ ਇੰਜਣ ਸ਼ਾਇਦ ਦੁਬਾਰਾ ਸ਼ੁਰੂ ਹੋ ਗਿਆ ਹੋਵੇ ਅਤੇ ਫਿਰ ਜਹਾਜ਼ ਵਿੱਚ ਸਵਾਰ ਲੋਕ ਦੁਬਾਰਾ ਚੀਕਣ ਲੱਗੇ।"

ਉਨ੍ਹਾਂ ਦੱਸਿਆ ਕਿ ਉਹ ਉਡਾਣ ਦੌਰਾਨ ਬਹੁਤ ਚਿੰਤਤ ਸੀ।

ਲੈਂਡਿੰਗ ਵਿੱਚ ਅਜੇ ਪੰਜ ਮਿੰਟ ਬਾਕੀ ਸਨ ਅਤੇ ਜਹਾਜ਼ ਜ਼ਮੀਨ ਵੱਲ ਵਧ ਰਿਹਾ ਸੀ। ਫਿਰ, ਅਚਾਨਕ ਸਭ ਪਾਸੇ ਹਨੇਰਾ ਹੋ ਗਿਆ।

ਹਾਦਸੇ ਵਿੱਚ ਬਚੀ ਇੱਕਲੌਤੀ ਯਾਤਰੀ

ਹਾਦਸਾਗ੍ਰਸਤ ਜਹਾਜ਼

ਤਸਵੀਰ ਸਰੋਤ, Annette Herfkens

ਤਸਵੀਰ ਕੈਪਸ਼ਨ, ਵਿਲੇਮ ਅਤੇ ਐਨੇਟ ਨੂੰ ਲੈ ਕੇ ਜਾ ਰਿਹਾ ਜਹਾਜ਼ ਦੱਖਣ-ਪੂਰਬੀ ਵੀਅਤਨਾਮ ਦੇ ਇੱਕ ਪਹਾੜ ਨਾਲ ਟਕਰਾਕੇ ਹਾਦਸਾਗ੍ਰਸਤ ਹੋ ਗਿਆ ਸੀ

ਐਨੇਟ ਨੇ ਜਹਾਜ਼ ਹਾਦਸੇ ਤੋਂ ਬਾਅਦ ਆਪਣੀ ਕਹਾਣੀ ਦੱਸੀ।

"ਜਦੋਂ ਮੈਂ ਆਪਣੀਆਂ ਅੱਖਾਂ ਖੋਲ੍ਹੀਆਂ, ਤਾਂ ਮੈਂ ਜੰਗਲ ਦੀਆਂ ਆਵਾਜ਼ਾਂ ਨਾਲ ਘਿਰੀ ਹੋਈ ਸੀ। ਇਹ ਕੀੜੇ-ਮਕੌੜਿਆਂ ਅਤੇ ਬਾਂਦਰਾਂ ਦੀਆਂ ਆਵਾਜ਼ਾਂ ਸਨ।"

"ਮੈਂ ਆਪਣੇ ਉੱਪਰੋਂ ਕੋਈ ਭਾਰੀ ਚੀਜ਼ ਹਟਾਈ। ਇਹ ਇੱਕ ਸੀਟ ਸੀ ਜਿਸ 'ਤੇ ਇੱਕ ਮ੍ਰਿਤਕ ਯਾਤਰੀ ਸੀ। ਮੇਰੇ ਧੱਕੇ ਕਾਰਨ ਲਾਸ਼ ਸੀਟ ਤੋਂ ਡਿੱਗ ਗਈ।"

'ਮੈਂ ਆਪਣੇ ਖੱਬੇ ਪਾਸੇ ਦੇਖਿਆ ਅਤੇ ਵਿਲੀਅਮ ਉੱਥੇ ਸੀ। ਉਹ ਅਜੇ ਵੀ ਆਪਣੀ ਸੀਟ 'ਤੇ ਬੰਨ੍ਹਿਆ ਹੋਇਆ ਸੀ, ਉਸਦੇ ਚਿਹਰੇ 'ਤੇ ਇੱਕ ਮਿੱਠੀ ਮੁਸਕਰਾਹਟ ਸੀ ਪਰ ਉਹ ਨਿਸ਼ਚਤ ਤੌਰ 'ਤੇ ਮਰ ਚੁੱਕਾ ਸੀ।'

ਮੈਨੂੰ ਉਸ ਤੋਂ ਬਾਅਦ ਬੇਸ਼ੱਕ ਸਦਮਾ ਲੱਗਾ ਹੋਵੇਗਾ ਕਿਉਂਕਿ ਉਸ ਤੋਂ ਬਾਅਦ ਦਾ ਕੁਛ ਯਾਦ ਨਹੀਂ। ਸਿਰਫ਼ ਇੰਨਾ ਯਾਦ ਹੈ ਕਿ ਮੈਂ ਜੰਗਲ ਵਿੱਚ ਸੀ।

ਉਹ ਕਹਿੰਦੇ ਹਨ, "ਮੈਨੂੰ ਨਹੀਂ ਪਤਾ ਕਿ ਮੈਂ ਕਿਵੇਂ ਬਾਹਰ ਨਿਕਲ ਸਕੀ। ਮੇਰੀਆਂ ਲੱਤਾਂ ਟੁੱਟ ਗਈਆਂ ਸਨ, ਮੇਰੇ ਕੁੱਲ੍ਹੇ ਵਿੱਚ 12 ਫ੍ਰੈਕਚਰ ਸਨ ਅਤੇ ਮੇਰਾ ਜਬਾੜਾ ਟੁੱਟ ਗਿਆ ਸੀ।"

ਜਹਾਜ਼ ਅਸਲ ਵਿੱਚ ਇੱਕ ਪਹਾੜ ਨਾਲ ਟਕਰਾ ਗਿਆ, ਜਿਸ ਕਾਰਨ ਇਸਦਾ ਇੱਕ ਖੰਭ ਟੁੱਟ ਗਿਆ ਅਤੇ ਫਿਰ ਇਹ ਦੂਜੇ ਪਹਾੜ ਨਾਲ ਟਕਰਾ ਗਿਆ ਅਤੇ ਪਲਟ ਗਿਆ।

ਐਨੇਟ ਹਾਲਾਤ ਨੂੰ ਯਾਦ ਕਰਦੇ ਹੋਏ ਕਹਿੰਦੀ ਹੈ, "ਕ੍ਰੈਸ਼ ਹੋਏ ਜਹਾਜ਼ ਦੇ ਬਾਹਰ ਹਰਿਆਲੀ ਸੀ, ਬਹੁਤ ਸਾਰੀ ਹਰਿਆਲੀ। ਮੈਨੂੰ ਕੁਝ ਵੱਡੀਆਂ ਲਾਲ ਕੀੜੀਆਂ ਯਾਦ ਹਨ। ਟਾਹਣੀਆਂ, ਪੱਤੇ ਅਤੇ ਮੇਰੇ ਨੰਗੇ ਪੈਰ। ਮੈਨੂੰ ਨਹੀਂ ਪਤਾ ਸੀ ਕਿ ਮੇਰੀ ਸਕਰਟ ਕਿੱਥੇ ਸੀ।"

'ਵਿਲੀਅਮ ਦੀ ਲੱਤ 'ਤੇ ਇੱਕ ਵੱਡਾ ਜ਼ਖ਼ਮ ਸੀ ਅਤੇ ਉਹ ਹੱਡੀ ਵੀ ਦਿਖਾਈ ਰਹੀ ਸੀ, ਕੀੜੇ ਪਹਿਲਾਂ ਹੀ ਇਸਦੇ ਆਲੇ-ਦੁਆਲੇ ਘੁੰਮ ਰਹੇ ਸਨ।'

ਐਨੇਟ ਮੁਤਾਬਕ, ਇਸ ਸਮੇਂ ਦੌਰਾਨ, ਉਸਨੇ ਸੱਜੇ ਪਾਸੇ ਇੱਕ ਵੀਅਤਨਾਮੀ ਆਦਮੀ ਨੂੰ ਦੇਖਿਆ, ਜੋ ਨਾ ਸਿਰਫ਼ ਜ਼ਿੰਦਾ ਸੀ, ਸਗੋਂ ਬੋਲ ਵੀ ਰਿਹਾ ਸੀ।

"ਮੈਂ ਉਸਨੂੰ ਪੁੱਛਿਆ ਕਿ ਕੀ ਉਸਨੂੰ ਲੱਗਦਾ ਹੈ ਕਿ ਕੋਈ ਉਸਨੂੰ ਬਚਾਉਣ ਲਈ ਆਵੇਗਾ? ਆਦਮੀ ਨੇ ਹਾਂ ਵਿੱਚ ਜਵਾਬ ਦਿੱਤਾ ਅਤੇ ਕਿਹਾ ਕਿ ਉਹ ਇੱਕ ਬਹੁਤ ਖ਼ਾਸ ਆਦਮੀ ਹੈ।"

"ਉਸਨੇ ਦੇਖਿਆ ਕਿ ਮੈਂ ਆਪਣੀਆਂ ਨੰਗੀਆਂ ਲੱਤਾਂ ਤੋਂ ਸ਼ਰਮਿੰਦਾ ਸੀ, ਇਸ ਲਈ ਉਸਨੇ ਇੱਕ ਛੋਟੇ ਬੈਗ ਵਿੱਚੋਂ ਪੈਂਟਾਂ ਦਾ ਇੱਕ ਜੋੜਾ ਕੱਢਿਆ ਅਤੇ ਮੈਨੂੰ ਦੇ ਦਿੱਤਾ।"

ਐਨੇਟ ਕਹਿੰਦੀ ਹੈ,"ਮੈਂ ਇਹ ਪੈਂਟ ਬਹੁਤ ਮੁਸ਼ਕਲ ਨਾਲ ਪਹਿਨੀ।"

"ਇਹ ਕਾਰਵਾਈ ਸ਼ਾਇਦ ਦਰਸਾਉਂਦੀ ਹੈ ਕਿ ਅਸੀਂ ਹਰ ਤਰ੍ਹਾਂ ਦੀਆਂ ਅਸਾਧਾਰਨ ਸਥਿਤੀ ਵਿੱਚ ਵੀ ਆਪਣੀ ਦਿੱਖ ਬਾਰੇ ਕਿਵੇਂ ਚਿੰਤਤ ਹੁੰਦੇ ਹਾਂ।"

"ਦਿਨ ਦੇ ਅੰਤ ਵਿੱਚ ਮੈਂ ਇਸ ਆਦਮੀ ਨੂੰ ਕਮਜ਼ੋਰ ਹੁੰਦਾ ਦੇਖਿਆ, ਉਸਦੇ ਸਰੀਰ ਵਿੱਚੋਂ ਜਾਨ ਨਿਕਲ ਰਹੀ ਸੀ, ਫਿਰ ਉਸਦਾ ਸਿਰ ਇੱਕ ਪਾਸੇ ਵੱਲ ਝੁਕਿਆ ਅਤੇ ਉਹ ਮਰ ਗਿਆ।"

"ਪਹਿਲਾਂ ਤਾਂ ਮੈਂ ਕੁਝ ਲੋਕਾਂ ਨੂੰ ਦਰਦ ਨਾਲ ਕਰਾਉਂਦੇ ਸੁਣਿਆ। ਪਰ ਜਦੋਂ ਰਾਤ ਪਈ, ਸਾਰੀਆਂ ਆਵਾਜ਼ਾਂ ਬੰਦ ਹੋ ਗਈਆਂ। ਮੈਂ ਜੰਗਲ ਵਿੱਚ ਬਿਲਕੁਲ ਇਕੱਲੀ ਰਹਿ ਗਈ।"

ਜੰਗਲ

ਐਨੇਟ

ਤਸਵੀਰ ਸਰੋਤ, Annette Herfkens

ਤਸਵੀਰ ਕੈਪਸ਼ਨ, ਐਨੇਟ ਕਹਿੰਦੀ ਹੈ ਕਿ ਹਾਦਸੇ ਤੋਂ ਬਾਅਦ, ਜੰਗਲ ਉਸਦੀ ਸੁਰੱਖਿਅਤ ਜਗ੍ਹਾ ਬਣ ਗਿਆ

ਜਦੋਂ ਵੀਅਤਨਾਮੀ ਆਦਮੀ ਮਰਿਆ, ਮੈਂ ਘਬਰਾ ਗਈ।

ਮੈਂ ਆਪਣੇ ਸਾਹ ਲੈਣ 'ਤੇ ਧਿਆਨ ਕੇਂਦਰਿਤ ਕਰਨ ਲੱਗੀ। ਮੈਂ ਕਦੇ ਵੀ ਧਿਆਨ ਕੇਂਦਰਿਤ ਕਰਨ ਦੀਆਂ ਕਲਾਸਾਂ ਨਹੀਂ ਸੀ ਲਾਈਆਂ ਜਾਂ ਇਸ ਤਰ੍ਹਾਂ ਦੀ ਕੋਈ ਚੀਜ਼ ਨਹੀਂ ਕੀਤੀ ਸੀ। ਇਹ ਖ਼ਾਸਾ ਸਹਿਜ ਸੁਭਾਅ ਸੀ, ਪਰ ਇਸਨੇ ਮੇਰੀ ਬਹੁਤ ਮਦਦ ਕੀਤੀ।

ਸਥਿਤੀ ਦਾ ਨਿਰਣਾ ਕਰਨ ਦੀ ਬਜਾਏ, ਮੈਂ ਇਸਨੂੰ ਧਿਆਨ ਨਾਲ ਜਾਣਿਆ ਅਤੇ ਇਸਨੂੰ ਜਿਵੇਂ ਸੀ ਉਵੇਂ ਹੀ ਸਵੀਕਾਰ ਕਰ ਲਿਆ।

ਮੈਂ ਆਪਣੇ ਆਪ ਨੂੰ ਕਿਹਾ, "ਇਹੀ ਹੋਇਆ ਹੈ। ਮੈਂ ਆਪਣੇ ਮੰਗੇਤਰ ਨਾਲ ਸਮੁੰਦਰੀ ਕੰਢੇ 'ਤੇ ਨਹੀਂ ਹਾਂ।"

ਮੈਂ ਵਰਤਮਾਨ 'ਤੇ ਧਿਆਨ ਕੇਂਦਰਿਤ ਕੀਤਾ ਅਤੇ ਆਪਣੇ ਮਨ ਨੂੰ ਹੋਰ ਵੀ ਵਿਨਾਸ਼ਕਾਰੀ ਦ੍ਰਿਸ਼ਾਂ ਜਿਵੇਂ ਕਿ 'ਜੇਕਰ ਸ਼ੇਰ ਆ ਜਾਵੇ ਤਾਂ ਕੀ ਹੋਵੇਗਾ?' ਵੱਲ ਭਟਕਣ ਤੋਂ ਰੋਕਿਆ।

ਜ਼ਾਹਰ ਹੈ, ਇਹ ਸਭ ਕੁਝ ਅਤੇ ਹੋਰ ਬਹੁਤ ਕੁਝ ਮੇਰੇ ਦਿਮਾਗ ਵਿੱਚ ਆਇਆ। ਮੈਂ ਜੰਗਲ ਵਿੱਚ ਸੀ, ਇਸ ਲਈ ਇਹ ਇੱਕ ਅਸਲ ਸੰਭਾਵਨਾ ਸੀ।

ਪਰ ਸੱਚ ਇਹ ਸੀ ਕਿ ਉਸ ਸਮੇਂ ਸ਼ੇਰ ਉੱਥੇ ਨਹੀਂ ਸੀ, ਇਸ ਲਈ ਮੈਂ ਫ਼ੈਸਲਾ ਕੀਤਾ ਕਿ ਜਦੋਂ ਉਹ ਆਵੇਗਾ ਤਾਂ ਉਸ ਸਮੇਂ ਉਸ ਨੂੰ ਦੇਖਾਂਗੀ।

ਪਹਿਲੇ ਦੋ ਦਿਨ ਮੈਂ ਵੀਅਤਨਾਮੀ ਆਦਮੀ ਦੀ ਲਾਸ਼ ਦੇ ਕੋਲ ਰਹੀ ਤਾਂ ਜੋ ਮੈਨੂੰ ਇਕੱਲਾਪਨ ਘੱਟ ਮਹਿਸੂਸ ਹੋਵੇ।

ਜਿਵੇਂ-ਜਿਵੇਂ ਸਮਾਂ ਬੀਤਦਾ ਗਿਆ, ਇਹ ਹੋਰ ਵੀ ਘਿਣਾਉਣਾ ਹੁੰਦਾ ਗਿਆ, ਫ਼ਿਰ ਮੈਨੂੰ ਉੱਥੋਂ ਤੁਰਨਾ ਪਿਆ।

ਇਸ ਵੱਲ ਦੇਖਣ ਦੀ ਬਜਾਇ, ਮੈਂ ਜੰਗਲ ਵੱਲ ਦੇਖਿਆ। ਮੈਂ ਆਪਣੇ ਸਾਹਮਣੇ ਮੌਜੂਦ ਹਜ਼ਾਰਾਂ ਛੋਟੇ ਪੱਤਿਆਂ ਵੱਲ ਦੇਖਿਆ।

ਮੈਂ ਇੱਕ ਸ਼ਹਿਰੀ ਕੁੜੀ ਸੀ। ਮੈਂ ਵਿੱਤੀ ਖੇਤਰ ਵਿੱਚ ਕੰਮ ਕਰਦੀ ਸੀ, ਲਗਾਤਾਰ ਨਿਊਯਾਰਕ ਅਤੇ ਲੰਡਨ ਦੀ ਯਾਤਰਾ ਕਰਦੀ ਸੀ। ਫ਼ਿਰ ਅਚਾਨਕ ਮੈਨੂੰ ਅਹਿਸਾਸ ਹੋਇਆ ਕਿ ਉਹ ਜੰਗਲ ਕਿੰਨਾ ਸੁੰਦਰ ਸੀ।

ਜਿੰਨਾ ਜ਼ਿਆਦਾ ਮੈਂ ਪੱਤਿਆਂ 'ਤੇ ਧਿਆਨ ਕੇਂਦਰਿਤ ਕਰਦੀ ਗਈ, ਪੱਤਿਆਂ 'ਤੇ ਬੂੰਦਾਂ ਅਤੇ ਬੂੰਦਾਂ ਤੋਂ ਰੌਸ਼ਨੀ ਕਿਵੇਂ ਪ੍ਰਤੀਬਿੰਬਤ ਹੁੰਦੀ ਗਈ, ਓਨਾ ਹੀ ਇਹ ਆਲਾ-ਦੁਆਲਾ ਹੋਰ ਸੁੰਦਰ ਹੁੰਦਾ ਗਿਆ।

ਮੈਂ ਉਸ ਸੁੰਦਰਤਾ ਵਿੱਚ ਲੀਨ ਸੀ। ਪਰ ਬੇਸ਼ੱਕ, ਮੈਂ ਖ਼ੁਦ ਨੂੰ ਬਚਾਉਣਾ ਸੀ।

ਪਹਿਲਾਂ ਤਾਂ ਥੋੜ੍ਹਾ ਜਿਹਾ ਮੀਂਹ ਪਿਆ ਅਤੇ ਮੈਂ ਆਪਣੀ ਜੀਭ ਬਾਹਰ ਕੱਢੀ, ਪਰ ਜਲਦ ਹੀ ਅਹਿਸਾਸ ਹੋਇਆ ਉਹ ਕਾਫ਼ੀ ਨਹੀਂ ਸੀ। ਮੈਨੂੰ ਇੱਕ ਯੋਜਨਾ ਬਣਾਉਣੀ ਪਈ।

ਮੈਂ ਦੇਖਿਆ ਕਿ ਜਹਾਜ਼ ਦਾ ਇੰਸੂਲੇਸ਼ਨ ਮਟੀਰੀਅਲ ਕਿਸੇ ਕਿਸਮ ਦੀ ਫੋਮ ਸੀ।

ਮੈਂ ਆਪਣੀਆਂ ਕੂਹਣੀਆਂ ਦੇ ਭਾਰ ਰੀਂਗਦੀ ਹੋਈ, ਆਪਣੇ ਜ਼ਖਮੀ ਕੁੱਲ੍ਹੇ ਅਤੇ ਲੱਤਾਂ ਨੂੰ ਘਸੀਟਦਿਆਂ ਅਤੇ ਆਪਣੀ ਪੂਰੀ ਤਾਕਤ ਨਾਲ ਮੈਂ ਉੱਠੀ। ਮੈਂ ਝੱਗ ਨੂੰ ਜਿੰਨਾ ਹੋ ਸਕਿਆ ਫੜਿਆ, ਇਸਨੂੰ ਫਰਸ਼ 'ਤੇ ਸੁੱਟ ਦਿੱਤਾ ਅਤੇ ਫਿਰ ਆਪਣੇ ਆਪ ਨੂੰ ਡਿੱਗਣ ਦਿੱਤਾ। ਮੈਂ ਦਰਦ ਨਾਲ ਬੇਹੋਸ਼ ਹੋ ਗਈ।

ਜਦੋਂ ਮੈਂ ਜਾਗੀ, ਮੈਂ ਉਸ ਫੌਮ ਦੇ ਸੱਤ ਛੋਟੇ ਕਟੋਰੇ ਬਣਾਉਣ ਵਿੱਚ ਕਾਮਯਾਬ ਹੋ ਗਈ। ਮੈਂ ਉਨ੍ਹਾਂ ਨੂੰ ਲਾਈਨ ਵਿੱਚ ਰੱਖ ਦਿੱਤਾ ਅਤੇ ਮੀਂਹ ਦੀ ਉਡੀਕ ਕੀਤੀ।

ਇੱਕ ਕੁੜੀ ਦੇ ਬੈਗ ਵਿੱਚ ਮੈਨੂੰ ਇੱਕ ਪੋਂਚੋ ਮਿਲਿਆ ਜਿਸਨੇ ਮੈਨੂੰ ਠੰਡ ਤੋਂ ਬਚਾਅ ਵਿੱਚ ਮਦਦ ਕੀਤੀ।

ਉਸੇ ਦਿਨ ਮੀਂਹ ਪੈਣ ਲੱਗ ਪਿਆ। ਮੇਰੇ ਕਟੋਰੇ ਨਾ ਸਿਰਫ਼ ਭਰ ਗਏ, ਸਗੋਂ ਮੈਂ ਆਪਣਾ ਪੋਂਚੋ ਚੁੱਕ ਕੇ ਇਸ ਵਿੱਚੋਂ ਇੱਕ ਘੁੱਟ ਪੂਣ ਦੇ ਯੋਗ ਵੀ ਹੋ ਗਈ।

ਇਸਦਾ ਸੁਆਦ ਸਭ ਤੋਂ ਵਧੀਆ ਸ਼ੈਂਪੇਨ ਵਰਗਾ ਸੀ। ਮੈਨੂੰ ਆਪਣੇ ਆਪ 'ਤੇ ਬਹੁਤ ਮਾਣ ਮਹਿਸੂਸ ਹੋਇਆ ਸੀ। ਮੈਂ ਸੋਚਿਆ, "ਤੂੰ ਦੇਖ, ਗਰਲ ਸਕਾਊਟ!"

ਅਤੇ ਮੈਨੂੰ ਅਹਿਸਾਸ ਹੋਇਆ ਕਿ ਉਨ੍ਹਾਂ ਹਾਲਾਤਾਂ ਵਿੱਚ ਜ਼ਿੰਦਾ ਰਹਿਣਾ ਅਤੇ ਕਿੱਕ ਮਾਰਨਾ ਕਿੰਨਾ ਸ਼ਾਨਦਾਰ ਸੀ।

"ਪਾਸਜੇ ਬਾਰੇ ਨਹੀਂ ਸੋਚਣਾ"

ਐਨੇਟ

ਤਸਵੀਰ ਸਰੋਤ, Annette Herfkens

ਤਸਵੀਰ ਕੈਪਸ਼ਨ, ਐਨੇਟ ਅਤੇ ਵਿਲੇਮ ਦੀ ਮੰਗਣੀ ਹੋ ਗਈ ਸੀ

ਮੇਰੇ ਕੋਲ ਪਾਸਜੇ ਦੀ ਮੌਤ ਤੋਂ ਆਪਣੇ ਆਪ ਨੂੰ ਵੱਖ ਕਰਨ ਤੋਂ ਇਲਾਵਾ ਕੋਈ ਚਾਰਾ ਨਹੀਂ ਸੀ।

ਹਰ ਵਾਰ ਜਦੋਂ ਮੈਂ ਉਸ ਬਾਰੇ ਸੋਚਦੀ ਸੀ, ਮੈਂ ਆਪਣੇ ਹੱਥ ਦੀ ਛੋਟੀ, 10-ਯੂਰੋ ਦੀ ਅੰਗੂਠੀ ਵੱਲ ਦੇਖਦੀ ਸੀ ਜੋ ਉਸਨੇ ਮੈਨੂੰ ਨੀਦਰਲੈਂਡਜ਼ ਦੇ ਲੀਡੇਨ ਵਿੱਚ ਇੱਕ ਗਹਿਣਿਆਂ ਦੀ ਦੁਕਾਨ ਤੋਂ ਖਰੀਦ ਕੇ ਪਹਿਨਾਈ ਸੀ, ਕੀੜੇ ਦੇ ਕੱਟਣ ਨਾਲ ਹੁਣ ਉਂਗਲ ਸੁੱਜ ਗਈ ਸੀ।

ਮੈਨੂੰ ਸੱਚਮੁੱਚ ਲੱਗਦਾ ਹੈ ਕਿ ਅਸੀਂ ਇੱਕ ਮੁਕੰਮਲ ਜੋੜਾ ਹੁੰਦੇ। ਅਸੀਂ ਸਭ ਤੋਂ ਚੰਗੇ ਦੋਸਤ ਸੀ, ਰੂਹ ਦੇ ਸਾਥੀ। ਉਹ ਇੱਕ ਪਿਆਰਾ, ਬਹੁਤ ਹੀ ਨਿੱਘਾ ਵਿਅਕਤੀ ਸੀ। ਖ਼ੂਬਸੂਰਤ, ਪਰ ਸੁੰਦਰ ਦਿਖਾਈ ਦਿੱਤੇ ਬਗ਼ੈਰ ਵੀ।

ਜੰਗਲ ਵਿੱਚ ਬਿਤਾਏ ਗਏ ਉਨ੍ਹਾਂ ਸਾਰੇ ਘੰਟਿਆਂ ਦੌਰਾਨ, ਮੈਂ ਆਪਣੇ ਆਪ ਨੂੰ ਉਸ ਬਾਰੇ ਸੋਚਣ ਦੀ ਇਜਾਜ਼ਤ ਨਹੀਂ ਦਿੱਤੀ। ਮੈਨੂੰ ਪਤਾ ਸੀ ਕਿ ਇਹ ਮੈਨੂੰ ਰੋਣ ਲਈ ਮਜਬੂਰ ਕਰ ਦੇਵੇਗਾ ਅਤੇ ਮੈਨੂੰ ਇੰਨਾ ਕਮਜ਼ੋਰ ਅਤੇ ਪਿਆਸਾ ਬਣਾ ਦੇਵੇਗਾ ਕਿ ਮੈਂ ਬਚ ਨਹੀਂ ਸਕਾਂਗੀ।

ਮੈਂ ਉਸਨੂੰ ਦੁਬਾਰਾ ਜਹਾਜ਼ ਵਿੱਚ ਲੱਭਣ ਦੀ ਹਿੰਮਤ ਵੀ ਨਹੀਂ ਕੀਤੀ।

ਫ਼ਿਰ ਮੇਰਾ ਮੰਤਰ ਬਣ ਗਿਆ, "ਪਾਸਜੇ ਬਾਰੇ ਨਾ ਸੋਚੋ।"

ਮੈਂ ਆਪਣੇ ਪਰਿਵਾਰ ਬਾਰੇ ਸੋਚਿਆ। ਮੈਂ ਉਨ੍ਹਾਂ ਦੇ ਘਰਾਂ ਵਿੱਚ ਆਉਣ ਵਾਲੇ ਪਾਣੀ ਬਾਰੇ ਸੋਚਿਆ, ਇਹ ਸੋਚਿਆ ਕਿ ਕਿੰਨਾ ਵਧੀਆ ਸੀ ਕਿ ਉਹ ਸਾਰਾ ਦਿਨ ਪਾਣੀ ਪੀ ਸਕਦੇ ਸਨ।

ਉਨ੍ਹਾਂ ਦੇ ਖੁਸ਼ ਹੋਣ ਬਾਰੇ ਸੋਚਣ ਦਾ ਵਿਚਾਰ ਪਿਆਰ ਭਰਿਆ ਸੀ। ਮੈਨੂੰ ਪਿਆਰ ਮਹਿਸੂਸ ਹੋਇਆ। ਮੈਨੂੰ ਯਕੀਨ ਸੀ ਕਿ ਉਹ ਮੈਨੂੰ ਕਿਸੇ ਤਰ੍ਹਾਂ ਲੱਭ ਰਹੇ ਹੋਣਗੇ।

ਪਰ ਭੋਜਨ ਦੀ ਘਾਟ ਅਤੇ ਜ਼ਖ਼ਮਾਂ ਦਾ ਮੇਰੇ ਉੱਤੇ ਅਸਰ ਹੋਣ ਲੱਗਾ ਸੀ।

ਛੇਵੇਂ ਦਿਨ ਤੱਕ, ਮੈਂ ਤਕਰੀਬਨ ਬੇਹੋਸ਼ੀ ਵਿੱਚ ਸੀ। ਮੈਂ ਮਰ ਰਹੀ ਸੀ, ਪਰ ਸਭ ਤੋਂ ਸੁੰਦਰ ਅਤੇ ਖੁਸ਼ਹਾਲ ਤਰੀਕੇ ਨਾਲ।

ਮੈਂ ਜੰਗਲ ਦੀ ਸੁੰਦਰਤਾ ਨੂੰ ਲਗਾਤਾਰ ਦੇਖਦੀ ਰਹੀ, ਉਹ ਸਾਰੇ ਰੰਗ ਅਤੇ ਮੈਨੂੰ ਪਿਆਰ ਦੀ ਇੱਕ ਕਿਸਮ ਦੀ ਲਹਿਰ ਬਣਗੇ ਆਪਣੇ ਵੱਲ ਆਉਂਦੇ ਮਹਿਸੂਸ ਹੋਏ। ਮੈਂ ਆਪਣੇ ਆਪ ਨੂੰ ਉੱਚਾ ਅਤੇ ਹੋਰ ਉੱਚਾ ਹੁੰਦਾ ਮਹਿਸੂਸ ਕੀਤਾ।

ਅਤੇ ਫਿਰ, ਮੇਰੀ ਧੁੰਦਲੀ ਮੀਟੀ ਹੋਈ ਅੱਖ ਵਿੱਚੋਂ, ਮੈਂ ਇੱਕ ਆਦਮੀ ਨੂੰ ਦੇਖਿਆ ਜਿਸਨੇ ਸੰਤਰੀ ਕੱਪੜੇ ਪਾਏ ਹੋਏ ਸਨ।

ਮੈਂ ਆਪਣੀ ਬਦਲੀ ਹੋਈ ਹਾਲਤ ਤੋਂ ਬਾਹਰ ਆਈ ਅਤੇ ਦੁਬਾਰਾ ਦੇਖਿਆ। ਉੱਥੇ ਜ਼ਰੂਰ ਇੱਕ ਆਦਮੀ ਸੀ। ਉਸਦਾ ਚਿਹਰਾ ਬਹੁਤ ਸੋਹਣਾ ਸੀ।

ਮੈਂ ਚੀਕਣਾ ਸ਼ੁਰੂ ਕਰ ਦਿੱਤਾ ਅਤੇ ਇਸਨੇ ਮੈਨੂੰ ਫ਼ੌਰਨ ਧਰਤੀ 'ਤੇ ਵਾਪਸ ਲੈ ਆਂਦਾ। ਮੈਨੂੰ ਦੁਬਾਰਾ ਬਹੁਤ ਦਰਦ ਮਹਿਸੂਸ ਹੋਇਆ, ਪਰ ਮੈਨੂੰ ਇਹ ਵੀ ਅਹਿਸਾਸ ਹੋਇਆ ਕਿ ਮੈਂ ਉੱਥੋਂ ਆਪਣੀ ਟਿਕਟ ਲੈ ਲਈ ਹੈ।

ਮੈਂ ਕਿਹਾ, "ਕੀ ਤੁਸੀਂ ਮੇਰੀ ਮਦਦ ਕਰ ਸਕਦੇ ਹੋ?"

ਉਹ ਥੋੜ੍ਹਾ ਦੂਰ ਖੜ੍ਹਾ ਰਿਹਾ ਅਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ। ਉਹ ਬਸ ਮੇਰੇ ਵੱਲ ਦੇਖਦਾ ਰਿਹਾ।

ਮੈਂ ਜ਼ਿੱਦ ਕੀਤੀ, "ਹੈਲੋ। ਕੀ ਤੁਸੀਂ ਮੇਰੀ ਮਦਦ ਕਰ ਸਕਦੇ ਹੋ, ਕਿਰਪਾ ਕਰਕੇ।"

ਉਸਨੇ ਕੁਝ ਨਹੀਂ ਕੀਤਾ। ਦਿਨ ਦੇ ਅੰਤ ਵਿੱਚ, ਉਹ ਗਾਇਬ ਹੋ ਗਿਆ। ਮੈਨੂੰ ਲੱਗਿਆ ਕਿ ਇਹ ਇੱਕ ਭਰਮ ਸੀ।

ਪਰ ਅਗਲੀ ਸਵੇਰ ਉਹ ਵਾਪਸ ਆ ਗਿਆ।

ਮੈਨੂੰ ਬਹੁਤ ਗੁੱਸਾ ਆਇਆ। ਮੈਂ ਹਰ ਭਾਸ਼ਾ ਵਿੱਚ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਉਹ ਫਿਰ ਚਲਾ ਗਿਆ।

ਅਤੇ ਮੈਂ ਸੋਚਿਆ, "ਓ ਨਹੀਂ, ਮੈਂ ਉਸਦੀ ਬੇਇਜਤੀ ਕੀਤੀ, ਹੁਣ ਉਹ ਹਮੇਸ਼ਾ ਲਈ ਚਲਾ ਗਿਆ ਹੈ।"

ਪਰ ਦਿਨ ਦੇ ਅੰਤ ਤੇ, ਅੱਠਵੇਂ ਦਿਨ, ਅੱਠ ਆਦਮੀ ਦੂਰੀ 'ਤੇ ਬਾਡੀ ਬੈਗ ਲਈ ਆਉਂਦੇ ਨਜ਼ਰ ਆਏ। ਉਹ ਮੇਰੇ ਵੱਲ ਆ ਰਹੇ ਸਨ।

ਬਚਾਅ ਪ੍ਰਕਿਰਿਆ

ਐਨੇਟ ਦੀਆਂ ਕਿਤਾਬਾਂ ਕਈ ਭਾਸ਼ਾਵਾਂ ਵਿੱਚ ਛਪੀਆਂ

ਤਸਵੀਰ ਸਰੋਤ, Annette Herfkens

ਤਸਵੀਰ ਕੈਪਸ਼ਨ, ਐਨੇਟ ਹਰਫਕੇਂਸ ਨੇ ਆਪਣੀ ਕਹਾਣੀ ਇੱਕ ਕਿਤਾਬ ਵਿੱਚ ਲਿਖੀ ਜਿਸਦਾ ਕਈ ਭਾਸ਼ਾਵਾਂ ਵਿੱਚ ਅਨੁਵਾਦ ਹੋਇਆ ਹੈ

ਉਨ੍ਹਾਂ ਨੇ ਮੈਨੂੰ ਯਾਤਰੀਆਂ ਦੀ ਸੂਚੀ ਦਿਖਾਈ ਜਿਸ 'ਤੇ ਮੈਂ ਆਪਣਾ ਨਾਮ ਲਿਖਿਆ ਹੋਇਆ ਉਨ੍ਹਾਂ ਨੂੰ ਦਿਖਾਇਆ ਸੀ।

ਉਨ੍ਹਾਂ ਨੇ ਮੈਨੂੰ ਬੋਤਲ ਵਿੱਚੋਂ ਪਾਣੀ ਦਾ ਇੱਕ ਘੁੱਟ ਦਿੱਤਾ, ਮੈਨੂੰ ਦੋ ਪੋਲਜ਼ ਨਾਲ ਬੰਨ੍ਹੇ ਹੋਏ ਤਰਪਾਲ 'ਤੇ ਪਾ ਕੇ ਚੁੱਕਿਆ, ਅਤੇ ਮੈਨੂੰ ਜੰਗਲ ਤੋਂ ਬਾਹਰ ਲੈ ਗਏ।

ਇਹ ਦੂਜੀ ਵਾਰ ਸੀ ਜਦੋਂ ਮੈਂ ਪੂਰੀ ਤਰ੍ਹਾਂ ਘਬਰਾ ਗਈ ਸੀ। ਮੈਂ ਜਾਣਾ ਨਹੀਂ ਚਾਹੁੰਦੀ ਸੀ। ਮੇਰਾ ਮਤਲਬ ਸੀ ਕਿ ਮੈਂ ਆਪਣੇ ਪੈਸੇਜ ਨਾਲ ਉੱਥੇ ਰਹਿਣਾ ਚਾਹੁੰਦੀ ਸੀ। ਮੈਂ ਆਪਣੀ ਮਨ ਦੀ ਸੁੰਦਰ ਸਥਿਤੀ ਵਿੱਚ ਰਹਿਣਾ ਚਾਹੁੰਦੀ ਸੀ।

ਉਨ੍ਹਾਂ ਨੇ ਮੇਰੇ ਵੱਲ ਥੋੜ੍ਹਾ ਜਿਹਾ ਚਿੰਤਾ ਨਾਲ ਦੇਖਿਆ ਕਿਉਂਕਿ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਮੈਂ ਬਹੁਤ ਡਰ ਗਈ ਸੀ। ਉਨ੍ਹਾਂ ਨੇ ਮੈਨੂੰ ਜ਼ਮੀਨ 'ਤੇ ਪਾ ਦਿੱਤਾ ਅਤੇ ਆਪਣੇ ਜੁੱਤੇ ਉਤਾਰ ਦਿੱਤੇ। ਉਨ੍ਹਾਂ ਨੂੰ ਲੱਗਾ ਕਿ ਜਦੋਂ ਮੈਂ ਤੁਰਦੀ ਸੀ ਤਾਂ ਮੈਨੂੰ ਤਕਲੀਫ਼ ਹੋ ਰਹੀ ਸੀ, ਉਹ ਮੈਨੂੰ ਦੁਖੀ ਨਹੀਂ ਕਰਨਾ ਚਾਹੁੰਦੇ ਸਨ।

ਇਸ ਲਈ, ਮੈਂ ਆਪਣੇ ਆਪ ਨੂੰ ਦੂਜੇ ਸਥਾਨ 'ਤੇ ਰੱਖਿਆ। ਮੈਂ ਉਨ੍ਹਾਂ 'ਤੇ ਧਿਆਨ ਕੇਂਦਰਿਤ ਕੀਤਾ। ਮੈਂ ਆਪਣੇ ਛੋਟੇ ਜਿਹੇ ਆਪੇ ਬਾਰੇ ਭੁੱਲ ਗਿਆ ਅਤੇ ਸੋਚਿਆ ਕਿ ਉਹ ਆਦਮੀ ਮੇਰੀ ਕਿਵੇਂ ਮਦਦ ਕਰ ਰਹੇ ਸਨ ਅਤੇ ਮੇਰੇ ਲਈ ਉਨ੍ਹਾਂ ਨੇ ਆਪਣੇ ਜੁੱਤੇ ਉਤਾਰ ਦਿੱਤੇ ਸਨ। ਮੈਂ ਉਨ੍ਹਾਂ ਦਾ ਧੰਨਵਾਦ ਕੀਤਾ।

ਐਨੇਟ

ਅਸੀਂ ਜੰਗਲ ਦੇ ਵਿਚਕਾਰ ਡੇਰਾ ਲਾਇਆ ਅਤੇ ਇੱਕ ਬਹੁਤ ਹੀ ਤੇਜ਼, ਬਹੁਤ ਹੀ ਅਸਲੀ ਦਰਦ ਨੇ ਮੈਨੂੰ ਪਰੇਸ਼ਾਨ ਕੀਤਾ। ਉਨ੍ਹਾਂ ਨੇ ਇੱਕ ਛੋਟਾ ਜਿਹਾ ਤੰਬੂ ਲਗਾਇਆ, ਅੱਗ ਬਾਲੀ ਅਤੇ ਮੈਨੂੰ ਦੋ ਪੋਲਜ਼ ਵਿਚਕਾਰ ਲਟਕਾ ਦਿੱਤਾ।

ਉਸ ਰਾਤ ਮੀਂਹ ਪੈਣ ਲੱਗ ਪਿਆ। ਉਹ ਤੰਬੂ ਵਿੱਚ ਚਲੇ ਗਏ ਅਤੇ ਮੈਂ ਸੱਚਮੁੱਚ ਡਰ ਗਈ। ਇਹ ਹੈਰਾਨ ਕਰਨ ਵਾਲਾ ਹੈ, ਕਿਉਂਕਿ ਦੂਜੇ ਦਿਨਾਂ ਵਿੱਚ ਜਦੋਂ ਮੈਂ ਇਕੱਲੀ ਹੁੰਦੀ ਸੀ, ਮੈਨੂੰ ਡਰ ਨਹੀਂ ਹੁੰਦਾ ਸੀ।

ਮੈਂ ਉਨ੍ਹਾਂ ਨੂੰ ਕਿਹਾ ਕਿ ਕ੍ਰਿਪਾ ਕਰਕੇ ਤੰਬੂ ਵਿੱਚ ਨਾ ਜਾਣ, ਮੈਨੂੰ ਇਕੱਲਾ ਨਾ ਛੱਡਣ।

ਉਹ ਬਹੁਤ ਦਿਆਲੂ ਸਨ। ਉਨ੍ਹਾਂ ਨੇ ਅੱਗ ਬਾਲੀ, ਮੈਨੂੰ ਚੌਲ ਅਤੇ ਹੋਰ ਪਾਣੀ ਦਿੱਤਾ।

ਜਦੋਂ ਮੈਂ ਹੋ ਚੀ ਮਿਨ੍ਹ ਸਿਟੀ ਪਹੁੰਚੀ, ਤਾਂ ਮੈਂ ਆਪਣੇ ਇੱਕ ਸਾਥੀ, ਜੈਮੇ ਨੂੰ ਦੇਖਿਆ।

ਫਿਰ ਮੈਂ ਆਪਣੇ ਮੰਗੇਤਰ ਦੇ ਭਰਾਵਾਂ ਨੂੰ ਦੇਖਿਆ ਅਤੇ ਫ਼ੌਰਨ ਉਨ੍ਹਾਂ ਨੂੰ ਸਭ ਕੁਝ ਦੱਸਣਾ ਚਾਹੁੰਦੀ ਸੀ। ਮੈਂ ਉਨ੍ਹਾਂ ਨੂੰ ਇਹ ਦੱਸਣ ਲਈ ਜ਼ਿੰਮੇਵਾਰ ਮਹਿਸੂਸ ਕੀਤਾ ਕਿ ਉਨ੍ਹਾਂ ਦਾ ਭਰਾ, ਜਿਸ ਦੇ ਚਿਹਰੇ 'ਤੇ ਇੱਕ ਸੁੰਦਰ ਮੁਸਕਰਾਹਟ ਸੀ ਅਤੇ ਉਸਨੇ ਦੁੱਖ ਨਹੀਂ ਝੱਲਿਆ ਸੀ ਦੀ ਮੌਤ ਕਿਵੇਂ ਹੋਈ ਸੀ।

ਫਿਰ ਮੇਰੀ ਮਾਂ ਆ ਗਈ। ਮੈਨੂੰ ਯਾਦ ਹੈ ਮੈਂ ਉਸਨੂੰ ਕਿਹਾ ਸੀ, "ਤੂੰ ਮੈਨੂੰ ਮਿਲਣ ਲਈ ਇੱਥੇ ਇੰਨੀ ਦੂਰ ਆਈ ਸੀ?"

ਅਤੇ ਫਿਰ ਮੈਂ ਪੂਰੀ ਤਰ੍ਹਾਂ ਆਤਮ ਸਮਰਪਣ ਕਰ ਦਿੱਤਾ।

ਹਸਪਤਾਲ ਦੇ ਉਪਕਰਣਾਂ ਦੀਆਂ ਅਵਾਜ਼ਾਂ ਸੁਣਨ ਲੱਗੀਆਂ ਅਤੇ ਉਨ੍ਹਾਂ ਨੂੰ ਮੇਰੇ ਫੇਫੜਿਆਂ ਵਿੱਚ ਕੁਝ ਪਾਇਆ।

ਜਦੋਂ ਮੈਂ ਉਸਨੂੰ ਦੇਖਿਆ ਤਾਂ ਮੇਰੀ ਤਾਂ ਜਾਨ ਹੀ ਨਿਕਲ ਗਈ ਸੀ।

ਹਾਦਸੇ ਤੋਂ ਬਾਅਦ

ਐਨੇਟ ਅਤੇ ਉਸਦੀ ਧੀ

ਤਸਵੀਰ ਸਰੋਤ, Annette Herfkens

ਤਸਵੀਰ ਕੈਪਸ਼ਨ, ਐਨੇਟ ਅਤੇ ਉਸਦੀ ਧੀ

ਬੇਸ਼ੱਕ, ਮੇਰੇ ਪਰਿਵਾਰ ਵਿੱਚ ਹਰ ਕੋਈ ਸੋਚਦਾ ਸੀ ਕਿ ਮੈਂ ਮਰ ਗਈ ਹਾਂ। ਉਨ੍ਹਾਂ ਨੇ ਲੀਡੇਨ ਵਿੱਚ ਪਾਸਜੇ ਦੇ ਪਰਿਵਾਰ ਨਾਲ ਇੱਕ ਸਾਂਝੇ ਅੰਤਿਮ ਸੰਸਕਾਰ ਕਰਨ ਦੀ ਯੋਜਨਾ ਬਣਾਈ ਸੀ, ਜਿੱਥੇ ਅਸੀਂ ਇਕੱਠੇ ਪੜ੍ਹੇ ਸੀ।

ਸਾਡੀ ਮੌਤ ਬਾਰੇ ਅਖ਼ਬਾਰਾਂ ਵਿੱਚ ਐਲਾਨ ਪਹਿਲਾਂ ਹੀ ਛਪ ਚੁੱਕੇ ਸਨ, ਇਸ ਲਈ ਜਦੋਂ ਮੈਂ ਘਰ ਪਹੁੰਚਿਆ, ਤਾਂ ਸ਼ੋਕ ਪੱਤਰਾਂ ਦਾ ਢੇਰ ਸੀ। ਵੈਸੇ, ਬਹੁਤ ਵਧੀਆ ਅਤੇ ਮੇਰੇ ਸਵੈ-ਮਾਣ ਲਈ ਬਹੁਤ ਵਧੀਆ ਸੀ। ਮੈਨੂੰ ਅਜੇ ਵੀ ਉਹ ਯਾਦ ਹਨ।

ਹਾਂ, ਤਰਕਪੂਰਨ ਤੌਰ 'ਤੇ, ਮੇਰੇ ਪਰਿਵਾਰ ਵਿੱਚ ਹਰ ਕੋਈ ਹਾਰ ਮੰਨ ਗਿਆ ਸੀ। ਪਰ ਮੇਰਾ ਦੋਸਤ ਜੈਮ, ਜੋ ਮੇਰੇ ਪਹੁੰਚਣ 'ਤੇ ਹੋ ਚੀ ਮਿਨ ਸਿਟੀ ਆਇਆ ਸੀ, ਉਸ ਨੇ ਹਾਰ ਨਹੀਂ ਮੰਨੀ ਸੀ।

ਉਸਨੇ ਇਹ ਮੰਨਣ ਤੋਂ ਇਨਕਾਰ ਕਰ ਦਿੱਤਾ ਕਿ ਮੈਂ ਮਰ ਗਈ ਹਾਂ ਅਤੇ ਉਨ੍ਹਾਂ ਲੋਕਾਂ 'ਤੇ ਗੁੱਸਾ ਕੀਤਾ ਜੋ ਮੇਰੇ ਬਾਰੇ ਕਿਸੇ ਦੁਨੀਆਂ ਤੋਂ ਜਾ ਚੁੱਕੇ ਵਿਅਕਤੀ ਵਾਂਗ ਗੱਲ ਕਰਦੇ ਸਨ।

ਜਦੋਂ ਮੈਂ ਨੀਦਰਲੈਂਡ ਵਾਪਸ ਆਈ, ਮੇਰਾ ਜਬਾੜਾ ਵਾਪਸ ਆਪਣੀ ਜਗ੍ਹਾ 'ਤੇ ਸੀ ਅਤੇ ਮੇਰਾ ਫੇਫੜਾ ਫੁੱਲ ਗਿਆ ਸੀ। ਮੇਰੇ ਕੁੱਲ੍ਹੇ ਨੂੰ ਠੀਕ ਕਰਨ ਲਈ ਸਥਿਰ ਰੱਖਣਾ ਪਿਆ। ਉਹ ਮੈਨੂੰ ਵਾਪਸ ਇਕੱਠੇ ਕਰ ਰਹੇ ਸਨ।

ਲੱਤਾਂ ਵਿੱਚ, ਗੈਂਗਰੀਨ ਇੱਕ ਬਹੁਤ ਗੰਭੀਰ ਸਮੱਸਿਆ ਸੀ ਅਤੇ ਖੁਸ਼ਕਿਸਮਤੀ ਨਾਲ ਵੀਅਤਨਾਮੀ ਡਾਕਟਰਾਂ ਨੇ ਬਹੁਤ ਦੇਖਭਾਲ ਕੀਤੀ।

ਨੀਦਰਲੈਂਡਜ਼ ਵਿੱਚ ਉਨ੍ਹਾਂ ਨੇ ਮੈਨੂੰ ਕਿਹਾ, "ਓਹ ਅਸੀਂ ਇੱਥੇ ਜ਼ਰੂਰ ਤੁਹਾਡੀਆਂ ਲੱਤਾਂ ਕੱਟ ਦਿੰਦੇ। ਅਸੀਂ ਇੰਨੇ ਲੰਬੇ ਸਮੇਂ ਤੱਕ ਓਪਰੇਸ਼ਨ ਨਹੀਂ ਕਰਦੇ।"

ਇਸ ਲਈ ਮੈਂ ਵੀਅਤਨਾਮੀ ਡਾਰਕਰਾਂ ਦੀ ਬਹੁਤ ਧੰਨਵਾਦੀ ਸੀ।

ਪਾਸਜੇ ਦਾ ਅੰਤਿਮ ਸੰਸਕਾਰ ਬਹੁਤ ਭਿਆਨਕ ਸੀ। ਉਹ ਮੈਨੂੰ ਚਰਚ ਲੈ ਗਏ ਅਤੇ ਇਹ ਇੱਕ ਵਿਆਹ ਵਰਗਾ ਸੀ, ਪਰ ਮੇਰਾ ਵਿਆਹ ਇੱਕ ਤਾਬੂਤ ਵਿੱਚ ਹੋ ਰਿਹਾ ਸੀ।

ਇੱਕ ਤਾਬੂਤ ਮੇਰਾ ਇੰਤਜ਼ਾਰ ਕਰ ਰਿਹਾ ਸੀ ਅਤੇ ਮੈਨੂੰ ਚੁੱਕਣ ਵਾਲਾ ਆਦਮੀ, ਸਹਿਜ ਜਾਂ ਅਚੇਤ ਤੌਰ 'ਤੇ, ਕੁਝ ਵਾਧੂ ਕਦਮ ਚੁੱਕ ਰਿਹਾ ਸੀ, ਜਿਵੇਂ ਕਿਸੇ ਵਿਆਹ ਵਿੱਚ ਹੁੰਦਾ।

ਮੇਰੇ ਸਾਰੇ ਦੋਸਤ ਉੱਥੇ ਸਨ। ਉਹ ਸਾਰੇ ਦੋਸਤ ਸਨ ਜੋ ਸੱਚਮੁੱਚ ਮੇਰੇ ਵਿਆਹ ਵਿੱਚ ਸ਼ਾਮਲ ਹੁੰਦੇ। ਸੁੰਦਰ ਭਾਸ਼ਣ, ਸੁੰਦਰ ਸੰਗੀਤ ਸਭ ਕੁਝ ਸੀ।

ਫਿਰ ਉਹ ਉਸਨੂੰ ਕਬਰ 'ਤੇ ਲੈ ਗਏ ਅਤੇ ਮੈਂ ਉਸਦੇ ਪਿੱਛੇ।

ਜ਼ਿੰਦਗੀ ਨੂੰ ਮੁੜ ਤਰਤੀਬ ਦੇਣਾ

ਜੰਗਲ ਮੇਰੇ ਲਈ ਇੱਕ ਸੁਰੱਖਿਅਤ ਜਗ੍ਹਾ ਬਣ ਗਿਆ ਸੀ। ਅਸਲ ਦੁਨੀਆਂ ਇੱਕ ਡਰਾਉਣੀ ਜਗ੍ਹਾ ਬਣ ਗਈ, ਕਿਉਂਕਿ ਮੇਰੇ ਕੋਲ ਹਮੇਸ਼ਾ ਉਹ ਸੀ, ਪਾਸਜੇ। ਉਹ ਹਮੇਸ਼ਾ ਉੱਥੇ ਸੀ।

ਆਪਣੀ ਜ਼ਿੰਦਗੀ ਦੇ ਅੱਧੇ ਹਿੱਸੇ ਤੋਂ ਬਿਨ੍ਹਾਂ ਵਾਪਸ ਆਉਣਾ ਮੇਰੇ ਲਈ ਸਦਮਾ ਸੀ।

ਮੈਨੂੰ ਸੋਗ ਦੇ ਸਾਰੇ ਪੜਾਵਾਂ ਵਿੱਚੋਂ ਲੰਘਣਾ ਪਿਆ ਅਤੇ ਮੈਂ ਬੇਹੱਦ ਰੋਈ। ਮੈਂ ਬਹੁਤ ਰੋਈ, ਮੈਨੂੰ ਅਜੇ ਵੀ ਉਸਦੀ ਯਾਦ ਆਉਂਦੀ ਹੈ।

ਮੈਂ ਹਮੇਸ਼ਾ ਉਸਦੇ ਬਾਰੇ ਬਹੁਤ ਸੋਚਦੀ ਹਾਂ। ਜਿਵੇਂ-ਜਿਵੇਂ ਮੈਂ ਵੱਡੀ ਹੁੰਦੀ ਜਾਂਦੀ ਹਾਂ, ਮੈਨੂੰ ਉਹ ਸਾਰੀ ਜ਼ਿੰਦਗੀ ਦਿਖਾਈ ਦਿੰਦੀ ਹੈ ਜੋ ਉਸਨੇ ਗੁਆ ਦਿੱਤੀ ਸੀ, ਉਹ ਸਾਰੀਆਂ ਚੀਜ਼ਾਂ ਜੋ ਉਸਨੇ ਨਹੀਂ ਕੀਤੀਆਂ ਸਨ।

ਉਸਦੇ ਉਹ ਬੱਚੇ ਨਹੀਂ ਸਨ ਜਿਨ੍ਹਾਂ ਦੀ ਉਹ ਬਹੁਤ ਇੱਛਾ ਰੱਖਦਾ ਸੀ। ਅਤੇ ਸ਼ਾਇਦ ਅਸੀਂ ਆਪਣੀ ਉਹ ਜ਼ਿੰਦਗੀ ਗੁਆ ਦਿੱਤੀ ਜੋ ਅਸੀਂ ਇਕੱਠਿਆਂ ਬਿਤਾਉਣੀ ਸੀ।

ਹਾਦਸੇ ਤੋਂ ਬਾਅਦ ਦੇ ਮਹੀਨਿਆਂ ਵਿੱਚ ਮੇਰੇ ਕਾਲਜ ਦੇ ਬਹੁਤ ਸਾਰੇ ਦੋਸਤਾਂ ਦੇ ਵਿਆਹ ਹੋ ਰਹੇ ਸਨ, ਜਿਸ ਨਾਲ ਕੋਈ ਫਾਇਦਾ ਨਹੀਂ ਹੋਇਆ।

ਕਿਸੇ ਸਮੇਂ, ਮੈਂ ਫ਼ੈਸਲਾ ਕੀਤਾ, "ਠੀਕ ਹੈ, ਮੈਂ ਵਿਆਹ ਨਹੀਂ ਕਰਵਾ ਰਈ। ਇਹ ਖ਼ਤਮ ਹੋ ਗਿਆ ਹੈ।"

ਪਰ ਫਿਰ ਇੱਕ ਦੋਸਤ ਨੇ ਮੈਨੂੰ ਦੱਸਿਆ ਕਿ ਸਿਰਫ਼ ਇੱਕ ਹੀ ਵਿਅਕਤੀ ਹੈ ਜੋ ਪਾਸਜੇ ਦੀ ਜਗ੍ਹਾ ਲੈ ਸਕਦਾ ਹੈ ਉਹ ਹੈ ਜੈਮੇ। ਉਹ ਸਾਥੀ ਜੋ ਮੈਨੂੰ ਲੱਭਣ ਲਈ ਵੀਅਤਨਾਮ ਗਿਆ ਸੀ ਅਤੇ ਵਿਸ਼ਵਾਸ ਕੀਤਾ ਸੀ ਕਿ ਮੈਂ ਜ਼ਿੰਦਾ ਹਾਂ ਜਦੋਂ ਕਿਸੇ ਹੋਰ ਨੂੰ ਭਰੋਸਾ ਨਹੀਂ ਸੀ।

ਅਤੇ ਮੈਂ ਸੋਚਿਆ, "ਖੈਰ, ਕਿਉਂ ਨਹੀਂ?"

ਅਸੀਂ ਬਹੁਤ ਕਰੀਬੀ ਦੋਸਤ ਸੀ ਅਤੇ ਮੈਨੂੰ ਲੱਗਦਾ ਹੈ ਕਿ ਮੈਨੂੰ ਆਪਣੇ ਸਭ ਤੋਂ ਚੰਗੇ ਦੋਸਤਾਂ ਨਾਲ ਪਿਆਰ ਹੋਣ ਦੀ ਆਦਤ ਹੈ ਕਿਉਂਕਿ ਮੈਂ ਪਾਸਜੇ ਨਾਲ ਵੀ ਅਜਿਹਾ ਹੀ ਕੀਤਾ ਸੀ।

ਸਾਡਾ ਵਿਆਹ ਹੋ ਗਿਆ ਅਤੇ ਸਾਡੇ ਦੋ ਬੱਚੇ ਹੋਏ।

ਮੇਰੇ ਪੁੱਤਰ ਮੈਕਸ ਨੂੰ ਬਚਪਨ ਵਿੱਚ ਔਟਿਜ਼ਮ ਦਾ ਪਤਾ ਲੱਗਿਆ ਸੀ। ਅਤੇ ਜਦੋਂ ਮੈਂ ਉਸ ਖ਼ਬਰ ਦਾ ਸਾਹਮਣਾ ਕੀਤਾ, ਤਾਂ ਮੈਨੂੰ ਯਾਦ ਆਇਆ ਕਿ ਮੈਂ ਜੰਗਲ ਵਿੱਚ ਕੀ ਸਿੱਖਿਆ ਸੀ, ਜਿਸਨੇ ਮੈਨੂੰ ਬਚਾਇਆ ਸੀ।

ਇੱਕ ਵਾਰ ਜਦੋਂ ਤੁਸੀਂ ਉਸ ਨੂੰ ਸਵੀਕਾਰ ਕਰ ਲੈਂਦੇ ਹੋ ਜੋ ਤੁਹਾਡੇ ਕੋਲ ਹੈ ਅਤੇ ਜੋ ਤੁਹਾਡੇ ਕੋਲ ਨਹੀਂ ਹੈ ਉਸ ਲਈ ਜਨੂੰਨੀ ਨਹੀਂ ਹੁੰਦੇ, ਤਾਂ ਸੁੰਦਰਤਾ ਪ੍ਰਗਟ ਹੁੰਦੀ ਹੈ।

ਜਿਵੇਂ ਮੈਂ ਹਾਦਸੇ ਤੋਂ ਬਾਅਦ ਆਪਣੀ ਸਥਿਤੀ ਨੂੰ ਸਵੀਕਾਰ ਕਰ ਲਿਆ, ਉਸੇ ਤਰ੍ਹਾਂ ਮੈਂ ਆਪਣੇ ਪੁੱਤਰ ਦੀ ਬਿਮਾਰੀ ਨੂੰ ਵੀ ਸਵੀਕਾਰ ਕਰ ਲਿਆ।

ਫਿਰ ਮੈਂ ਦੇਖਿਆ ਕਿ ਉਹ ਬਿਨ੍ਹਾਂ ਸ਼ਰਤ ਦੇ ਪਿਆਰ ਦਾ ਇੱਕ ਸੁੰਦਰ ਸਰੋਤ ਹੈ।

ਜਿੰਨਾ ਮੈਂ ਆਪਣੀ ਧੀ ਨੂੰ ਪਿਆਰ ਕਰਦੀ ਹਾਂ, ਮੈਨੂੰ ਅਜੇ ਵੀ ਉਸ ਤੋਂ ਉਮੀਦਾਂ ਹਨ।

ਉਸ ਵੱਲੋਂ ਨਹੀਂ। ਇਹ ਸੱਚਮੁੱਚ ਸ਼ੁੱਧ ਪਿਆਰ ਹੈ ਜੋ ਉਹ ਮੈਨੂੰ ਦਿੰਦਾ ਹੈ ਅਤੇ ਜੋ ਮੈਂ ਉਸ ਲਈ ਮਹਿਸੂਸ ਕਰਦੀ ਹਾਂ।

ਇਹ ਲੇਖ ਬੀਬੀਸੀ ਪੋਡਕਾਸਟ ਲਾਈਵਜ਼ ਲੈੱਸ ਆਰਡੀਨਰੀ ਦੇ ਇੱਕ ਐਪੀਸੋਡ ਤੋਂ ਲਿਆ ਗਿਆ ਹੈ। ਸੁਣਨ ਲਈ, ਇਸ ਲਿੰਕ 'ਤੇ ਜਾਓ ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)